ਫੀਫਾ ਵਿਸ਼ਵ ਕੱਪ: ਸ਼ੇਖ ਦੇ ਫਾਰਮ ਹਾਊਸ ’ਤੇ ਕਿਵੇਂ ਵੇਖੀ ਜਾ ਰਹੀ ਹੈ ਫੁੱਟਬਾਲ, ਬੀਬੀਸੀ ਪੱਤਰਕਾਰ ਦਾ ਅੱਖੀਂ ਡਿੱਠਾ ਹਾਲ

11/30/2022 1:12:11 PM

BBC
ਬੀਬੀਸੀ ਪੱਤਰਕਾਰ ਨੂੰ ਕਤਰ ਵਿੱਚ ਇੱਕ ਸ਼ੇਖ ਦੇ ਫਾਰਮ ਹਾਊਸ ''''ਤੇ ਫੁੱਟਬਾਲ ਮੈਚ ਦਾ ਆਨੰਦ ਲੈਣ ਦਾ ਮੌਕਾ ਮਿਲਿਆ

‘‘ਇਹ ਫੁੱਟਬਾਲ, ਦੋਸਤਾਂ ਅਤੇ ਚੰਗੇ ਖਾਣੇ ਦੀ ਰਾਤ ਹੈ। ਅਸੀਂ ਰਾਜਨੀਤੀ ਨੂੰ ਇਸ ਤੋਂ ਅਲੱਗ ਰੱਖਾਂਗੇ।’’

ਕਤਰ ਦੀ ਰਾਜਧਾਨੀ ਦੋਹਾ ਤੋਂ ਕਰੀਬ 15 ਕਿਲੋਮੀਟਰ ਦੂਰ ਉਮਸ ਸਲਾਲ ਵਿੱਚ ਜਦੋਂ ਆਪਣੇ ਪਰਿਵਾਰ ਦੇ ਫਾਰਮ ਗਾਰਡਨ ’ਤੇ ਬੋ ਸਲੇਮ (ਜਿਸ ਦਾ ਮਤਲਬ ਹੈ ਸਲੇਮ ਦਾ ਬੇਟਾ) ਨੇ ਮੇਰਾ ਸਵਾਗਤ ਕੀਤਾ ਤਾਂ ਸਭ ਤੋਂ ਪਹਿਲਾਂ ਇਹੀ ਘੋਸ਼ਣਾ ਕੀਤੀ।

ਇੱਕ ਕਰੀਬੀ ਦੋਸਤ ਜ਼ਰੀਏ ਮੇਰੀ ਉਨ੍ਹਾਂ ਨਾਲ ਜਾਣ ਪਛਾਣ ਹੋਈ ਸੀ ਅਤੇ ਮੈਨੂੰ ਇੱਥੇ ਆ ਕੇ ਪੁਰਤਗਾਲ ਬਨਾਮ ਘਾਨਾ ਅਤੇ ਸਰਬੀਆ ਬਨਾਮ ਬ੍ਰਾਜ਼ੀਲ ਦੇ ਮੈਚਾਂ ਨੂੰ ਦੇਖਣ ਦਾ ਸੱਦਾ ਮਿਲਿਆ।

ਇੱਥੇ ਸਥਾਨਕ ਕਤਰ ਦੇ ਨਾਗਰਿਕਾਂ ਦੇ ਇਲਾਵਾ ਪੱਛਮ ਏਸ਼ੀਆ ਦੇ ਕਈ ਦੇਸ਼ਾਂ ਦੇ ਲੋਕ ਵੀ ਸਨ।

ਇਹ ਵੀਰਵਾਰ ਦਾ ਦਿਨ ਸੀ। ਮੁਸਲਮਾਨ ਮੁਲਕਾਂਂ ਵਿੱਚ ਸ਼ੁੱਕਰਵਾਰ ਦੀ ਛੁੱਟੀ ਹੁੰਦੀ ਹੈ ਅਤੇ ਆਮ ਤੌਰ ’ਤੇ ਲੋਕ ਵੀਰਵਾਰ ਦੀ ਰਾਤ ਆਰਾਮ ਕਰਦੇ ਹਨ।

ਲੋਕ ਸ਼ਾਮ ਵਿੱਚ ਮੈਚ ਦੇਖਣ ਲਈ ਵੀ ਇਕੱਠੇ ਹੁੰਦੇ ਹਨ। ਦੋ ਲਗਾਤਾਰ ਹਾਰਾਂ ਦੇ ਬਾਵਜੂਦ ਫੁੱਟਬਾਲ ਵਰਲਡ ਕੱਪ ਵਿੱਚ ਅਜੇ ਵੀ ਕਤਰ ਦੀਆਂ ਉਮੀਦਾਂ ਬਾਕੀ ਹਨ।

BBC
ਉੱਥੇ ਮੈਚ ਦੇ ਨਾਲ-ਨਾਲ ਖਾਣ-ਪੀਣ ਅਤੇ ਆਰਾਮ ਕਰਨ ਦਾ ਵੀ ਪੂਰਾ ਪ੍ਰਬੰਧ ਸੀ

ਰਾਜਧਾਨੀ ਦੋਹਾ ਵਿੱਚ ਗਗਨਚੁੰਬੀ ਇਮਾਰਤਾਂ ਹਨ, ਫੁੱਟਬਾਲ ਵਰਲਡ ਕੱਪ ਨਾਲ ਜੁਡ਼ੇ ਵੱਡੇ ਵੱਡੇ ਸੈੱਟ ਹਨ ਅਤੇ ਭਵਿੱਖ ਨਾਲ ਅੱਖਾਂ ਮਿਲਾਉਂਦਾ ਇਨਫਰਾਸਟਰੱਕਚਰ ਹੈ।

ਉੱਥੋਂ ਕੁਝ ਦੂਰ ਇਹ ਮੇਰੇ ਲਈ ਸਥਾਨਕ ਲੋਕਾਂ ਅਤੇ ਸੰਸਕ੍ਰਿਤੀ ਨੂੰ ਸਮਝਣ ਦਾ ਬਿਹਤਰ ਮੌਕਾ ਸੀ।

ਕਤਰ ਵਿੱਚ ਵਰਲਡ ਕੱਪ ਕਵਰ ਕਰਦੇ ਹੋਏ ਇੱਥੋਂ ਦੇ ਸਥਾਨਕ ਲੋਕਾਂ ਨਾਲ ਗੱਲ ਕਰ ਸਕਣਾ ਆਸਾਨ ਨਹੀਂ ਹੈ।

ਇਹ ਇੱਕ ਵਿਵਾਦਤ ਵਰਲਡ ਕੱਪ ਹੈ ਅਤੇ ਬਹੁਤ ਸਾਰੇ ਲੋਕ ਪ੍ਰੈੱਸ ਨਾਲ ਗੱਲ ਕਰਨ ਤੋਂ ਬਚਦੇ ਹਨ। 

ਮੈਂ ਇੱਕ ਅਜਿਹੇ ਦੇਸ਼ ਬਾਰੇ ਹੋਰ ਜ਼ਿਆਦਾ ਜਾਣਨ ਲਈ ਉਤਸੁਕ ਸੀ ਜੋ ਪਿਛਲੇ ਇੱਕ ਦਹਾਕੇ ਤੋਂ ਵਰਲਡ ਕੱਪ ਨੂੰ ਲੈ ਕੇ ਵਿਵਾਦਾਂ ਵਿੱਚ ਹੈ।

BBC
ਇਸ ਦੌਰਾਨ ਸਥਾਨਕ ਅਤੇ ਹੋਰ ਦੇਸ਼ਾਂ ਤੋਂ ਆਏ ਲੋਕ ਵੀ ਮੌਜੂਦ ਸਨ

‘‘ਕੀ ਤੁਸੀਂ ਕਿਉਬਾ ਤੋਂ ਹੋ, ਸਿਗਾਰ ਲਿਆਏ ਹੋ’’

ਬੇਡੂਇਨ ਟੈਂਟ (ਅਰਬੀ ਤੰਬੂ) ਵਿੱਚ ਤੀਹ ਤੋਂ ਜ਼ਿਆਦਾ ਲੋਕਾਂ ਦੇ ਬੈਠਣ ਦੀ ਵਿਵਸਥਾ ਹੈ, ਵੱਡੇ ਟੀਵੀ ਸੈੱਟ ਲੱਗੇ ਹਨ ਅਤੇ ਦਰਜਨਾਂ ਲੋਕ ਅੱਗ ਦੇ ਆਲੇ ਦੁਆਲੇ ਬੈਠੇ ਹਨ।

ਕਈ ਤਰ੍ਹਾਂ ਦੇ ਫਲੇਵਰ ਦੇ ਸ਼ੀਸ਼ਿਆਂ ਤੋਂ ਧੂੰਆਂ ਉੱਡ ਰਿਹਾ ਹੈ।

ਜਦੋਂ ਲੋਕ ਮੈਨੂੰ ਦੇਖਦੇ ਹਨ ਤਾਂ ਅਰਬੀ ਅਤੇ ਅੰਗਰੇਜ਼ੀ ਵਿੱਚ ਸਵਾਗਤ ਕਰਦੇ ਹਨ ਅਤੇ ਸਲਾਮ ਕਹਿੰਦੇ ਹਨ।

ਜਿਵੇਂ ਹੀ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਮੈਂ ਕਿਊਬਾ ਤੋਂ ਹਾਂ ਅਤੇ ਸਿਗਾਰ ਨਹੀਂ ਲਿਆਇਆ, ਤਾਂ ਚੁਟਕਲੇ ਬਣਨ ਲੱਗਦੇ ਹਨ।

ਕਤਰ ਵਿੱਚ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਬਿਤਾਉਣ ਦੇ ਬਾਅਦ ਮੈਨੂੰ ਇਹ ਤਾਂ ਪਤਾ ਲੱਗ ਹੀ ਗਿਆ ਹੈ ਕਿ ਉੱਥੇ ਦੋਸਤੀ ਕਰਨ ਦਾ ਇੱਕ ਆਸਾਨ ਤਰੀਕਾ ਸਿਗਾਰ ਹੈ। ਫਿਦੇਲ ਕਾਸਤਰੋ ਨੂੰ ਵੀ ਲੋਕ ਪਛਾਣਦੇ ਹਨ।

ਕਤਰ ਵਿੱਚ ਸ਼ਰਾਬ ’ਤੇ ਰੋਕ ਹੈ ਅਤੇ ਦੁਨੀਆ ਭਰ ਵਿੱਚ ਲੋਕਾਂ ਨੂੰ ਆਕਰਸ਼ਿਤ ਕਰਨ ਵਾਲੀ ਰਮ ਦੇ ਕੋਲ ਇੱਥੇ ਕੋਈ ਮੌਕਾ ਨਹੀਂ ਹੈ।

ਇਸ ਫਾਰਮ ਵਿੱਚ ਇੱਕ ਬਗੀਚਾ ਵੀ ਹੈ ਜਿਸ ਦੇ ਆਖਰੀ ਕਿਨਾਰੇ ਵਿੱਚ ਬੱਕਰੀਆਂ ਅਤੇ ਜਾਨਵਰ ਪਾਲੇ ਜਾਂਦੇ ਹਨ। ਉਨ੍ਹਾਂ ਲਈ ਕੱਟੀ ਹੋਏ ਤਾਜੇ ਘਾਹ ਦੀ ਖੁਸ਼ਬੂ ਆ ਰਹੀ ਹੈ।

ਕਈ ਗੋਲ ਚੱਕਰਾਂ ਅਤੇ ਇੱਕ ਵੱਡੇ ਹਾਈਵੇ ਅਤੇ ਖਾਲੀ ਕਿਨਾਰਿਆਂ ਨੂੰ ਪਾਰ ਕਰਕੇ ਅਸੀਂ ਇੱਥੇ ਪਹੁੰਚੇ ਹਾਂ।

ਇੱਥੇ ਬਣੀਆਂ ਸੰਪਤੀਆਂ ਉੱਚੀਆਂ ਦੀਵਾਰਾਂ ਨਾਲ ਢਕੀਆਂ ਹੋਈਆਂ ਹਨ ਅਤੇ ਇਨ੍ਹਾਂ ਵਿੱਚ ਝਾਕਣਾ ਸੌਖਾ ਨਹੀਂ ਹੈ, ਪਰ ਇਨ੍ਹਾਂ ਵਿੱਚ ਕਈ ਦਰਵਾਜ਼ੇ ਹਨ ਜੋ ਖੁੱਲ੍ਹੇ ਹਨ।

BBC
  • ਫੁੱਟਬਾਲ ਵਿਸ਼ਵ ਕੱਪ 2022 ਕਤਰ ਵਿੱਚ ਹੋ ਰਿਹਾ ਹੈ ਅਤੇ ਇਹ ਦੇਸ਼ ਦੁਨੀਆਂ ਭਰ ਦੀਆਂ ਨਜ਼ਰਾਂ ਵਿੱਚ ਬਣਿਆ ਹੋਇਆ ਹੈ
  • ਇਸ ਦੌਰਾਨ ਬੀਬੀਸੀ ਪੱਤਰਕਾਰ ਨੂੰ ਇੱਕ ਸ਼ੇਖ ਦੇ ਫਾਰਮ ਹਾਊਸ ''''ਤੇ ਜੀਵਨ ਵਿੱਚ ਝਾਤ ਮਾਰਨ ਦਾ ਮੌਕਾ ਮਿਲਿਆ
  • ਸਥਾਨਕ ਤੇ ਵੱਖ-ਵੱਖ ਦੇਸ਼ਾਂ ਤੋਂ ਆਏ ਲੋਕ ਮੈਚ ਦੇ ਨਾਲ ਸਿਗਾਰ, ਹੁੱਕੇ ਤੇ ਅਰਬੀ ਕਾਫ਼ੀ ਦਾ ਸੇਵਨ ਕਰਦੇ ਹਨ
  • ਮਹਿਮਾਨਾਂ ਨੂੰ ਰਿਵਾਇਤੀ ਖਾਣੇ ਪਰੋਸੇ ਜਾਂਦੇ ਹਨ ਅਤੇ ਸਭ ਇਕੱਠਿਆਂ ਜ਼ਮੀਨ ''''ਤੇ ਬੈਠ ਕੇ ਖਾਣਾ ਖਾਂਦੇ ਹਨ
  • ਇੱਥੋਂ ਦਾ ਮਾਹੌਲ ਆਰਾਮਦਾਇਕ ਤੇ ਮਹਿਮਾਨ ਨਵਾਜ਼ੀ ਵਾਲਾ ਹੁੰਦਾ ਹੈ
BBC

ਅਮੀਰ ਪ੍ਰਤੀ ਸਨਮਾਨ ਅਤੇ ਕਤਰ ਦੇ ਲੋਕਾਂ ਦੀ ਜ਼ਿੰਦਗੀ

ਇਹ ਇੱਕ ਵੱਡਾ ਫਾਰਮ ਹਾਊਸ ਹੈ ਅਤੇ ਪੱਥਰਾਂ ਨਾਲ ਬਣਿਆ ਹੈ।

ਬਗੀਚੇ ਦੇ ਕਿਨਾਰੇ ਚਾਹ ਪੀਣ ਲਈ ਇੱਕ ਕਮਰਾ ਹੈ। ਇੱਥੇ ਗੱਲ ਕਰਦੇ ਹੋਏ ਬੋ ਸਲੇਮ ਮੈਨੂੰ ਪੁਰਾਣੇ ਅਤੇ ਨਵੇਂ ਗੈਜੇਟ ਦਿਖਾਉਂਦੇ ਹਨ।

ਇਹ ਏਅਰਕੰਡੀਸ਼ਨ ਵਾਲ ਟਿਕਾਣਾ ਹੈ ਅਤੇ ਕਤਰ ਵਿੱਚ ਗਰਮੀਆਂ ਵਿੱਚ ਜਦੋਂ ਪਾਰਾ 40 ਡਿਗਰੀ ਦੇ ਪਾਰ ਪਹੁੰਚ ਜਾਂਦਾ ਹੈ, ਉਦੋਂ ਇਹ ਲੋਕ ਇੱਥੇ ਬੈਠਕਾਂ ਕਰਦੇ ਹਨ।

ਕਿਸੇ ਬੇਡੂਇਨ ਖੇਮੇ ਵਿੱਚ ਰਾਤ ਵਿੱਚ ਖੁੱਲ੍ਹੇ ਵਿੱਚ ਖਾਣਾ ਇੱਕ ਲਗਜ਼ਰੀ ਹੈ ਜੋ ਸਰਦੀਆਂ ਦੀਆਂ ਰਾਤਾਂ ਵਿੱਚ ਹੀ ਸੰਭਵ ਹੈ, ਜਦੋਂ ਬਾਹਰ ਪਾਰਾ 20 ਡਿਗਰੀ ਹੁੰਦਾ ਹੈ ਅਤੇ ਹਾਲਾਤ ਬਹੁਤ ਸਕੂਨ ਦੇਣ ਵਾਲੇ ਹੁੰਦੇ ਹਨ।

BBC
ਬੋ ਸਲੇਮ ਨੇ ਰਵਾਇਤੀ ਅਰਬੀ ਡਿਸ਼ ਗਲਫ਼ ਕਬਸਾ ਬਣਾਈ

ਜੋ ਚੀਜ਼ਾਂ ਬੋ ਸਲੇਮ ਮੈਨੂੰ ਦਿਖਾ ਰਹੇ ਹਨ, ਉਨ੍ਹਾਂ ਵਿੱਚ ਕਤਰ ਦੇ ਅਮੀਰ ਤਮੀਨ ਬਿਨ ਹਮਾਦ ਅਲ ਥਾਨੀ ਦੀ ਫੋਟੋ ਵੀ ਹੈ।

ਮੈਂ ਪੁੱਛਦਾ ਹਾਂ, ‘‘ਕਿਊਬਾ ਵਿੱਚ ਜਿਵੇਂ ਫਿਦੇਲ ਕਾਸਤਰੋ ਦੀ ਤਸਵੀਰ ਹਰ ਜਗ੍ਹਾ ਹੈ, ਉਸ ਤਰ੍ਹਾਂ ਹੀ ਕਤਰ ਵਿੱਚ ਅਮੀਰ ਦੀ ਤਸਵੀਰ ਹਰ ਜਗ੍ਹਾ ਦਿਖਾਈ ਦਿੰਦੀ ਹੈ, ਇਸ ਦੀ ਕੀ ਵਜ੍ਹਾ ਹੈ?’’

‘‘ਪਿਆਰ, ਅਮੀਰ ਸਾਨੂੰ ਮੁਫ਼ਤ ਸਿੱਖਿਆ ਅਤੇ ਸਿਹਤ ਸੇਵਾਵਾਂ ਦਿੰਦੇ ਹਨ। ਉਹ ਸਾਨੂੰ ਕਤਰ ’ਤੇ ਮਾਣ ਮਹਿਸੂਸ ਕਰਾਉਂਦੇ ਹਨ।’’

ਕਤਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ’ਤੇ ਮਾਣ ਹੈ ਕਿ ਕਿਵੇਂ ਉਨ੍ਹਾਂ ਦੇ ਦੇਸ਼ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਤਰੱਕੀ ਹਾਸਲ ਕੀਤੀ ਹੈ। ਇਸ ਪਿੱਛੇ ਗੈਸ ਅਤੇ ਤੇਲ ਤੋਂ ਆਉਣ ਵਾਲਾ ਪੈਸਾ ਹੈ।

ਬੋ ਸਲੇਮ ਕਹਿੰਦੇ ਹਨ, ‘‘ਜਿਸ ਜਗ੍ਹਾ ਮੇਰਾ ਪਾਲਣ ਪੋਸ਼ਣ ਹੋਇਆ, ਉਹ ਹੁਣ ਪਛਾਣ ਵਿੱਚ ਵੀ ਨਹੀਂ ਆਉਂਦੀ ਹੈ। ਦੋਹਾ ਵਿੱਚ ਵੀ ਅਜਿਹੀਆਂ ਸੜਕਾਂ ਹਨ, ਜਿੱਥੇ ਅਸੀਂ ਕੁਝ ਮਹੀਨੇ ਜਾਂਦੇ ਹਾਂ ਤਾਂ ਸਭ ਕੁਝ ਬਦਲਿਆ ਹੋਇਆ ਨਜ਼ਰ ਆਉਂਦਾ ਹੈ ਕਿਉਂਕਿ ਸਭ ਕੁਝ ਬਦਲ ਗਿਆ ਹੈ।’’

BBC
ਕਸਬਾ ਪਕਵਾਨ

ਬੋ ਸਲੇਮ ਖਾਣਾ ਬਣਾਉਣ ਲਈ ਸਟੋਵ ’ਤੇ ਵੱਡੀ 50 ਲੀਟਰ ਦੀ ਕੜਾਹੀ ਚੜ੍ਹਾਉਂਦੇ ਹਨ। ਉਹ ਰਵਾਇਤੀ ਅਰਬੀ ਡਿਸ਼ ਗਲਫ਼ ਕਬਸਾ (ਮਸਾਲਿਆਂ ਵਿੱਚ ਬਣਿਆ ਮੀਟ) ਬਣਾ ਰਹੇ ਹਨ।

ਉਹ ਕਹਿੰਦੇ ਹਨ, ‘‘ਤੁਸੀਂ ਇਸ ਵਿੱਚ ਚਿਕਨ ਜਾਂ ਕੋਈ ਹੋਰ ਮਾਸ ਵੀ ਪਾ ਸਕਦੇ ਹੋ, ਪਰ ਅੱਜ ਇਹ ਮਹਿਮਾਨ ਵਿਸ਼ੇਸ਼ ਹਨ ਅਤੇ ਅਸੀਂ ਬੱਕਰੇ ਦਾ ਮਾਸ ਵਰਤ ਰਹੇ ਹਾਂ।’’

ਫਿਰ ਮਹਿਮਾਨ ਪਹੁੰਚਦੇ ਹਨ। ਪਹਿਲਾਂ ਤੋਂ ਹੀ 25 ਲੋਕ ਮੌਜੂਦ ਸਨ। ਪਰ ਬੋ ਬਲੇਮ ਖੁਸ਼ ਹਨ।

BBC
ਬਾਅਦ ਵਿੱਚ ਮਾਸ ''''ਤੇ ਬਰਬੇਕਿਊ ਸਾਸ ਲਗਾਈ ਜਾਂਦੀ ਹੈ

‘‘ਸਾਨੂੰ ਲੋਕਾਂ ਦਾ ਸਵਾਗਤ ਕਰਨਾ ਪਸੰਦ ਹੈ’’

ਇਹ ਸਭ ਮਰਦ ਹਨ।

‘‘ਔਰਤਾਂ ਵੀ ਆਉਣਗੀਆਂ’’, ਮੈਂ ਪੁੱਛਦਾ ਹਾਂ।

ਫੇਸਬੁੱਕ ’ਤੇ ਫੋਟੋ ਦਿਖਾਉਂਦੇ ਹੋਏ ਬੋ ਸਲੇਮ ਕਹਿੰਦੇ ਹਨ, ‘‘ਹਾਂ, ਕੱਲ੍ਹ ਇੱਕ ਵਿਦੇਸ਼ੀ ਮਹਿਲਾ ਆਈ ਸੀ, ਉਨ੍ਹਾਂ ਦਾ ਜਨਮ ਦਿਨ ਸੀ ਅਤੇ ਅਸੀਂ ਉਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਗੀਤ ਵੀ ਗਾਇਆ। ਉਹ ਬਹੁਤ ਖੁਸ਼ ਹੋਈ।’’

‘‘ਕਤਰ ਵਿਸ਼ਾਲ ਬਣ ਰਿਹਾ ਹੈ।’’

ਪੁਰਤਗਾਲ ਅਤੇ ਘਾਨਾ ਮੈਚ ਦੇ ਪਹਿਲੇ ਹਾਫ਼ ਵਿੱਚ ਕੋਈ ਗੋਲ ਨਹੀਂ ਹੋਇਆ, ਪਰ ਦੂਜੇ ਹਾਫ਼ ਵਿੱਚ ਜਲਦੀ ਹੀ ਕ੍ਰਿਸਿਟਯਾਨੋ ਰੋਨਾਲਡੋ ਨੇ ਪੈਨਲਟੀ ’ਤੇ ਪੁਰਤਗਾਲ ਲਈ ਗੋਲ ਕਰ ਦਿੱਤਾ ਅਤੇ ਮੈਚ ਵਿੱਚ ਰੁਮਾਂਚ ਵਧ ਗਿਆ।  

ਰੋਨਾਲਡੋ ਨੇ ਜਦੋਂ ਆਪਣੀ ਜਾਣੀ ਪਛਾਣੀ ਮੁਦਰਾ ਵਿੱਚ ‘ਸਿਯੂ’ ਕਹਿ ਕੇ ਜਸ਼ਨ ਮਨਾਇਆ ਤਾਂ ਇੱਥੇ ਵੀ ਕਈ ਲੋਕ ਉਛਲ ਪਏ, ਇਨ੍ਹਾਂ ਵਿੱਚ ਇੱਕ ਪੁਰਤਗਾਲੀ ਮਹਿਮਾਨ ਵੀ ਸ਼ਾਮਲ ਸੀ।

ਇਹ ਵਰਡਲ ਕੱਪ ਕਤਰ ਦੇ ਲੋਕਾਂ ਲਈ ਬਹੁਤ ਮਾਅਨੇ ਰੱਖਦਾ ਹੈ।

ਇੱਥੇ ਮੌਜੂਦ ਇੱਕ ਵਿਅਕਤੀ ਕਹਿੰਦਾ ਹੈ, ‘‘ਕਈ ਲੋਕ ਚਾਹੁੰਦੇ ਹਨ ਕਿ ਕਤਰ ਨਾਕਾਮ ਹੋ ਜਾਵੇ, ਇਸ ’ਤੇ ਮੈਨੂੰ ਗੁੱਸਾ ਆਉਂਦਾ ਹੈ। 

ਉਹ ਇਨਫਰਾਸਟਰੱਕਚਰ ਅਤੇ ਸਟੇਡੀਅਮਾਂ ਵਿੱਚ ਕੀਤੇ ਗਏ ਨਿਵੇਸ਼ ਦੀ ਆਲੋਚਨਾ ਕਰਦੇ ਹਨ, ਪਰ ਇਹ ਇੱਕ ਵਿਰਾਸਤ ਹੈ, ਜਿਵੇਂ ਕਿ ਪ੍ਰੀਮੀਅਰ ਲੀਗ ਦੇ ਇੰਗਲਿਸ਼ ਸਟੇਡੀਅਮ।’’

BBC

BBC

ਉਹ ਮੇਰਾ ਨਾਂ ਲੈ ਕੇ ਮੈਨੂੰ ਉਸ ਕੜਾਹੀ ਵੱਲ ਬੁਲਾਉਂਦੇ ਹਨ ਜਿੱਥੇ ਖਾਣਾ ਬਣ ਰਿਹਾ ਹੈ। ਉਹ ਜਾਣਦੇ ਹਨ ਕਿ ਮੈਂ ਇੱਥੇ ਵੀਡਿਓ ਬਣਾਉਣ ਵੀ ਆਇਆ ਹਾਂ ਅਤੇ ਉਹ ਨਹੀਂ ਚਾਹੁੰਦੇ ਕਿ ਇਸ ਪ੍ਰਕਿਰਿਆ ਦਾ ਕੋਈ ਅਹਿਮ ਹਿੱਸਾ ਰਹਿ ਜਾਵੇ।

ਮੈਨੂੰ ਸਮਝਾਉਂਦੇ ਹੋਏ ਇੱਕ ਵਿਅਕਤੀ ਦੱਸਦਾ ਹੈ, ‘‘ਅਸੀਂ ਮਾਸ ਨੂੰ ਉਦੋਂ ਤੱਕ ਪਕਾਉਂਦੇ ਹਾਂ ਜਦੋਂ ਤੱਕ ਇਹ ਮੁਲਾਇਮ ਨਹੀਂ ਹੋ ਜਾਂਦਾ। ਇਸ ਦਾ ਰਾਜ਼ ਹੈ ਕੜੀ ਪੱਤਾ ਅਤੇ ਜਲਿਆ ਹੋਇਆ ਨਿੰਬੂ ਪਾਉਣਾ।’’

ਮੈਂ ਵੀ ਧਿਆਨ ਨਾਲ ਸੁਣ ਰਿਹਾ ਹਾਂ ਕਿਉਂਕਿ ਲੰਡਨ ਪਰਤ ਕੇ ਮੈਂ ਇਸ ਰੈਸਿਪੀ ਨੂੰ ਜ਼ਰੂਰ ਅਜ਼ਮਾਉਣਾ ਚਾਹਾਂਗਾ।

ਕੁਝ ਹੀ ਦੇਰ ਵਿੱਚ ਇੱਕ ਨੌਜਵਾਨ ਬ੍ਰਾਜ਼ੀਲ ਦੀ ਜਰਸੀ ਪਹਿਨ ਕੇ ਪਹੁੰਚਦਾ ਹੈ। ਉਹ ਦੱਸਦਾ ਹੈ ਕਿ ਇਸ ਮੌਕੇ ਦਾ ਜਸ਼ਨ ਮਨਾਉਣ ਦਾ ਉਸ ਨੇ ਕਿੰਨਾ ਇੰਤਜ਼ਾਰ ਕੀਤਾ ਹੈ।

‘‘12 ਸਾਲਾਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ। ਇਸ ਨੂੰ ਲੈ ਕੇ ਮੇਰੀਆਂ ਭਾਵਨਾਵਾਂ ਮਿਸ਼ਰਤ ਸਨ। ਮੈਂ ਖੁਸ਼ ਸੀ, ਪਰ ਇੱਕ ਗੱਲ ਇਹ ਵੀ ਕਿ ਕਤਰ ਨੇ ਕਦੇ ਇੰਨੇ ਵੱਡੇ ਪੱਧਰ ’ਤੇ ਕਿਸੇ ਆਯੋਜਨ ਦੀ ਮੇਜ਼ਬਾਨੀ ਨਹੀਂ ਕੀਤੀ ਸੀ।’’

‘‘ਇਸ ਲਈ ਇਹ ਵਿਚਾਰ ਵੀ ਸੀ ਕਿ ਇਸ ਨੂੰ ਲੈ ਕੇ ਕਿੰਨਾ ਦਬਾਅ ਹੋ ਸਕਦਾ ਹੈ।’’

ਉਹ ‘‘ਅੰਤਰਰਾਸ਼ਟਰੀ ਮੀਡੀਆ ਵੱਲੋਂ ਮਨੁੱਖੀ ਅਧਿਕਾਰਾਂ ਦੇ ਮੁੱਦੇ ’ਤੇ ਬਣਾਏ ਗਏ ਕਤਰ ਦੇ ਅਕਸ’’ ਬਾਰੇ ਵੀ ਸੋਚਦੇ ਹਨ।

‘‘ਅਰਬੀ ਵਿੱਚ ਸਾਡਾ ਇੱਕ ਮੁਹਾਵਰਾ ਹੈ ਜਿਸ ਦਾ ਅਨੁਵਾਦ ਇਹ ਹੋ ਸਕਦਾ ਹੈ ਕਿ ਹਰ ਦੇਸ਼ ਦਾ ਆਪਣਾ ਇੱਕ ਕਬਰਸਤਾਨ ਹੁੰਦਾ ਹੈ।’’

‘‘ਅਸੀਂ ਚਾਹੁੰਦੇ ਹਾਂ ਕਿ ਹਾਲ ਹੀ ਦੇ ਸਾਲਾਂ ਵਿੱਚ ਅਸੀਂ ਜੋ ਕੁਝ ਵੀ ਹਾਸਲ ਕੀਤਾ ਹੈ, ਉਸ ਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ।’’

BBC
ਮੈਚ ਦੇ ਦੌਰਾਨ ਅਰਬੀ ਕਾਫ਼ੀ ਦੇ ਨਾਲ ਹੁੱਕੇ ਜਾਂ ਸ਼ੀਸ਼ੇ ਦਾ ਵੀ ਆਨੰਦ ਲਿਆ ਗਿਆ

ਅਰਬੀ ਕੌਫ਼ੀ ਨਾਲ ਧਰਮ

3-2 ਦੇ ਰੁਮਾਂਚਕ ਮੁਕਾਬਲੇ ਵਿੱਚ ਪੁਰਤਗਾਲ ਨੇ ਘਾਨਾ ਨੂੰ ਹਰਾ ਦਿੱਤਾ ਹੈ।

ਬ੍ਰਾਜ਼ੀਲ ਦਾ ਮੈਚ ਸ਼ੁਰੂ ਹੁੰਦਾ ਹੈ ਤਾਂ ਅਸੀਂ ਅਰਬੀ ਕੌਫ਼ੀ ਅਤੇ ਸ਼ੀਸ਼ਾ ਪੀਣਾ ਸ਼ੁਰੂ ਕਰਦੇ ਹਾਂ।

ਫਲਸਤੀਨੀ ਮੂਲ ਦੇ ਕਤਰੀ ਨਾਗਰਿਕ ਨਬੀਲ ਕਹਿੰਦੇ ਹਨ, ‘‘ਹੌਲੀ-ਹੌਲੀ ਪੀਓ, ਜੇਕਰ ਤੁਹਾਨੂੰ ਇਸ ਦੀ ਆਦਤ ਨਹੀਂ ਹੈ ਤਾਂ ਤੁਸੀਂ ਡਿੱਗ ਸਕਦੇ ਹੋ।’’

ਕੌਫ਼ੀ ਵਿੱਚ ਪੀਲਾਪਣ ਹੈ ਅਤੇ ਇਹ ਮਸਾਲੇਦਾਰ ਹੈ। ਇਹ ਪੱਛਮ ਦੀ ਗਹਿਰੇ ਰੰਗ ਦੀ ਰੋਸਟਿਡ ਕੌਫ਼ੀ ਦੀ ਤਰ੍ਹਾਂ ਨਹੀਂ ਹੈ।

ਨਬੀਲ ਦੱਸਦੇ ਹਨ, ‘‘ਕੌਫ਼ੀ ਬੀਜ ਨੂੰ ਜ਼ਿਆਦਾ ਰੋਸਟ ਨਹੀਂ ਕੀਤਾ ਗਿਆ, ਇਸ ਲਈ ਇਹ ਰੰਗ ਅਜਿਹਾ ਹੈ। ਹੋ ਸਕੇ ਤਾਂ ਇਸ ਨੂੰ ਕਿਸੇ ਮਿੱਠੀ ਚੀਜ਼ ਨਾਲ ਪੀਓ ਕਿਉਂਕਿ ਇਹ ਬਹੁਤ ਕੌੜੀ ਹੈ।’’

ਇਸ ਕੌਫ਼ੀ ਗੱਪਸ਼ੱਪ ਦਾ ਫਾਇਦਾ ਮੈਂ ਇਹ ਸਮਝਣ ਲਈ ਉਠਾਉਂਦਾ ਹਾਂ ਕਿ ਅਰਬੀ ਸੰਸਕ੍ਰਿਤੀ ਵਿੱਚ ਡਿਨਰ ਕਿਵੇਂ ਕੀਤਾ ਜਾਂਦਾ ਹੈ ਅਤੇ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ।

ਨਬੀਲ ਦੱਸਦੇ ਹਨ, ‘‘ਆਪਣੇ ਸਿੱਧੇ ਹੱਥ ਨਾਲ ਖਾਓ ਜੋ ਸਾਹਮਣੇ ਹੋਵੇ, ਉਸ ਨੂੰ ਚੁੱਕ ਲਓ ਅਤੇ ਹੱਥ ਨੂੰ ਜ਼ਮੀਨ ’ਤੇ ਹੇਠ ਕਰਦੇ ਹੋਏ ਪਿੱਛੇ ਖਿੱਚੋ, ਜਿਵੇਂ ਕਿ ਤੁਸੀਂ ਆਪਣੀਆਂ ਉਂਗਲੀਆਂ ’ਤੇ ਚੱਲ ਰਹੇ ਹੋ।’’

ਹਾਲਾਂਕਿ ਉਹ ਮੈਨੂੰ ਇਹ ਵਿਸ਼ਵਾਸ ਵੀ ਦਿਵਾਉਂਦੇ ਹਨ ਕਿ ਮੈਂ ਜਿਵੇਂ ਵੀ ਖਾਵਾਂ, ਕੋਈ ਮੇਰੇ ਬਾਰੇ ਕੁਝ ਨਹੀਂ ਸੋਚੇਗਾ। ਇੱਕ ਕਤਰੀ ਨਾਗਰਿਕ ਮੇਰੇ ਖੱਬੇ ਪਾਸੇ ਰੱਖੀ ਇੱਕ ਚੀਜ਼ ਉਠਾਉਂਦੇ ਹਨ ਤਾਂ ਇਹ ਤਸਬੀ ਹੈ।

ਉਹ ਸਮਝਾਉਂਦੇ ਹਨ, ‘‘ਇਸ ਨੂੰ ਇੱਥੇ ਮਿਸਬਾਹ ਕਹਿੰਦੇ ਹਨ, ਜਿਵੇਂ ਈਸਾਈ ਰੋਜ਼ਰੀ ’ਤੇ ਈਸ਼ਵਰ ਨੂੰ ਯਾਦ ਕਰਦੇ ਹਨ, ਉਵੇਂ ਹੀ ਅਸੀਂ ਇਸ ’ਤੇ ਗਿਣਦੇ ਹੋਏ ਈਸ਼ਵਰ ਨੂੰ ਯਾਦ ਕਰਦੇ ਹਾਂ।’’

ਉਨ੍ਹਾਂ ਨੇ ਕਤਰ ਦੀ ਰਵਾਇਤੀ ਪੁਸ਼ਕਾ ਥੋਬ (ਗੋਡਿਆਂ ਤੱਕ ਆਉਣ ਵਾਲੀ ਸਫੈਦ ਪੁਸ਼ਾਕ) ਪਹਿਨੀ ਹੈ ਅਤੇ ਉਸ ’ਤੇ ਸਫ਼ੈਦ ਰੰਗ ਦਾ ਸਾਫ਼ਾ ਲਿਆ ਹੋਇਆ ਹੈ।

BBC
ਅਬਦੁੱਲਾ ਅਤੇ ਹੁਸੈਨ ਨੇ ਇਹ ਯਕੀਨ ਬਣਾਇਆ ਕਿ ਮੈਨੂੰ ਕਤਰ ਦੀ ਮਹਿਮਾਨਨਵਾਜ਼ੀ ਦਾ ਅਹਿਸਾਸ ਹੋਵੇ

ਹੋਰ ਲੋਕ ਟੀ-ਸ਼ਰਟ ਅਤੇ ਟ੍ਰਾਊਜ਼ਰ ਵਿੱਚ ਹਨ। ਕੁਝ ਥੋਬ ਵਿੱਚ ਹੀ ਹਨ, ਪਰ ਸਿਰ ਢਕਿਆ ਹੋਇਆ ਨਹੀਂ ਹੈ। ਕਈ ਨੇ ਟੋਪੀਆਂ ਪਹਿਨੀਆਂ ਹੋਈਆਂ ਹਨ।

ਹੱਥ ਵਿੱਚ ਤਸਬੀ ਲਈ ਕਤਰੀ ਵਿਅਕਤੀ ਕਹਿੰਦਾ ਹੈ, ‘‘ਅੱਜ ਮੈਂ ਸਿਰ ’ਤੇ ਗੁਤਰਾ (ਸਾਫ਼ਾ) ਬੰਨ੍ਹਿਆ ਹੈ ਕਿਉਂਕਿ ਮੈਂ ਇੱਕ ਰਸਮੀ ਮੀਟਿੰਗ ਤੋਂ ਆ ਰਿਹਾ ਹਾਂ।’’

ਗੱਲਬਾਤ ਕਈ ਬਾਰ ਧਰਮ ’ਤੇ ਪਹੁੰਚ ਜਾਂਦੀ ਹੈ ਅਤੇ ਫਿਰ ਪੂਰਬ ਅਤੇ ਪੱਛਮ ਦੀਆਂ ਸੰਸਕ੍ਰਿਤੀਆਂ ਵਿੱਚ ਟਕਰਾਅ ’ਤੇ ਗੱਲ ਹੋਣ ਲੱਗਦੀ ਹੈ।

‘‘ਪੱਛਮ ਦੇ ਲੋਕ ਕਈ ਬਾਰ ਇਸਲਾਮ ਨੂੰ ਨਹੀਂ ਸਮਝ ਪਾਉਂਦੇ। ਸਾਡੇ ਲਈ ਇਹ ਜੀਵਨ ਜਿਉਣ ਦਾ ਮਾਰਗ ਹੈ, ਕਿਵੇਂ ਵਿਵਹਾਰ ਕਰੀਏ, ਦੂਜਿਆਂ ਨਾਲ ਕਿਵੇਂ ਪੇਸ਼ ਆਈਏ, ਇੱਥੋਂ ਤੱਕ ਕਿ ਸੜਕ ’ਤੇ ਕਿਸ ਤਰ੍ਹਾਂ ਚੱਲੀਏ। ਇਸਲਾਮ ਸ਼ਾਂਤੀ ਹੈ।’’

ਨਬੀਲ ਗੱਲਬਾਤ ਵਿੱਚ ਸ਼ਾਮਲ ਹੁੰਦੇ ਹਨ ਅਤੇ ਉਨ੍ਹਾਂ ਪਰੰਪਰਾਵਾਂ ਅਤੇ ਨਿਯਮਾਂ ਦਾ ਬਚਾਅ ਕਰਦੇ ਹਨ ਜੋ ਪੱਛਮੀ ਨਜ਼ਰੀਏ ਨਾਲ ਦੇਖਣ ’ਤੇ ਮਨੁੱਖੀ ਅਧਿਕਾਰਾਂ ਲਈ ਸਖ਼ਤ ਨਜ਼ਰ ਆਉਂਦੇ ਹਨ।

ਉਹ ਸਹਿਣਸ਼ੀਲਤਾ ਨਾਲ ਭਰੀ ਆਵਾਜ਼ ਵਿੱਚ ਕਹਿੰਦੇ ਹਨ, ‘‘ਮੈਂ ਦੂਜਿਆਂ ਦੀਆਂ ਪਰੰਪਰਾਵਾਂ ਦਾ ਸਨਮਾਨ ਕਰਦਾ ਹਾਂ ਅਤੇ ਦੂਜਿਆਂ ਨੂੰ ਵੀ ਸਾਡੀ ਪਰੰਪਰਾ ਦਾ ਸਨਮਾਨ ਕਰਨਾ ਚਾਹੀਦਾ ਹੈ। ਮੀਡੀਆ ਕਤਰ ਦੇ ਬਾਰੇ ਪੂਰਾ ਸੱਚ ਨਹੀਂ ਦਿਖਾ ਰਿਹਾ। ਇਸ ਮਹੀਨੇ ਵਿੱਚ ਕਤਰ ਵਿੱਚ ਅਜਿਹੀਆਂ ਚੀਜ਼ਾਂ ਵੀ ਕਰਨ ਦਿੱਤੀਆਂ ਜਾ ਰਹੀਆਂ ਹੈ ਜੋ ਆਮ ਗੱਲ ਨਹੀਂ ਹੈ।’’

ਉਹ ਮੈਨੂੰ ਪੁੱਛਦੇ ਹਨ ਕਿ ਮੈਨੂੰ ਕਤਰ ਵਿੱਚ ਕੀ ਅਲੱਗ ਲੱਗ ਰਿਹਾ ਹੈ। ਉਨ੍ਹਾਂ ਦਾ ਅਪਮਾਨ ਕੀਤੇ ਬਿਨਾਂ ਮੈਂ ਕਹਿੰਦਾ ਹਾਂ, ਇਸ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਢਕਿਆ ਹੋਇਆ ਦੇਖਣਾ।

ਕਤਰ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਕਹਿੰਦੇ ਹਨ, ‘‘ਸਾਨੂੰ ਇੱਥੇ ਉਹ ਖੁੱਲ੍ਹਾਪਣ ਪਸੰਦ ਨਹੀਂ ਹੈ। ਕਿਸੇ ਹੋਰ ਦੀਆਂ ਅੱਖਾਂ ਕਿਸੇ ਦੂਜੇ ਦੀ ਪਤਨੀ ਨੂੰ ਦੇਖਣ। ਇਹ ਲਾਲਸਾ ਸਾਨੂੰ ਪਸੰਦ ਨਹੀਂ ਹੈ।’’

ਹਾਲਾਂਕਿ ਉਹ ਮੇਰੀ ਗੱਲ ਦਾ ਸਨਮਾਨ ਕਰਦੇ ਹਨ ਅਤੇ ਮੇਰੇ ਇਸ ਵਿਚਾਰ ਪ੍ਰਤੀ ਵੀ ਸਹਿਣਸ਼ੀਲਤਾ ਹੀ ਦਿਖਾਉਂਦੇ ਹਨ।

BBC
ਇੱਥੋਂ ਦੇ ਲੋਕ ਪਹਿਲਾਂ ਰੇਗਿਸਤਾਨ ਵਿੱਚ ਇਸੀ ਤਰ੍ਹਾਂ ਇਕੱਠੇ ਬੈਠ ਕੇ ਖਾਣਾ ਖਾਇਆ ਕਰਦੇ ਸਨ ਅਤੇ ਆਰਾਮ ਕਰਦੇ ਸਨ

ਸਮੂਹਿਕ ਭੋਜਨ

ਸਰਬੀਆ ਅਤੇ ਬ੍ਰਾਜ਼ੀਲ ਦੇ ਮੈਚ ਵਿੱਚ ਬਰੇਕ ਹੋਈ ਤਾਂ ਡਿਨਰ ਲਾ ਦਿੱਤਾ ਗਿਆ।

ਅਸੀਂ ਨੰਗੇ ਪੈਰ ਬੇਡੂਇਨ ਖੇਮੇ ਵਿੱਚ ਬੈਠੇ। ਇਸ ਕਬੀਲੇ ਦੇ ਲੋਕ ਪਹਿਲਾਂ ਰੇਗਿਸਤਾਨਵਿੱਚ ਇਸੀ ਤਰ੍ਹਾਂ ਇਕੱਠੇ ਬੈਠ ਕੇ ਖਾਣਾ ਖਾਇਆ ਕਰਦੇ ਸਨ ਅਤੇ ਆਰਾਮ ਕਰਦੇ ਸਨ।

ਜ਼ਮੀਨ ’ਤੇ ਬੈਠ ਕੇ ਬਹੁਤ ਸਾਰੇ ਲੋਕ ਹੱਥਾਂ ਨਾਲ ਹੀ ਖਾ ਰਹੇ ਹਨ, ਮੇਰੇ ਵਰਗੇ ਲੋਕ ਚਮਚੇ ਦੀ ਵਰਤੋਂ ਕਰ ਰਹੇ ਹਨ। ਪਰ ਜਦੋਂ ਪੂਰਾ ਮਾਸ ਖਾਣ ਦਾ ਨੰਬਰ ਆਉਂਦਾ ਹੈ ਤਾਂ ਮੈਂ ਵੀ ਹੱਡੀ ਚੁੱਕ ਲੈਂਦਾ ਹਾਂ ਅਤੇ ਉਸ ’ਤੇ ਇੱਕ ਰੇਸ਼ਾ ਵੀ ਨਹੀਂ ਛੱਡਦਾ।

ਸਭ ਦੇ ਹਿੱਸੇ ਵਿੱਚ ਬਹੁਤ ਕੁਝ ਆ ਰਿਹਾ ਹੈ, ਮਾਸ ਦੇ ਨਾਲ ਚੌਲ ਪਰੋਸੇ ਜਾ ਰਹੇ ਹਨ ਅਤੇ ਨਾਲ ਪਿਆਜ਼ ਦਾ ਸਲਾਦ ਵੀ ਹੈ।

ਪਾਣੀ ਅਤੇ ਸੋਢਾ ਹੈ, ਪਰ ਸ਼ਰਾਬ ਦੀ ਇੱਕ ਬੂੰਦ ਵੀ ਨਹੀਂ।

ਬੋ ਸਲੇਮ ਨੇ ਜਿਸ ਤਰ੍ਹਾਂ ਨਾਲ ਖਾਣਾ ਪੇਸ਼ ਕੀਤਾ ਹੈ, ਉਹ ਅਲੱਗ ਹੀ ਸੰਤੁਸ਼ਟੀ ਦੇ ਰਿਹਾ ਹੈ।

ਨਾਲ ਹੀ ਖਾ ਰਿਹਾ ਇੱਕ ਮਹਿਮਾਨ ਕਹਿੰਦਾ ਹੈ, ‘‘ਹਰ ਬਾਰ ਜਦੋਂ ਉਹ ਖਾਣਾ ਬਣਾਉਂਦੇ ਹਨ, ਸਵਾਦ ਪਹਿਲਾਂ ਤੋਂ ਬਿਹਤਰ ਹੁੰਦਾ ਹੈ।’’

ਮੇਰੇ ਸਾਹਮਣੇ ਬੈਠ ਕੇ ਖਾਣਾ ਖਾ ਰਿਹਾ ਇੱਕ ਨੌਜਵਾਨ ਤਸਵੀਰਾਂ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਇਹ ਜਤਾ ਰਿਹਾ ਹੈ ਕਿ ਬੀਬੀਸੀ ਦੇ ਇੱਕ ਵੀਡਿਓ ਵਿੱਚ ਉਸ ਨੇ ਮੈਨੂੰ ਦੇਖਿਆ ਹੈ।

BBC
ਮਾਸ ਅਤੇ ਚੌਲਾਂ ਨਾਲ ਬਣਾਇਆ ਗਿਆ ਇੱਕ ਪਕਵਾਨ

ਕੁਝ ਮਿੰਟ ਪਹਿਲਾਂ ਖਾਣ ਦੀ ਤਾਰੀਫ਼ ਕਰਨ ਵਾਲਾ ਵਿਅਕਤੀ ਪੁੱਛਦਾ ਹੈ, ‘‘ਤੁਹਾਡੇ ਵੀਡਿਓ ਕਿੰਨੇ ਲੋਕਾਂ ਤੱਕ ਪਹੁੰਚਦੇ ਹਨ?’’

‘‘ਇਹ ਕਈ ਗੱਲਾਂ ’ਤੇ ਨਿਰਭਰ ਕਰਦਾ ਹੈ। ਗਾਂਜੇ ਦਾ ਦਿਮਾਗ਼ ’ਤੇ ਹੋਣ ਵਾਲੇ ਅਸਰ ਦਾ ਵੀਡਿਓ ਲੱਖਾਂ ਲੋਕਾਂ ਨੇ ਦੇਖਿਆ ਸੀ।’’

ਇਸ ਵਿਚਕਾਰ ਬ੍ਰਾਜ਼ੀਲ ਦੇ ਸਟਰਾਈਕਰ ਰਿਚਾਰਲਸਨ ਨੇ ਗੋਲ ਦਾਗ ਦਿੱਤਾ ਹੈ ਅਤੇ ਬਾਹਰ ਸ਼ੋਰ ਸ਼ਰਾਬਾ ਹੋਣ ਲੱਗਦਾ ਹੈ।

ਕਤਰ ਵਿੱਚ ਸਭ ਤੋਂ ਜ਼ਿਆਦਾ ਸਮਰਥਕ ਬ੍ਰਾਜ਼ੀਲ ਦੇ ਹੀ ਹਨ। ਹਾਲਾਂਕਿ ਅਰਜਨਟੀਨਾ ਦੇ ਮੈਸੀ ਦੇ ਸਮਰਥਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ।

‘‘ਅਸੀਂ ਚਾਹੁੰਦੇ ਹਾਂ ਕਿ ਦੁਨੀਆ ਇਸ ਕਤਰ ਨੂੰ ਦੇਖੇ’’

‘‘ਅਸੀਂ ਚਾਹੁੰਦੇ ਹਾਂ ਕਿ ਦੁਨੀਆ ਕਤਰ ਦੇ ਬਾਰੇ ਹੋਰ ਜ਼ਿਆਦਾ ਜਾਣੇ। ਅਸੀਂ ਆਮ ਲੋਕ ਹਾਂ ਜੋ ਬਿਹਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’’

ਚਾਰ ਘੰਟੇ ਦੇ ਦੋਸਤਾਨਾ ਅਤੇ ਮੌਜ ਮਸਤੀ ਵਾਲੇ ਮਾਹੌਲ ਦੇ ਬਾਅਦ ਸਾਡੇ ਮੇਜ਼ਬਾਨ ਨੇ ਇਹੀ ਆਖਰੀ ਸੰਦੇਸ਼ ਦਿੱਤਾ।

‘‘ਜੇਕਰ ਤੁਸੀਂ ਦੁਬਾਰਾ ਆਉਣਾ ਚਾਹੁੰਦੇ ਹੋ ਤਾਂ ਸਵਾਗਤ ਹੈ, ਪਰ ਇਸ ਬਾਰ ਸਿਗਾਰ ਲੈ ਕੇ ਆਉਣਾ।’’

BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)