ਕਾਮਾਗਾਟਾ ਮਾਰੂ ਦੀ ਘਟਨਾ ਦੇ ਮੁੱਖ ਆਗੂ ਗੁਰਦਿੱਤ ਸਿੰਘ ਸਰਹਾਲੀ ਕੌਣ ਸਨ

09/29/2022 3:39:51 PM

ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਦਾ ਸਫ਼ਰ 1914 ਵਿੱਚ ਵਾਪਰਿਆ ਇੱਕ ਅਜਿਹਾ ਦੁਖਾਂਤ ਸੀ, ਜੋ ਕੈਨੇਡਾ ਜਾ ਕੇ ਵੱਸਣ ਦੀ ਭਾਰਤੀਆਂ ਦੀ ਇੱਛਾ ਨਾਲ ਸ਼ੁਰੂ ਹੋਇਆ ਅਤੇ ਇਸ ਦਾ ਅੰਤ ਘਿਨਾਉਣੇ ਕਤਲੇਆਮ ਨਾਲ ਹੋਇਆ।

ਇਤਿਹਾਸਕਾਰ ਡਾਕਟਰ ਹਰੀਸ਼ ਪੁਰੀ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ ਕਿ ਇਸ ਘਟਨਾ ਨੇ ਨਸਲੀ ਵਿਤਕਰੇ ਅਤੇ ਭਾਰਤੀਆਂ ਨੂੰ ਬਾਹਰ ਰੱਖ ਕੇ ਕੈਨੇਡਾ ਦੇ ਗੋਰਿਆ ਦਾ ਮੁਲਕ ਹੀ ਬਣੇ ਰਹਿਣ ਦੇ ਵਰਤਾਰੇ ਨੂੰ ਚੂਣੌਤੀ ਦਿੱਤੀ।

''''''''ਹਾਂਗਕਾਂਗ ਤੋਂ ਵੈਨਕੂਵਰ ਤੱਕ ਅਤੇ ਵਾਪਸੀ ਉੱਤੇ ਕੋਲਕਾਤਾ ਦੇ ਬਜਬਜ ਘਾਟ ਤੱਕ ਸਫ਼ਰ ਕਰਨ ਵਾਲੇ ਲੋਕਾਂ ਨੇ ਘੋਰ ਬੇਇੱਜ਼ਤੀ ਦਾ ਸਾਹਮਣਾ ਕੀਤਾ, ਜਿਸਦਾ ਅੰਤ ਕਤਲੇਆਮ ਨਾਲ ਹੋਇਆ।''''''''

29 ਸਤੰਬਰ 1914 ਨੂੰ ਬਜਬਜ ਘਾਟ ਉੱਤੇ ਵਾਪਸ ਪਰਤਦੇ ਜਹਾਜ਼ ਦੇ ਯਾਤਰੀਆਂ ਨੂੰ ਜ਼ਬਰੀ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਵਿਰੋਧ ਹੋਣ ਉੱਤੇ ਗੋਲੀਬਾਰੀ ਕਰ ਦਿੱਤੀ ਗਈ।

ਜਿਸ ਵਿੱਚ 20 ਜਣਿਆਂ ਦੀ ਮੌਤ ਹੋਈ ਅਤੇ ਵੱਡੀ ਗਿਣਤੀ ਯਾਤਰੀ ਜਖ਼ਮੀ ਹੋਏ। ਇਸ ਤੋਂ ਬਾਅਦ ਵੀ ਕਈ ਸਾਲ ਤੱਕ ਇਸ ਨਾਲ ਜੁੜੇ ਲੋਕਾਂ ਨੂੰ ਤਸੀਹੇ ਅਤੇ ਜੇਲ੍ਹਾਂ ਕੱਟਣੀਆਂ ਪਈਆਂ।

ਕਾਮਾਗਾਟਾ ਮਾਰੂ ਜਹਾਜ਼ ਦੇ ਘਟਨਾਕ੍ਰਮ ਅਤੇ ਇਸ ਦੇ ਭਾਰਤੀ ਆਜ਼ਾਦੀ ਅੰਦੋਲਨ ਉੱਤੇ ਅਸਰ ਨੂੰ ਸਮਝਣ ਲਈ ਅਸੀਂ ਇਤਿਹਾਸਕਾਰ ਸਮੇਲ ਸਿੰਘ ਸਿੱਧੂ ਅਤੇ ਡਾਕਟਰ ਅਮਨਪ੍ਰੀਤ ਸਿੰਘ ਗਿੱਲ ਨਾਲ ਗੱਲਬਾਤ ਕੀਤੀ।

ਬਸਤੀਵਾਦ ਦੀ ਘੁਟਣ ਤੋਂ ਬਾਹਰ ਨਿਕਲਣ ਦਾ ਸੁਪਨਾ

ਡਾ. ਅਮਨਪ੍ਰੀਤ ਸਿੰਘ ਗਿੱਲ ਦਿੱਲੀ ਦੇ ਗੁਰੂ ਤੇਗ਼ ਬਹਾਦੁਰ ਖਾਲਸਾ ਕਾਲਜ ਦੇ ਇਤਿਹਾਸ ਦੇ ਪ੍ਰੋਫੈਸਰ ਹਨ ਅਤੇ ਉਨ੍ਹਾਂ ਨੇ ਕਾਮਾਗਾਟਾ ਮਾਰੂ ਘਟਨਾ ਬਾਰੇ ਕਾਫੀ ਅਧਿਐਨ ਕੀਤਾ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਉਹ ਦੱਸਦੇ ਹਨ, "ਕਾਮਾਗਾਟਾ ਮਾਰੂ ਘਟਨਾ ਦੇ ਕਈ ਪਹਿਲੂ ਹਨ।"

"ਇੱਕ ਤਾਂ ਇਹ ਘਟਨਾ ਪੰਜਾਬੀਆਂ ਦੇ ਦੱਖਣੀ-ਪੂਰਬੀ ਏਸ਼ੀਆ ਨੂੰ ਮੁੱਢਲੇ ਪਰਵਾਸ ਅਤੇ ਇੱਥੋਂ ਉੱਤਰੀ ਅਮਰੀਕਾ ਵੱਲ ਪਰਵਾਸ ਦੀ ਸਮੂਹਿਕ ਤਾਂਘ ਦੀ ਸਭ ਤੋਂ ਪਹਿਲੀ ਤੇ ਸਭ ਤੋਂ ਪੁਰਾਣੀ ਦਾਸਤਾਨ ਹੈ।"

ਉਹ ਕਹਿੰਦੇ ਹਨ ਕਿ ਅੱਜ ਵਾਂਗ ਪੰਜਾਬੀਆਂ ਦਾ ਇਨ੍ਹਾਂ ਦੇਸ਼ਾਂ ਵਿੱਚ ਵਸਣ ਦਾ ਸੁਪਨਾ ਸਿਰਫ਼ ਆਰਥਿਕ ਖੁਸ਼ਹਾਲੀ ਹਾਸਿਲ ਕਰਨ ਤੱਕ ਸੀਮਤ ਨਹੀਂ ਸੀ।

ਬਲਕਿ ਕਿਸੇ ਆਜ਼ਾਦ ਦੇਸ਼ ਦੀ ਆਜ਼ਾਦ ਹਵਾ ਵਿੱਚ ਸਾਹ ਲੈਣ ਅਤੇ ਬਰਾਬਰ ਦੇ ਸ਼ਹਿਰੀ ਵਜੋਂ ਵਿਚਰਣ ਦਾ ਸੁਪਨਾ ਵੀ ਸੀ।

ਭਾਰਤ ਵਿੱਚ ਬਰਤਾਨਵੀ ਬਸਤੀਵਾਦ ਦੀ ਘੁਟਣ ਸੀ। ਜਿਸ ਕਰਕੇ ਉਹ ਸਾਰੇ ਕੈਨੇਡਾ ਅਤੇ ਅਮਰੀਕਾ ਵਿੱਚ ਵੱਸਣਾ ਚਾਹੁੰਦੇ ਸਨ।

ਪਰ ਦੂਜੇ ਪਾਸੇ ਕੈਨੇਡਾ ਵੀ ਬਰਤਾਨਵੀ ਕਾਮਨਵੈਲਥ ਦਾ ਅੰਗ ਹੋਣ ਦੇ ਨਾਤੇ ਸਫੈਦ ਨਸਲਵਾਦ ਦਾ ਹਾਮੀ ਸੀ ਅਤੇ ਭਾਰਤੀ ਪਰਵਾਸੀਆਂ ਨੂੰ ਹਰ ਹੀਲੇ ਕੈਨੇਡਾ ਦਾਖ਼ਲ ਹੋਣ ਤੋਂ ਰੋਕਦਾ ਸੀ।

ਡਾਕਟਰ ਗਿੱਲ ਮੁਤਾਬਕ, "ਇਸੇ ਨੀਤੀ ਦੇ ਜਵਾਬ ਵਿੱਚ ਗੁਰਦਿੱਤ ਸਿੰਘ ਸਰਹਾਲੀ ਨੇ ਕੈਨੇਡਾ ਦੇ ਅਫ਼ਸਰ ਮਿਸਟਰ ਕਿੰਗ ਨੂੰ ਕਟਾਖ਼ਸ਼ ਵਿੱਚ ਕਿਹਾ ਸੀ ਜੇ ਸਿਰਫ਼ ਹਿੰਦੁਸਤਾਨੀਆਂ ਨੂੰ ਹੀ ਪੱਕੇ ਰੋਕਣ ਦਾ ਇਰਾਦਾ ਹੈ ਤਾਂ ਸ਼ਰਤ ਸਿਰਫ਼ ਇਹ ਰੱਖੋ ਕਿ ਜਿਹੜਾ ਆਦਮੀ ਸ਼ਾਂਤ ਮਹਾਸਾਗਰ ਤੈਰ ਕੇ ਆਵੇ, ਉਹੀ ਕੈਨੇਡਾ ਵਸਣ ਦਾ ਹੱਕਦਾਰ ਹੈ''''।"

ਕਾਮਾਗਾਟਾ ਮਾਰੂ ਦੀ ਯਾਤਰਾ ਕਿਵੇਂ ਸ਼ੁਰੂ ਹੋਈ

ਇਤਿਹਾਸਕਾਰ ਅਤੇ ਅਦਾਰਾ 23 ਮਾਰਚ ਦੇ ਡਾਇਰੈਕਟਰ ਡਾ. ਸੁਮੇਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਾਮਾਗਾਟਾ ਮਾਰੂ ਪੰਜਾਬ ਗ਼ਦਰ ਲਹਿਰ ਨਾਲ ਵੀ ਜੁੜਦਾ ਹੈ ਤੇ ਇਸ ਦੀ ਆਪਣੀ ਵੱਖਰੀ ਸਾਖ਼ ਵੀ ਹੈ।

ਇਸ ਘਟਨਾ ਦੇ ਬਿਰਤਾਂਤ ਨੂੰ ਉਹ ਕੁਝ ਇਸ ਤਰ੍ਹਾਂ ਬਿਆਨ ਕਰਦੇ ਹਨ-

ਇਹ ਘਟਨਾ ਚੱਕਰ 4 ਅਪ੍ਰੈਲ 1914 ਤੋਂ ਹਾਂਗਕਾਂਗ ਤੋਂ ਸ਼ੁਰੂ ਹੁੰਦਾ ਹੈ ਅਤੇ 29 ਸਤੰਬਰ 1914 ਨੂੰ ਕੋਲਕਾਤਾ ਦੇ ਬਜਬਜ ਘਾਟ ਸਾਕੇ ਨਾਲ ਇਸ ਦਾ ਤਰਾਸਦੀ ਵਾਲਾ ਅੰਤ ਹੁੰਦਾ ਹੈ।

ਇਸ ਘਟਨਾ ਨੇ ਪੰਜਾਬ ਵਿੱਚ ਲੋਕਾਂ ਨੂੰ ਅੰਦੋਲਿਤ ਕੀਤਾ ਅਤੇ ਆਪਣੇ ਇਸ ਗੁੱਸੇ ਨੂੰ ਅੰਗਰੇਜ਼ਾਂ ਖ਼ਿਲਾਫ ਅੰਦੋਲਨ ਦੀ ਤਿਆਰੀ ਵਿੱਚ ਲਗਾਇਆ।

BBC

ਸੁਮੇਲ ਸਿੰਘ ਸਿੱਧੂ ਦੱਸਦੇ ਹਨ ਕਿ ਕਾਮਾਗਾਟਾ ਮਾਰੂ ਜਹਾਜ਼ ਗੁਰਦਿੱਤ ਸਿੰਘ ਸਰਹਾਲੀ ਦੀ ''''ਗੁਰੂ ਨਾਨਕ ਸਟੀਮ ਸ਼ਿੱਪ ਕੰਪਨੀ'''' ਵੱਲੋਂ ਚਲਾਇਆ ਗਿਆ ਸੀ।

ਗੁਰਦਿੱਤ ਸਿੰਘ ਸਰਹਾਲੀ ਨੇ ਦੇਖਿਆ ਕਿ ਈਸਟ ਏਸ਼ੀਆ ਦੇ ਮਲਾਇਆ, ਹਾਂਗਕਾਂਗ, ਸ਼ੰਘਾਈ ਵਿੱਚ ਰਹਿ ਰਹੇ ਪੰਜਾਬੀ ਉਥੇ ਪੱਕੇ ਵਸਨੀਕ ਨਹੀਂ ਬਣਨਾ ਚਾਹੁੰਦੇ, ਸਗੋਂ ਉਹ ਅਗਾਂਹ ਅਮਰੀਕਾ ''''ਤੇ ਕੈਨੇਡਾ ਜਾਣਾ ਚਾਹੁੰਦੇ ਹਨ।"

ਪਰ ਉਸ ਵੇਲੇ ਉਨ੍ਹਾਂ ਮੁਲਕਾਂ ਦੀਆਂ ਸ਼ਰਤਾਂ ਸਨ ਕਿ ਸਿਰਫ਼ ਉਨ੍ਹਾਂ ਨੂੰ ਆਉਣ ਦਿੱਤਾ ਜਾਵੇਗਾ ਜਿਹੜੇ ਬਿਨਾਂ ਰਸਤੇ ਵਿੱਚ ਰੁਕੇ, ਸਿੱਧਾ ਆਉਣਗੇ।

ਇਸ ਲਈ ਇਨ੍ਹਾਂ ਸ਼ਰਤਾਂ ਕਰਕੇ ਜਿਹੜੀ ਔਖਿਆਈ ਆ ਰਹੀ ਸੀ, ਉਸ ਨੂੰ ਹੱਲ ਕਰਨ ਲਈ ਗੁਰਦਿੱਤ ਸਿੰਘ ਸਰਹਾਲੀ ਨੇ ਇੱਕ ਜਪਾਨੀ ਜਹਾਜ਼ ਖਰੀਦਿਆਂ।

ਇਸ ਦਾ ਨਾਂ ਕਾਮਾਗਾਟਾ ਮਾਰੂ ਸੀ ਅਤੇ ਇਸਦਾ ਰੂਟ ਇਸ ਤਰ੍ਹਾਂ ਬਣਾਇਆ ਕਿ ਉਹ ਹਾਂਗਕਾਂਗ ਤੋਂ ਚੱਲ ਕੇ ਕੈਨੇਡਾ ਪਹੁੰਚਣ ਤੱਕ ਕਿਤੇ ਰੁਕੇ ਨਾ।

ਕਿੰਨੇ ਯਾਤਰੀ ਸਨ ਤੇ ਕੈਨੇਡਾ ਕਦੋਂ ਪਹੁੰਚੇ

ਇਸ ਤਰ੍ਹਾਂ ਇਨ੍ਹਾਂ ਸ਼ਰਤਾਂ ਨੂੰ ਪੂਰਾ ਕਰਦਾ ਹੋਇਆ ਇਹ ਜਹਾਜ਼ ਕੈਨੇਡਾ ਦੇ ਵੈਨਕੂਵਰ ਵਿੱਚ ਪਹੁੰਚਿਆ।

ਜਹਾਜ਼ ਦੇ ਕੁੱਲ 376 ਯਾਤਰੀਆਂ ਵਿੱਚੋਂ 340 ਸਿੱਖ, 24 ਮੁਸਲਮਾਨ ਅਤੇ ਹਿੰਦੂਆਂ ਦੀ ਗਿਣਤੀ 12 ਸੀ। ਸਾਰੇ ਮੁਸਾਫ਼ਰ ਪੰਜਾਬ ਨਾਲ ਸਬੰਧ ਰੱਖਦੇ ਸਨ।

ਇਸ ਵਿੱਚ 24 ਮੁਸਾਫ਼ਰ ਕੈਨੇਡਾ ਵਾਸੀ ਸਨ ਤੇ ਉਥੋਂ ਦੀ ਸਰਕਾਰ ਨੇ ਸਿਰਫ਼ ਇਨ੍ਹਾਂ 24 ਮੁਸਾਫ਼ਰਾਂ ਨੂੰ ਹੇਠਾਂ ਲਾਹੁਣ ਦੀ ਇਜਾਜ਼ਤ ਦਿੱਤੀ ਸੀ।

Getty Images

ਵੈਨਕੂਵਰ ਦੀ ਬੰਦਰਗਾਹ ਉੱਤੇ ਲਗਭਗ ਦੋ ਮਹੀਨੇ ਇਹ ਜਹਾਜ਼ ਕੈਨੇਡਾ ਹੀ ਰੁਕਿਆ ਰਿਹਾ।

ਜਿਸ ਵਿੱਚ ਕੈਨੇਡਾ ਵਿੱਚ ਦਾਖਲ ਹੋਣ ਲਈ ਕਾਨੂੰਨੀ ਚਾਰਾਜੋਈ ਵੀ ਹੋਈ ਅਤੇ ਵੈਨਕੂਵਰ ਦੀਆਂ ਸੰਗਤਾਂ ਨੇ ਜਥੇਬੰਦ ਹੋ ਕੇ ਇਨ੍ਹਾਂ ਤੱਕ ਲੰਗਰ ਅਤੇ ਹੋਰ ਲੋੜੀਂਦਾ ਸਮਾਨ ਵੀ ਪਹੁੰਚਾਉਣ ਦੀ ਕੋਸ਼ਿਸ ਵੀ ਕੀਤੀ।

ਬਸਤੀਵਾਦੀ ਹਕੂਮਤ ਨੇ ਨਾ ਯਾਤਰੀਆਂ ਨੂੰ ਦਾਖਲ ਹੋਣ ਦਿੱਤਾ ਅਤੇ ਨਾਲ ਹੀ ਲੰਗਰ ਪਹੁੰਚਣ ਦਿੱਤਾ। ਇਨ੍ਹਾਂ ਰੋਕਾਂ ਕਾਰਨ ਹਾਲਾਤ ਕਾਫੀ ਤਣਾਅਪੂਰਨ ਰਿਹਾ।

ਕੈਨੇਡਾ ਰਹਿੰਦੇ ਭਾਰਤੀ ਤੇ ਏਸ਼ੀਆਈ ਲੋਕਾਂ ਨੇ ਬਸਤੀਵਾਦੀ ਸਰਕਾਰ ਦਾ ਵਿਰੋਧ ਕੀਤਾ, ਉਨ੍ਹਾਂ ਨੂੰ ਕੈਨੇਡੀਅਨ ਸੋਸਲਿਸਟ ਗੋਰਿਆਂ ਦਾ ਵੀ ਸਾਥ ਮਿਲਿਆ ਪਰ ਨਸਲਵਾਦੀ ਇੰਨੇ ਹਾਵੀ ਸਨ ਕਿ ਇਨ੍ਹਾਂ ਨੂੰ ਦਾਖਲਾ ਨਾ ਮਿਲ ਸਕਿਆ।

ਕਾਮਾਗਾਟਾ ਮਾਰੂ ਨੂੰ ਵਾਪਸ ਮੁੜਨਾ ਪਿਆ

ਸੁਮੇਲ ਸਿੰਘ ਸਿੱਧੂ ਅੱਗੇ ਦੱਸਦੇ ਹਨ ਕਿ ਉਦੋਂ ਭਾਵੇਂ ਕਿ ਕੈਨੇਡਾ ਅਤੇ ਭਾਰਤ ਦੋਵੇਂ ਅੰਗਰੇਜ਼ ਹਕੂਮਤ ਦਾ ਹਿੱਸਾ ਸਨ, ਪਰ ਭਾਰਤ ਸਰਕਾਰ ਨੇ ਵੀ ਉਨ੍ਹਾਂ ਯਾਤਰੀਆਂ ਦੀ ਕੋਈ ਮਦਦ ਨਹੀਂ ਕੀਤੀ।

ਭਾਵੇਂ ਕਿ ਇਨ੍ਹਾਂ ਯਾਤਰੀਆਂ ਕੋਲ ਲੋੜੀਂਦੇ ਕਾਗਜ਼ਾਤ ਸਨ ਪਰ ਭਾਰਤ ਸਰਕਾਰ ਨੇ ਇਨ੍ਹਾਂ ਦੀ ਮਦਦ ਕਰਨ ਤੋਂ ਲਗਭਗ ਇਨਕਾਰ ਕਰ ਦਿੱਤਾ।


  • ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਦਾ ਸਾਕਾ 4 ਅਪ੍ਰੈਲ ਤੋਂ 29 ਸਿਤੰਬਰ 1914 ਦੌਰਾਨ ਵਾਪਰਿਆ ਸੀ
  • ਕੈਨੇਡਾ ਗੋਰਿਆ ਦਾ ਮੁਲਕ ਬਣੇ ਰਹਿਣ ਦੀ ਨੀਤੀ ਤਹਿਤ ਭਾਰਤੀਆਂ ਨੂੰ ਦਾਖਲ ਨਹੀਂ ਹੋ ਦਿੰਦਾ ਸੀ
  • ਸਰਕਾਰ ਦੀ ਨੀਤੀ ਸੀ ਕਿ ਕੋਈ ਵੀ ਅਜਿਹਾ ਵਿਅਕਤੀ ਕੈਨੇਡਾ ਵਿਚ ਦਾਖਲ ਨਹੀਂ ਹੋ ਸਕਦਾ ਜੋ ਸਿੱਧਾ ਮੁਲਕ ਤੋਂ ਬਿਨਾਂ ਕਿਤੇ ਨਾ ਆਇਆ ਹੋਵੇ
  • ਇਸ ਨੀਤੀ ਦਾ ਤੋੜ ਕੱਢਦਿਆ ਗੁਰਦਿੱਤ ਸਿੰਘ ਸਰਹਾਲੀ ਜੋ ਹਾਂਗਕਾਂਗ, ਸਿੰਘਾਪੁਰ ਤੇ ਮਲਾਇਆ ਦੇ ਕਾਰੋਬਾਰੀ ਸਨ, ਨੇ ਇੱਕ ਜਹਾਜ਼ ਹੀ ਖਰੀਦ ਲਿਆ
  • ਇਹ ਜਹਾਜ਼ 376 ਯਾਤਰੀਆਂ ਨੂੰ ਲੈਕੇ ਵੈਨਕੂਵਰ ਸਿੱਧਾ ਗਿਆ, ਪਰ ਇਸ ਦੇ ਗੈਰ ਕੈਨੇਡੀਅਨ ਯਾਤਰੀਆਂ ਨੂੰ ਉਤਰਨ ਨਹੀਂ ਦਿੱਤਾ
  • ਦੋ ਮਹੀਨੇ ਵੈਨਕੂਵਰ ਬੰਦਰਗਾਹ ਉੱਤੇ ਜੱਦੋਜਹਿਦ ਕਰਨ ਤੋਂ ਬਾਅਦ ਇਸ ਜਹਾਜ਼ ਦੇ ਯਾਤਰੀ ਵਾਪਸ ਆ ਕੋਲਕਾਤਾ ਆਏ
  • ਇੱਥੇ ਬਰਤਾਨਵੀਂ ਹਕੂਮਤ ਨੇ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਇਸ ਦਾ ਵਿਰੋਧ ਕੀਤਾ
  • ਬਰਤਾਨਵੀਂ ਹਕੂਮਤ ਭਾਰਤ ਆਏ ਇਨ੍ਹਾਂ ਲੋਕਾਂ ਨੂੰ ਗਦਰ ਲਹਿਰ ਦਾ ਹਿੱਸਾ ਸਮਝਦੀ ਸੀ
  • ਇਨ੍ਹਾਂ ਦੇ ਵਿਰੋਧ ਕਰਨ ਉੱਤੇ ਪੁਲਿਸ ਨੇ ਗੋਲੀ ਚਲਾ ਦਿੱਤੀ ਜਿਸ ਵਿਚ 20 ਜਣੇ ਮਾਰੇ ਗਏ ਅਤੇ ਵੱਡੀ ਗਿਣਤੀ ਜ਼ਖ਼ਮੀ ਹੋ ਗਏ
  • ਇਸ ਘਟਨਾ ਨੇ ਭਾਰਤ ਦੇ ਅਜਾਦੀ ਅੰਦੋਲਨ ਨੂੰ ਖਾਸਕਰ ਪੰਜਾਬ ਵਿਚ ਨਵਾਂ ਜੋਸ਼ ਅਤੇ ਹੁਲਾਰਾ ਦਿੱਤਾ ਸੀ

ਇਹ ਨਸਲੀ ਵਿਤਰਕੇ ਦਾ ਇੱਕ ਢੰਗ ਸੀ, ਜਿਸ ਨੂੰ ਪੰਜਾਬੀਆਂ ਨੇ ਬਹੁਤ ਹੀ ਗਹਿਰੇ ਢੰਗ ਨਾਲ ਮਹਿਸੂਸ ਕੀਤਾ।

ਇਸ ਦੀਆਂ ਖ਼ਬਰਾਂ ਭਾਰਤ, ਅਮਰੀਕਾ, ਕੈਨੇਡਾ ਅਤੇ ਪੂਰੀ ਦੁਨੀਆਂ ਵਿੱਚ ਆ ਜਾ ਰਹੀਆਂ ਸਨ, ਕਿ ਉਹ ਉੱਥੇ ਕਿਹੜੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ।

ਹਾਂਗਕਾਂਗ ਤੋਂ 4 ਅਪ੍ਰੈਲ ਨੂੰ ਤੁਰੇ ਜਹਾਜ਼ ਨੇ ਸ਼ੰਘਾਈ, ਮੋਜੀ, ਯੋਕੋਹਾਮਾ ਤੋਂ ਯਾਤਰੀ ਬਿਠਾਏ ਸਨ ਤੇ ਇਸ ਨੂੰ 23 ਜੁਲਾਈ ਨੂੰ ਇਨ੍ਹਾਂ ਨੂੰ ਜ਼ਬਰਦਸਤੀ ਵਾਪਸ ਮੋੜਿਆ ਗਿਆ।

ਜਪਾਨ ਦੀ ਕੋਬੇ ਬੰਦਰਗਾਹ ਤੋਂ ਬਿਨਾਂ ਹੋਰ ਕਿਸੇ ਵੀ ਥਾਂ ਉੱਤੇ ਉਨ੍ਹਾਂ ਨੂੰ ਰੁਕਣ ਨਹੀਂ ਦਿੱਤਾ ਗਿਆ, ਅਜਿਹੇ ਹਾਲਾਤ ਦਾ ਸਾਹਮਣਾ ਕਰਦੇ ਹੋਏ ਇਹ ਕੋਲਕਾਤਾ ਦੇ ਬਜਬਜ ਘਾਟ ਬੰਦਰਗਾਹ ਉੱਤੇ ਪਹੁੰਚੇ।

ਬਜਬਜ ਘਾਟ ਉੱਤੇ ਗੋਲੀਬਾਰੀ

ਕਾਮਾਗਾਟ ਮਾਰੂ ਦੇ ਬਜਬਜ ਘਾਟ ਪਹੁੰਚਣ ਤੋਂ ਪਹਿਲਾਂ ਹੀ ਅੰਗਰੇਜ਼ ਹਕੂਮਤ ਨੇ ਗੱਡੀਆਂ ਤਿਆਰ ਕੀਤੀਆਂ ਹੋਈਆਂ ਸਨ, ਜਿਸ ਵਿੱਚ ਇਨ੍ਹਾਂ ਯਾਤਰੀਆਂ ਨੂੰ ਬਿਠਾ ਕੇ ਵੱਖ ਵੱਖ ਥਾਵਾਂ ਉੱਤੇ ਪਹੁੰਚਾਇਆ ਜਾਣਾ ਸੀ। ਇਸੇ ਕਾਰਨ ਹਾਲਾਤ ਕਾਫੀ ਤਣਾਅ ਪੂਰਨ ਬਣੇ ਹੋਏ ਸਨ।

ਜਦੋਂ ਇਨ੍ਹਾਂ ਨੂੰ ਜ਼ਬਰੀ ਗੱਡੀ ਵਿੱਚ ਬਿਠਾਏ ਜਾਣ ਦਾ ਯਾਤਰੀਆਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ 20 ਦੇ ਕਰੀਬ ਪੰਜਾਬੀ ਯਾਤਰੀ ਮਾਰੇ ਗਏ, ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋ ਗਏ।

Getty Images

ਕੁਝ ਲੋਕ ਗੋਲੀਬਾਰੀ ਦੌਰਾਨ ਰੇਲ ਗੱਡੀਆਂ ਰਾਹੀ ਭੱਜ ਨਿਕਲੇ ਅਤੇ ਕੁਝ ਪੈਦਲ ਹੀ ਝਾਰਖੰਡ ਅਤੇ ਓਡੀਸ਼ਾ ਦੇ ਜੰਗਲਾਂ ਵੱਲ ਹੋ ਤੁਰੇ, ਜਿਨ੍ਹਾਂ ਵਿਚੋਂ ਕਈ ਜ਼ਖ਼ਮਾ ਦੀ ਤਾਬ ਨਾਲ ਝੱਲਦੇ ਹੋਏ ਮਾਰੇ ਗਏ।

ਡਾ. ਅਮਨਪ੍ਰੀਤ ਸਿੰਘ ਗਿੱਲ ਦੱਸਦੇ ਹਨ, "ਇਸ ਤੋਂ ਬਾਅਦ ਇਸ ਜਹਾਜ਼ ਦੇ ਸੰਚਾਲਕ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੂੰ 7 ਸਾਲ ਰੂਪੋਸ਼ ਰਹਿਣਾ ਪਿਆ ਤੇ ਫਿਰ ਪੰਜ ਸਾਲ ਜੇਲ੍ਹ ਜਾਣਾ ਪਿਆ।"

ਜਦੋਂ ਬਾਬਾ ਗੁਰਦਿੱਤ ਸਿੰਘ ਨੇ ਕੀਤਾ ਖ਼ੁਦ ਨੂੰ ਪੁਲਿਸ ਹਵਾਲੇ

ਡਾ. ਗਿੱਲ ਦੱਸਦੇ ਹਨ, "ਪੁਲਿਸ ਇਸ ਜਹਾਜ਼ ਵਿੱਚ ਵਾਪਸ ਆਏ ਮੁਸਾਫ਼ਰਾਂ ਦਾ ਗ਼ਦਰ ਪਾਰਟੀ ਨਾਲ ਸੰਬਧ ਜੋੜਦੀ ਸੀ। ਇਹ ਸੱਚ ਹੈ ਕਿ ਇਹ ਸਾਰੀ ਬੇਇਨਸਾਫ਼ੀ ਦੇਖ ਕੇ ਬਾਬਾ ਗੁਰਦਿੱਤ ਸਿੰਘ ਦਾ ਗ਼ਦਰ ਪਾਰਟੀ ਵੱਲ ਝੁਕਾਅ ਹੋਇਆ ਸੀ।"

"ਪਰ ਮੁੱਢਲੇ ਤੌਰ ''''ਤੇ ਉਹ ਗ਼ਦਰ ਪਾਰਟੀ ਦੀ ਹਥਿਆਰਬੰਦ ਸੰਘਰਸ਼ ਨੀਤੀ ਨਾਲ ਸਹਿਮਤ ਨਹੀਂ ਸਨ।"

ਗ਼ਦਰੀ ਬਾਬੇ ਜਿੱਥੇ ਅਮਰੀਕਾ ਵਿੱਚ ਵਸਦੇ ਪੰਜਾਬੀਆਂ ਨੂੰ ਭਾਰਤ ਵਿੱਚ ਹਥਿਆਰਬੰਦ ਸੰਘਰਸ਼ ਵਿੱਚ ਹਿੱਸਾ ਲੈਣ ਲਈ ਸੱਦਾ ਦੇ ਰਹੇ ਸਨ।

BBC
ਸਾਲ 2014 ਵਿੱਚ ਕੈਨੇਡਾ ਸਰਕਾਰ ਨੇ ਕਾਮਾਗਾਟਾ ਮਾਰੂ ਘਟਨਾ ਦੀ ਸ਼ਤਾਬਦੀ ਮੌਕੇ ਡਾਕ ਟਿਕਟ ਜਾਰੀ ਕੀਤਾ ਸੀ

ਬਾਬਾ ਗੁਰਦਿੱਤ ਸਿੰਘ ਉਨ੍ਹਾਂ ਦੇ ਉਲਟ ਭਾਰਤੀਆਂ ਨੂੰ ਅਮਰੀਕਾ-ਕੈਨੇਡਾ ਦੀਆਂ ਆਜ਼ਾਦ ਧਰਤੀਆਂ ਉੱਤੇ ਜਾ ਕੇ ਵਸਣ ਤੇ ਆਜ਼ਾਦ ਨਾਗਰਿਕ ਬਣਨ ਦਾ ਸੁਪਨਾ ਦੇ ਰਹੇ ਸਨ।

ਉਨ੍ਹਾਂ ਮੁਤਾਬਕ, "ਕੈਨੇਡਾ ਸਰਕਾਰ ਦੀ ਵਿਤਕਰੇਬਾਜ਼ੀ, ਬਰਤਾਨਵੀ ਸਾਮਰਾਜ ਦੀ ਆਪਣੀ ਹਿੰਦੁਸਤਾਨੀ ਪ੍ਰਜਾ ਪ੍ਰਤੀ ਧੋਖੇਬਾਜ਼ੀ ਅਤੇ ਬਜਬਜ ਘਾਟ ਉੱਤੇ ਪੁਲਿਸ ਦੇ ਜ਼ਬਰ ਨੇ ਬਾਬਾ ਗੁਰਦਿੱਤ ਸਿੰਘ ਨੂੰ ਗਦਰੀਆਂ ਦੀ ਸੋਚ ਦੇ ਨੇੜੇ ਲੈ ਆਂਦਾ।"

"ਪਰ ਫਿਰ ਵੀ ਉਨ੍ਹਾਂ ਉੱਤੇ ਕਾਂਗਰਸ ਦੀ ਰਾਸ਼ਟਰਵਾਦੀ ਨੀਤੀ ਦਾ ਵਧੇਰੇ ਪ੍ਰਭਾਵ ਰਿਹਾ ਅਤੇ ਮਹਾਤਮਾ ਗਾਂਧੀ ਦੀ ਸਲਾਹ ਨਾਲ ਹੀ ਉਨ੍ਹਾਂ ਨੇ ਨਵੰਬਰ 1921 ਵਿੱਚ 7 ਸਾਲ ਦੀ ਰੂਪੋਸ਼ੀ ਉਪਰੰਤ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ ਸੀ।"

ਕੌਣ ਸਨ ਗੁਰਦਿੱਤ ਸਿੰਘ ਸਰਹਾਲੀ

ਡਾ. ਸੁਮੇਲ ਸਿੰਘ ਸਿੱਧੂ ਦੱਸਦੇ ਹਨ ਕਿ 4 ਅਪ੍ਰੈਲ 1914 ਤੋਂ 29 ਸਤੰਬਰ 1914 ਤੱਕ ਦਾ ਪੂਰਾ ਘਟਨਾਕ੍ਰਮ ਜੋ ਕਾਮਾਗਾਟਾ ਮਾਰੂ ਜਹਾਜ਼ ਦੁਆਲੇ ਘੁੰਮਦਾ ਹੈ, ਉਸ ਦੇ ਮੁੱਖ ਧੁਰਾ ਗੁਰਦਿੱਤ ਸਿੰਘ ਸਰਹਾਲੀ ਸਨ।

ਉਨ੍ਹਾਂ ਦਾ ਜਨਮ 1859 ਵਿੱਚ ਤਰਨਤਾਰਨ ਦੇ ਸਰਹਾਲੀ ਪਿੰਡ ਵਿੱਚ ਹੋਇਆ, ਇਸੇ ਲਈ ਉਨ੍ਹਾਂ ਦੇ ਨਾਂ ਨਾਲ ਸਰਹਾਲੀ ਸ਼ਬਦ ਜੁੜ ਗਿਆ।

ਉਨ੍ਹਾਂ ਦੇ ਪਿਤਾ ਹੁਕਮ ਸਿੰਘ ਮਲਾਇਆ ਵਿੱਚ ਬਰਤਾਨਵੀਂ ਫੌਜ ਵਿੱਚ ਨੌਕਰੀ ਕਰਦੇ ਹਨ। ਜਦਕਿ ਉਨ੍ਹਾਂ ਦੇ ਦਾਦਾ ਨੇ ਵੀ ਅੰਗਰੇਜ਼ਾਂ ਦੀ ਸਿੱਖ ਰੈਜਮੈਂਟ ਵਿੱਚ ਵੀ ਨੌਕਰੀ ਕੀਤੀ ਸੀ।

ਗੁਰਦਿੱਤ ਸਿੰਘ ਦੇ ਚਾਚਾ ਅਜੀਤ ਸਿੰਘ ਹਾਂਗਕਾਂਗ ਦੀ ਲੜਾਈ ''''ਚ ਮਾਰੇ ਗਏ ਸਨ।

ਉਹ ਰਸਮੀ ਸਕੂਲ ਨਹੀਂ ਗਏ ਸਨ, ਉਨ੍ਹਾਂ ਘਰ ਵਿੱਚ ਹੀ ਗੁਰਮੁਖੀ ਪੜ੍ਹਨੀ ਤੇ ਲਿਖਣੀ ਸਿੱਖੀ। ਉਹ ਆਪਣੀ ਪਤਨੀ ਗੁਲਾਬ ਕੌਰ ਨਾਲ ਕਾਰੋਬਾਰ ਲਈ ਹਾਂਗਕਾਂਗ ਚਲੇ ਗਏ ਸਨ।

ਭਾਵੇਂ ਉਨ੍ਹਾਂ ਦਾ ਜਨਮ ਸਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਪਰ ਉਹ ਮਲਾਇਆ, ਸਿੰਘਾਪੁਰ ਅਤੇ ਹਾਂਗਕਾਂਗ ਇਲ਼ਾਕੇ ਦੇ ਕਾਰੋਬਾਰੀ ਬਣ ਗਏ ਸਨ।

ਉਨ੍ਹਾਂ ਨੂੰ ਕਿਸੇ ਕਾਨੂੰਨੀ ਪੈਰਵੀ ਦੇ ਸਿਲਸਿਲੇ ਵਿੱਚ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਆਉਣਾ ਪਿਆ ਸੀ।

ਇੱਥੇ ਉਨ੍ਹਾਂ ਦੀ ਮੁਲਾਕਾਤ ਹਾਂਗਕਾਂਗ ਗੁਰਦੁਆਰੇ ਦੇ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਨਾਲ ਹੋਈ। ਗਿਆਨੀ ਭਗਵਾਨ ਸਿੰਘ ਬਹੁਤ ਹੀ ਇਨਕਲਾਬੀ ਵਿਚਾਰਾਂ ਦੇ ਧਾਰਨੀ ਸਨ।

ਉਹ ਗ਼ਦਰ ਪਾਰਟੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ, ਇੱਥੇ ਗ਼ਦਰ ਪਾਰਟੀ ਦਾ ਗ਼ਦਰ ਅਖ਼ਬਾਰ ਪੜ੍ਹ ਕੇ ਸੁਣਾਇਆ ਜਾਂਦਾ ਸੀ।

ਹਾਂਗਕਾਂਗ ਵਿੱਚ ਭਾਰਤੀ ਰਸਾਲੇ ਨਾਲ ਸਬੰਧਤ ਫੌਜੀ ਵੀ ਇਸ ਗੁਰਦੁਆਰੇ ਵਿੱਚ ਆਉਂਦੇ ਸਨ, ਉਹ ਵੀ ਗਦਰ ਅਖ਼ਬਾਰ ਪਹਿਲਾਂ ਸੁਣਦੇ ਸਨ। ਇਸ ਕਾਰਨ ਉਨ੍ਹਾਂ ਦੇ ਗੁਰਦੁਆਰੇ ਆਉਣ ਉੱਤੇ ਪਾਬੰਦੀ ਲਗਾ ਦਿੱਤੀ ਗਈ।

ਸਰਕਾਰ ਨੇ ਕਾਮਾਗਾਟਾ ਮਾਰੂ ਘਟਨਾਕ੍ਰਮ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਿਠਾਈ, ਜਿਸ ਨੇ ਗੁਰਦਿੱਤ ਸਿੰਘ ਨੂੰ ਇਸਦਾ ਮੁੱਖ ਮੁਲਜ਼ਮ ਮੰਨਿਆ।

ਡਾ. ਗਿੱਲ ਆਖਦੇ ਹਨ, "ਬਾਬਾ ਗੁਰਦਿੱਤ ਸਿੰਘ ਨੇ ਬਰਤਾਨਵੀ ਬਸਤੀਵਾਦ ਦੀ ਬੇਇਨਸਾਫ਼ੀ ਨੂੰ ਉਸ ਵੇਲੇ ਵੰਗਾਰਿਆ ਜਦੋਂ ਇਸ ਦੀ ਮਹਿਮਾ ਦਾ ਸੂਰਜ ਸਿਖ਼ਰਾਂ ''''ਤੇ ਚਮਕਦਾ ਸੀ। ਇਹ ਦਲੇਰੀ ਉਸ ਵੇਲੇ ਕੇ ਕਿਸੇ ਹੋਰ ਰਾਸ਼ਟਰੀ ਨੇਤਾ ਨੇ ਨਹੀਂ ਦਿਖਾਈ ਸੀ।"

ਸਰਕਾਰੀ ਇਲਜ਼ਾਮਾਂ ਦੇ ਜਵਾਬ ਵਿੱਚ ਗੁਰਦਿੱਤ ਸਿੰਘ ਨੇ ਇੱਕ ਕਿਤਾਬ ਵੀ ਲਿਖੀ।

ਕੈਨੇਡਾ ਅਤੇ ਬਰਤਾਨਵੀ ਸਰਕਾਰ ਦੀ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨਾਲ ਬੇਇਨਸਾਫ਼ੀ ਦੀ ਦਾਸਤਾਨ ਨੂੰ ਬਾਬਾ ਗੁਰਦਿੱਤ ਸਿੰਘ ਨੇ ''''ਜ਼ੁਲਮੀ ਕਥਾ'''' ਨਾਮ ਦੀ ਪੁਸਤਕ ਵਿੱਚ ਦਰਜ ਕੀਤਾ ਹੈ।

ਬਾਅਦ ਵਿੱਚ ਇਤਿਹਾਸਕਾਰ ਦਰਸ਼ਨ ਸਿੰਘ ਤਾਤਲਾ ਨੇ ਇਸ ਨੂੰ ਮੁੜ ਛਪਵਾਇਆ।

ਲੋਕ ਮਾਰੂ ਕਾਨੂੰਨ ਤੇ ਕੌਮੀ ਅੰਦੋਲਨ

ਸੁਮੇਲ ਸਿੰਘ ਸਿੱਧੂ ਦੱਸਦੇ ਹਨ ਕਿ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਬੰਗਾਲ ਦੀ ਸਵਦੇਸ਼ੀ ਲਹਿਰ ਤੋਂ ਲੈ ਕੈ ਹਾਂਗਕਾਂਗ ਵਿੱਚ ਫੌਜੀਆਂ ਦੀਆਂ ਬਗਾਵਤਾਂ ਅਤੇ, ਪੰਜਾਬ ਤੇ ਯੂਪੀ ਦੇ ਇਨਕਲਾਬੀਆਂ ਤੇ ਗਦਰੀਆਂ ਦੇ ਤਾਲਮੇਲ ਨਾਲ ਜੋ ਗਤੀਵਿਧੀਆਂ ਚੱਲੀਆਂ, ਅਜਿਹੀਆਂ ਸਾਰੀਆਂ ਗਤੀਵਿਧੀਆਂ ਨੂੰ ਦਬਾਉਣ ਲਈ ਸਖ਼ਤ ਕਾਰਵਾਈਆਂ ਕੀਤੀਆਂ ਗਈਆਂ।

ਇਸ ਦੇ ਖਿਲਾਫ਼ ਰੌਲਟ ਐਕਟ ਵਰਗੇ ਦਮਨਕਾਰੀ ਕਾਨੂੰਨ ਲਿਆਂਦੇ ਗਏ। ਇਸ ਤਹਿਤ ਫੌਜ ਨੂੰ ਬੇਇੰਤਹਾ ਅਧਿਕਾਰ ਦੇ ਦਿੱਤੇ ਗਏ। ਇਸੇ ਵਿੱਚੋਂ ਜੱਲ੍ਹਿਆਂਵਾਲਾ ਬਾਗ ਦਾ ਸਾਕਾ ਨਿਕਲਦਾ ਹੈ।

ਲੋਕ ਵਿਰੋਧੀ ਕਾਨੂੰਨਾਂ ਖਿਲਾਫ਼ ਫੇਰ ਕੌਮੀ ਪੱਧਰ ਉੱਤੇ ਮੋਹਨ ਦਾਸ ਕਰਮ ਚੰਦ ਗਾਂਧੀ ਦੀ ਅਗਵਾਈ ਵਿੱਚ ਅੰਦੋਲਨ ਲੜਿਆ ਗਿਆ।

ਇਸ ਵਿੱਚ ਵੱਡਾ ਅੰਤਰ ਇਹ ਆਇਆ ਕਿ ਇਹ ਅੰਦੋਲਨ ਹਥਿਆਰਬੰਦ ਦੀ ਥਾਂ ਅਹਿੰਸਕ ਤਰੀਕੇ ਨਾਲ ਅੱਗੇ ਵਧਿਆ।

ਕਾਮਾਗਾਟਾ ਮਾਰੂ ਦੀ ਘਟਨਾ ਨੂੰ ਪੰਜਾਬੀਆਂ ਨੇ ਕੌਮਾਂਤਰੀ ਪੱਧਰ ਉੱਤੇ ਫੈਲਾਇਆ, ਅੰਗਰੇਜ਼ ਸਰਕਾਰ ਦਾ ਉਨ੍ਹਾਂ ਵੱਲ ਰਵੱਈਆ, ਨਸਲੀ ਵਿਤਕਰੇ ਦਾ ਜੋ ਉਨ੍ਹਾਂ ਸਾਹਮਣਾ ਕੀਤਾ ਉਸ ਨਾਲ ਰਾਜਸੀ ਚੇਤਨਾ ਹੋਰ ਪ੍ਰਚੰਡ ਹੋਈ।

ਪੰਜਾਬ ਵਿੱਚ ਬਜਬਜ ਘਾਟ ਦੇ ਸਾਕੇ ਨੇ ਨਵੀਂ ਚੇਤਨਾ ਭਰੀ ਅਤੇ ਅੰਗਰੇਜ਼ਾਂ ਨਾਲ ਮਿਲ ਕੇ ਚੱਲਣ ਵਾਲੀ ਚੀਫ਼ ਖਾਲਸਾ ਦੀਵਾਨ ਵਰਗੀ ਲੀਡਰਸ਼ਿਪ ਦਾ ਵਿਰੋਧ ਹੋਇਆ।

ਗ਼ਦਰ ਪਾਰਟੀ ਦਾ ਹਿੱਸਾ ਹੋਣ ਦੇ ਨਾਲ ਨਾਲ ਕਾਮਾਗਾਟਾ ਮਾਰੂ ਦੇ ਸਾਕੇ ਦੀ ਘਟਨਾ ਇੱਕ ਵੱਖਰੀ ਹੋਂਦ ਸੀ। ਇਹ ਇੱਕ ਅਜਿਹੀ ਘਟਨਾ ਸੀ, ਜਿਸ ਨੇ ਪੰਜਾਬ ਵਿੱਚ ਰਾਜਸੀ ਚੇਤਨਾ ਅਤੇ ਆਜ਼ਾਦੀ ਦੇ ਅੰਦੋਲਨ ਦੀ ਧਾਰ ਨੂੰ ਹੋਰ ਤਿੱਖਾ ਕੀਤਾ।

ਟਰੂਡੋ ਦੀ ਮੁਆਫ਼ੀ

ਕਾਮਾਗਾਟਾ ਮਾਰੂ ਦੀ ਘਟਣਾ ਨੂੰ ਨਸਲੀ ਵਿਤਕਰਾ ਦੱਸਦੇ ਹੋਏ ਭਾਰਤੀ ਪਰਵਾਸੀ ਲੋਕ ਲਗਾਤਾਰ ਇਸ ਕਾਂਡ ਲਈ ਕੈਨੇਡਾ ਸਰਕਾਰ ਤੋਂ ਮਾਫ਼ੀ ਦੀ ਮੰਗ ਕਰਦੇ ਰਹੇ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2016 ਵਿੱਚ ਪਹਿਲੀ ਵਾਰ ਇਸ ਦੁਖਾਂਤ ਲਈ ਕੈਨੇਡਾ ਦੀ ਸਰਕਾਰ ਤਰਫ਼ੋ ਮੁਆਫ਼ੀ ਮੰਗੀ ਸੀ।

ਸੀ , "ਅੱਜ, ਜਦੋਂ ਇਹ ਜਾਣਦੇ ਹੋਏ ਕਿ ਕੋਈ ਵੀ ਸ਼ਬਦ ਯਾਤਰੀਆਂ ਵੱਲੋਂ ਅਨੁਭਵ ਕੀਤੇ ਗਏ ਦਰਦ ਅਤੇ ਦੁੱਖ ਨੂੰ ਪੂਰੀ ਤਰ੍ਹਾਂ ਮਿਟਾ ਨਹੀਂ ਸਕਦਾ।"

"ਮੈਂ ਉਸ ਵੇਲੇ ਲਾਗੂ ਕਾਨੂੰਨਾਂ ਲਈ ਸਰਕਾਰ ਵੱਲੋਂ ਇਮਾਨਦਾਰੀ ਨਾਲ ਮੁਆਫ਼ੀ ਮੰਗਦਾ ਹਾਂ ਜਿਸ ਨੇ ਕੈਨੇਡਾ ਨੂੰ ਕਾਮਾਗਾਟਾ ਮਾਰੂ ਦੇ ਯਾਤਰੀਆਂ ਦੀ ਦੁਰਦਸ਼ਾ ਪ੍ਰਤੀ ਉਦਾਸੀਨ ਰਹਿਣ ਦਿੱਤਾ ਸੀ।"

"ਅਸੀਂ ਆਪਣੇ ਅਤੀਤ ਦੀਆਂ ਗ਼ਲਤੀਆਂ ਤੋਂ ਸਿੱਖਿਆ ਹੈ ਅਤੇ ਸਿੱਖਦੇ ਰਹਾਂਗੇ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਦੇ ਵੀ ਨਾ ਦੁਹਰਾਇਆ ਜਾਵੇ।"


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)