ਤੁਰਕੀ ਰਾਹੀਂ ਕਿਵੇਂ ਕਰਵਾਇਆ ਜਾਂਦਾ ਹੈ ਯੂਕੇ ਲਈ ਗੈਰਕਾਨੂੰਨੀ ਪਰਵਾਸ- ਇੱਕ ਤਸਕਰ ਨੇ ਦੱਸਿਆ ਰੂਟ

10/06/2022 7:40:06 AM

BBC
ਮਨੁੱਖੀ ਤਸਕਰ ਮੁਤਾਬਿਕ, ਉਹ ਲੋਕਾਂ ਦੀ ਮਦਦ ਕਰਦੇ ਹਨ

ਇੱਕ ਮਨੁੱਖੀ ਤਸਕਰ ਦਾ ਕਹਿਣਾ ਹੈ ਕਿ ਬ੍ਰਿਟੇਨ ਸਰਕਾਰ ਦੇ ਪਨਾਹ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੇ ਫ਼ੈਸਲੇ ਨਾਲ ਉਸ ਦੇ ਗਾਹਕਾਂ ਵਿੱਚ ਕੋਈ ਕਮੀ ਨਹੀਂ ਆਉਣ ਵਾਲੀ।

ਬੀਬੀਸੀ ਪੱਤਰਕਾਰ ਜੇਨ ਕੌਰਬਿਨ ਨੇ ਇਸ ਤਸਕਰ ਨਾਲ ਤੁਰਕੀ ਵਿੱਚ ਉਸ ਦੇ ਅੱਡੇ ''''ਤੇ ਮੁਲਾਕਾਤ ਕੀਤੀ।

ਢਲਦੀ ਰਾਤ ਵਿੱਚ ਮੈਂ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਵਿੱਚ ਇੱਕ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸੀ। ਇੱਥੇ ਮੈਂ ਮਨੁੱਖੀ ਤਸਕਰੀ ਦੇ ਕਾਰੋਬਾਰ ਨਾਲ ਜੁੜੇ ਇੱਕ ਅਹਿਮ ਵਿਅਕਤੀ ਨਾਲ ਮੁਲਾਕਾਤ ਕਰਨ ਆਇਆ ਸੀ।

ਇਸ ਬੈਠਕ ਦੀ ਤਿਆਰੀ ਕਰਨ ਵਿੱਚ ਮੈਨੂੰ ਕਈ ਮਹੀਨਿਆਂ ਦਾ ਸਮਾਂ ਲੱਗਿਆ। ਇਸ ਵਿੱਚ ਇੱਕ ਭਰੋਸੇਯੋਗ ਵਿਚੋਲੇ ਦੀ ਵੀ ਮਦਦ ਲਈ ਗਈ।

ਹਰ ਸਾਲ ਹਜ਼ਾਰਾਂ ਪਨਾਹ ਮੰਗਣ ਵਾਲੇ ਇੰਗਲੈਂਡ ਦੇ ਦੱਖਣੀ ਤਟ ਉੱਤੇ ਆ ਪਹੁੰਚਦੇ ਹਨ।

ਬੀਬੀਸੀ ਪੈਨੋਰਮਾ ਨੇ ਇਸ ਵਰਤਾਰੇ ਦੀ ਪੜਤਾਲ ਕੀਤੀ ਅਤੇ ਇਹ ਮੁਲਾਕਾਤ ਉਸੇ ਜਾਂਚ ਦਾ ਹਿੱਸਾ ਸੀ।

Getty Images
ਇਸ ਸਾਲ ਹੁਣ ਤੱਕ ਲਗਭਗ 30 ਹਜ਼ਾਰ ਲੋਕ ਛੋਟੀਆਂ-ਛੋਟੀਆਂ ਕਿਸ਼ਤੀਆਂ ਵਿੱਚ ਬੈਠ ਕੇ ਇੰਗਲੈਂਡ ਦੇ ਸਮੁੰਦਰੀ ਕੰਢੇ ''''ਤੇ ਪਹੁੰਚ ਚੁੱਕੇ ਹਨ

''''ਹਾਂ, ਮੈਨੂੰ ਪਤਾ ਹੈ ਕਿ ਇਹ ਕਾਨੂੰਨੀ ਨਹੀਂ ਹੈ'''' - ਮਨੁੱਖੀ ਤਸਕਰ

ਇਹ ਮਨੁੱਖੀ ਤਸਕਰ ਪੱਛਮੀ ਏਸ਼ੀਆ ਤੋਂ ਹੈ। ਇਹ ਇੱਕ ਮਿੱਠਬੋਲੜਾ ਨੌਜਵਾਨ ਹੈ, ਜਿਸ ਨੇ ਸਲੀਕੇਦਾਰ ਕਾਲੇ ਕੱਪੜੇ ਪਾਏ ਹੋਏ ਸਨ।

ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ''''ਤੇ ਉਹ ਸਾਨੂੰ ਆਪਣੇ ਕਾਰੋਬਾਰ ਦੇ ਭੇਤ ਦੱਸਣ ਲਈ ਸਹਿਮਤ ਹੋ ਗਿਆ।

ਉਸ ਦੇ ਪਹਿਰੇਦਾਰ ਘਰ ਦੇ ਬਾਹਰ ਤੈਨਾਤ ਸਨ ਅਤੇ ਉਨ੍ਹਾਂ ਤੋਂ ਪੁੱਛੇ ਬਿਨਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ।

ਮੈਂ ਆਪਣੇ ਪਹਿਲੇ ਸਵਾਲ ਨਾਲ ਉਸ ਨੂੰ ਚੁਣੌਤੀ ਦਿੱਤੀ- ਮਨੁੱਖੀ ਤਸਕਰੀ ਗੈਰ-ਕਾਨੂੰਨੀ ਹੈ।

ਇਸ ਸਵਾਲ ''''ਤੇ ਉਨ੍ਹਾਂ ਨੇ ਤਪਾਕ ਨਾਲ ਕਿਹਾ, "ਹਾਂ, ਮੈਨੂੰ ਪਤਾ ਹੈ ਕਿ ਇਹ ਕਾਨੂੰਨੀ ਨਹੀਂ ਹੈ, ਪਰ ਮੇਰੇ ਲਈ ਇਹ ਮਨੁੱਖਤਾ ਬਾਰੇ ਹੈ।"

ਉਨ੍ਹਾਂ ਕਿਹਾ, "ਇਹ ਕਾਨੂੰਨ ਤੋਂ ਉੱਪਰ ਹੈ। ਅਸੀਂ ਲੋਕਾਂ ਦੀ ਮਦਦ ਕਰਦੇ ਹਾਂ। ਉਨ੍ਹਾਂ ਨਾਲ ਚੰਗਾ ਸਲੂਕ ਕਰਦੇ ਹਾਂ। ਅਸੀਂ ਔਰਤਾਂ ਦੀ ਇੱਜ਼ਤ ਕਰਦੇ ਹਾਂ ਅਤੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।"


  • ਬੀਬੀਸੀ ਪੱਤਰਕਾਰ ਜੇਨ ਕੌਰਬਿਨ ਨੇ ਇੱਕ ਮਨੁੱਖੀ ਤਸਕਰ ਨਾਲ ਤੁਰਕੀ ਵਿੱਚ ਉਸ ਦੇ ਅੱਡੇ ''''ਤੇ ਮੁਲਾਕਾਤ ਕੀਤੀ
  • ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ''''ਤੇ ਉਸ ਨੇ ਸਾਨੂੰ ਆਪਣੇ ਕਾਰੋਬਾਰ ਦੇ ਭੇਤ ਦੱਸੇ
  • ਤਸਕਰ ਮੁਤਾਬਕ, ਬ੍ਰਿਟੇਨ ਦੀ ਇੱਕ ਫੇਰੀ ''''ਤੇ 17,000 ਪੌਂਡ (ਲਗਭਗ 15 ਲੱਖ 70 ਹਜ਼ਾਰ) ਦਾ ਖਰਚਾ ਆਉਂਦਾ ਹੈ
  • ਉਨ੍ਹਾਂ ਦੱਸਿਆ ਕਿ ਇਸ ਦੇ ਲਈ ਉਹ ਲੋਕਾਂ ਨੂੰ ਛੋਟੀਆਂ ਕਿਸ਼ਤੀਆਂ ਵਿੱਚ ਭੇਜਦੇ ਹਨ
  • ਤਸਕਰ ਨੇ ਦੱਸਿਆ ਕਿ ਉਹ ਲੋਕਾਂ ਨੂੰ ਮੌਤ ਦੇ ਖ਼ਤਰੇ ਬਾਰੇ ਵੀ ਪਹਿਲਾਂ ਤੋ ਜਾਣੂ ਕਰਵਾਉਂਦੇ ਹਨ

ਹਰ ਸਾਲ ਹਜ਼ਾਰਾਂ ਲੋਕ ਕਰਦੇ ਹਨ ਪਰਵਾਸ

ਪਿਛਲੇ ਸਾਲ ਮੈਡੀਟਰੇਨੀਅਨ ਸਾਗਰ ਵਿੱਚ ਲਗਭਗ ਦੋ ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

ਇਸ ਅਪ੍ਰੈਲ ਵਿੱਚ ਯੂਕੇ ਸਰਕਾਰ ਨੇ ਰਵਾਂਡਾ ਸਰਕਾਰ ਨਾਲ ਵੀਹ ਲੱਖ ਪੌਂਡ ਦਾ ਇੱਕ ਸਮਝੌਤਾ ਕੀਤਾ ਹੈ।

ਇਸ ਸਮਝੌਤੇ ਤਹਿਤ ਜਦੋਂ ਤੱਕ ਯੂਕੇ ਵਿੱਚ ਪਨਾਹ ਮੰਗਣ ਵਾਲੇ ਲੋਕਾਂ ਦੀਆਂ ਅਰਜ਼ੀਆਂ ''''ਤੇ ਵਿਚਾਰ ਨਹੀਂ ਹੁੰਦਾ, ਉਨ੍ਹਾਂ ਵਿੱਚੋਂ ਕੁਝ ਨੂੰ ਰਵਾਂਡਾ ਭੇਜਿਆ ਜਾਵੇਗਾ।

ਸਰਕਾਰ ਦਾ ਤਰਕ ਹੈ ਕਿ ਇਸ ਸਮਝੌਤੇ ਦਾ ਮਕਸਦ ਮਨੁੱਖੀ ਤਸਕਰੀ ਦੇ ਕਾਰੋਬਾਰੀ ਮਾਡਲ ਨੂੰ ਤਬਾਹ ਕਰਨਾ ਅਤੇ ਇੰਨੀ ਵੱਡੀ ਗਿਣਤੀ ਵਿੱਚ ਇੰਗਲਿਸ਼ ਚੈਨਲ ਪਾਰ ਕਰਕੇ ਯੂਕੇ ਪਹੁੰਚਣ ਦੇ ਵਰਤਾਰੇ ਨੂੰ ਠੱਲ੍ਹ ਪਾਉਣਾ ਹੈ।

ਲਗਭਗ, ਜਿੰਨੇ ਲੋਕ ਪਿਛਲੇ ਸਾਲ ਦੌਰਾਨ ਇੰਗਲਿਸ਼ ਚੈਨਲ ਪਾਰ ਕਰਕੇ ਇੰਗਲੈਂਡ ਦੇ ਸਮੁੰਦਰੀ ਕੰਢੇ ''''ਤੇ ਪਹੁੰਚੇ ਸਨ।

ਉੱਨੇ ਲੋਕ ਲਗਭਗ 30 ਹਜ਼ਾਰ ਇਸ ਸਾਲ ਵੀ ਇਸ ਸਮੇਂ ਤੱਕ ਛੋਟੀਆਂ-ਛੋਟੀਆਂ ਕਿਸ਼ਤੀਆਂ ਵਿੱਚ ਬੈਠ ਕੇ ਇੱਥੇ ਪਹੁੰਚ ਚੁੱਕੇ ਹਨ।

ਇਹ ਮਨੁੱਖੀ ਤਸਕਰ ਜਿਸ ਨੂੰ ਮੈਂ ਮਿਲਿਆ, ਉਹ ਵੀ ਹਜ਼ਾਰਾਂ ਪਰਵਾਸੀਆਂ ਨੂੰ ਯੂਕੇ ਭੇਜਦਾ ਹੈ।

ਉਹ ਬਹੁਤ ਧੜੱਲੇ ਨਾਲ ਮੰਨਦਾ ਹੈ ਕਿ ਉਸ ਦਾ ਕਾਰੋਬਾਰ ਬੜਾ ਮੁਨਾਫ਼ੇ ਵਾਲਾ ਹੈ ਅਤੇ ਉਹ ਇਸ ਨੂੰ ਬਿਲਕੁਲ ਇੱਕ ਕਾਰੋਬਾਰੀ ਵਾਂਗ ਚਲਾਉਂਦਾ ਹੈ।


-


ਰਸਤੇ ਵਿੱਚ ਮੌਤ ਦਾ ਖ਼ਤਰਾ

ਉਨ੍ਹਾਂ ਦਾ ਕਹਿਣਾ ਹੈ ਕਿ "ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇੱਕ ਵਿਅਕਤੀ ਹੈ ਜਾਂ ਪੂਰਾ ਪਰਿਵਾਰ- ਹਰ ਕੋਈ ਸਾਵੀਂ ਕੀਮਤ ਤਾਰਦਾ ਹੈ।" ਉਨ੍ਹਾਂ ਦੱਸਿਆ ਕਿ ''''''''ਬ੍ਰਿਟੇਨ ਦੀ ਇੱਕ ਫੇਰੀ ''''ਤੇ 17,000 ਪੌਂਡ (ਲਗਭਗ 15 ਲੱਖ 70 ਹਜ਼ਾਰ ਰੁਪਏ) ਦਾ ਖਰਚਾ ਆਵੇਗਾ।''''''''

ਮੇਰਾ ਸਵਾਲ ਸੀ, ਅਸੀਂ ਕਿਵੇਂ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਖਤਰਨਾਕ ਸਮੁੰਦਰੀ ਰਸਤਿਆਂ ਵਿੱਚ ਖਤਰੇ ਵਿੱਚ ਭੇਜ ਸਕਦੇ ਹਾਂ?

ਉਸ ਵਿਅਕਤੀ ਨੇ ਦਾਅਵਾ ਕੀਤਾ, "ਹਾਦਸੇ ਹੋ ਸਕਦੇ ਹਨ। ਅਸੀਂ ਲੋਕਾਂ ਨੂੰ ਡਰਾ ਕੇ ਭਜਾਉਣ ਦੀ ਕੋਸ਼ਿਸ਼ ਕਰਦੇ ਹਾਂ।"

"ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਇਹ ਰਾਹ ਖ਼ਤਰਨਾਕ ਹੈ। ਤੁਸੀਂ ਮਾਰੇ ਜਾ ਸਕਦੇ ਹੋ।"

ਉਸ ਮਨੁੱਖੀ ਤਸਕਰ ਨੇ ਸਾਨੂੰ ਇੱਕ ਦਸਤਬਰਦਾਰੀ ਫਾਰਮ ਦਿਖਾਇਆ, ਜੋ ਉਹ ਆਪਣੇ ਗਾਹਕਾਂ ਤੋਂ ਭਰਵਾਉਂਦੇ ਹਨ। ਇਸ ਵਿੱਚ ਰਾਹ ਦੇ ਸਾਰੇ ਖਤਰਿਆਂ ਦਾ ਜ਼ਿਕਰ ਹੁੰਦਾ ਹੈ।

BBC
ਦਸਤਬਰਦਾਰੀ ਫਾਰ

ਇਸ ਫਾਰਮ ਵਿੱਚ ਲਿਖਿਆ ਹੈ-

1. ਦਲਾਲ ਜਾਂ ਸਾਡੇ ਨੁਮਾਇੰਦੇ ਕਿਸੇ ਹਾਦਸੇ ਜਿਵੇਂ, ਮੌਤ, ਫੜ੍ਹੇ ਜਾਣ ਜਾਂ ਸਫ਼ਰ ਦੇ ਦੌਰਾਨ ਸਮੁੰਦਰ ਵਿੱਚ ਗੁਆਚ ਜਾਣ ਦੀ ਜ਼ਿੰਮੇਵਾਰੀ ਨਹੀਂ ਲੈਂਦੇ ਹਨ। ਅਸੀਂ ਇਸ ਗੱਲ ਦੀ ਕੋਈ ਗਰੰਟੀ ਨਹੀਂ ਦਿੰਦੇ ਕਿ ਇਹ ਇੱਕ ਸੁਰੱਖਿਅਤ ਯਾਤਰਾ ਹੋਵੇਗੀ।

2. ਜੇ ਤੁਹਾਨੂੰ ਸ਼ਰਤਾਂ ਮਨਜ਼ੂਰ ਹਨ ਤਾਂ ਦਸਤਖ਼ਤ ਕਰੋ।

3. ਦਸਤਖ਼ਤ ਅਤੇ ਮਿਤੀ

ਇਸਤਾਂਬੁਲ ਮੁੱਖ ਸਥਾਨ

ਇਸਤਾਂਬੁਲ ਏਸ਼ੀਆ, ਪੱਛਮੀ ਏਸ਼ੀਆ, ਅਫ਼ਰੀਕਾ ਅਤੇ ਯੂਰਪ ਵਿੱਚ ਇੱਕ ਗੇਟਵੇ ਹੈ। ਇੱਥੇ ਮਨੁੱਖੀ ਤਸਕਰੀ ਦਾ ਕਾਰੋਬਾਰ ਧੜੱਲੇ ਨਾਲ ਵਧ-ਫੁੱਲ ਰਿਹਾ ਹੈ।

ਬਜ਼ਾਰ ਵਿੱਚ ਮੁਕਾਬਲਾ ਕਾਫ਼ੀ ਤਿੱਖਾ ਹੈ। ਸ਼ੋਸ਼ਲ ਮੀਡੀਆ ਉੱਪਰ ਤਸਕਰ ਮੰਜ਼ਿਲ (ਸਥਾਨ) ਦੇ ਹਿਸਾਬ ਨਾਲ ਆਪੋ-ਆਪਣੇ ਰੇਟ ਦੱਸਦੇ ਹਨ।

ਬ੍ਰਿਟੇਨ ਦੇ ਜਾਅਲੀ ਪਾਸਪੋਰਟ ਅਤੇ ਡਰਾਈਵਿੰਗ ਲਾਇੰਸੈਂਸ ਵੇਚੇ ਅਤੇ ਖ਼ਰੀਦੇ ਜਾਂਦੇ ਹਨ। ਇੱਥੋਂ ਤੱਕ ਕਿ ਜਦੋਂ ਬ੍ਰਿਟੇਨ ਦੇ ਗ੍ਰਹਿ ਵਿਭਾਗ ਦੇ ਅਫ਼ਸਰ ਤੁਹਾਨੂੰ ਫੜ ਲੈਣ ਤਾਂ ਉਨ੍ਹਾਂ ਦੀ ਪੁੱਛਗਿੱਛ ਦਾ ਅਭਿਆਸ ਵੀ ਤੁਹਾਨੂੰ ਨਮੂਨੇ ਦੇ ਸਵਾਲਾਂ ਨਾਲ ਕਰਵਾਇਆ ਜਾਂਦਾ ਹੈ।

ਮਨੁੱਖੀ ਤਸਕਰ ਆਪਣੇ ਗਾਹਕਾਂ ਨੂੰ ਇਸਤਾਂਬੁਲ ਵਿੱਚ ਬਣੇ ਇਨ੍ਹਾਂ ਘਰਾਂ ਵਿੱਚ ਇਕੱਠਾ ਕਰਦੇ ਹਨ। ਇਸਤਾਂਬੁਲ ਵਿੱਚ ਕੋਈ ਪੰਜਾਹ ਲੱਖ ਰਿਫਿਊਜੀ ਰਹਿੰਦੇ ਹਨ।

ਇਨ੍ਹਾਂ ਨੂੰ ਛੋਟੇ-ਛੋਟੇ ਕਮਰਿਆਂ ਵਿੱਚ ਠੂਸ ਕੇ ਰੱਖਿਆ ਜਾਂਦਾ ਹੈ। ਇੱਥੇ ਇਨ੍ਹਾਂ ਲੋਕਾਂ ਨੂੰ ਕਈ ਮਹੀਨੇ ਉਡੀਕ ਵੀ ਕਰਨੀ ਪੈ ਸਕਦੀ ਹੈ।

ਗੈਂਗ ਦੇ ਲੋਕ ਉਨ੍ਹਾਂ ਲਈ ਸਥਾਨਕ ਸੂਪਰ ਮਾਰਕਿਟਾਂ ਵਿੱਚੋਂ ਭੋਜਨ-ਪਾਣੀ ਲੈ ਕੇ ਆਉਂਦੇ ਹਨ।

BBC
ਮਨੁੱਖੀ ਤਸਕਰ ਆਪਣੇ ਗਾਹਕਾਂ ਨੂੰ ਇਸਤਾਂਬੁਲ ਵਿੱਚ ਬਣੇ ਇਨ੍ਹਾਂ ਘਰਾਂ ਵਿੱਚ ਇਕੱਠਾ ਕਰਦੇ ਹਨ

ਤਸਕਰ ਨੇ ਦੱਸਿਆ, "ਅਸੀਂ ਉਨ੍ਹਾਂ ਨੂੰ ਇੱਕ ਘਰ ਵਿੱਚ ਰੱਖਦੇ ਹਾਂ ਅਤੇ ਸਭ ਤਿਆਰੀ ਪੂਰੀ ਹੋ ਜਾਣ ਦੀ ਉਡੀਕ ਕਰਦੇ ਹਾਂ। ਤਿਆਰੀ ਪੂਰੀ ਹੋਣ ਤੋਂ ਬਾਅਦ ਅਸੀਂ ਉਨ੍ਹਾਂ ਦੇ ਫੋਨ ਲੈ ਲੈਂਦੇ ਹਾਂ ਤਾਂ ਜੋ ਪੁਲਿਸ ਸਾਡਾ ਪਤਾ ਨਾ ਲਗਾ ਸਕੇ।"

ਫਿਰ ਪਰਵਾਸੀਆਂ ਨੂੰ ਇੱਕ ਵੈਨ ਵਿੱਚ ਬਿਠਾ ਕੇ ਸ਼ਹਿਰ ਤੋਂ ਬਾਹਰ ਕੱਢਿਆ ਜਾਂਦਾ ਹੈ। ਉਹ ਛੇ ਤੋਂ ਦਸ ਦੇ ਸਮੂਹਾਂ ਵਿੱਚ ਚੱਲਦੇ ਹਨ।

ਪਹਾੜਾਂ ਤੋਂ ਹੁੰਦੇ ਹੋਏ ਉਹ ਹੇਠਾਂ ਮੈਡੀਟੇਰੇਨੀਅਨ ਸਾਗਰ ਵੱਲ ਵਧਦੇ ਹਨ। ਤਸਕਰਾਂ ਦੀਆਂ ਕਿਸ਼ਤੀਆਂ ਇੱਥੇ ਉਨ੍ਹਾਂ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ।

ਇੱਥੋਂ ਫਿਰ ਉਨ੍ਹਾਂ ਨੂੰ ਕਿਸ਼ਤੀਆਂ ਵਿੱਚ ਗ੍ਰੀਸ ਜਾਂ ਇਟਲੀ ਲਿਜਾਇਆ ਜਾਂਦਾ ਹੈ।

ਹਾਲਾਂਕਿ ਤਸਕਰ ਨੇ ਇਸ ਤੋਂ ਇਨਕਾਰ ਕੀਤਾ ਪਰ ਅਜਿਹੇ ਇਲਜ਼ਾਮ ਲੱਗੇ ਹਨ ਕਿ ਤਸਕਰ ਦੀ ਕਿਸ਼ਤੀ ਉੱਪਰ ਇੱਕ ਬੰਦੇ ਦੀ ਮੌਤ ਵੀ ਹੋ ਗਈ ਸੀ।

ਤਸਕਰ ਨੇ ਕੁਝ ਵੀਡੀਓਜ਼ ਦਿਖਾਈਆਂ। ਦਰਜਣਾਂ ਲੋਕ ਕਿਸ਼ਤੀਆਂ ਉੱਪਰ ਬੈਠੇ ਹੱਥ ਹਿਲਾਅ ਰਹੇ ਸਨ, ਚੀਕਾਂ ਮਾਰ ਰਹੇ ਸਨ ਅਤੇ ਉਸ ਦਾ ਧੰਨਵਾਦ ਕਰ ਰਹੇ ਸਨ।

ਇਹ ਸਿਰਫ਼ ਕਿਸੇ ਤਰ੍ਹਾਂ ਦੀ ਪ੍ਰਸ਼ੰਸਾ ਨਹੀਂ ਹੈ, ਸਗੋਂ ਇਸ ਗੱਲ ਦਾ ਸਬੂਤ ਹਨ ਕਿ ਉਹ ਆਪਣੀ ਮੰਜ਼ਿਲ ਉੱਪਰ ਪਹੁੰਚ ਚੁੱਕੇ ਹਨ।

ਉਨ੍ਹਾਂ ਵੱਲੋਂ ਦਿੱਤੇ ਪੈਸੇ ਵਿਚੋਲੇ ਕੋਲ ਰਹਿੰਦੇ ਹਨ ਅਤੇ ਉਦੋਂ ਤੱਕ ਜਾਰੀ ਨਹੀਂ ਕੀਤੇ ਜਾਂਦੇ ਜਦੋਂ ਤੱਕ ਕਿ ਯਾਤਰੂਆਂ ਦੇ ਪਰਿਵਾਰ ਵਾਲਿਆਂ ਨੂੰ ਆਪਣੇ ਪਿਆਰਿਆਂ ਦੇ ਸੁੱਖ-ਸਾਂਦ ਨਾਲ ਦੂਜੇ ਪਾਸੇ ਪਹੁੰਚ ਜਾਣ ਦਾ ਭਰੋਸਾ ਨਹੀਂ ਹੋ ਜਾਂਦਾ।


ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਜਿਹੜੇ ਪਰਵਾਸੀ ਜ਼ਿਆਦਾ ਪੈਸੇ ਚੁਕਾ ਸਕਦੇ ਹਨ, ਉਨ੍ਹਾਂ ਲਈ ਇਹ ਤਸਕਰ ਵੀਆਈਪੀ ਸੇਵਾ ਵੀ ਦਿੰਦਾ ਹੈ।

ਉੱਥੋਂ ਇਹ ਪਰਵਾਸੀ ਫਿਰ ਯੂਰਪ ਵੱਲ ਵਧਦੇ ਹਨ। ਕੁਝ ਫਰਾਂਸ ਵਿੱਚ ਰਹਿ ਜਾਂਦੇ ਹਨ। ਕੁਝ ਆਪਣੀ ਆਖਰੀ ਮੰਜ਼ਿਲ ਇੰਗਲੈਂਡ ਪਹੁੰਚਣ ਲਈ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ।

ਕੈਲੇ ਦੇ ਚਾਰ-ਚੁਫੇਰੇ 100 ਕਿੱਲੋਮੀਟਰ ਦੇ ਘੇਰੇ ਵਿੱਚ ਤਸਕਰਾਂ ਅਤੇ ਅਪਰਾਧੀਆਂ ਦੇ ਗੈਂਗ ਹਨ। ਇਹ ਗੈਂਗ ਤਸਰਕਾਂ ਲਈ ਗਾਹਕ ਹਾਸਲ ਕਰਨ ਵਿੱਚ ਮਦਦ ਕਰਦੇ ਹਨ।

ਮਨੁੱਖੀ ਤਸਕਰੀ ਦਾ ਰੂਟ

ਤਸਕਰ ਦਾ ਕਹਿਣਾ ਹੈ ਕਿ, "ਅਸੀਂ ਛੋਟੀ ਡਿੰਗੀ (ਕਿਸ਼ਤੀ) ਖ਼ਰੀਦਦੇ ਹਾਂ। ਇਹ 10,000-20,000 ਡਾਲਰ ਦੀ ਪੈਂਦੀ ਹੈ।"

"ਕਿਸ਼ਤੀ ਚਲਾਉਣ ਵਾਲੇ ਤੋਂ ਪੈਸੇ ਨਹੀਂ ਲਏ ਜਾਂਦੇ। ਉਹ ਸਿੱਧੇ ਜਾਂਦੇ ਹਨ ਅਤੇ ਉੱਥੇ ਜਾ ਕੇ ਆਪਣੇ-ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਹਨ।"

ਤਸਕਰ ਹੁਣ ਇਹ ਬੈਠਕ ਖਤਮ ਕਰਨ ਲਈ ਕਾਹਲਾ ਹੋ ਗਿਆ ਸੀ ਕਿਉਂਕਿ ਉਸ ਦੇ ਬੌਡੀਗਾਰਡਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਪਛਾਣ ਲਿਆ ਜਾਵੇਗਾ।

BBC

ਆਖਰੀ ਵਾਰ ਜਦੋਂ ਮੈਂ ਉਸ ਤਸਕਰ ਨੂੰ ਦੇਖਿਆ ਸੀ ਤਾਂ ਉਹ ਲੋਕਾਂ ਨੂੰ ਪਾਰ ਪਹੁੰਚਾਉਣ ਲਈ ਕਿਸ਼ਤੀ ਖਰੀਦ ਰਿਹਾ ਸੀ। ਉਸ ਦੇ ਕਾਰੋਬਾਰ ਨੂੰ ਦਬਿਸ਼ ਦਾ ਕੋਈ ਖਤਰਾ ਨਹੀਂ ਹੈ, ਸਗੋਂ ਵਧਫੁੱਲ ਰਿਹਾ ਹੈ।

ਬਹੁਤ ਵੱਡੀ ਗਿਣਤੀ ਵਿੱਚ ਲੋਕ ਅਜੇ ਵੀ ਇੰਗਲਿਸ਼ ਚੈਨਲ ਪਾਰ ਕਰ ਰਹੇ ਹਨ। ਬ੍ਰਿਟੇਨ ਸਰਕਾਰ ਸ਼ਾਇਦ ਅਗਲੇ ਸਾਲ ਇੱਕ ਹੁਕਮ ਜਾਰੀ ਕਰਕੇ ਡੀਪੋਰਟੇਸ਼ਨ ਬਾਰੇ ਸਪਸ਼ਟ ਕਰ ਸਕਦੀ ਹੈ।

ਮੈਂ ਤਸਕਰ ਨੂੰ ਪੁੱਛਿਆ, ਕੀ ਸਰਕਾਰ ਦੀ ਨੀਤੀ ਨਾਲ ਕੋਈ ਫਰਕ ਪਵੇਗਾ।

''''''''ਜੇ ਉਹ ਇੱਕ ਦਿਨ ਵਿੱਚ ਇੱਕ ਹਜ਼ਾਰ ਲੋਕਾਂ ਨੂੰ ਵੀ ਰਵਾਂਡਾ ਭੇਜ ਦੇਣ ਤਾਂ ਵੀ ਲੋਕ ਰੁਕਣਗੇ ਨਹੀਂ ਅਤੇ ਨਾ ਹੀ ਆਪਣਾ ਫੈਸਲਾ ਬਦਲਣਗੇ।''''''''

ਤਸਕਰ ਨੇ ਜ਼ੋਰ ਦੇਕੇ ਕਿਹਾ, "ਜੇ ਉਨ੍ਹਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ ਤਾਂ ਉਨ੍ਹਾਂ ਨੂੰ ਰਵਾਂਡਾ ਜਾਣ ਤੋਂ ਵੀ ਡਰ ਨਹੀਂ ਲੱਗੇਗਾ।"

ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਵਿਸ਼ਵੀ ਮਾਈਗ੍ਰੇਸ਼ਨ ਸੰਕਟ ਦੇ ਹੱਲ ਲਈ ਨਵੀਨ ਤਰੀਕਿਆਂ ਦੀ ਲੋੜ ਹੈ। ਉਮੀਦ ਹੈ ਰਵਾਂਡਾ ਨਾਲ ਬ੍ਰਿਟੇਨ ਦਾ ਸਮਝੌਤਾ ਇਸ ਲਈ ਕੋਈ ਰਾਹ ਦਿਖਾ ਸਕੇਗਾ।


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)