ਪਿੱਟਬੁੱਲ ਵਰਗੇ ਪਾਲਤੂ ਕੁੱਤੇ ਕਿਉਂ ਹੋ ਰਹੇ ਹਨ ''''ਆਦਮਖੋਰ'''', ਇਹ ਹਨ ਬਚਾਅ ਦੇ ਤਰੀਕੇ

10/05/2022 4:25:04 PM

Getty Images

ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰ ਵਿੱਚ ਪਿਟ ਬੁੱਲ ਕੁੱਤੇ ਦੇ ਹਮਲੇ ਵਿੱਚ ਇੱਕ ਦਰਜਨ ਲੋਕ ਜ਼ਖਮੀ ਹੋ ਗਏ। ਉਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਹੀ ਇੱਕ ਬੱਚੇ ਉੱਤੇ ਪਿਟ ਬੁਲ ਕੁੱਤੇ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ।

ਅਜਿਹੇ ਹੀ ਕਈ ਕੇਸ ਗਾਜ਼ਿਆਬਾਦ ਅਤੇ ਗੁਰੂਗ੍ਰਾਮ ਵਿੱਚ ਆਏ ਸਨ ਜਦੋਂ ਪਿਟ ਬੁੱਲ ਕੁੱਤੇ ਨੇ ਹਮਲਾ ਕੀਤਾ ਸੀ। ਯੂਪੀ ਦੀ ਰਾਜਧਾਨੀ ਲਖਨਊ ਵਿੱਚ ਤਾਂ ਘਰ ਅੰਦਰ ਪਾਲੇ ਪਿਟ ਬੁੱਲ ਨੇ ਬਜ਼ੁਰਗ ਔਰਤ ''''ਤੇ ਹਮਲਾ ਕੀਤਾ ਅਤੇ ਉਸ ਦੀ ਮੌਤ ਹੋ ਗਈ।

ਅਸੀਂ ਗੱਲ ਕਰਾਂਗੇ ਕਿ ਆਖਿਰ ਇਹ ਪਿਟ ਬੁੱਲ ਕੁੱਤਾ ਇੰਨਾ ਖ਼ਤਰਨਾਕ ਕਿਉਂ ਮੰਨਿਆ ਜਾਂਦਾ ਹੈ। ਇਸਦੀਆਂ ਕਿਹੜੀਆਂ ਮੁੱਖ ਕਿਸਮਾਂ ਹੁੰਦੀਆਂ ਹਨ। ਕੁੱਤਿਆਂ ਨੂੰ ਰੱਖਣ ਬਾਰੇ ਨਿਯਮ ਕੀ ਹਨ।

ਜੇਕਰ ਪਾਲਤੂ ਕੁੱਤਾ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਬਾਰੇ ਕਾਨੂੰਨ ਕੀ ਕਹਿੰਦਾ ਹੈ। ਦੁਨੀਆਂ ਵਿੱਚ ਕੁੱਤਿਆਂ ਦੀਆਂ ਕਿਹੜੀਆਂ ਕਿਸਮਾਂ ਹਨ ਜੋ ਬੇਹੱਦ ਖ਼ਤਰਨਾਕ ਮੰਨੀਆ ਜਾਂਦੀਆਂ ਹਨ।

ਕਦੋਂ ਹੋਂਦ ''''ਚ ਆਇਆ ਪਿਟ ਬੁੱਲ, ਕਿਸਮਾਂ ਕਿਹੜੀਆਂ ਹਨ?

ਪਿਟ ਬੁੱਲ ਕੁੱਤਾ ਸੰਨ 1800 ਦੇ ਦੌਰਾਨ ਇੰਗਲੈਂਡ ਵਿੱਚ ਹੋਂਦ ਵਿੱਚ ਆਇਆ ਸੀ। ਉਸ ਵੇਲੇ ਮਨੋਰੰਜਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਸੀ।

ਬੰਨ੍ਹੇ ਹੋਏ ਸਾਨ੍ਹਾਂ ਅਤੇ ਰਿੱਛਾਂ ਉੱਤੇ ਇਨ੍ਹਾਂ ਕੁੱਤਿਆਂ ਨੂੰ ਛੱਡਿਆ ਜਾਂਦਾ ਸੀ, ਲੋਕ ਇਸ ਨੂੰ ਮਨੋਰੰਜਨ ''''ਤੇ ਤੌਰ ਤੇ ਦੇਖਦੇ ਸੀ। ਹਾਲਾਂਕਿ 1835 ਵਿੱਚ ਇਸ ਉੱਤੇ ਬੈਨ ਲੱਗ ਗਿਆ।

ਫਿਰ ਹੌਲੀ-ਹੌਲੀ ਕੁੱਤਿਆਂ ਵਿਚਾਲੇ ਹੀ ਮੁਕਾਬਲੇ ਕਰਵਾਏ ਜਾਣ ਲੱਗੇ। 1960ਵਿਆਂ ਵਿੱਚ ਅਮਰੀਕਾ ਵਿੱਚ ਡਰੱਗਜ਼ ਵੇਚਣ ਵਾਲੇ ਗੈਂਗ ਪਿਟ ਬੁੱਲ ਕੁੱਤੇ ਦੀਆਂ ਕਿਸਮਾਂ ਨੂੰ ਗਾਰਡ ਵਜੋਂ ਅਤੇ ਰੁਤਬੇ ਲਈ ਰੱਖਦੇ ਸੀ।

ਪਿਟ ਬੁੱਲ ਦੀਆਂ ਮੁੱਖ ਤੌਰ ''''ਤੇ ਚਾਰ ਕਿਸਮਾਂ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਇਨ੍ਹਾਂ ਵਿੱਚ ਅਮਰੀਕਨ ਪਿਟ ਬੁੱਲ ਟੇਰੀਅਰ, ਸਟੈਫਰਡਸ਼ਾਇਰ ਚੇਰੀਅਰ, ਬੁੱਲ ਟੇਰੀਅਰ ਅਤੇ ਅਮਰੀਕਨ ਬੁੱਲੀ ਹਨ।

ਪਿਟ ਬੁੱਲ ਖ਼ਤਰਨਾਕ ਕਦੋਂ ਹੋ ਜਾਂਦਾ ਹੈ?

ਸਾਰੇ ਕੁੱਤੇ ਇੱਕੋ ਜਿਹੇ ਨਹੀਂ ਹੁੰਦੇ। ਕਈ ਨਸਲਾਂ ਇਨਸਾਨ ਨਾਲ ਘੁਲ ਮਿਲ ਕੇ ਰਹਿੰਦੀਆਂ ਹਨ ਅਤੇ ਨਿੱਕੀਆਂ ਥਾਵਾਂ ਜਾਂ ਨਿੱਕੇ ਘਰਾਂ ਵਿੱਚ ਵੀ ਅਰਾਮ ਨਾਲ ਰਹਿ ਲੈਂਦੀਆਂ ਹਨ।

ਕੁੱਤਿਆਂ ਦੀਆਂ ਕਈ ਨਸਲਾਂ ਹੁੰਦੀਆਂ ਹਨ ਜਿਨ੍ਹਾਂ ਲਈ ਰਹਿਣ, ਖਾਣ, ਟਰੇਨਿੰਗ ਤੋਂ ਲੈ ਕੇ ਸਭ ਕੁਝ ਵੱਖਰਾ ਹੁੰਦਾ ਹੈ।

ਪਿਟ ਬੁੱਲ ਵਰਗੇ ਕੁੱਤਿਆਂ ਨੂੰ ਰੱਖਣ ਦੇ ਖ਼ਾਸ ਤੌਰ ਤਰੀਕੇ ਹੁੰਦੇ ਹਨ।

ਇੱਥੇ ਹੀ ਕੁੱਤੇ ਰੱਖਣ ਵਾਲਿਆਂ ਤੋਂ ਗ਼ਲਤੀ ਹੋ ਜਾਂਦੀ ਹੈ ਕਿਉਂਕਿ ਬ੍ਰੀਡ ਤਾਂ ਉਹ ਪਾਲ ਲੈਂਦੇ ਹਨ ਪਰ ਉਸ ਦੀ ਸਾਂਭ ਸੰਭਾਲ ਕਿਵੇਂ ਕਰਨੀ ਹੈ ਉਸ ਦੀ ਸਹੀ ਜਾਣਕਾਰੀ ਨਹੀਂ ਰੱਖਦੇ।


  • ਪਿਟ ਬੁੱਲ ਕੁੱਤਾ ਸੰਨ 1800 ਦੇ ਦੌਰਾਨ ਇੰਗਲੈਂਡ ਵਿੱਚ ਹੋਂਦ ਵਿੱਚ ਆਇਆ ਸੀ।
  • 1960ਵਿਆਂ ਵਿੱਚ ਅਮਰੀਕਾ ਵਿੱਚ ਡਰੱਗਜ਼ ਵੇਚਣ ਵਾਲੇ ਗੈਂਗ ਪਿਟ ਬੁੱਲ ਕੁੱਤੇ ਦੀਆਂ ਕਿਸਮਾਂ ਨੂੰ ਗਾਰਡ ਵਜੋਂ ਅਤੇ ਰੁਤਬੇ ਲਈ ਰੱਖਦੇ ਸੀ।
  • ਪਿਟ ਬੁੱਲ ਵਰਗੇ ਕੁੱਤਿਆਂ ਨੂੰ ਰੱਖਣ ਦੇ ਖ਼ਾਸ ਤੌਰ ਤਰੀਕੇ ਹੁੰਦੇ ਹਨ।
  • ਅਕਸਰ ਸੁਰੱਖਿਆ ਦੇ ਲਿਹਾਜ਼ ਨਾਲ ਇਸ ਤਰ੍ਹਾਂ ਦੇ ਕੁੱਤੇ ਲੋਕ ਫਾਰਮ ਹਾਊਸ, ਵੱਡੀਆਂ ਕੋਠੀਆਂ, ਢਾਹਣੀ ਜਾਂ ਉਨ੍ਹਾਂ ਘਰਾਂ ਵਿੱਚ ਰੱਖਦੇ ਹਨ ਜੋ ਖੇਤਾ ਵਿੱਚ ਦੂਰ-ਦੂਰ ਬਣੇ ਹੁੰਦੇ ਹਨ।
  • ਪੰਜਾਬ ਵਿੱਚ ਹਿੰਸਕ ਮੰਨੇ ਜਾਣ ਵਾਲੇ ਕੁੱਤਿਆਂ ਬਾਰੇ ਕੋਈ ਨਿਯਮ ਨਹੀਂ ਹੈ।
  • ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕਹਿੰਦੇ ਹਨ ਮਿਊਂਸਪਲ ਕਾਰਪੋਰੇਸ਼ਨ ਕੋਲੋਂ ਪਾਲਤੂ ਜਾਨਵਰਾਂ ਲਈ ਪੈਟ ਲਾਈਸੈਂਸ ਲੈਣਾ ਜ਼ਰੂਰੀ ਹੈ।

ਜਲੰਧਰ ਵਿੱਚ ਰਹਿਣ ਵਾਲੇ ਡੌਗ ਟ੍ਰੇਨਰ ਪ੍ਰਤਾਪ ਸਿੰਘ ਅਕਸਰ ਖ਼ਤਰਨਾਕ ਸਮਝੇ ਜਾਂਦੇ ਕੁੱਤਿਆਂ ਨੂੰ ਹੀ ਟਰੇਨ ਕਰਦੇ ਹਨ।

ਉਹ ਕਹਿੰਦੇ ਹਨ, "ਪਿਟ ਬੁੱਲ ਨਸਲ ਹੋਵੇ ਜਾਂ ਕੋਈ ਹੋਰ ਨਸਲ ਜਿਸ ਨੂੰ ਆਮਤੌਰ ''''ਤੇ ਲੋਕ ਖ਼ਤਰਨਾਕ ਸਮਝਦੇ ਹਨ। ਬੜੇ ਘੱਟ ਕੇਸ ਹੁੰਦੇ ਹਨ ਜਦੋਂ ਇਹ ਕੁੱਤੇ ਹਮਲਾਵਰ ਜਾਂ ਖ਼ਤਰਨਾਕ ਹੋ ਜਾਂਦੇ ਹਨ।"

"ਪਿਟ ਬੁੱਲ ਵਰਗੇ ਕੁੱਤੇ ਰੱਖਣ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਉਸ ਦੀ ਟਰੇਨਿੰਗ ਕਰਵਾਉਣਾ ਹੈ। ਇਸ ਦੌਰਾਨ ਮਾਲਕ ਨੂੰ ਵੀ ਸਮਝ ਆਉਂਦੀ ਹੈ ਕਿ ਕੁੱਤੇ ਨੂੰ ਕਿਵੇਂ ਸਾਂਭਣਾ ਹੈ।"

ਪ੍ਰਤਾਪ ਸਿੰਘ ਅੱਗੇ ਕਹਿੰਦੇ ਹਨ ਕਿ ਪਿਟ ਬੁੱਲ ਹਾਈ ਐਨਰਜੀ ਵਾਲਾ ਕੁੱਤਾ ਮੰਨਿਆ ਜਾਂਦਾ ਹੈ, ਉਨ੍ਹਾਂ ਦਾ ਸਹੀ ਤਰੀਕੇ ਨਾਲ ਖਿਆਲ ਨਾ ਰੱਖਿਆ ਜਾਣਾ ਵੀ ਉਨ੍ਹਾਂ ਨੂੰ ਹਿੰਸਕ ਬਣਾ ਦਿੰਦਾ ਹੈ। ਉਨ੍ਹਾਂ ਨੂੰ ਰੁਜ਼ਾਨਾਂ ਕਸਰਤ ਕਰਵਾਉਣਾ, ਡਾਇਟ ਸਹੀ ਦੇਣੀ, ਡਾਇਟ ਦੇ ਮੁਤਾਬਕ ਸੈਰ ਕਰਵਾਉਣੀ ਲਾਜ਼ਮੀ ਹੈ।

ਅਕਸਰ ਸੁਰੱਖਿਆ ਦੇ ਲਿਹਾਜ਼ ਨਾਲ ਇਸ ਤਰ੍ਹਾਂ ਦੇ ਕੁੱਤੇ ਲੋਕ ਫਾਰਮ ਹਾਊਸ, ਵੱਡੀਆਂ ਕੋਠੀਆਂ, ਢਾਹਣੀ ਜਾਂ ਉਨ੍ਹਾਂ ਘਰਾਂ ਵਿੱਚ ਰੱਖਦੇ ਹਨ ਜੋ ਖੇਤਾ ਵਿੱਚ ਦੂਰ-ਦੂਰ ਬਣੇ ਹੁੰਦੇ ਹਨ।

ਲੋਕਾਂ ਵੱਲੋਂ ਰੱਖੇ ਜਾਂਦੇ ਖ਼ਤਰਨਾਕ ਕੁੱਤਿਆਂ ਦੀ ਲਿਸਟ ਵੀ ਲੰਬੀ ਹੈ।

ਇਸ ਵਿੱਚ ਪਿਟ ਬੁੱਲ ਤੋਂ ਇਲਾਵਾ ਰੋਟਵਿਲਰ, ਡਾਬਰਮੈਨ, ਜਰਮਨ ਸ਼ੈਫਰਡ, ਪਾਕਿਸਤਾਨੀ ਬੁਲੀ ਅਤੇ ਬੌਕਸਰ ਹਨ।

ਪੰਜਾਬ ਵਿੱਚ ਖ਼ਤਰਨਾਕ ਸਮਝੀਆਂ ਜਾਂਦੀਆਂ ਨਸਲਾਂ ਦੇ ਕੁੱਤੇ ਕਿੰਨੇ ਪਸੰਦ ਕੀਤੇ ਜਾਂਦੇ ਹਨ ਉਸ ਦੀਆਂ ਮਿਸਾਲਾਂ ਕਈ ਪੰਜਾਬੀ ਗਾਣਿਆਂ ਵਿੱਚ ਵੀ ਮਿਲ ਜਾਂਦੀਆਂ ਹਨ।

ਪ੍ਰਤਾਪ ਸਿੰਘ ਦੱਸਦੇ ਹਨ ਕਿ ਅਜਿਹੇ ਕੁੱਤਿਆਂ ਨੂੰ ਰੱਖਣ ਤੋਂ ਪਹਿਲਾਂ ਪੈਡੀਗਰੀ ਦੀ ਜਾਂਚ ਜ਼ਰੂਰ ਹੋਣੀ ਚੀਹੀਦੀ ਹੈ।

ਪੈਡੀਗਰੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਸੀਂ ਕੁੱਤਾ ਖ਼ਰੀਦਣ ਜਾਓ ਤਾਂ ਉਸ ਕੁੱਤੇ ਦੇ ਮਾਪੇ ਕੌਣ ਹਨ ਉਸ ਬਾਰੇ ਵੀ ਜਾਣਕਾਰੀ ਲੈਣੀ ਚਾਹੀਦੀ ਹੈ।

ਇਹ ਵੀ ਪੁੱਛੋ ਕਿ ਇਸ ਦੇ ਮਾਪਿਆਂ ਵਿੱਚੋਂ ਕੋਈ ਫੇਰੋਸ਼ਿਅਸ ਯਾਨੀ ਹਿੰਸਕ ਤਾਂ ਨਹੀਂ ਸੀ, ਫਿਰ ਉਸੇ ਹਿਸਾਬ ਨਾਲ ਟਰੇਨਿੰਗ ਕਰਵਾਓ ਅਤੇ ਦੱਸੇ ਗਏ ਨਿਯਮਾਂ ਦੀ ਪਾਲਣਾ ਕਰੋ।


-


ਜਲੰਧਰ ਵਿੱਚ ਕਈ ਦਹਾਕਿਆਂ ਤੋਂ ਡੌਗ ਐਂਡ ਕੈਟ ਕਲੀਨਿਕ ਚਲਾ ਰਹੇ ਡਾ. ਐੱਸਐੱਸ ਭੱਟੀ ਵੀ ਕੁੱਤਿਆਂ ਦੀਆਂ ਇਸ ਤਰ੍ਹਾਂ ਦੀਆਂ ਨਸਲਾਂ ਦੀ ਟਰੇਨਿੰਗ ਬਾਰੇ ਜ਼ੋਰ ਦਿੰਦੇ ਹਨ।

ਉਹ ਕਹਿੰਦੇ ਹਨ, "ਜਿਵੇਂ ਰੌਟਵਿਲਰ ਅਤੇ ਪਿਟ ਬੁੱਲ ਵਰਗੇ ਕੁੱਤੇ ਹਨ, ਉਨ੍ਹਾਂ ਨੂੰ ਕੋਸ਼ਿਸ਼ ਕਰੋ ਕਿ ਫਾਰਮ ਹਾਊਸਾਂ ਵਿੱਚ ਹੀ ਰੱਖੋ।"

"ਲੋਕ ਛੋਟੇ-ਛੋਟੇ ਘਰਾਂ ਵਿੱਚ ਅਹਿਜੀਆਂ ਨਸਲਾਂ ਪਾਲ ਲੈਂਦੇ ਹਨ, ਫਿਰ ਲੋੜ ਮੁਤਾਬਕ ਧਿਆਨ ਨਹੀਂ ਦਿੰਦੇ ਜਿਸ ਕਾਰਨ ਇਹ ਹਿੰਸਕ ਹੋ ਜਾਂਦੇ ਹਨ।"

ਡਾ. ਭੱਟੀ ਕਹਿੰਦੇ ਹਨ ਕਿ ਕੁੱਤਾ ਖ਼ਰੀਦਣ ਵੇਲੇ ਉਸ ਬਾਰੇ ਜਾਂਚ ਪੜਤਾਲ, ਉਸ ਦੀ ਪੈਡੀਗਰੀ ਜਾਣਨਾ ਅਤੇ ਉਸ ਦੀ ਮੁੱਢਲੀ ਟਰੇਨਿੰਗ ਬਾਰੇ ਆਮ ਤੌਰ ''''ਤੇ ਲੋਕ ਘੱਟ ਸੋਚਦੇ ਹਨ ਕਿਉਂਕਿ ਕਿਤੇ ਨਾ ਕਿਤੇ ਸਸਤੇ ਵਿੱਚ ਬ੍ਰੀਡ ਮਿਲ ਜਾਵੇ ਉਸ ਪਾਸੇ ਲੋਕਾਂ ਦਾ ਧਿਆਨ ਜ਼ਿਆਦਾ ਰਹਿੰਦਾ ਹੈ।

ਬਾਅਦ ਵਿੱਚ ਉਨ੍ਹਾਂ ਦਾ ਵਿਵਹਾਰ, ਹੋਰ ਆਦਤਾਂ ਐਨੀਆਂ ਵਧੀਆ ਨਹੀਂ ਨਿਕਲਦੀਆਂ।


ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਅਜਿਹੇ ਕੁੱਤਿਆਂ ਨੂੰ ਪਾਲਣ ਬਾਰੇ ਨਿਯਮ ਕੀ ਹੈ?

ਭਾਰਤ ਦੇ ਐਨੀਮਲ ਵੈਲਫੇਅਰ ਬੋਰਡ ਵੱਲੋਂ ਪਾਲਤੂ ਕੁੱਤਿਆਂ ਬਾਰੇ ਸਰਕੂਲਰ ਜਾਰੀ ਕੀਤਾ ਗਿਆ ਹੈ।

ਇਸ ਮੁਤਾਬਕ ਇਹ ਕਿਹਾ ਗਿਆ ਹੈ ਕਿ ਜੇਕਰ ਕਿਸੇ ਕੋਲ ਪਾਲਤੂ ਕੁੱਤਾ ਹੈ ਅਤੇ ਉਸ ਦੀ ਵਜ੍ਹਾ ਨਾਲ ਮਿਊਂਸਪਲ ਜਾਂ ਹੋਰ ਕਾਨੂੰਨਾਂ ਦੀ ਉਲੰਘਣਾ ਨਹੀਂ ਹੁੰਦੀ ਤਾਂ ਉਸ ਵੇਲੇ ਤੱਕ ਰੈਜੀਡੈਂਟ ਵੇਲਫੇਅਰ ਐਸੋਸੀਏਸ਼ਨਾਂ ਜਾਂ ਮਕਾਨ ਮਾਲਕ ਕਿਸੇ ਵੱਲੋਂ ਵੀ ਪਾਲਤੂ ਕੁੱਤਾ ਰੱਖਣ ਉੱਤੇ ਰੋਕ ਨਹੀਂ ਲਗਾਈ ਜਾ ਸਕਦੀ।

ਭਾਰਤ ਵਿੱਚ ਮਿਊਸਪਲ ਕਾਰਪੋਰੇਸ਼ਨਾਂ ਕੋਲ ਇਹ ਅਧਿਕਾਰ ਹੈ ਕਿ ਉਹ ਲੋੜ ਮੁਤਾਬਕ ਫੈਸਲਾ ਲੈਣ।

ਮੁਲਕ ਦੇ ਕਈ ਹਿੱਸਿਆਂ ਵਿੱਚ ਕਾਰਪੋਰੇਸ਼ਨਾਂ ਵੱਲੋਂ ਹਿੰਸਕ ਸਮਝੇ ਜਾਂਦੇ ਕੁੱਤਿਆਂ ਦੀਆਂ ਨਸਲਾਂ ਨੂੰ ਰੱਖਣ ਉੱਤੇ ਪਾਬੰਦੀ ਲਗਾਈ ਗਈ ਹੈ।

ਹਾਲ ਹੀ ਵਿੱਚ ਹਰਿਆਣਾ ਦੇ ਪੰਚਕੁਲਾ ਮਿਊਂਸਪਲ ਕਾਰਪੋਰੇਸ਼ਨ ਨੇ ਰੋਟਵਿਲਰ ਅਤੇ ਪਿਟ ਬੁੱਲ ਵਰਗੇ ਕੁੱਤੇ ਰੱਖਣ ਉੱਤੇ ਪਾਬੰਦੀ ਲਗਾ ਦਿੱਤੀ ਹੈ, ਉਲੰਘਣਾ ਕਰਨ ਵਾਲਿਆਂ ''''ਤੇ ਪੰਜ ਹਜ਼ਾਰ ਜੁਰਮਾਨਾ ਵੀ ਹੈ।

ਜਿਨ੍ਹਾਂ ਕੋਲ ਕੁੱਤੇ ਹਨ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਆਪਣੇ ਜਾਣਕਾਰਾਂ ਜਾਂ ਰਿਸ਼ਤੇਦਾਰਾਂ ਕੋਲ ਛੱਡਣੇ ਪੈਣਗੇ ਜਾਂ ਇਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲੀਆਂ ਐਨਜੀਓ ਕੋਲ ਛੱਡਣਾ ਪਏਗਾ।

ਅਜਿਹਾ ਹੀ ਫੈਸਲਾ ਕਾਨਪੁਰ ਦੀ ਮਿਊਂਸ਼ਪਲ ਕਾਰਪੋਰੇਸ਼ਨ ਨੇ ਕੁਝ ਸਮਾਂ ਪਹਿਲਾਂ ਕੀਤਾ ਸੀ।

Getty Images

ਪੰਜਾਬ ਵਿੱਚ ਹਿੰਸਕ ਮੰਨੇ ਜਾਣ ਵਾਲੇ ਕੁੱਤਿਆਂ ਬਾਰੇ ਕੋਈ ਨਿਯਮ ਨਹੀਂ ਹੈ।

ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਕਹਿੰਦੇ ਹਨ ਮਿਊਂਸਪਲ ਕਾਰਪੋਰੇਸ਼ਨ ਕੋਲੋਂ ਪਾਲਤੂ ਜਾਨਵਰਾਂ ਲਈ ਪੈਟ ਲਾਈਸੈਂਸ ਲੈਣਾ ਜ਼ਰੂਰੀ ਹੈ।

ਇਸ ਲਈ ਇੱਕ ਫਾਰਮ ਮਿਲਦਾ ਹੈ ਜਿਸ ਵਿੱਚ ਪਾਲਤੂ ਜਾਨਵਰ ਦੀ ਬ੍ਰੀਡ, ਉਸ ਦੀ ਵੈਕਸੀਨੇਸ਼ਨ, ਵੈਟਨਰੀ ਡਾਕਟਰ ਵੱਲੋਂ ਜਾਂਚ ਸਣੇ ਪਾਲਤੂ ਕੁੱਤਾ ਕਿਸੇ ਨੂੰ ਨੁਕਸਾਨ ਨਾ ਪਹੁੰਚਾਏ ਉਸ ਬਾਰੇ ਵੀ ਆਪਣੀ ਜ਼ਿਮੇਵਾਰੀ ਬਾਰੇ ਲਿਖ ਕੇ ਦੇਣਾ ਹੁੰਦਾ ਹੈ।

ਕਿਸੇ ਦਾ ਪਾਲਤੂ ਕੁੱਤਾ ਨੁਕਸਾਨ ਪਹੁੰਚਾਉਂਦਾ ਹੈ ਤਾਂ ਕਾਨੂੰਨ ਕੀ ਕਹਿੰਦਾ ਹੈ?

IPC ਦੀ ਧਾਰਾ 289 ਮੁਤਾਬਕ, "ਜੇਕਰ ਕਿਸੇ ਪਾਲਤੂ ਜਾਨਵਰ ਦੇ ਮਾਲਕ ਵੱਲੋਂ ਅਣਗਹਿਲੀ ਹੋਈ ਅਤੇ ਜਾਨਵਰ ਕਾਰਨ ਮਨੁੱਖੀ ਜ਼ਿੰਦਗੀ ਨੂੰ ਖ਼ਤਰਾ ਹੋਇਆ ਜਾਂ ਉਸ ਨੇ ਕਿਸੇ ਨੂੰ ਜ਼ਖ਼ਮੀ ਕਰ ਦਿੱਤਾ ਤਾਂ ਉਸ ਲਈ 6 ਮਹੀਨੇ ਤੱਕ ਦੀ ਜੇਲ੍ਹ ਹੋ ਸਕਦੀ ਹੈ, ਜ਼ੁਰਮਾਨਾ ਵੀ ਹੋ ਸਕਦਾ ਹੈ ਜਾਂ ਦੋਵੇਂ ਹੋ ਸਕਦੇ ਹਨ।"

ਜਾਨਵਰਾਂ ਲਈ ਕੰਮ ਕਰਨ ਵਾਲੀ ਸੰਸਥਾ ''''ਪੀਪਲ ਫਾਰ ਦਿ ਐਥੀਕਲ ਟ੍ਰੀਟਮੈਂਟ ਆਫ਼ ਐਨੀਮਲਸ'''' ਯਾਨਿ ਪੀਟਾ ਇੰਡੀਆ ਨੇ ਇੱਕ ਰਿਪੋਰਟ ਛਾਪੀ ਹੈ।

ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ, ਹਰਿਆਣਾ, ਦਿੱਲੀ, ਜੰਮੂ ਕਸ਼ਮੀਰ, ਮਹਾਰਾਸ਼ਟਰ ਅਤੇ ਯੂਪੀ ਵਿੱਚ ਪਿਟਬੁੱਲ, ਪਾਕਿਸਤਾਨੀ ਬੁਲੀ ਕੁੱਤਾ ਸਣੇ ਹੋਰ ਖ਼ਤਰਨਾਕ ਸਮਝੇ ਜਾਂਦੇ ਕੁੱਤਿਆਂ ਦੀ ਲੁੱਕ ਛਿੱਪ ਕੇ ਲੜਾਈ ਦੇ ਮੁਕਾਬਲੇ ਕਰਵਾਏ ਜਾਂਦੇ ਹਨ।

Getty Images

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ''''ਪ੍ਰਿਵੈਨਸ਼ਨ ਆਫ ਕਰੂਐਲਿਟੀ ਟੂ ਐਨੀਮਲਸ ਐਕਟ, 1960'''' ਦੇ ਤਹਿਤ ਇਹ ਮੁਕਬਲੇ ਗ਼ੈਰ-ਕਾਨੂੰਨੀ ਹਨ ਅਤੇ ਅਜਿਹੇ ਮੁਕਾਬਲੇ ਜਾਨਵਰਾਂ ਲਈ ਜਾਨਲੇਵਾ ਅਤੇ ਬੇਹੱਦ ਦਰਦਨਾਕ ਸਾਬਤ ਹੁੰਦੇ ਹਨ।

ਇਸ ਸਸੰਥਾ ਵੱਲੋਂ 1960 ਦੇ ਐਕਟ ਤਹਿਤ ਕੁੱਤਿਆ ਦੀ ਬ੍ਰੀਡਿੰਗ ਅਤੇ ਮਾਰਕੀਟਿੰਗ ਨਿਯਮ- 2017 ਵਿੱਚ ਵੀ ਬਦਲਾਅ ਦੀ ਮੰਗ ਕੀਤੀ ਗਈ ਹੈ।

ਇਸ ਤਹਿਤ ਪਿਟ ਬੁੱਲ ਵਰਗੇ ਕੁੱਤਿਆਂ ਦੀ ਬ੍ਰੀਡਿੰਗ, ਪਾਲਣ ਅਤੇ ਮਾਰਕਿਟਿੰਗ ''''ਤੇ ਰੋਕ ਲਗਾਉਣਾ ਸ਼ਾਮਲ ਹੈ ਅਤੇ ਕਥਿਤ ਤੌਰ ''''ਤੇ ਕੁੱਤਿਆਂ ਦੇ ਮੁਕਾਬਲਿਆਂ ਉੱਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਦੁਨੀਆਂ ਭਰ ਵਿੱਚ ਕੁੱਤਿਆਂ ਬਾਰੇ ਕਾਨੂੰਨਾਂ ''''ਤੇ ਇੱਕ ਝਾਤ

ਪਿੱਟ ਬੁਲ ਵਰਗੇ ਕੁੱਤਿਆਂ ਦੀ ਖ਼ਤਰਨਾਕ ਮੰਨੀਆਂ ਜਾਂਦੀਆਂ ਕਿਸਮਾਂ ਕਈ ਮੁਲਕਾਂ ਵਿੱਚ ਬੈਨ ਹਨ।

ਆਇਰਲੈਂਡ ਵਿੱਚ ਪਿੱਟ ਬੁੱਲ ਦੀਆਂ ਕਈ ਕਿਸਮਾਂ, ਜਰਮਨ ਸ਼ੈਫਰਡ, ਰੋਟਵਿਲਰ ਵਰਗੇ ਕੁੱਤਿਆਂ ਨੂੰ ਜੰਜ਼ੀਰ ਨਾਲ ਬੰਨ੍ਹ ਕੇ ਰੱਖਣ, ਜਨਤਕ ਥਾਵਾਂ ''''ਤੇ ਮੂੰਹ ''''ਤੇ ਜਾਲੀ ਲਾਉਣ ਅਤੇ ਕੁੱਤੇ ਦੇ ਗਲੇ ਵਿੱਚ ਬਨ੍ਹੇ ਕੌਲਰ ਉੱਤੇ ਮਾਲਕ ਦਾ ਨਾਮ ਅਤੇ ਪਤਾ ਲਿਖਣਾ ਜ਼ਰੂਰੀ ਹੈ।

ਅਮਰੀਕੀ ਸੂਬਿਆਂ ਨੂੰ ਵੀ ਆਪਣੇ ਕਾਨੂੰਨ ਲਿਆਉਣ ਦੀ ਖੁੱਲ੍ਹ ਹੈ। ਆਸਟਰੇਲੀਆ ਵਿੱਚ ਖ਼ਤਰਨਾਕ ਸਮਝੇ ਜਾਂਦੇ ਕੁੱਤਿਆਂ ਦੇ ਗਲੇ ਵਿੱਚ ਪੀਲੀ ਅਤੇ ਲਾਲ ਪੱਟੀ ਵਾਲੇ ਕੌਲਰ ਪਾਉਣੇ ਲਾਜ਼ਮੀ ਹਨ।

ਮਾਲਕਾਂ ਨੂੰ ਚੇਤਾਵਨੀ ਵੀ ਲਿਖ ਕੇ ਲਗਾਉਣੀ ਹੁੰਦੀ ਹੈ ਕਿ ਇਸ ਘਰ ਵਿੱਚ ਕਿਹੜੀ ਬ੍ਰੀਡ ਦਾ ਕੁੱਤਾ ਰੱਖਿਆ ਹੋਇਆ ਹੈ।

ਖ਼ੈਰ ਇਹ ਤਾਂ ਗੱਲ ਰਹੀ ਹਿੰਸਕ ਸਮਝੇ ਕੁੱਤਿਆਂ ਦੀ। ਦਿੱਲੀ ਵਿੱਚ ਪੈੱਟ ਲਵਰ ਐਸੋਸੀਏਸ਼ਨ ਨਾਮ ਦੀ ਸੰਸਥਾ ਦੇ ਮੈਂਬਰ ਅਸ਼ੋਕ ਪ੍ਰਤਾਪ ਕਹਿੰਦੇ ਹਨ ਕਿ ਅਕਸਰ ਮੀਡੀਆ ਤੋਂ ਲੈ ਕੇ ਸਮਾਜਿਕ ਗਲਿਆਰਿਆਂ ਵਿੱਚ ਪਾਲਤੂ ਕੱਤਿਆਂ ਵੱਲੋਂ ਕੀਤੇ ਗਏ ਹਮਲੇ ਚਰਚਾ ਦਾ ਵਿਸ਼ਾ ਬਣਦੇ ਹਨ।

ਪਰ ਅਵਾਰਾ ਕੁੱਤਿਆਂ ਵੱਲੋਂ ਹੁੰਦੇ ਹਮਲਿਆਂ ਵਿੱਚ ਲੋਕਾਂ ਦਾ ਜੋ ਜਾਨੀ ਨੁਕਸਾਨ ਹੋ ਰਿਹਾ ਹੈ ਉਸ ਬਾਰੇ ਘੱਟ ਗੱਲ ਹੁੰਦੀ ਹੈ।


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)