ਰਾਹੁਲ ਗਾਂਧੀ ‘ਭਾਰਤ ਜੋੜੋ ਯਾਤਰਾ’ ਜ਼ਰੀਏ ਕਿਵੇਂ ਭਾਜਪਾ ਨੂੰ ਸਿਆਸੀ ਮਾਤ ਦੇਣ ਬਾਰੇ ਸੋਚ ਰਹੇ ਹਨ

11/27/2022 7:57:04 PM

ਕਾਂਗਰਸ ਆਗੂ ਰਾਹੁਲ ਗਾਂਧੀ ਆਪਣੀ ‘ਭਾਰਤ ਜੋੜੋ ਯਾਤਰਾ’ ਤਹਿਤ ਲਗਭਗ ਦੋ ਹਜ਼ਾਰ ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੇ ਹਨ।

ਭਾਰਤ ਦੇ ਦੱਖਣੀ ਹਿੱਸੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਇਹ ਯਾਤਰਾ ਉੱਤਰੀ ਭਾਰਤ ਦੇ ਸੂਬਿਆਂ ਤੋਂ ਹੁੰਦੀ ਹੋਈ ਫ਼ਰਵਰੀ ‘ਚ ਸ਼੍ਰੀਨਗਰ ਪਹੁੰਚੇਗੀ।

ਬੀਬੀਸੀ ਦੀ ਟੀਮ ਨੇ ਮਹਾਰਾਸ਼ਟਰ ਦੇ ਵਿਦਰਭ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।

ਇਹ ਭਾਰਤ ਦੇ ਸਭ ਤੋਂ ਅਮੀਰ ਸੂਬੇ ਮਹਾਰਾਸ਼ਟਰ ਦਾ ਸਭ ਤੋਂ ਗਰੀਬ ਇਲਾਕਾ ਹੈ।

ਸੂਬੇ ਦਾ ਇਹ ਹਿੱਸਾ ਕਿਸਾਨਾਂ ਵੱਲੋਂ ਕੀਤੀਆਂ ਖੁਦਕੁਸ਼ੀਆਂ ਦੇ ਕਾਰਨ ਖ਼ਬਰਾਂ ’ਚ ਰਿਹਾ ਹੈ।

ਰਾਹੁਲ ਗਾਂਧੀ ਇੱਥੇ ਆਪਣੇ ਪਾਰਟੀ ਵਰਕਰਾਂ ਦੇ ਨਾਲ-ਨਾਲ ਸਾਰੇ ਅਧਿਕਾਰਤ ਸਮੂਹਾਂ ਅਤੇ ਆਮ ਲੋਕਾਂ ਨਾਲ ਘਿਰੇ ਵਿਖਾਈ ਦਿੱਤੇ।

ਉਹ ਇਸ ਯਾਤਰਾ ਦੇ ਜ਼ਰੀਏ ਲੋਕਾਂ ’ਚ ਇੱਕ ਵੱਖਰੇ ਭਾਰਤ ਦਾ ਸੁਪਨਾ ਬੀਜਣ ਦਾ ਯਤਨ ਕਰ ਰਹੇ ਹਨ।

BBC

ਭਾਰਤ ਜੋੜੇ ਯਾਤਰਾ ਬਾਰੇ ਕੁੱਝ ਗੱਲਾਂ:

  • ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਪਿਛਲੇ 75 ਦਿਨਾਂ ਤੋਂ ਜਾਰੀ ਹੈ
  • ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਯਾਤਰਾ ਫ਼ਰਵਰੀ ‘ਚ ਸ਼੍ਰੀਨਗਰ ਪਹੁੰਚੇਗੀ
  • ਇਹ ਯਾਤਰਾ ਪੰਜਾਬ ਵਿੱਚੋਂ ਵੀ ਜਨਵਰੀ ਮਹੀਨੇ ਲੰਘੇਗੀ
  • ਸਿਆਸੀ ਕਾਰਕੁਨ ਅਤੇ ਫ਼ਿਲਮੀ ਸਿਤਾਰੇ ਰਾਹੁਲ ਗਾਂਧੀ ਦਾ ਸਾਥ ਦੇ ਰਹੇ ਹਨ
  • ਰਾਹੁਲ ਗਾਂਧੀ ਭਾਜਪਾ ਨੂੰ ਸਿਆਸੀ ਮਾਤ ਦੀ ਗੱਲ ਕਰ ਰਹੇ ਹਨ

BBC

ਕੀ ਭਾਜਪਾ ਤੋਂ ਅੱਗੇ ਆਵੇਗੀ ਕਾਂਗਰਸ

ਰਾਹੁਲ ਗਾਂਧੀ ਨੇ ਇਸ ਯਾਤਰਾ ਦੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ “ਜੇਕਰ ਥੋੜ੍ਹੀ ਹੋਰ ਮਿਹਨਤ ਕੀਤੀ ਜਾਵੇ ਤਾਂ ਭਾਰਤੀ ਜਨਤਾ ਪਾਰਟੀ ਨੂੰ ਸਿਆਸੀ ਤੌਰ ‘ਤੇ ਮਾਤ ਦਿੱਤੀ ਜਾ ਸਕਦੀ ਹੈ।”

ਇਹ ਇੱਕ ਅਜਿਹਾ ਦਾਅਵਾ ਹੈ ਜਿਸ ਨੇ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਪਾਰਟੀ ਦੇ ਸਮਰਥਕਾਂ ‘ਚ ਜੋਸ਼ ਭਰ ਦਿੱਤਾ ਹੈ।

ਹਾਲਾਂਕਿ ਉਨ੍ਹਾਂ ਦੇ ਆਲੋਚਕ ਇਸ ਦਾਅਵੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖ ਰਹੇ ਹਨ।

ਇਸ ਸਮੇਂ ਕਾਂਗਰਸ ਭਾਰਤ ਦੇ 28 ‘ਚੋਂ ਸਿਰਫ਼ 2 ਸੂਬਿਆਂ ‘ਚ ਸੱਤਾ ਵਿੱਚ ਹੈ।

ਕਦੇ ਭਾਰਤ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਰਹੀ ਕਾਂਗਰਸ ਦੇ ਲਈ ਇਹ ਇੱਕ ਵੱਡਾ ਸਿਆਸੀ  ਨੁਕਸਾਨ ਹੈ।

ਰਾਹੁਲ ਗਾਂਧੀ ਦੀ ਯਾਤਰਾ ‘ਤੇ ਭਾਜਪਾ ਨੇ ਕਿਹਾ ਹੈ ਕਿ ਉਹ ਉਸ ਭਾਰਤ ਨੂੰ ਜੋੜਨ ਦਾ ਯਤਨ ਕਰ ਰਹੇ ਹਨ ਜੋ ਕਿ ਟੁੱਟਿਆ ਹੀ ਨਹੀਂ ਹੈ।

ਪਰ ਪਿਛਲੇ 75 ਦਿਨਾਂ ‘ਚ ਰਾਹੁਲ ਗਾਂਧੀ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲਣ ਵਾਲਿਆਂ ‘ਚ ਉਨ੍ਹਾਂ ਦੀ ਪਾਰਟੀ ਦੇ ਪ੍ਰਮੁੱਖ ਆਗੂਆਂ ਦੇ ਨਾਲ-ਨਾਲ ਬਾਲੀਵੁੱਡ ਅਦਾਕਾਰਾਂ ਸਮੇਤ ਵੱਖ-ਵੱਖ ਖੇਤਰਾਂ ਦੇ ਲੋਕ ਵੀ ਸ਼ਾਮਲ ਹਨ।

ਇਹ ਯਾਤਰਾ ਜਿੱਥੋਂ ਲੰਘ ਰਹੀ ਹੈ ਉਸ ਦੇ ਨਾਲ ਵਾਲੇ ਖੇਤਰ ਕਾਂਗਰਸ ਦੇ ਰੰਗ ‘ਚ ਰੰਗਿਆ ਨਜ਼ਰ ਆਉਂਦਾ ਹੈ।

ਪਾਰਟੀ ਦੇ ਚੋਣ ਨਿਸ਼ਾਨ ਤੋਂ ਲੈ ਕੇ ਆਗੂਆਂ ਦੀਆਂ ਵੱਡੀਆਂ-ਵੱਡੀਆਂ ਤਸਵੀਰਾਂ ਨਾਲ ਢੱਕੀਆਂ ਸੜਕਾਂ ‘ਤੇ ‘ਨਫ਼ਰਤ ਛੱਡੋ, ਭਾਰਤ ਜੋੜੋ’ ਵਰਗੇ ਨਾਅਰੇ ਨਜ਼ਰ ਆਏ।

ਇਨ੍ਹਾਂ ਸੜਕਾਂ ਤੋਂ ਗੁਜਰਾਤ ਜਾਂਦੇ ਹੋਏ ਸਾਡੀ ਰਾਹੁਲ ਗਾਂਧੀ ਨਾਲ ਸੰਖੇਪ ਗੱਲਬਾਤ ਹੋਈ।

ਕੀ ਕਹਿਣਾ ਹੈ ਆਮ ਲੋਕਾਂ ਦਾ?

ਇਸ ਮੁਲਾਕਾਤ ਤੋਂ ਇੱਕ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਸੱਤਾ ਧਿਰ ਪਾਰਟੀ ਦੀ ‘ਵੰਡਵਾਦੀ ਰਾਜਨੀਤੀ’ ‘ਤੇ ਜੋਸ਼ੀਲੇ ਅੰਦਾਜ਼ ‘ਚ ਭਾਸ਼ਣ ਦਿੱਤਾ ਹੈ ਜਿਸ ਨੂੰ ਸੁਣਨ ਲਈ 1 ਲੱਖ ਤੋਂ ਵੀ ਵੱਧ ਲੋਕਾਂ ਦੀ ਭੀੜ ਇੱਕਠੀ ਹੋਈ ਸੀ।

ਬੀਬੀਸੀ ਨੇ ਰਾਹੁਲ ਗਾਂਧੀ ਨਾਲ ਇਸ ਯਾਤਰਾ ਦਾ ਹਿੱਸਾ ਬਣਨ ਵਾਲੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ।

ਸਾਲ 2014 ‘ਚ ਭਾਜਪਾ ਨੂੰ ਵੋਟ ਦੇਣ ਵਾਲੇ ਨਰਿੰਦਰ ਮੋਦੀ ਦੇ ਸਮਰਥਕ ਰਹੇ ਇੱਕ ਮੈਨੇਜਮੈਂਟ ਸਲਾਹਕਾਰ ਨੇ ਸਾਨੂੰ ਦੱਸਿਆ ਕਿ ਉਹ ਉੱਥੇ ਮੌਜੂਦ ਸਰਕਾਰ ਤੋਂ ਨਿਰਾਸ਼ ਹੋ ਕੇ ਇੱਥੇ ਪਹੁੰਚਿਆ ਹੈ।

BBC

ਪੁਣੇ ‘ਚ ਆਈਸਕ੍ਰੀਮ ਪਾਰਲਰ ਚਲਾਉਣ ਵਾਲਾ ਇੱਕ ਜੋੜਾ ‘ਭਾਰਤ ਜੋੜੋ ਯਾਤਰਾ’ ਦੌਰਾਨ ਹੱਥਾਂ ‘ਚ ਬੈਨਰ ਫੜੇ ਵਿਖਾਈ ਦਿੱਤਾ, ਜਿਸ ‘ਚ ਭਾਰਤੀ ਯੂਨੀਵਰਸਿਟੀਆਂ ਦੇ ਕਥਿਤ ਸਿਆਸੀਕਰਨ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਇਸ ਇਲਾਕੇ ‘ਚ ਰਹਿਣ ਵਾਲੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਉਤਸੁਕਤਾ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਪਿੰਡ ਦੇ ਨਜ਼ਦੀਕ ਕਦੇ ਵੀ ਐਨਾ ਵੱਡਾ ਕੁਝ ਨਹੀਂ ਹੋਇਆ ਹੈ।

ਹੁਣ ਤੱਕ ਦੀ ਯਾਤਰਾ ਕਿੰਨੀ ਕੁ ਕਾਮਯਾਬ

ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਨੇ ਵੀ ਇਸ ਯਾਤਰਾ ‘ਚ ਇੱਕ ਦਿਨ ਬਿਤਾਇਆ ਹੈ।

ਉਨ੍ਹਾਂ ਦਾ ਕਹਿਣਾ ਹੈ, “ ਮੈਂ ਇੱਥੇ ਇਸ ਉਮੀਦ ਨਾਲ ਆਇਆ ਹਾਂ ਕਿ ਹੋ ਸਕਦਾ ਹੈ ਕਿ ਇਹ ਯਾਤਰਾ ਭੁੱਲੇ ਹੋਏ ਭਾਰਤ ਨੂੰ ਯਾਦ ਦਿਵਾ ਸਕੇ ਜੋ ਕਿ ਦੇਸ਼ ਉਦਾਰਵਾਦੀ, ਧਰਮ ਨਿਰਪੱਖ, ਸਮਾਵੇਸ਼ੀ ਅਤੇ ਪ੍ਰਗਤੀਵਾਦੀ ਕੀਮਤਾਂ ਲਈ ਜਾਣਿਆ ਜਾਂਦਾ ਸੀ।”

ਭਾਜਪਾ ਦਾ ਪੱਖ ਲੈਣ ਵਾਲੇ ਮੀਡੀਆ ਵੱਲੋਂ ਇਸ ਯਾਤਰਾ ਨੂੰ ਉਸ ਪ੍ਰਕਾਰ ਦੀ ਕਵਰੇਜ ਨਹੀਂ ਮਿਲੀ ਹੈ।

ਪਰ ਇਹ ਸਪੱਸ਼ਟ ਹੈ ਕਿ ਰਾਹੁਲ ਗਾਂਧੀ ਹੁਣ ਤੱਕ ਜਿੰਨ੍ਹਾਂ ਪੰਜ ਸੂਬਿਆਂ ‘ਚੋਂ ਲੰਘੇ ਹਨ, ਉੱਥੇ ਉਹ ਵੱਡੀ ਭੀੜ ਨੂੰ ਇਕੱਠਾ ਕਰਨ ‘ਚ ਸਫ਼ਲ ਰਹੇ ਹਨ।

ਪਰ ਵੱਡਾ ਸਵਾਲ ਇਹ ਹੈ ਕਿ ਕੀ ਇਹ ਯਾਤਰਾ ਕਾਂਗਰਸ ਦੇ ਸਿਆਸੀ ਸੂਰਜ ਨੂੰ ਉੱਗਣ ‘ਚ ਮਦਦ ਕਰ ਸਕੇਗੀ।

ਕੀ ਇਹ ਲੋਕਾਂ ਵਿਚਾਲੇ ਰਾਹੁਲ ਗਾਂਧੀ ਦੇ ਅਕਸ ਨੂੰ ਬਦਲ ਸਕੇਗੀ, ਜਿਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀ ਇੱਕ ਅਣਇੱਛਤ ਸਿਆਸਤਦਾਨ ਕਰਾਰ ਦਿੰਦੇ ਹਨ।

ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਕਨ੍ਹਈਆ ਕੁਮਾਰ ਦਾ ਕਹਿਣਾ ਹੈ ਕਿ ‘ਉਹ ਕੋਈ ਰਾਜਕੁਮਾਰ ਨਹੀਂ ਹਨ। ਇਹ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਤਿਆਰ ਕੀਤਾ ਗਿਆ ਅਕਸ ਹੈ’।

ਉਨ੍ਹਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਇਸ ਯਾਤਰਾ ਜ਼ਰੀਏ ਅਜਿਹੇ ਹੀ ਗਲਤ ਪ੍ਰਚਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਕਾਂਗਰਸ ਨੇ ਕਿਹਾ ਹੈ ਕਿ ਇਹ ਚੋਣਾਂ ਨੂੰ ਧਿਆਨ ‘ਚ ਰੱਖ ਕੇ ਕੱਢੀ ਜਾਣ ਵਾਲੀ ਰੈਲੀ ਨਹੀਂ ਹੈ।

ਪਰ ਕਨ੍ਹਈਆ ਕੁਮਾਰ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਵੋਟਰਾਂ ਨਾਲ ਇੱਕ ਵਾਰ ਫਿਰ ਭਾਵਨਾਤਮਕ ਤਾਲਮੇਲ ਕਾਇਮ ਕਰਨਾ ਹੈ।

ਇਸ ਲਈ ਹੀ ਰਾਹੁਲ ਗਾਂਧੀ ਆਪਣੇ ਭਾਸ਼ਣਾਂ ‘ਚ ਅਰਥਚਾਰੇ, ਮਹਿੰਗਾਈ, ਬੇਰੁਜ਼ਗਾਰੀ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮੁੱਦਿਆਂ ‘ਤੇ ਲਗਾਤਾਰ ਭਾਜਪਾ ਨੂੰ ਘੇਰਨ ਦਾ ਯਤਨ ਕਰ ਰਹੇ ਹਨ।

ਕੀ ਰਾਹੁਲ ਗਾਂਧੀ ਨੂੰ ਲੋਕਪ੍ਰਿਅਤਾ ਮਿਲ ਰਹੀ ਹੈ?

ਕਾਂਗਰਸ ਦੇ ਚੋਟੀ ਦੇ ਆਗੂ ਜੈਰਾਮ ਰਮੇਸ਼ ਦਾ ਕਹਿਣਾ ਹੈ ਕਿ ਆਮ ਵਰਕਾਰਾਂ ਨਾਲ ਜ਼ਮੀਨੀ ਪੱਧਰ ‘ਤੇ ਸੰਪਰਕ ਕਾਇਮ ਕਰਨ ਨਾਲ ਸੰਗਠਨ ‘ਚ ਇੱਕ ਨਵੀਂ ਜਾਨ ਫੂਕੀ ਜਾ ਰਹੀ ਹੈ।

ਯਾਤਰਾ ਦੀ ਸ਼ੂਰੂਆਤ ਤੋਂ ਬਾਅਦ ਰਾਹੁਲ ਗਾਂਧੀ ਦੀ ਲੋਕਪ੍ਰਿਅਤਾ ‘ਚ ਵੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ।

ਪੋਲਿੰਗ ਏਜੰਸੀ ਸੀ-ਵੋਟਰ ਮੁਤਾਬਕ ਰਾਹੁਲ ਗਾਂਧੀ ਜਿਨ੍ਹਾਂ ਸੂਬਿਆਂ ''''ਚੋਂ ਲੰਘੇ ਹਨ, ਉਨ੍ਹਾਂ ''''ਚ ਗਾਂਧੀ ਪ੍ਰਤੀ ਲੋਕਾਂ ਦੇ ਰੁਝਾਨ ''''ਚ 3 ਤੋਂ 9 ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ।

ਪਰ ਇਹ ਮਾਮੂਲੀ ਸੁਧਾਰ ਦਰਸਾਉਂਦੇ ਹਨ ਕਿ ਜੇਕਰ ਰਾਹੁਲ ਗਾਂਧੀ ਨੂੰ 2024 ਵਿੱਚ ਮੋਦੀ ਨੂੰ ਟੱਕਰ ਦੇਣੀ ਹੈ ਤਾਂ ਉਨ੍ਹਾਂ ਨੂੰ ਕਿੰਨਾ ਕੰਮ ਕਰਨਾ ਪਵੇਗਾ।

ਸੀ-ਵੋਟਰ ਦੇ ਸੰਸਥਾਪਕ-ਨਿਰਦੇਸ਼ਕ ਯਸ਼ਵੰਤ ਦੇਸ਼ਮੁਖ ਦਾ ਕਹਿਣਾ ਹੈ ਕਿ ਇਸ ਯਾਤਰਾ ਨੇ ਦੱਖਣੀ ਸੂਬਿਆਂ ਵਿੱਚ ਰਾਹੁਲ ਗਾਂਧੀ ਦੇ ਅਕਸ ਨੂੰ ਸੁਧਾਰਿਆ ਹੈ ਜੋ ਭਾਜਪਾ ਦੇ ਗੜ੍ਹ ਨਹੀਂ ਹਨ।

ਪਰ ਇਸ ਵਧੀ ਹੋਈ ਲੋਕਪ੍ਰਿਅਤਾ ਨੂੰ ਵੋਟਾਂ ਵਿੱਚ ਤਬਦੀਲ ਕਰਨਾ ਆਪਣੇ ਆਪ ਵਿੱਚ ਇੱਕ ਵੱਖਰੀ ਕਿਸਮ ਦੀ ਚੁਣੌਤੀ ਹੋਵੇਗੀ।

ਉਨ੍ਹਾਂ ਦਾ ਕਹਿਣਾ ਹੈ ਕਿ “ਇੱਕ ਸਵਾਲ ਇਹ ਵੀ ਹੈ ਕਿ ਕੀ ਉੱਤਰੀ ਭਾਰਤ ਦੇ ਰਾਜਾਂ ‘ਚ ਆਉਂਦੇ-ਆਉਂਦੇ ਭਾਰਤ ਜੋੜੋ ਯਾਤਰਾ ਦੇ ਸਮਰਥਕਾਂ ‘ਚ ਕਮੀ ਆਵੇਗੀ ਕਿਉਂਕਿ ਇਹਨਾਂ ਹਿੰਦੀ ਭਾਸ਼ੀ ਸੂਬਿਆਂ ‘ਚ ਭਾਜਪਾ ਦੀ ਸਥਿਤੀ ਮਜ਼ਬੂਤ ਹੈ।”

ਸਿਆਸੀ ਆਲੋਚਕਾਂ ਨੂੰ ਅਜੇ ਵੀ ਸ਼ੱਕ ਹੈ ਕਿ ਕੀ ਇਹ ਦੌਰਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿੱਚ ਲਾਹੇਵੰਦ ਰਹੇਗਾ ਜਾਂ ਨਹੀਂ।

ਕਾਂਗਰਸ ਦੇ ਸਾਬਕਾ ਆਗੂ ਸੰਜੇ ਝਾਅ ਦਾ ਕਹਿਣਾ ਹੈ ਕਿ “ਕਾਂਗਰਸ ਨੂੰ ਇਸ ਯਾਤਰਾ ਨਾਲ ਲੰਮੇ ਸਮੇਂ ਤੱਕ ਲਾਭ ਹੋਵੇਗਾ ਜਾਂ ਫਿਰ ਨਹੀਂ, ਇਹ ਇਸ ਗੱਲ ਤੋਂ ਤੈਅ ਹੋਵੇਗਾ ਕਿ ਉਹ ਯਾਤਰਾ ਮੁਕੰਮਲ ਹੋਣ ਤੋਂ ਬਾਅਦ ਇਸ ਤੋਂ ਮਿਲੀ ਗਤੀਸ਼ੀਲਤਾ ਨੂੰ ਕਦੋਂ ਤੱਕ ਬਰਕਰਾਰ ਰੱਖ ਪਾਉਂਦੀ ਹੈ।”

ਸੰਜੇ ਝਾਅ ਦੇ ਅਨੁਸਾਰ ਕਾਂਗਰਸ ਨੂੰ ਡੂੰਘੀਆਂ ਜਥੇਬੰਧਕ ਸਮੱਸਿਆਵਾਂ ਦਾ ਹੱਲ ਲੱਭਣ ਲਈ ਲਗਾਤਾਰ ਕੰਮ ਕਰਨਾ ਪਵੇਗਾ।

ਇੰਨ੍ਹਾਂ ‘ਚ ਨਿਰਾਸ਼ ਵਰਕਰ, ਭਾਈ-ਭਤੀਜਾਵਾਦ ਅਤੇ ਅੰਦਰੂਨੀ ਲੜਾਈ ਸ਼ਾਮਲ ਹੈ।

ਇਸ ਦੇ ਨਾਲ ਹੀ ਕਾਂਗਰਸ ਨੂੰ ਭਾਜਪਾ ਦੀ ਆਲੋਚਨਾ ਤੋਂ ਪਰੇ ਇੱਕ ਸਪੱਸ਼ਟ ਵਿਚਾਰਧਾਰਕ ਰੁਖ਼ ਅਖ਼ਤਿਆਰ ਕਰਨ ਦੀ ਲੋੜ ਹੈ।

ਝਾਅ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਨੂੰ ਭਾਜਪਾ ‘ਚ ਸ਼ਾਮਲ ਹੋਣ ਵਾਲੇ ਆਗੂਆਂ ਪ੍ਰਤੀ ਘੱਟ ਬੇਪਰਵਾਹ ਹੋਣ ਅਤੇ ਗਾਂਧੀ ਪਰਿਵਾਰ ਦੇ ਪ੍ਰਤੀ ਝੁਕਾਅ ਤੋਂ ਮੁਕਤ ਹੋਣ ਦੀ ਲੋੜ ਹੈ।

ਗ਼ੈਰ ਗਾਂਧੀ ਵਿਅਕਤੀ ਪਾਰਟੀ ਪ੍ਰਧਾਨ

ਪਿਛਲੇ ਮਹੀਨੇ ਕਾਂਗਰਸ ਨੇ 24 ਸਾਲਾਂ ‘ਚ ਪਹਿਲੀ ਵਾਰ ਇੱਕ ਗ਼ੈਰ ਗਾਂਧੀ ਵਿਅਕਤੀ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ਹੈ।

ਪਰ ਮਲਿਕਾਰਜੁਨ ਖੜਗੇ ਨੂੰ ਗਾਂਧੀ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਹੈ।

ਪਾਰਟੀ ‘ਤੇ ਪ੍ਰਧਾਨ ਦੇ ਅਹੁਦੇ ਦੀ ਚੋਣ ਮੌਕੇ ਸ਼ਸ਼ੀ ਥਰੂਰ ਦੇ ਖੇਮੇ ਨੇ ਸਾਰੇ ਉਮੀਦਵਾਰਾਂ ਨੂੰ ਬਰਾਬਰ ਮੌਕੇ ਨਾ ਦੇਣ ਦਾ ਇਲਜ਼ਾਮ ਲਗਾਇਆ ਸੀ।

ਭਾਜਪਾ ਸਵਾਲ ਚੁੱਕ ਰਹੀ ਹੈ ਕਿ ਰਾਹੁਲ ਗਾਂਧੀ ਜੋ ਕਿ ਆਪਣੀ ਹੀ ਪਾਰਟੀ ਨੂੰ ਇਕਜੁੱਟ ਨਹੀਂ ਰੱਖ ਪਾ ਰਹੇ ਹਨ, ਉਹ ਭਾਰਤ ਨੂੰ ਇਕਜੁੱਟ ਕਿਵੇਂ ਕਰਨਗੇ।

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਇੱਕ ਅਜਿਹਾ ਦੇਸ਼ ਜਿੱਥੇ ਵਿਰੋਧੀ ਧਿਰ ਇੰਨੇ ਲੰਮੇ ਸਮੇਂ ਤੋਂ ਗੈਰਹਾਜ਼ਰ ਸੀ, ਉੱਥੇ ਅਜਿਹੀ ਪਹਿਲਕਦਮੀ ਸੁਭਾਵਿਕ ਹੀ ਸੀ।

ਇਹ ਯਾਤਰਾ ਕੋਈ ਜਾਦੂ ਦੀ ਛੜੀ ਨਹੀਂ ਹੈ ਸਗੋਂ ਇਹ ਕਾਂਗਰਸ ਪਾਰਟੀ ਦਾ 2014 ‘ਚ ਸ਼ੁਰੂ ਹੋਇਆ ਪਤਨ ਰੋਕਣ ਦੀ ਦਿਸ਼ਾ ‘ਚ ਪਹਿਲਾ ਕਦਮ ਹੋ ਸਕਦਾ ਹੈ।

ਸੰਜੇ ਝਾਅ ਦਾ ਕਹਿਣਾ ਹੈ, “ ਇਸ ਨਾਲ ਕਾਂਗਰਸ ਇੱਕ ਗੰਭੀਰ ਵਿਰੋਧੀ ਧਿਰ ਦੇ ਰੂਪ ‘ਚ ਮੁੜ ਉਭਰ ਸਕਦੀ ਹੈ ਅਤੇ ਉਹ ਵਿਰੋਧੀ ਏਕਤਾ ਦਾ ਧੁਰਾ ਬਣ ਸਕਦੀ ਹੈ।”

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)