ਸਿੱਧੂ ਮੂਸੇਵਾਲਾ ਕਤਲ ਦੇ 6 ਮਹੀਨੇ: ‘ਬੜਾ ਕੰਮ ਦਾ ਜਵਾਕ ਸੀ, ਉਸ ਦੀ ਜੁਦਾਈ ਸਹਿਣ ਨਹੀਂ ਹੋ ਰਹੀ’ – ਮੂਸਾ ਪਿੰਡ ਤੋਂ ਗਰਾਊਂਡ ਰਿਪੋਰਟ

11/29/2022 9:57:10 AM

Sidhu Moosewala

"ਬੜਾ ਕੰਮ ਦਾ ਜਵਾਕ ਸੀ। ਨਿੱਕਾ ਹੁੰਦਾ ਮੇਰੇ ਮੰਜੇ ''''ਤੇ ਖੇਡਦਾ ਰਹਿੰਦਾ ਸੀ। ਵੱਡਾ ਹੋਇਆ ਤਾਂ ਦੁਨੀਆ ਭਰ ''''ਚ ਚਮਕ ਗਿਆ। ਹੁਣ ਵੀ ਉਹ ਮੇਰੇ ਉਸੇ ਵਾਣ ਦੇ ਮੰਜੇ ''''ਤੇ ਆ ਕੇ ਬਹਿ ਜਾਂਦਾ ਸੀ। ਉਸ ਦੀ ਜੁਦਾਈ ਸਹਿਣ ਨਹੀਂ ਹੋ ਰਹੀ। ਇਸ ਤੋਂ ਵੱਧ ਮੈਂ ਕੁਝ ਨਹੀਂ ਬੋਲ ਸਕਦਾ।"

ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ 85 ਸਾਲਾਂ ਗੁਆਂਢੀ ਮੁਖਤਿਆਰ ਸਿੰਘ ਭਾਵੁਕ ਹੁੰਦਿਆਂ ਕੁਝ ਇਸ ਤਰ੍ਹਾਂ ਸਿੱਧੂ ਨਾਲ ਬਿਤਾਏ ਪਲਾਂ ਨੂੰ ਯਾਦ ਕਰਦੇ ਹਨ।

BBC/Surinder Mann

ਮੁਖਤਿਆਰ ਸਿੰਘ ਜ਼ਿਲ੍ਹਾ ਮਾਨਸਾ ਵਿੱਚ ਪੈਂਦੇ ਪਿੰਡ ਮੂਸਾ ਦੇ ਵਸਨੀਕ ਹਨ ਅਤੇ ਸਿੱਧੂ ਮੂਸੇਵਾਲਾ ਦੇ ਪੁਰਾਣੇ ਘਰ ਦੇ ਕੋਲ ਰਹਿੰਦੇ ਹਨ।

ਸਿੱਧੂ ਮੂਸੇਵਾਲਾ ਨੂੰ ਇਸੇ ਸਾਲ 29 ਮਈ ਨੁੰ ਪਿੰਡ ਜਵਾਹਰਕੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਸਿੱਧੂ ਮੂਸੇਵਾਲਾ ਦੇ ਕਤਲ ਦੇ 6 ਮਹੀਨੇ ਪੂਰੇ ਹੋਣ ''''ਤੇ ਮੈਂ ਇਹ ਜਾਣਨ ਲਈ ਪਿੰਡ ਮੂਸਾ ਪਹੁੰਚਿਆ ਕਿ ਸਿੱਧੂ ਮੂਸੇਵਾਲਾ ਦੇ ਨਾਲ ਸਮਾਂ ਗੁਜ਼ਾਰਣ ਵਾਲੇ ਉਸ ਦੇ ਸੰਗੀ-ਸਾਥੀ ਉਸ ਦੀਆਂ ਯਾਦਾਂ ਨੂੰ ਕਿਵੇਂ ਆਪਣੇ ਦਿਲਾਂ ਵਿਚ ਸਮੋਈ ਬੈਠੇ ਹਨ।

BBC

ਇਨਸਾਫ਼ ਦੀ ਉਡੀਕ ’ਚ

ਜਦੋਂ ਮੈਂ ਇਸ ਪਿੰਡ ਵਿੱਚ ਪਹੁੰਚਿਆ ਤਾਂ ਪਿੰਡ ਦੇ ਛੱਪੜ ਨੇੜੇ ਲੱਗੇ ਇੱਕ ਵੱਡੇ ਬੋਹੜ ਦੇ ਦਰੱਖਤ ਥੱਲੇ ਮੁਖਤਿਆਰ ਸਿੰਘ ਮੰਜੇ ਉੱਪਰ ਬੈਠੇ ਸਨ ਅਤੇ ਚਾਰ-ਪੰਜ ਨਿਆਣੇ ਬੈਠੇ ਸਿੱਧੂ ਮੂਸੇਵਾਲਾ ਦਾ ਇੱਕ ਗੀਤ ਗੁਣ-ਗੁਣਾ ਰਹੇ ਸਨ।

ਜਦੋਂ ਇਸ ਬਜ਼ੁਰਗ ਨਾਲ ਸਿੱਧੂ ਮੂਸੇਵਾਲਾ ਦੀ ਕੋਈ ਪੁਰਾਣੀ ਯਾਦ ਸਾਂਝੀ ਕਰਨ ਬਾਰੇ ਗੱਲ ਕੀਤੀ ਤਾਂ ਉਹ ਭੁੱਬਾ ਮਾਰ ਕੇ ਰੋਣ ਲੱਗ ਪਏ।

ਕਰੀਬ ਅੱਧੇ ਘੰਟੇ ਮਗਰੋਂ ਉਨ੍ਹਾਂ ਨੇ ਗੱਲ ਕਰਨੀ ਸ਼ੁਰੂ ਕੀਤੀ।

ਉਹ ਵਾਰ-ਵਾਰ ਆਪਣੇ ਉਸੇ ਮੰਜੇ ਦਾ ਜ਼ਿਕਰ ਕਰਦੇ ਰਹੇ, ਜਿਸ ਉੱਪਰ ਸਿੱਧੂ ਮੂਸੇਵਾਲਾ ਬਚਪਨ ਵਿੱਚ ਖੇਡਿਆ ਕਰਦੇ ਸਨ।

ਮੁਖਤਿਆਰ ਸਿੰਘ ਕਹਿੰਦੇ ਹਨ, "ਮੇਰੇ ਘਰ ਦੇ ਸਾਹਮਣੇ ਸਿੱਧੂ ਮੂਸੇਵਾਲਾ ਦੇ ਘਰ ਦਾ ਦਰਵਾਜ਼ਾ ਹੈ। ਉਸ ਦੀ ਮੌਤ ਤੋਂ ਬਾਅਦ ਇਸ ਪੁਰਾਣੇ ਘਰ ਦੇ ਬੰਦ ਦਰਵਾਜ਼ੇ ਨੂੰ ਦੇਖ ਕੇ ਮੈਂ ਹੌਂਕੇ ਭਰਦਾ ਰਹਿੰਦਾ ਹਾਂ। ਦੁਸ਼ਮਣ ਨੇ ਸਾਡਾ ਮੁੰਡਾ ਖੋਹ ਲਿਆ ਹੈ।"

ਇਹ ਕਹਿ ਕੇ ਮੁਖਤਿਆਰ ਸਿੰਘ ਦੀਆਂ ਅੱਖਾਂ ਮੁੜ ਭਰ ਆਉਂਦੀਆਂ ਹਨ ਅਤੇ ਉਹ ਚੁੱਪ ਹੋ ਜਾਂਦੇ ਹਨ।

ਇਸੇ ਦੌਰਾਨ ਪਿੰਡ ਦੇ ਕੁਝ ਹੋਰ ਬੰਦੇ ਬੋਹੜ ਦੇ ਦਰੱਖਤ ਥੱਲੇ ਆ ਜਾਂਦੇ ਹਨ।

ਪਰ ਉਹ ਸਿੱਧੂ ਮੂਸੇਵਾਲਾ ਦੇ ਸਬੰਧ ਵਿੱਚ ਕੋਈ ਗੱਲ ਕਰਨ ਤੋਂ ਇਹ ਕਹਿ ਕੇ ਕੋਰਾ ਜਵਾਬ ਦਿੰਦੇ ਹਨ ਕਿ, "ਰੱਬ ਨੂੰ ਹੀ ਪਤਾ ਹੈ ਕਿ ਸਾਡਾ ਮੁੰਡਾ ਕਿਹੋ ਜਿਹਾ ਸੀ। ਅਸੀਂ ਤਾਂ ਨਿਆਂ ਦੀ ਉਡੀਕ ਕਰ ਰਹੇ ਹਾਂ।"

BBC

ਸਿੱਧੂ ਮੂਸੇਵਾਲਾ ਦੇ ਪਿੰਡ ਦੀ ਅਵਾਜ਼:

  • ਸਿੱਧੂ ਮੂਸੇਵਾਲਾ ਦਾ ਪਿੰਡ ਜਵਾਹਰ ਕੇ ਨੇੜੇ ਗੋਲੀਆਂ ਮਾਰ ਕੇ 29 ਮਈ, 2022 ਨੂੰ ਕਤਲ ਕਰ ਦਿੱਤਾ ਗਿਆ ਸੀ।
  • ਪੁਲਿਸ ਮੁਤਾਬਕ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ।
  • ਪੁਲਿਸ ਇਸ ਕੇਸ ਵਿੱਚ ਕਰੀਬ ਦੋ ਦਰਜਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
  • ਇਸ ਕੇਸ ਨਾਲ ਸਬੰਧਤ 2 ਕਥਿਤ ਮੁਲਜ਼ਮ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ।
  • ਸਿੱਧੂ ਮੂਸੇਵਾਲਾ ਦੇ ਕਤਲ ਨੂੰ 6 ਮਹੀਨੇ ਦਾ ਸਮਾਂ ਹੋਇਆ।

BBC

ਜੱਦੀ ਘਰ ਨੂੰ ਜਿੰਦਰਾ

ਮੈਂ ਪਿੰਡ ਦੀਆਂ ਗਲੀਆਂ ਵਿੱਚ ਘੁੰਮਦਾ ਰਿਹਾ ਅਤੇ ਜਿਹੜਾ ਵੀ ਵਿਅਕਤੀ ਮੈਨੂੰ ਮਿਲਿਆ, ਉਸ ਨੇ ਇਹੀ ਕਿਹਾ ਕੇ ਉਹ ਸਿੱਧੂ ਮੂਸੇਵਾਲਾ ਬਾਰੇ ਕੋਈ ਗੱਲ ਨਹੀਂ ਕਰੇਗਾ।

ਸਿੱਧੂ ਮੂਸੇਵਾਲਾ ਦਾ ਜੱਦੀ ਘਰ ਪਿੰਡ ਮੂਸਾ ਵਿੱਚ ਬਣੇ ਵੱਡੇ ਛੱਪੜ ਦੇ ਐਨ ਨਜ਼ਦੀਕ ਹੈ।

ਉਨ੍ਹਾਂ ਦੇ ਮਾਤਾ ਚਰਨ ਕੌਰ ਪਿੰਡ ਦੇ ਸਰਪੰਚ ਹਨ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਿੰਡ ਦੇ ਬਾਹਰਵਾਰ ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕਰਵਾਈ ਗਈ ਨਵੀਂ ਹਵੇਲੀ ਵਿੱਚ ਵਸੋਂ ਕਰ ਚੁੱਕਾ ਹੈ।

ਆਖਰਕਾਰ ਮੇਰਾ ਮੇਲ ਪਿੰਡ ਦੀ ਇੱਕ ਬਿਰਧ ਔਰਤ ਨਾਲ ਹੋਇਆ, ਜੋ ਗੱਲ ਕਰਨ ਲਈ ਰਾਜ਼ੀ ਹੋ ਗਈ।

ਆਪਣੇ ਘਰ ਦੇ ਬਾਹਰ ਪਾਥੀਆਂ ਪੱਥਦੀ ਇਸ ਔਰਤ ਨੇ ਮੈਨੂੰ ਇੱਕ ਉਸ ਨੌਜਵਾਨ ਬਾਰੇ ਦੱਸਿਆ, ਜੋ ਬਚਪਨ ਤੋਂ ਲੈ ਕੇ ਆਖਰੀ ਦਿਨਾਂ ਤੱਕ ਸਿੱਧੂ ਮੂਸੇਵਾਲਾ ਦੇ ਨਾਲ ਭਰਾਵਾਂ ਵਾਂਗ ਰਿਹਾ ਸੀ।

ਇਸ ਨੌਜਵਾਨ ਦਾ ਨਾਮ ਹੈ ਬਲਜਿੰਦਰ ਸਿੰਘ ਗੋਲਡੀ।

ਗੋਲਡੀ ਨੇ ਸੰਪਰਕ ਕਰਨ ''''ਤੇ ਦੱਸਿਆ ਕੇ ਉਹ ਪਿੰਡ ਬੁਰਜ਼ ਹਰੀ ਸਿੰਘ ਵਿਖੇ ਆਪਣੇ ਖੇਤ ਵਿੱਚ ਕੰਮ ਕਰ ਰਿਹਾ ਹੈ। ਬਲਜਿੰਦਰ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਨਾਲ ਬਿਤਾਏ ਪਲਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ।

BBC

ਇਹ ਵੀ ਪੜ੍ਹੋ :

ਟਿੱਬਿਆਂ ਦਾ ਪੁੱਤ

ਬਲਜਿੰਦਰ ਸਿੰਘ ਕਹਿੰਦੇ ਹਨ ਕੇ ਸਿੱਧੂ ਮੂਸੇਵਾਲਾ ਵਾਲਾ ਗ਼ਾਇਕ ਹੋਣ ਦੇ ਨਾਲ-ਨਾਲ ਪਿੰਡ ਦੇ ਟਿੱਬਿਆਂ ਦੀ ਮਿੱਟੀ ਵਿੱਚ ਖੇਤੀ ਕਰਨ ਵਾਲਾ ਮਿਹਨਤੀ ਕਿਸਾਨ ਵੀ ਸੀ।

"ਉਸ ਨੇ ਗਇਕੀ ਦੇ ਖੇਤਰ ਵਿੱਚ ਇੱਕ ਮਿਸਾਲੀ ਵਿਸ਼ਵ ਪੱਧਰੀ ਉਡਾਰੀ ਭਰੀ ਪਰ ਉਹ ਆਪਣੇ ਪਿੰਡ ਨੂੰ ਨਹੀਂ ਭੁੱਲਿਆ।"

ਆਪਣੀ ਗੱਲ ਜਾਰੀ ਰੱਖਦੇ ਹੋਏ ਉਹ ਕਹਿੰਦੇ ਹਨ, "ਮੈਂ ਉਸ ਤੋਂ ਦੋ ਸਾਲ ਛੋਟਾ ਹਾਂ। ਅਸੀਂ ਸੁਰਤ ਸੰਭਾਲਣ ਤੋਂ ਬਾਅਦ ਪੱਕੇ ਆੜੀ ਬਣ ਗਏ ਸੀ। ਉਹੋ ਹਰ ਸਮੇਂ ਆਪਣੇ ਲਿਖੇ ਗਾਣੇ ਗੁਣ ਗੁਣਾਉਦਾ ਰਹਿੰਦਾ ਸੀ।”

“ਜਦੋਂ ਕਦੇ ਮੈਂ ਉਸ ਦੇ ਗਾਣਿਆਂ ਵਿੱਚ ਨੁਕਸ ਕੱਢਦਾ ਸੀ ਤਾਂ ਮੇਰੇ ਹੁੱਝ ਮਾਰ ਕੇ ਕਹਿੰਦਾ ਕਿ ਤੂੰ ਆਪਣਾ ਕੰਮ ਕਰਿਆ ਕਰ, ਤੈਨੂੰ ਗਾਣਿਆਂ ਬਾਰੇ ਕੀ ਪਤਾ। ਇਹ ਸੁਣ ਕੇ ਮੈਂ ਹੱਸ ਪੈਂਦਾ ਤੇ ਚੁੱਪ ਕਰ ਜਾਂਦਾ।"

ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਦਾ ਵਿਲੱਖਣ ਸਫ਼ਰ

ਇਸ ਨੌਜਵਾਨ ਨਾਲ ਗੱਲਬਾਤ ਤੋਂ ਬਾਅਦ ਜਦੋਂ ਮੈਂ ਸਿੱਧੂ ਮੂਸੇਵਾਲਾ ਦੀ ਨਵੀਂ ਹਵੇਲੀ ਵਿੱਚ ਪਹੁੰਚਿਆ ਤਾਂ ਉੱਥੇ ਵੱਡੀ ਗਿਣਤੀ ਵਿੱਚ ਲੋਕ ਸਿੱਧੂ ਮੂਸੇਵਾਲਾ ਦੇ 5911 ਟਰੈਕਟਰਾਂ ਅਤੇ ਉਨ੍ਹਾਂ ਵੱਲੋਂ ਸ਼ਾਨਦਾਰ ਢੰਗ ਨਾਲ ਤਿਆਰ ਕਰਾਈਆਂ ਜੀਪਾਂ ਨੂੰ ਦੇਖ ਰਹੇ ਸਨ।

ਇੱਥੇ ਹੀ ਮੇਰੀ ਮੁਲਾਕਾਤ ਸੁਖਪਾਲ ਸਿੰਘ ਨਾਂਅ ਦੇ ਵਿਅਕਤੀ ਨਾਲ ਹੋਈ।

ਉਹ ਪਿੰਡ ਮੂਸਾ ਦੇ ਨੰਬਰਦਾਰ ਹਨ ਅਤੇ ਸਿੱਧੂ ਮੂਸੇਵਾਲਾ ਦੇ ਨਾਲ ਉਨ੍ਹਾਂ ਨੇ ਖੇਤਾਂ ਵਿੱਚ ਕਈ ਸਾਲ ਤੱਕ ਕੰਮ ਕੀਤਾ ਸੀ।

ਸੁਖਪਾਲ ਸਿੰਘ ਨੇ ਦ$ਸਿਆ ਕਿ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਇੱਕ ਵਿਲੱਖਣ ਹੀ ਸਫ਼ਰ ਸੀ।

"ਪੜਾਈ ਦੇ ਦਿਨਾਂ ਦੌਰਾਨ ਜਦੋਂ ਉਹੋ ਕੋਈ ਗੀਤ ਜਾਂ ਵਾਰ ਸਕੂਲ ਦੀ ਸਟੇਜ ਤੋਂ ਗਾਉਣ ਲਈ ਕਹਿੰਦਾ ਤਾਂ ਬਾਪੂ ਬਲਕੌਰ ਸਿੰਘ ਉਸ ਨੂੰ ਰੋਕ ਦਿੰਦੇ। ਫਿਰ ਉਹ ਮੈਨੂੰ ਕਹਿੰਦਾ ਕਿ ਯਾਰ ਬਾਪੂ ਕੋਲ ਮੇਰੀ ਸਿਫਾਰਸ਼ ਕਰੋ ਕੇ ਮੈਂ ਤਾਂ ਗਾਉਣਾ ਹੀ ਗਾਉਣਾ ਹੈ।"

"ਇਸ ਲਗਨ ਨੇ ਹੀ ਉਸ ਦਾ ਨਾਂਅ ਵਿਸ਼ਵ ਪੱਧਰ ’ਤੇ ਰੋਸ਼ਨ ਕਰ ਦਿੱਤਾ ਹੈ। ਜਦੋਂ ਅਸੀਂ ਖੇਤਾਂ ਵਿੱਚ ਕੰਮ ਕਰਦੇ ਸੀ ਤਾਂ ਉਹ  5911 ਟਰੈਕਟਰ ਖ਼ੁਦ ਚਲਾਉਣ ਲੱਗਦਾ।”

“ਮੇਰੇ ਸਾਹਮਣੇ ਉਸ ਨੇ ਟਿੱਬਿਆਂ ਨੂੰ ਕਰਾਹ ਲਾ ਕੇ ਜ਼ਮੀਨ ਨੂੰ ਵਾਹੀ ਯੋਗ ਬਣਾਇਆ। ਮੈਨੂੰ ਦੁੱਖ ਹੈ ਕਿ ਜਿਹੜੇ ਖੇਤ ਨੂੰ ਟਿੱਬਿਆਂ ਤੋਂ ਬਦਲ ਕੇ ਹਾਰਿਆਵਲ ਵਿੱਚ ਤਬਦੀਲ ਕੀਤਾ, ਅੱਜ ਉਸ ਹੀ ਖੇਤ ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਸਾਡੇ ਦਿਲਾਂ ਨੂੰ ਧੁਰ ਅੰਦਰ ਤੱਕ ਧੂ ਪਾਉਂਦਾ ਰਹਿੰਦਾ ਹੈ।"

ਖੇਤੀ ਦਾ ਸ਼ੌਕ

ਸੁਖਪਾਲ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਖੇਤੀ ਨਾਲ ਜੁੜੇ ਇੱਕ ਕਿੱਸੇ ਦਾ ਵੀ ਜ਼ਿਕਰ ਕੀਤਾ।

ਸੁਖਪਾਲ ਸਿੰਘ ਨੇ ਦੱਸਿਆ, "ਪਿਛਲੇ ਸਾਲ ਸਿੱਧੂ ਮੂਸੇਵਾਲਾ ਵਿਦੇਸ਼ ਗਏ ਹੋਏ ਸਨ। ਏਧਰ ਝੋਨੇ ਦੀ ਫ਼ਸਲ ਵੱਢਣ ਲਈ ਤਿਆਰ ਸੀ। ਕਟਾਈ ਲੇਟ ਹੋ ਰਹੀ ਸੀ ਪਰ ਬਾਈ ਨੇ ਸਾਨੂੰ ਵਿਦੇਸ਼ ਤੋਂ ਫੋਨ ਕਰਕੇ ਕਿਹਾ ਕੇ ਝੋਨਾ ਉਹ ਖ਼ੁਦ ਆ ਕੇ ਵੱਢੇਗਾ। ਹਾਲਾਂਕਿ ਕਟਾਈ ਲੇਟ ਹੋਣ ਕਾਰਨ ਪੱਕਿਆ ਝੋਨਾ ਖੇਤਾਂ ਵਿੱਚ ਝੜ ਰਿਹਾ ਸੀ ਪਰ ਬਾਈ ਨੇ ਖ਼ੁਦ ਆ ਕੇ ਝੋਨਾ ਵੱਢਿਆ ਤੇ ਮੰਡੀ ਵਿੱਚ ਵੇਚਿਆ।"

ਚਾਹੁਣ ਵਾਲਿਆਂ ਦੀ ਲੰਮੀ ਸੂਚੀ

ਹੁਣ ਬਾਅਦ ਦੁਪਹਿਰ ਦੇ 3 ਵੱਜ ਚੁੱਕੇ ਸਨ।

ਸਿੱਧੂ ਮੂਸੇਵਾਲਾ ਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਤਾਇਆ ਚਮਕੌਰ ਸਿੰਘ ਇਕੱਠੇ ਹੋਏ ਲੋਕਾਂ ਸਾਮਹਣੇ ਆਉਂਦੇ ਹਨ।

ਕੁਝ ਲੋਕ ਉਨ੍ਹਾਂ ਦੀ ਹਾਜ਼ਰੀ ਵਿੱਚ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਗੀਤ ਅਤੇ ਕਵੀਸ਼ਰੀ ਵਾਰਾਂ ਗਾਉਂਦੇ ਹਨ।

ਇਸ ਮਗਰੋਂ ਸ਼ੁਰੂ ਹੁੰਦਾ ਹੈ ਲੋਕਾਂ ਦੀ ਭੀੜ ਨੂੰ ਸੰਬੋਧਨ ਕਰਨ ਦਾ ਸਿਲਸਿਲਾ।

ਆਪਣੀ ਭਾਵੁਕ ਤਕਰੀਰ ਵਿੱਚ ਬਲਕੌਰ ਸਿੰਘ, ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਕਰ ਰਹੀਆਂ ਸਰਕਾਰੀ ਏਜੰਸੀਆਂ ਬਾਰੇ ਗੱਲ ਕਰਦੇ ਹਨ।

ਇਸ ਤੋਂ ਇਲਾਵਾ ਗੈਂਗਸਟਰਾਂ ਪ੍ਰਤੀ ਪੁਲਿਸ ਦੇ ਵਿਹਾਰ ਬਾਰੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਹਨ।

ਉਨ੍ਹਾਂ ਦੀਆਂ ਭਾਵੁਕ ਗੱਲਾਂ ਸੁਣਕੇ ਭੀੜ ਵਿੱਚ ਜੁੜੀਆਂ ਕੁੱਝ ਔਰਤਾਂ ਅਤੇ ਨੌਜਵਾਨਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।

ਮਾਹੌਲ ਗਮਗੀਨ ਹੈ, ਹਰ ਪਾਸੇ ਚੁੱਪ ਹੈ ਅਤੇ ਸਿਰਫ਼ ਬਲਕੌਰ ਸਿੰਘ ਆਪਣੇ ਪੁੱਤਰ ਦੇ ਵਿਛੋੜੇ ਦੀ ਯਾਦ ਵਿੱਚ ਭਰੇ ਮਨ ਨਾਲ ਸ਼ਬਦ ਕਹਿ ਰਹੇ ਹਨ।

ਇਨਾਂ ਹੀ ਨਹੀਂ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਖੇਤੀ ਵਿੱਚ ਸਮਾਂ ਬਤਾਉਣ ਵਾਲੇ ਲੋਕ ਹੀ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਯਾਦਾਂ ਦਾ ਜ਼ਿਕਰ ਕਰਦੇ ਹਨ।

ਸਗੋਂ ਸਿੱਧੂ ਮੂਸੇਵਾਲਾ ਨਾਲ ਵਾਹ ਰੱਖਣ ਵਾਲਾ ਵਪਾਰੀ ਵਰਗ ਵੀ ਉਨ੍ਹਾਂ ਦੀ ਸਾਦਾ ਜੀਵਨ ਸੈਲੀ ਤੋਂ ਪ੍ਰਭਾਵਤ ਦਿਖਾਈ ਦਿੰਦਾ ਹੈ।

ਰਾਧੇ ਸ਼ਾਮ ਹੈਪੀ ਮਾਨਸਾ ਦੀ ਪੁਰਾਣੀ ਅਨਾਜ ਮੰਡੀ ਵਿੱਚ ਕਮਿਸ਼ਨ ਏਜੰਟ ਹਨ।

ਇਹ ਉਹੀ ਕਮਿਸ਼ਨ ਏਜੰਟ ਹਨ, ਜਿਨਾਂ ਦੀ ਦੁਕਾਨ ''''ਤੇ ਸਿੱਧੂ ਮੂਸੇਵਾਲਾ ਆਪਣੀ ਫ਼ਸਲ ਵੇਚਦੇ ਸਨ।

ਮੈਂ ਰਾਧੇ ਸ਼ਾਮ ਹੈਪੀ ਨੂੰ ਮਿਲਣ ਦਾ ਫੈਸਲਾ ਕੀਤਾ।

ਰਾਧੇ ਸ਼ਾਮ ਦੱਸਦੇ ਹਨ ਕਿ ਸਿੱਧੂ ਮੂਸੇਵਾਲਾ ਫ਼ਸਲ ਦੀ ਕਟਾਈ ਕਰਨ ਤੋਂ ਬਾਅਦ ਖ਼ੁਦ ਟਰੈਕਰ ਚਲਾ ਕੇ ਆਪਣੀ ਫ਼ਸਲ ਉਹਨਾਂ ਦੀ ਆੜ੍ਹਤ ''''ਤੇ ਵੇਚਣ ਲਈ ਆਉਂਦੇ ਸਨ।

"ਜਦੋਂ ਸਿੱਧੂ ਮੂਸੇਵਾਲਾ ਸਾਡੀ ਦੁਕਾਨ ''''ਤੇ ਖੁਦ ਟਰੈਕਟਰ ਚਲਾ ਕੇ ਫ਼ਸਲਾਂ ਲੈ ਕੇ ਆਉਂਦਾ ਤਾਂ ਸਾਨੂੰ ਮੰਡੀ ਵਾਲਿਆਂ ਨੂੰ ਹੈਰਾਨੀ ਹੁੰਦੀ ਕਿ ਦੁਨੀਆਂ ਭਰ ''''ਚ ਇਕ ਮਸ਼ਹੂਰ ਸਿੰਗਰ ਕਿੰਨੀ ਸਾਦਗੀ ਨਾਲ ਆਪਣੇ ਹੱਥੀਂ ਆਪਣੀ ਖੇਤੀਬਾੜੀ ਸੰਭਾਲਦਾ ਹੈ।"

 "ਉਹ ਹਸਮੁਖ ਇਨਸਾਨ ਸੀ। ਸਾਨੂੰ ਦੁੱਖ ਹੈ ਕਿ ਐਡੀ ਵੱਡੀ ਸ਼ਖ਼ਸੀਅਤ ਦੇ ਕਤਲ ਦੇ ਇਨਸਾਫ਼ ਲਈ ਉਸ ਦਾ ਪਿਤਾ ਬਲਕੌਰ ਸਿੰਘ ਦੁਹਾਈਆਂ ਪਾਉਣ ਲਈ ਮਜਬੂਰ ਹੈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਇਸ ਪਾਸੇ ਵੱਲ ਧਿਆਨ ਦਿੱਤਾ ਜਾਵੇ।"

ਮੈਂ ਇਸ ਰਿਪੋਰਟ ਨੂੰ ਤਿਆਰ ਕਰਨ ਲਈ ਜਿਸ ਕੋਲ ਵੀ ਗਿਆ, ਹਰ ਕਿਸੇ ਦੀ ਜ਼ਬਾਨ ''''ਤੇ ਇਹੀ ਸ਼ਬਦ ਸਨ ਕਿ, "ਮੂਸੇਵਾਲਾ ਦੇ ਪਰਿਵਾਰ ਨੂੰ ਕਤਲ ਦੇ 6 ਮਹੀਨੇ ਬਾਅਦ ਵੀ ਨਿਆਂ ਨਹੀਂ ਮਿਲਿਆ ਹੈ।"

ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਉਨਾਂ ਦੇ ਹੀ ਖੇਤ ਵਿੱਚ ਲਾਏ ਗਏ ਆਦਮ ਕੱਦ ਬੁੱਤ ''''ਤੇ ਇਸ ਮਰਹੂਮ ਗਾਇਕ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਵੱਢੀ ਗਿਣਤੀ ''''ਚ ਲੋਕ ਪੁੱਜੇ ਹੋਏ ਸਨ।

''''ਮਿਲਦਾ ਤਾਂ ਲੱਗਦਾ ਸੀ ਕਿ ਸਾਡਾ ਆਪਣਾ ਪੁੱਤਰ ਹੈ''''

ਮੇਰੇ ਮਨ ਦੀ ਜਗਿਆਸਾ ਸੀ ਕਿ ਪਿੰਡ ਜਵਾਹਰਕੇ ਦੇ ਲੋਕਾਂ ਨਾਲ ਵੀ ਗੱਲ ਕਰਾਂ, ਜਿੱਥੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰੀਆਂ ਗਈਆਂ ਸਨ।

ਇਸ ਪਿੰਡ ਵਿੱਚ ਮੇਰੀ ਮੁਲਾਕਾਤ ਪਿੰਡ ਦੇ ਸਾਬਕਾ ਸਰਪੰਚ ਹਰਜਿੰਦਰ ਸਿੰਘ ਨਾਲ ਹੋਈ।

ਇਹ ਉਹੀ ਵਿਅਕਤੀ ਹਨ ਜਿਨਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤੁਰੰਤ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸੰਭਾਲਿਆ ਸੀ।

ਇਸ ਪਿੰਡ ਦੇ ਲੋਕ ਵੀ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਪਿੰਡ ਵਿੱਚ ਉਸੇ ਜਗ੍ਹਾ ''''ਤੇ ਜਲਦੀ ਹੀ ਉਨਾਂ ਦਾ ਆਦਮ ਕੱਦ ਬੁੱਤ ਸਥਾਪਤ ਕਰਨ ਜਾ ਰਹੇ ਹਨ।

ਹਰਜਿੰਦਰ ਸਿੰਘ ਨੇ ਵੀ ਸਿੱਧੂ ਮੂਸੇਵਾਲਾ ਨਾਲ ਆਪਣੀਆਂ ਰਾਜਨੀਤਿਕ ਯਾਦਾਂ ਦਾ ਜ਼ਿਕਰ ਕੀਤਾ।

ਉਹ ਕਹਿੰਦੇ ਹਨ, "ਮੈਂ ਵਿਧਾਨ ਸਭਾ ਦੀ ਚੋਣ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿਕਟ ''''ਤੇ ਲੜੀ ਸੀ, ਜਦੋਂ ਕਿ ਸਿੱਧੂ ਮੂਸੇਵਾਲਾ ਨੇ ਕਾਂਗਰਸ ਦੀ ਟਿਕਟ ''''ਤੇ ਚੋਣ ਲੜੀ। ਸਿੱਧੂ ਮੂਸੇਵਾਲਾ ਜਦੋਂ ਸਾਨੂੰ ਮਿਲਦਾ ਤਾਂ ਇਸ ਤਰ੍ਹਾਂ ਲੱਗਦਾ ਕਿ ਸਾਡਾ ਆਪਣਾ ਹੀ ਪੁੱਤਰ ਹੋਵੇ।"

"ਸਾਨੂੰ ਬੇਹੱਦ ਦੁੱਖ ਹੈ ਕਿ ਸਮੇਂ ਦੀਆਂ ਸਰਕਾਰਾਂ ਮੂਸੇਵਾਲਾ ਦੇ ਪਰਿਵਾਰ ਨੂੰ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਨਸਾਫ਼ ਨਹੀਂ ਦੇ ਸਕੀਆਂ ਹਨ। ਸਿੱਧੂ ਮੂਸੇਵਾਲਾ ਪੰਜਾਬੀਆਂ ਦਾ ਮਾਣ ਸੀ ਤੇ ਹਮੇਸ਼ਾ ਰਹੇਗਾ।"