ਜੀ ਖ਼ਾਨ: ਲੁਧਿਆਣਾ ''''ਚ ਦੋ ਹਿੰਦੂ ਗੁੱਟ ਜਿਸ ਗਾਇਕ ਦੇ ਮਾਫ਼ੀਨਾਮੇ ਨੂੰ ਲੈਕੇ ਭਿੜੇ, ਉਹ ਕੌਣ ਹੈ ਤੇ ਕੀ ਹੈ ਪੂਰਾ ਮਾਮਲਾ

10/03/2022 6:55:00 PM

BBC

ਲੁਧਿਆਣਾ ਵਿੱਚ ਗਣੇਸ਼ ਉਤਸਵ ਮੌਕੇ ਪੰਜਾਬੀ ਗਾਇਕ ਜੀ ਖ਼ਾਨ ਵੱਲੋਂ ਗਾਏ ਗਏ ਕੁਝ ਗੀਤਾਂ ਕਰਕੇ ਪੈਦਾ ਹੋਇਆ ਵਿਵਾਦ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ।

ਐਤਵਾਰ ਨੂੰ ਇਹ ਵਿਵਾਦ ਹਿੰਸਕ ਬਣ ਗਿਆ ਜਦੋਂ ਜੀ ਖ਼ਾਨ ਲੁਧਿਆਣਾ ਦੇ ਇੱਕ ਮੰਦਰ ਵਿੱਚ ਹਿੰਦੂ ਸਮਾਜ ਅੱਗੇ ਮਾਫ਼ੀ ਮੰਗਣ ਪਹੁੰਚੇ।

ਜਦੋਂ ਜੀ ਖ਼ਾਨ ਮਾਫ਼ੀ ਮੰਗਣ ਆਏ ਹੋਏ ਸਨ ਤਾਂ ਇਸ ਦੀ ਖ਼ਬਰ ਉਨ੍ਹਾਂ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੂੰ ਲੱਗ ਗਈ, ਜਿਨ੍ਹਾਂ ਨੇ ਜੀ ਖਾਨ ਖ਼ਿਲਾਫ਼ ਐੱਫ਼ਆਈਆਰ ਦਰਜ ਕਰਵਾਈ ਸੀ।

ਜੀ ਖ਼ਾਨ ਤਾਂ ਮਾਫ਼ੀ ਮੰਗ ਕੇ ਚਲੇ ਗਏ ਪਰ ਉਸ ਖ਼ਿਲਾਫ਼ ਪੁਲਿਸ ਰਿਪੋਟ ਲਿਖਵਾਉਣ ਵਾਲੀ ਧਿਰ ਉਸ ਧਿਰ ਨਾਲ ਭਿੜ ਪਈ ਜਿਸ ਕੋਲ ਜੀ ਖ਼ਾਨ ਮਾਫ਼ੀ ਮੰਗਣ ਆਏ ਸਨ।

ਮਾਮਲਾ ਇੰਨਾ ਭਖ਼ ਗਿਆ ਕਿ ਦੋਵਾਂ ਧਿਰਾਂ ਵਿਚਾਲੇ ਇੱਟਾਂ ਪੱਥਰ ਤੱਕ ਚੱਲਣ ਲੱਗੇ।

ਸਥਾਨਕ ਪੁਲਿਸ ਨੂੰ ਦਖ਼ਲ ਕੇ ਦੋਵਾਂ ਧਿਰਾਂ ਨੂੰ ਵੱਖ-ਵੱਖ ਕਰਨਾ ਪਿਆ, ਪੁਲਿਸ ਨੇ ਦੋਵਾਂ ਧਿਰਾਂ ਤੋਂ ਸ਼ਿਕਾਇਤ ਲੈਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੀ ਖ਼ਾਨ ਅਤੇ ਉਨ੍ਹਾਂ ਦੇ ਮਸ਼ਹੂਰ ਗਾਣੇ

ਜੀ ਖ਼ਾਨ ਅੱਜ ਕੱਲ੍ਹ ਪੰਜਾਬੀ ਦੇ ਕਾਫ਼ੀ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਸੰਗੀਤ ਜਗਤ ਵਿੱਚ 2015 ਕਦਮ ਰੱਖਿਆ ਸੀ।

ਜੀ ਖ਼ਾਨ ਦਾ ਪੂਰਾ ਨਾਮ ਗੁਲਸ਼ਨ ਖ਼ਾਨ ਹੈ ਅਤੇ ਉਹ ਬਰਨਾਲਾ ਜ਼ਿਲ੍ਹੇ ਦੇ ਕਸਬਾ ਭਦੌੜ ਦੇ ਰਹਿਣ ਵਾਲੇ ਹਨ।

ਜੀ ਖ਼ਾਨ ਜ਼ਿਆਦਾਤਰ ਕੰਮ ਪੰਜਾਬੀ ਗਾਇਕ ਗੈਰੀ ਸੰਧੂ ਦੀ ਟੀਮ ਨਾਲ ਕਰਦੇ ਹਨ ਅਤੇ ਉਨ੍ਹਾਂ ਦੇ ਲਿਖੇ ਹੋਏ ਗਾਣੇ ਵੀ ਗਾਉਂਦੇ ਹਨ।

ਇਸ ਤੋਂ ਇਲਾਵਾਂ ਉਹ ਪੰਜਾਬੀ ਫ਼ਿਲਮਾਂ ਵਿੱਚ ਪਲੇਅਬੈਕ ਗਾਇਕ ਵਜੋਂ ਕੰਮ ਕਰਦੇ ਹਨ।

ਜੀ ਖ਼ਾਨ ਦੇ ਸਭ ਤੋਂ ਵੱਧ ਚੱਲਣ ਵਾਲੇ ਗਾਣਿਆ ਵਿੱਚ "ਪੈੱਗ ਮੋਟੇ ਮੋਟੇ, ਵਿਸਕੀ ਵਾਲੇ", "ਤੂੰ ਮੈਨੂੰ ਪਿਆਰ ਨੀ ਕਰਦਾ", "ਮੁੰਡੇ ਚੰਡੀਗੜ੍ਹ ਸ਼ਹਿਰ ਦੇ", "ਉਹ ਡਾਲਰ ਗਿਣਦੀ ਤੇ ਮੈਂ ਤਾਰੇ ਗਿਣਦਾ" ਵਗੈਰਾ ਹਨ।

ਗਾਇਕ ਸਿਕੰਦਰ ਸਲੀਮ ਦੱਸਦੇ ਹਨ ਕਿ ਜੀ ਖ਼ਾਨ ਨੂੰ ਬਚਪਨ ਵਿੱਚ ਹੀ ਗਾਉਣ ਅਤੇ ਲਿਖਣ ਦਾ ਸ਼ੌਕ ਸੀ ਅਤੇ ਉਸ ਦੇ ਪਰਿਵਾਰ ਵਿੱਚੋਂ ਕਈ ਹੋਰ ਲੋਕ ਵੀ ਇਸ ਖੇਤਰ ਨਾਲ ਜੁੜੇ ਹੋਏ ਹਨ।

ਗਾਇਕ ਜੀ ਖ਼ਾਨ ਦਾ ਅਸਲ ਨਾਮ ਗੁਲਸ਼ਨ ਖ਼ਾਨ ਹੈ।

ਸਲੀਮ ਕਹਿੰਦੇ ਹਨ, "ਗੁਲਸ਼ਨ ਭਦੌੜ ਦਾ ਰਹਿਣਾ ਵਾਲਾ ਹੈ ਅਤੇ ਪੰਜਾਬ ਵਿੱਚ ਭਦੌੜ ਨੂੰ ਗਾਇਕਾਂ ਦਾ ਮੱਕਾ ਕਿਹਾ ਜਾਂਦਾ ਹੈ। ਲੋਕ ਕਹਿੰਦੇ ਹਨ ਕਿ ਭਦੌੜ ਦੀਆਂ ਗਲੀਆਂ ਵੀ ਗਾਉਂਦੀਆਂ ਹਨ।"

ਉਹ ਕਹਿੰਦੇ ਹਨ, "ਖ਼ਾਨ ਨੇ ਕੁਝ ਸਮਾਂ ਕੁਲਵਿੰਦਰ ਬਿੱਲਾ ਨਾਲ ਕੰਮ ਕੀਤਾ ਪਰ ਬਾਅਦ ਵਿੱਚ ਉਸ ਨੇ ਗੈਰੀ ਸੰਧੂ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਸੰਧੂ ਨੂੰ ਆਪਣਾ ਗੁਰੂ ਮੰਨਦਾ ਹੈ।"

ਵੀਡੀਓ ਡਾਇਰੈਕਟਰ ਸਟੈਲਿਨਵੀਰ ਸਿੰਘ ਨੇ ਸਾਲ 2015 ਵਿੱਚ ਖ਼ਾਨ ਦੇ ਸਭ ਤੋਂ ਪਹਿਲੇ ਗਾਣੇ "ਤੂੰ ਸੱਜਣਾ ਰੱਬ ਦੇ ਨਾਂ ਵਰਗਾ" ਨੂੰ ਡਾਇਰੈਕਟ ਕੀਤਾ ਸੀ।

ਸਟਾਲਿਨਵੀਰ ਸਿੰਘ ਕਹਿੰਦੇ ਹਨ, "ਜੀ ਖਾਨ ਬਹੁਤ ਸੁਰੀਲਾ ਅਤੇ ਖੁਸ਼ ਰਹਿਣ ਵਾਲੇ ਸੁਭਾਅ ਦਾ ਇਨਸਾਨ ਹੈ। ਉਸ ਨੇ ਬਹੁਤ ਮਿਹਨਤ ਕੀਤੀ ਹੈ ਅਤੇ ਜ਼ਮੀਨੀ ਤੋਂ ਉੱਠ ਕੇ ਉੱਪਰ ਆਇਆ ਹੈ।"


  • ਧਾਰਮਿਕ ਸਮਾਗਮ ''''ਚ ਗੀਤ ਗਾਉਣ ਕਾਰਨ ਵਿਵਾਦ
  • ਜੀ ਖ਼ਾਨ ਗਾਣੇ ਗਾਉਣ ਲਈ ਮੁਆਫ਼ੀ ਮੰਗ ਚੁੱਕੇ ਹਨ
  • ਐਤਵਾਰ ਨੂੰ ਖ਼ਾਨ ਮੁਆਫ਼ੀ ਮੰਗਣ ਲੁਧਿਆਣਾ ਪਹੁੰਚੇ ਸਨ
  • ਧਾਰਿਮਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਹੈ
  • ਮੁਆਫ਼ੀ ਨੂੰ ਲੈ ਕੇ ਦੋ ਹਿੰਦੂ ਗਰੁੱਪਾਂ ਵਿੱਚ ਝਗੜਾ

ਲੁਧਿਆਣਾ ਵਿੱਚ ਗੀਤ ਗਾਉਣ ਦਾ ਵਿਵਾਦ ਕੀ ਹੈ?

ਲੁਧਿਆਣਾ ਦੇ ਥਾਣਾ ਡਵੀਜ਼ਨ-2 ਵਿੱਚ ਦਰਜ ਹੋਈ ਐੱਫਆਈਆਰ ਮੁਤਾਬਕ ਉਨ੍ਹਾਂ ਨੇ 9 ਸਤੰਬਰ ਨੂੰ ਗਣੇਸ਼ ਉਤਸਵ ਮੌਕੇ ਰੱਖੇ ਇੱਕ ਸਮਾਗਮ ਵਿੱਚ ਧਾਰਮਿਕ ਭੇਟਾਂ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਗੀਤ ਵੀ ਗਾਏ ਸਨ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਖ਼ਾਨ ਦੇ ਧਾਰਮਿਕ ਸਮਾਗਮ ਵਿੱਚ ਗੀਤ ਗਾਉਣ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਜਿਸ ਕਾਰਨ ਉਨ੍ਹਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

ਪੁਲਿਸ ਨੇ ਸਮਾਗਮ ਦੇ ਪ੍ਰਬੰਧਕ ਹਿਤੇਸ਼ ਕੁਮਾਰ ਉਰਫ਼ ਹਨੀ ਅਤੇ ਜੀ ਖ਼ਾਨ ਦੇ ਖਿਲਾਫ਼ ਧਾਰਾ 295-ਏ ਯਾਨੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਾਲਾ ਦਰਜ ਕੀਤਾ ਹੈ।



ਖ਼ਾਨ ਮਾਫ਼ੀ ਮੰਗਣ ਪਹੁੰਚੇ, ਦੋ ਗੁੱਟਾਂ ਵਿਚਾਲੇ ਝੜਪ

ਜੀ ਖ਼ਾਨ ਗਣੇਸ਼ ਉਤਸਵ ਮੌਕੇ ਗਾਏ ਗੀਤਾਂ ਲਈ ਮੁਆਫ਼ੀ ਮੰਗਣ ਲਈ ਐਤਵਾਰ ਨੂੰ ਲੁਧਿਆਣਾ ਦੇ ਇੱਕ ਮੰਦਰ ਵਿੱਚ ਪਹੁੰਚੇ। ਇਸ ਦੌਰਾਨ ਦੋ ਹਿੰਦੂ ਗੁੱਟਾਂ ਵਿਚਾਲੇ ਝੜਪ ਹੋ ਗਈ ਅਤੇ ਪੱਥਰ ਵੀ ਚੱਲੇ।

ਇਹ ਲੋਕ ਸ਼ਿਵ ਸੈਨਾ ਪੰਜਾਬ ਅਤੇ ਹਿੰਦੂ ਸਿੱਖ ਜਾਗਰਿਤੀ ਸੈਨਾ ਨਾਲ ਜੁੜੇ ਹੋਏ ਸਨ।

ਜੀ ਖ਼ਾਨ ਨੇ ਇਸ ਮੌਕੇ ਕਿਹਾ, "ਮੈਂ ਸਾਰੇ ਹਿੰਦੂ ਸਮਾਜ, ਦੇਵੀ ਦੇਵਤਿਆਂ ਅਤੇ ਸ਼੍ਰੀ ਗਣੇਸ਼ ਜੀ ਤੋਂ ਮੁਆਫ਼ੀ ਮੰਗਦਾ ਹਾਂ।"

ਉਨ੍ਹਾਂ ਕਿਹਾ, "ਉਸ ਸਮੇਂ ਲੋਕਾਂ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ ਪਰ ਇਸ ਸਮੇਂ ਲੱਗਦਾ ਹੈ ਕਿ ਨਹੀਂ ਗਾਉਣਾ ਚਾਹੀਦਾ ਸੀ। ਮੈਂ ਆਉਂਦੇ ਹੀ ਗਣੇਸ਼ ਵੰਦਨਾ ਗਾਈ ਸੀ, ਜੋ ਮੇਰੀ ਦਿਲੀ ਤਮੰਨਾ ਸੀ।"

ਹਿੰਦੂ ਸਿੱਖ ਜਾਗ੍ਰਿਤੀ ਸੈਨਾ ਦੇ ਪ੍ਰਧਾਨ ਪ੍ਰਵੀਨ ਡਾਂਗ ਨੇ ਕਿਹਾ, "ਕੋਰਟ ਵਿੱਚ ਜੀ ਖ਼ਾਨ ਨੇ ਜ਼ਮਾਨਤ ਲੈ ਲਈ ਹੈ। ਸਾਡੇ ਲਈ ਮਸਲਾ ਕਾਨੂੰਨੀ ਪਰੋਸੈੱਸ ਵਿੱਚ ਚੱਲ ਪਿਆ। ਇਸ ਤੋਂ ਬਾਅਦ ਮੁਆਫ਼ੀ ਦਾ ਤਾਂ ਮਸਲਾ ਹੀ ਨਹੀਂ ਰਹਿ ਗਿਆ।"

ਉਨ੍ਹਾਂ ਕਿਹਾ, "ਇਹ ਮੁੱਦਾ ਗਣਪਤੀ ਜੀ ਨਾਲ ਜੁੜਿਆ ਹੋਇਆ ਹੈ। ਜਦੋਂ ਮਾਮਲਾ ਕਾਨੂੰਨ ਦੇ ਪਰੋਸੈੱਸ ਵਿੱਚ ਚੱਲ ਪਿਆ ਹੈ ਤਾਂ ਕਿਸੇ ਨੂੰ ਕਾਨੂੰਨ ਤੋਂ ਉੱਤੇ ਨਹੀਂ ਜਾਣਾ ਚਾਹੀਦਾ।"

"ਜੇਕਰ ਕੋਈ ਮੁਆਫ਼ੀ ਮੰਗਣ ਆਇਆ ਹੈ ਤਾਂ ਮਹੰਤ ਜੀ ਨੂੰ ਸਭ ਲੋਕਾਂ ਨੂੰ ਭਰੋਸੇ ਵਿੱਚ ਲੈ ਲੈਣਾ ਚਾਹੀਦਾ ਸੀ।"

ਇਸ ਮੌਕੇ ਦੋਵਾਂ ਧਿਰਾਂ ਨੂੰ ਸਮਝਾਉਣ ਲ਼ਈ ਪੁਲਿਸ ਵੀ ਪਹੁੰਚੀ। ਪੁਲਿਸ ਨੇ ਦੋਵਾਂ ਦੀਆਂ ਸ਼ਿਕਾਇਤਾਂ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਏਸੀਪੀ ਲੁਧਿਆਣਾ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ, "ਇਨ੍ਹਾਂ ਵਿੱਚ ਝੜਪ ਹੋਈ ਹੈ। ਅਸੀਂ ਹਲਾਤ ਕਾਬੂ ਵਿੱਚ ਕਰ ਲਏ ਹਨ। ਇਨ੍ਹਾਂ ਤੋਂ ਅਰਜ਼ੀਆਂ ਲੈ ਰਹੇ ਹਾਂ ਅਤੇ ਇਲਜ਼ਾਮਾਂ ਦੀ ਪੜਤਾਲ ਕੀਤੀ ਜਾਵੇਗੀ ਜਿਸ ਦੇ ਅਧਾਰ ਉੱਪਰ ਅਗਲੀ ਕਾਰਵਾਈ ਕੀਤੀ ਜਾਵੇਗੀ।"



(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)