ਹਰਿਆਣਾ ਦਾ ਪਿੰਡ, ਜਿਸਦੀ ਪਛਾਣ ਬਾਕਸਰ ਕੁੜੀਆਂ ਦੇ ਨਾਲ

09/30/2022 6:54:53 PM

BBC

ਸਖ਼ਤ ਮਿਹਨਤ...ਬੁਲੰਦ ਹੌਸਲੇ....ਅਤੇ ਆਪਣੇ ਟੀਚੇ ਨੂੰ ਹਾਸਲ ਕਰਨ ਦੀ ਜਿੱਦ ਇਸ ਬਾਕਸਿੰਗ ਰਿੰਗ ਵਿੱਚ ਰੋਜ਼ ਦੇਖਣ ਨੂੰ ਮਿਲਦੀ ਹੈ। ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਕੋਈ ਹਾਈ ਫਾਈ ਅਕੈਡਮੀ ਹੈ ਤਾਂ ਜ਼ਰਾ ਰੁਕੋ।

ਇਹ ਹੈ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਤਕਰੀਬਨ 80 ਕਿੱਲੋਮੀਟਰ ਦੂਰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦਾ ਨਿੱਕਾ ਜਿਹਾ ਪਿੰਡ ਰੁੜਕੀ। ਇਹ ਵੀ ਇੱਕ ਆਮ ਜਿਹਾ ਹੀ ਪਿੰਡ ਹੈ ਪਰ ਬਾਕਸਿੰਗ ਦੀ ਦੁਨੀਆਂ ਵਿੱਚ ਇਥੋਂ ਦੀਆਂ ਕੁੜੀਆਂ ਦੇ ਘਸੁੰਨ ਧਮਕ ਪਾਉਂਦੇ ਹਨ।

ਇਨ੍ਹਾਂ ਕੁੜੀਆਂ ਵਿੱਚੋਂ ਇੱਕ ਬਿਹਾਰ ਤੋਂ ਆਈ ਹੈ, ਇੱਕ ਮਹਾਰਾਸ਼ਟਰ ਤੋਂ ਅਤੇ ਇੱਕ ਯੂਪੀ ਤੋਂ ਹੈ, ਕਿਸੇ ਨੂੰ ਸੀਨੀਅਰਾਂ ਨੇ ਦੱਸਿਆ ਤਾਂ ਕਿਸੇ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਮਿਲੀ ਤਾਂ ਤੁਰ ਪਈਆਂ ਆਪਣੇ ਸੁਫ਼ਨੇ ਪੂਰੇ ਕਰਨ... ਪਿੰਡ ਰੁੜਕੀ।

ਪਿੰਡ ਰੁੜਕੀ ਬਾਕਸਰ ਕੁੜੀਆਂ ਕਾਰਨ ਵਿਲੱਖਣ ਪਛਾਣ ਦਾ ਧਾਰਨੀ ਹੈ। ਇੱਥੋਂ ਦੇ ਬਾਕਸਿੰਗ ਰਿੰਗ ਤੋਂ ਕਈ ਕੌਮੀ ਅਤੇ ਕੌਮਾਂਤਰੀ ਬਾਕਸਰਾਂ ਨਿਕਲੀਆਂ ਹਨ।

ਇੱਥੋਂ ਦੀਆਂ ਕੁੜੀਆਂ ਵਿੱਚੋਂ ਨੌਂ ਕੌਮਾਂਤਰੀ ਪੱਧਰ ਦੀਆਂ ਖਿਡਾਰਨਾਂ ਹਨ। ਕਈ ਕੁੜੀਆਂ ਯੂਥ ਅਤੇ ਯੂਨੀਅਰ ਪੱਧਰ ਉਪਰ ਖੇਡ ਰਹੀਆਂ ਹਨ। ਇਨ੍ਹਾਂ ਦੇ ਖੇਡਣ ਅਤੇ ਰਹਿਣ-ਸਹਿਣ ਦਾ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਪਿੰਡ ਵਾਸੀਆਂ ਵੱਲੋਂ ਹੀ ਕੀਤਾ ਜਾਂਦਾ ਹੈ।

ਰੁੜਕੀ ਦੇ ਬਾਕਸਿੰਗ ਰਿੰਗ ਦੀ ਹੀ ਦੇਣ ਹੈ, ਮਿਨਾਕਸ਼ੀ ਹੁੱਡਾ ਅਤੇ ਇਸੇ ਪਿੰਡ ਦੀ ਮੋਨਿਕਾ ਪਟਿਆਲਾ ਦੇ ਐੱਨਆਈਐੱਸ ਤੋਂ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਲਈ ਚੁਣੀਆਂ ਗਈਆਂ ਹਨ।

ਮਿਨਾਕਸ਼ੀ ਦੇ ਪਿਤਾ ਆਟੋ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਜਦੋਂ ਧੀ ਨੇ ਬਾਕਸਿੰਗ ਖੇਡਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਿਤਾ ਨੇ ਜਿਵੇਂ-ਤਿਵੇਂ ਕਰਕੇ ਇੱਕ ਮੱਝ ਖਰੀਦੀ ਤਾਂ ਜੋ ਮਿਨਾਕਸ਼ੀ ਦੀ ਡਾਇਟ ਲਈ ਦੁੱਧ ਮੱਖਣ ਦੀ ਪੂਰਤੀ ਹੁੰਦੀ ਰਹੇ।

ਆਟੋ ਚਲਾ ਕੇ ਜੋ ਵੀ ਮਿਲਦਾ ਹੈ ਉਸ ਕਮਾਈ ਦ ਅੱਧਾ ਹਿੱਸਾ ਬਾਕਸਰ ਧੀ ਦੀ ਡਾਇਟ ਅਤੇ ਹੋਰ ਲੋੜਾਂ ਲਈ ਰੱਖ ਦਿੰਦੇ ਹਨ।

ਮਿਨਾਕਸ਼ੀ ਦਾ ਪਹਿਲਾ ਮੁਕਾਬਲਾ ਤਾਅਨਿਆਂ ਨਾਲ

ਆਖਰ ਮਾਪਿਆਂ ਦੀ ਮਿਹਨਤ ਤੇ ਮਿਨਾਕਸ਼ੀ ਦਾ ਜਜ਼ਬਾ ਰੰਗ ਲਿਆਇਆ। ਹੁਣ ਪਿੰਡੋਂ ਉੱਠੀ ਇਹ ਕੁੜੀ ਦੁਨੀਆਂ ਦੇ ਚੋਟੀ ਦੇ ਬਾਕਸਰਾਂ ਨੂੰ ਚੁਣੌਤੀ ਦੇਵੇਗੀ। ਉਂਝ ਜਦੋਂ ਬਾਕਸਿੰਗ ਖੇਡਣ ਦਾ ਸੁਪਨਾ ਦੇਖਿਆ ਤਾਂ ਸਭ ਤੋਂ ਪਹਿਲਾਂ ਮੁਕਾਬਲਾ ਲੋਕਾਂ ਦੇ ਤਾਅਨਿਆਂ ਨਾਲ ਕਰਨਾ ਪਿਆ।ਇਸ ਬਾਕਸਿੰਗ ਅਕੈਡਮੀ ਵਿੱਚ 80 ਤੋਂ ਵੱਧ ਕੁੜੀਆਂ ਪ੍ਰੈਕਟਿਸ ਕਰਦੀਆਂ ਹਨ।ਇਸ ਨਿੱਕੇ ਜਿਹੇ ਪਿੰਡ ਜੋ ਕੁੜੀਆਂ ਹਰਿਆਣਾ ਤੋਂ ਬਾਹਰੋਂ ਆ ਕੇ ਰਹਿ ਰਹੀਆਂ ਹਨ। ਉਨ੍ਹਾਂ ਲਈ ਕਿਰਾਏ ''''ਤੇ ਕਮਰਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ।

ਸਰਾਕਾਰੀ ਮਦਦ ਕਿਸੇ ਤਰ੍ਹਾਂ ਦੀ ਨਹੀਂ ਹੈ। ਕੋਚ ਵਿਜੇ ਹੁੱਡਾ ਮੁਤਾਬਕ ਪਿੰਡ ਵਾਲਿਆਂ ਅਤੇ ਕਾਮਯਾਬ ਹੋ ਚੁੱਕੀਆਂ ਖਿਡਾਰਨਾਂ ਦੀ ਮਦਦ ਨਾਲ ਲੋੜਵੰਦ ਕੁੜੀਆਂ ਦੀ ਡਾਇਟ ਅਤੇ ਪ੍ਰੈਕਟਿਸ ਦਾ ਖਰਚਾ ਨਿਕਲਦਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)