ਦੂਰਦਰਸ਼ਨ ’ਤੇ ਇੱਕ ਸ਼ੋਅ ਨਾਲ ਸ਼ੁਰੂਆਤ ਕਰਨ ਵਾਲੇ ਐੱਨਡੀਟੀਵੀ ਦੀ ਤਰੱਕੀ ਦੀ ਕਹਾਣੀ, ਇਸ ਨੂੰ ਅਡਾਨੀ ਹੁਣ ਇੰਝ ਚਲਾਉਣਗੇ

11/30/2022 6:27:12 PM

Getty Images

ਭਾਰਤ ਦੇ ਵੱਡੇ ਨਿਊਜ਼ ਨੈਟਵਰਕ ਐੱਨਡੀਟੀਵੀ ਦੇ ਸੰਸਥਾਪਕ ਰਾਧਿਕਾ ਅਤੇ ਪ੍ਰਣੌਯ ਰੌਏ ਨੇ ਆਰਆਰਪੀਆਰ ਹੋਲਡਿਂਗ ਪ੍ਰਾਇਵੇਟ ਲਿਮਿਟੇਡ ਦੇ ਆਪਣੇ ਡਾਇਰੈਕਟਰ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਆਰਆਰਪੀਆਰ ਕੰਪਨੀ ਐੱਨਡੀਟੀਵੀ ਦੀ ਪ੍ਰਮੋਟਰ ਗਰੁੱਪ ਵੇਹਿਕਲ ਹੈ ਤੇ ਹੁਣ ਇਸ ਕੰਪਨੀ ਨੂੰ ਗੌਤਮ ਅਡਾਨੀ ਸਮੂਹ ਹੇਠ ਲਿਆਂਦਾ ਜਾ ਰਿਹਾ ਹੈ।

ਜਿਸ ਦਾ ਮਤਲਬ ਹੈ ਕਿ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਗੌਤਮ ਅਡਾਨੀ ਇਸ ਮੀਡੀਆ ਕੰਪਨੀ ‘ਤੇ ਕਾਬਿਜ਼ ਹੋਣ ਦੇ ਬੇਹੱਦ ਕਰੀਬ ਹਨ।

ਭਾਰਤ ਵਿੱਚ ਟੀਵੀ ਪੱਤਰਕਾਰਤਾ ਲਈ ਇਸ ਦੇ ਕੀ ਮਾਅਨੇ ਹਨ, ਬੀਬੀਸੀ ਨੇ ਜਾਨਣ ਦੀ ਕੋਸ਼ਿਸ਼ ਕੀਤੀ ਹੈ।

Getty Images

ਇੱਕ ਸ਼ੋਅ ਨਾਲ ਹੋਈ ਸੀ ਐੱਨਡੀਟੀਵੀ ਦੀ ਸ਼ੁਰੂਆਤ

ਆਪਣੇ ਪਤੀ ਪ੍ਰਣੌਯ ਰੌਏ ਨਾਲ ਮਿਲ ਕੇ ਐੱਨਡੀਟੀਵੀ ਸ਼ੁਰੂ ਕਰਨ ਵਾਲੇ ਰਾਧਿਕਾ ਰੌਏ ਨੇ ਇੱਕ ਵਾਰ ਕਿਹਾ ਸੀ ਕਿ ਐੱਨਡੀਟੀਵੀ ਇੱਕ ‘ਖੁਸ਼ਨੁਮਾ ਘਟਨਾ’ ਸੀ।

ਐੱਨਡੀਟੀਵੀ, ਨਵੰਬਰ 1988 ਵਿੱਚ ਦੂਰਦਰਸ਼ਨ ’ਤੇ ਇੱਕ ਸ਼ੋਅ ‘ਦਿ ਵਰਲਡ ਦਿਸ ਵੀਕ’(The World This Week) ਨਾਲ ਸ਼ੁਰੂ ਹੋਇਆ ਸੀ।

ਉਸ ਵੇਲੇ ਇਸ ਦੇ ਵਿਸਤਾਰ ਬਾਰੇ ''''ਕੋਈ ਵੱਡੀ ਯੋਜਨਾ'''' ਨਹੀਂ ਸੀ ਅਤੇ ਨਾ ਹੀ ਇਹ ਅੰਦਾਜ਼ਾ ਸੀ ਕਿ ਇੱਕ ਹਫਤਾਵਾਰ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ ਇਹ ਭਾਰਤ ਦਾ ਪਹਿਲਾ ਨਿੱਜੀ 24/7 ਨਿਊਜ਼ ਨੈਟਵਰਕ ਅਤੇ ਸੁਤੰਤਰ ਨਿਊਜ਼ ਪ੍ਰਸਾਰਕ ਬਣ ਜਾਏਗਾ।

ਤਿੰਨ ਦਹਾਕਿਆਂ ਤੋਂ ਬਾਅਦ ਇਸ ਚੈਨਲ ਦੇ ਮਾਲਕ ਬਦਲ ਰਹੇ ਹਨ।

BBC

ਐੱਨਡੀਟੀਵੀ ਹੁਣ ਅਡਾਨੀ ਦਾ ਹੋਵੇਗਾ

  • ਐੱਨਡੀਟੀਵੀ ਦੇ ਸੰਸਥਾਪਕ ਰਾਧਿਕਾ ਤੇ ਪ੍ਰਣੌਯ ਰੌਏ ਨੇ ਆਰਆਰਪੀਆਰ ਦੇ ਆਪਣੇ ਡਾਇਰੈਕਟਰ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ
  • ਆਰਆਰਪੀਆਰ ਕੰਪਨੀ ਐੱਨਡੀਟੀਵੀ ਦੀ ਪ੍ਰਮੋਟਰ ਗਰੁੱਪ ਵੇਹਿਕਲ ਹੈ
  • ਹੁਣ ਇਸ ਕੰਪਨੀ ਨੂੰ ਗੌਤਮ ਅਡਾਨੀ ਸੂਮਹ ਹੇਠ ਲਿਆਂਦਾ ਜਾ ਰਿਹਾ ਹੈ
  • ਅਡਾਨੀ ਗਰੁੱਪ ਦਾ ਮੰਨਣਾ ਹੈ ਕਿ ਐੱਨਡੀਟੀਵੀ ਉਨ੍ਹਾਂ ਦੇ ਵਿਜ਼ਨ ਦੇ ਪ੍ਰਸਾਰਣ ਲਈ ਸਭ ਤੋਂ ਉਚਿਤ ਪਲੈਟਫਾਰਮ ਹੈ
  • ਪਰ ਇਸ ਨੂੰ ਲੈ ਕੇ ਮੀਡੀਆ ਮਾਹਰਾਂ ਅਤੇ ਆਲੋਚਕਾਂ ਦੇ ਮਨਾਂ ਵਿੱਚ ਕਈ ਖਦਸ਼ੇ ਹਨ
BBC

ਗੌਤਮ ਅਡਾਨੀ ਅਤੇ ਐੱਨਡੀਟੀਵੀ

ਗੌਤਮ ਅਡਾਨੀ ਐਲਨ ਮਸਕ ਅਤੇ ਜੇਫ ਬੇਜ਼ੋਸ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਤੀਜੇ ਨੰਬਰ ’ਤੇ ਆਉਂਦੇ ਹਨ।

ਇਹੀ ਗੌਤਮ ਅਡਾਨੀ ਐੱਨਡੀਟੀਵੀ ਨੂੰ ਖਰੀਦਣ ਨੂੰ ਤਿਆਰ ਹਨ।

60 ਸਾਲਾ ਅਰਬਪਤੀ ਅਡਾਨੀ ਬੰਦਰਗਾਹਾਂ ਤੋਂ ਲੈ ਕੇ ਊਰਜਾ ਤੱਕ ਇੱਕ ਵੱਡਾ ਕਾਰੋਬਾਰੀ ਸਮੂਹ ਚਲਾਉਂਦੇ ਹਨ।

ਕਈ ਲੋਕ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਕਰੀਬੀ ਵਜੋਂ ਵੀ ਦੇਖਦੇ ਹਨ।

ਅਡਾਨੀ ਦੀ ਜੀਵਨੀ ਲਿਖਣ ਵਾਲੇ ਆਰਐੱਨ ਭਾਸਕਰ ਮੁਤਾਬਕ, “ਅਡਾਨੀ ਦੇ ਹਰ ਤਰ੍ਹਾਂ ਦੀ ਸੋਚ ਵਾਲੀਆਂ ਪਾਰਟੀਆਂ ਦੇ ਸਿਆਸੀ ਅਤੇ ਸਮਾਜਿਕ ਆਗੂਆਂ ਨਾਲ ਰਿਸ਼ਤੇ ਹੋਣ ਕਾਰਨ, ਉਹ ਹਰ ਸਰਕਾਰ ਵਿੱਚ ਸਵੀਕਾਰਯੋਗ ਹਨ।”

ਮਾਰਚ ਵਿੱਚ, ਅਡਾਨੀ ਦੀ ਨਵੀਂ ਕੰਪਨੀ ਏਐੱਮਜੀ ਮੀਡੀਆ ਨੈਟਵਰਕ ਲਿਮਿਟਿਡ ਨੇ ਡਿਜੀਟਲ ਬਿਜ਼ਨਿਸ ਨਿਊਜ਼ ਕੰਪਨੀ ਕੁਇੰਟਿਲਿਅਨ ਵਿੱਚ ਛੋਟੀ ਹਿੱਸੇਦਾਰੀ ਖਰੀਦੀ।

ਭਾਸਕਰ ਆਪਣੀ ਕਿਤਾਬ ਵਿੱਚ ਕਹਿੰਦੇ ਹਨ, “ਕੁਇੰਟਿਲਿਅਨ ਨਿਵੇਸ਼ ਦੇ ਲਈ ਗੌਤਮ ਅਡਾਨੀ ਦਾ ਧਿਆਨ ਖਿੱਚਣ ਲਈ ਮਾਮੂਲੀ ਹੈ। ਤਾਂ ਕੀ ਉਨ੍ਹਾਂ ਦੀ ਕੋਈ ਵੱਡੀ ਯੋਜਨਾ ਹੈ?”

ਹੁਣ ਅਸੀਂ ਇਸ ਦਾ ਜਵਾਬ ਜਾਣਦੇ ਹਾਂ।

AFP

ਲਗਭਗ 51 ਮਿਲੀਅਨ ਡਾਲਰ ਦੇ ਮਾਲੀਏ ਅਤੇ 10 ਮਿਲੀਅਨ ਡਾਲਰ ਦੇ ਲਾਭ ਨਾਲ, ਅਡਾਨੀ ਲਈ ਐੱਨਡੀਟੀਵੀ ਸ਼ਾਇਦ ਮੁਨਾਫ਼ੇ ਵਾਲੀ ਖਰੀਦ ਨਾ ਬਣ ਸਕੇ, ਜਿਨ੍ਹਾਂ ਦੇ ਵੱਡੇ ਗਰੁੱਪ ਦਾ ਬਜ਼ਾਰ ਵਿੱਚ ਪੂੰਜੀਕਰਨ 260 ਬਿਲੀਅਨ ਡਾਲਰ ਦਾ ਹੈ।

ਪਰ ਐੱਨਡੀਟੀਵੀ ਭਾਰਤ ਦਾ ਮੰਨਿਆ ਪ੍ਰਮੰਨਿਆ ਨੈੱਟਵਰਕ ਹੈ, ਜਿਸ ਨੇ ਅੰਕੜਿਆਂ ਅਧਾਰਿਤ ਚੋਣ ਵਿਸ਼ਲੇਸ਼ਣ, ਸਵੇਰ ਦੇ ਸ਼ੋਅ, ਤਕਨੀਕ ਅਤੇ ਜੀਵਨ ਸ਼ੈਲੀ ਸਬੰਧੀ ਪ੍ਰੋਗਰਾਮਾਂ ਨੂੰ ਪ੍ਰਫੁੱਲਿਤ ਕੀਤਾ ਹੈ।

ਅੱਜ ਇਸ ਦੀ ਆਨਲਾਈਨ ਪਹੁੰਚ ਵੀ ਚੰਗੀ ਹੈ ਅਤੇ ਇਹ ਵੱਖ-ਵੱਖ ਪਲੈਟਫਾਰਮਾਂ ’ਤੇ 35 ਮਿਲੀਅਨ ਫੌਲੋਅਰ ਹੋਣ ਦਾ ਦਾਅਵਾ ਕਰਦਾ ਹੈ।

ਅਡਾਨੀ ਗਰੁੱਪ ਦਾ ਮੰਨਣਾ ਹੈ, “ਐੱਨਡੀਟੀਵੀ ਸਾਡੇ ਟੀਚਿਆਂ ਦੇ ਪ੍ਰਸਾਰਣ ਲਈ ਸਭ ਤੋਂ ਉਚਿਤ ਪ੍ਰਸਾਰਕ ਅਤੇ ਡਿਜੀਟਲ ਪਲੈਟਫਾਰਮ ਹੈ।”

ਉਨ੍ਹਾਂ ਦਾ ਵਿਜ਼ਨ ਕੀ ਹੈ, ਇਸ ਬਾਰੇ ਅਡਾਨੀ ਨੇ ਕੁਝ ਸੰਕੇਤ ਦਿੱਤੇ ਹਨ।

ਉਨ੍ਹਾਂ ਨੇ ਫਾਇਨੈਂਸ਼ੀਅਲ ਟਾਈਮਜ਼ ਨੂੰ ਕਿਹਾ, “ਤੁਸੀਂ ਇੱਕ ਮੀਡੀਆ ਹਾਊਸ ਨੂੰ ਸੁਤੰਤਰ ਬਣਨ ਅਤੇ ਦੁਨੀਆਂ ਵਿੱਚ ਪਛਾਣ ਬਣਾਉਣ ਲਈ ਸਹਿਯੋਗ ਕਿਉਂ ਨਹੀਂ ਦੇ ਸਕਦੇ? ਭਾਰਤ ਕੋਲ ਫਾਇਨੈਂਸ਼ੀਅਲ ਟਾਈਮਜ਼ ਅਤੇ ਅਲ-ਜਜ਼ੀਰਾ ਦੇ ਮੁਕਾਬਲੇ ਵਾਲਾ ਇੱਕ ਵੀ ਨੈੱਟਵਰਕ ਨਹੀਂ ਹੈ।”

BBC

ਇਹ ਵੀ ਪੜ੍ਹੋ :

BBC

ਆਲੋਚਕਾਂ ਦੇ ਮਨ ਵਿੱਚ ਕੀ ਹਨ ਖਦਸ਼ੇ

ਇਸ ਬਾਰੇ ਅਲੋਚਕਾਂ ਦੇ ਮਨ ਵਿੱਚ ਕਈ ਖ਼ਦਸ਼ੇ ਹਨ।

ਕਈ ਲੋਕ ਐੱਨਡੀਟੀਵੀ ਨੂੰ ਭਾਰਤ ਦੇ ਚੋਣਵੇਂ ਸੁਤੰਤਰ ਨਿਊਜ਼ ਨੈੱਟਵਰਕਾਂ ਵਿੱਚ ਗਿਣਦੇ ਹਨ, ਜੋ ਕਿ ਬਹੁਤੇ ਨਿਊਜ਼ ਚੈਨਲਾਂ ਦੀ ਨੀਤੀ ਤੋਂ ਵੱਖ ਹੈ।

ਆਕਸਫੋਰਡ ਯੁਨੀਵਰਸਿਟੀ ਅਤੇ ਰਾਇਟਰਜ਼ ਇੰਸਟਿਚਿਊਟ ਫ਼ਾਰ ਦਿ ਸਟੱਡੀ ਆਫ਼ ਜਰਨਲਿਜ਼ਮ ਦੇ ਇੱਕ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ 76 ਫੀਸਦੀ ਲੋਕ ਐੱਨਡੀਟੀਵੀ ਦੀ ਦਿੱਤੀ ਜਾਣਕਾਰੀ ’ਤੇ ਭਰੋਸਾ ਕਰਦੇ ਹਨ।

ਅਡਾਨੀ ਵੱਲੋਂ ਖਰੀਦੇ ਜਾਣ ਨਾਲ ਇਸ ਦੀ ਸੰਪਾਦਕੀ ਲਾਈਨ ਨੂੰ ਲੈ ਕੇ ਵੀ ਸੱਟ ਲੱਗਣ ਸਬੰਧੀ ਫ਼ਿਕਰ ਵੀ ਸਾਹਮਣੇ ਆ ਰਹੀ ਹੈ।

ਮੀਡੀਆ ਵਿੱਚ ਕਾਫ਼ੀ ਵਿਭਿੰਨਤਾ ਹੋਣ ਦੇ ਬਾਵਜੂਦ, ਭਾਰਤ ਵਿੱਚ ਸੁਤੰਤਰ ਪੱਤਰਕਾਰਤਾ ਚੰਗੀ ਹਾਲਤ ਵਿੱਚ ਨਹੀਂ ਦਿਸਦੀ।

‘ਵਰਲਡ ਪ੍ਰੈੱਸ ਫਰੀਡਮ ਇੰਡੈਕਸ’ ਵਿੱਚ ਇਸ ਸਾਲ ਭਾਰਤ 150ਵੇਂ ਤੋਂ 180ਵੇਂ ਸਥਾਨ ’ਤੇ ਆ ਡਿੱਗਿਆ ਹੈ।

ਸੱਤਾਧਾਰੀ ਬੀਜੇਪੀ ਇਨ੍ਹਾਂ ਅੰਕੜਿਆਂ ਨੂੰ ਨਕਾਰਦੀ ਹੈ ਅਤੇ ਕਹਿੰਦੀ ਹੈ ਕਿ ਇਸ ਇੰਡੈਕਸ ਵਿੱਚ ਅਧਿਐਨ ਲਈ ਵਰਤਿਆ ਜਾਂਦਾ ਤਰੀਕਾ ‘ਸ਼ੱਕੀ ਅਤੇ ਗੈਰ-ਪਾਰਦਰਸ਼ੀ’ ਹੈ।

‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਮੁਤਾਬਕ, “ਉਦਾਹਰਨ ਵਜੋਂ ਚਾਰ ਰੋਜ਼ਾਨਾ ਅਖ਼ਬਾਰ, ਹਿੰਦੀ ਪਾਠਕਾਂ ਦਾ ਤਿੰਨ ਚੌਥਾਈ ਹਿੱਸਾ ਸਾਂਝਾ ਕਰਦੇ ਹਨ। 220 ਬਿਲੀਅਨ ਡਾਲਰ ਦੇ ਕਾਰੋਬਾਰ ਵਾਲੇ ਅਰਬਪਤੀ ਮੁਕੇਸ਼ ਅੰਬਾਨੀ ਵੀ ਭਾਰਤ ਦੀਆਂ ਸਭ ਤੋਂ ਵੱਡੀਆਂ ਨਿਊਜ਼ ਕੰਪਨੀਆਂ ਵਿੱਚੋਂ ਇੱਕ, ਨੈਟਵਰਕ 18 ਨੂੰ ਚਲਾਉਂਦੇ ਹਨ। ਅਡਾਨੀ ਅਤੇ ਅੰਬਾਨੀ ਦੀਆਂ ਕੰਪਨੀਆਂ ਭਾਰਤ ਦੀ ਜੀਡੀਪੀ ਦੇ 4 ਫੀਸਦੀ ਦੇ ਬਰਾਬਰ ਮਾਲੀਆ ਪੈਦਾ ਕਰਦੀਆਂ ਹਨ।”

ਮੀਡੀਆ ਮਾਹਿਰ ਵਨੀਤਾ ਕੋਹਲੀ ਖਾਂਡੇਕਰ ਨੇ ਕਿਹਾ, “ਐੱਨਡੀਟੀਵੀ ਦਾ ਖਰੀਦੀਆ ਜਾਣਾ ਭਾਰਤ ਵਿੱਚ ਨਿਊਜ਼ ਬਿਜ਼ਨਸ ਦੀਆਂ ਮੁਸ਼ਕਲਾਂ ਦਾ ਪ੍ਰਤੀਕ ਹੈ।”

“ਭਾਰਤ ਵਿੱਚ 400 ਤੋਂ ਵੱਧ ਨਿਊਜ਼ ਚੈਨਲ ਹਨ ਜੋ ਜ਼ਿਆਦਾਤਾਰ ਨਿੱਜੀ ਹੱਥਾਂ ਵਿੱਚ ਹਨ ਅਤੇ ਖੇਤਰੀ ਭਾਸ਼ਾਵਾਂ ਵਿੱਚ ਹਨ। ਸਾਲ 2021 ਵਿੱਚ 423 ਮਿਲੀਅਨ ਡਾਲਰ ਦੇ ਟੀਵੀ ਵਿਗਿਆਪਨਾਂ ਵਿੱਚੋਂ 8 ਫੀਸਦੀ ਟੀਵੀ ਚੈਨਲਾਂ ਨੂੰ ਮਿਲੇ।”

Getty Images

‘ਨਿਊਜ਼ ਬਿਜ਼ਨਸ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ’

ਉਨ੍ਹਾਂ ਕਿਹਾ ਕਿ ਨਿਊਜ਼ ਬਿਜ਼ਨਸ ਸਭ ਤੋਂ ਔਖੇ ਕੰਮਾਂ ਵਿੱਚੋਂ ਇੱਕ ਹੈ, ਭਾਵੇਂ ਇਹ ਕਿਤੇ ਵੀ ਹੋਵੇ।

ਉਨ੍ਹਾਂ ਕਿਹਾ, “ਭਾਰਤ ਵਿੱਚ, ਟੀਵੀ ਨਿਊਜ਼ ਸਭ ਤੋਂ ਘੱਟ ਮੁਨਾਫ਼ੇ ਵਾਲਾ, ਸਿਆਸੀ ਖਤਰਿਆਂ ਵਾਲਾ ਅਤੇ ਜੋਖਮ ਭਰਿਆ ਕਾਰੋਬਾਰ ਹੈ। ਸਿਰਫ਼ ਦੋ-ਤਿੰਨ ਕੰਪਨੀਆਂ ਹੀ ਸਮੇਂ-ਸਮੇਂ ’ਤੇ ਪੈਸਾ ਕਮਾਉਂਦੀਆਂ ਹਨ।”

ਕਿਉਂਕਿ ਵਧੇਰੇ ਲੋਕ ਖ਼ਬਰਾਂ ਲਈ ਪੈਸੇ ਅਦਾ ਕਰਨ ਨੂੰ ਰਾਜ਼ੀ ਨਹੀਂ ਹਨ, ਇਸ ਲਈ ਵਿਗਿਆਪਨ ਹੀ ਇਨ੍ਹਾਂ ਦੀ ਕਮਾਈ ਦਾ ਜ਼ਰੀਆ ਹਨ।

ਬਹੁਤਿਆਂ ਦਾ ਮੰਨਣਾ ਹੈ ਕਿ ਨਿਊਜ਼ ਚੈਨਲਾਂ ਦੀ ਭਰੋਸੇਯੋਗਤਾ ਵਿੱਚ ਕਮੀ ਆਈ ਹੈ।

ਬਹੁਤੇ ਚੈਨਲਾਂ ’ਤੇ  ਰੇਟਿੰਗਜ਼ ਨਾਲ ਛੇੜ-ਛਾੜ ਕਰਨ ਦੇ ਵੀ ਇਲਜ਼ਾਮ ਲੱਗੇ ਹਨ।

Reuters

''''ਐੱਨਡੀਟੀਵੀ ਹੁਣ ਲੜਾਈ ਹਾਰਦਾ ਦਿੱਸਦਾ ਹੈ''''

ਐੱਨਡੀਟੀਵੀ ਦੀਆਂ ਆਪਣੀਆਂ ਵਿੱਤੀ ਮੁਸ਼ਕਲਾਂ ਦਹਾਕੇ ਪਹਿਲਾਂ ਦੀ ਆਰਥਿਕ ਮੰਦੀ ਦੌਰਾਨ ਸ਼ੁਰੂ ਹੋ ਗਈਆਂ ਸਨ, ਜਦੋਂ ਇਸ ਨੂੰ ਕਰਜ਼ੇ ਉਤਾਰਨ ਲਈ ਰਿਲਾਇੰਸ ਤੋਂ 44 ਮਿਲੀਅਨ ਡਾਲਰ ਉਧਾਰੇ ਲੈਣੇ ਪਏ।

ਵਨੀਤਾ ਕੋਹਲੀ ਖਾਂਡੇਕਰ ਨੇ ਕਿਹਾ, “ਐੱਨਡੀਟੀਵੀ ਨੇ ਲੰਬਾ ਅਤੇ ਸਖ਼ਤ ਸੰਘਰਸ਼ ਕੀਤਾ ਹੈ ਅਤੇ ਹੁਣ ਲੜਾਈ ਹਾਰਦਾ ਦਿੱਸਦਾ ਹੈ। ਪੱਤਰਕਾਰੀ ਦੇ ਕਾਰੋਬਾਰ ਵਿੱਚ ਇਹ ਇੱਕ ਹਾਰ ਜਿਹਾ ਜਾਪਦਾ ਹੈ।”

ਸਮਾਂ ਦੱਸੇਗਾ ਕਿ ਸੰਪਾਦਕੀ ਸਮੱਗਰੀ ਅਤੇ ਨੈਟਵਰਕ ਦਾ ਰੂਪ ਨਵੀਂ ਮਾਲਕੀ ਹੇਠ ਕਿਵੇਂ ਬਦਲਦਾ ਹੈ।

ਟੀਵੀ ਨਿਊਜ਼ ਦੇ ਧਰੁਵੀਕਰਨ ਵਾਲੇ ਜ਼ਮਾਨੇ ਵਿੱਚ, ਐੱਨਡੀਟੀਵੀ ਨੇ ਸੱਤਾ ਦੀ ਅਲੋਚਨਾ ਵਾਲੀਆਂ ਕਾਫ਼ੀ ਖ਼ਬਰਾਂ ਦਿਖਾਈਆਂ ਜੋ ਹੋਰ ਚੈਨਲ ਨਹੀਂ ਦਿਖਾ ਰਹੇ ਸਨ।

ਮੀਡੀਆ ਸਲਾਹਕਾਰ ਕੰਪਨੀ ‘ਔਰਮੈਕਸ’ ਤੋਂ ਸ਼ੈਲੇਸ਼ ਕਪੂਰ ਨੇ ਕਿਹਾ, “ਕੀ ਹੁਣ ਉਹ ਕੁਝ ਨਰਮ ਹੋਣਗੇ ਅਤੇ ਸੰਪਾਦਕੀ ਪਾਬੰਦੀਆਂ ਕਾਰਨ ਨਿਰਪੱਖ ਰੁਖ ਅਪਨਾਉਣਗੇ?”

ਗੌਤਮ ਅਡਾਨੀ ਮੰਨਦੇ ਹਨ ਕਿ ਡਰਨ ਵਾਲੀ ਕੋਈ ਗੱਲ ਨਹੀਂ।

ਉਨ੍ਹਾਂ ਨੇ ਫਾਈਨੈਂਸ਼ੀਅਲ ਟਾਈਮਜ਼ ਨੂੰ ਕਿਹਾ, “ਸੁਤੰਤਰਤਾ ਦਾ ਮਤਲਬ ਹੈ ਕਿ ਜੇ ਸਰਕਾਰ ਨੇ ਕੁਝ ਗਲਤ ਕੀਤਾ ਹੈ ਤਾਂ ਤੁਸੀਂ ਉਸ ਨੂੰ ਗਲਤ ਕਹਿੰਦੇ ਹੋ। ਪਰ ਜਦੋਂ ਸਰਕਾਰ ਨੇ ਕੁਝ ਸਹੀ ਕੀਤਾ ਹੋਵੇ ਤਾਂ ਤੁਹਾਡੇ ਵਿੱਚ ਉਸ ਨੂੰ ਸਹੀ ਕਹਿਣ ਦੀ ਵੀ ਹਿੰਮਤ ਹੋਵੇ। ਤੁਹਾਨੂੰ ਉਹ ਵੀ ਕਹਿਣਾ ਚਾਹੀਦਾ ਹੈ।”

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)