ਅਫ਼ਗਾਨਿਸਤਾਨ: ਘਰ ਦਾ ਗੁਜ਼ਾਰਾ ਚਲਾਉਣ ਲਈ ਆਪਣੇ ਗੁਰਦੇ ਤੇ ਧੀਆਂ ਵੇਚਦੇ ਲੋਕ

11/25/2022 12:57:01 PM

BBC

ਅਫ਼ਗਾਨ ਆਪਣੇ ਭੁੱਖੇ ਬੱਚਿਆਂ ਨੂੰ ਸ਼ਾਂਤ ਕਰਨ ਲਈ ਦਵਾਈਆਂ ਦੇ ਰਹੇ ਹਨ, ਕਈਆਂ ਨੇ ਜਿਉਂਦੇ ਰਹਿਣ ਲਈ ਆਪਣੀਆਂ ਬੇਟੀਆਂ ਅਤੇ ਅੰਗ ਵੇਚ ਦਿੱਤੇ ਹਨ।

ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ ਅਤੇ ਵਿਦੇਸ਼ੀ ਫੰਡਾਂ ਨੂੰ ਰੋਕ ਦਿੱਤਾ ਗਿਆ ਹੈ, ਲੱਖਾਂ ਲੋਕ ’ਕਾਲ ਤੋਂ ਬਸ ਥੋੜ੍ਹੀ ਹੀ ਦੂਰੀ ’ਤੇ ਹਨ।

ਅਬਦੁਲ ਵਹਾਬ ਨੇ ਕਿਹਾ, “ਸਾਡੇ ਬੱਚੇ ਰੋਂਦੇ ਰਹਿੰਦੇ ਹਨ, ਅਤੇ ਉਹ ਸੌਂਦੇ ਨਹੀਂ ਹਨ। ਸਾਡੇ ਕੋਲ ਉਨ੍ਹਾਂ ਨੂੰ ਦੇਣ ਲਈ ਖਾਣਾ ਨਹੀਂ ਹੈ।”

“ਇਸ ਲਈ ਅਸੀਂ ਫਾਰਮੇਸੀ ਜਾਂਦੇ ਹਾਂ, ਉੱਥੋਂ ਗੋਲੀਆਂ ਲੈਂਦੇ ਹਾਂ ਅਤੇ ਆਪਣੇ ਬੱਚਿਆਂ ਨੂੰ ਦਿੰਦੇ ਹਾਂ ਤਾਂ ਜੋ ਉਹ ਸ਼ਾਂਤ ਮਹਿਸੂਸ ਕਰਨ।”

ਉਹ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਹੇਰਾਤ ਦੇ ਬਿਲਕੁਲ ਬਾਹਰ ਰਹਿੰਦਾ ਹੈ। ਇਹ ਹਜ਼ਾਰਾਂ ਛੋਟੇ ਕੱਚੇ ਘਰਾਂ ਦੀ ਇੱਕ ਬਸਤੀ ਹੈ, ਜੋ ਦਹਾਕਿਆਂ ਤੋਂ ਵਿਕਸਤ ਹੋਈ ਹੈ। ਇਹ ਯੁੱਧ ਅਤੇ ਕੁਦਰਤੀ ਆਫ਼ਤਾਂ ਨਾਲ ਬੇਘਰ ਹੋਏ ਅਤੇ ਪੀੜਤ ਲੋਕਾਂ ਨਾਲ ਭਰਿਆ ਹੋਇਆ ਖੇਤਰ ਹੈ।

BBC

ਸਾਡੇ ਆਲੇ-ਦੁਆਲੇ ਇਕੱਠੇ ਹੋਏ ਕਰੀਬ ਦਰਜਨ ਭਰ ਬੰਦਿਆਂ ਦੇ ਸਮੂਹ ਵਿੱਚੋਂ ਅਬਦੁਲ ਇੱਕ ਹੈ। ਅਸੀਂ ਪੁੱਛਿਆ, ਕਿੰਨੇ ਲੋਕ ਆਪਣੇ ਬੱਚਿਆਂ ਨੂੰ ਸ਼ਾਂਤ ਕਰਨ ਦੀ ਦਵਾਈ ਦੇ ਰਹੇ ਹਨ?

ਉਨ੍ਹਾਂ ਨੇ ਜਵਾਬ ਦਿੱਤਾ, “ਸਾਡੇ ਵਿੱਚੋਂ ਬਹੁਤ ਸਾਰੇ, ਲਗਭਗ ਅਸੀਂ ਸਾਰੇ ਹੀ।”

ਗ਼ੁਲਾਮ ਹਜ਼ਰਤ ਨੇ ਆਪਣੇ ਕੁੜਤੇ ਦੀ ਜੇਬ ਵਿੱਚ ਦੇਖਿਆ ਅਤੇ ਗੋਲੀਆਂ ਦੀ ਇੱਕ ਪੱਟੀ ਕੱਢ ਲਈ। ਉਹ ਅਲਪਰਾਜ਼ੋਲਮ ਸੀ ਜੋ ਆਮ ਤੌਰ ''''ਤੇ ਚਿੰਤਾ ਵਿਕਾਰਾਂ ਦੇ ਇਲਾਜ ਲਈ ਵਰਤੀ ਜਾਂਦੀ ਹੈ।

ਗੁਲਾਮ ਦੇ ਛੇ ਬੱਚੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਛੋਟਾ ਇੱਕ ਸਾਲ ਦਾ। ਉਸ ਨੇ ਕਿਹਾ, “ਮੈਂ ਉਸ ਨੂੰ ਵੀ ਦਿੰਦਾ ਹਾਂ।”

ਦੂਜਿਆਂ ਨੇ ਸਾਨੂੰ ਐਸੀਟਾਲੋਪ੍ਰਾਮ ਅਤੇ ਸੇਰਟਰਾਲਾਈਨ ਦੀਆਂ ਗੋਲੀਆਂ ਦਿਖਾਈਆਂ। ਉਨ੍ਹਾਂ ਨੇ ਕਿਹਾ ਕਿ ਉਹ ਇਹ ਆਪਣੇ ਬੱਚਿਆਂ ਨੂੰ ਦੇ ਰਹੇ ਹਨ। ਇਹ ਗੋਲੀਆਂ ਆਮ ਤੌਰ ''''ਤੇ ਡਿਪਰੈਸ਼ਨ ਅਤੇ ਚਿੰਤਾ ਦੇ ਇਲਾਜ ਲਈ ਨਿਰਧਾਰਤ ਹੁੰਦੀਆਂ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਛੋਟੇ ਬੱਚਿਆਂ ਨੂੰ ਸਹੀ ਪੋਸ਼ਣ ਨਹੀਂ ਮਿਲਦਾ, ਤਾਂ ਅਜਿਹੀਆਂ ਦਵਾਈਆਂ ਉਨ੍ਹਾਂ ਦੇ ਲਿਵਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ, ਨਾਲ ਹੀ ਕਈ ਹੋਰ ਸਮੱਸਿਆਵਾਂ ਜਿਵੇਂ ਕਿ ਥਕਾਵਟ, ਨੀਂਦ ਅਤੇ ਵਿਵਹਾਰ ਵਿਕਾਰ ਵਰਗੀਆਂ ਕਈ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਅਫ਼ਗਾਨਿਸਤਾਨ ਵਿੱਚ ਮਨੁੱਖੀ “ਤਬਾਹੀ”

ਇੱਕ ਸਥਾਨਕ ਫਾਰਮੇਸੀ ਵਿੱਚ ਅਸੀਂ ਦੇਖਿਆ ਕਿ ਤੁਸੀਂ ਲਗਭਗ 23 ਰੁਪਏ (10 ਅਫ਼ਗਾਨੀਆਂ ਲਗਭਗ 10 ਯੂਐੱਸ ਸੈਂਟ) ਵਿੱਚ ਦਵਾਈ ਦੀਆਂ ਪੰਜ ਗੋਲੀਆਂ ਖਰੀਦ ਸਕਦੇ ਹੋ। ਇਹ ਬਰੈੱਡ ਦੇ ਇੱਕ ਪੀਸ ਦੀ ਕੀਮਤ ਦੇ ਬਰਾਬਰ ਹਨ।

ਜਿਨ੍ਹਾਂ ਪਰਿਵਾਰਾਂ ਨੂੰ ਅਸੀਂ ਮਿਲੇ, ਉਨ੍ਹਾਂ ਵਿੱਚੋਂ ਬਹੁਤੇ ਹਰ ਰੋਜ਼ ਆਪਸ ਵਿੱਚ ਰੋਟੀ ਦੇ ਕੁਝ ਟੁਕੜੇ ਵੰਡ ਰਹੇ ਸਨ। ਇੱਕ ਔਰਤ ਨੇ ਸਾਨੂੰ ਦੱਸਿਆ ਕਿ ਉਹ ਸਵੇਰੇ ਸੁੱਕੀ ਰੋਟੀ ਖਾਂਦੇ ਹਨ ਅਤੇ ਰਾਤ ਨੂੰ ਇਸ ਨੂੰ ਪਾਣੀ ਵਿੱਚ ਡੁਬੋ ਕੇ ਗਿੱਲੀ ਕਰਦੇ ਹਨ।

ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਹੁਣ ਅਫ਼ਗਾਨਿਸਤਾਨ ਵਿੱਚ ਮਨੁੱਖੀ “ਤਬਾਹੀ” ਸਾਹਮਣੇ ਆ ਰਹੀ ਹੈ।

ਹੇਰਾਤ ਤੋਂ ਬਾਹਰ ਦੇ ਖੇਤਰ ਵਿੱਚ ਜ਼ਿਆਦਾਤਰ ਆਦਮੀ ਦਿਹਾੜੀਦਾਰ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਉਹ ਸਾਲਾਂ ਤੋਂ ਔਖੀ ਜ਼ਿੰਦਗੀ ਜੀਅ ਰਹੇ ਹਨ।

ਪਰ ਜਦੋਂ ਤਾਲਿਬਾਨ ਨੇ ਪਿਛਲੇ ਅਗਸਤ ਵਿੱਚ ਸੱਤਾ ਸੰਭਾਲੀ ਹੈ, ਨਵੀਂ ਡੀ-ਫੈਕਟੋ ਸਰਕਾਰ ਲਈ ਕੋਈ ਅੰਤਰਰਾਸ਼ਟਰੀ ਮਾਨਤਾ ਨਾ ਹੋਣ ਕਾਰਨ ਅਫ਼ਗਾਨਿਸਤਾਨ ਵਿੱਚ ਆਉਂਦੇ ਵਿਦੇਸ਼ੀ ਫੰਡਾਂ ਨੂੰ ਰੋਕ ਦਿੱਤਾ ਗਿਆ।

BBC

ਇਸ ਨਾਲ ਆਰਥਿਕ ਪਤਨ ਸ਼ੁਰੂ ਹੋ ਗਿਆ ਜਿਸ ਨਾਲ ਜ਼ਿਆਦਾਤਰ ਦਿਨਾਂ ਵਿੱਚ ਆਦਮੀਆਂ ਕੋਲ ਕੋਈ ਕੰਮ ਨਹੀਂ ਹੁੰਦਾ।

ਟਾਂਵੇ ਦਿਨਾਂ ਵਿੱਚ ਜਦੋਂ ਉਨ੍ਹਾਂ ਨੂੰ ਕੰਮ ਮਿਲਦਾ ਹੈ, ਉਹ ਲਗਭਗ 100 ਅਫ਼ਗਾਨੀ, ਜਾਂ ਸਿਰਫ $1 (£0.83) ਕਮਾਉਂਦੇ ਹਨ।

ਅਸੀਂ ਜਿੱਥੇ ਵੀ ਗਏ, ਅਸੀਂ ਦੇਖਿਆ ਕਿ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਭੁੱਖਮਰੀ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ।

ਅੰਮਾਰ (ਅਸਲੀ ਨਾਮ ਨਹੀਂ) ਨੇ ਕਿਹਾ ਕਿ ਉਸ ਨੇ ਤਿੰਨ ਮਹੀਨੇ ਪਹਿਲਾਂ ਆਪਣੀ ਕਿਡਨੀ ਕਢਾਉਣ ਲਈ ਸਰਜਰੀ ਕਰਵਾਈ ਸੀ।

ਉਸ ਨੇ ਸਾਨੂੰ ਨੌ ਇੰਚ ਦਾ ਨਿਸ਼ਾਨ ਦਿਖਾਇਆ ਜਿਸ ’ਤੇ ਟਾਂਕੇ ਦੇ ਨਿਸ਼ਾਨ ਅਜੇ ਵੀ ਥੋੜ੍ਹੇ ਜਿਹੇ ਗੁਲਾਬੀ ਹਨ। ਇਹ ਉਸ ਦੇ ਪੇਟ ਵਿੱਚ ਸਰੀਰ ਦੇ ਅੱਗੇ ਤੋਂ ਪਿਛਲੇ ਪਾਸੇ ਤੱਕ ਸਨ।

ਉਸ ਦੀ ਉਮਰ ਵੀਹਵਿਆਂ ਵਿੱਚ ਹੈ ਜੋ ਉਸ ਦੀ ਜ਼ਿੰਦਗੀ ਦਾ ਪ੍ਰਮੁੱਖ ਸਮਾਂ ਹੋਣਾ ਚਾਹੀਦਾ ਸੀ। ਅਸੀਂ ਉਸ ਦੀ ਸੁਰੱਖਿਆ ਦੇ ਮੱਦੇਨਜ਼ਰ ਉਸ ਦੀ ਪਹਿਚਾਣ ਛੁਪਾ ਰਹੇ ਹਾਂ।

ਉਸ ਨੇ ਕਿਹਾ, “ਮੇਰੇ ਕੋਲ ਕੋਈ ਰਸਤਾ ਨਹੀਂ ਸੀ। ਮੈਂ ਸੁਣਿਆ ਸੀ ਕਿ ਤੁਸੀਂ ਇੱਕ ਸਥਾਨਕ ਹਸਪਤਾਲ ਵਿੱਚ ਇੱਕ ਕਿਡਨੀ ਵੇਚ ਸਕਦੇ ਹੋ।"

BBC
BBC

"ਮੈਂ ਉੱਥੇ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਵੀ ਅਜਿਹਾ ਕਰਨਾ ਚਾਹੁੰਦਾ ਹਾਂ। ਕੁਝ ਹਫ਼ਤਿਆਂ ਬਾਅਦ ਮੈਨੂੰ ਇੱਕ ਫੋਨ ਆਇਆ ਜਿਸ ਵਿੱਚ ਮੈਨੂੰ ਹਸਪਤਾਲ ਆਉਣ ਲਈ ਕਿਹਾ ਗਿਆ।”

“ਉਨ੍ਹਾਂ ਨੇ ਕੁਝ ਟੈਸਟ ਕੀਤੇ, ਫਿਰ ਉਨ੍ਹਾਂ ਨੇ ਮੈਨੂੰ ਇੱਕ ਅਜਿਹਾ ਇੰਜੈਕਸ਼ਨ ਲਗਾਇਆ ਜਿਸ ਨਾਲ ਮੈਂ ਬੇਹੋਸ਼ ਹੋ ਗਿਆ। ਮੈਂ ਡਰ ਗਿਆ ਸੀ, ਪਰ ਮੇਰੇ ਕੋਲ ਕੋਈ ਹੋਰ ਵਿਕਲਪ ਨਹੀਂ ਸੀ।”

ਅੰਮਾਰ ਨੂੰ ਇਸ ਲਈ ਲਗਭਗ 270,000 ਅਫ਼ਗਾਨੀ ($3,100) ਦਾ ਭੁਗਤਾਨ ਕੀਤਾ ਗਿਆ ਸੀ, ਜਿਸ ਵਿੱਚੋਂ ਜ਼ਿਆਦਾਤਰ ਪੈਸੇ ਲੋਕਾਂ ਦਾ ਉਧਾਰ ਉਤਾਰਨ ਲਈ ਵਰਤੇ ਗਏ ਜੋ ਉਸ ਨੇ ਆਪਣੇ ਪਰਿਵਾਰ ਲਈ ਭੋਜਨ ਖਰੀਦਣ ਲਈ ਲਿਆ ਸੀ।

ਉਸ ਨੇ ਕਿਹਾ, “ਜੇ ਅਸੀਂ ਇੱਕ ਰਾਤ ਖਾ ਲੈਂਦੇ ਹਾਂ, ਤਾਂ ਸਾਨੂੰ ਅਗਲੀ ਰਾਤ ਕੁਝ ਨਹੀਂ ਮਿਲਦਾ। ਆਪਣੀ ਕਿਡਨੀ ਵੇਚਣ ਤੋਂ ਬਾਅਦ, ਮੈਨੂੰ ਲੱਗਦਾ ਹੈ ਕਿ ਮੈਂ ਅੱਧਾ ਇਨਸਾਨ ਹਾਂ। ਮੈਂ ਨਿਰਾਸ਼ ਮਹਿਸੂਸ ਕਰਦਾ ਹਾਂ। ਜੇਕਰ ਜ਼ਿੰਦਗੀ ਇਸੇ ਹੀ ਤਰ੍ਹਾਂ ਚਲਦੀ ਰਹੀ, ਤਾਂ ਮੈਨੂੰ ਲੱਗਦਾ ਹੈ ਕਿ ਮੈਂ ਮਰ ਸਕਦਾ ਹਾਂ।”

ਬੱਚੀਆਂ ਨੂੰ ਵੇਚਣਾ

ਪੈਸਿਆਂ ਲਈ ਅੰਗਾਂ ਨੂੰ ਵੇਚਣਾ ਅਫ਼ਗਾਨਿਸਤਾਨ ਵਿੱਚ ਕੋਈ ਨਵੀਂ ਗੱਲ ਨਹੀਂ ਹੈ। ਇਹ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਵੀ ਹੁੰਦਾ ਸੀ। ਪਰ ਹੁਣ, ਇੰਨੇ ਦਰਦਨਾਕ ਰਸਤੇ ਦੀ ਚੋਣ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਬਚਣ ਦੇ ਸਾਧਨ ਨਹੀਂ ਲੱਭ ਰਹੇ।

ਅਸੀਂ ਇੱਕ ਠੰਢੇ ਘਰ ਵਿੱਚ ਇੱਕ ਜਵਾਨ ਮਾਂ ਨੂੰ ਮਿਲੇ ਜਿਸ ਨੇ ਕਿਹਾ ਕਿ ਉਸ ਨੇ ਸੱਤ ਮਹੀਨੇ ਪਹਿਲਾਂ ਆਪਣੀ ਕਿਡਨੀ ਵੇਚ ਦਿੱਤੀ ਸੀ।

ਉਨ੍ਹਾਂ ਨੂੰ ਕਰਜ਼ਾ ਵੀ ਮੋੜਨਾ ਸੀ, ਉਹ ਪੈਸਾ ਜੋ ਉਨ੍ਹਾਂ ਨੇ ਭੇਡਾਂ ਦਾ ਇੱਜੜ ਖਰੀਦਣ ਲਈ ਉਧਾਰ ਲਿਆ ਸੀ। ਕੁਝ ਸਾਲ ਪਹਿਲਾਂ ਆਏ ਹੜ੍ਹ ਵਿੱਚ ਉਨ੍ਹਾਂ ਦੇ ਪਸ਼ੂਆਂ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਰੋਜ਼ੀ-ਰੋਟੀ ਕਮਾਉਣ ਦਾ ਸਾਧਨ ਖੋ ਗਿਆ ਸੀ।

ਉਸ ਨੂੰ ਕਿਡਨੀ ਵੇਚ ਕੇ 2,40,000 ਅਫ਼ਗਾਨੀ ($2,700) ਮਿਲੇ, ਜੋ ਉਸ ਲਈ ਕਾਫ਼ੀ ਨਹੀਂ ਹਨ।

ਉਸ ਨੇ ਕਿਹਾ, “ਹੁਣ ਸਾਨੂੰ ਆਪਣੀ ਦੋ ਸਾਲ ਦੀ ਧੀ ਨੂੰ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਤੋਂ ਅਸੀਂ ਉਧਾਰ ਲਿਆ ਹੈ, ਉਹ ਸਾਨੂੰ ਹਰ ਰੋਜ਼ ਤੰਗ ਕਰਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਤੁਸੀਂ ਸਾਨੂੰ ਪੈਸੇ ਵਾਪਸ ਨਹੀਂ ਕਰ ਸਕਦੇ ਤਾਂ ਆਪਣੀ ਧੀ ਸਾਨੂੰ ਦੇ ਦਿਓ।”

BBC

ਉਸ ਦੇ ਪਤੀ ਨੇ ਕਿਹਾ, “ਮੈਨੂੰ ਆਪਣੀ ਸਥਿਤੀ ’ਤੇ ਬਹੁਤ ਸ਼ਰਮ ਆਉਂਦੀ ਹੈ। ਕਈ ਵਾਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜਿਉਣ ਨਾਲੋਂ ਮਰਨਾ ਬਿਹਤਰ ਹੈ।”

ਅਸੀਂ ਵਾਰ-ਵਾਰ ਲੋਕਾਂ ਨੂੰ ਆਪਣੀਆਂ ਧੀਆਂ ਵੇਚਣ ਬਾਰੇ ਸੁਣਿਆ ਹੈ।

ਨਿਜ਼ਾਮੂਦੀਨ ਨੇ ਕਿਹਾ, “ਮੈਂ ਆਪਣੀ ਪੰਜ ਸਾਲ ਦੀ ਬੇਟੀ ਨੂੰ 100,000 ਅਫ਼ਗਾਨੀਆਂ ਵਿੱਚ ਵੇਚ ਦਿੱਤੀ।

“ਅਸੀਂ ਦੇਖਿਆ ਹੈ ਕਿ ਉਸ ਅਨੁਸਾਰ ਕਿਡਨੀ ਦੀ ਤੁਲਨਾ ਵਿੱਚ ਇਹ ਅੱਧੇ ਤੋਂ ਵੀ ਘੱਟ ਹੈ। ਉਸ ਨੇ ਆਪਣੇ ਬੁੱਲ੍ਹ ਨੂੰ ਚਿੱਥਿਆ, ਅਤੇ ਉਸ ਦੀਆਂ ਅੱਖਾਂ ਭਰ ਆਈਆਂ।”

ਇੱਥੋਂ ਦੇ ਲੋਕਾਂ ਨੇ ਜਿਸ ਮਾਣ-ਸਨਮਾਨ ਨਾਲ ਆਪਣੀ ਜ਼ਿੰਦਗੀ ਬਤੀਤ ਕੀਤੀ, ਉਸ ਨੂੰ ਭੁੱਖ ਨੇ ਰੋਲ਼ ਦਿੱਤਾ ਹੈ।

ਭਾਈਚਾਰੇ ਦੇ ਮੁਖੀਆਂ ਵਿੱਚੋਂ ਇੱਕ ਅਬਦੁਲ ਗਫ਼ਰ ਨੇ ਕਿਹਾ, “ਅਸੀਂ ਸਮਝਦੇ ਹਾਂ ਕਿ ਇਹ ਇਸਲਾਮੀ ਕਾਨੂੰਨਾਂ ਦੇ ਵਿਰੁੱਧ ਹੈ ਅਤੇ ਅਸੀਂ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਰਹੇ ਹਾਂ, ਪਰ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।”

BBC

ਇੱਕ ਘਰ ਵਿੱਚ ਅਸੀਂ ਚਾਰ ਸਾਲਾਂ ਦੀ ਨਾਜ਼ੀਆ ਨੂੰ ਮਿਲੇ, ਇੱਕ ਹੱਸਮੁੱਖ ਛੋਟੀ ਜਿਹੀ ਬੱਚੀ ਜਿਸ ਨੇ ਆਪਣੇ 18 ਮਹੀਨੇ ਦੇ ਭਰਾ ਸ਼ਮਸ਼ੁੱਲਾ ਨਾਲ ਖੇਡਦਿਆਂ ਮਜ਼ਾਕੀਆ ਚਿਹਰੇ ਬਣਾਏ।

ਉਸ ਦੇ ਪਿਤਾ ਹਜ਼ਰਤੁੱਲਾ ਨੇ ਕਿਹਾ, “ਸਾਡੇ ਕੋਲ ਭੋਜਨ ਖਰੀਦਣ ਲਈ ਪੈਸੇ ਨਹੀਂ ਹਨ, ਇਸ ਲਈ ਮੈਂ ਸਥਾਨਕ ਮਸਜਿਦ ਵਿੱਚ ਐਲਾਨ ਕੀਤਾ ਹੈ ਕਿ ਮੈਂ ਆਪਣੀ ਧੀ ਨੂੰ ਵੇਚਣਾ ਚਾਹੁੰਦਾ ਹਾਂ।”

ਨਾਜ਼ੀਆ ਨੂੰ ਕੰਧਾਰ ਦੇ ਦੱਖਣੀ ਸੂਬੇ ਵਿੱਚ ਇੱਕ ਪਰਿਵਾਰ ਦੇ ਲੜਕੇ ਨਾਲ ਵਿਆਹ ਕਰਵਾਉਣ ਲਈ ਵੇਚ ਦਿੱਤਾ ਗਿਆ ਹੈ।

14 ਸਾਲ ਦੀ ਹੋਣ ’ਤੇ ਉਸ ਨੂੰ ਵਿਦਾ ਕਰ ਦਿੱਤਾ ਜਾਵੇਗਾ। ਹੁਣ ਤੱਕ ਹਜ਼ਰਉੱਲਾ ਨੂੰ ਉਸ ਦੇ ਦੋ ਕਿਸ਼ਤਾਂ ਵਿੱਚ ਪੈਸੇ ਮਿਲ ਚੁੱਕੇ ਹਨ।

ਹਜ਼ਰਤੁੱਲਾ ਨੇ ਕਿਹਾ, “ਮੈਂ ਇਸ ਪੈਸੇ ਦਾ ਬਹੁਤਾ ਹਿੱਸਾ ਖਾਣਾ ਖਰੀਦਣ ਲਈ ਅਤੇ ਕੁਝ ਪੈਸੇ ਆਪਣੇ ਛੋਟੇ ਬੇਟੇ ਲਈ ਦਵਾਈ ਲੈਣ ਲਈ ਵਰਤਿਆ ਹੈ। ਇਸ ਨੂੰ ਦੇਖੋ, ਇਹ ਕੁਪੋਸ਼ਿਤ ਬੱਚਾ ਹੈ।”

ਕੁਪੋਸ਼ਣ ਦੀਆਂ ਦਰਾਂ ਵਿੱਚ ਹੈਰਾਨੀਜਨਕ ਵਾਧਾ ਇਸ ਗੱਲ ਦਾ ਸਬੂਤ ਹੈ ਕਿ ਅਫ਼ਗਾਨਿਸਤਾਨ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਤੇ ਭੁੱਖਮਰੀ ਪਹਿਲਾਂ ਹੀ ਪੈ ਚੁੱਕੀ ਹੈ।

ਮੈਡੀਸਨਜ਼ ਸੈਨਸ ਫਰੰਟੀਅਰਜ਼ (ਐੱਮਐੱਫਐੱਫ) ਨੇ ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਦੇਸ਼ ਭਰ ਵਿੱਚ ਕੁਪੋਸ਼ਣ ਦਾ ਇਲਾਜ ਕਰਨ ਵਾਲੀਆਂ ਆਪਣੀਆਂ ਸਹੂਲਤਾਂ ਵਿੱਚ ਬੱਚਿਆਂ ਦੇ ਪ੍ਰਵੇਸ਼ ਦਰ ਦਾ 47% ਵਾਧਾ ਦੇਖਿਆ ਹੈ।

ਹੇਰਾਤ ਵਿੱਚ ਐੱਮਐੱਸਐੱਫ ਦਾ ਫੀਡਿੰਗ ਸੈਂਟਰ ਇਕਮਾਤਰ ਪੂਰੀ ਤਰ੍ਹਾਂ ਲੈਸ ਕੁਪੋਸ਼ਣ ਸੁਵਿਧਾ ਕੇਂਦਰ ਹੈ ਜੋ ਨਾ ਸਿਰਫ਼ ਹੇਰਾਤ ਬਲਕਿ ਗੁਆਂਢੀ ਪ੍ਰਾਂਤਾਂ ਘੋਰ ਅਤੇ ਬਡਘੀਸ ਪ੍ਰਾਂਤਾਂ ਵਿੱਚ ਵੀ ਉਪਲੱਬਧ ਹੈ ਜਿੱਥੇ ਪਿਛਲੇ ਸਾਲ ਨਾਲੋਂ ਕੁਪੋਸ਼ਣ ਦੀਆਂ ਦਰਾਂ 55% ਵੱਧ ਗਈਆਂ ਹਨ।

ਪਿਛਲੇ ਸਾਲ ਤੋਂ ਉਨ੍ਹਾਂ ਨੇ ਬਿਮਾਰ ਬੱਚਿਆਂ ਦੀ ਗਿਣਤੀ ਨਾਲ ਸਿੱਝਣ ਲਈ ਬੈੱਡਾਂ ਦੀ ਗਿਣਤੀ ਵਧਾ ਦਿੱਤੀ ਹੈ ਜਿਨ੍ਹਾਂ ਨੂੰ ਉਨ੍ਹਾਂ ਨੂੰ ਦਾਖਲ ਕਰਨਾ ਪੈ ਰਿਹਾ ਹੈ। ਪਰ ਫਿਰ ਵੀ ਇਹ ਹਮੇਸ਼ਾਂ ਭਰੇ ਰਹਿੰਦੇ ਹਨ।

ਇੱਥੇ ਆਉਣ ਵਾਲੇ ਬੱਚਿਆਂ ਨੂੰ ਇੱਕ ਤੋਂ ਵੱਧ ਬਿਮਾਰੀਆਂ ਦਾ ਇਲਾਜ ਕਰਵਾਉਣਾ ਪੈ ਰਿਹਾ ਹੈ।

AFP

ਓਮਿਡ ਕੁਪੋਸ਼ਿਤ ਬੱਚਾ ਹੈ, ਨਾਲ ਹੀ ਉਸ ਨੂੰ ਹਰਨੀਆ ਅਤੇ ਸੇਪਸਿਸ ਹੈ। 14 ਮਹੀਨਿਆਂ ਵਿੱਚ ਉਸ ਦਾ ਵਜ਼ਨ ਸਿਰਫ਼ 4 ਕਿਲੋਗ੍ਰਾਮ (9 ਪੌਂਡ) ਹੈ।

ਡਾਕਟਰਾਂ ਨੇ ਸਾਨੂੰ ਦੱਸਿਆ ਕਿ ਉਸ ਉਮਰ ਵਿੱਚ ਇੱਕ ਸਾਧਾਰਨ ਬੱਚੇ ਦਾ ਵਜ਼ਨ ਘੱਟੋ-ਘੱਟ 6.6 ਕਿਲੋ ਹੋਵੇਗਾ।

ਜਦੋਂ ਇਹ ਬੱਚਾ ਬਹੁਤ ਉਲਟੀਆਂ ਕਰਨ ਲੱਗਿਆ ਤਾਂ ਉਸ ਦੀ ਮਾਂ ਆਮਨਾ ਨੂੰ ਹਸਪਤਾਲ ਜਾਣ ਲਈ ਪੈਸੇ ਉਧਾਰ ਲੈਣੇ ਪਏ।

ਅਸੀਂ ਹੇਰਾਤ ਵਿੱਚ ਤਾਲਿਬਾਨ ਦੀ ਸੂਬਾਈ ਸਰਕਾਰ ਦੇ ਬੁਲਾਰੇ ਹਮੀਦੁੱਲਾ ਮੋਤਾਵਾਕਿਲ ਨੂੰ ਪੁੱਛਿਆ ਕਿ ਉਹ ਭੁੱਖ ਨਾਲ ਨਜਿੱਠਣ ਲਈ ਕੀ ਕਰ ਰਹੇ ਹਨ।

ਉਸ ਨੇ ਕਿਹਾ, “ਇਹ ਸਥਿਤੀ ਅਫ਼ਗਾਨਿਸਤਾਨ ''''ਤੇ ਅੰਤਰਰਾਸ਼ਟਰੀ ਪਾਬੰਦੀਆਂ ਅਤੇ ਅਫ਼ਗਾਨ ਸੰਪਤੀਆਂ ਨੂੰ ਫ੍ਰੀਜ਼ ਕਰਨ ਦਾ ਨਤੀਜਾ ਹੈ। ਸਾਡੀ ਸਰਕਾਰ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿੰਨੇ ਲੋੜਵੰਦ ਹਨ। ਬਹੁਤ ਸਾਰੇ ਲੋਕ ਆਪਣੀ ਸਥਿਤੀ ਬਾਰੇ ਝੂਠ ਬੋਲ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਮਦਦ ਮਿਲ ਸਕਦੀ ਹੈ।”

ਇਹ ਇੱਕ ਅਜਿਹਾ ਰੁੱਖ਼ ਹੈ ਜਿਸ ਬਾਰੇ ਇਹ ਕਹੇ ਜਾਣ ਦੇ ਬਾਵਜੂਦ ਅਸੀਂ ਸਥਿਤੀ ਕਿੰਨੀ ਖਰਾਬ ਹੈ, ਇਸ ਦੇ ਬਹੁਤ ਸਾਰੇ ਸਬੂਤ ਦੇਖੇ ਹਨ।

ਉਸ ਨੇ ਇਹ ਵੀ ਕਿਹਾ ਕਿ ਤਾਲਿਬਾਨ ਨੌਕਰੀਆਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। “ਅਸੀਂ ਲੋਹੇ ਦੀਆਂ ਖਾਣਾਂ ਅਤੇ ਗੈਸ ਪਾਈਪਲਾਈਨ ਪ੍ਰੋਜੈਕਟ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਹਾਂ।”

ਇਹ ਜਲਦੀ ਹੀ ਹੋਣ ਦੀ ਸੰਭਾਵਨਾ ਨਹੀਂ ਹੈ।

ਲੋਕਾਂ ਨੇ ਸਾਨੂੰ ਦੱਸਿਆ ਕਿ ਉਹ ਤਾਲਿਬਾਨ ਸਰਕਾਰ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੁਆਰਾ ਤਿਆਗਿਆ ਹੋਇਆ ਮਹਿਸੂਸ ਕਰ ਰਹੇ ਹਨ।

ਭੁੱਖ ਇੱਕ ਹੌਲੀ ਅਤੇ ਮੂਕ ਕਾਤਲ ਹੈ, ਇਸ ਦੇ ਪ੍ਰਭਾਵ ਹਮੇਸ਼ਾ ਤੁਰੰਤ ਦਿਖਾਈ ਨਹੀਂ ਦਿੰਦੇ।

ਦੁਨੀਆ ਦੇ ਧਿਆਨ ਤੋਂ ਦੂਰ, ਅਫ਼ਗਾਨਿਸਤਾਨ ਵਿੱਚ ਸੰਕਟ ਦਾ ਪੈਮਾਨਾ ਕਦੇ ਵੀ ਸੱਚਮੁੱਚ ਸਾਹਮਣੇ ਨਹੀਂ ਆ ਸਕਦਾ, ਕਿਉਂਕਿ ਕੋਈ ਵੀ ਇਸ ਦੀ ਗਿਣਤੀ ਨਹੀਂ ਕਰ ਰਿਹਾ।

ਇਮੋਜੇਨ ਐਂਡਰਸਨ ਅਤੇ ਮਲਿਕ ਮੁਦਾਸਿਰ ਵੱਲੋਂ ਐਡੀਸ਼ਨਲ ਰਿਪੋਰਟਿੰਗ

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)