ਰਿਚਾ ਚੱਢਾ ਦੇ ਟਵੀਟ ਕਾਰਨ ਅਕਸ਼ੇ ਕੁਮਾਰ ਸਣੇ ਕਈ ਲੋਕ ਭਖੇ, ਰਿਚਾ ਨੇ ਮਾਫ਼ੀ ਮੰਗੀ, ਜਾਣੋ ਪੂਰਾ ਮਾਮਲਾ

11/25/2022 4:57:02 PM

Getty Images
ਅਦਾਕਾਰ ਅਕਸ਼ੇ ਕੁਮਾਰ ਤੇ ਰਿਚਾ ਚੱਢਾ

ਅਦਾਕਾਰਾ ਰਿਚਾ ਚੱਢਾ ਨੂੰ ਉਨ੍ਹਾਂ ਵਲੋਂ ਭਾਰਤੀ ਫ਼ੌਜ ਅਤੇ ਚੀਨ ਦਰਮਿਆਨ 2020 ਵਿੱਚ ਹੋਈ ਗਲਵਾਨ ਘਾਟੀ ਵਿੱਚ ਝੜਪ ਵੱਲ ਇਸ਼ਾਰਾ ਕਰਦਿਆਂ ਕੀਤੇ ਗਏ ਟਵੀਟ ਤੋਂ ਬਾਅਦ ਵੱਡੇ ਪੱਧਰ ’ਤੇ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਰਿਚਾ ਨੂੰ ਇਸ ਟਵੀਟ ਨੂੰ ਹਟਾਉਣ ਤੋਂ ਬਾਅਦ ਵੀ ਸੋਸ਼ਲ ਮੀਡੀਆ ’ਤੇ ਟਰੋਲ ਕੀਤਾ ਜਾ ਰਿਹਾ ਹੈ

ਉਨ੍ਹਾਂ ਵਲੋਂ ਕੀਤੇ ਟਵੀਟ ਨੂੰ ਅਲੋਚਕਾਂ ਦੁਆਰਾ ਭਾਰਤੀ ਫ਼ੌਜ ’ਤੇ ਕੀਤੀ ਗਈ ਇੱਕ ਮਜ਼ਾਕੀਆ ਟਿੱਪਣੀ ਵਜੋਂ ਦੇਖਿਆ ਜਾ ਰਿਹਾ ਹੈ।

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਉਨ੍ਹਾਂ ਵਲੋਂ ਕੀਤੇ ਟਵੀਟ ’ਤੇ ਦੁੱਖ ਪ੍ਰਗਟਾਇਆ ਅਤੇ ਫ਼ੌਜ ਦੀ ਭਾਰਤੀਆਂ ਲਈ ਅਹਿਮੀਅਤ ਬਾਰੇ ਟਵੀਟ ਕੀਤਾ।

ਹਾਲਾਂਕਿ ਰਿਚਾ ਵਲੋਂ ਇੱਕ ਫ਼ੌਜੀ ਪਰਿਵਾਰ ਨਾਲ ਸਬੰਧਿਤ ਹੋਣ ਦਾ ਹਵਾਲਾ ਦਿੰਦਿਆਂ ਇਹ ਟਵੀਟ ਡਿਲੀਟ ਕਰ ਦਿੱਤਾ ਗਿਆ ਤੇ ਇਸ ਇੱਕ ਹੋਰ ਟਵੀਟ ਕਰਕੇ ਮਾਫ਼ੀ ਵੀ ਮੰਗੀ ਗਈ ਹੈ।

ਬਾਵਜੂਦ ਇਸਦੇ ਰਿਚਾ ਦੀ ਸੋਸ਼ਲ ਮੀਡੀਆ ’ਤੇ ਅਲੋਚਨਾ ਲਗਾਤਾਰ ਜਾਰੀ ਹੈ।

Getty Images

ਕੀ ਹੈ ਮਾਮਲਾ?

ਮੰਗਲਵਾਰ ਨੂੰ ਭਾਰਤੀ ਫ਼ੌਜ ਦੀ ਉੱਤਰੀ ਕਮਾਂਡ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਉਪੇਂਦਰ ਦਿਵੇਦੀ ਵਲੋਂ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਕਿਹਾ, “ਅਸੀਂ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਨੂੰ ਵਾਪਸ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਾਂ। ਅਸੀਂ ਸਰਕਾਰ ਦੇ ਹੁਕਮਾਂ ਦੀ ਉਡੀਕ ’ਚ ਹਾਂ।”

ਉਨ੍ਹਾਂ ਲਿਖਿਆ, “ਅਸੀਂ ਆਪਰੇਸ਼ਨ ਜਲਦ ਹੀ ਖ਼ਤਮ ਕਰ ਲਵਾਂਗੇ। ਇਸ ਤੋਂ ਪਹਿਲਾਂ ਜੇ ਪਾਕਿਸਤਾਨ ਨੇ ਸੀਜ਼ਫਾਈਰ ਦੀ ਉਲੰਘਣਾ ਕੀਤੀ ਤਾਂ ਜਵਾਬ ਕੁਝ ਅਲੱਗ ਹੋਵੇਗਾ ਜਿਸ ਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ।”

ਅਦਾਕਾਰਾ ਰਿਚਾ ਚੱਢਾ ਵਲੋਂ ਇਸ ਟਵੀਟ ਦੇ ਜਵਾਬ ਵਿੱਚ ਇੱਕ ਟਵੀਟ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਲੈਫ਼ਟੀਨੈਂਟ ਜਨਰਲ ਉਪੇਂਦਰ ਨੂੰ ਜਵਾਬ ਦਿੰਦਿਆਂ ਗਲਵਾਨ ਵੈਲੀ ਵੱਲ ਇਸ਼ਾਰਾ ਕੀਤਾ।

ਰਿਚਾ ਚੱਢਾ ਵਲੋਂ ਵਿਰੋਧੀ ਸੁਰਾਂ ਤੋਂ ਬਾਅਦ ਇਹ ਟਵੀਟ ਸੋਸ਼ਲ ਮੀਡੀਆ ਤੋਂ ਹਟਾ ਲਿਆ ਗਿਆ ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ, “ਗਲਵਾਨ ਹਾਏ ਕਹਿ ਰਿਹਾ ਹੈ”।

Getty Images
ਅਦਾਕਾਰ ਅਕਸ਼ੇ ਕੁਮਾਰ

ਸੋਸ਼ਲ ਮੀਡੀਆ ’ਤੇ ਰਿਚਾ ਦੇ ਟਵੀਟ ਮਗਰੋਂ ਰਿਚਾ ਦੀ ਅਲੋਚਨਾ ਹੋਣ ਲੱਗੀ ਅਤੇ ਉਨ੍ਹਾਂ ਨੂੰ ਟਰੋਲ ਕੀਤਾ ਜਾਣ ਲੱਗਿਆ।

ਅਲੋਚਕਾਂ ਦਾ ਕਹਿਣਾ ਸੀ ਕਿ ਰਿਚਾ ਚੱਢਾ ਨੇ ਭਾਰਤੀ ਫੌਜ ਨੂੰ ਗਲਵਾਨ ਘਾਟੀ ਵਿੱਚ ਚੀਨ ਨਾਲ ਹੋਈ ਝੜਪ ਵਿੱਚ ਹੋਏ ਨੁਕਸਾਨ ਬਾਰੇ ਯਾਦ ਕਰਵਾਇਆ ਹੈ।

ਇਸ ਮੁੱਠਭੇੜ ਵਿੱਚ ਕਈ ਭਾਰਤੀ ਜਵਾਨ ਮਾਰੇ ਗਏ ਸਨ ਅਤੇ ਚੀਨ ਦੇ ਸਰਕਾਰੀ ਮੀਡੀਆ ਨੇ ਗਲਵਾਨ ਘਾਟੀ ਵਿੱਚ ਚੀਨ ਦਾ ਝੰਡਾ ਫ਼ਹਿਰਾਉਣ ਦਾ ਦਾਅਵਾ ਕੀਤਾ ਸੀ।

ਰਿਚਾ ਚੱਢਾ ਹਿੰਦੀ ਫ਼ਿਲਮ ਜਗਤ ਵਿੱਚ ਕਈ ਮਸ਼ਹੂਰ ਫ਼ਿਲਮਾਂ ਜਿਨ੍ਹਾਂ ਵਿੱਚ ‘ਓਏ ਲੱਕੀ, ਲੱਕੀ ਓਏ,  ਗਲੀਓਂ ਕੀ ਰਾਸ ਲੀਲਾ ਰਾਮ ਲੀਲਾ, ਫੁਕਰੇ, ਗੈਂਗਜ਼ ਆਫ਼ ਵਾਸੇਪੁਰ ਵਿੱਚ ਅਹਿਮ ਭੂਮਿਕਾਵਾਂ ਨਿਭਾ ਚੁੱਕੇ ਹਨ।

ਉਨ੍ਹਾਂ ਨੂੰ ਗੈਂਗਜ਼ ਆਫ਼ ਵਾਸੇਪੁਰ ਵਿੱਚ ਕੀਤੀ ਅਦਾਕਾਰੀ ਬਦਲੇ ਫ਼ਿਲਮਫ਼ੇਅਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

BBC

BBC
AKSHAY KUMAR/TWITTER
ਅਕਸ਼ੇ ਕੁਮਾਰ ਵਲੋਂ ਕੀਤਾ ਗਿਆ ਟਵੀਟ

ਬਾਲੀਵੁੱਡ ਤੋਂ ਵੀ ਹੋਈ ਅਲੋਚਨਾ

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਵੀ ਰਿਚਾ ਚੱਢਾ ਦੇ ਟਵੀਟ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਨੇ ਰਿਚਾ ਦੇ ਟਵੀਟ ਦਾ ਸਕਰੀਨਸ਼ਾਰਟ ਸਾਂਝਾ ਕਰਦਿਆਂ ਟਵੀਟ ਕੀਤਾ ਤੇ ਲਿਖਿਆ, “ਇਹ ਦੇਖ ਕੇ ਦੁੱਖ ਹੁੰਦਾ ਹੈ। ਸਾਨੂੰ ਕਦੀ ਵੀ ਆਪਣੀ ਫ਼ੌਜ ਪ੍ਰਤੀ ਅਹਿਸਾਨ ਫ਼ਰਾਮੋਸ਼ ਨਹੀਂ ਹੋਣਾ ਚਾਹੀਦਾ। ਉਹ ਹਨ ਤਾਂ ਅਸੀਂ ਹਾਂ।”

ਸੋਸ਼ਲ ਮੀਡੀਆ ’ਤੇ ਅਕਸ਼ੇ ਕੁਮਾਰ ਦਾ ਟਵੀਟ ਤੇਜ਼ੀ ਨਾਲ ਵਾਇਰਲ ਹੋਇਆ ਅਤੇ ਰਿਚਾ ਚੱਢਾ ਦੀ ਹੋਰ ਨਿਖੇਧੀ ਹੋਣ ਲੱਗੀ।

ਸ਼ੇਫ਼ਾਲੀ ਵੈਦਿਆ ਨਾਮ ਦੀ ਟਵਿੱਟਰ ਯੂਜ਼ਰ ਨੇ ਅਕਸ਼ੇ ਕੁਮਾਰ ਦੇ ਟਵੀਟ ’ਤੇ ਜਵਾਬ ਦਿੰਦਿਆਂ ਲਿਖਿਆ,“ ਖੁਸ਼ੀ ਹੋਈ ਕਿ ਹਿੰਦੀ ਫ਼ਿਲਮ ਜਗਤ ਦੇ ਘੱਟੋ ਘੱਟ ਇੱਕ ਵੱਡੇ ਨਾਮ ਵਿੱਚ ਰਿਚਾ ਦੇ ਵਿਚਾਰਾਂ ਖ਼ਿਲਾਫ਼ ਬੋਲਣ ਦੀ ਹਿੰਮਤ ਹੈ।

akshay kumar/fb

ਅਦਾਕਾਰ ਕੇਕੇ ਮੈਨਨ ਨੇ ਵੀ ਰਿਚਾ ਨੂੰ ਟਵੀਟ ਜ਼ਰੀਏ ਜਵਾਬ ਦਿੱਤਾ। ਉਨ੍ਹਾਂ ਲਿਖਿਆ, “ਸਾਡੇ ਬਹਾਦਰ ਔਰਤਾਂ ਤੇ ਆਦਮੀ, ਸਾਡੇ ਮੁਲਕ ਦੇ ਹਰ ਨਾਗਰਿਕ ਨੂੰ ਸੁਰੱਖਿਅਤ ਅਤੇ ਮਹਿਫ਼ੂਜ਼ ਰੱਖਣ ਲਈ ਆਪਣੀ ਜ਼ਿੰਦਗੀ ਨੂੰ ਸਰਹੱਦ ’ਤੇ ਲਗਾ ਦਿੰਦੇ ਹਨ।

ਘੱਟ ਤੋਂ ਘੱਟ ਅਸੀਂ ਇਹ ਕਰ ਸਕਦੇ ਹਾਂ ਕਿ ਆਪਣੇ ਦਿਲਾਂ ’ਚ ਅਜਿਹੀ ਬਹਾਦਰੀ ਪ੍ਰਤੀ ਪਿਆਰ, ਸਤਿਕਾਰ ਅਤੇ ਸ਼ੁਕਰਗੁਜ਼ਾਰੀ ਰੱਖੀਏ।

ਰਿਚਾ ਚੱਢਾ ਵਲੋਂ ਟਵੀਟ ਹਟਾਉਣ ਤੋਂ ਬਾਅਦ ਮਾਫ਼ੀ

richa chadha/fb

ਸੋਸ਼ਲ ਮੀਡੀਆ ’ਤੇ ਨਿਖੇਧੀ ਕਾਰਨ ਰਿਚਾ ਚੱਢਾ ਨੇ ਆਪਣੇ ਇਸ ਟਵੀਟ ਨੂੰ ਡਿਲੀਟ ਕਰ ਦਿੱਤਾ।

ਉਨ੍ਹਾਂ ਨੇ ਇੱਕ ਹੋਰ ਟਵੀਟ ਕਰਕੇ ਮਾਫ਼ੀ ਮੰਗੀ ਤੇ ਲਿਖਿਆ, “ਭਾਵੇਂ ਕਿ ਮੇਰਾ ਇਰਾਦਾ ਬਿਲਕੁਲ ਵੀ ਅਜਿਹਾ ਨਹੀਂ ਹੋ ਸਕਦਾ। ਫ਼ਿਰ ਵੀ ਜੇ ਤਿੰਨ ਸ਼ਬਦਾਂ ਜਿਨ੍ਹਾਂ ਨੇ ਵਿਵਾਦ ਛੇੜਿਆ, ਉਨ੍ਹਾਂ ਨਾਲ ਕਿਸੇ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ ਤਾਂ ਮੈਂ ਮਾਫ਼ੀ ਮੰਗਦੀ ਹਾਂ।”

ਉਨ੍ਹਾਂ ਆਪਣੇ ਪਰਿਵਾਰ ਵਿੱਚ ਫ਼ੌਜੀ ਸੇਵਾਵਾਂ ਨਿਭਾ ਚੁੱਕੇ ਰਿਸ਼ਤਿਆਂ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਲਿਖਿਆ, “ਮੇਰੇ ਨਾਨਾ ਜੀ ਫ਼ੌਜ ਦਾ ਅਹਿਮ ਹਿੱਸਾ ਰਹੇ ਹਨ। 1960 ਵਿੱਚ ਭਾਰਤ ਚੀਨ ਜੰਗ ਦੌਰਾਨ ਉਨ੍ਹਾਂ ਦੀ ਲੱਤ ਵਿੱਚ ਗੋਲੀ ਵੀ ਲੱਗੀ। ਮੇਰੇ ਮਾਮਾ ਜੀ ਪੈਰਾਟਰੂਪਰ ਹਨ। ਇਹ ਮੇਰੇ ਖ਼ੂਨ ਵਿੱਚ ਹੈ।”

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ

Getty Images
ਭਾਰਤ ਵਾਲੇ ਪਾਸੇ ਕਸ਼ਮੀਰ ਦਾ ਵਿਸ਼ੇਸ ਦਰਜਾ ਦਿੰਦੇ ਸੰਵਿਧਾਨ ਦੇ ਆਰਟੀਕਲ 370 ਨੂੰ ਸਾਲ 2019 ''''ਚ ਹਟਾ ਦਿੱਤਾ ਗਿਆ

ਭਾਰਤ ਪਾਕਿਸਤਾਨ ਦੀ 1947 ਵਿੱਚ ਹੋਈ ਵੰਡ ਸਮੇਂ ਕਸ਼ਮੀਰ ਦਾ ਇੱਕ ਹਿੱਸਾ ਭਾਰਤ ਨੂੰ ਮਿਲਿਆ ਤੇ ਇੱਕ ਹਿੱਸਾ ਪਾਕਿਸਤਾਨ ਨੂੰ ਮਿਲਿਆ।

ਦੋਵਾਂ ਦੇਸਾਂ ਦਰਮਿਆਨ ਦਹਾਕਿਆਂ ਬਾਅਦ ਵੀ ਇਨ੍ਹਾਂ ਹਿੱਸਿਆਂ ਨੂੰ ਲੈ ਕੇ ਖਿਚੋਤਾਣ ਰਹਿੰਦੀ ਹੈ।

ਦੋਵਾਂ ਦੇਸਾਂ ਵਲੋਂ ਕਸ਼ਮੀਰ ਨੂੰ ਇੱਕ ਦੂਜੇ ਤੋਂ ਆਜ਼ਾਦ ਕਰਵਾਉਣ ਦੀਆਂ ਗੱਲਾਂ ਸਮੇਂ ਸਮੇਂ ''''ਤੇ ਉਠਦੀਆਂ ਰਹਿੰਦੀਆਂ ਹਨ।

ਭਾਰਤ ਤੇ ਪਾਕਿਸਤਾਨ ਵਿਚਲੇ ਕਸ਼ਮੀਰ ਨੂੰ ਆਪੋ ਆਪਣੇ ਦੇਸਾਂ ਵਿੱਚ ਖ਼ਾਸ ਅਧਿਕਾਰ ਪ੍ਰਾਪਤ ਸਨ।

ਭਾਰਤ ਵਾਲੇ ਪਾਸੇ ਕਸ਼ਮੀਰ ਦਾ ਵਿਸ਼ੇਸ ਦਰਜਾ ਦਿੰਦੇ ਸੰਵਿਧਾਨ ਦੇ ਆਰਟੀਕਲ 370 ਨੂੰ ਸਾਲ 2019 ''''ਚ ਹਟਾ ਦਿੱਤਾ ਗਿਆ ਇਸੇ ਦੇ ਦਮ ’ਤੇ 1947 ਵਿੱਚ ਇਹ ਰਿਆਸਤ ਭਾਰਤ ਦਾ ਹਿੱਸਾ ਬਣੀ ਸੀ।

ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਲੋਂ ਇਸ ਵਿਸ਼ੇਸ਼ ਅਧਿਕਾਰ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ 1950 ਦੇ ਦਹਾਕੇ ਤੋਂ ਬਾਅਦ ਜੰਮੂ-ਕਸ਼ਮੀਰ ਦੇ ਸੰਵਿਧਾਨਕ ਦਰਜੇ ਵਿੱਚ ਆਇਆ ਸਭ ਤੋਂ ਵੱਡਾ ਬਦਲਾਅ ਹੈ।

ਇਸ ਘਟਨਾਕ੍ਰਮ ਤੋਂ ਬਾਅਦ ਪਾਕਿਸਤਾਨ ਵਿੱਚ ਵੀ ਹਲਚਲ ਤੇਜ਼ ਹੋ ਗਈ ਸੀ।

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦਾ ਆਪਣਾ ਝੰਡਾ, ਰਾਸ਼ਟਰੀ ਗੀਤ, ਅਸੈਂਬਲੀ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਹਾਈ ਕੋਰਟ, ਇੱਥੋਂ ਤੱਕ ਕਿ ਆਪਣਾ ਚੋਣ ਕਮਿਸ਼ਨ ਅਤੇ ਟੈਕਸ ਉਗਰਾਹੀ ਪ੍ਰਣਾਲੀ ਵੀ ਹੈ, ਪਰ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਤੌਰ ''''ਤੇ ਇਹ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ।

ਗਲਵਾਨ ਵਿੱਚ ਭਾਰਤ-ਚੀਨ ਦੀ ਹਿੰਸਕ ਝੜਪ ਹੋਈ ਸੀ

Getty Images
ਚੀਨੀ ਸਰਕਾਰ ਵਲੋਂ ਪਿਛਲੇ ਸਾਲ ਫਰਵਰੀ 2021 ਵਿੱਚ ਜਾਰੀ ਕੀਤੇ ਗਏ ਗਲਵਾਨ ਸੰਘਰਸ਼ ਦੀ ਇੱਕ ਤਸਵੀਰ

ਭਾਰਤ ਤੇ ਚੀਨ ਦਰਮਿਆਨ 2020 ਵਿੱਚ ਗੰਭੀਰ ਸਥਿਤੀ ਪੈਦਾ ਹੋ ਗਈ ਸੀ। 1 ਮਈ, 2020 ਨੂੰ ਪੂਰਬੀ ਲੱਦਾਖ ਵਿੱਚ ਪੈਂਗੋਂਗ ਤਸੋ ਝੀਲ ਦੇ ਉੱਤਰੀ ਕੰਢੇ ''''ਤੇ ਦੋਵਾਂ ਦੇਸਾਂ ਦੇ ਸੈਨਿਕਾਂ ਵਿਚਕਾਰ ਝੜਪ ਹੋਈ ਸੀ।

15 ਜੂਨ ਨੂੰ ਗਲਵਾਨ ਘਾਟੀ ''''ਚ ਇਕ ਵਾਰ ਫਿਰ ਦੋਹਾਂ ਦੇਸਾਂ ਦੇ ਫੌਜੀਆਂ ਵਿਚਾਲੇ ਝੜਪ ਹੋਈ ਸੀ।

ਇਸ ਝੜਪ ਨੂੰ ਲੈ ਕੇ 16 ਜੂਨ ਨੂੰ ਭਾਰਤੀ ਫੌਜ ਦਾ ਬਿਆਨ ਸਾਹਮਣੇ ਆਇਆ ਸੀ।

ਇਸ ਵਿਚ ਕਿਹਾ ਗਿਆ, "ਝੜਪ ਵਾਲੀ ਥਾਂ ''''ਤੇ ਡਿਊਟੀ ''''ਤੇ ਮੌਜੂਦ 17 ਸੈਨਿਕਾਂ ਦੀ ਗੰਭੀਰ ਸੱਟਾਂ ਲੱਗਣ ਤੋਂ ਬਾਅਦ ਮੌਤ ਹੋ ਗਈ। ਇਸ ਸੰਘਰਸ਼ ਵਿਚ ਮਰਨ ਵਾਲੇ ਸੈਨਿਕਾਂ ਦੀ ਗਿਣਤੀ ਵਧ ਕੇ 20 ਹੋ ਗਈ ਹੈ।

ਕਈ ਦਿਨਾਂ ਤੱਕ ਚਲੀਆਂ ਇਨ੍ਹਾਂ ਝੜਪਾਂ ਵਿੱਚ ਭਾਰਤ ਤੇ ਚੀਨ ਦੇ ਕਈ ਫ਼ੌਜੀ ਮਾਰੇ ਗਏ। ਹਾਲਾਂਕਿ ਚੀਨ ਵਲੋਂ ਕੋਈ ਅੰਕੜਾ ਜਾਰੀ ਨਹੀਂ ਸੀ ਕੀਤਾ ਗਿਆ।

ਚੀਨ ਨੇ ਉਸ ਸਮੇਂ ਇੱਕ ਬਿਆਨ ਜਾਰੀ ਕੀਤਾ ਪਰ ਇਹ ਸਪੱਸ਼ਟ ਨਹੀਂ ਹੋਇਆ ਕਿ ਉਸਦੇ ਕਿੰਨੇ ਸੈਨਿਕ ਮਾਰੇ ਗਏ ਹਨ।

ਪਰ ਕਈ ਮਹੀਨਿਆਂ ਬਾਅਦ, ਫਰਵਰੀ 2021 ਵਿੱਚ, ਚੀਨ ਨੇ ਗਲਵਾਨ ਘਾਟੀ ਝੜਪ ਵਿੱਚ ਮਾਰੇ ਗਏ ਆਪਣੇ ਚਾਰ ਸੈਨਿਕਾਂ ਨੂੰ ਮਰਨ ਉਪਰੰਤ ਮੈਡਲ ਦੇਣ ਦਾ ਐਲਾਨ ਕੀਤਾ।

SHEN SHIWEI/TWITTER
ਚੀਨ ਦੇ ਸਰਕਾਰੀ ਮੀਡੀਆ ਨਾਲ ਜੁੜੇ ਇੱਕ ਸੰਪਾਦਕ ਵਲੋਂ ਟਵੀਟ ਕੀਤੀ ਗਈ ਤਸਵੀਰ

  ਗਲਵਾਨ ਵਿੱਚ ਚੀਨੀ ਝੰਡਾ

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਮੁੱਖ ਅਖ਼ਬਾਰ ਗਲੋਬਲ ਟਾਈਮਜ਼ ਵਿੱਚ 1 ਜਨਵਰੀ ਨੂੰ ਇੱਕ ਰਿਪੋਰਟ ਛਪੀ, ਜਿਸ ਵਿੱਚ ਕਿਹਾ ਗਿਆ ਹੈ ਕਿ ਨਵੇਂ ਸਾਲ ਦੇ ਮੌਕੇ ''''ਤੇ ਗਲਵਾਨ ਘਾਟੀ ਵਿੱਚ ਚੀਨੀ ਝੰਡਾ ਲਹਿਰਾਇਆ ਗਿਆ ਸੀ।

ਰਿਪੋਰਟ ''''ਚ ਕਿਹਾ ਗਿਆ ਹੈ ਕਿ ਸਾਲ 2022 ਦੇ ਪਹਿਲੇ ਦਿਨ ਪੂਰੇ ਦੇਸ਼ ''''ਚ ਪੰਜ ਸਿਤਾਰਿਆਂ ਵਾਲਾ ਚੀਨ ਦਾ ਲਾਲ ਝੰਡਾ ਲਹਿਰਾਇਆ ਗਿਆ ਸੀ। ਇਨ੍ਹਾਂ ਵਿੱਚ ''''ਹਾਂਗਕਾਂਗ ਅਤੇ ਗਲਵਾਨ ਘਾਟੀ ਦਾ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ'''' ਸ਼ਾਮਲ ਸੀ।

TWITTER

ਰਿਪੋਰਟ ਦੇ ਮੁਤਾਬਕ, ਅਖਬਾਰ ਨੂੰ ਇੱਕ ਵੀਡੀਓ ਵੀ ਭੇਜਿਆ ਗਿਆ ਸੀ, ਜਿਸ ਵਿੱਚ ਚੀਨੀ ਸੈਨਿਕਾਂ ਨੂੰ ਭਾਰਤੀ ਸਰਹੱਦ ਦੇ ਨੇੜੇ ਗਲਵਾਨ ਘਾਟੀ ਵਿੱਚ ਇੱਕ ਚੱਟਾਨ ''''ਤੇ ਲਿਖੇ ਨਾਅਰੇ "ਇੱਕ ਇੰਚ ਜ਼ਮੀਨ ਨਾ ਛੱਡੋ" ਦੇ ਸਾਹਮਣੇ ਖੜ੍ਹੇ ਦਿਖਾਈ ਦਿੰਦੇ ਹਨ,ਨਜ਼ਰ ਆਉਂਦੇ ਚੀਨੀ ਸੈਨਿਕ, ਚੀਨੀ ਲੋਕਾਂ ਨਵੇਂ ਸਾਲ ਦੀ ਵਧਾਈ ਦੇ ਰਹੇ ਹਾਂ।

ਚੀਨੀ ਸੈਨਿਕ ਜੋਸ਼ ਭਰੇ ਲਹਿਜੇ ਵਿੱਚ ਕਹਿੰਦੇ ਹਨ - "ਅਸੀਂ ਆਪਣੀ ਮਾਂਭੂਮੀ ਨਾਲ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਆਪਣੀ ਸਰਹੱਦ ਦੀ ਰਾਖੀ ਕਰਾਂਗੇ।"

ਗਲੋਬਲ ਟਾਈਮਜ਼ ਮੁਤਾਬਕ ਇਸ ਤੋਂ ਬਾਅਦ ਚੀਨੀ ਝੰਡੇ ਨੂੰ ਡਰੋਨ ਰਾਹੀਂ ਲਹਿਰਾਇਆ ਗਿਆ, ਜਿਸ ਨੂੰ ਚੀਨ ਦੀ ਪੱਛਮੀ ਥੀਏਟਰ ਕਮਾਂਡ ਦੇ ਜਵਾਨਾਂ ਨੇ ਉੱਥੇ ਸਿਖਲਾਈ ਦੇ ਕੇ ਸਲਾਮੀ ਦਿੱਤੀ ਅਤੇ ਦੇਸ਼ ਦੇ ਭਲੇ ਦੀ ਕਾਮਨਾ ਕੀਤੀ।

ਇਸ ਤੋਂ ਇਕ ਦਿਨ ਬਾਅਦ ਗਲੋਬਲ ਟਾਈਮਜ਼ ਨੇ ਫਿਰ ਤੋਂ ਦੋ ਟਵੀਟ ਕੀਤੇ ਹਨ, ਜਿਸ ਵਿਚ ਭਾਰਤੀ ਮੀਡੀਆ ਨੇ ਕੁਝ ਤਸਵੀਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਨਵੇਂ ਸਾਲ ਦੇ ਮੌਕੇ ''''ਤੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ''''ਤੇ ਭਾਰਤ ਅਤੇ ਚੀਨ ਦੇ ਸੈਨਿਕਾਂ ਨੇ ਵਧਾਈ ਦਿੱਤੀ ਅਤੇ ਮਠਿਆਈਆਂ ਵੀ ਵੰਡੀਆਂ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)