ਕਤਰ ਵਿੱਚ ਔਰਤਾਂ ''''ਤੇ ਕੀ ਹਨ ਪਾਬੰਦੀਆਂ, ਕੀ ਹੈ ਪੁਰਸ਼ ਸਰਪ੍ਰਸਤ ਦੀ ਵਿਵਸਥਾ?

11/28/2022 4:57:06 PM

ਕਤਰ ਵਿੱਚ ਫੁੱਟਬਾਲ ਵਰਲਡ ਕੱਪ ਚੱਲ ਰਿਹਾ ਹੈ। ਸ਼ਾਮ ਦੇ ਵਕਤ ਦੋਹਾ ਦੇ ਸਮੁੰਦਰ ਤੱਟ ’ਤੇ ਸੰਸਕ੍ਰਿਤੀਆਂ ਦਾ ਮੇਲ ਦੇਖਿਆ ਜਾ ਸਕਦਾ ਹੈ।

ਕਤਰ ਦੀਆਂ ‘ਸਰਦੀਆਂ’ ਵਿੱਚ ਜਦੋਂ ਤਾਮਪਾਨ 30 ਡਿਗਰੀ ਸੈਲਸੀਅਸ ਦੇ ਆਸ ਪਾਸ ਹੁੰਦਾ ਹੈ ਤਾਂ ਸਕੂਨ ਲੈਣ ਲਈ ਪਰਿਵਾਰ, ਦੋਸਤ ਅਤੇ ਫੁੱਟਬਾਲ ਪ੍ਰਸ਼ੰਸਕ ਰਾਜਧਾਨੀ ਦੇ ਸੱਤ ਕਿਲੋਮੀਟਰ ਲੰਬੇ ਅਲ ਕੋਰਨੀਚੇ ਅਵੈਨਿਊ ’ਤੇ ਇਕੱਠੇ ਹੁੰਦੇ ਹਨ।

ਇੱਥੇ ਪੱਛਮੀ ਸੈਲਾਨੀਆਂ ਅਤੇ ਸਥਾਨਕ ਕਤਰ ਪਰਿਵਾਰਾਂ ਦੇ ਵਿਚਕਾਰ ਫਰਕ ਸਾਫ਼ ਨਜ਼ਰ ਆਉਂਦਾ ਹੈ।

ਕਤਰ ਵਿੱਚ ਉਂਜ ਤਾਂ ਕਰੀਬ ਤੀਹ ਲੱਖ ਲੋਕ ਰਹਿੰਦੇ ਹਨ, ਪਰ ਸਥਾਨਕ ਆਬਾਦੀ ਸਾਢੇ ਦਿੰਨ ਲੱਖ ਤੋਂ ਜ਼ਿਆਦਾ ਨਹੀਂ ਹੈ।

ਕਤਰ ਇੱਕ ਇਸਲਾਮੀ ਰਾਸ਼ਟਰ ਹੈ ਅਤੇ ਇੱਥੇ ਇਸਲਾਮ ਦੇ ਸਿਧਾਂਤਾਂ ਦੀ ਵਿਆਖਿਆ ਵੀ ਆਪਣੀ ਤਰ੍ਹਾਂ ਨਾਲ ਹੈ। 

ਇੱਕ ਪਾਸੇ ਇੱਥੇ ਰੂੜੀਵਾਦੀ ਅਤੇ ਪਰੰਪਰਿਕ ਪਰਿਵਾਰ ਹਨ ਤਾਂ ਪ੍ਰਗਤੀਸ਼ੀਲ ਅਤੇ ਜ਼ਿਆਦਾ ਉਦਾਰਵਾਦੀ ਵੀ।

ਕਤਰ ਵਿੱਚ ਔਰਤਾਂ ਦੀ ਭੂਮਿਕਾ ਇਸ ਦੇ ਕੇਂਦਰ ਵਿੱਚ ਹੈ ਅਤੇ ਇਸ ਨੂੰ ਲੈ ਕੇ ਵੀ ਬਹੁਤ ਕੁਝ ਸਪੱਸ਼ਟ ਨਹੀਂ ਹੈ। 

ਅਲ ਕੋਰਨੀਚੇ ਬੀਚ ’ਤੇ ਕੁਝ ਔਰਤਾਂ ਹੇਠ ਤੋਂ ਉੱਪਰ ਤੱਕ ਕਾਲੇ ਬੁਰਕੇ ਵਿੱਚ ਢਕੀਆਂ ਹੋਈਆਂ ਹਨ ਤਾਂ ਕੁਝ ਨੇ ਰੰਗ-ਬਿਰੰਗੇ ਹਿਜਾਬ ਪਹਿਨੇ ਹਨ।

ਪਰ ਕਤਰ ਦੀਆਂ ਔਰਤਾਂ ਲਈ ਅਸਲ ਮੁੱਦਾ ਪੁਸ਼ਾਕ ਨਹੀਂ ਹੈ।

ਕਤਰ ਵਿੱਚ ਔਰਤਾਂ ਲਈ ਇੱਕ ਵਿਵਸਥਾ ਹੈ ਜਿਸ ਤਹਿਤ ਔਰਤਾਂ ਪੁਰਸ਼ਾਂ ਦੀ ਸਰਪ੍ਰਸਤੀ (ਦੇਖਭਾਲ) ਵਿੱਚ ਰਹਿੰਦੀਆਂ ਹਨ।

 

Getty Images

ਇਸ ਵਿਵਸਥਾ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਦਾ ਮਤਲਬ ਇਹ ਹੈ ਕਿ ਔਰਤਾਂ ਉਮਰ ਭਰ ਨਬਾਲਗ ਹੀ ਬਣੀਆਂ ਰਹਿੰਦੀਆਂ ਹਨ।

ਆਪਣੇ ਆਪ ਨੂੰ ਜ਼ੈਨਬ (ਅਸਲੀ ਨਾਂ ਨਹੀਂ) ਦੱਸਣ ਵਾਲੀ ਅਤੇ ਕਤਰ ਦੇ ਬਾਹਰ ਰਹਿ ਰਹੀ ਕਤਰ ਮੂਲ ਦੀ ਔਰਤ ਕਹਿੰਦੀ ਹੈ, ‘‘ਕਤਰ ਦੇ ਕਾਨੂੰਨ ਤਹਿਤ ਕਈ ਧਾਰਮਿਕ ਤੱਤਾਂ ਨੇ ਮੈਨੂੰ ਇਸ ਹੱਦ ਤੱਕ ਮਾਨਸਿਕ ਰੂਪ ਨਾਲ ਪਰੇਸ਼ਾਨ ਕੀਤਾ ਕਿ ਮੈਂ ਆਤਮਹੱਤਿਆ ਤੱਕ ਬਾਰੇ ਸੋਚਣ ਲੱਗੀ ਸੀ।’’

ਉਹ ਕਹਿੰਦੀ ਹੈ, ‘‘ਆਪਣੀ ਜ਼ਿੰਦਗੀ ਦੇ ਹਰ ਜ਼ਰੂਰੀ ਅਤੇ ਅਹਿਮ ਫੈਸਲੇ ਲਈ ਆਪਣੇ ਪੁਰਸ਼ ਸਰਪ੍ਰਸਤ ਦੀ ਲਿਖਤੀ ਪ੍ਰਵਾਨਗੀ ਲੈਣਾ ਲਾਜ਼ਮੀ ਹੁੰਦਾ ਹੈ।’’

‘‘ਜੇਕਰ ਤੁਹਾਡੇ ਕੋਲ ਇਹ ਪ੍ਰਵਾਨਗੀ ਨਹੀਂ ਹੈ ਤਾਂ ਤੁਸੀਂ ਫੈਸਲਾ ਨਹੀਂ ਲੈ ਸਕਦੇ ਹੋ, ਚਾਹੇ ਫਿਰ ਇਹ ਕਾਲਜ ਵਿੱਚ ਦਾਖਲਾ ਲੈਣਾ ਹੈ, ਵਿਦੇਸ਼ ਵਿੱਚ ਪੜ੍ਹਨਾ ਹੋਵੇ, ਵਿਆਹ ਕਰਨਾ ਹੋਵੇ ਜਾਂ ਫਿਰ ਤਲਾਕ ਲੈਣਾ ਹੋਵੇ।’’

ਹਾਲਾਂਕਿ, ਕਤਰ ਦੇ ਸਾਰੇ ਪਰਿਵਾਰ ਇਸ ਜਟਿਲ ਵਿਵਸਥਾ ਦਾ ਸਖ਼ਤੀ ਨਾਲ ਪਾਲਣ ਨਹੀਂ ਕਰਦੇ ਹਨ।

ਸ਼ਾਈਮਾ ਸ਼ਰੀਫ਼ ਅੰਬ੍ਰੇਸ ਦੋਹਾ ਨਾਂ ਦੇ ਸੰਸਕ੍ਰਿਤਕ ਸੰਗਠਨ ਦੀ ਸਹਿ ਸੰਸਥਾਪਕ ਹੈ। ਇਹ ਸੰਗਠਨ ਕਤਰ ਵਿੱਚ ਰਹਿ ਰਹੇ ਪਰਵਾਸੀਆਂ ਅਤੇ ਬਾਹਰ ਤੋਂ ਆਉਣ ਵਾਲੇ ਲੋਕਾਂ ਵਿੱਚ ਕਤਰ ਪ੍ਰਤੀ ਜਾਗਰੂਕਤਾ ਫੈਲਾਉਣ ਦਾ ਕੰਮ ਕਰਦਾ ਹੈ।

ਸ਼ਾਈਮਾ ਕਹਿੰਦੀ ਹੈ ਕਿ ਪੁਰਸ਼ ਸਰਪ੍ਰਸਤ ਦਾ ਸਿਧਾਂਤ ਕਾਨੂੰਨ ਤਹਿਤ ਨਹੀਂ ਬਲਕਿ ਪਰਿਵਾਰਕ ਵਿਵਸਥਾ ਤਹਿਤ ਕੰਮ ਕਰਦਾ ਹੈ ਅਤੇ ਇਹ ਇਸ ’ਤੇ ਨਿਰਭਰ ਕਰਦਾ ਹੈ ਕਿ ਕਿਹੜਾ ਪਰਿਵਾਰ ਕਿੰਨਾ ਰੂੜੀਵਾਦੀ ਹੈ।

ਸ਼ਰੀਫ਼ ਕਹਿੰਦੀ ਹੈ ਕਿ ਕਤਰ ਵਿੱਚ ਉਦਾਰਵਾਦੀ ਮਾਹੌਲ ਵੀ ਹੈ ਜਿੱਥੇ ਔਰਤਾਂ ਸਸ਼ਕਤ ਮਹਿਸੂਸ ਕਰਦੀਆਂ ਹਨ।

BBC

ਕੀ ਹੈ ਪ੍ਰਥਾ

  • ਕਤਰ ਵਿੱਚ ਫੁੱਟਬਾਲ ਵਰਲਡ ਕੱਪ ਚੱਲ ਰਿਹਾ ਹੈ।
  • ਇੱਥੇ ਇਸਲਾਮ ਦੇ ਸਿਧਾਂਤਾਂ ਦੀ ਵਿਆਖਿਆ ਵੀ ਆਪਣੀ ਤਰ੍ਹਾਂ ਨਾਲ ਹੁੰਦੀ ਹੈ।
  • ਦੇਸ਼ ਵਿੱਚ ਰੂੜੀਵਾਦੀ ਅਤੇ ਪ੍ਰਗਤੀਸ਼ੀਲ ਦੋਵੇਂ ਪਰਿਵਾਰ ਹਨ।
  • ਕਤਰ ਵਿੱਚ ਔਰਤਾਂ ਪੁਰਸ਼ਾਂ ਦੀ ਸਰਪ੍ਰਸਤੀ ਵਿੱਚ ਰਹਿੰਦੀਆਂ ਹਨ।
BBC

ਕੀ ਹੈ ਇਹ ਵਿਵਸਥਾ?

ਦੋਹਾ ਦੀ ਬਿਨ ਖ਼ਲੀਫਾ ਯੂਨੀਵਰਸਿਟੀ ਵਿੱਚ ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੇ ਪ੍ਰੋਫੈਸਰ ਇਲੇਨੀ ਪੋਲੀਮੇਨੋਪਾਲੂ ਕਹਿੰਦੇ ਹਨ ਕਿ ਕਤਰ ਇੱਕ ਇਸਲਾਮੀ ਰਾਸ਼ਟਰ ਹੈ ਅਤੇ ਸ਼ਰੀਆ ਇੱਥੋਂ ਦੇ ਕਾਨੂੰਨ ਦਾ ਮੂਲ ਸਰੋਤ ਹੈ।

ਉਹ ਕਹਿੰਦੇ ਹਨ, ‘‘ਪਰ ਸ਼ਰੀਆ ਦੇ ਨਿਯਮ ਬਹੁਤ ਵਿਭਿੰਨ ਹਨ। ਇਸ ਨੂੰ ਲੈ ਕੇ ਕਈ ਵਿਚਾਰਧਾਰਾਵਾਂ ਵੀ ਹਨ, ਕੁਝ ਬਹੁਤ ਸਖ਼ਤ ਹਨ, ਕੁਝ ਉਦਾਰ ਹਨ, ਕੁਝ ਆਧੁਨਿਕ ਅਤੇ ਸੁਧਾਰਵਾਦੀ ਵੀ ਹਨ।’’ 

ਕਤਰ ਦੇ ਸੰਵਿਧਾਨ ਦੇ ਅਨੁਛੇਦ 35 ਤਹਿਤ ਕਾਨੂੰਨ ਦੀ ਨਜ਼ਰ ਵਿੱਚ ਸਭ ਬਰਾਬਰ ਹੈ ਅਤੇ ਉਨ੍ਹਾਂ ਵਿੱਚ ਲਿੰਗ, ਨਸਲ, ਭਾਸ਼ਾ ਜਾਂ ਧਰਮ ਦੇ ਆਧਾਰ ’ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ।

2019 ਵਿੱਚ ਮਨੁੱਖੀ ਅਧਿਕਾਰ ਸੰਗਠਨ ਹਿਊਮਨ ਰਾਈਟਸ ਵਾਚ ਨੇ ਇੱਕ ਵਿਸਥਾਰਤ ਰਿਪੋਰਟ ਵਿੱਚ ਜ਼ੈਨਬ ਵਰਗੀਆਂ ਕਈ ਲੜਕੀਆਂ ਦੀ ਆਪਬੀਤੀ ਪ੍ਰਕਾਸ਼ਿਤ ਕੀਤੀ ਸੀ।

Getty Images

ਇਸ ਰਿਪੋਰਟ ਵਿੱਚ ਐੱਚਆਰਡਬਲਯੂ ਨੇ ਕਿਹਾ ਸੀ ਕਿ ਪੁਰਸ਼ ਸਰਪ੍ਰਸਤ ਦੀ ਵਿਵਸਥਾ ਕਾਨੂੰਨੀ ਰੂਪ ਨਾਲ ਸਪੱਸ਼ਟ ਨਹੀਂ ਹੈ।

ਰਿਪੋਰਟ ਵਿੱਚ ਕਿਹਾ ਗਿਆ ਸੀ, ‘‘ਇਹ ਕਈ ਕਾਨੂੰਨਾਂ, ਨੀਤੀਆਂ ਅਤੇ ਪ੍ਰਥਾਵਾਂ ਦਾ ਮਿਸ਼ਰਣ ਹੈ, ਜਿਸ ਤਹਿਤ ਬਾਲਗ ਔਰਤਾਂ ਨੂੰ ਖਾਸ ਗਤੀਵਿਧੀਆਂ ਲਈ ਪੁਰਸ਼ ਸਰਪ੍ਰਸਤ ਦੀ ਆਗਿਆ ਲੈਣਾ ਲਾਜ਼ਮੀ ਹੁੰਦਾ ਹੈ।’’

ਪਿਤਾ, ਭਾਈ, ਗੌਡ ਫਾਦਰ ਜਾਂ ਪਤੀ ਕਿਸੇ ਔਰਤ ਦੇ ਪੁਰਸ਼ ਸਰਪ੍ਰਸਤ ਹੋ ਸਕਦੇ ਹਨ।

ਹਾਲਾਂਕਿ, ਕਤਰ ਦੀ ਸਰਕਾਰ ਨੇ ਐੱਚਆਰਡਬਲਯੂ ਦੀ ਰਿਪੋਰਟ ਨੂੰ ਤਰੁੱਟੀਪੂਰਨ ਦੱਸਦੇ ਹੋਏ ਕਿਹਾ ਸੀ ਕਿ ਔਰਤਾਂ ਦੇ ਬਿਆਨ ਕਾਨੂੰਨ ਤਹਿਤ ਨਹੀਂ ਹਨ, ਹਾਲਾਂਕਿ ਸਰਕਾਰ ਨੇ ਕਿਹਾ ਸੀ ਕਿ ਉਹ ਇਨ੍ਹਾਂ ਦੋਸ਼ਾਂ ਦੀ ਜਾਂਚ ਕਰੇਗੀ ਅਤੇ ਕਾਨੂੰਨ ਤੋੜਨ ਵਾਲਿਆਂ ’ਤੇ ਮੁਕੱਦਮੇਂ ਚਲਾਏਗੀ।

ਪ੍ਰੋਫੈਸਰ ਇਲੇਨੀ ਪੋਲੀਮੇਨੋਪਾਲੂ ਕਹਿੰਦੇ ਹਨ, ‘‘ਉਦਾਰਵਾਦੀ ਪਰਿਵਾਰ ਦੀਆਂ ਔਰਤਾਂ ਨੂੰ ਬਹੁਤ ਕੁਝ ਕਰਨ ਦੀ ਆਜ਼ਾਦੀ ਹੁੰਦੀ ਹੈ, ਪਰ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਘਰ ਤੋਂ ਬਾਹਰ ਨਿਕਲਣ ਲਈ ਵੀ ਪੁਰਸ਼ ਸਰਪ੍ਰਸਤ ਦੀ ਆਗਿਆ ਚਾਹੀਦੀ ਹੁੰਦੀ ਹੈ। ਉਦਾਹਰਨ ਲਈ ਇਹੀ ਸਭ ਤੋਂ ਵੱਡੀ ਸਮੱਸਿਆ ਹੈ।’’

ਉਹ ਕਹਿੰਦੇ ਹਨ, ‘‘ਮੇਰੇ ਵਿਦਿਆਰਥੀ ਅਕਸਰ ਇਹ ਚਰਚਾ ਕਰਦੇ ਹਨ ਕਿ ਇਸ ਕਾਨੂੰਨ ਨੂੰ ਕਿਵੇਂ ਬਦਲਿਆ ਜਾਵੇ, ਇਹ ਇਸ ਤਰ੍ਹਾਂ ਕਿਉਂ ਕੰਮ ਕਰਦਾ ਹੈ ਅਤੇ ਉਨ੍ਹਾਂ ’ਤੇ ਨਜ਼ਰ ਕਿਉਂ ਰੱਖੀ ਜਾਂਦੀ ਹੈ। ਹਾਲਾਂਕਿ, ਬਹੁਤ ਸਾਰੇ ਵਿਦਿਆਰਥੀ ਜ਼ਿਆਦਾ ਰੂੜੀਵਾਦੀ ਵੀ ਹਨ।’’

BBC

ਇਹ ਵੀ ਪੜ੍ਹੋ :

BBC

‘‘ਪੱਛਮੀ ਵਿਚਾਰ’’

ਜ਼ੈਨਬ ਦੇ ਪਿਤਾ ਰੂੜੀਵਾਦੀ ਹਨ ਅਤੇ ਇਸ ਵਜ੍ਹਾ ਨਾਲ ਉਹ ਆਪਣੀ ਮਰਜ਼ੀ ਨਾਲ ਜ਼ਿੰਦਗੀ ਨਹੀਂ ਜੀ ਸਕੀ।

ਉਹ ਕਹਿੰਦੀ ਹੈ ਕਿ ਕਤਰ ਦੇ ਉਦਾਰਵਾਦੀ ਪਰਿਵਾਰਾਂ ਦੀਆਂ ਉਹ ਔਰਤਾਂ ਜਿਨ੍ਹਾਂ ’ਤੇ ਬਹੁਤ ਪਾਬੰਦੀਆਂ ਨਹੀਂ ਹਨ, ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੋ ਸਕਦਾ ਕਿ ਪੁਰਸ਼ ਸਰਪ੍ਰਸਤ ਦੀ ਇਹ ਵਿਵਸਥਾ ਔਰਤਾਂ ਲਈ ਕਿੰਨੀ ਹਾਨੀਕਾਰਕ ਹੈ।

ਜ਼ੈਨਬ ਕਹਿੰਦੀ ਹੈ ਕਿ ਇਸ ਵਿਵਸਥਾ ਦੀ ਵਜ੍ਹਾ ਨਾਲ ਕਤਰ ਵਿੱਚ ਔਰਤਾਂ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਹ ਕਹਿੰਦੀ ਹੈ ਕਿ ਕਤਰ ਦੇ ਕਾਨੂੰਨ ਵੀ ਰੂੜੀਵਾਦੀ ਪਰਿਵਾਰਾਂ ਦੇ ਹਿੱਤਾਂ ਵਿੱਚ ਹੀ ਕੰਮ ਕਰਦੇ ਹਨ ਤਾਂ ਕਿ ਉਨ੍ਹਾਂ ਨੂੰ ਸੰਤੁਸ਼ਟ ਰੱਖਿਆ ਜਾ ਸਕੇ। ਉਹ ਕਹਿੰਦੀ ਹੈ, ‘‘ਰੂੜੀਵਾਦੀ ਇਹ ਮੰਨਦੇ ਹਨ ਕਿ ਮਹਿਲਾ ਅਧਿਕਾਰ ਪੱਛਮੀ ਵਿਚਾਰ ਹੈ ਅਤੇ ਇਹ ਇਸਲਾਮ ਦੀਆਂ ਕਦਰਾਂ-ਕੀਮਤਾਂ, ਪਰੰਪਰਾਵਾਂ ਅਤੇ ਸੰਸਕ੍ਰਿਤੀ ਦੇ ਖਿਲਾਫ਼ ਹੈ।’’

ਜ਼ੈਨਬ ਨੇ ਬੀਬੀਸੀ ਨੂੰ ਕਿਹਾ ਕਿ ਉਸ ਦੇ ਅਨੁਭਵਾਂ ਬਾਰੇ ਵਿਸਥਾਰ ਨਾਲ ਨਾ ਲਿਖਿਆ ਜਾਵੇ। ਉਹ ਆਪਣੀ ਪਹਿਚਾਣ ਨੂੰ ਲੈ ਕੇ ਚਿੰਤਤ ਸੀ।

ਜ਼ੈਨਬ ਨੂੰ ਡਰ ਹੈ ਕਿ ਜੇਕਰ ਉਸ ਬਾਰੇ ਪਤਾ ਚੱਲਿਆ ਤਾਂ ਉਸ ਦੇ ਪਰਿਵਾਰ ਨੂੰ ਵੀ ਦਿੱਕਤਾਂ ਹੋ ਸਕਦੀਆਂ ਹਨ।

ਉੱਥੇ ਹੀ ਵਿਸ਼ਵ ਕੱਪ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਵਸਥਾ ਅਤੇ ਹੋਰ ਕਾਰਨਾਂ ਨਾਲ ਜੋ ਕਤਰ ਦੀ ਆਲੋਚਨਾ ਕੀਤੀ ਜਾ ਰਹੀ ਹੈ, ਉਸ ਦਾ ਕੋਈ ਆਧਾਰ ਨਹੀਂ ਹੈ।

Getty Images

ਦੋਹਾ ਦੀ ਐਜੂਕੇਸ਼ਨ ਸਿਟੀ ਵਿੱਚ ਰਹਿਣ ਵਾਲੇ ਵਿਦਿਆਰਥੀ ਮੋਸੇਲੇ ਕਹਿੰਦੇ ਹਨ, ‘‘ਪੱਛਮੀ ਸੰਸਥਾਨਾਂ ਨੂੰ ਇੱਥੇ ਆ ਕੇ ਇਹ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ।’’

ਉਹ ਕਹਿੰਦੇ ਹਨ, ‘‘ਇਹ ਸਾਡਾ ਦੇਸ਼ ਹੈ ਅਤੇ ਸਾਡੇ ਕੋਲ ਇਸ ਨੂੰ ਉਸ ਦਿਸ਼ਾ ਵਿੱਚ ਅੱਗੇ ਵਧਾਉਣ ਦਾ ਅਵਸਰ ਹੈ ਜਿਸ ’ਤੇ ਅਸੀਂ ਯਕੀਨ ਕਰਦੇ ਹਾਂ, ਨਾ ਕਿ ਉਸ ਤਰੀਕੇ ਨਾਲ ਜੋ ਸਾਡੇ ’ਤੇ ਥੋਪਿਆ ਜਾ ਰਿਹਾ ਹੈ।’’

ਕਤਰ ਦੀ ਇੱਕ ਸੱਚਾਈ ਇਹ ਵੀ ਹੈ ਕਿ ਇੱਥੇ ਅਜਿਹੀਆਂ ਰੂੜੀਵਾਦੀ ਔਰਤਾਂ ਵੀ ਹਨ ਜੋ ਇਸ ਵਿਵਸਥਾ ਵਿੱਚ ਯਕੀਨ ਰੱਖਦੀਆਂ ਹਨ ਅਤੇ ਇਸ ਦਾ ਪਾਲਣ ਕਰਦੀਆਂ ਹਨ।

ਕਤਰ ਵਿੱਚ ਇੱਕ ਦਹਾਕੇ ਤੋਂ ਜ਼ਿਆਦਾ ਤੱਕ ਕੰਮ ਕਰਨ ਵਾਲੀ ਕੋਲੰਬੀਆ ਦੀ ਇੱਕ ਔਰਤ ਦੱਸਦੀ ਹੈ ਕਿ ਕਤਰ ਦੀਆਂ ਰੂੜੀਵਾਦੀ ਔਰਤਾਂ ਨੇ ਕਈ ਵਾਰ ਉਸ ਦੇ ਪਹਿਰਾਵੇ ਲਈ ਉਸ ਨੂੰ ਟੋਕਿਆ।

ਉਸ ਨੂੰ ਕਈ ਥਾਵਾਂ ’ਤੇ ਜਾਣ ਲਈ ਇਹ ਕਹਿੰਦੇ ਹੋਏ ਰੋਕ ਦਿੱਤਾ ਕਿ ਤੁਹਾਡੇ ਕੱਪੜੇ ਅਨੁਕੂਲ ਨਹੀਂ ਹਨ।

ਉਹ ਕਹਿੰਦੀ ਹੈ, ‘‘ਅਧਿਕਾਰੀ ਆਮ ਤੌਰ ’ਤੇ ਉਨ੍ਹਾਂ ਦਾ ਪੱਖ ਲੈਂਦੇ ਹਨ। ਰੂੜੀਵਾਦੀ ਇਸ ਨੂੰ ਆਪਣੀਆਂ ਕਦਰਾਂ ਕੀਮਤਾਂ ਦੇ ਖਿਲਾਫ਼ ਅਪਰਾਧ ਮੰਨ ਲੈਂਦੇ ਹਨ।’’

ਉਹ ਕਹਿੰਦੀ ਹੈ, ‘‘ਮੈਂ ਕਤਰ ਵਿੱਚ ਰਹਿੰਦੀ ਹਾਂ ਅਤੇ ਮੈਨੂੰ ਇਸ ਬਾਰੇ ਬਹੁਤ ਕੁਝ ਨਹੀਂ ਬੋਲਣਾ ਚਾਹੀਦਾ।’’

ਕਾਬਲੀਅਤ ਰੱਖਣ ਵਾਲੀ ਪੀੜ੍ਹੀ

ਕਤਰ ਦੀ ਸਰਕਾਰ ਨੇ ਐੱਚਆਰਡਬਲਯੂ ਦੀ ਰਿਪੋਰਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਔਰਤਾਂ ਦਾ ਸਸ਼ਕਤੀਕਰਨ ਕਤਰ ਦੀ ਕਾਮਯਾਬੀ ਅਤੇ ਵਿਜ਼ਨ ਦੇ ਕੇਂਦਰ ਵਿੱਚ ਹੈ।

‘‘ਕਤਰ ਵਿੱਚ ਔਰਤਾਂ ਜੀਵਨ ਦੇ ਹਰ ਪਹਿਲੂ ਵਿੱਚ ਮੋਹਰੀ ਭੂਮਿਕਾ ਵਿੱਚ ਹਨ, ਇਸ ਵਿੱਚ ਰਾਜਨੀਤਕ, ਆਰਥਿਕ ਅਤੇ ਫੈਸਲੇ ਲੈਣ ਦੀ ਭੂਮਿਕਾ ਵੀ ਸ਼ਾਮਲ ਹੈ।’’

‘‘ਲਿੰਗਕ ਬਰਾਬਰੀ ਦੇ ਸਾਰੇ ਸੂਚਕਾਂਕਾਂ ਵਿੱਚ ਕਤਰ ਇਸ ਖੇਤਰ ਵਿੱਚ ਸਭ ਤੋਂ ਅੱਗੇ ਹੈ। ਰੁਜ਼ਗਾਰ ਵਿੱਚ ਔਰਤਾਂ ਦੀ ਹਿੱਸੇਦਾਰੀ ਕਤਰ ਵਿੱਚ ਖੇਤਰ ਵਿੱਚ ਸਭ ਤੋਂ ਜ਼ਿਆਦਾ ਹੈ।’’

‘‘ਵੇਤਨ ਦੀ ਬਰਾਬਰੀ ਅਤੇ ਸਰਕਾਰੀ ਨੌਕਰੀਆਂ ਵਿੱਚ ਵੀ ਔਰਤਾਂ ਅੱਗੇ ਹਨ। ਇਸ ਦੇ ਇਲਾਵਾ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਵਿੱਚ ਕਤਰ ਦੀਆਂ ਔਰਤਾਂ ਦਾ ਪ੍ਰਤੀਸ਼ਤ ਸਭ ਤੋਂ ਜ਼ਿਆਦਾ ਹੈ।’’

ਸ਼ਾਈਮਾ ਸ਼ਰੀਫ਼ ਕਤਰ ਦੀਆਂ ਸਸ਼ਕਤ ਔਰਤਾਂ ਵਿੱਚ ਸ਼ਾਮਲ ਹੈ ਅਤੇ ਉਹ ਇਸੀ ਤਰ੍ਹਾਂ ਦੀਆਂ ਉਪਲੱਬਧੀਆਂ ’ਤੇ ਧਿਆਨ ਕੇਂਦਰਿਤ ਰੱਖਣਾ ਚਾਹੁੰਦੀ ਹੈ।

ਸ਼ਰੀਫ਼ ਕਹਿੰਦੀ ਹੈ, ‘‘ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਗਲਤਫਹਿਮੀਆਂ ਹਨ, ਪਰ ਜਦੋਂ ਉਹ ਇੱਥੇ ਆਉਂਦੇ ਹਨ ਤਾਂ ਇਹ ਦੂਰ ਹੋ ਜਾਂਦੀਆਂ ਹਨ।’’

‘‘ਔਰਤਾਂ ਨਾਲ ਜੁੜੇ ਅੰਕੜੇ ਆਪਣੇ ਆਪ ਵਿੱਚ ਉਚਿਤ ਹਨ। ਕਤਰ ਵਿੱਚ ਮਾਸਟਰਸ ਡਿਗਰੀ ਅਤੇ ਪੀਐੱਚਡੀ ਵਾਲੀਆਂ ਔਰਤਾਂ ਦੀ ਗਿਣਤੀ ਆਈਵੀ ਲੀਗ ਯੂਨੀਵਰਸਿਟੀ ਤੋਂ ਵੀ ਜ਼ਿਆਦਾ ਹੈ।’’

ਉਹ ਕਹਿੰਦੀ ਹੈ, ‘‘ਕਤਰ ਦੀਆਂ ਔਰਤਾਂ ਬਹੁਤ ਸਮਾਰਟ ਹਨ ਅਤੇ ਪਿਛਲੇ ਪੰਜ ਸਾਲਾਂ ਵਿੱਚ ਇੱਥੇ ਬਹੁਤ ਕੁਝ ਬਦਲ ਗਿਆ ਹੈ। ਲਿੰਗਕ ਗੈਰ-ਬਰਾਬਰੀ ਘੱਟ ਕਰਨ ਲਈ ਕਤਰ ਵਿੱਚ ਬਹੁਤ ਕੁਝ ਕੀਤਾ ਜਾ ਰਿਹਾ ਹੈ।’’

‘‘ਕਤਰ ਵਿੱਚ ਮਾਂ ਬਣਨ ਵਾਲੀਆਂ ਔਰਤਾਂ ਦਾ ਬਹੁਤ ਸਮਰਥਨ ਕੀਤਾ ਜਾਂਦਾ ਹੈ। ਦੁਨੀਆ ਦੇ ਬਹੁਤ ਸਾਰੇ ਪੱਛਮੀ ਦੇਸ਼ਾਂ ਵਿੱਚ ਵੀ ਅਜਿਹੀਆਂ ਵਿਵਸਥਾਵਾਂ ਨਹੀਂ ਹਨ।’’

ਸ਼ਰੀਫ਼ ਉੱਦਮੀ ਹੈ ਅਤੇ ਪੁਰਾਤਨ ਵਿਗਿਆਨ ਵਿੱਚ ਗ੍ਰੈਜੂਏਟ ਹੈ। ਉਹ ਕਹਿੰਦੀ ਹੈ ਕਿ ਪੱਛਮੀ ਮੀਡੀਆ ਜਦੋਂ ਮਹਿਲਾ ਅਧਿਕਾਰਾਂ ’ਤੇ ਗੱਲ ਕਰਦਾ ਹੈ ਤਾਂ ਉਸ ਨੂੰ ਕਤਰ ਦਾ ਇਹ ਪੱਖ ਵੀ ਦਿਖਾਉਣਾ ਚਾਹੀਦਾ ਹੈ।

ਉਹ ਕਹਿੰਦੀ ਹੈ, ‘‘ਜ਼ਾਹਿਰ ਹੈ, ਇੱਥੇ ਸਭ ਕੁਝ ਪਰਫੈਕਟ ਨਹੀਂ ਹੈ ਅਤੇ ਸਾਨੂੰ ਵੀ ਬਹੁਤ ਸੁਧਾਰ ਕਰਨੇ ਹਨ। ਪਰ ਸਾਡੇ ਇੱਥੇ ਬਹੁਤ ਸਾਰੀਆਂ ਸਸ਼ਕਤ ਔਰਤਾਂ ਹਨ ਜੋ ਅਗਵਾਈ ਦਾ ਹਿੱਸਾ ਹਨ ਅਤੇ ਜੋ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਪਾਸੇ ਕਰ ਰਹੀਆਂ ਹਨ।’’