ਪੀਸੀਓਡੀ ਰੋਗ ਕੀ ਹੁੰਦਾ ਹੈ, ਕੀ ਹਨ ਇਸਦੇ ਲੱਛਣ ਅਤੇ ਬਚਾਅ ਦੇ ਤਰੀਕੇ

10/03/2022 11:09:59 AM

BBC
ਡਾ਼ ਸ਼ਿਵਾਨੀ ਗਰਗ

ਪੀਰੀਅਡਜ਼ ਦਾ ਸਹੀ ਸਮੇਂ ''''ਤੇ ਨਾ ਆਉਣਾ, ਮੋਟਾਪੇ ਦਾ ਵਧਦੇ ਜਾਣਾ, ਮੂੰਹ ''''ਤੇ ਪਿੰਪਲਜ਼ / ਮੁਹਾਸੇ ਦਾ ਹੋਣਾ ਜਾਂ ਮੂੰਹ ''''ਤੇ ਵਾਧੂ ਵਾਲਾਂ ਦਾ ਹੋਣਾ… ਕੀ ਇਹ ਚੀਜ਼ਾਂ ਆਮ ਹਨ ਜਾਂ ਫਿਰ ਨਹੀਂ? ਪੀਸੀਓਡੀ ਜਾਂ ਫਿਰ ਪੋਲੀਸਿਸਟਿਕ ਓਵਰੀ ਡੀਜ਼ੀਜ਼ ਕੀ ਚੀਜ਼ ਹੈ ਅਤੇ ਇਸ ਦਾ ਕੋਈ ਹੱਲ ਹੈ ਜਾਂ ਫਿਰ ਨਹੀਂ।

ਪੀਸੀਓਡੀ ਭਾਵ ਪੋਲੀਸਿਸਟਿਕ ਓਵਰੀ ਡੀਜ਼ੀਜ਼ ਮੌਜੂਦਾ ਸਮੇਂ ''''ਚ ਇੰਨੀ ਵਧੇਰੇ ਵਧਦੀ ਜਾ ਰਹੀ ਹੈ ਕਿ ਵੇਖਿਆ ਜਾ ਰਿਹਾ ਹੈ ਕਿ ਹਰ ਤੀਜੀ ਕੁੜੀ ਇਸ ਨਾਲ ਪ੍ਰਭਾਵਿਤ ਹੈ।

ਪੀਸੀਓਡੀ ਕੀ ਚੀਜ਼ ਹੈ ਅਤੇ ਇਸ ਦੇ ਹੋਣ ਦੇ ਕੀ ਕਾਰਨ ਹਨ? ਕੀ ਅਸੀਂ ਇਸ ਤੋਂ ਬਚ ਸਕਦੇ ਹਾਂ ?

ਇੰਨ੍ਹਾਂ ਸਾਰੇ ਹੀ ਸਵਾਲਾਂ ਦੇ ਜਵਾਬ ਇਸਤਰੀ ਰੋਗ ਮਾਹਰ ਡਾ. ਸ਼ਿਵਾਨੀ ਗਰਗ ਦੇ ਰਹੇ ਹਨ।


ਬੀਬੀਸੀ ਨਿਊਜ਼ ਪੰਜਾਬੀ ਔਰਤਾਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਇੱਕ ''''ਹੈਲਥ ਸੀਰੀਜ਼'''' ਤੁਹਾਡੀ ਸਿਹਤ ਸਾਡੀ ਸੇਧ'''' ਲੈ ਕੇ ਆਇਆ ਹੈ। ਜਿਸ ਰਾਹੀਂ ਤੁਹਾਨੂੰ ਹਰ ਹਫ਼ਤੇ ਔਰਤਾਂ ਦੀ ਸਿਹਤ ਨਾਲ ਜੁੜੇ ਕਿਸੇ ਨਾ ਕਿਸੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।


ਪੀਸੀਓਡੀ ਕੀ ਹੈ?

ਪੀਸੀਓਡੀ ਦਾ ਮਤਲਬ ਹੈ ਕਿ ਓਵਰੀ ''''ਚ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਸਿਸਟ ਜਾਂ ਗੰਢਾਂ ਬਣ ਜਾਂਦੀਆਂ ਹਨ ਅਤੇ ਆਂਡਾ ਸਹੀ ਸਮੇਂ ''''ਤੇ ਫੱਟਦਾ ਨਹੀਂ ਹੈ। ਜਿਸ ਕਰਕੇ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਇਸ ਵਿੱਚ ਹਾਰਮੋਨਜ਼ ਦੀ ਸਮੱਸਿਆ ਤੋਂ ਇਲਾਵਾ ਹੋਰ ਵੀ ਕਈ ਦਿੱਕਤਾਂ ਵੀ ਸਾਹਮਣੇ ਆਉਂਦੀਆਂ ਹਨ। ਇਸ ''''ਚ ਅੰਡੇਦਾਨੀ ਦਾ ਆਕਾਰ ਵੱਧ ਜਾਂਦਾ ਹੈ ਭਾਵ ਕਿ ਅੰਡੇਦਾਨੀ ''''ਚ ਸੋਜਿਸ਼ ਆ ਜਾਂਦੀ ਹੈ।

BBC

ਪੀਸੀਓਡੀ ਦੇ ਲੱਛਣ

ਪੀਸੀਓਡੀ ਦਾ ਸਭ ਤੋਂ ਵੱਡਾ ਲੱਛਣ ਇਹ ਹੈ ਕਿ ਇਸ ''''ਚ ਪੀਰੀਅਡਜ਼ ਅਨਿਯਮਤ ਹੋ ਜਾਂਦੇ ਹਨ, ਭਾਵ ਸਮੇਂ ''''ਤੇ ਨਹੀਂ ਆਉਂਦੇ ਹਨ।

ਪੀਰੀਅਡਜ਼ 2 ਜਾਂ 3 ਮਹੀਨਿਆਂ ਬਾਅਦ ਆਉਂਦੇ ਹਨ ਅਤੇ ਕਈ ਵਾਰ ਤਾਂ ਇੱਕ ਮਹੀਨੇ ''''ਚ ਹੀ ਦੋ ਵਾਰ ਆ ਜਾਂਦੇ ਹਨ।

ਪੀਸੀਓਡੀ ਦੇ ਕਾਰਨ ਪੀਰੀਅਡਜ਼ ਦੀ ਬਲੀਡਿੰਗ ਘੱਟ ਜਾਂਦੀ ਹੈ ਅਤੇ ਵੇਖਿਆ ਗਿਆ ਹੈ ਕਿ ਕਈ ਕੁੜੀਆਂ ਨੂੰ 6-7 ਮਹੀਨਿਆਂ ਤੱਕ ਬਿਨਾਂ ਦਵਾਈਆਂ ਦੇ ਮਾਹਵਾਰੀ ਆਉਂਦੀ ਹੀ ਨਹੀਂ ਹੈ।

ਪੀਸੀਓਡੀ ਦਾ ਦੂਜਾ ਲੱਛਣ ਇਹ ਹੈ ਕਿ ਇਸ ਦੇ ਕਾਰਨ ਪੇਟ ਦੇ ਉੱਪਰ ਮੋਟਾਪਾ ਵਧਦਾ ਜਾਂਦਾ ਹੈ।

ਕਿਹਾ ਜਾ ਸਕਦਾ ਹੈ ਕਿ ਮੋਟਾਪੇ ਕਰਕੇ ਇਹ ਸਮੱਸਿਆ ਹੁੰਦੀ ਹੈ ਅਤੇ ਪੀਸੀਓਡੀ ਕਰਕੇ ਮੋਟਾਪਾ ਹੁੰਦਾ ਹੈ। ਦੋਵੇਂ ਹੀ ਇੱਕ ਦੂਜੇ ਦੇ ਕਾਰਨ ਹਨ।

ਇਸ ਤੋਂ ਇਲਾਵਾ ਵੇਖਿਆ ਗਿਆ ਹੈ ਕਿ ਮੂੰਹ ''''ਤੇ ਮੁਹਾਸੇ ਹੋ ਜਾਂਦੇ ਹਨ ਅਤੇ ਕਈ ਵਾਰ ਤਾਂ ਸਰੀਰ ਦੇ ਹੋਰ ਹਿੱਸਿਆਂ ''''ਤੇ ਵੀ ਮੁਹਾਸੇ ਨਿਕਲ ਆਉਂਦੇ ਹਨ।


ਪੀਸੀਓਡੀ ਵਿੱਚ ਔਰਤਾਂ ਦੀਆਂ ਓਵਰੀਜ਼ ਵਿੱਚ ਕਈ ਸਾਰੀਆਂ ਗੰਢਾਂ ਬਣ ਜਾਂਦੀਆਂ ਹਨ ਅਤੇ ਆਂਡਾ ਨਿਕਲਣ ਵਿੱਚ ਮੁਸ਼ਕਲ ਆਉਂਦੀ ਹੈ।

ਇਹ ਬਾਂਝਪਣ ਦਾ ਕਾਰਨ ਵੀ ਬਣ ਸਕਦੀ ਹੈ। ਮੋਟਾਪਾ ਇਸ ਦਾ ਲੱਛਣ ਹੈ ਅਤੇ ਇਹ ਮੋਟਾਪੇ ਕਾਰਨ ਵੀ ਹੋ ਸਕਦੀ ਹੈ।

ਜਦੋਂ ਮਾਹਵਾਰੀ ਸ਼ੁਰੂ ਹੁੰਦੀ ਹੈ ਭਾਵ 12-14 ਸਾਲ ਦੀ ਉਮਰ ਉਦੋਂ ਤੋਂ ਹੀ ਇਸ ਦਾ ਡਰ ਪੈਦਾ ਹੋ ਸਕਦਾ ਹੈ।

ਹਾਲਾਂਕਿ ਸਰੀਰਕ ਸਰਗਰਮੀ ਅਤੇ ਚੰਗੀ ਜੀਵਨ ਸ਼ੈਲੀ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।

ਇਸ ਦਾ ਇਲਾਜ ਨਾਲੋਂ ਜ਼ਿਆਦਾ ਬਚਾਅ ਜੀਵਨ ਸ਼ੈਲੀ ਕਰਦੀ ਹੈ, ਨਹੀਂ ਤਾਂ ਬੀਮਾਰੀ ਵਾਪਸ ਵੀ ਆ ਸਕਦੀ ਹੈ।

ਮਰੀਜ਼ ਨੂੰ ਇਲਾਜ ਦੇ ਨਾਲ ਕਾਊਂਸਲਿੰਗ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਉਹ ਤਣਾਅ ਵਿੱਚ ਨਾ ਜਾਵੇ।

ਜੇ ਇੱਕ ਲੱਛਣ ਨਜ਼ਰ ਆਵੇ ਤਾਂ ਉਸ ਨੂੰ ਪੀਸੀਓਡੀ ਅਤੇ ਜੇ ਜ਼ਿਆਦਾ ਲੱਛਣ ਨਜ਼ਰ ਆਉਣ ਤਾਂ ਉਸ ਨੂੰ ਪੀਸੀਓਐਸ ਕਿਹਾ ਜਾਂਦਾ ਹੈ।


ਪੀਸੀਓਡੀ ਕਰਕੇ ਮੂੰਹ ''''ਤੇ ਵਾਲਾਂ ਦਾ ਆਉਣਾ, ਠੋਢੀ ''''ਤੇ ਹੇਅਰ ਗ੍ਰੋਥ ਦਾ ਹੋਣਾ ਜਾਂ ਫਿਰ ਔਰਤਾਂ ਦੇ ਸਰੀਰ ਦੇ ਉਸ ਹਿੱਸੇ ''''ਤੇ ਵੀ ਵਾਲ ਆ ਜਾਂਦੇ ਹਨ ਜਿੱਥੇ ਕਿ ਆਮ ਤੌਰ ''''ਤੇ ਵਾਲ ਨਹੀਂ ਹੁੰਦੇ ਹਨ। ਸਮੇਂ ਦੇ ਨਾਲ-ਨਾਲ ਇਹ ਸਮੱਸਿਆ ਵੀ ਵਧਦੀ ਜਾਂਦੀ ਹੈ।

ਪੀਸੀਓਡੀ ਦੇ ਕਰਕੇ ਔਰਤਾਂ ''''ਚ ਬਾਂਝਪਨ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ ਅਤੇ ਜੇਕਰ ਪੀਸੀਓਡੀ ''''ਤੇ ਕਾਬੂ ਨਹੀਂ ਕੀਤਾ ਜਾਂਦਾ ਹੈ ਤਾਂ ਸ਼ੂਗਰ ਦਾ ਵੀ ਕਾਰਨ ਬਣ ਸਕਦੀ ਹੈ।

ਜੇਕਰ ਪੀਸੀਓਡੀ ਦੇ ਨਾਲ ਭਾਰ ਨੂੰ ਵੀ ਕੰਟਰੋਲ ''''ਚ ਨਾ ਰੱਖਿਆ ਜਾਵੇ ਇਹ ਅੱਗੇ ਜਾ ਕੇ ਬੱਚੇਦਾਨੀ ਦੀ ਪਰਤ ਦੇ ਕੈਂਸਰ ਦਾ ਕਾਰਨ ਵੀ ਬਣ ਸਕਦੀ ਹੈ।

ਇਸ ਲਿਹਾਜ ਨਾਲ ਇਹ ਕੋਈ ਛੋਟੀ-ਮੋਟੀ ਸਮੱਸਿਆ ਨਹੀਂ ਹੈ ਜਿਸ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕੇ।

Getty Images

ਜੇਕਰ ਪੀਸੀਓਡੀ ਨੂੰ ਲੰਬਾ ਸਮਾਂ ਨਜ਼ਰ ਅੰਦਾਜ਼ ਕੀਤਾ ਜਾਵੇ ਅਤੇ ਕਈ ਸਾਲਾਂ ਤੱਕ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਹੋਰ ਕਈ ਬਿਮਾਰੀਆਂ ਨੂੰ ਜਨਮ ਦੇ ਸਕਦੀ ਹੈ।

ਪੀਸੀਓਡੀ ਦੇ ਮਾਨਸਿਕ ਲੱਛਣ ਵੀ ਹਨ

ਆਮ ਤੌਰ ''''ਤੇ ਪੀਸੀਓਡੀ ਦੀ ਸਮੱਸਿਆ ਨਾਲ ਜੂਝ ਰਹੀਆਂ ਕੁੜੀਆਂ ਜਾਂ ਔਰਤਾਂ ਆਪਣੇ ਸਰੀਰ ਦੀ ਬਣਾਵਟ ਤੋਂ ਖੁਸ਼ ਨਹੀਂ ਹੁੰਦੀਆਂ ਹਨ।

ਮੂੰਹ ''''ਤੇ ਮੁਹਾਸੇ, ਵਾਲ ਆਉਣਾ, ਮੋਟਾਪਾ ਅਤੇ ਅਨਿਯਮ ਮਾਹਵਾਰੀ ਕਰਕੇ ਉਨ੍ਹਾਂ ਦਾ ਆਤਮਵਿਸ਼ਵਾਸ ਘੱਟ ਜਾਂਦਾ ਹੈ ਅਤੇ ਉਹ ਅੱਗੇ ਜਾ ਕੇ ਤਣਾਅ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ।

ਉਹ ਤਣਾਅ ਵਿੱਚ ਰਹਿੰਦੀਆਂ ਹਨ ਅਤੇ ਕਿਸੇ ਨੂੰ ਵੀ ਮਿਲਣ ਤੋਂ ਕਤਰਾਉਂਦੀਆਂ ਹਨ ਅਤੇ ਆਪਣੀ ਵੱਖਰੀ ਦੁਨੀਆ ''''ਚ ਸਿਮਟ ਕੇ ਰਹਿ ਜਾਂਦੀਆਂ ਹਨ।

ਇਸ ਲਈ ਪੀਸੀਓਡੀ ਕਰਕੇ ਸਰੀਰਕ ਅਤੇ ਮਾਨਸਿਕ ਦੋਵਾਂ ਕਿਸਮ ਦੀਆਂ ਪਰੇਸ਼ਾਨੀਆਂ ਦਾ ਕਾਰਨ ਬਣਦਾ ਹੈ।

ਜਦੋਂ ਕੋਈ ਪੀਸੀਓਡੀ ਨਾਲ ਪ੍ਰਭਾਵਿਤ ਮਰੀਜ਼ ਆਉਂਦਾ ਹੈ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਦੇ ਸਰੀਰਕ ਅਤੇ ਮਾਨਸਿਕ ਦੋਵੇਂ ਤਰ੍ਹਾਂ ਦੇ ਲੱਛਣਾਂ ਨੂੰ ਠੀਕ ਕੀਤਾ ਜਾਵੇ ਤਾਂ ਜੋ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਤੰਦਰੁਸਤ ਸਮਝੇ।

ਪੀਸੀਓਡੀ ਕਿਉਂ ਹੁੰਦਾ ਹੈ ?

ਪੀਸੀਓਡੀ ਇੱਕ ਜੀਵਨ ਸ਼ੈਲੀ ਨਾਲ ਜੁੜੀ ਸਮੱਸਿਆ ਹੈ।

Getty Images
ਪੀਸੀਓਡੀ ਤੋਂ ਪ੍ਰਭਾਵਿਤ ਓਵਰੀਆਂ ਦਾ ਮਾਡਲ

ਜਿਵੇਂ ਤੁਸੀਂ ਵੇਖਿਆ ਜਾਂ ਸੁਣਿਆ ਹੋਵੇਗਾ ਕਿ ਹਾਈਪਰਟੈਨਸ਼ਨ, ਡਾਇਬਿਟੀਜ਼ ਇੱਕ ਲਾਈਫ ਸਟਾਈਲ ਸਮੱਸਿਆਵਾਂ ਹਨ ਭਾਵ ਕਿ ਤੁਹਾਡਾ ਖਾਣ-ਪੀਣ ਕਿਸ ਤਰ੍ਹਾਂ ਹੈ, ਤੁਸੀਂ ਕਿਵੇਂ ਰਹਿੰਦੇ ਹੋ?

ਇਸੇ ਤਰ੍ਹਾਂ ਪੀਸੀਓਡੀ ਵੀ ਇੱਕ ਜੀਵਨ ਸ਼ੈਲੀ ਨਾਲ ਜੁੜੀ ਸਮੱਸਿਆ ਹੈ। ਜੇਕਰ ਤੁਸੀਂ ਜੰਕ ਜਾਂ ਗਲਤ ਖਾਣਾ ਖਾਂਦੇ ਹੋ ਜਾਂ ਸਰੀਰਕ ਕਸਰਤ ਵੱਲ ਧਿਆਨ ਨਹੀਂ ਦਿੰਦੇ ਹੋ ਜਾਂ ਤਣਾਅ ਲੈ ਰਹੇ ਹੋ।

ਜਿਵੇਂ ਅੱਜ-ਕੱਲ ਲੋਕ ਆਪਣੀ ਨੌਕਰੀ ਜਾਂ ਕਿਸੇ ਵੀ ਚੀਜ਼ ਦਾ ਦਬਾਅ ਬਹੁਤ ਜਲਦੀ ਲੈ ਲੈਂਦੇ ਹਨ, ਅਜਿਹੀ ਸਥਿਤੀ ''''ਚ ਵੀ ਇਹ ਸਮੱਸਿਆ ਵਧਦੀ ਜਾਂਦੀ ਹੈ।

ਜੇਕਰ ਸਰੀਰਕ ਗਤੀਵਿਧੀਆਂ ਦਾ ਘੱਟ ਹੋਣਾ, ਖਰਾਬ ਡਾਈਟ ਹੋਣਾ ਅਤੇ ਤਣਾਅ ਸਾਰੇ ਕਾਰਕ ਇੱਕਠੇ ਹੋ ਜਾਣ ਤਾਂ ਇਹ ਸਾਰੇ ਮਿਲ ਕੇ ਹੌਲੀ-ਹੌਲੀ ਪੀਸੀਓਡੀ ਨੂੰ ਜਨਮ ਦਿੰਦੇ ਹਨ।

ਕੀ ਪੀਸੀਓਡੀ ਜੱਦੀ ਹੁੰਦੀ ਹੈ ?

ਜੀ ਹਾਂ, ਪੀਸੀਓਡੀ ਦੀ ਸਮੱਸਿਆ ਜੈਨੇਟਿਕ ਹੋ ਸਕਦੀ ਹੈ। ਜੇਕਰ ਤੁਹਾਡੀ ਮਾਂ ਜਾ ਘਰ ਵਿੱਚ ਕਿਸੇ ਹੋਰ ਨੂੰ ਪੀਸੀਓਡੀ ਦੀ ਸਮੱਸਿਆ ਹੈ ਤਾਂ ਤੁਹਾਡੇ ਲਈ ਵੀ ਖ਼ਤਰਾ ਹੈ ਕਿ ਤੁਸੀਂ ਵੀ ਇਸ ਦਾ ਸ਼ਿਕਾਰ ਹੋ ਸਕਦੇ ਹੋ।

ਹਾਲਾਂਕਿ ਜ਼ਿਆਦਾਤਰ ਇਹ ਵਾਤਾਵਰਣ ਕਾਰਕਾਂ ਭਾਵ ਤੁਹਾਡੇ ਆਪਣੇ ਰਹਿਣ-ਸਹਿਣ ਉੱਪਰ ਵਧੇਰੇ ਨਿਰਭਰ ਕਰਦੀ ਹੈ।

ਕਿਸ ਉਮਰ ਦੀਆਂ ਔਰਤਾਂ ਪੀਸੀਓਡੀ ਨਾਲ ਪ੍ਰਭਾਵਿਤ ਹੁੰਦੀਆਂ ਹਨ ?

ਵੇਖਿਆ ਗਿਆ ਹੈ ਕਿ ਜ਼ਿਆਦਾਤਰ ਅਲ੍ਹੱੜ ਕੁੜੀਆਂ ਵਿੱਚ ਪੀਸੀਓਡੀ ਦੀ ਸਮੱਸਿਆ ਆਮ ਹੁੰਦੀ ਹੈ।

ਆਮ ਕਰਕੇ 15 ਤੋਂ 25 ਸਾਲ ਦੀਆਂ ਕੁੜੀਆਂ ''''ਚ ਇਹ ਸਮੱਸਿਆ ਵਧੇਰੇ ਹੁੰਦੀ ਹੈ। 25 ਤੋਂ 40 ਸਾਲ ਤੱਕ ਵੀ ਪੀਸੀਓਡੀ ਦੀ ਸਮੱਸਿਆ ਵੇਖਣ ਨੂੰ ਮਿਲ ਸਕਦੀ ਹੈ।

Getty Images

ਪੀਸੀਓਡੀ ਦੀ ਸਮੱਸਿਆ ਕਦੋਂ ਸ਼ੂਰੂ ਹੁੰਦੀ ਹੈ?

ਇਸ ਸਮੱਸਿਆ ਦੀ ਸ਼ੁਰੂਆਤ ਮਹਾਵਾਰੀ ਦੇ ਨਾਲ ਹੀ ਹੋ ਸਕਦੀ ਹੈ ਜਦੋਂ ਕੁੜੀਆਂ ਦੇ ਸਰੀਰ ਵਿੱਚ ਹਾਰਮੋਨਾਂ ਦੇ ਪੱਧਰ ਤੋਂ ਬਹੁਤ ਸਾਰੇ ਬਦਲਾਅ ਆ ਰਹੇ ਹੁੰਦੇ ਹਨ।

ਇਸ ਸਮੇਂ ਜੇ ਕੁੜੀਆਂ ਸਰੀਰਕ ਤੌਰ ''''ਤੇ ਸਰਗਰਮ ਨਹੀਂ ਰਹਿੰਦੀਆਂ ਅਤੇ ਆਪਣਾ ਖਾਣ-ਪੀਣ ਠੀਕ ਨਹੀਂ ਰੱਖਦੀਆਂ ਤਾਂ ਇਹ ਸਮੱਸਿਆ ਸ਼ੁਰੂ ਹੋ ਸਕਦੀ ਹੈ।

ਕਿਵੇਂ ਬਚਿਆ ਜਾ ਸਕਦਾ ਹੈ?

ਜੇਕਰ ਅਸੀਂ ਸ਼ੂਰੂ ''''ਚ ਹੀ ਆਪਣਾ ਰਹਿਣ-ਸਹਿਣ ਠੀਕ ਰੱਖੀਏ ਤਾਂ ਕਾਫੀ ਹੱਦ ਤੱਕ ਪੀਸੀਓਡੀ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

ਪੀਸੀਓਡੀ ਅਤੇ ਪੀਸੀਓਐਸ ''''ਚ ਕੀ ਅੰਤਰ ਹੈ?

ਪੀਸੀਓਡੀ ਜਾਂ ਪੀਸੀੲਐਸ ( Polycystic Ovary Syndrome) ਦੋਵਾਂ ਦੇ ਸ਼ੁਰੂਆਤੀ ਕਾਰਨ ਇਕੋ ਜਿਹੇ ਹਨ।

ਦੋਵੇਂ ਹੀ ਲਾਈਫ ਸਟਾਈਲ ਤੋਂ ਪ੍ਰਭਾਵਿਤ ਹੁੰਦੀਆਂ ਹਨ ਅਤੇ ਦੋਵਾਂ ਦਾ ਇਲਾਜ ਵੀ ਇੱਕੋ-ਜਿਹਾ ਹੀ ਹੈ। ਫਿਰ ਇੰਨ੍ਹਾਂ ਦੋਵਾਂ ''''ਚ ਫਰਕ ਕੀ ਹੈ?

ਜੇਕਰ ਤੁਹਾਨੂੰ ਕੋਈ ਲੱਛਣ ਵਿਖਾਈ ਦੇ ਰਹੇ ਹਨ ਤਾਂ ਅਸੀਂ ਉਸ ਨੂੰ ਪੀਸੀਓਡੀ ਦਾ ਨਾਮ ਦਿੰਦੇ ਹਾਂ ਭਾਵ ਕਿ ਪੀਸੀਓਡੀ ਇੱਕ ਬਿਮਾਰੀ ਹੈ।

ਦੂਜੇ ਪਾਸੇ ਪੀਸੀਓਐਸ ਇੱਕ ਤਰ੍ਹਾਂ ਨਾਲ ਬਹੁਤ ਸਾਰੇ ਲੱਛਣਾਂ ਦਾ ਸੁਮੇਲ ਹੈ।

ਮਿਸਾਲ ਦੇ ਤੌਰ ''''ਤੇ ਤੁਹਾਨੂੰ ਪੀਰੀਅਡਜ਼ ਵੀ ਨਹੀਂ ਆ ਰਹੇ, ਤੁਸੀਂ ਬਾਂਝਪਨ ਦੀ ਸਮੱਸਿਆ ਨਾਲ ਵੀ ਜੂਝ ਰਹੇ ਹੋ, ਮੂੰਹ ''''ਤੇ ਮੁਹਾਸੇ ਵੀ ਹਨ, ਹੇਅਰ ਗ੍ਰੋਥ ਵੀ ਆਮ ਨਾਲੋਂ ਵੱਧ ਹੈ ਅਤੇ ਸ਼ੂਗਰ ਵੀ ਹੈ।

ਜਦੋਂ ਇਸ ਤਰ੍ਹਾਂ ਦੇ ਬਹੁਤ ਸਾਰੇ ਲੱਛਣ ਇੱਕਠੇ ਹੋ ਜਾਂਦੇ ਹਨ ਤਾਂ ਉਸ ਨੂੰ ਸਿੰਡਰੋਮ ਦਾ ਨਾਮ ਦੇ ਦਿੱਤਾ ਜਾਂਦਾ ਹੈ।

ਕਿਸੇ ਵੀ ਉਲਝਣ ''''ਚ ਪੈਣ ਦੀ ਲੋੜ ਨਹੀਂ ਹੈ, ਦੋਵਾਂ ਵਿੱਚ ਮੂਲ ਸਮੱਸਿਆ ਇੱਕ ਹੀ ਹੈ, ਜਿਸ ਨੂੰ ਹੱਲ ਕਰਨਾ ਜਰੂਰੀ ਹੈ।

ਪੀਸੀਓਡੀ ਬਾਰੇ ਕਿਵੇਂ ਪਤਾ ਲੱਗਦਾ ਹੈ?

ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਹਾਨੂੰ ਪੀਸੀਓਡੀ ਹੈ ਜਾਂ ਫਿਰ ਨਹੀਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ।

ਜੇਕਰ ਤੁਸੀਂ ਇੰਨ੍ਹਾਂ ਪ੍ਰਤੀ ਜਾਗਰੂਕ ਹੋਵੋਗੇ ਤਾਂ ਹੀ ਤੁਸੀਂ ਡਾਕਟਰੀ ਸਲਾਹ ਲੈ ਸਕਦੇ ਹੋ।

ਜਦੋਂ ਤੁਹਾਨੂੰ ਆਪਣੇ ਅੰਦਰ ਇਸ ਦੇ ਲੱਛਣ ਦਿਖਾਈ ਦੇਣ ਤਾਂ ਆਪਣੇ ਡਾਕਟਰ ਨੂੰ ਇਸ ਬਾਰੇ ਦੱਸੋ ।

ਕਿਹੜੇ ਟੈਸਟ ਕੀਤੇ ਜਾਂਦੇ ਹਨ ?

ਡਾਕਟਰ ਸਭ ਤੋਂ ਪਹਿਲਾਂ ਤੁਹਾਡੇ ਕੁਝ ਖੂਨ ਅਤੇ ਹਾਰਮੋਨਜ਼ ਦੇ ਕੁਝ ਟੈਸਟ ਕਰਵਾਏਗਾ।

ਇਸ ਦੇ ਨਾਲ ਹੀ ਅਲਟਰਾਸਾਊਂਡ ਵੀ ਕੀਤਾ ਜਾਂਦਾ ਹੈ।

ਇੰਨ੍ਹਾਂ ਟੈਸਟਾਂ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲਗਾਇਆ ਜਾਂਦਾ ਹੈ ਕਿ ਪੀਸੀਓਡੀ ਦੀ ਸਮੱਸਿਆ ਹੈ ਜਾਂ ਫਿਰ ਨਹੀਂ। ਇੱਕ ਵਾਰ ਪੀਸੀਓਡੀ ਦੀ ਪੁਸ਼ਟੀ ਹੁੰਦਿਆਂ ਹੀ ਤੁਰੰਤ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ।

BBC

ਪੀਸੀਓਡੀ ਦਾ ਇਲਾਜ ਕੀ ਹੈ ?

ਪੀਸੀਓਡੀ ਦਾ ਮੁੱਖ ਇਲਾਜ ਤੁਹਾਡੇ ਰਹਿਣ-ਸਹਿਣ ਨਾਲ ਜੁੜਿਆ ਹੁੰਦਾ ਹੈ।

ਪਹਿਲੇ ਪੜਾਅ ਵਿੱਚ ਮਰੀਜ਼ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ ਕਿਉਂਕਿ ਆਮ ਤੌਰ ''''ਤੇ ਇਸ ਸਮੱਸਿਆ ਨਾਲ ਜੂਝ ਰਹੀਆਂ ਕੁੜੀਆਂ ਤਣਾਅ ਅਤੇ ਉਦਾਸੀਨਤਾ ਵੱਲ ਵਧਣ ਲੱਗਦੀਆਂ ਹਨ।

ਇਸ ਲਈ ਅਜਿਹੀਆਂ ਮਰੀਜ਼ ਕਿਸੇ ਵੀ ਕਦਮ ਨੂੰ ਜਲਦੀ ਨਹੀਂ ਅਪਣਾਉਂਦੀਆਂ ਹਨ। ਕਾਉਂਸਲਿੰਗ ਕਰਕੇ ਮਰੀਜ਼ ਨੂੰ ਦੱਸਿਆ ਜਾਂਦਾ ਹੈ ਕਿ ਇਸ ਦਾ ਇਲਾਜ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ।

ਉਨ੍ਹਾਂ ਨੂੰ ਡਾਈਟ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਜਾਂਦਾ ਹੈ। ਬਾਹਰ ਦਾ ਖਾਣਾ ਜਾਂ ਜੰਕ ਫੂਡ ਨਾ ਖਾਧਾ ਜਾਵੇ ਅਤੇ ਜੇਕਰ ਖਾਣਾ ਵੀ ਪਏ ਤਾਂ ਹਫ਼ਤੇ-ਦਸ ਦਿਨ ''''ਚ ਸਿਰਫ ਇੱਕ ਵਾਰ ਹੀ ਖਾਧਾ ਜਾਵੇ।

ਘਰ ਦੇ ਖਾਣੇ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਬਾਹਰ ਦੀਆਂ ਰਿਫਾਇੰਡ ਸ਼ੂਗਰ ਜਿਵੇਂ ਕੇਕ, ਪੇਸਟਰੀ, ਬਿਸਕੁਟ ਜਾਂ ਇਸ ਤਰ੍ਹਾਂ ਦੇ ਕਿਸੇ ਵੀ ਬਾਹਰ ਦੇ ਖਾਣੇ ਨੂੰ ਪਰਹੇਜ਼ ਕੀਤਾ ਜਾਵੇ।

ਇਸ ਦੇ ਨਾਲ ਹੀ ਸ਼ੂਗਰ ਦੇ ਪੱਧਰ ਨੂੰ ਵੀ ਘਟਾਉਣ ਦਾ ਯਤਨ ਕੀਤਾ ਜਾਵੇ। ਸਰੀਰਕ ਕਸਰਤ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਸਰੀਰਕ ਕਸਰਤ ਵਿੱਚ ਤੁਸੀਂ ਆਪਣੀ ਸਹੂਲਤ ਅਨੁਸਾਰ ਯੋਗਾ, ਡਾਂਸ, ਜਿੰਮ, ਏਰੋਬਿਕਸ ਆਦਿ ਕਿਸੇ ਵੀ ਤਰ੍ਹਾਂ ਨਾਲ ਆਪਣੇ ਭਾਰ ਨੂੰ ਘਟਾ ਸਕਦੇ ਹੋ।

ਕੀ ਪੀਸੀਓਡੀ ਮੋਟੇ ਲੋਕਾਂ ਨੂੰ ਹੀ ਹੁੰਦੀ ਹੈ?

ਨਹੀਂ, ਕਈ ਵਾਰ ਵੇਖਿਆ ਗਿਆ ਹੈ ਕਿ ਪਤਲੀਆਂ ਕੁੜੀਆਂ ਨੂੰ ਵੀ ਪੀਸੀਓਡੀ ਦੀ ਸਮੱਸਿਆ ਹੁੰਦੀ ਹੈ।

ਅਜਿਹੇ ਕੇਸ ''''ਚ ਅਸੀਂ ਉਸ ਮਰੀਜ਼ ਦਾ ਭਾਰ ਤਾਂ ਨਹੀਂ ਘਟਾਉਣਾ ਚਾਹੁੰਦੇ ਹਾਂ ਪਰ ਅਸੀਂ ਉਸ ਨੂੰ ਸਰੀਰਕ ਗਤੀਵਿਧੀਆਂ ਵਧਾਉਣ ਅਤੇ ਡਾਈਟ ਠੀਕ ਰੱਖਣ ਦੀ ਸਲਾਹ ਜਰੂਰ ਦਿੰਦੇ ਹਾਂ।

ਅਜਿਹਾ ਕਰਨ ਨਾਲ ਕਾਫੀ ਹੱਦ ਤੱਕ ਪੀਸੀਓਡੀ ਤੋਂ ਨਿਜਾਤ ਪਾਈ ਜਾ ਸਕਦੀ ਹੈ।

ਪੀਸੀਓਡੀ ਦੇ ਇਲਾਜ ''''ਚ ਸਰੀਰਕ ਗਤੀਵਿਧੀਆਂ ਅਤੇ ਚੰਗੀ ਡਾਈਟ 70% ਅਸਰ ਪਾਉਂਦੀਆਂ ਹਨ ਅਤੇ ਇਸ ਤੋਂ ਇਲਾਵਾ ਹੋਰ ਦਵਾਈਆਂ ਵੀ ਹਨ, ਜਿੰਨ੍ਹਾਂ ਰਾਹੀਂ ਪੀਸੀਓਡੀ ਨੂੰ ਦੂਰ ਕੀਤਾ ਜਾ ਸਕਦਾ ਹੈ।

ਪਰ ਦਵਾਈਆਂ ਵੀ ਉਦੋਂ ਅਸਰ ਵਿਖਾਉਂਦੀਆਂ ਹਨ ਜਦੋਂ ਤੁਸੀਂ ਆਪਣੇ ਰਹਿਣ-ਸਹਿਣ ਨੂੰ ਬਦਲਦੇ ਹੋ।

BBC

ਕਿਸ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਹੁੰਦੀ ਹੈ?

ਪੀਸੀਓਡੀ ਦੇ ਇਲਾਜ ਲਈ ਦੋ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ''''ਚ ਹਾਰਮੋਨਜ਼ ਅਤੇ ਬਿਨ੍ਹਾਂ ਹਾਰਮੋਨਜ਼ ਵਾਲੀਆਂ ਦਵਾਈਆਂ ਹੁੰਦੀਆਂ ਹਨ।

ਤੁਹਾਨੂੰ ਕਿਹੜੀ ਦਵਾਈ ਦੇਣੀ ਹੈ ਇਸ ਦਾ ਫੈਸਲਾ ਤੁਹਾਡੇ ਲੱਛਣ ਵੇਖ ਕੇ ਜਾਂ ਬਲੱਡ ਟੈਸਟ ਵੇਖ ਕੇ ਕੀਤਾ ਜਾਂਦਾ ਹੈ।

ਇਹ ਦਵਾਈਆਂ ਸੁਰੱਖਿਅਤ ਹਨ। ਇੰਨ੍ਹਾਂ ਦਾ ਕੋਈ ਜ਼ਿਆਦਾ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ।

ਡਾ. ਗਰਗ ਨੇ ਦੱਸਿਆ ਕਿ ਕਈ ਮਰੀਜ਼ ਦਾਵਈਆਂ ਖਾਣ ਤੋਂ ਇਨਕਾਰ ਕਰਦੇ ਹਨ ਅਤੇ ਹੋਮਿਓਪੈਥੀ ਅਤੇ ਆਯੁਰਵੈਦਿਕ ਦਵਾਈਆਂ ਨੂੰ ਖਾਣ ਬਾਰੇ ਪੁੱਛਦੇ ਹਨ।

ਅਸੀਂ ਸਲਾਹ ਦਿੰਦੇ ਹਾਂ ਕਿ ਪੀਸੀਓਡੀ ਦੀ ਸਮੱਸਿਆ ਸਾਡੇ ਰਹਿਣ-ਸਹਿਣ ਕਰਕੇ ਸ਼ੂਰੂ ਹੁੰਦੀ ਹੈ ਅਤੇ ਇਸ ਦੇ ਇਲਾਜ ''''ਚ ਹੋਮਿਓਪੈਥੀ ਅਤੇ ਆਯੁਰਵੈਦਿਕ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ, ਪਰ ਇਹ ਉਦੋਂ ਹੀ ਆਪਣਾ ਅਸਰ ਵਿਖਾਉਣਗੇ ਜਦੋਂ ਤੁਸੀਂ ਆਪ ਪੂਰੀ ਤਰ੍ਹਾਂ ਸਰੀਰਕ ਅਤੇ ਮਾਨਸਿਕ ਤੌਰ ''''ਤੇ ਐਕਟਿਵ ਹੋਵੋਗੇ।

ਕੀ ਪੀਸੀਓਡੀ ਤੋਂ ਬਚਾਅ ਸੰਭਵ ਹੈ ?

ਪੀਸੀਓਡੀ ਤੋਂ ਜਰੂਰ ਬਚਿਆ ਜਾ ਸਕਦਾ ਹੈ।

ਜਦੋਂ ਪੀਰੀਅਡਜ਼ ਸ਼ੁਰੂ ਹੋਣ ਦਾ ਸਮਾਂ ਹੁੰਦਾ ਹੈ ਉਸ ਸਮੇਂ ਸਰੀਰ ''''ਚ ਹਾਰਮੋਨਜ਼ ਸਭ ਤੋਂ ਵੱਧ ਬਦਲਦੇ ਹਨ।

ਜੇਕਰ ਉਸ ਸਮੇਂ, ਮਤਲਬ 12-13 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਜਿੰਨ੍ਹਾਂ ਨੂੰ ਹੁਣੇ ਪੀਰੀਅਡਜ਼ ਸ਼ੁਰੂ ਹੋਏ ਹਨ, ਦੀਆਂ ਸਰੀਰਕ ਗਤੀਵਿਧੀਆਂ ਅਤੇ ਡਾਈਟ ਪ੍ਰਤੀ ਅਸੀਂ ਸੁਚੇਤ ਰਹਾਂਗੇ ਤਾਂ ਅਸੀਂ ਪੀਸੀਓਡੀ ਨੂੰ ਸ਼ੁਰੂ ''''ਚ ਹੀ ਰੋਕ ਸਕਦੇ ਹਾਂ।

ਕੀ ਪੀਸੀਓਡੀ ਦੁਬਾਰਾ ਹੋ ਸਕਦੀ ਹੈ ?

ਜੇਕਰ ਇੱਕ ਵਾਰ ਇਲਾਜ ਤੋਂ ਬਾਅਦ ਪੀਸੀਓਡੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਤਾਂ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਕਿ ਇਹ ਮੁੜ ਵੀ ਹੋ ਸਕਦੀ ਹੈ।

ਜਿਵੇਂ ਹੀ ਤੁਸੀਂ ਆਪਣੇ ਰਹਿਣ- ਸਹਿਣ ਨੂੰ ਖਰਾਬ ਕਰੋਗੇ ਜਾਂ ਖਾਧ-ਖੁਰਾਕ ਵੱਲ ਧਿਆਨ ਨਹੀਂ ਦੇਵੋਗੇ ਤਾਂ ਮੋਟਾਪਾ ਦੁਬਾਰਾ ਵਧੇਗਾ ਅਤੇ ਪੀਸੀਓਡੀ ਦੀ ਸਮੱਸਿਆ ਵੀ ਮੁੜ ਤੋਂ ਆ ਜਾਵੇਗੀ।

ਇਸ ਲਈ ਜੇਕਰ ਤੁਸੀਂ ਇੱਕ ਵਾਰ ਪੀਸੀਓਡੀ ਤੋਂ ਠੀਕ ਹੋ ਚੁੱਕੇ ਹੋ ਤਾਂ ਤੁਹਾਨੂੰ ਆਪਣੇ ਲਾਈਫ ਸਟਾਈਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਭਵਿੱਖ ''''ਚ ਮੁੜ ਪੀਸੀਓਡੀ ਨਾ ਹੋਵੇ।


ਹੈਲਥ ਸੀਰੀਜ਼ ਦੀਆਂ ਬਾਕੀ ਕਹਾਣੀਆਂ ਪੜ੍ਹੋ


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)