ਫੀਫਾ ਵਿਸ਼ਵ ਕੱਪ 2022: ਫ਼ੁੱਟਬਾਲ ਟੀਮਾਂ ਦੀਆਂ ਟੀ-ਸ਼ਰਟਾਂ ਇੰਨੀਆਂ ਮਹਿੰਗੀਆਂ ਕਿਉਂ ਹਨ?

12/02/2022 8:27:16 AM

BBC
ਜੈਨੀਨ ਗਾਰਸੀਆ ਆਪਣੇ ਬੂਟਲੇਗ ਬ੍ਰਾਜ਼ੀਲ ਟਾਪ ਨਾਲ

ਫੀਫਾ ਵਿਸ਼ਵ ਕੱਪ 2020 ਸਿਰਫ਼ ਮੇਜ਼ਬਾਨ ਕਤਰ ਲਈ ਹੀ ਸਭ ਤੋਂ ਮਹਿੰਗਾ ਈਵੈਂਟ ਨਹੀਂ ਹੈ। ਆਪਣੀਆਂ ਪਸੰਦੀਦਾ ਟੀਮਾਂ ਦੀਆਂ ਜਰਸੀਆਂ ਦੀਆਂ ਅਧਿਕਾਰਤ ਪ੍ਰਤੀਕ੍ਰਿਤੀਆਂ ਖ਼ਰੀਦਣ ਲਈ ਪ੍ਰਸ਼ੰਸਕਾਂ ਨੂੰ ਵੀ ਜੇਭ ਕਾਫ਼ੀ ਢਿੱਲੀ ਕਰਨੀ ਪੈ ਰਹੀ ਹੈ।

ਕੁਝ ਦੇਸ਼ਾਂ ਵਿੱਚ, ਇਹ ਸ਼ਰਟਾਂ ਖ਼ਰੀਦਣ ਲਈ ਮਹੀਨੇ ਦੀ ਘੱਟੋ-ਘੱਟ ਆਮਦਨ ਦਾ ਇੱਕ ਤਿਹਾਈ ਤੋਂ ਵੱਧ ਖ਼ਰਚਣਾ ਪੈ ਰਿਹਾ ਹੈ।

ਰੀਓ ਡੀ ਜੇਨਿਰਿਓ ਦੇ ਉੱਤਰੀ ਪਾਸੇ ਗਲੀ ਵਿਕਰੇਤਾਵਾਂ ਲਈ ਬਣੀ ਥਾਂ ‘ਸ਼ੌਨ ਪੇਨਾ ਸਕੁਐਰ’ ਵਿੱਚ ਸਟਾਲ ਦੇਖਦਿਆਂ ਜੈਨਿਨ ਗਾਰਸੀਆ ਨੇ ਦੂਜੀ ਵਾਰ ਨਹੀਂ ਸੋਚਿਆ।

ਇੱਥੇ ਪੀਲ਼ੇ ਅਤੇ ਨੀਲੇ ਰੰਗ ਦੇ ਢੇਰ ਸੀ, ਹਰ ਕੋਨੇ ਵਿੱਚ ਬਰਾਜ਼ੀਲ ਟੀਮ ਦੀਆਂ ਡੁਪਲੀਕੇਟ ਜਰਸੀਆਂ ਟੰਗੀਆਂ ਸੀ।

42 ਸਾਲਾ ਅਧਿਆਪਕਾ ਜੈਨਿਨ ਨੇ ਹੱਸਦਿਆਂ ਕਿਹਾ, “ਮੈਂ ਨੀਲੀ ਖਰੀਦੀ। ਇਹ ਇੰਨੀਆਂ ਮਨਮੋਹਕ ਸੀ ਕਿ ਮੇਰੇ ਬਹੁਤ ਸਾਰੇ ਸਹਿਕਰਮੀਆਂ ਅਤੇ ਦੋਸਤਾਂ ਨੇ ਮੈਨੂੰ ਉਨ੍ਹਾਂ ਲਈ ਵੀ ਲਿਆਉਣ ਲਈ ਕਹਿ ਦਿੱਤਾ।”

Getty Images
ਕੁਝ ਦੇਸ਼ਾਂ ਵਿੱਚ ਫ਼ੁੱਟਬਾਲ ਟੀਮਾਂ ਦੀਆਂ ਟੀ-ਸ਼ਰਟਾਂ ਖ਼ਰੀਦਣ ਲਈ ਮਹੀਨੇ ਦੀ ਘੱਟੋ-ਘੱਟ ਆਮਦਨ ਦਾ ਇੱਕ ਤਿਹਾਈ ਤੋਂ ਵੱਧ ਖ਼ਰਚਣਾ ਪੈ ਰਿਹਾ ਹੈ

ਅਣਅਧਿਕਾਰਤ ਯਾਨੀ ‘ਬੂਟਲੈਗ’ ਜਰਸੀ ਦੀ ਕੀਮਤ ਕਰੀਬ 14 ਡਾਲਰ ਸੀ, ਜੋ ਕਿ ਅਮਰੀਕੀ ਕੰਪਨੀ ‘ਨਾਇਕੀ’ ਵੱਲੋਂ ਤਿਆਰ ਕੀਤੀਆਂ ਅਧਿਕਾਰਤ ਜਰਸੀਆਂ ਦੀ ਕੀਮਤ (65 ਡਾਲਰ) ਦਾ ਪੰਜਵਾਂ ਹਿੱਸਾ ਹੈ।

ਜੇ ਉਸ ਤੋਂ ਵੀ ਪ੍ਰੀਮੀਅਮ ਸੰਸਕਰਣ ਖ਼ਰੀਦਣਾ ਹੋਵੇ ਜੋ ਬਰਾਜ਼ੀਲ ਦੇ ਖਿਡਾਰੀ ਇਸ ਵਿਸ਼ਵ ਕੱਪ ਵਿੱਚ ਪਹਿਨ ਰਹੇ ਹਨ ਤਾਂ ਉਸ ਦੀ ਕੀਮਤ 130 ਡਾਲਰ ਤੱਕ ਜਾਂਦੀ ਹੈ।

ਇਸ ਵੇਲੇ, ਬ੍ਰਾਜ਼ੀਲ ਵਿੱਚ ਮਹੀਨੇ ਦਾ ਘੱਟੋ-ਘੱਟ ਵੇਤਨ 225 ਡਾਲਰ ਹੈ।

ਸਸਤੀ ਤੋਂ ਸਸਤੀ ਅਧਿਕਾਰਤ ਜਰਸੀ ਦੀ ਕੀਮਤ ਇਸ ਵੇਤਨ ਦੀ ਤੀਹ ਫੀਸਦੀ ਰਕਮ ਬਣਦੀ ਹੈ ਅਤੇ ਮਹਿੰਗੀ ਅਧਿਕਾਰਤ ਜਰਸੀ ਦੀ ਕੀਮਤ ਇਸ ਵੇਤਨ ਦਾ 58 ਫੀਸਦੀ ਬਣਦੀ ਹੈ।

Getty Images
ਫ਼ਰਾਂਸ ਦੇ ਪ੍ਰਸ਼ੰਸਕਾਂ ਨੂੰ ਇੱਕ ਨਵੀਂ ਕਿੱਟ ਲਈ 93 ਡਾਲਰ ਦਾ ਰਗੜਾ ਲੱਗਣ ਦੀ ਉਮੀਦ ਹੈ

ਕੀਮਤਾਂ ਵਿੱਚ ਉਛਾਲ

ਜੈਨਿਨ ਗਾਰਸੀਆ ਨੇ ਕਿਹਾ, “ਫ਼ੁੱਟਬਾਲ ਸ਼ਰਟਾਂ ਸਾਡੇ ਲਈ ਲਗਜ਼ਰੀ ਚੀਜ਼ ਬਣ ਗਈਆਂ ਹਨ।”

ਸਤੰਬਰ ਵਿੱਚ ਬ੍ਰਾਜ਼ੀਲ ਦੀ ਬਿਜ਼ਨਸ ਮੈਗਜ਼ੀਨ ਐਗਜ਼ੇਮ ਦੇ ਇੱਕ ਆਰਟੀਕਲ ਵਿੱਚ ਦੱਸਿਆ ਗਿਆ ਕਿ ਵਿਸ਼ਵ ਕੱਪ ਤੋਂ ਪਹਿਲਾਂ ਲਾਂਚ ਕੀਤੀਆਂ ਗਈਆਂ ਬ੍ਰਾਜ਼ੀਲ ਦੀਆਂ ਸ਼ਰਟਾਂ ਦੀ ਕੀਮਤ ਚਾਰ ਸਾਲ ਪਹਿਲਾਂ ਹੋਏ ਇਸ ਟੂਰਨਾਮੈਂਟ ਦੇ ਮੁਕਾਬਲੇ 40 ਫੀਸਦੀ ਮਹਿੰਗੀਆਂ ਹੋ ਗਈਆਂ ਹਨ।

ਹਾਲਾਂਕਿ ਪੰਜ ਵਾਰ ਜੇਤੂ ਰਹਿ ਚੁੱਕੀ ਬ੍ਰਾਜ਼ੀਲ ਦੀ ਟੀਮ ਸਾਲ 2002 ਤੋਂ ਬਾਅਦ ਕੁਆਟਰ ਫ਼ਾਈਨਲ ਲਈ ਵੀ ਕੁਆਲੀਫਾਈ ਨਹੀਂ ਕਰ ਸਕੀ ਹੈ।

ਪਰ ਸਿਰਫ਼ ਬ੍ਰਾਜ਼ੀਲ ਹੀ ਨਹੀਂ ਹੈ ਜਿੱਥੇ ਇਨ੍ਹਾਂ ਸ਼ਰਟਾਂ ਦੀ ਕੀਮਤ ਹੈਰਾਨਗੀ ਅਤੇ ਸ਼ਿਕਾਇਤਾਂ ਪੈਦਾ ਕਰ ਰਹੀ ਹੈ।

ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਇੰਗਲੈਂਡ ਵਿੱਚ ਇਸ ਸਾਲ ਸ਼ਰਟਾਂ ਦੀ ਕੀਮਤ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਹੈ। ਸਭ ਤੋਂ ਘੱਟ ਕੀਮਤ ਵਾਲੇ ਸੰਸਕਰਣ ਦੀ ਕੀਮਤ 85 ਡਾਲਰ ਹੈ।

ਪਹਿਲਾਂ ਕੀਮਤਾਂ ਵਿੱਚ ਹੋਏ ਵਾਧੇ ਦੀ ਪ੍ਰਧਾਨ ਮੰਤਰੀ ਰਹੇ ਡੇਵਿਡ ਕੈਮਰਨ ਸਮੇਤ ਹੋਰ ਸਿਆਸਤਦਾਨਾਂ ਵੱਲੋਂ ਨਿੰਦਾ ਹੋ ਚੁੱਕੀ ਹੈ।

ਡੇਵਿਡ ਕੈਮਰਨ ਨੇ ਸਾਲ 2014 ਵਿੱਚ ਬੀਬੀਸੀ ਨੂੰ ਕਿਹਾ ਸੀ, “ਇਹ ਬਹੁਤ ਮਹਿੰਗੀਆਂ ਹਨ। ਮਾਪਿਆਂ ਉੱਤੇ ਨਵੀਂ ਕਿੱਟ ਖਰੀਦ ਕੇ ਦੇਣ ਦਾ ਦਬਾਅ ਹੈ ਅਤੇ ਸਾਨੂੰ ਇਸ ਦਾ ਫ਼ਾਇਦਾ ਨਹੀਂ ਚੁੱਕਣਾ ਚਾਹੀਦਾ।”

ਫ਼ਰਾਂਸ ਦੇ ਪ੍ਰਸੰਸਕਾਂ ਨੂੰ ਇੱਕ ਨਵੀਂ ਕਿੱਟ ਲਈ 93 ਡਾਲਰ ਦਾ ਰਗੜਾ ਲੱਗਣ ਦੀ ਉਮੀਦ ਸੀ। ਦੋਹਾਂ ਟੀਮਾਂ ਦੀਆਂ ਕਿੱਟਾਂ ‘ਨਾਇਕੀ’ ਵੱਲੋਂ ਹੀ ਸਪਲਾਈ ਹੋ ਰਹੀਆਂ ਹਨ।

ਫਿਰ ਵੀ ਇਨ੍ਹਾਂ ਦੇਸ਼ਾਂ ਵਿੱਚ ਪ੍ਰਸ਼ੰਸਕਾਂ ਦੀ ਜੇਭ ਉੱਤੇ ਬਾਕੀ ਦੇਸ਼ਾਂ ਦੇ ਮੁਕਾਬਲੇ ਬੋਝ ਘੱਟ ਮੰਨਿਆ ਜਾ ਰਿਹਾ ਹੈ ਕਿਉਂਕਿ ਇੰਗਲੈਂਡ ਵਿੱਚ ਮਹੀਨੇ ਦਾ ਘੱਟੋ-ਘੱਟ ਵੇਤਨ ਕਰੀਬ 1750 ਡਾਲਰ ਹੈ ਅਤੇ ਫਰਾਂਸ ਵਿੱਚ 1400 ਡਾਲਰ ਹੈ।

Getty Images
ਬ੍ਰਾਜ਼ੀਲ ਦੀਆਂ ਸ਼ਰਟਾਂ ਦੀ ਕੀਮਤ ਚਾਰ ਸਾਲ ਪਹਿਲਾਂ ਹੋਏ ਇਸ ਟੂਰਨਾਮੈਂਟ ਦੇ ਮੁਕਾਬਲੇ 40 ਫੀਸਦੀ ਮਹਿੰਗੀਆਂ ਹੋ ਗਈਆਂ ਹਨ

ਘਾਨਾ ਵਿੱਚ ਖ਼ਰੀਦ ਸ਼ਕਤੀ ਬਹੁਤ ਘੱਟ ਹੈ। ਇਸ ਲਈ ਫੁੱਟਬਾਲ ਸਮਰਥਕਾਂ ਨੇ ਸੋਸ਼ਲ ਮੀਡੀਆ ’ਤੇ ਆਪਣੀ ਅਸੰਤੁਸ਼ਟੀ ਜ਼ਾਹਿਰ ਕੀਤੀ ਸੀ ਕਿ ‘ਬਲੈਕ ਸਟਾਰਜ਼’ ਦੀ ਵਿਸ਼ਵ ਕੱਪ ਕਿੱਟ ਬਣਾਉਣ ਵਾਲੀ ਜਰਮਨ ਕੰਪਨੀ ਪਿਊਮਾ ਨੇ 94 ਡਾਲਰ ਦੀ ਕੀਮਤ ਵਿੱਚ ਇਹ ਜਾਰੀ ਕੀਤੀ ਹੈ। ਇੱਕ ਪ੍ਰਸ਼ੰਸਕ ਨੇ ਪੁੱਛਿਆ, “ਕੀ ਨਕਲੀ ਸ਼ਰਟਾਂ ਹਾਲੇ ਨਹੀਂ ਆਈਆਂ?”

ਰੁਜ਼ਗਾਰ ਅਤੇ ਕਿਰਤ ਸੰਬੰਧਾਂ ਬਾਰੇ ਮੰਤਰੀ ਨੇ ਦੱਸਿਆ ਕਿ ਇਸ ਵੇਲੇ ਅਫ਼ਰੀਕੀ ਦੇਸ਼ਾਂ ਵਿੱਚ ਕਾਨੂੰਨੀ ਤੌਰ ’ਤੇ ਮਹੀਨੇ ਦਾ ਘੱਟੋ-ਘੱਟ ਵੇਤਨ 145 ਡਾਲਰ ਦੇ ਕਰੀਬ ਹੈ।

ਮੌਜੂਦਾ ਅਫਰੀਕੀ ਚੈਂਪੀਅਨ ਇਨ ਸੈਨੇਗਲ ਦੀਆਂ ਨਕਲੀ ਸ਼ਰਟਾਂ ਦੀ ਰਾਜਧਾਨੀ  ਦਾਕਾਰ ਵਿੱਚ ਮੰਗ ਸੀ, ਜਦਕਿ ਦੇਸ਼ ਦੀ ਫ਼ੁੱਟਬਾਲ ਗਵਰਨਿੰਗ ਸੰਸਥਾ ਨੇ ਟੀਮ ਨੂੰ ਸਹਿਯੋਗ ਦੇਣ ਦੀ ਮੰਗ ਕਰਦਿਆਂ ਪ੍ਰਸ਼ੰਸਕਾਂ ਨੂੰ ਪਿਊਮਾ ਦੀਆਂ ਬਣਾਈਆਂ ਅਧਿਕਾਰਤ ਸ਼ਰਟਾਂ ਹੀ ਖ਼ਰੀਦਣ ਦੀ ਅਪੀਲ ਕੀਤੀ ਸੀ।

ਨਵੰਬਰ 14 ਤੱਕ, ਅਧਿਕਾਰਤ ਸ਼ਰਟ 71 ਡਾਲਰ ਦੀ ਵਿਕ ਰਹੀ ਸੀ। ਜੋ ਕਿ ਸੇਨੇਗਲ ਵਿੱਚ ਮਹੀਨੇ ਦੀ ਘੱਟੋ-ਘੱਟੋ  ਆਮਦਨ 79 ਡਾਲਰ ਦੀ 75 ਫੀਸਦੀ ਰਕਮ ਹੈ।

ਇੱਕ ਸਥਾਨਕ ਵਿਕਰੇਤਾ ਮਲਿਕ ਨੇ ਰੇਡੀਓ ਫਰਾਂਸ ਇੰਟਰਨੈਸ਼ਨਲ ਨੇ ਦੱਸਿਆ, “ਅਸਲੀ ਸ਼ਰਟ ਬਹੁਤ ਮਹਿੰਗੀ ਹੈ। ਸ਼ਰਟ ਬਹੁਤ ਵਧੀਆ ਹੈ ਪਰ ਲੋਕਾਂ ਕੋਲ ਪੈਸੇ ਨਹੀਂ ਹਨ।”

ਵਿਕਰੇਤਾ ਨੇ ਕਿਹਾ, “ਮੈਨੂੰ ਜ਼ਿਆਦਾ ਖ਼ਰੀਦਦਾਰ ਨਹੀਂ ਮਿਲ ਰਹੇ ਹਨ।”

ਫਿਰ ਉਮੀਦ ਜਤਾਈ ਕਿ ਸੈਨੇਗਲ ਦੀ ਟੀਮ ਅਗਲੀ ਸਟੇਜ ਤੱਕ ਪਹੁੰਚ ਜਾਵੇ ਤਾਂ ਕਿ ਉਹ ਆਪਣੀਆਂ ਸ਼ਰਟਾਂ ਦੀ ਕੀਮਤ ਵਧਾ ਸਕੇ।

BBC
  • ਫੁੱਟਬਾਲ ਦੇ ਨਾਲ-ਨਾਲ ਟੀਮਾਂ ਦੀਆਂ ਟੀ-ਸ਼ਰਟਾਂ ਨੂੰ ਲੈ ਕੇ ਵੀ ਪ੍ਰਸ਼ੰਸਕਾਂ ਵਿੱਚ ਬਹੁਤ ਉਤਸ਼ਾਹ ਰਹਿੰਦਾ ਹੈ
  • ਪਰ ਇਹ ਟੀ-ਸ਼ਰਟਾਂ ਕਾਫ਼ੀ ਮਹਿੰਗੀਆਂ ਹਨ ਤੇ ਇਨ੍ਹਾਂ ਲਈ ਵੱਡੀ ਕੀਮਤ ਦੇਣੀ ਪੈ ਰਹੀ ਹੈ
  • ਕੁਝ ਦੇਸ਼ਾਂ ਵਿੱਚ, ਇਹ ਸ਼ਰਟਾਂ ਖ਼ਰੀਦਣ ਲਈ ਮਹੀਨੇ ਦੀ ਘੱਟੋ-ਘੱਟ ਆਮਦਨ ਦਾ ਇੱਕ ਤਿਹਾਈ ਤੋਂ ਵੱਧ ਖ਼ਰਚਣਾ ਪੈ ਰਿਹਾ ਹੈ
  • ਬ੍ਰਾਜ਼ੀਲ ਦੀਆਂ ਸ਼ਰਟਾਂ ਦੀ ਕੀਮਤ ਚਾਰ ਸਾਲ ਪਹਿਲਾਂ ਹੋਏ ਇਸ ਟੂਰਨਾਮੈਂਟ ਦੇ ਮੁਕਾਬਲੇ 40 ਫੀਸਦੀ ਮਹਿੰਗੀਆਂ ਹੋ ਗਈਆਂ ਹਨ
  • ਵੱਡੀਆਂ ਕੰਪਨੀਆਂ ਇਨ੍ਹਾਂ ਟੀ-ਸ਼ਰਟਾਂ ਨੂੰ ਬਣਾਉਣ ਦੇ ਅਧਿਕਾਰ ਮਹਿੰਗੇ ਮੁੱਲਾਂ ''''ਤੇ ਖਰੀਦਦੀਆਂ ਹਨ
BBC

ਜਰਸੀਆਂ ਦਾ ਹਿਸਾਬ-ਕਿਤਾਬ

ਇੱਕ ਫ਼ੁਟਬਾਲ ਸ਼ਰਟ ਨੂੰ ਤਿਆਰ ਕਰਨਾ ਬਹੁਤਾ ਮਹਿੰਗਾ ਨਹੀਂ ਹੈ। ਬਰਸਿਓਲੇਨਾ ਜੋਹਾਨ ਕਰ੍ਰਇਫ ਇੰਸਟਿਚਿਊਟ ਆਫ ਸਪੋਰਟਸ ਮੈਨੇਜਮੈਂਟ ਵਿੱਚ ਲੈਕਚਰਾਰ ਰਿਚਰਡ ਡੈਂਟਨ ਨੇ ਕਿਹਾ ਕਿ ਇੱਕ ਸ਼ਰਟ ਬਣਾਉਣ ਵਿੱਚ 10 ਡਾਲਰ ਤੋਂ ਘੱਟ ਖ਼ਰਚਾ ਆਉਂਦਾ ਹੈ।

ਰਿਚਰਡ ਨੇ ਕਿਹਾ, “ਇਸ ਨਾਲ ਅੰਤਿਮ ਕੀਮਤ ਅਨੁਪਾਤ ਤੋਂ ਬਾਹਰ ਲੱਗਣ ਲਗਦੀ ਹੈ ਅਤੇ ਕੋਈ ਬਹਿਸ ਕਰ ਸਕਦਾ ਹੈ ਕਿ ਇਹ ਜਾਇਜ਼ ਨਹੀਂ ਹੈ।”

“ਪਰ ਇੱਕ ਇਨਸਾਨ ਲਈ ਮਹਿੰਗੀ ਕੀਮਤ ਦੂਜੇ ਇਨਸਾਨ ਨੂੰ ਸਸਤੀ ਲੱਗ ਸਕਦੀ ਹੈ ਕਿਉਂਕਿ ਹੋਰ ਵੀ ਖ਼ਰਚੇ ਅਤੇ ਕਾਰਕ ਹੁੰਦੇ ਹਨ ਜੋ ਅੰਤਿਮ ਕੀਮਤ ਨੂੰ ਪ੍ਰਭਾਵਿਤ ਕਰਦੇ ਹਨ।”

ਫ਼ੁਟਬਾਲ ਦੇ ਕਾਰੋਬਾਰ ਵਿੱਚ ਮਾਹਿਰ ਅਰਥ-ਸ਼ਾਸਤਰੀ ਸੇਜ਼ਰ ਗਰਾਫੀਅਟੀ ਸਮਝਾਉਂਦੇ ਹਨ ਕਿ ਇਨ੍ਹਾਂ ਸ਼ਰਟਾਂ ਦੀ ਅੰਤਿਮ ਕੀਮਤ ਸਿਰਫ਼ ਇਸ ਨੂੰ ਬਣਾਉਣ ਵਿੱਚ ਆਏ ਖ਼ਰਚੇ ਜ਼ਰੀਏ ਪਰਭਾਸ਼ਿਤ ਨਹੀਂ ਹੁੰਦੀ।

ਟੈਕਸ ਅਤੇ ਢੋਆ-ਢੁਆਈ ਦਾ ਖ਼ਰਚਾ ਵੀ ਕੀਮਤਾਂ ਨੂੰ ਪ੍ਰਭਾਵਿਤ ਕਰਦਾ ਹੈ।

“ਮਹਾਂਮਾਰੀ ਕੋਰੋਨਾਵਾਇਰਸ ਤੋਂ ਬਾਅਦ ਇਨ੍ਹਾਂ ਖ਼ਰਚਿਆਂ ਵਿੱਚ ਵਾਧਾ ਹੋਇਆ ਹੈ। ਇਸ ਨਾਲ ਸਪਲਾਈ ਚੇਨ ਬੰਦ ਹੋਈ ਹੈ ਅਤੇ ਯੁਕਰੇਨ ਦੀ ਜੰਗ ਕਾਰਨ ਦੁਨੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਪ੍ਰਭਾਵਿਤ ਹੋਈਆਂ ਹਨ।”

“ਕੱਪੜੇ ਬਣਾਉਣ ਵਾਲੀਆਂ ਕੰਪਨੀਆਂ ਇਹ ਕਿੱਟਾਂ ਵੇਚ ਕੇ ਵਧੇਰੇ ਕਮਾਈ ਨਹੀਂ ਕਰਦੀਆਂ, ਕਿਉਂਕਿ ਇਨ੍ਹਾਂ ਨੇ ਚੋਟੀ ਦੇ ਕਲੱਬਾਂ ਅਤੇ ਕੌਮੀ ਫ਼ੁਟਬਾਲ ਫੈਡਰੇਸ਼ਨਾਂ ਨੂੰ ਵੀ ਰਕਮ ਦੇਣੀ ਹੁੰਦੀ ਹੈ ਤਾਂ ਕਿ ਉਨ੍ਹਾਂ ਨੂੰ ਕਿੱਟਾਂ ਬਣਾਉਣ ਦੇ ਅਧਿਕਾਰ ਮਿਲ ਸਕਣ।”

BBC

BBC

ਪਾਵਰ-ਹਾਊਸਾਂ ਲਈ ਜੰਗ

ਵੱਡੀਆਂ ਕੰਪਨੀਆਂ ਜਿਵੇਂ ਕਿ ਨਾਇਕੀ ਅਤੇ ਐਡੀਡਾਸ ਸਭ ਤੋਂ ਬਿਹਤਰ ਟੀਮ ਦੀਆਂ ਸ਼ਰਟਾਂ ਬਣਾਉਣ ਦੇ ਅਧਿਕਾਰ ਲੈਣ ਲਈ ਵੱਡੀ ਕੀਮਤ ਅਦਾ ਕਰਦੀਆਂ ਹਨ।

ਇਸ ਵਿਸ਼ਵ ਕੱਪ ਵਿੱਚ, ਨਾਇਕੀ ਭਾਗ ਲੈ ਰਹੀਆਂ 32 ਵਿੱਚੋਂ 13 ਟੀਮਾਂ ਦੀ ਸਪਲਾਇਰ ਹੈ।

ਜਦਕਿ ਐਡੀਡਾਸ ਚਾਰ ਵਾਰ ਦੀ ਚੈਂਪੀਅਨ ਜਰਮਨੀ, ਦੋ ਵਾਰ ਦੀ ਚੈਂਪੀਅਨ ਅਰਜੰਟੀਨਾ ਅਤੇ ਟੂਰਨਾਮੈਂਟ ਵਿੱਚ ਪਸੰਦੀਦਾ ਰਹਿਣ ਵਾਲੀ ਸਪੇਨ ਸਮੇਤ ਸੱਤ ਟੀਮਾਂ ਦੀਆਂ ਕਿੱਟਾਂ ਤਿਆਰ ਕਰ ਰਹੀ ਹੈ।

ਸਪੋਰਟਸ ਬਿਜ਼ਨਸ ਵੈਬਸਾਈਟ, ਸਪੋਰਟਸ ਪ੍ਰੋ ਮੀਡੀਆ ਮੁਤਾਬਕ, ਕੁੱਲ ਮਿਲਾ ਕਿ ਇਹ ਵੱਡੀਆਂ ਕੰਪਨੀਆਂ ਅਰਜਨਟੀਨਾ, ਬ੍ਰਾਜ਼ੀਲ, ਇੰਗਲੈਂਡ, ਫਰਾਂਸ, ਜਰਮਨੀ, ਇਟਲੀ ਅਤੇ ਸਪੇਨ ਜਿਹੀਆਂ ਵੱਡੀਆਂ ਟੀਮਾਂ ਦੀਆਂ ਕਿੱਟਾਂ ਬਣਾਉਂਦੀਆਂ ਹਨ ਅਤੇ ਇਨ੍ਹਾਂ ਦੀਆਂ ਕੌਮੀ ਫ਼ੁਟਬਾਲ ਫੈਡਰੇਸ਼ਨਾਂ ਨੂੰ ਸਾਲ ਦਾ 275 ਮਿਲੀਅਨ ਡਾਲਰ ਭਰਦੀਆਂ ਹਨ।

“ਇਨ੍ਹਾਂ ਕੰਪਨੀਆਂ ਦੇ ਸ਼ੇਅਰ ਹੋਲਡਰ ਹੋਣਗੇ ਜੋ ਨਹੀਂ ਚਾਹੁਣਗੇ ਕਿ ਇਹ ਵੱਡੀਆਂ ਕੰਪਨੀਆਂ ਫ਼ੁੱਟਬਾਲ ਟੀਮਾਂ ਨਾਲ ਕੀਤੀ ਡੀਲ ਦਾ ਨਿਵੇਸ਼ ਕਮਾਈ ਵਿੱਚ ਨਾ ਬਦਲ ਸਕਣ।”, ਡੈਂਟਨ ਨੇ ਕਿਹਾ।

ਉਨ੍ਹਾਂ ਕਿਹਾ, “ਪਰ ਇਹ ਅਸੀਂ ਫ਼ੈਸਲਾ ਕਰਨਾ ਹੈ ਕਿ ਸਾਨੂੰ ਸ਼ਰਟ ਮਹਿੰਗੀ ਲਗਦੀ ਹੈ ਜਾਂ ਨਹੀਂ। ਇਸ ਲਈ ਕੁਝ ਲੋਕ ਸਸਤੀ ਸ਼ਰਾਬ ਪੀਂਦੇ ਹਨ ਅਤੇ ਕੁਝ ਮਹਿੰਗੀ ਪੀਂਦੇ ਹਨ।”

Getty Images
ਵੱਡੀਆਂ ਕੰਪਨੀਆਂ ਜਿਵੇਂ ਨਾਇਕੀ ਅਤੇ ਐਡੀਡਾਸ ਸਭ ਤੋਂ ਬਿਹਤਰ ਟੀਮ ਦੀਆਂ ਸ਼ਰਟਾਂ ਬਣਾਉਣ ਦੇ ਅਧਿਕਾਰ ਲੈਣ ਲਈ ਵੱਡੀ ਕੀਮਤ ਅਦਾ ਕਰਦੀਆਂ ਹਨ

ਬੀਬੀਸੀ ਨੇ ਪਿਊਮਾ, ਨਾਇਕੀ ਅਤੇ ਐਡੀਡਾਸ ਨੂੰ ਉਨ੍ਹਾਂ ਦੀ ਟਿੱਪਣੀ ਲਈ ਸੰਪਰਕ ਕੀਤਾ। ਖ਼ਬਰ ਲਿਖਣ ਤੱਕ ਸਿਰਫ਼ ਐਡੀਡਾਸ ਨੇ ਜਵਾਬ ਦਿੱਤਾ।

ਬਿਆਨ ਵਿੱਚ ਕੰਪਨੀ ਨੇ ਕਿਹਾ ਕਿ ਅੰਤਿਮ ਕੀਮਤ ਵਿੱਚ ਸ਼ਰਟਾਂ ਲਈ ਵਰਤੇ ਕੱਪੜੇ ਦੀ ਕੁਆਲਟੀ ਅਤੇ ਸਥਿਰਤਾ ਝਲਕਦੀ ਹੈ।

“ਸਾਡੀਆਂ ਕਿੱਟਾਂ ਵਿੱਚ ਉਹੀ ਕੱਪੜਾ ਇਸਤੇਮਾਲ ਹੁੰਦਾ ਹੈ ਜੋ ਖੇਡਣ ਵੇਲੇ ਪਹਿਨਿਆਂ ਜਾਂਦਾ ਹੈ ਅਤੇ ਪ੍ਰਸ਼ੰਸਕਾਂ ਲਈ ਸਾਲਾਂ ਤੱਕ ਮਾਣ ਨਾਲ ਪਹਿਨਣ ਲਈ ਡਿਜ਼ਾਇਨ ਕੀਤੀਆਂ ਜਾਂਦੀਆਂ ਹਨ। ਕੀਮਤ ਕੱਪੜੇ ਦੇ ਟਿਕਾਊਪਣ ਦਾ ਪ੍ਰਤੀਕ ਹੈ।”

ਤੇਜ਼ੀ ਨਾਲ ਵਿਕਰੀ

ਜੈਨਿਨ ਗਾਰਸੀਆ ਅਤੇ ਉਸ ਦੇ ਦੋਸਤ ਅਧਿਕਾਰਤ ਅਸਲੀ ਸ਼ਰਟਾਂ ਤੋਂ ਦੂਰ ਰਹੇ ਪਰ ਹਰ ਕੋਈ ਇਨ੍ਹਾਂ ਉੱਚੀਆਂ ਕੀਮਤਾਂ ਤੋਂ ਪਰੇਸ਼ਾਨ ਨਹੀਂ।

ਐਗਜ਼ੇਮ ਮੈਗਜ਼ੀਨ ਦੇ ਜਿਸ ਆਰਟੀਕਲ ਵਿੱਚ ਦੱਸਿਆ ਗਿਆ ਸੀ ਕਿ ਇਸ ਸਾਲ ਬ੍ਰਾਜ਼ੀਲ ਦੀ ਕਿੱਟ ਪਿਛਲੇ ਟੂਰਨਾਮੈਂਟ ਤੋਂ 40 ਫੀਸਦੀ ਮਹਿੰਗੀ ਹੈ, ਉਸ ਵਿੱਚ ਨਾਇਕੀ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਇਸ ਸਾਲ ਦੀ ਕਤਰ ਲਈ ਕਿੱਟ ਉਨ੍ਹਾਂ ਦੀ ਬ੍ਰਾਜ਼ੀਲ ਨਾਲ ਹੁਣ ਤੱਕ ਦੀ 26 ਸਾਲ ਦੀ ਸਾਂਝੇਦਾਰੀ ਦੌਰਾਨ ਸਭ ਤੋਂ ਵੱਧ ਵਿਕਣ ਵਾਲੀ ਬਣ ਗਈ ਹੈ।

ਪਰ ਜੈਨਿਨ ਇਸ ਗੱਲ ਨਾਲ ਵੀ ਸਹਿਮਤ ਹੁੰਦੀ ਨਹੀਂ ਦਿਸਦੀ।

ਉਸ ਨੇ ਕਿਹਾ, “ਮੈਂ ਜਾਨਣਾ ਚਾਹੁੰਦੀ ਹਾਂ ਕਿ ਉਨ੍ਹਾਂ ਨੂੰ ਕੌਣ ਖਰੀਦ ਰਿਹਾ ਹੈ? ਮੈਂ ਬਹੁਤ ਪੈਸੇ ਵਾਲੇ ਲੋਕਾਂ ਨੂੰ ਜਾਣਦੀ ਹਾਂ ਜਿੰਨਾਂ ਨੇ ਖ਼ਰਚਾ ਬਚਾਉਣ ਲਈ ਨਕਲੀ ਸ਼ਰਟਾਂ ਖਰੀਦੀਆਂ ਹਨ। ਇਹ ਕੋਈ ਡਿਜ਼ਾਇਨਰ ਬੈਗ ਜਾਂ ਡਰੈੱਸ ਨਹੀਂ ਹੈ, ਜੋ ਤੁਸੀਂ ਹਮੇਸ਼ਾ ਪਹਿਨ ਸਕਦੇ ਹੋ।”

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)