ਦੁਨੀਆਂ ਦੀਆਂ ਸ਼ਖਸੀਅਤਾਂ ਵਿੱਚੋਂ ਮਰਲਿਨ ਮੁਨਰੋ ਬਾਰੇ ਸਭ ਤੋਂ ਵੱਧ ਗਲਤ ਧਾਰਨਾਵਾਂ ਕਿਉਂ ਹਨ

10/02/2022 6:54:57 PM

ਮਰਲਿਨ ਮੁਨਰੋ ਬਾਰੇ ਸੋਚਦਿਆਂ, ਮਨ ਵਿੱਚ ਤੁਰੰਤ ਕੁਝ ਤਸਵੀਰਾਂ ਆਉਣ ਲਗਦੀਆਂ ਹਨ। ਥੋੜ੍ਹੇ ਖੁੱਲ੍ਹੇ ਹੋਏ ਸੁਰਖ਼ ਬੁੱਲ੍ਹ, ਉਨੀਂਦਰੀਆਂ-ਨਸ਼ੀਲੀਆਂ ਅੱਖਾਂ, ਪਲੈਟੀਨਮ ਬਲੌਂਡ ਰੰਗ ਦੇ ਵਾਲ ਤੇ ਸਾਹਾਂ ਦੀ ਧੁਨੀ ਵਾਲੀ ਅਵਾਜ਼, ਜਿਵੇਂ ਉਹ ਹੁਣੇ ਹੀ ਜਾਗੀ ਹੋਵੇ ਅਤੇ ਤੁਹਾਨੂੰ ਆਪਣੇ ਬਿਸਤਰ ਵਿੱਚ ਲਿਆਉਣ ਲਈ ਬੇਤਾਬ ਹੋਵੇ।

ਉਸ ਦਾ ਦੋਸਤ ਅਤੇ ਲੇਖਕ ਟਰੂਮਨ ਕੈਪੋਟੇ ਉਸ ਦੀ ਵਿਆਖਿਆ ''''ਪਲੈਟੀਨਮ ਸੈਕਸ-ਐਕਸਪਲੋਜ਼ਨ'''' ਵਜੋਂ ਕਰਦਾ ਹੈ।

ਫ਼ਿਲਮਕਾਰ ਲਿਓਨ ਸ਼ੈਮਰੌਏ, ਜਿਸ ਨੇ ਸਾਲ 1946 ਵਿੱਚ ਉਸਦਾ ਪਹਿਲਾ ਸਕਰੀਨ ਟੈਸਟ ਫਿਲਮਾਇਆ ਸੀ, ਕਹਿੰਦੇ ਹਨ ਕਿ ਉਹ ਫ਼ਿਲਮ ਵਿੱਚ ਕਾਮੁਕਤਾ ਦੀ ਪ੍ਰਤੀਕ ਵਰਗੀ ਸੀ।

ਮੈਰੀਲਿਨ ਸੈਕਸ ਦੀ ਤਸਵੀਰ ਵੀ ਉਜਾਗਰ ਕਰਦੀ ਹੈ ਅਤੇ ਕਿਸੇ ਦੁਖਾਂਤ ਦੀ ਵੀ। ਅਜਿਹਾ ਹੋਇਆ ਫ਼ਿਲਮ ਸਟਾਰ ਬਣਨ ਤੋਂ ਬਾਅਦ ਉਸ ਦੀ ਮੁਸ਼ਕਿਲਾਂ ਭਰੀ ਨਿੱਜੀ ਜ਼ਿੰਦਗੀ ਨੂੰ ਉਭਾਰੇ ਜਾਣ ਕਾਰਨ।

ਨਾਵਲ ਉੱਪਰ ਅਧਾਰਿਤ ਪਹਿਲੀ ਫ਼ਿਲਮ ਨਹੀਂ

ਸਾਲ 1962 ਵਿੱਚ ਨੀਂਦ ਦੀਆਂ ਗੋਲੀਆਂ ਦੇ ਲੋੜ ਤੋਂ ਵੱਧ ਸੇਵਨ ਨਾਲ ਉਸ ਦੀ ਮੌਤ ਹੁੰਦੀ ਹੈ। ਜਿਨ੍ਹਾਂ ਕਾਰਨਾਂ ਨੇ ਮਰਲਿਨ ਮੁਨਰੋ ਨੂੰ ਇੱਕ ਹਸਤੀ ਬਣਾਇਆ, ਉਹੀ ਕਾਰਨ ਉਸ ਨਾਲ ਵਾਰ-ਵਾਰ ਹੋਏ ਗੈਰ-ਮਨੁੱਖੀ ਵਤੀਰੇ ਲਈ ਜ਼ਿੰਮੇਵਾਰ ਰਹੇ।

ਹਾਲ ਹੀ ਵਿੱਚ, ਐਂਡਰਿਊ ਡੌਮੀਨਿਕ ਵੱਲੋਂ ਜੋਏਸ ਕੈਰੋਲ ਓਟਸ ਦੇ ਸਾਲ 2000 ਵਿੱਚ ਆਏ ਨਾਵਲ ਬਲੌਂਡ ''''ਤੇ ਆਧਾਰਿਤ ਉਸ ਦੀ ਜੀਵਨੀ ''''ਤੇ ਬਣਾਈ ਫ਼ਿਲਮ ਨੇ ਉਸ ਦੀ ਵਿਰਾਸਤ ਦਾ ਕੱਦ ਫਿਰ ਛੋਟਾ ਦਿਖਾ ਦਿੱਤਾ ਹੈ।

ਓਟਸ ਦੀ ਇਹ ਪੁਲਿਟਜ਼ਰ ਐਵਾਰਡ ਨਾਲ ਸਨਮਾਨਿਤ ਕਿਤਾਬ ਮੈਰੀਲਿਨ ਦੀ ਜ਼ਿੰਦਗੀ ''''ਤੇ ਲਿਖੀ ਕਾਲਪਨਿਕ ਕਿਤਾਬ ਹੈ।

ਇਹ ਕਿਤਾਬ ਇੱਕ ਅਜਿਹੀ ਔਰਤ ਦੇ ਨਜ਼ਰੀਏ ਦਾ ਬਿਰਤਾਂਤ ਹੈ ਜੋ ਗਹਿਰੇ ਸਦਮੇ ਨਾਲ ਭਰੀ ਹੈ, ਇਕਲਾਪੇ ਵਿੱਚ ਰਹਿੰਦੀ, ਫ਼ਿਲਮਾਂ ਅਤੇ ਪਿਆਰ ਦੇ ਵਿਚਾਰ ਨਾਲ ਮੋਹ ਰੱਖਦੀ ਹੈ ਪਰ ''''Daddy issues'''' ਯਾਨੀ ਇੱਕ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਨਾਲ ਜਕੜੀ ਹੋਈ ਹੈ ਜੋ ਕਿ ਉਸ ਦੇ ਹਰ ਰਿਸ਼ਤੇ ਨੂੰ ਪ੍ਰਭਾਵਿਤ ਕਰਦੀਆਂ ਹਨ।

ਬਲੌਂਡ ਨਾਵਲ ''''ਤੇ ਅਧਾਰਿਤ ਇਹ ਕੋਈ ਪਹਿਲੀ ਫ਼ਿਲਮ ਨਹੀਂ ਹੈ। ਪਹਿਲੀ 2001 ਵਿੱਚ ਆਈ ਟੀਵੀ ਫਿਲਮ ਸੀ ਜਿਸ ਨੂੰ ਜੋਏਸ ਚੋਪੜਾ ਨੇ ਬਣਾਇਆ ਅਤੇ ਪੌਪੀ ਮੌੰਟਗੋਮਰੀ ਨੇ ਅਦਾਕਾਰੀ ਕੀਤੀ ਸੀ।

ਉਸ ਫ਼ਿਲਮ ਵਿੱਚ ਮਰਲਿਨ ਮੁਨਰੋ ਦੀ ਜ਼ਿੰਦਗੀ ਵਿੱਚ ਹੋਈ ਕਰੂਰਤਾ ਦਿਖਾਈ ਗਈ ਸੀ ਡੌਮੀਨਿਕ ਦੀ ਫ਼ਿਲਮ ਦੀ ਤਰ੍ਹਾਂ ਕੁਝ ਦ੍ਰਿਸ਼ ਦਿਖਾਏ ਬਿਨ੍ਹਾਂ।

ਹਰ ਕਿਰਦਾਰ ਦਾ ਸਿੱਧਾ ਕੈਮਰੇ ਨਾਲ ਗੱਲ ਕਰਨਾ, ਹਰ ਦ੍ਰਿਸ਼ ਨਾਲ ਉਨ੍ਹਾਂ ਦੇ ਨਜ਼ਰੀਏ ਨੂੰ ਬਿਆਨ ਕੀਤੇ ਜਾਣਾ ਇਸ ਨੂੰ ਸ਼ੋਸ਼ਣ ਵਜੋਂ ਘੱਟ ਅਤੇ ਮਨੋਵਿਸ਼ਲੇਸ਼ਣ ਵਜੋਂ ਵਧੇਰੇ ਪੇਸ਼ ਕਰਦਾ ਹੈ।

ਮਰਲਿਨ ਮੁਨਰੋ ਅਤੇ ਉਸ ਦੇ ਕਰੀਬੀ ਮਰਦ ਆਪਣੀ ਰਾਏ ਰੱਖ ਸਕਦੇ ਸੀ। ਮੌੰਟਗੋਮਰੀ ਵੱਲੋਂ ਮਰਲਿਨ ਮੁਨਰੋ ਦਾ ਨਿਭਾਇਆ ਕਿਰਦਾਰ ਉਸ ਨੂੰ ਇੱਕ ਬਹੁਤ ਹੀ ਸ਼ੁਕਰਗੁਜ਼ਾਰ ਤੇ ਸਿੱਧੀ-ਸਾਦੀ ਔਰਤ ਵਜੋਂ ਦਿਖਾਉਂਦਾ ਹੈ ਜੋ ਉਸ ਨੂੰ ਨੀਵਾਂ ਦਿਖਾਉਣ ਵਾਲੇ ਅਤੇ ਨਕਾਰਨ ਵਾਲੇ ਆਦਮੀਆਂ ਨਾਲ ਵੀ ਤਮੀਜ਼ ਵਿੱਚ ਪੇਸ਼ ਹੁੰਦੀ ਹੈ।

"ਮਿੱਠੀਆਂ ਗੱਲਾਂ ਨੂੰ ਰਹਿਣ ਦਿੰਦੇ ਹਾਂ, ਤੂੰ ਇੰਨੀ ਬੇਫਕੂਫ ਨਹੀਂ ਹੋ ਸਕਦੀ ਜਿੰਨੀ ਦਿਸਦੀ ਹੈਂ।"

ਮਿਸਟਰ ਆਰ. ਵਜੋਂ ਜਾਣੇ ਜਾਂਦੇ ਇੱਕ ਸਟੂਡੀਓ ਮੁਖੀ ਨੇ ਠੀਕ ਉਸ ਦਾ ਸਰੀਰਕ ਸ਼ੋਸ਼ਣ ਕਰਨ ਤੋਂ ਪਹਿਲਾਂ ਮਰਲਿਨ ਮੁਨਰੋ ਨੂੰ ਕਿਹਾ ਸੀ। ਹਾਲਾਂਕਿ, ਇਸ ਵਿੱਚ ਮਰਲਿਨ ਮੁਨਰੋ ਦਾ ਆਪਣੀ ਕਾਮਯਾਬੀ ਮਾਨਣ ਵਾਲਾ ਪਹਿਲੂ ਵੀ ਹੈ ਅਤੇ ਇਹ ਫ਼ਿਲਮ ਉਸ ਦੇ ਦੁਖਦਾਈ ਅੰਤ ਨੂੰ ਬਿਨ੍ਹਾਂ ਦਿਖਾਏ ਖਤਮ ਹੋ ਜਾਂਦੀ ਹੈ।


  • ਫ਼ਿਲਮ ਵਿੱਚ ਮਰਲਿਨ ਮੁਨਰੋ ਵਿਰਾਸਤ ਦਾ ਕੱਦ ਫਿਰ ਛੋਟਾ ਦਿਖਾਇਆ ਗਿਆ ਹੈ
  • ਅਦਾਕਾਰ ਬਣਨ ਤੋਂ ਪਹਿਲਾ ਮਰਲਿਨ ਮੁਨਰੋ ਨੇ ਮਾਡਲ ਵੱਜੋਂ ਸ਼ੁਰੂਆਤ ਕੀਤੀ ਸੀ
  • ''''ਆਲ ਅਬਾਊਟ ਈਵ'''' ਤੇ ''''ਅਸਫਾਲਟ ਜੰਗਲ'''' ਜਿਹੀਆਂ ਬਿਹਤਰੀਨ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ
  • ਬਲੌਂਡ ਨਾਵਲ ''''ਤੇ ਅਧਾਰਿਤ ਇਹ ਕੋਈ ਪਹਿਲੀ ਫ਼ਿਲਮ ਨਹੀਂ ਹੈ
  • ਕੁਝ ਮਾਹਰ ਇਸ ਫ਼ਿਲਮ ਨੂੰ ਤਸ਼ਦੱਦ ਭਰਿਆ ਪੌਰਨ ਆਖ ਰਹੇ ਹਨ

ਤਸ਼ਦੱਦ ਭਰਿਆ ਪੌਰਨ?

ਡੌਮੀਨਿਕ, ਮਰਲਿਨ ਮੁਨਰੋ ਦੀ ਕਹਾਣੀ ਨੂੰ ਇੱਕ ਸਰੀਰਕ ਖੌਫ ਦੀ ਕਹਾਣੀ ਵਿੱਚ ਬਦਲ ਦਿੰਦਾ ਹੈ। ਲੰਡਨ ਦੀ ਕੁਈਨ ਮੈਰੀ ਯੁਨੀਵਰਸਿਟੀ ਵਿੱਚ ਫ਼ਿਲਮ ਸਟਡੀਜ਼ ਪੜ੍ਹਨ ਵਾਲੀ ਡਾ.ਲੂਸੀ ਬੋਲਟਨ ਕਹਿੰਦੇ ਹਨ, "ਮਰਲਿਨ ਮੁਨਰੋ ਨੂੰ ਅਕਸਰ ਫ਼ਿਲਮ ਅੰਦਰ ਵੱਖ-ਵੱਖ ਹਿੱਸਿਆਂ ਤੋਂ ਦਿਖਾਇਆ ਜਾਂਦਾ ਸੀ।

ਉਸ ਦੀਆਂ ਛਾਤੀਆਂ, ਪੱਟਾਂ, ਮੂੰਹ ''''ਤੇ ਕੇਂਦਰਿਤ ਫਿਲਮਾਏ ਦ੍ਰਿਸ਼ਾਂ ਨਾਲ। ਇਹ ਕਿਸੇ ਨੂੰ ਵਸਤੂ ਵਾਂਗ ਪੇਸ਼ ਕੀਤੇ ਜਾਣਾ ਹੈ, ਕਿਸੇ ਨੂੰ ਕਾਮ ਦੀ ਵਸਤੂ ਬਣਾਏ ਜਾਣਾ ਹੈ, ਕਿਸੇ ਨੂੰ ਆਪਣੀ ਮਲਕੀਅਤ ਦੱਸਣਾ ਹੈ।"

ਇਹ ਪੂਰੀ ਤਰ੍ਹਾਂ ਬੁੱਧੀਜੀਵੀ ਲੌਰਾ ਮੁਲਵੇ ਦੀ ''''ਮੇਲ ਗੇਜ਼(Male Gaze)'''' ਥਿਊਰੀ ਵਾਲੀ ਸਮੱਗਰੀ ਹੈ।

ਯਹਾਰਾ ਜ਼ੈਯਦ ਆਪਣੇ ਇੱਕ ਵੀਡੀਓ ਲੇਖ ''''ਮਰਲਿਨ ਦੀ ਵਿਕਰੀ- ਵਪਾਰ ਦੀ ਵਸਤੂ ਬਣਾਈ ਗਈ ਜ਼ਿੰਦਗੀ, ਮਰਨ ਤੋਂ ਬਾਅਦ ਮਰਲਿਨ ਦੇ ਅਕਸ ਦਾ ਵਪਾਰਕ ਸ਼ੋਸ਼ਣ'''' ਵਿੱਚ ਕਹਿੰਦੇ ਹਨ, "ਜ਼ਿੰਦਗੀ ਭਰ ਅਤੇ ਉਸ ਤੋਂ ਬਾਅਦ ਵੀ ਮਰਲਿਨ ਦੀ ਸਰੀਰ ਨੂੰ ਇੱਕ ਭੋਗਣ ਦੀ ਵਸਤੂ ਦੇ ਸੁਫ਼ਨੇ ਵਾਂਗ ਵੇਚਿਆ ਗਿਆ।"

ਫ਼ਿਲਮ ''''ਬਲੌਂਡ'''' ਵਿੱਚ ਡੌਮੀਨਿਕ, ਮਰਲਿਨ ਦੇ ਸਰੀਰ ਦੀ ਡਾਕਟਰੀ ਜਾਂਚ ਦਿਖਾਉਣ ਤੱਕ ਲੈ ਜਾਂਦਾ ਹੈ।

ਉਸ ਨੂੰ ਸਿਰਫ਼ ਇੱਕ ਵਸਤੂ ਵਜੋਂ ਹੀ ਪੇਸ਼ ਨਹੀਂ ਕੀਤਾ ਗਿਆ, ਬਲਕਿ ਉਸ ਦੀ ਜਾਂਚ ਕੀਤੀ ਜਾਂਦੀ ਹੈ, ਰੇਪ ਕੀਤਾ ਜਾਂਦਾ ਹੈ, ਦੋ ਵਾਰ ਜ਼ਬਰਦਸਤੀ ਗਰਭਪਾਤ ਅਤੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਿਖਾਇਆ ਜਾਂਦਾ ਹੈ।

''''ਬਲੌਂਡ'''' ਮਰਲਿਨ ਮੁਨਰੋ ਨੂੰ ਤਬਾਹ ਕਰਦੀ ਹੈ, ਉਸ ਦੀ ਕਾਬਲੀਅਤ ਅਤੇ ਆਪਣੇ ਕੰਮ ਪ੍ਰਤੀ ਜਜ਼ਬੇ ਜਾਂ ਮਾਣ ਨੂੰ ਨਾ ਦਿਖਾ ਕੇ ਉਸ ਦਾ ਅਕਸ ਵਿਗਾੜਦੀ ਹੈ।

ਤਕਰੀਬਨ ਹਰ ਦਿਖਾਇਆ ਗਿਆ ਪਲ ਦੁੱਖਦਾਇਕ ਹੈ ਅਤੇ ਫ਼ਿਲਮ ਵਿੱਚ ਮਰਲਿਨ ਮੁਨਰੋ ਦਾ ਕਿਰਦਾਰ ਨਿਭਾਉਣ ਵਾਲੀ ਐਨਾ ਡੇ ਆਰਮਾਜ਼ ਪੂਰੀ ਪੌਣੇ ਤਿੰਨ ਘੰਟੇ ਦੀ ਫ਼ਿਲਮ ਦੌਰਾਨ ਲਗਾਤਾਰ ਰੋਂਦੀ ਰਹੀ।

ਇਹ ਹਾਲੀਵੁੱਡ ਦੀ ਹਲਕੀ ਛੂਹ ਨਾਲ ਬਣਾਇਆ ਤਸ਼ਦੱਦ ਭਰਿਆ ਪੌਰਨ ਹੈ।

ਉਹੀ ਪੁਰਾਣੀ ਕਹਾਣੀ

ਮਰਲਿਨ ਮੁਨਰੋ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਮਿਆਂ ਵਿੱਚ ਇੱਕ ਇੰਟਰਵਿਊਰ ਨੂੰ ਕਿਹਾ ਸੀ, "ਕ੍ਰਿਪਾ ਕਰਕੇ ਮੇਰਾ ਮਜ਼ਾਕ ਨਾ ਬਣਾਓ।"

ਪਰ ਉਸ ਨੂੰ ਬਰਬਾਦ ਹੋ ਚੁੱਕੀ ਔਰਤ ਵਜੋਂ ਪੇਸ਼ ਕਰਨ ਵਾਲਾ ਹਾਲੀਵੁੱਡ ਦਾ ਭੱਦਾ ਮਜ਼ਾਕ ਲਗਾਤਾਰ ਚਲਦਾ ਰਿਹਾ ਹੈ।

ਉਸ ਦੀ ਵਿਰਾਸਤ ਨੂੰ ਮਹਿਜ਼ ਕੁਝ ਗੁੰਝਲਦਾਰ ਇਸ਼ਕ ਪੇਚਿਆਂ, ਮਾਨਸਿਕ ਪਰੇਸ਼ਾਨੀਆਂ ਅਤੇ ਨਸ਼ੇੜੀ ਹੋਣ ਤੱਕ ਸੀਮਤ ਕੀਤਾ ਗਿਆ ਹੈ।

ਟੀਵੀ ਅਤੇ ਵੱਡੇ ਪਰਦੇ ''''ਤੇ ਉਸ ਦੀ ਜ਼ਿੰਦਗੀ ਬਾਰੇ ਬਣੀਆਂ ਫ਼ਿਲਮਾਂ ਵਿੱਚ ਕਈ ਵਾਰ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਹੋਈ ਹੈ ਪਰ ਹਰ ਵਾਰ ਉਹੀ ਬਿਰਤਾਂਤ-ਪੀੜਤ, ਦੁਖਿਆਰੀ ਹਸੀਨਾ।

ਕੀ ਵਾਕਈ ਮਰਲਿਨ ਬਾਰੇ ਕਹਿਣ ਲਈ ਜਾਂ ਉਸ ਦੀ ਸਿਨੇਮਾ ਲਈ ਵਿਰਾਸਤ ਬਾਰੇ ਕਹਿਣ ਨੂੰ ਹੋਰ ਕੁਝ ਵੀ ਨਹੀਂ ਹੈ ?

ਬੋਲਟਨ ਕਹਿੰਦੇ ਹਨ ਕਿ ਸਾਡੇ ਮਰਲਿਨ ਮੁਨਰੋ, ਪ੍ਰਤੀ ਕਦੇ ਨਾ ਮੁੱਕਣ ਵਾਲੀ ਚਾਹਤ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਕਹਾਣੀ ਵਿੱਚ ਸਹਿਜੇ ਹੀ ਢਾਲ ਸਕਣ ''''ਤੇ ਟਿਕੀ ਹੈ।

"ਉਹ ਜ਼ਿੰਦਗੀ ਭਰ ਵੱਖੋ-ਵੱਖਰੇ ਬਿਰਤਾਂਤ ਦਰਸਾਉਂਦੀ ਹੈ- ਪੀੜਤ ਵਾਲਾ, ਇਸਤਰੀ ਰੂਪ ਦੀ ਮਿਸਾਲ, ਕਾਮੁਕ ਆਕਰਸ਼ਨ ਅਤੇ ਦਿਲਕਸ਼। ਉਹ ਕਾਮੁਕ ਸਰੀਰਕ ਦਿੱਖ ਵਾਲੀ ਮਾਡਲ ਹੈ, ਇੱਕ ਅਦਾਕਾਰਾ ਤੇ ਇੱਕ ਹਾਸ-ਰਸ ਕਲਾਕਾਰ ਵੀ। ਲੋਕ ਉਸ ਨੂੰ ਡਰਾਮਾ ਅਦਾਕਾਰ ਵਜੋਂ ਖੁਦ ਨੂੰ ਗੰਭੀਰਤਾ ਨਾਲ ਲਏ ਜਾਣ ਨਾਲ ਸੰਘਰਸ਼ ਕਰਦੀ ਵੇਖਦੇ ਹਨ।"

ਉਸ ਨੂੰ ਇੱਕ ਸੋਹਣੀ ਪਰ ਬਦ-ਦਿਮਾਗ ਔਰਤ ਵਜੋਂ ਦਿਖਾਇਆ ਜਾਂਦਾ ਰਿਹਾ ਹੈ, ਕਦੇ ਇੱਕ ਕਠਪੁਤਲੀ ਵਜੋਂ, ਕਦੇ ਚੋਟੀ ਦੀ ਐਕਟਰੈਸ ਅਤੇ ਕਦੇ ਉਸ ਦਾ ਦੁਖਾਂਤ ਵਾਲਾ ਪਹਿਲੂ।

ਉਸ ਦੀ ਖਿੱਚ ਅਤੇ ਕਾਬਲੀਅਤ ਨੂੰ ਛੋਟਾ ਦਿਖਾਉਣ ਲਈ ਉਸ ਦੀਆਂ ਕਮੀਆਂ ਅਕਸਰ, ਉਸ ਦੀਆਂ ਪ੍ਰਾਪਤੀਆਂ ਦੇ ਨਾਲ ਹੀ ਗਿਣਵਾ ਦਿੱਤੀਆਂ ਜਾਂਦੀਆਂ ਹਨ।

ਮਰਲਿਨ ਮੁਨਰੋ ਬਾਰੇ ਅਜਿਹਾ ਰਹੱਸ ਵੀ ਹੈ, ਅਜਿਹਾ ਭੁਲੇਖਾ ਜੋ ਖੋਖਲੇ ਫ਼ਿਲਮਕਾਰ ਫ਼ਾਇਦੇ ਲਈ ਵਰਤ ਸਕਦੇ ਹਨ। ਬਹੁਤ ਫ਼ਿਲਮਾਂ ਵਿੱਚ ਉਸ ਦੀ ਜ਼ਿੰਦਗੀ ਨੂੰ ਨਾਟਕੀ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਵਧੇਰੇ ਤਵੱਜੋ, ਉਸ ਦੇ ਗਰੀਬ ਤੋਂ ਅਮੀਰ ਬਣਨ ਬਾਰੇ ਅਤੇ ਫਿਰ ਉਸ ਦੀ ਮੌਤ ਬਾਰੇ, ਸ਼ੂਟਿੰਗ ਸੈੱਟ ਉੱਤੇ ਉਸ ਦੀ ਮੁਸ਼ਕਲਾਂ ਭਰੀ ਸ਼ਖਸੀਅਤ ਅਤੇ ਆਦਮੀਆਂ ਨਾਲ ਉਸ ਦੀਆਂ ਸਮੱਸਿਆਵਾਂ ਬਾਰੇ।

ਉਸ ਦੇ ਜੋ ਡੀਮੈਗਿਓ ਤੇ ਆਰਥਰ ਮਿਲਰ ਨਾਲ ਵਿਆਹ ਤੋਂ ਕੈਨੇਡੀ ਭਰਾਵਾਂ ਜੌਹਨ ਤੇ ਬੌਬੀ ਨਾਲ ਉਸ ਦੇ ਅਫੇਅਰ।

ਉਸ ਦੀ ਜ਼ਿੰਦਗੀ ਦੇ ਦੁਖਾਂਤ ''''ਤੇ ਧਿਆਨ ਕੇਂਦਰਿਤ ਕਰਨ ਅਤੇ ਉਸ ਨਾਲ ਹੋਏ ਸ਼ੋਸ਼ਣ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਵਾਲੀਆਂ ਇਹ ਫ਼ਿਲਮਾਂ ਲਗਾਤਾਰ ਉਸ ਨੂੰ ਅਸਮਰਥ ਦਿਖਾ ਰਹੀਆਂ ਹਨ, ਉਸ ਦੀ ਮੌਤ ਦੇ ਦਹਾਕਿਆਂ ਬਾਅਦ ਵੀ।

ਉਸ ਨੂੰ ਇੱਕ ਪੀੜਤ ਬੱਚੀ ਵਜੋਂ ਦਿਖਾਇਆ ਜਾਂਦਾ ਹੈ, ਜੋ ਇੱਕ ਪੀੜਤ ਬਾਲਗ਼ ਬਣਦੀ ਹੈ ਅਤੇ ਫਿਰ ਇੱਕ ਪੀੜਤ ਦੀ ਤਰ੍ਹਾਂ ਉਸ ਦਾ ਮਰ ਜਾਣਾ ਉਸ ਨੂੰ ਸਮਰਥਾਹੀਣ ਦਰਸਾਉਂਦਾ ਹੈ।

ਬੋਲਟਨ ਕਹਿੰਦੇ ਹਨ, "ਜੇ ਅਸੀਂ ਸਿਰਫ਼ ਸ਼ੁਰੂਆਤ ਅਤੇ ਅੰਤ ਬਾਰੇ ਗੱਲ ਕਰਾਂਗੇ ਤਾਂ ਉਸ ਦੀਆਂ ਯੋਗਤਾਵਾਂ ਨੂੰ ਫਿੱਕਾ ਪਾ ਰਹੇ ਹੋਵਾਂਗੇ।"

ਚੜ੍ਹਤ ਅਤੇ ਵਿਰੋਧਾਭਾਸ ਵਾਲੀ ਜ਼ਿੰਦਗੀ

ਮਰਲਿਨ ਮੁਨਰੋ ਦੀ ਜ਼ਿੰਦਗੀ ਅਤਿ ਉਤਰਾਅ-ਚੜ੍ਹਾਅ ਵਾਲੀ ਰਹੀ ਹੈ। ਉਸ ਦਾ ਅਸਲ ਨਾਮ ਨੌਰਮਾ ਜੀਨ ਬੇਕਰ ਸੀ।

ਉਸ ਦੀ ਮਾਂ ਅਣ-ਵਿਆਹੀ ਅਤੇ ਮਾਨਸਿਕ ਪੱਖੋਂ ਬਿਮਾਰ ਔਰਤ ਸੀ, ਜੋ ਉਸਦੀ ਦੇਖ ਭਾਲ ਕਰਨ ਵਿੱਚ ਅਸਮਰਥ ਸੀ।

ਇਸ ਲਈ ਨੌਰਮਾ ਨੂੰ ਵਿਆਹ ਹੋਣ ਤੱਕ ਅਨਾਥ ਆਸ਼ਰਮਾਂ ਅਤੇ ਪਾਲਣ-ਪੋਸ਼ਣ ਘਰਾਂ ਵਿੱਚ ਰਹਿਣਾ ਪਿਆ।

ਉਹ ਅਦਾਕਾਰਾ ਬਣਨ ਤੋਂ ਪਹਿਲਾਂ ਇੱਕ ਕਾਮਯਾਬ ਪਿਨ-ਅਪ(ਕਾਮੁਕ ਸਰੀਰਕ ਦਿੱਖ ਵਜੋਂ ਪੇਸ਼ ਕੀਤੇ ਜਾਣ ਵਾਲੀ) ਮਾਡਲ ਸੀ।

ਮਰਲਿਨ ਦਾ ਰਹੱਸ ਉਸ ਦੀ ਚੜ੍ਹਤ ਨਹੀਂ ਬਲਕਿ ਉਸ ਦੀ ਵਿਰੋਧਾਭਾਸ ਵਾਲੀ ਜ਼ਿੰਦਗੀ ਹੈ।

ਉਸ ਵਿੱਚ ਕਮਾਲ ਦੀ ਪ੍ਰਤਿਭਾ ਸੀ, ਅਜਿਹੀ ਫ਼ਿਲਮ ਸਟਾਰ ਜਿਸ ਦਾ ਕਰਿਸ਼ਮਾ, ਜਾਦੂ ਅਤੇ ਬਾ-ਕਮਾਲ ਕੌਮਿਕ ਟਾਈਮਿੰਗ ਅੱਖੋਂ-ਪਰੋਖੇ ਨਹੀਂ ਕੀਤੀ ਜਾ ਸਕਦੀ ਸੀ ਅਤੇ ਜ਼ਬਰਦਸਤ ਇਮਾਨਦਾਰੀ ਜੋ ਕਿ ਦਿਲ ਟੁੰਬਦੀ ਸੀ।

ਉਸ ਨੂੰ ਅੱਜ ਵੀ ਪਰਦੇ ''''ਤੇ ਦੇਖਣਾ ਸਿਨੇਮਾ ਦੇ ਉਸ ਦੌਰ ਵਿੱਚ ਲੈ ਜਾਂਦਾ ਹੈ। ਲਗਦਾ ਹੈ ਜਿਵੇਂ ਉਹ ਪਰਦੇ ਲਈ ਹੀ ਬਣੀ ਹੋਵੇ।

ਇਸ ਦੌਰਾਨ ਉਸ ਦੀ ਪਰਦੇ ਉੱਤੇ ਬੇਧੜਕ ਸ਼ਖਸੀਅਤ ਅਤੇ ਪਰਦੇ ਦੇ ਪਿੱਛੇ ਜ਼ੁਲਮ ਸਹਿਣ ਵਿਚਲਾ ਫਰਕ ਉਸ ਦੇ ਬਿਰਤਾਂਤ ਦਾ ਆਕਰਸ਼ਕ ਧੁਰਾ ਬਣ ਗਿਆ ਹੈ। ਔਰਤ ਤੇ ਕੁੜੀ, ਕਾਮਯਾਬੀ ਤੇ ਦੁਖਾਂਤ, ਖੁਦ ''''ਤੇ ਘ੍ਰਿਣਾ ਕਰਨ ਵਾਲੀ ਹਸੀਨਾ ਅਤੇ ਨਾ-ਪਸੰਦ ਰੋਮਾਂਸ।

ਉਸ ਦੀ ਬੇਵਕਤੀ ਮੌਤ ਬਾਰੇ ਵੀ ''''ਬਲੌਂਡ'''' ਕਿਤਾਬ ਅਤੇ ਫ਼ਿਲਮ ਵਿੱਚ ਜ਼ਿਕਰ ਹੁੰਦਾ ਹੈ। ਲੂਸੀ ਬੋਲਟਨ ਕਹਿੰਦੀ ਹੈ, "ਲੋਕਾਂ ਨੂੰ ਇਹ ਸਵੀਕਾਰ ਕਰਨਾ ਮੁਸ਼ਕਿਲ ਲਗਦਾ ਹੈ ਕਿ ਕੋਈ ਇੰਨਾ ਖਾਸ ਹੋ ਕੇ ਅਜਿਹੇ ਅੰਤ ''''ਤੇ ਕਿਵੇਂ ਆ ਸਕਦਾ ਹੈ?"

ਪਰ ਉਸ ਨੂੰ ਖ਼ਤਮ ਕਰਨ ਦੇਣ ਅਤੇ ਉਦਾਸ ਕਹਾਣੀ ਬਣਾ ਕੇ ਰੱਖ ਦੇਣ ਦਾ ਜਨੂੰਨ ਕਿਉਂ ਹੈ?

ਲੇਖਕ ਤੇ ਫ਼ਿਲਮ ਅਲੋਚਕ ਫਾਰਨ ਸਮਿੱਥ ਨੇਹਮੇ ਨੇ ਬੀਬੀਸੀ ਕਲਚਰ ਨੂੰ ਕਿਹਾ, "ਸਾਡੇ ਕਠੋਰ ਮਨ ਵਿੱਚ ਅਜਿਹਾ ਹੈ ਜੋ ਕਹਿੰਦਾ ਹੈ ਕਿ ਇਹ ਹਾਲੀਵੁੱਡ ਵਾਲਿਆਂ ਕੋਲ ਬਹੁਤ ਕੁਝ ਹੈ ਪਰ ਉਹ ਬਹੁਤ ਥੋੜ੍ਹੇ ਦੇ ਲਾਇਕ ਹਨ।''''''''

ਕਿਉਂਕਿ ਮਰਲਿਨ ਸਭ ਤੋਂ ਵੱਡੀ ਸਟਾਰ ਸੀ, ਇਸ ਲਈ ਉਹ ਆਪਣੀ ਜ਼ਿੰਦਗੀ ਨੂੰ ਲਗਾਤਾਰ ਨਿਰਾਸ਼ਾਜਨਕ ਦਰਸਾਏ ਜਾਣ ਦੀ ਹੱਕਦਾਰ ਸੀ।

ਜਦੋਂ 1980 ਅਤੇ 90 ਦੇ ਦੌਰ ਵਿੱਚ ਟੈਲੀਵਿਜ਼ਨ ਲਈ ਮਰਲਿਨ ਦੀ ਜ਼ਿੰਦਗੀ ਬਾਰੇ ਫਿਲਮਾਂ ਬਣ ਰਹੀਆਂ ਸੀ ਅਤੇ ਹੋਰ ਹਾਲੀਵੁੱਡ ਸਿਤਾਰਿਆਂ ਬਾਰੇ ਵੀ ਜਿਵੇਂ ਕਿ ਮਿਸਟਰੀ ਆਫ ਨੈਟਲ ਵੁਡ(2004), ਦ ਰੈਟ ਪੈਕ(1998), ਹਰ ਫ਼ਾਈਨਲ ਅਫੇਅਰ(1993), ਦ ਕੈਨੇਡੀਜ਼(2011) ਜਿਨ੍ਹਾਂ ਵਿੱਚ ਮੈਰੀਲਿਨ ਵੀ ਪੇਸ਼ ਕੀਤੀ ਜਾਣੀ ਸੀ, ਵਿੱਚ ਵੀ ਮਰਲਿਨ ਨੂੰ ਹੌਟ ਮੈਸ(ਆਕਰਸ਼ਕ ਪਰ ਮੁਸੀਬਤਾਂ ਨਾਲ ਘਿਰੀ) ਅਤੇ ਇੱਥੋਂ ਤੱਕ ਕਿ ਅਸ਼ਲੀਲ ਔਰਤ ਵਜੋਂ ਦਿਖਾਇਆ ਗਿਆ।

ਇਨ੍ਹਾਂ ਫ਼ਿਲਮਾਂ ਵਿੱਚ ਉਸ ਨੂੰ ਜਾਂ ਤਾਂ ਦੁਖਾਂਤ ਵਜੋਂ ਦੇਖਿਆ ਗਿਆ ਜਾਂ ਫਿਰ ਫਾਲਤੂ ਵਸਤੂ ਵਜੋਂ।

ਮੈਰਲਿਨ ਦੇ ਦੋ ਰੂਪ

ਉਸਦੀ ਜ਼ਿੰਦਗੀ ''''ਤੇ ਬਣੀ ਹਰ ਇੱਕ ਬਾਇਓਪਿਕ ਨੌਰਮਾ ਜੀਨ ਬੇਕਰ ਅਤੇ ਮੈਰੀਲਿਨ ਮੌਨਰੋਅ ਵਿਚਕਾਰਲੇ ਤਣਾਅ ਉੱਤੇ ਜਾ ਖੜ੍ਹਦੀ ਹੈ।

ਕਈ ਇਸ ਸੋਚ ਨੂੰ ਬੇਹਦ ਗੰਭੀਰਤਾ ਨਾਲ ਲੈ ਲੈਂਦੇ ਹਨ ਅਤੇ ਦੋਹਾਂ ਕਿਰਦਾਰਾਂ ਲਈ ਵੱਖੋ-ਵੱਖਰੀਆਂ ਅਦਾਕਾਰਾਂ ਲੈ ਲਈਆਂ ਜਾਂਦੀਆਂ ਹਨ।

ਅਜਿਹਾ ਕਰਨ ਵਾਲੇ ਸਭ ਤੋਂ ਪਹਿਲੇ ਸੀ ਲੈਰੀ ਬੁਚਾਨਨ। ਉਸ ਵੱਲੋਂ ਬਣਾਈ ਬਾਇਓਪਿਕ ਸੀਰੀਜ਼ ਦੀ ਪਹਿਲੀ ਕੜੀ ਗੁਡਬਾਏ ਨੌਰਮਾ ਜੀਨ ਵਿੱਚ ਮਿਸਟੀ ਰੋਏ, ਨੋਰਮਾ ਜੀਨ ਦਾ ਕਿਰਦਾਰ ਨਿਭਾਉਂਦੀ ਹੈ ਅਤੇ ਦੂਜੀ ਕੜੀ ਗੁਡਨਾਈਟ ਸਵੀਟ ਮਰਲਿਨ ਵਿੱਚ ਪੌਲਾ ਲੇਨ ਨਿਭਾਉਂਦੀ ਹੈ ਕਿਰਦਾਰ ਮਰਲਿਨ ਦਾ।

1966 ਦੀ ਟੀਵੀ ਫ਼ਿਲਮ ਨੌਰਮਾ ਜੀਨ ਅਤੇ ਮਰਲਿਨ ਵਿੱਚ ਐਸ਼ਲੇ ਜੁਡ ਨੌਰਮਾ ਜੀਨ ਦਾ ਕਿਰਦਾਰ ਨਿਭਾਉਂਦੀ ਹੈ ਇੱਕ ਬੇਹਦ ਜਨੂੰਨੀ ਨੌਜਵਾਨ ਅਦਾਕਾਰਾ ਹੋਣ ਵਜੋਂ, ਉਸ ਦੀ ਕਾਬਲੀਅਤ ਅਤੇ ਭਾਵ ਤੋਂ ਚੰਗੀ ਤਰ੍ਹਾਂ ਜਾਣੂ ਹੈ ਪਰ ਥੋੜ੍ਹੀ ਕੱਚੀ ਹੈ।

ਪਰਦੇ ''''ਤੇ ਪਹਿਲੀ ਵਾਰ ਉਹ ਭੱਦੀ ਸ਼ਬਦਾਵਲੀ ਬੋਲਦੀ ਹੈ। (ਅਜਿਹਾ ਟਰੂਮਨ ਕੈਪੋਟੇ ਨੇ ਮਿਊਜ਼ਕ ਫਾਰ ਸ਼ੈਮੇਲੋਨਜ਼ ਵਿੱਚ ਮੈਰਲਿਨ ਦੀ ਤਸਵੀਰ ਪੇਸ਼ ਕਰਦਿਆਂ ਬਿਆਨ ਕੀਤਾ ਸੀ)।

ਗ਼ੁੱਸੇ ਵਿੱਚ ਕਹਿੰਦੀ ਹੈ ਕਿ "ਕੁੜੀਆਂ ਨੂੰ ਲੋਕਾਂ ਨਾਲ ਹਮ-ਬਿਸਤਰ ਹੋਣ ਕਾਰਨ ਫ਼ਿਲਮਾਂ ਮਿਲਦੀਆਂ ਹਨ।"

ਜਦੋਂ ਉਹ ਮੈਰਲਿਨ ਬਣਦੀ ਹੈ, ਜੋ ਕਿ ਮੀਰਾ ਸੋਰਨੀਵੋ ਵੱਲੋਂ ਨਿਭਾਇਆ ਕਿਰਦਾਰ ਹੈ, ਨੋਰਮਾ ਜੀਨ ਗਾਲੀਬਾਜ਼ ਬਣ ਜਾਂਦੀ ਹੈ।

ਅਜਿਹਾ ਪਰਛਾਵਾਂ ਜੋ ਮਰਲਿਨ ਦੇ ਅਕਸ ਨੂੰ ਨੀਵਾਂ ਕਰਦਾ ਸੀ ਅਤੇ ਸਿਰਫ਼ ਦਵਾਈ ਅਤੇ ਨਸ਼ੇ ਨਾਲ ਹੀ ਉਸ ਤੋਂ ਖਹਿੜਾ ਛੁੱਟਦਾ ਸੀ।

ਡੌਮੀਨਿਕ ਦਾ ਤਰੀਕਾ ਥੋੜ੍ਹਾ ਹੋਰ ਸਹਿਜ ਸੀ। ਜਿਵੇਂ ਜਿਵੇਂ ਫ਼ਿਲਮ ਬਲੌਂਡ ਅੱਗੇ ਵਧਦੀ ਹੈ, ਮੈਰਲਿਨ ਇੱਕ ਤਰ੍ਹਾਂ ਨੋਰਮਾ ਜੀਨ ਦੀ ਰੱਖਿਅਕ ਦੂਤ ਬਣ ਜਾਂਦੀ ਹੈ।

ਜਦੋਂ ਜਦੋਂ ਵੀ ਉਸ ਨੂੰ ਹੌਂਸਲੇ ਉੱਤੇ ਰੱਖਿਆ ਦੀ ਲੋੜ ਹੁੰਦੀ ਹੈ, ਉਹ ਮਰਲਿਨ ਨੂੰ ਸੱਦਦੀ ਹੈ। ਪੂਰੀ ਫ਼ਿਲਮ ਦੌਰਾਨ, ਉਹ ਮਰਲਿਨ ਨੂੰ ਤੀਜੇ ਸ਼ਖ਼ਸ ਵਜੋਂ ਸੰਬੋਧਨ ਕਰਦੀ ਹੈ।

ਜਿਵੇਂ ਕਿ ਉਹ ਪਲ ਜਦੋਂ ਉਹ ਆਪਣੇ ਡਾਕਟਰ ਨੂੰ ਉਸ ਨੂੰ ਬਹੁਤ ਡਰੱਗਜ਼ ਦੇਣ ਲਈ ਕਹਿੰਦੀ ਹੈ ਅਤੇ ਮੇਕਅਪ ਆਰਟਿਸਟ ਨੂੰ ਕਹਿੰਦੀ ਹੈ ਕਿ "ਇੱਕ ਘੰਟੇ ਅੰਦਰ ਮਰਲਿਨ ਪ੍ਰਗਟ ਹੋ ਜਾਵੇ।"

''''ਬਲੌਂਡ'''' ਦੇ ਟ੍ਰੇਲਰ ਵਿੱਚ, ਅਸੀਂ ਦੇਖਦੇ ਹਾਂ ਕਿ ਨੌਰਮਾ, ਮਰਲਿਨ ਦੇ ਪ੍ਰਗਟ ਹੋਣ ਦੀ ਅਰਦਾਸ ਕਰਦੀ ਹੈ ਅਤੇ ਭੀਖ ਮੰਗਦੀ ਹੈ ਕਿ ਮਰਲਿਨ ਉਸ ਨੂੰ ਹੰਝੂਆਂ ਅਤੇ ਮੇਕਅਪ ਵਿਚਕਾਰ ਇਕੱਲਿਆਂ ਛੱਡ ਕੇ ਨਾ ਜਾਵੇ।

ਸ਼ੀਸ਼ੇ ਵਿੱਚ ਮਰਲਿਨ ਦਿਸਦੀ ਹੈ, ਪੂਰੀ ਤਰ੍ਹਾਂ ਸਵਾਰੇ ਵਾਲਾਂ ਵਿੱਚ ਅਤੇ ਉਸੇ ਵੱਡੀ ਮੁਸਕਰਾਹਟ ਨਾਲ।

ਆਪਣੇ ਵੀਡੀਓ ਲੇਖ ਵਿੱਚ ਜ਼ੈਯਦ ਕਹਿੰਦੇ ਹਨ , "ਮਰਲਿਨ ਮੁਨਰੋ ਇੱਕ ਕਾਢ ਹੈ। ਇਸ ਨੂੰ ਨੋਰਮਾ ਜੀਨ ਬੇਕਰ ਨੇ ਬਣਾਇਆ ਪਰ ਨਾਲ ਹੀ ਹਾਲੀਵੁੱਡ, ਅਸੀਂ ਅਤੇ ਦਰਸ਼ਕਾਂ ਨੇ ਵੀ ਬਣਾਇਆ।"

"ਡਰੀ ਸਹਿਮੀ ਇਕੱਲੀ ਨੌਰਮਾ ਜੀਨ ਤੋਂ ਫ਼ਿਲਮ ਸਟਾਰ ਮਰਲਿਨ ਮੁਨਰੋ ਤੱਕ ਦੀ ਤਬਦੀਲੀ ਕਿਸੇ ਸੁਪਰਹੀਰੋ ਨੂੰ ਉਸ ਦੀਆਂ ਸ਼ਕਤੀਆਂ ਮਿਲਣ ਜਿਹੀ ਹੈ, ਇਹ ਉਹ ਕਹਾਣੀ ਹੈ ਜੋ ਹਰ ਬਾਇਓਪਿਕ ਵਿੱਚ ਦਿਖਾਈ ਜਾਂਦੀ ਹੈ।।"

"2001 ਦੇ ''''ਬਲੌਂਡ'''' ਵਿੱਚ ਇਹ ਪੁਨਰ ਖੋਜ ਹੁੰਦੀ ਹੈ ਜਦੋਂ ਮਿਸਟਰ ਆਰ ਉਸ ਨੂੰ ਸਿਰਫ਼ ਇਹ ਕਹਿੰਦਿਆਂ ਨਾਮ ਦਿੰਦੇ ਹਨ, "ਮੈਰੀਲਿਨ ਮੌਨਰੋਅ- ਇਹ ਸੈਕਸੀ ਹੈ।"

ਬਹੁਤ ਥੋੜ੍ਹੀਆਂ ਫ਼ਿਲਮਾਂ ਹਨ ਜਿਨ੍ਹਾਂ ਦਾ ਮਕਸਦ ਸਾਨੂੰ ਦੱਸਣਾ ਸੀ ਕਿ ਆਖਿਰ ਹੋਇਆ ਕੀ ਸੀ, ਅਸਲ ਵਿੱਚ ਉਸ ਨੂੰ ਪ੍ਰਸਿੱਧੀ ਦੇਣ ਵਾਲੇ ਉਸ ਦੇ ਕੰਮ ''''ਤੇ ਅਧਾਰਿਤ ਹਨ।

ਤੱਥ, ਜ਼ਰੂਰ ਹੀ ਸਿਨੇਮਾ ਵਿੱਚ ਢਾਲੇ ਜਾਣ ਦੇ ਹਿਸਾਬ ਨਾਲ ਸਧਾਰਨ ਹਨ। ਮਰਲਿਨ ਆਪਣੀ ਮਾਂ ਦਾ ਵਿਚਕਾਰਲਾ ਨਾਮ ਮੌਨਰੋਅ ਚੁਣਦੀ ਹੈ।

ਸਟੂਡੀਓ ਐਗਜ਼ੈਕਟਿਵ ਬੈਨ ਲਿਓਨਜ਼ ਉਸ ਨੂੰ ਮੈਰੀਲਿਨ ਦਾ ਨਾਮ ਦਿੰਦੇ ਹਨ ਕਿਉਂਕਿ ਨੌਰਮਾ ਨੂੰ ਵੇਖ ਕੇ ਉਨ੍ਹਾਂ ਨੂੰ ਅਦਾਕਾਰਾ ਮਰਲਿਨ ਮਿਲਰ ਦਾ ਖਿਆਲ ਆਇਆ।

ਬਲੂ ਬਰਡ ਬੁਕਿੰਗ ਏਜੰਸੀ ਦੇ ਬੁਕਿੰਗ ਏਜੰਟ ਨੇ ਉਸ ਨੂੰ ਵਾਲ ਬਲੌਂਡ ਰੰਗਣ ਦਾ ਸੁਝਾਅ ਦਿੱਤਾ ਤਾਂ ਕਿ ਉਸ ਨੂੰ ਵਧੇਰੇ ਕੰਮ ਮਿਲ ਸਕੇ।

ਮਰਲਿਨ ਵੀ ਆਪਣੀ ਪਸੰਦੀਦਾ ਜੀਨ ਹੈਰਲੋ ਤੋਂ ਪ੍ਰੇਰਿਤ ਹੋ ਕੇ ਬਲੌਂਡ ਵਾਲ ਚਾਹੁੰਦੀ ਸੀ। ਮਰਲਿਨ ਨੂੰ ਉਹ ਮੁਸਕਰਾਹਟ ਉਸ ਦੀ ਦੋਸਤ ਸ਼ੈਲੀ ਵਿੰਟਰਜ਼ ਤੋਂ ਮਿਲੀ। ("ਮੈਂ ਉਸ ਨੂੰ ਖੁਸ਼ੀ ਨਾਲ ਦੇ ਦਿੱਤੀ, ਮੈਨੂੰ ਖੁਦ ''''ਤੇ ਉਹ ਮੁਸਕਰਾਹਟ ਨਾ-ਪਸੰਦ ਸੀ", ਵਿੰਟਰਜ਼ ਨੇ ਆਪਣੀ ਸਵੈ-ਜੀਵਨੀ ਵਿੱਚ ਲਿਖਿਆ।)

ਭਾਵੇਂ ਕਿੰਨੀ ਵੀ ਪ੍ਰਤਿਭਾਸ਼ਾਲੀ ਅਦਾਕਾਰਾ ਹੋਵੇ, ਉਸ ਲਈ ਮਰਲਿਨ ਮੁਨਰੋ ਦਾ ਕਿਰਦਾਰ ਨਿਭਾਉਣਾ ਬਹੁਤ ਹੀ ਚੁਣੌਤੀਪੂਰਨ ਹੁੰਦਾ ਹੈ। ਕਿਉਂਕਿ ਉਹ ਸਿਰਫ਼ ਉਸ ਇਨਸਾਨ ਦਾ ਕਿਰਦਾਰ ਨਹੀਂ ਨਿਭਾ ਰਹੇ ਹੁੰਦੇ ਬਲਕਿ ਇੱਕ ਸ਼ਖਸੀਅਤ ਜਿਸ ਨੂੰ ਸਾਲਾਂ ਤੋਂ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੋਵੇ ਅਤੇ ਅਕਸ ਵਿਗਾੜਿਆ ਜਾ ਰਿਹਾ ਹੋਵੇ।



ਬੋਲਟਨ ਕਹਿੰਦੇ ਹਨ, "ਮਰਲਿਨ ਦੇ ਕੰਮ ਨੇ ਉਸ ਦਾ ਓਨਾ ਨੁਕਸਾਨ ਨਹੀਂ ਕੀਤਾ ਜਿੰਨਾ ਉਸ ''''ਤੇ ਬਣੀਆਂ ਫ਼ਿਲਮਾਂ ਨੇ ਕੀਤਾ।"

ਕਿਸੇ ਵੀ ਬਾਇਓਪਿਕ ਲਈ ਚੁਣੌਤੀ ਹੁੰਦੀ ਹੈ ਸਾਨੂੰ ਯਕੀਨ ਦਵਾਉਣਾ ਕਿ ਇਹ ਅਸਲੀ ਮਰਲਿਨ ਹੈ, ਕਿਉਂਕਿ ਅਕਸਰ ਉਸ ਨੂੰ ਮਹਿਜ਼ ਇੱਕ ਹਾਸੇ ਦਾ ਪਾਤਰ ਬਣਾ ਛੱਡਿਆ ਜਾਂਦਾ ਹੈ।

ਰੋਅ ਤੋਂ ਲੈ ਕੇ ਡੀ ਆਰਮਾਜ਼ ਤੱਕ ਮਰਲਿਨ ਦਾ ਕਿਰਦਾਰ ਨਿਭਾਉਣ ਵਾਲੀਆਂ ਸਾਡੀਆਂ ਜ਼ਿਆਦਾਤਰ ਅਦਾਕਾਰਾਂ ਛੋਟੀ ਗਵਾਚੀ ਹੋਈ ਬੱਚੀ ਵਾਲੇ ਬਿਰਤਾਂਤ ''''ਤੇ ਕੇਂਦਰਿਤ ਰਹੀਆਂ ਹਨ।

ਨੇਹਮੇ ਕਹਿੰਦੇ ਹਨ ਕਿ ਵਾਰ-ਵਾਰ ਵਰਤੇ ਜਾ ਰਹੇ ਪੁਰਾਣੇ ਤਰੀਕਿਆਂ ਅਤੇ ਵਿਹਾਰ ਨੂੰ ਭੁੱਲ ਕੇ ਕਿਰਦਾਰ ਨਿਭਾਉਣ ਵਾਲੀਆਂ ਅਦਾਕਾਰਾਵਾਂ ਦੇਖਣਾ ਉਹ ਪਸੰਦ ਕਰਨਗੇ।

ਮਰਲਿਨ ਮੁਨਰੋ ਖਾਣਾ ਬਣਾਉਂਦਿਆਂ ਜਾਂ ਆਪਣੇ ਦੰਦ ਸਾਫ਼ ਕਰਦਿਆਂ ਬਿਲਕੁਲ ਹੀ ਉਸ ਤਰ੍ਹਾਂ ਦੀ ਹੋ ਨਹੀਂ ਸਕਦੀ।

ਸ਼ੁਰੂਆਤ ਅਤੇ ਅੰਤ, ਵਿਚਕਾਰ ਕੁਝ ਨਹੀਂ

ਬਹੁਤ ਥੋੜ੍ਹੀਆਂ ਫ਼ਿਲਮਾਂ ਹਨ ਜਿਨ੍ਹਾਂ ਦਾ ਮਕਸਦ ਸਾਨੂੰ ਦੱਸਣਾ ਹੈ ਕਿ ਆਖਰ ਹੋਇਆ ਕੀ ਸੀ, ਅਸਲ ਵਿੱਚ ਉਸ ਚੀਜ਼ ਨੂੰ ਧਿਆਨ ਵਿੱਚ ਲਿਆਉਂਦੀਆਂ ਹਨ ਜਿਸ ਕਾਰਨ ਮਰਲਿਨ ਇੰਨੀ ਕਾਮਯਾਬ ਹੋਈ, ਉਹ ਹੈ ਉਸ ਦਾ ਕੰਮ।

ਪਿਨ-ਅਪ ਮਾਡਲ ਤੋਂ ਅਦਾਕਾਰਾ ਬਣਨ ਦੌਰਾਨ ਉਹ ਕੌਲੰਬੀਆਂ ਵਿੱਚ ਇਕਰਾਰਨਾਮੇ ਤਹਿਤ ਸੀ ਪਰ ਇੱਕ ਪ੍ਰਭਾਵਸ਼ਾਲੀ ਏਜੰਟ ਦੇ ਸੰਪਰਕ ਵਿੱਚ ਨਾ ਆਉਣ ਤੱਕ ਪੈਰ ਨਹੀਂ ਜਮ੍ਹਾ ਸਕੀ।

ਉਹ ਏਜੰਟ ਜੌਹਨੀ ਹਾਇਡ ਸੀ, ਜਿਸਦੀ ਉਹ ਮਿਸਟਰੈਸ ਵੀ ਕਹੀ ਜਾਂਦੀ ਸੀ ਅਤੇ ਉਸ ਤੋਂ ਮਾਰਗ ਦਰਸ਼ਨ ਵੀ ਲੈਂਦੀ ਸੀ।

ਜੌਹਨੀ ਜਦੋਂ ਮਰਲਿਨ ਨੂੰ ਮਿਲੇ ਤਾਂ ਬਿਮਾਰ ਸਨ, ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਕੁਝ ਮਹੀਨੇ ਮਰਲਿਨ ਦੇ ਨਾਮ ਕਰ ਦਿੱਤੇ, ਉਸ ਲਈ ਆਪਣੀ ਪਤਨੀ ਨੂੰ ਛੱਡ ਦਿੱਤਾ, ਉਸ ਨੂੰ ਅਹਿਮ ਲੋਕਾਂ ਨਾਲ ਮਿਲਵਾਇਆ। ਉਨ੍ਹਾਂ ਨੂੰ ਮਰਲਿਨ ਦੀ ਸਮਰੱਥਾ ''''ਤੇ ਬਹੁਤ ਯਕੀਨ ਸੀ।

ਉਨ੍ਹਾਂ ਦੇ ਮਾਰਗਦਰਸ਼ਨ ਅਤੇ ਜਾਣ-ਪਛਾਣ ਕਾਰਨ ਮਰਲਿਨ ਦਾ ਕਰੀਅਰ ਰਫ਼ਤਾਰ ਫੜ ਰਿਹਾ ਸੀ। ਸਾਲ 1950 ਵਿੱਚ ''''ਆਲ ਅਬਾਊਟ ਈਵ'''' ਅਤੇ ''''ਅਸਫਾਲਟ ਜੰਗਲ'''' ਜਿਹੀਆਂ ਬਿਹਤਰੀਨ ਫ਼ਿਲਮਾਂ ਵਿੱਚ ਮੈਰੀਲਿਨ ਨੂੰ ਅਹਿਮ ਕਿਰਦਾਰ ਨਿਭਾਉਣ ਨੂੰ ਮਿਲੇ।

ਅਸਫਾਲਟ ਜੰਗਲ ਦੇ ਡਾਇਰੈਕਟਰ ਜੌਹਰ ਹਸਾਨ ਨੇ ਹੀ ਉਸ ਦੀ ਆਖ਼ਰੀ ਫ਼ਿਲਮ ''''ਦ ਮਿਸਫਿਟ'''' ਨੂੰ ਡਾਇਰੈਕਟ ਕੀਤਾ।

ਜੌਹਰ ਹਾਇਡ ਨੇ ਉਸ ਦੀ ਫੌਕਸ (Fox) ਨਾਲ ਸੱਤ ਸਾਲ ਦੀ ਡੀਲ ਕਰਵਾਈ ਅਤੇ 1952 ਤੱਕ ਉਹ ਬੌਕਸ ਆਫਿਸ ਦਾ ਧਮਾਕਾ ਬਣ ਚੁੱਕੀ ਸੀ। ਇੱਕੋ ਸਾਲ ਵਿੱਚ ਉਸ ਦੀ ਮੁੱਖ ਭੂਮਿਕਾ ਵਾਲੀਆਂ ਤਿੰਨ ਫ਼ਿਲਮਾਂ ਆਈਆਂ।

ਹਾਲੀਵੁੱਡ ਨੇ ਉਸ ਦੇ ਸੈਕਸ-ਪੌਟ ਵਾਲੇ ਅਕਸ ਨੂੰ ਉਭਾਰਿਆ। 1953 ਵਿੱਚ ''''ਨਾਇਗਰਾ'''' ''''ਚ ਨਿਭਾਏ ਉਸ ਦੇ ਰੋਲ ਦੇ ਪ੍ਰਚਾਰ ਲਈ ਵਰਤੀ ਲਾਈਨ ਸੀ- "ਮਰਲਿਨ ਮੁਨਰੋ ਅਤੇ ਨਾਇਗਰਾ, ਭਾਵਨਾਵਾਂ ਦਾ ਅਜਿਹਾ ਜਵਾਲਾਮੁਖੀ ਜਿਸ ਨੂੰ ਕੁਦਰਤ ਵੀ ਨਾ ਸਾਂਭ ਸਕੇ।"

ਉਸ ਦੇ ਨਾਮ ਅਤੇ ਤਸਵੀਰ ਨੂੰ ਪੋਸਟਰਾਂ ਵਿੱਚ ਅਹਿਮ ਥਾਂ ਦਿੱਤਾ ਗਿਆ। ਮਰਲਿਨ ਨੇ 1952 ਵਿੱਚ ਸ਼ਿਕਾਗੋ ਟ੍ਰਿਬਿਊਨ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ, "ਜੇ ਤੁਸੀਂ ਸੈਕਸ ਅਪੀਲ ਲੈ ਕੇ ਪੈਦਾ ਹੁੰਦੇ ਹੋ ਜਾਂ ਤਾਂ ਇਹ ਤੁਹਾਨੂੰ ਬਰਬਾਦ ਕਰ ਦੇਵੇਗੀ ਜਾਂ ਫਿਰ ਤੁਸੀਂ ਇਸ ਦਾ ਫ਼ਾਇਦਾ ਲੈ ਲਓ। ਹਮੇਸ਼ਾ ਸਹੀ ਰਸਤਾ ਚੁਣਨਾ ਸੌਖਾ ਨਹੀਂ ਹੁੰਦਾ।"

ਉਸੇ ਸਾਲ ਹੀ ਉਸ ਨੇ ਉਹ ਪੇਸ਼ਕਾਰੀ ਦਿੱਤੀ ਸੀ ਜਿਸ ਨੇ ਉਸ ਨੂੰ ਨਾ-ਮਿਟਣ ਵਾਲਾ ਅਕਸ ਦਿੱਤਾ ਜਿਸ ਨਾਲ ਉਹ ਨਿਰਾਸ਼ ਅਤੇ ਸੀਮਿਤ ਮਹਿਸੂਸ ਕਰਨ ਲੱਗੀ ਸੀ।

ਬੋਲਟਨ ਕਹਿੰਦੇ ਹਨ, "ਉਹ ਮਹਿਸੂਸ ਕਰਦੀ ਸੀ ਕਿ ਲਗਾਤਾਰ ਉਸ ਨੂੰ ਬੇਫਕੂਫਾਨਾ ਬਲੌਂਡ ਮਿਊਜ਼ਿਕ ਕਾਮੇਡੀਜ਼ ਵਿੱਚ ਰੱਖਿਆ ਜਾ ਰਿਹਾ ਸੀ, ਪਰ ਉਨ੍ਹਾਂ ਭੂਮਿਕਾਵਾਂ ਵਿੱਚ ਵੀ ਉਹ ਤੇਜ਼ ਤਰਾਰ ਸੀ। ਇਹ ਮੁਨਰੋ ਦਾ ਅੰਦਾਜ਼ ਸੀ।"

ਉਸ ਦੇ ਅਕਸ ਨੇ ਭਾਵੇਂ ਉਸ ਨੂੰ ਪ੍ਰਸਿੱਧੀ ਦਿੱਤੀ ਪਰ ਉਸ ਦੀ ਪ੍ਰਤਿਭਾ ਨੇ ਉਸ ਦੇ ਪੈਰ ਜਮਾਏ। ਮੈਰਲਿਨ ਦੀ ਉਸ ਨੂੰ ਗੰਭੀਰਤਾ ਨਾਲ ਲਏ ਜਾਣ ਦੀ ਦ੍ਰਿੜਤਾ ਉਸ ਨੂੰ ਐਕਟਿੰਗ ਸਿੱਖਣ ਲਈ ਨਿਊਯਾਰਕ ਲੈ ਕੇ ਗਈ।

ਆਪਣੀ ਪ੍ਰਸਿੱਧੀ ਦੇ ਸਿਖਰ ''''ਤੇ ਵੀ ਉਸ ਦੀਆਂ ਕੋਸ਼ਿਸ਼ਾਂ ਦੀ ਖਿੱਲ੍ਹੀ ਉਡਾਈ ਜਾਂਦੀ ਸੀ। 1956 ਵਿੱਚ ਇੱਕ ਕਿਤਾਬ ਤੱਕ ਛਪੀ ਜਿਸ ਦਾ ਸਿਰਲੇਖ ਸੀ, "ਕੀ ਅਦਾਕਾਰੀ ਮਰਲਿਨ ਮੁਨਰੋ ਨੂੰ ਬਰਬਾਦ ਕਰ ਦੇਵੇਗੀ ?"

ਮਰਲਿਨ ਦੀ ਜ਼ਿੰਦਗੀ ਦਾ ਉਹ ਹਿੱਸਾ ਜਦੋਂ ਉਹ ਬੇਹਦ ਕਾਮਯਾਬ ਅਦਾਕਾਰਾ ਹੈ, ਜਿਸ ਦੀ ਚੰਗੀ ਕਮਾਈ ਹੈ, ਘੱਟ-ਪੈਸੇ ਦੇਣ ਕਾਰਨ ''''ਫੌਕਸ'''' ''''ਤੇ ਕੇਸ ਕਰਦੀ ਹੈ, ਆਪਣੀ ਪ੍ਰੋਡਕਸ਼ਨ ਕੰਪਨੀ ਖੋਲ੍ਹਦੀ ਹੈ, ਨੂੰ ਬਾਇਓਪਿਕਸ ਵਿੱਚ ਨਾ ਦਿਖਾ ਕੇ ਉਸ ਨੂੰ ਕਮਜ਼ੋਰ ਕੀਤਾ ਜਾਂਦਾ ਹੈ।

ਨੇਹਮੇ ਕਹਿੰਦੇ ਹਨ, "ਮੈਂ ਯਕੀਨ ਨਾਲ ਕਹਿ ਨਹੀਂ ਸਕਦਾ ਕਿ ਲੋਕ ਉਸ ਨੂੰ ਅਦਾਕਾਰਾ ਮੰਨਦੇ ਵੀ ਹਨ। ਜਦੋਂ ਤੁਸੀਂ ਅਸਲ ਕੰਮ ''''ਤੇ ਨਜ਼ਰ ਮਾਰਦੇ ਹੋ ਤਾਂ ਦਿਸਦਾ ਹੈ ਕਿ ਉਸ ਦੇ ਫ਼ੈਸਲੇ ਕਿੰਨੇ ਵਿਲੱਖਣ ਅਤੇ ਸਮਝਦਾਰੀ ਭਰੇ ਸੀ।"

''''ਮਾਈ ਵੀਕ ਵਿਦ ਮੈਰੀਲਿਨ''''

ਸ਼ਾਇਦ ਇੱਕੋ ਫ਼ਿਲਮ ਜੋ ਅਸਲ ਜ਼ਿੰਦਗੀ ਦੇ ਨਜ਼ਰੀਏ ਤੋਂ ਬਣੀ ਹੈ, ''''ਮਾਈ ਵੀਕ ਵਿਦ ਮੈਰੀਲਿਨ''''(2011) ਹੈ, ਜੋ ਕਿ 1957 ਵਿੱਚ ਮੈਰੀਲਿਨ ਦੇ ਪ੍ਰੋਡਕਸ਼ਨ ਹਾਊਸ ਦੀ ਇਕਲੌਤੀ ਫ਼ਿਲਮ ਦ ਪ੍ਰਿੰਸ ਆਂਡ ਦ ਸ਼ੋਅਗਰਲ ਦੇ ਔਖੇ ਨਿਰਮਾਣ ਬਾਰੇ ਬਣਾਈ ਹਲਕੇ-ਫੁਲਕੇ ਅੰਦਾਜ਼ ਦੀ ਫ਼ਿਲਮ ਹੈ। ਸੈਂਟ ਅਸਿਸਟੈਂਟ ਕੋਲਿਨ ਕਲਾਰਕ ਦੀਆਂ ਯਾਦਾਂ ''''ਤੇ ਆਧਾਰਿਤ ਇਹ ਫ਼ਿਲਮ ਹੈ।

ਇਸ ਵਿੱਚ ਮਰਲਿਨ ਦੀ ਭੂਮਿਕਾ ਮਿਸ਼ੈਲ ਵਿਲੀਅਮ ਨੇ ਨਿਭਾਈ ਹੈ। ਇਹ ਫ਼ਿਲਮ ''''ਮੈਰਲਿਨ ਐਂਡ ਮੀ'''' ਤਰ੍ਹਾਂ ਦੀਆਂ ਕਿਤਾਬਾਂ ਅਤੇ ਫ਼ਿਲਮਾਂ ਵਰਗੀ ਹੈ।

ਜਿਵੇਂ ਕਿ ਫੋਟੋਗ੍ਰਾਫਰਜ਼ ਮੈਮਰੀਜ਼, ਮਾਈ ਸਿਸਟਰ ਮਰਲਿਨ , ਕੈਲੰਡਰ ਗਰਲ(1993) ਅਤੇ ਮੈਰੀਲਿਨ ਐਂਡ ਮੀ(1991)।

ਹਾਲਾਂਕਿ ਇਹ ਇਕਲੌਤੀ ਉਦਾਹਰਨ ਹੈ ਜਿਸ ਵਿੱਚ ਮਰਲਿਨ ਦਾ ਜਾਦੂ ਦਿਖਾਉਣ ਦੀ ਕੋਸ਼ਿਸ਼ ਹੈ।

ਵਿਲੀਅਮ ਨੇ ਸੈਕਸ-ਪੌਟ ਬਣੇ ਬਿਨ੍ਹਾਂ ਰਲਿਨ ਦੇ ਕਾਮੁਕ ਅਕਸ ਨੂੰ ਦਰਸਾਇਆ ਹੈ। ਅਜਿਹੇ ਸੰਕੇਤ ਦਿੱਤੇ ਗਏ ਹਨ ਜੋ ਭਵਿੱਖ ਵਿੱਚ ਉਸ ਨੂੰ ਨੁਕਸਾਨ ਕਰਦੇ ਹਨ ਪਰ ਕੇਂਦਰ ਬਿੰਦੂ ਉਸ ਦਾ ਕੰਮ ਅਤੇ ਜਜ਼ਬਾ ਹੈ।

ਫਿਰ ਵੀ ਉਮੀਦ ਕਾਇਮ ਹੈ। ਨੇਹਮ ਮੰਨਦੇ ਹਨ ਕਿ ਇੱਕ ਬਦਲਾਅ ਮਰਲਿਨ ਮੁਨਰੋ ਬਾਰੇ ਮੁੜ ਵਿਚਾਰ ਕਰਨ ਨੂੰ ਪ੍ਰੇਰਿਤ ਕਰ ਰਿਹਾ ਹੈ।

"ਨੌਜਵਾਨ ਫ਼ਿਲਮ ਅਲੋਚਕ ਕੰਮ ਵੱਲ ਕੇਂਦਰਿਤ ਹੋ ਰਹੇ ਹਨ। ਉਨ੍ਹਾਂ ਦੀ ਰੁਚੀ ਉਸ ਵੱਲੋਂ ਨਿਭਾਏ ਕਿਰਦਾਰਾਂ ਵੱਲ ਹੈ।"

ਡੌਮੀਨਿਕ ਨੇ ਹੈਰਾਨਗੀ ਜ਼ਾਹਰ ਕਰਦਿਆਂ ਕਿਹਾ ਕਿ ਲੋਕ ਹਾਲੇ ਵੀ ਜੈਂਟਲਮੈਨ ਪਰੈਫਰ ਬਲੌਂਡ ਦੇਖਣਾ ਪਸੰਦ ਕਰਦੇ ਹਨ ਅਤੇ ਅਨੰਦ ਮਾਣਦੇ ਹਨ, ਜਦਕਿ ਮੈਂ ਨਹੀਂ।

ਮੈਰੀਲਿਨ ਦਾ ਅਕਸ ਦੁਨੀਆ ਭਰ ਵਿੱਚ ਇੱਕ ਤਰ੍ਹਾਂ ਜਾਣਿਆ ਜਾਂਦਾ ਹੈ, ਪਰ ਉਸ ਦੀ ਪੇਸ਼ਕਾਰੀ ਹਮੇਸ਼ਾ ਕੁਝ ਨਵਾਂ ਦਿੰਦੀ ਹੈ।

ਨਾਇਗਰਾ ਵਿੱਚ ਉਸ ਦੀ ਇਸਤਰੀ ਵਜੋਂ ਸੁੰਦਰਤਾ,'''' ਪ੍ਰਿੰਸ ਐਂਡ ਦ ਸ਼ੋਅਗਰਲ'''' ਵਿਚ ਉਸ ਦੀ ਸੰਗ, ਜੈਂਟਲਮੈਨ ਪਰੈਫਰ ਬਲੌਂਡ ਵਿੱਚ ਉਸ ਦੀ ਤੇਜ਼ੀ।

ਮਰਲਿਨ ਦਾ ਇਸ ਤੋਂ ਜਾਣੂ ਹੋਣਾ ਕਿ ਉਸ ਨੂੰ ਕਿਵੇਂ ਵੇਖਿਆ ਜਾਂਦਾ ਹੈ, ਉਸਦੀ ਹਰ ਪੇਸ਼ਕਾਰੀ ਵਿੱਚ ਝਲਕਦਾ ਸੀ ਅਤੇ ਹਰ ਫੈਸਲੇ ਵਿੱਚ।

''''ਬਲੌਂਡ'''' ਵਿੱਚ ਮਰਲਿਨ ਨੂੰ ਭਾਵੇਂ ਇੱਕ ਸਟਾਰ ਵਜੋਂ ਨਾ ਦਿਖਾਇਆ ਗਿਆ ਹੋਵੇ, ਪਰ ਇਹ ਲੋਕਾਂ ਨੂੰ ਉਸ ਦਾ ਅਸਲ ਕੰਮ ਵੇਖਣ ਲਈ ਪ੍ਰੇਰਿਤ ਜ਼ਰੂਰ ਕਰੇਗੀ।

''''ਬਲੌਂਡ'''' 28 ਸਤੰਬਰ ਤੋਂ ਨੈਟਫਲਿਕਸ ''''ਤੇ ਆ ਚੁੱਕੀ ਹੈ।



(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)