ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਚਮਤਕਾਰ ਦਿਖਾਉਣ ਲਈ ਕਿਹਾ

11/28/2022 8:57:06 AM

Getty Images

11 ਅਗਸਤ 1664 ਨੂੰ ਦਿੱਲੀ ਤੋਂ ਸਿੱਖਾਂ ਦਾ ਇੱਕ ਜੱਥਾ ਪੰਜਾਬ ਦੇ ਪਿੰਡ ਬਕਾਲਾ ਪਹੁੰਚਿਆ।

ਛੇ ਮਹੀਨੇ ਪਹਿਲਾਂ, ਸਿੱਖਾਂ ਦੇ ਅੱਠਵੇਂ ਗੁਰੂ ਸ਼੍ਰੀ ਗੁਰੂ  ਹਰਕ੍ਰਿਸ਼ਨ ਜੀ ਨੇ ਆਪਣੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਉੱਤਰਾਧਿਕਾਰੀ ਬਕਾਲਾ ਵਿਖੇ ਮਿਲੇਗਾ।

ਬਕਾਲਾ ਵਿੱਚ ਸਿੱਖਾਂ ਦਾ ਇੱਕ ਵਿਸ਼ੇਸ਼ ਇਕੱਠ ਬੁਲਾਇਆ ਗਿਆ ਅਤੇ ਗੁਰੂ ਗੱਦੀ ਤੇਗ ਬਹਾਦਰ ਨੂੰ ਦੇਣ ਦਾ ਐਲਾਨ ਕੀਤਾ ਗਿਆ।

ਇੱਕ ਰਵਾਇਤੀ ਸਮਾਗਮ ਵਿੱਚ ਗੁਰਦਿੱਤਾ ਰੰਧਾਵਾ ਨੇ ਗੁਰੂ ਜੀ ਦੇ ਮੱਥੇ ''''ਤੇ ਕੇਸਰ ਦਾ ਤਿਲਕ ਲਗਾਇਆ, ਉਨ੍ਹਾਂ ਨੂੰ ਨਾਰੀਅਲ ਅਤੇ ਪੰਜ ਪੈਸੇ ਭੇਟ ਕੀਤੇ ਅਤੇ ਉਨ੍ਹਾਂ ਨੂੰ ਗੁਰੂ ਗੱਦੀ ''''ਤੇ ਬਿਠਾਇਆ।

ਸ਼ੁਰੂ-ਸ਼ੁਰੂ ’ਚ ਗੁਰੁ ਤੇਗ ਬਹਾਦਰ ਜੀ ਉਨ੍ਹਾਂ ਲੋਕਾਂ ’ਚੋਂ ਨਹੀਂ ਸਨ ਜੋ ਕਿ ਬਹੁਤ ਬੋਲਦੇ ਰਹੇ ਹੋਣ।

ਖੁਸ਼ਵੰਤ ਸਿੰਘ ਆਪਣੀ ਕਿਤਾਬ ‘ ਅ ਹਿਸਟਰੀ ਆਫ਼ ਦ ਸਿੱਖਸ’ ’ਚ ਲਿਖਦੇ ਹਨ ਕਿ “ਪਿੱਠਭੂਮੀ ’ਚ ਰਹਿਣ ਦੇ ਉਨ੍ਹਾਂ ਦੇ ਸੁਭਾਅ ਦੇ ਕਾਰਨ ਹੀ ਗੁਰੂ ਤੇਗ ਬਹਾਦਰ ਜੀ ਆਮ ਲੋਕਾਂ ’ਚ ਮਸ਼ਹੂਰ ਹੋ ਗਏ ਸਨ। ਧੀਰਮੱਲ ਨੇ ਉਨ੍ਹਾਂ ਦਾ ਕਤਲ ਕਰਨ ਦਾ ਯਤਨ ਕੀਤਾ ਪਰ ਕਤਲ ਕਰਨ ਲਈ ਸੱਦੇ ਗਏ ਲੋਕ ਆਪਣੇ ਮਿਸ਼ਨ ’ਚ ਕਾਮਯਾਬ ਨਾ ਹੋ ਸਕੇ।”

 “ਤੇਗ ਬਹਾਦਰ ਜੀ ਬਕਾਲਾ ਛੱਡ ਕੇ ਅੰਮ੍ਰਿਤਸਰ ਚਲੇ ਗਏ, ਜਿੱਥੇ ਉਨ੍ਹਾਂ ਲਈ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਉੱਥੋਂ ਉਹ ਆਪਣੇ ਪਿਤਾ ਜੀ ਵੱਲੋਂ ਵਸਾਏ ਸ਼ਹਿਰ ਕੀਰਤਪੁਰ ਸਾਹਿਬ ਵਿਖੇ ਗਏ। ਉਸ ਤੋਂ ਬਾਅਦ ਉਨ੍ਹਾਂ ਨੇ ਕੀਰਤਪੁਰ ਸਾਹਿਬ ਤੋਂ ਪੰਜ ਕਿਲੋਮੀਟਰ ਦੂਰ ਇੱਕ ਨਵਾਂ ਪਿੰਡ ਅਨੰਦਪੁਰ ਵਸਾਇਆ।”

ਇਹ ਥਾਂ ਹੁਣ ਸ਼੍ਰੀ ਆਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ।

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਗ੍ਰਿਫ਼ਤਾਰੀ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1621 ਈ. ਨੂੰ ਸਿੱਖਾਂ ਦੇ ਛੇਵੇਂ ਗੁਰੁ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਹੋਇਆ ਸੀ।

ਉਹ ਛੇਵੀਂ ਪਾਤਸ਼ਾਹੀ ਦੇ ਸਭ ਤੋਂ ਛੋਟੇ ਪੁੱਤਰ ਸਨ।

ਕੁਝ ਦਿਨ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਰਹਿਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੂਰਬੀ ਭਾਰਤ ਦਾ ਦੌਰਾ ਕਰਨ ਦਾ ਫੈਸਲਾ ਲਿਆ।

ਰਸਤੇ ’ਚ ਹੀ ਉਨ੍ਹਾਂ ਨੂੰ ਆਲਮ ਖ਼ਾਨ ਦੀ ਅਗਵਾਈ ਵਾਲੀ ਮੁਗ਼ਲ ਸੈਨਿਕਾਂ ਦੀ ਟੁੱਕੜੀ ਨੇ ਹਿਰਾਸਤ ’ਚ ਲੈ ਲਿਆ ਅਤੇ ਉਨ੍ਹਾਂ ਨੂੰ ਦਿੱਲੀ ਲੈ ਆਏ।

ਉਨ੍ਹਾਂ ਦੀ ਗ੍ਰਿਫ਼ਾਤਰੀ ਕਿਉਂ ਹੋਈ, ਇਸ ਸਬੰਧ ’ਚ ਇਤਿਹਾਸਕਾਰ ਇਕਮਤ ਨਹੀਂ ਹਨ।

ਖੁਸ਼ਵੰਤ ਸਿੰਘ ਲਿਖਦੇ ਹਨ,  “ ਇਹ ਕਾਰਵਾਈ ਮੁਗ਼ਲ ਦਰਬਾਰ ’ਚ ਰਹਿੰਦੇ ਰਾਮ ਰਾਏ ਦੇ ਉਕਸਾਉਣ ਕਰਕੇ ਕੀਤੀ ਗਈ ਸੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ’ਤੇ ਸ਼ਾਂਤੀ ਭੰਗ ਕਰਨ ਦਾ ਦੋਸ਼ ਆਇਦ ਕੀਤਾ ਗਿਆ ਸੀ।”

ਇਤਿਹਾਸਕਾਰ ਫੌਜਾ ਸਿੰਘ ਇਸ ਨਾਲ ਸਹਿਮਤ ਨਹੀਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਰਾਮ ਰਾਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰੂ ਮੰਨ ਚੁੱਕੇ ਸਨ ਅਤੇ ਉਨ੍ਹਾਂ ਲਈ ਰਾਮ ਰਾਏ ਦੇ ਮਨ ’ਚ ਕੋਈ ਮਾੜਾ ਵਿਚਾਰ ਨਹੀਂ ਸੀ।

ਔਰੰਗਜ਼ੇਬ ਅੱਗੇ ਪੇਸ਼ੀ ਅਤੇ ਰਿਹਾਈ

Getty Images

ਸਰਬਪ੍ਰੀਤ ਸਿੰਘ ਆਪਣੀ ਕਿਤਾਬ ‘ਸਟੋਰੀ ਆਫ਼ ਦ ਸਿੱਖਸ’ ’ਚ ਲਿਖਦੇ ਹਨ, “ ਉਨ੍ਹਾਂ ਦੀ ਗ੍ਰਿਫ਼ਤਾਰੀ ਪਿੱਛੇ ਜੋ ਵੀ ਕਾਰਨ ਰਹੇ ਹੋਣ ਪਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 8 ਨਵੰਬਰ, 1665 ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਜਾਇਆ ਗਿਆ ਸੀ। ਉਨ੍ਹਾਂ ਨੂੰ ਔਰੰਗਜ਼ੇਬ ਅੱਗੇ ਪੇਸ਼ ਕੀਤਾ ਗਿਆ।”

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਸੰਬੋਧਿਤ ਕਰਦਿਆਂ ਕਿਹਾ, “ ਮੇਰਾ ਧਰਮ ਭਾਵੇਂ ਹਿੰਦੂ ਨਹੀਂ ਹੈ, ਮੈਂ ਭਾਵੇਂ ਵੇਦਾਂ ਦੀ ਮਹਾਨਤਾ, ਮੂਰਤੀ ਪੂਜਾ ਅਤੇ ਹੋਰ ਰੀਤੀ-ਰਿਵਾਜ਼ਾਂ ’ਚ ਯਕੀਨ ਨਹੀਂ ਕਰਦਾ ਹਾਂ, ਪਰ ਮੈਂ ਹਿੰਦੂਆਂ ਦੇ ਸਤਿਕਾਰ ਨਾਲ ਰਹਿਣ ਅਤੇ ਉਨ੍ਹਾਂ ਦੇ ਧਰਮਿਕ ਅਧਿਕਾਰਾਂ ਦੇ ਲਈ ਹਮੇਸ਼ਾਂ ਲੜ੍ਹਦਾ ਰਹਾਂਗਾ।”

ਪਰ ਔਰੰਗਜ਼ੇਬ ’ਤੇ ਗੁਰੂ ਜੀ ਦੇ ਇੰਨ੍ਹਾਂ ਸ਼ਬਦਾਂ ਦਾ ਕੋਈ ਅਸਰ ਨਾ ਹੋਇਆ।

ਔਰੰਗਜ਼ੇਬ ਦੇ ਦਰਬਾਰ ’ਚ ਮੌਜੂਦ ਕਈ ਉਲੇਮਾ ਨੇ ਉਸ ਦੇ ਕੰਨ ਭਰੇ ਕਿ ਗੁਰੂ ਜੀ ਦਾ ਵੱਧਦਾ ਪ੍ਰਭਾਵ ਇਸਲਾਮ ਲਈ ਖ਼ਤਰਾ ਹੋ ਸਕਦਾ ਹੈ।

BBC

ਗੁਰੂ ਤੇਗ ਬਹਾਦਰ ਜੀ ਦਾ ਜੀਵਨ

  • ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਦੇ ਧਰਮ ਦੀ ਰੱਖਿਆ ਲਈ ਕੁਰਬਾਨੀ ਦਿੱਤੀ
  • ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1621 ਈ. ਵਿੱਚ ਹੋਇਆ ਸੀ
  • ਉਹ ਛੇਵੀਂ ਪਾਤਸ਼ਾਹੀ ਦੇ ਸਭ ਤੋਂ ਛੋਟੇ ਪੁੱਤਰ ਸਨ
  • 11 ਜੁਲਾਈ, 1675 ਨੂੰ ਗੁਰੂ ਜੀ ਪੰਜ ਪੈਰੋਕਾਰਾਂ ਨਾਲ ਦਿੱਲੀ ਵੱਲ ਨੂੰ ਰਵਾਨਾ ਹੋਏ
  • ਰੋਪੜ ਥਾਣੇ ਦੇ ਹਾਕਿਮ ਨੇ ਮਲਿਕਪੁਰ ਦੇ ਰੰਘੜਾਂ ਪਿੰਡ ਤੋਂ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ
  • ਜਦੋਂ ਜਲਾਦ ਜਲਾਲੂਦੀਨ ਨੇ ਗੁਰੂ ਜੀ ਦਾ ਸੀਸ ਧੜ੍ਹ ਨਾਲੋਂ ਵੱਖ ਕੀਤਾ ਤਾਂ ਭੀੜ ‘ਚ ਸਨਾਟਾ ਛਾ ਗਿਆ
  • ਇਸ ਸ਼ਹਾਦਤ ਤੋਂ ਬਾਅਦ ਮੁਗਲਾਂ ਦੇ ਪਤਨ ਦੀ ਸ਼ੁਰੂਆਤ ਹੋਈ
BBC

ਇਕ ਸਮੇਂ ਤਾਂ ਔਰੰਗਜ਼ੇਬ ਨੇ ਗੁਰੂ ਜੀ ਨੂੰ ਮੌਤ ਦੀ ਸਜ਼ਾ ਦੇਣ ਦਾ ਫੈਸਲਾ ਕਰ ਲਿਆ ਸੀ, ਪਰ ਬਾਦਸ਼ਾਹ ਦੇ ਇੱਕ ਰਾਜਪੂਤ ਮੰਤਰੀ ਰਾਜਾ ਰਾਮ ਸਿੰਘ ਨੇ ਗੁਰੁ ਜੀ ਨੂੰ ਜਿਉਂਦਾ ਛੱਡਣ ਲਈ ਬੇਨਤੀ ਕੀਤੀ ਸੀ, ਜਿਸ ਨੂੰ ਕਿ ਔਰੰਗਜ਼ੇਬ ਨੇ ਮੰਨ ਵੀ ਲਿਆ ਸੀ।

ਇੱਕ ਮਹੀਨੇ ਬਾਅਦ ਗੁਰੂ ਜੀ ’ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਵਾਪਸ ਲੈਂਦਿਆ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਰਿਹਾਅ ਹੁੰਦਿਆਂ ਹੀ ਗੁਰੂ ਜੀ ਨੇ ਪੂਰਬ ਵੱਲ ਆਪਣੀ ਯਾਤਰਾ ਮੁੜ ਸ਼ੁਰੂ ਕੀਤੀ ਅਤੇ ਉਹ ਮਥੁਰਾ, ਆਗਰਾ, ਕਾਨਪੁਰ, ਇਲਾਹਾਬਾਦ, ਵਾਰਾਣਸੀ, ਬੋਧਗਯਾ ਹੁੰਦੇ ਹੋਏ ਪਟਨਾ ਵਿਖੇ ਪਹੁੰਚੇ।

ਉੱਥੇ ਗੁਰੂ ਜੀ ਦੀ ਪਤਨੀ ਮਾਤਾ ਗੁਜਰੀ ਜੀ ਨੇ ਕੁਝ ਸਮਾਂ ਰੁਕਣ ਦਾ ਫੈਸਲਾ ਕੀਤਾ।

ਪਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪੈਰੋਕਾਰਾਂ ਨੂੰ ਮਿਲਣ ਲਈ ਢਾਕਾ ਵੱਲ ਰਵਾਨਾ ਹੋ ਗਏ।

ਢਾਕਾ ‘ਚ ਰਹਿੰਦਿਆਂ ਹੀ ਉਨ੍ਹਾਂ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਨੂੰ ਇੱਕ ਪੁੱਤਰ ਹੋਇਆ ਹੈ, ਜਿਸ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਹੈ ਜੋ ਕਿ ਬਾਅਦ ’ਚ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜਾਣੇ ਗਏ।

ਤਿੰਨ ਸਾਲ ਅਸਾਮ ’ਚ ਰਹੇ

ਇਸ ਦੌਰਾਨ ਔਰੰਗਜ਼ੇਬ ਨੇ ਕਾਮਰੂਪ ਦੇ ਰਾਜੇ ਦੀ ਬਗ਼ਾਵਤ ਨੂੰ ਦਬਾਉਣ ਦੀ ਜ਼ਿੰਮੇਵਾਰੀ ਰਾਜਾ ਰਾਮ ਸਿੰਘ ਨੂੰ ਸੌਂਪੀ।

ਉਨ੍ਹਾਂ ਦਿਨਾਂ ’ਚ ਕਾਮਰੂਪ ਨੂੰ ਇੱਕ ਖ਼ਤਰਨਾਕ ਥਾਂ ਮੰਨਿਆਂ ਜਾਂਦਾ ਸੀ, ਜੋ ਕਿ ਆਪਣੇ ਬਹਾਦਰ ਯੋਧਿਆਂ ਅਤੇ ‘ਕਾਲੇ ਜਾਦੂ’ ਲਈ ਬਹੁਤ ਮਸ਼ਹੂਰ ਸੀ।

ਰਾਜਾ ਰਾਮ ਸਿੰਘ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਧਿਆਤਮਿਕ ਸ਼ਕਤੀ ’ਚ ਬਹੁਤ ਸ਼ਰਧਾ ਸੀ।

ਰਾਜਾ ਰਾਮ ਸਿੰਘ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਹ ਕਾਮਰੂਪ ਦੀ ਮੁਹਿੰਮ ’ਚ ਉਨ੍ਹਾਂ ਦੇ ਨਾਲ ਚੱਲਣ।

ਗੁਰੂ ਜੀ ਰਾਜਾ ਰਾਮ ਸਿੰਘ ਨੂੰ ਮਨਾ ਨਾ ਕਰ ਸਕੇ।

ਸਰਬਪ੍ਰੀਤ ਸਿੰਘ ਲਿਖਦੇ ਹਨ, “ਇਸ ਯੁੱਧ ਦੌਰਾਨ ਗੁਰੂ ਜੀ ਅਸਾਮ ’ਚ ਲਗਭਗ ਤਿੰਨ ਸਾਲ ਰਹੇ। ਇਸ ਦੌਰਾਨ ਕਈ ਵਾਰ ਉਨ੍ਹਾਂ ਨੇ ਵਿਚੋਲੇ ਦੀ ਭੂਮਿਕਾ ਵੀ ਅਦਾ ਕੀਤੀ।”

“ਮਾਰਚ 1672 ’ਚ ਗੁਰੂ ਜੀ ਚੱਕ ਨਾਨਕੀ ਦੀ ਆਪਣੀ ਗੱਦੀ ’ਤੇ ਪਰਤ ਆਏ। ਉਨ੍ਹਾਂ ਦੀਆਂ ਯਾਤਰਾਵਾਂ ਉਹਨਾਂ ਨੂੰ ਅਜਿਹੀਆਂ ਥਾਵਾਂ ’ਤੇ ਲੈ ਗਈਆਂ ਜਿੱਥੇ ਕਿ ਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਹੋਰ ਕੋਈ ਸਿੱਖ ਗੁਰੂ ਨਹੀਂ ਗਏ ਸਨ।”

BBC

ਇਹ ਵੀ ਪੜ੍ਹੋ:

ਕਸ਼ਮੀਰ ਦੇ ਪੰਡਿਤਾਂ ਦੀ ਗੁਜ਼ਾਰਿਸ਼

25 ਮਈ, 1675 ਨੂੰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਨੰਦਪੁਰ ਸਾਹਿਬ ਵਿਖੇ ਇੱਕ ਸੰਗਤ ’ਚ ਬੈਠੇ ਸਨ ਤਾਂ ਕਸ਼ਮੀਰ ਤੋਂ ਕੁਝ ਲੋਕਾਂ ਦਾ ਇੱਕ ਜੱਥਾ ਉਨ੍ਹਾਂ ਨੂੰ ਮਿਲਣ ਲਈ ਆਇਆ।

ਉਸ ਜੱਥੇ ਦੀ ਅਗਵਾਈ  ਪੰਡਿਤ ਕਿਰਪਾ ਰਾਮ ਕਰ ਰਹੇ ਸਨ।

ਉਨ੍ਹਾਂ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਚਲਦੇ ਆ ਰਹੇ, ਉਨ੍ਹਾਂ ਦੇ ਪੁਰਖਿਆਂ ਦਾ ਧਰਮ ਹੁਣ ਖ਼ਤਰੇ ’ਚ ਹੈ।

ਔਰੰਗਜ਼ੇਬ ਦੀ ਨੁਮਾਇੰਦਗੀ ਕਰ ਰਹੇ ਕਸ਼ਮੀਰ ਦੇ ਗਵਰਨਰ ਇਫ਼ਤੇਖ਼ਾਰ ਖ਼ਾਨ ਨੇ ਹੁਕਮ ਦਿੱਤਾ ਹੈ ਕਿ ਉਹ ਇਸਲਾਮ ਧਰਮ ਕਬੂਲ ਕਰ ਲੈਣ ਨਹੀਂ ਤਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।

ਗੁਰੂ ਜੀ ਨੇ ਕਿਰਪਾ ਰਾਮ ਦੀ ਗੁਹਾਰ ਦਾ ਜਵਾਬ ਤੁਰੰਤ ਨਾ ਦਿੱਤਾ ਪਰ ਉਨ੍ਹਾਂ ਦੀ ਦੁਰਦਸ਼ਾ ਸੁਣ ਕੇ ਉਨ੍ਹਾਂ ਦਾ ਦਿਲਪਸੀਜ ਜ਼ਰੂਰ ਗਿਆ ਸੀ।

ਹਰੀ ਰਾਮ ਗੁਪਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨੀ ਬਾਰੇ ਲਿਖਦੇ ਹਨ, “ ਗੁਰੂ ਜੀ ਨੇ ਕਸ਼ਮੀਰ ਤੋਂ ਆਏ ਬ੍ਰਾਹਮਣਾਂ ਨੂੰ ਕਿਹਾ ਕਿ ਉਹ ਬਾਦਸ਼ਾਹ ਦੇ ਨੁਮਾਇੰਦਿਆਂ ਨੂੰ ਕਹਿਣ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰ ਲੈਣਗੇ ਤਾਂ ਉਹ ਵੀ ਆਪਣਾ ਧਰਮ ਬਦਲ ਲੈਣਗੇ।”

ਹਰੀ ਰਾਮ ਗੁਪਤ ਅੱਗੇ ਲਿਖਦੇ ਹਨ, “ ਔਰੰਗਜ਼ੇਬ ਨੂੰ ਇਸ ਗੱਲ ’ਤੇ ਇਤਰਾਜ਼ ਸੀ ਕਿ ਸਾਰੇ ਸਿੱਖ ਲੋਕ ਗੁਰੂ ਜੀ ਨੂੰ ‘ਸੱਚਾ ਬਾਦਸ਼ਾਹ’ ਕਹਿ ਕੇ ਪੁਕਾਰਦੇ ਸਨ। ਔਰੰਗਜ਼ੇਬ ਨੇ ਇਸ ਦਾ ਇਹ ਮਤਲਬ ਕੱਢਿਆ ਕਿ ਗੁਰੂ ਜੀ ਇਹ ਪ੍ਰਚਾਰ ਕਰਨਾ ਚਾਹੁੰਦੇ ਹਨ ਕਿ ਉਹ ਸੱਚੇ ਬਾਦਸ਼ਾਹ ਹਨ ਅਤੇ ਭਾਰਤ ਦਾ ਸ਼ਾਸਕ ਇੱਕ ਨਕਲੀ ਬਾਦਸ਼ਾਹ ਹੈ। ਔਰੰਗਜ਼ੇਬ ਨੂੰ ਗੁਰੂ ਜੀ ਦੇ ਨਾਮ ’ਚ ‘ਬਹਾਦਰ’ ਲਗਾਇਆ ਜਾਣਾ ਵੀ ਰੜਕ ਰਿਹਾ ਸੀ ਕਿਉਂਕਿ ਇਹ ਨਾਮ ਮੁਗ਼ਲ ਦਰਬਾਰ ’ਚ ਮੌਜੁਦ ਪਤਵੰਤੇ ਲੋਕਾਂ ਨੂੰ ਹੀ ਖ਼ਿਤਾਬ ਵੱਜੋਂ ਦਿੱਤਾ ਜਾਂਦਾ ਸੀ।”

ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਦਿੱਲੀ ਵਿਖੇ ਉਨ੍ਹਾਂ ਅੱਗੇ ਪੇਸ਼ ਕੀਤਾ ਜਾਵੇ ਅਤੇ ਨਾਲ ਹੀ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਵੇ।

ਜੇਕਰ ਉਹ ਅਜਿਹਾ ਨਾ ਕਰਨ ਤਾਂ ਉਨ੍ਹਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇਗਾ।

Getty Images

ਗੁਰੂ ਤੇਗ ਬਹਾਦਰ ਜੀ ਨਾਲ ਸਵਾਲ-ਜਵਾਬ

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਰਿਵਾਰ ਅਤੇ ਸਾਥੀਆਂ ਤੋਂ ਵਿਦਾ ਲਈ ਅਤੇ ਐਲਾਨ ਕੀਤਾ ਕਿ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੋਬਿੰਦ ਰਾਏ ਨੂੰ ਅਗਲਾ ਗੁਰੂ ਥਾਪਿਆ ਜਾਵੇਗਾ।

11 ਜੁਲਾਈ, 1675 ਨੂੰ ਗੁਰੂ ਜੀ ਆਪਣੇ ਪੰਜ ਪੈਰੋਕਾਰਾਂ ਭਾਈ ਮਤੀ ਦਾਸ, ਉਨ੍ਹਾਂ ਦੇ ਛੋਟੇ ਭਰਾ ਸਤੀ ਦਾਸ, ਭਾਈ ਦਿਆਲਾ, ਭਾਈ ਜੈਤਾ ਅਤੇ ਭਾਈ ਉਦੈ ਨਾਲ ਦਿੱਲੀ ਵੱਲ ਨੂੰ ਰਵਾਨਾ ਹੋਏ।

ਥੋੜੀ ਦੂਰ ਤੱਕ ਜਾਣ ਤੋਂ ਬਾਅਦ ਉਨ੍ਹਾਂ ਨੇ ਅੱਗੇ ਦੀ ਥੋਹ-ਖ਼ਬਰ ਲੈਣ ਲਈ ਭਾਈ ਉਦੈ ਅਤੇ ਭਾਈ ਜੈਤਾ ਜੀ ਨੂੰ ਦਿੱਲੀ ਲਈ ਰਵਾਨਾ ਕੀਤਾ।

ਇੱਕ ਦਿਨ ਬਾਅਦ ਹੀ ਉਨ੍ਹਾਂ ਨੂੰ ਰੋਪੜ ਥਾਣੇ ਦੇ ਹਾਕਿਮ ਮਿਰਜ਼ਾ ਨੂਰ ਮੁਹੰਮਦ ਖ਼ਾਨ ਨੇ ਮਲਿਕਪੁਰ ਦੇ ਰੰਘੜਾਂ ਪਿੰਡ ਤੋਂ ਗ੍ਰਿਫ਼ਤਾਰ ਕਰ ਲਿਆ।

ਰੋਪੜ ਤੋਂ ਗੁਰੂ ਜੀ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਸਖ਼ਤ ਪਹਿਰੇ ਹੇਠ ਸਰਹਿੰਦ ਲਿਜਾਇਆ ਗਿਆ ਸੀ।

ਉਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਥਾਣੇ ’ਚ ਭੇਜ ਦਿੱਤਾ ਗਿਆ।

ਇੰਨ੍ਹਾਂ ਚਾਰ ਮਹੀਨਿਆਂ ਦੀ ਕੈਦ ਦੌਰਾਨ ਗੁਰੂ ਜੀ ਅਤੇ ਉਨ੍ਹਾਂ ਦੇ ਤਿੰਨੇ ਸਾਥੀਆਂ ਨੂੰ ਬਹੁਤ ਸਾਰੇ ਤਸੀਹੇ ਦਿੱਤੇ ਗਏ।

ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨੀਕਾਰ ਹਰਬੰਸ ਸਿੰਘ ਵਿਰਦੀ ਆਪਣੀ ਕਿਤਾਬ ‘ਗੁਰੂ ਤੇਗ ਬਹਾਦਰ ਸੇਵੀਅਰ ਆਫ਼ ਹਿੰਦੂਜ਼ ਐਂਡ ਹਿੰਦੁਸਤਾਨ’ ’ਚ ਲਿਖਦੇ ਹਨ , “ ਦਿੱਲੀ ’ਚ ਗੁਰੁ ਜੀ ਨੂੰ ਉਨ੍ਹਾਂ ਦੇ ਤਿੰਨ ਸਾਥੀਆਂ ਸਮੇਤ ਲਾਲ ਕਿਲ੍ਹੇ ਵਿਖੇ ਲਿਜਾਇਆ ਗਿਆ। ਉੱਥੇ ਗੁਰੂ ਜੀ ਤੋਂ ਹਿੰਦੂ ਅਤੇ ਸਿੱਖ ਧਰਮ ਸਬੰਧੀ ਕਈ ਸਵਾਲ ਪੁੱਛੇ ਗਏ। ਗੁਰੂ ਜੀ ਤੋਂ ਇਹ ਵੀ ਪੁੱਛਿਆ ਗਿਆ ਕਿ ਉਹ ਜਨੇਓ ਪਾਉਣ ਵਾਲੇ ਅਤੇ ਮੱਥੇ ’ਤੇ ਤਿਲਕ ਲਗਾਉਣ ਵਾਲਿਆਂ ਲਈ ਆਪਣੀ ਜਾਨ ਕਿਉਂ ਕੁਰਬਾਨ ਕਰ ਰਹੇ ਹਨ?

ਗੁਰੂ ਜੀ ਦਾ ਜਵਾਬ ਸੀ ਕਿ ਹਿੰਦੂ ਕਮਜ਼ੋਰ ਪੈ ਗਏ ਹਨ ਇਸ ਲਈ ਉਹ ਨਾਨਕ ਦੇ ਦਰਬਾਰ ’ਚ ਸ਼ਰਨ ਲੈਣ ਲਈ ਆਏ ਹਨ।

ਜੇਕਰ ਮੁਸਲਮਾਨਾਂ ਨੇ ਵੀ ਉਨ੍ਹਾਂ ਤੋਂ ਇਸ ਤਰ੍ਹਾਂ ਦੀ ਮਦਦ ਮੰਗੀ ਹੁੰਦੀ ਤਾਂ ਉਹ ਉਨ੍ਹਾਂ ਲਈ ਵੀ ਆਪਣੀ ਜਾਨ ਕੁਰਬਾਨ ਕਰ ਦਿੰਦੇ।”

ਔਰੰਗਜ਼ੇਬ ਦੀ ਚੇਤਾਵਨੀ

ਡਾ. ਤ੍ਰਿਲੋਚਨ ਸਿੰਘ ਆਪਣੀ ਕਿਤਾਬ ‘ਗੁਰੂ ਤੇਗ ਬਹਾਦਰ ਪ੍ਰੋਫ਼ੇਟ ਐਂਡ ਮਾਰਟਿਅਰ’ ’ਚ ਲਿਖਦੇ ਹਨ, “ਔਰੰਗਜ਼ੇਬ ਸਵੇਰੇ 9 ਵਜੇ ਦੀਵਾਨ-ਏ-ਆਮ ’ਚ ਦਾਖਲ ਹੋਇਆ ਅਤੇ ਆਪਣੀ ਬਾਲਕੋਨੀ ’ਚ ਪਹੁੰਚ ਗਿਆ।”

“ਬਾਦਸ਼ਾਹ ਨੇ ਚਿੱਟੇ ਰੇਸ਼ਮੀ ਕੱਪੜੇ ਪਾਏ ਹੋਏ ਸਨ। ਉਨ੍ਹਾਂ ਦੀ ਕਮਰ ’ਤੇ ਰੇਸ਼ਮੀ ਕਮਰਬੰਦ ਬੰਨ੍ਹਿਆ ਹੋਇਆ ਸੀ, ਜਿਸ ’ਚ ਰਤਨਾਂ ਨਾਲ ਜੜਿਆ ਇੱਕ ਖੰਜਰ ਲਟਕ ਰਿਹਾ ਸੀ। ਬਾਦਸ਼ਾਹ ਦੇ ਸਿਰ ’ਤੇ ਇੱਕ ਚਿੱਟੀ ਪੱਗ ਸੀ ਅਤੇ ਉਨ੍ਹਾਂ ਦੇ ਦੋਵੇਂ ਪਾਸੇ ਖੜ੍ਹੇ ਕਿਨਰ ਯਾਕ ਦੀ ਪੂੰਛ ਅਤੇ ਮੋਰ ਦੇ ਪੰਖਾਂ ਨਾਲ ਬਣੇ ਪੱਖੇ ਨਾਲ ਬਾਦਸ਼ਾਹ ਨੂੰ ਹਵਾ ਚੱਲ ਰਹੇ ਸਨ।”

“ਬਾਦਸ਼ਾਹ ਨੂੰ ਸਿੱਖ ਧਰਮ ਬਾਰੇ ਪਹਿਲਾਂ ਤੋਂ ਹੀ ਜਾਣਕਾਰੀ ਸੀ। ਉਹ ਇਸ ਗੱਲ ਤੋਂ ਵੀ ਜਾਣੂ ਸੀ ਕਿ ਸਿੱਖ ਵੀ ਮੁਸਲਮਾਨਾਂ ਵਾਂਗ ਮੂਰਤੀ ਪੂਜਾ ਦੇ ਹੱਕ ’ਚ ਨਹੀਂ ਹਨ। ਉਨ੍ਹਾਂ ਨੂੰ ਬਹੁਤ ਉਮੀਦ ਸੀ ਕਿ ਉਹ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਲਈ ਮਨਾ ਲੈਣਗੇ, ਕਿਉਂਕਿ ਦੋਵਾਂ ਦਰਮਿਆਨ ਬਹੁਤ ਵਿਚਾਰਕ ਨੇੜਤਾ ਸੀ।

ਔਰੰਗਜ਼ੇਬ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਨਾ ਤਾਂ ਮੂਰਤੀ ਪੂਜਾ  ’ਚ ਵਿਸ਼ਵਾਸ ਰੱਖਦੇ ਹੋ ਅਤੇ ਨਾ ਹੀ ਤੁਹਾਨੂੰ ਇੰਨ੍ਹਾਂ ਬ੍ਰਾਹਮਣਾਂ ’ਤੇ ਭਰੋਸਾ ਹੈ, ਫਿਰ ਤੁਸੀਂ ਇੰਨ੍ਹਾਂ ਦਾ ਮਾਮਲਾ ਲੈ ਕੇ ਸਾਡੇ ਸਾਹਮਣੇ ਕਿਉਂ ਆਏ ਹੋ?”

ਗੁਰੂ ਜੀ ਔਰੰਗਜ਼ੇਬ ਨੂੰ ਸਮਝਾਉਣ ’ਚ ਅਸਫ਼ਲ ਰਹੇ।

ਅੰਤ ’ਚ ਦਰਬਾਰ ਵੱਲੋਂ ਸਾਫ਼-ਸਾਫ਼ ਕਿਹਾ ਗਿਆ ਕਿ ਜਾਂ ਤਾਂ ਗੁਰੁ ਜੀ ਇਸਲਾਮ ਕਬੂਲ ਕਰ ਲੈਣ ਜਾਂ ਫਿਰ ਮਰਨ ਲਈ ਤਿਆਰ ਹੋ ਜਾਣ।

ਗੁਰੂ ਜੀ ਨੂੰ ਇੱਕ ਲੋਹੇ ਦੇ ਪਿੰਜਰੇ ’ਚ ਬੰਦ ਕਰਕੇ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ ਗਿਆ ਸੀ।

ਔਰੰਗਜ਼ੇਬ ਨੇ ਗੁਰੂ ਜੀ ਕੋਲ ਬਹੁਤ ਸਾਰੇ ਦੂਤ ਭੇਜੇ ਪਰ ਗੁਰੂ ਜੀ ਆਪਣੀ ਗੱਲ ’ਤੇ ਅੜ੍ਹੇ ਰਹੇ।

ਇੱਕ ਦਿਨ ਜੇਲ੍ਹ ਦੇ ਮੁਖੀ ਨੇ ਗੁਰੂ ਜੀ ਨੂੰ ਕਿਹਾ, “ਬਾਦਸ਼ਾਹ ਚਾਹੁੰਦੇ ਹਨ ਕਿ ਤੁਸੀਂ ਇਸਲਾਮ ਕਬੂਲ ਕਰ ਲਓ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਹੋ ਤਾਂ ਫਿਰ ਕੋਈ ਚਮਤਕਾਰ ਵਿਖਾ ਦੇਵੋ, ਜਿਸ ਨਾਲ ਉਨ੍ਹਾਂ ਨੂੰ ਇਹ ਅੰਦਾਜ਼ਾ ਹੋ ਜਾਵੇ ਕਿ ਤੁਸੀਂ ਇੱਕ ਪਵਿੱਤਰ ਪੁਰਸ਼ ਹੋ।”

ਹਰਬੰਸ ਸਿੰਘ ਵਿਰਦੀ ਲਿਖਦੇ ਹਨ, “ ਗੁਰੂ ਜੀ ਨੇ ਜਵਾਬ ਦਿੱਤਾ, ਮੇਰੇ ਦੋਸਤ, ਚਮਤਕਾਰ ਦਾ ਮਤਲਬ ਹੁੰਦਾ ਹੈ ਪ੍ਰਮਾਤਮਾ ਦੀ ਮਿਹਰ ਅਤੇ ਅਹਿਸਾਨ। ਉਹ ਦੁਨੀਆ ਅੱਗੇ ਜਾਦੂਗਰੀ ਵਿਖਾਉਣ ਦੀ ਇਜਾਜ਼ਤ ਨਹੀਂ ਦਿੰਦਾ ਹੈ।”

“ਉਨ੍ਹਾਂ ਦੀ ਮਿਹਰ ਦੀ ਦੁਰਵਰਤੋਂ ਕਰ ਨਾਲ ਉਹ ਨਾਰਾਜ਼ ਹੋ ਜਾਣਗੇ। ਮੈਨੂੰ ਚਮਤਕਾਰ ਵਿਖਾਉਣ ਦੀ ਲੋੜ ਨਹੀਂ ਹੈ, ਕਿਉਂਕਿ ਹਰ ਰੋਜ਼ ਹੀ ਸਾਡੇ ਸਾਹਮਣੇ ਚਮਤਕਾਰ ਹੋ ਰਹੇ ਹਨ।

ਕੀ ਇਹ ਚਮਤਕਾਰ ਨਹੀਂ ਹੈ ਕਿ ਬਾਦਸ਼ਾਹ ਦੂਜਿਆਂ ਨੂੰ ਤਾਂ ਮੌਤ ਦੀ ਸਜ਼ਾ ਦੇ ਰਿਹਾ ਹੈ ਪਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਇੱਕ ਦਿਨ ਉਸ ਨੂੰ ਵੀ ਮੌਤ ਆਉਣੀ ਹੈ।”

Getty Images
ਦਿੱਲੀ ਦੇ ਗੁਰਦੁਆਰਾ ਸੀਸ ਗੰਜ ਦੇ ਸਾਹਮਣੇ ਹੀ ਭਾਈ ਮਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਸਤੀ ਦਾਸ ਜੀ ਦਾ ਸ਼ਹੀਦੀ ਸਥਾਨ ਹੈ

ਤਿੰਨੇ ਸਾਥੀਆਂ ਉੱਤੇ ਤਸ਼ੱਦਦ

ਜਦੋਂ ਇਹ ਪੱਕਾ ਹੋ ਗਿਆ ਕਿ ਗੁਰੂ ਜੀ ਆਪਣੇ ਵਿਚਾਰ ਨਹੀਂ ਬਦਲਣਗੇ ਤਾਂ ਉਨ੍ਹਾਂ ਦੇ ਸਾਥੀਆਂ ਨੂੰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤਸੀਹੇ ਦਿੱਤੇ ਗਏ।

ਹਰੀ ਰਾਮ ਗੁਪਤਾ ਲਿਖਦੇ ਹਨ, “ ਚਾਂਦਨੀ ਚੌਂਕ ਜਿੱਥੇ ਕਿ ਅੱਜ ਕੋਤਵਾਲੀ ਹੈ, ਉਸ ਦੇ ਸਾਹਮਣੇ ਫੁਹਾਰੇ ਉੱਤੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਉਸ ਜ਼ੁਲਮ ਦਾ ਮੁਕਾਬਲਾ ਸ਼ਾਂਤੀ ਅਤੇ ਬਹਾਦਰੀ ਨਾਲ ਕੀਤਾ। ਇਸ ਦਾ ਜ਼ਿਕਰ ਸਿੱਖਾਂ ਵੱਲੋਂ ਰੋਜ਼ਾਨਾਂ ਕੀਤੀ ਜਾਂਦੀ ਅਰਦਾਸ ‘ਚ ਵੀ ਆਉਂਦਾ ਹੈ।”

ਭਾਈ ਸਤੀ ਦਾਸ ਨੇ ਆਪਣੀ ਵਾਰੀ ਆਉਣ ਤੋਂ ਪਹਿਲਾਂ ਹੱਥ ਜੋੜ ਕੇ ਇਹ ਸਾਰਾ ਦ੍ਰਿਸ਼ ਵੇਖ ਰਹੇ ਗੁਰੂ ਜੀ ਤੋਂ ਅਸ਼ੀਰਵਾਦ ਲਿਆ।

“ਭਾਈ ਸਤੀ ਦਾਸ ਜੀ ਦੇ ਸਰੀਰ ‘ਤੇ ਰੂੰਈਂ ਲਪੇਟ ਕੇ ਉਨ੍ਹਾਂ ਨੂੰ ਇਕ ਖੰਭੇ ਨਾਲ ਬੰਨ੍ਹ ਦਿੱਤਾ ਗਿਆ ਅਤੇ ਫਿਰ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਗਈ। ਭਾਈ ਦਿਆਲਾ ਜੀ ਨੂੰ ਉਭਲਦੇ ਤੇਲ ‘ਚ ਜ਼ਿੰਦਾ ਸੁੱਟ ਦਿੱਤਾ ਗਿਆ ਤੇ ਉਨ੍ਹਾਂ ਦੀ ਸ਼ਹੀਦੀ ਹੋਈ।”

ਉੱਥੇ ਖੜ੍ਹੀ ਭੀੜ੍ਹ ਇਹ ਸਭ ਵੇਖ ਰਹੀ ਸੀ।

ਇਹ ਸਭ ਗੁਰੂ ਜੀ ਦੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਸੀ ਅਤੇ ਉਹ ਲਗਾਤਾਰ ਵਾਹਿਗੁਰੂ ਦਾ ਜਾਪ ਕਰ ਰਹੇ ਸਨ।

ਉੱਥੇ ਮੌਜੂਦ ਗੁਰੂ ਜੀ ਦੇ ਇੱਕ ਹੋਰ ਸਿੱਖ ਜੈਤਾ ਦਾਸ ਨੇ ਰਾਤ ਨੂੰ ਸ਼ਹੀਦ ਕੀਤੇ ਗਏ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਨੇੜੇ ਹੀ ਵਗਦੀ ਜਮਨਾ ਨਦੀ ‘ਚ ਵਹਾ ਦਿੱਤਾ ਸੀ।

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਖ਼ਰੀ ਦਿਨ

ਜਿਸ ਦਿਨ ਗੁਰੂ ਜੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ, ਉਸ ਦਿਨ ਉਹ ਜਲਦੀ ਉੱਠ ਗਏ ਸਨ। ਉਨ੍ਹਾਂ ਨੇ ਕੋਤਵਾਲੀ ਨਜ਼ਦੀਕ ਇੱਕ ਖੂਹ ‘ਤੇ ਇਸਨਾਨ ਕੀਤਾ ਅਤੇ ਅਰਦਾਸ ਕੀਤੀ।

11 ਵਜੇ ਜਦੋਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਵਾਲੀ ਜਗ੍ਹਾ ‘ਤੇ ਲਿਜਾਇਆ ਗਿਆ ਤਾਂ ਕਾਜ਼ੀ ਅਬਦੁਲ ਵਹਾਬ ਬੋਰਾ ਨੇ ਗੁਰੁ ਜੀ ਨੂੰ ਫਤਵਾ ਪੜ੍ਹ ਕੇ ਸੁਣਾਇਆ।

ਜਲਾਦ ਜਲਾਲੂਦੀਨ ਨੰਗੀ ਤਲਵਾਰ ਲੈ ਕੇ ਗੁਰੁ ਜੀ ਦੇ ਸਾਹਮਣੇ ਖੜ੍ਹਾ ਹੋ ਗਿਆ।

ਉਸ ਸਮੇਂ ਅਸਮਾਨ ‘ਚ ਬੱਦਲ ਛਾ ਗਏ ਅਤੇ ਉੱਥੇ ਮੌਜੂਦ ਚਸ਼ਮਦੀਦ ਰੋਣ ਲੱਗ ਪਏ ਸਨ।

ਗੁਰੂ ਜੀ ਨੇ ਆਪਣੇ ਦੋਵੇਂ ਹੱਥ ਚੁੱਕ ਕੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ।

ਜਿਵੇਂ ਹੀ ਜਲਾਲੂਦੀਨ ਨੇ ਗੁਰੂ ਜੀ ਦਾ ਸੀਸ ਧੜ੍ਹ ਨਾਲੋਂ ਵੱਖ ਕੀਤਾ, ਭੀੜ ‘ਚ ਸਨਾਟਾ ਛਾ ਗਿਆ। ਜਿਸ ਥਾਂ ‘ਤੇ ਗੁਰੂ ਜੀ ਦੀ ਸ਼ਹਾਦਤ ਹੋਈ ਸੀ, ਉਸ ਥਾਂ ‘ਤੇ ਬਾਅਦ ‘ਚ ਗੁਰਦੁਆਰਾ ਸੀਸ ਗੰਜ ਸਾਹਿਬ ਬਣਾਇਆ ਗਿਆ।

Getty Images

ਗੁਰੂ ਜੀ ਦੇ ਪੈਰੋਕਾਰ ਭਾਈ ਜੈਤਾ ਦਾਸ ਨੇ ਉਨ੍ਹਾਂ ਦੇ ਕੱਟੇ ਹੋਏ ਸੀਸ ਨੂੰ ਦਿੱਲੀ ਤੋਂ 340 ਕਿਲੋਮੀਟਰ ਦੂਰ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਦੇ 9 ਸਾਲ ਦੇ ਪੁੱਤਰ ਗੋਬਿੰਦ ਰਾਏ ਜੀ ਨੂੰ ਲਿਆ ਕੇ ਦਿੱਤਾ।

ਆਨੰਦਪੁਰ ਸਾਹਿਬ ਵਿਖੇ ਜਿੱਥੇ ਗੁਰੂ ਜੀ ਦੇ ਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਉੱਥੇ ਅੱਜ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਸੁਭਾਏਮਾਨ ਹੈ।

ਇੱਕ ਹੋਰ ਵਿਅਕਤੀ ਲੱਖੀ ਸ਼ਾਹ ਨੇ ਕੋਤਵਾਲੀ ਤੋਂ 8 ਕਿਲੋਮੀਟਰ ਦੂਰ ਰਕਾਬ ਗੰਜ ਵਿਖੇ ਗੁਰੂ ਜੀ ਦੀ ਮ੍ਰਿਤਕ ਦੇਹ ਦਾ ਸਸਕਾਰ ਕੀਤਾ।

ਉਨ੍ਹਾਂ ਦੀ ਯਾਦ ‘ਚ ਇੱਥੇ ਗੁਰਦੁਆਰਾ ਰਕਾਬ ਗੰਜ ਸਾਹਿਬ ਬਣਾਇਆ ਗਿਆ ਹੈ।

 

ਮੁਗਲਾਂ ਦੇ ਪਤਨ ਦੀ ਸ਼ੁਰੂਆਤ

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਤੋਂ ਬਾਅਦ ਬਹੁਤ ਸਾਰੇ ਪੰਡਿਤਾਂ ਨੇ ਸਿੱਖ ਧਰਮ ਅਪਣਾ ਲਿਆ ਸੀ।

ਕਸ਼ਮੀਰੀ ਬ੍ਰਾਹਮਣਾਂ ਦੀ ਅਗਵਾਈ ਕਰਨ ਵਾਲੇ ਕਿਰਪਾ ਰਾਮ ਨੇ ਵੀ ਸਿੱਖ ਧਰਮ ਅਪਣਾ ਲਿਆ ਸੀ।

ਸਿੱਖ ਵਿਦਵਾਨ ਗੁਰਮੁਖ ਸਿੰਘ ਆਪਣੀ ਕਿਤਾਬ ‘ ਗੁਰੁ ਤੇਗ ਬਹਾਦਰ ਦ ਟਰੂ ਸਟੋਰੀ’ ‘ਚ ਲਿਖਦੇ ਹਨ, “ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਕੁਰਬਾਨੀ ਦਾ ਜ਼ਬਰਦਸਤ ਪ੍ਰਭਾਵ ਪਿਆ, ਜਿਸ ਨੇ ਭਾਰਤੀ ਉਪ ਮਹਾਦੀਪ ਦੇ ਇਤਿਹਾਸ ਨੂੰ ਹੀ ਬਦਲ ਕੇ ਰੱਖ ਦਿੱਤਾ। ਇਹ ਮਨੁੱਖੀ ਇਤਿਹਾਸ ‘ਚ ਮਨੁੱਖੀ ਅਧਿਕਾਰਾਂ ਲਈ ਦਿੱਤੀ ਗਈ ਸ਼ਹਾਦਤ ਦੀ ਸਭ ਤੋਂ ਵੱਡੀ ਮਿਸਾਲ ਬਣ ਗਈ। ਇੱਥੋਂ ਹੀ ਭਾਰਤ ‘ਚ ਸ਼ਕਤੀਸ਼ਾਲੀ ਮੁਗਲ ਸਾਮਰਾਜ ਦੇ ਪਤਨ ਦੀ ਕਹਾਣੀ ਦਾ ਆਗਾਜ਼ ਹੋਇਆ।”

ਗੁਰੂ ਤੇਗ ਬਹਾਦਰ ਜੀ ਦੀ ਦੇਣ

ਇਤਿਹਾਸ ਦੇ ਪ੍ਰੋਫ਼ੈਸਰ ਹਰਜੇਸ਼ਵਰ ਪਾਲ ਕਹਿੰਦੇ ਹਨ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਸਿੱਖ ਇਤਿਹਾਸ ਵਿੱਚ ਮਹੱਤਵਪੂਰਨ ਘਟਨਾ ਹੈ।

ਉਹ ਕਹਿੰਦੇ ਹਨ, “ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਰਾਜਨੀਤਿਕ ਅਤੇ ਧਾਰਮਿਕ ਜ਼ੁਲਮਾਂ ਦਾ ਟਾਕਰਾ ਕਰਨ ਵਿੱਚ ਗੁਰੂ ਗੁਰੂ ਤੇਗ ਬਹਾਦਰ ਦੀ ਦਲੇਰੀ ਇੱਕ ਮਿਸਾਲ ਹੈ।”

“ਗੁਰੂ ਜੀ ਨੇ ਆਪਣੇ ਪਿੱਛੇ ਧਾਰਮਿਕ ਆਜ਼ਾਦੀ ਲਈ ਖੜ੍ਹਨ ਦੀ ਇੱਕ ਵਿਰਾਸਤ ਛੱਡੀ ਹੈ। ਉਹਨਾਂ ਨੇ ਇਨਸਾਨ ਨੂੰ ਆਪਣੀ ਪਸੰਦ ਦਾ ਧਰਮ ਮੰਨਣ ਦੀ ਆਜ਼ਾਦੀ ਅਤੇ ਆਪਣੇ ਧਰਮ ਲਈ ਜਾਨ ਦੇਣ ਦੀ ਵਿਰਾਸਤ ਦਿੱਤੀ ਹੈ।”

“ਉਹਨਾਂ ਦੀ ਕੁਰਬਾਨੀ ਦੀ ਵਿਲੱਖਣਤਾ ਹੈ ਕਿ ਗੁਰੂ ਜੀ ਨੇ ਦੂਜੇ ਧਰਮ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ।”

“ਗੁਰੂ ਸਾਹਿਬ ਤੋਂ ਪ੍ਰੇਰਨਾ ਲੈ ਕੇ ਸਿੱਖ, ਵੱਖ-ਵੱਖ ਧਰਮਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਲਈ ਇਤਿਹਾਸ ਵਿੱਚ ਖੜ੍ਹਦੇ ਆਏ ਹਨ।”

“ਉਹਨਾਂ ਦੀ ਦੱਬੇ-ਕੁਚਲੇ ਲੋਕਾਂ ਲਈ ਖੜ੍ਹਨ, ਜ਼ੁਲਮ ਦੇ ਵਿਰੁੱਧ ਲੜਨ ਅਤੇ ਉੱਚ ਆਦਰਸ਼ਾਂ ਲਈ ਕੁਰਬਾਨੀ ਦੀ ਮਿਸਾਲ ਨੇ ਇਤਿਹਾਸ ਵਿਚ ਸਿੱਖਾਂ ਨੂੰ ਪ੍ਰੇਰਿਤ ਕੀਤਾ ਹੈ।”

“ਉਹਨਾਂ ਦੇ ਸ਼ਾਂਤੀ ਅਤੇ ਬਹਾਦਰੀ ਵਾਲੇ ਸੰਦੇਸ਼ ਗੁਰੂਦੁਆਰਾ ਸੁਧਾਰ ਲਹਿਰ, ਪੰਜਾਬੀ ਸੂਬੇ ਦੇ ਅੰਦੋਲਨ ਅਤੇ ਕਿਸਾਨ ਸੰਘਰਸ਼ ਸਮੇਂ ਵੀ ਸੰਗਤਾਂ ਨੂੰ ਪ੍ਰੇਰਿਤ ਕਰਦੇ ਰਹੇ ਹਨ।”