ਮੋਗਾ : ''''ਮੇਰੀ ਧੀ ਨੇ ਬਲਾਤਕਾਰ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਤਾਂ ਉਸਨੂੰ ਸਟੇਡੀਅਮ ਦੀ ਛੱਤ ਤੋਂ ਡੇਗ ਦਿੱਤਾ'''' -ਗਰਾਊਂਡ ਰਿਪੋਰਟ

08/17/2022 4:45:41 PM

ਬਾਰ੍ਹਵੀਂ ਵਿੱਚ ਪੜ੍ਹਦੀ ਇੱਕ ਕੁੜੀ ਨਾਲ ਜ਼ਬਰ-ਜਿਨਾਹ ਦੀ ਕੋਸ਼ਿਸ਼ ਕੀਤੇ ਜਾਣ ਅਤੇ ਵਿਰੋਧ ਕਰਨ ਉੱਤੇ ਸਟੇਡੀਅਮ ਦੀ ਛੱਤ ਤੋਂ ਥੱਲੇ ਸੁੱਟੇ ਜਾਣ ਦੀ ਘਟਨਾ ਸਾਹਮਣੇ ਆਈ ਹੈ।

ਇਹ ਵਾਰਦਾਤ ਪੰਜਾਬ ਦੇ ਮੋਗਾ ਵਿਚ ਵਾਪਰੀ ਹੈ। ਪੀੜਤ ਕੁੜੀ ਦੇ ਪਰਿਵਾਰ ਦਾ ਪਿਛੋਕੜ ਉੱਤਰ ਪ੍ਰਦੇਸ਼ ਹੈ। ਘਟਨਾ ਦੌਰਾਨ ਕੁੜੀ ਦੀਆਂ ਦੋਵੇਂ ਲੱਤਾਂ ਅਤੇ ਜਬਾੜਾ ਟੁੱਟ ਗਿਆ ਹੈ।

ਸਥਾਨਕ ਪੁਲਿਸ ਮੁਤਾਬਕ ਘਟਨਾ 12 ਅਗਸਤ ਦੇਰ ਸ਼ਾਮ ਨੂੰ ਮੋਗਾ ਸ਼ਹਿਰ ਵਿਚ ਬਣੇ ਅੰਤਰਰਾਸ਼ਟਰੀ ਇੰਡੋਰ ਸਟੇਡੀਅਮ ਦੀ ਛੱਤ ਨੇੜੇ ਬਣੀਆਂ ਪੌੜੀਆਂ ਉਪਰ ਵਾਪਰੀ ਦੱਸੀ ਗਈ ਹੈ। ਇਸ ਸੰਬੰਧ ਵਿਚ ਪੁਲਿਸ ਨੇ 16 ਅਗਸਤ ਨੂੰ ਮਾਮਲਾ ਦਰਜ ਕੀਤਾ।

ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਪੀੜਤ ਲੜਕੀ ਸੜਕ ਹਾਦਸੇ ਦਾ ਸ਼ਿਕਾਰ ਹੋਈ ਹੈ।

ਪਰਿਵਾਰ ਵਾਲਿਆਂ ਨੇ ਦੱਸਿਆ ਕਿ ਇਹ ਲੜਕੀ ਬਾਸਕਟਬਾਲ ਦੀ ਖਿਡਾਰਨ ਹੈ, ਅਤੇ ਕੋਚਿੰਗ ਲੈਣ ਲਈ ਵੀ ਉਹ ਅਕਸਰ ਹੀ ਸਟੇਡੀਅਮ ਜਾਂਦੀ ਸੀ।

ਪੀੜਤ ਲੜਕੀ ਨੂੰ ਪਹਿਲਾਂ ਗੰਭੀਰ ਹਾਲਤ ਵਿੱਚ ਮੋਗਾ ਦੇ ਡਾ਼ ਮਥਰਾ ਦਾਸ ਪਾਹਵਾ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।

ਬਾਅਦ ਵਿੱਚ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਲਈ ਰੈਫ਼ਰ ਕਰ ਦਿੱਤਾ ਸੀ।

ਅਣਪਛਾਤੇ ਵਿਅਕਤੀ ਨੇ ਦਿੱਤੀ ਪਰਿਵਾਰ ਨੂੰ ਇਤਲਾਹ

ਮਾਡਲ ਥਾਣਾ ਸਿਟੀ ਮੋਗਾ ਦੇ ਸਟੇਸ਼ਨ ਹਾਊਸ ਅਫ਼ਸਰ (ਐੱਸਐੱਚਓ) ਦਲਜੀਤ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਮੁੱਢਲੇ ਦੌਰ ਵਿੱਚ ਹਸਪਤਾਲ ਤੋਂ ਵੀ ਪੁਲੀਸ ਨੂੰ ਇਹੀ ਇਤਲਾਹ ਮਿਲੀ ਸੀ ਤੇ ਲੜਕੀ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਈ ਹੈ।

ਐੱਸਐੱਚਓ ਮੁਤਾਬਕ ਮਾਮਲੇ ਦੀ ਅਸਲੀਅਤ ਉਸ ਵੇਲੇ ਸਾਹਮਣੇ ਆਈ, ਜਦੋਂ ਲੜਕੀ ਦੇ ਪਿਤਾ ਸ਼ਿਵ ਨਾਥ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਦਾ ਤਿੰਨ ਜਣਿਆਂ ਨੇ ਕਥਿਤ ਤੌਰ ''''ਤੇ ਜਿਣਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ ਸੀ।

ਪੁਲਿਸ ਨੂੰ ਦਰਜ ਕਰਵਾਏ ਗਏ ਬਿਆਨਾਂ ਵਿੱਚ ਪੀੜਤ ਲੜਕੀ ਦੇ ਪਿਤਾ ਨੇ ਕਿਹਾ ਹੈ ਕਿ ਲੜਕੀ ਮੋਗਾ ਸ਼ਹਿਰ ਦੇ ਇਕ ਨਿੱਜੀ ਸਕੂਲ ਵਿੱਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ।

"ਉਹ ਹਰ ਰੋਜ਼ ਟਿਊਸ਼ਨ ਪੜ੍ਹਨ ਤੋਂ ਬਾਅਦ ਸ਼ਾਮ ਨੂੰ 6.30 ਵਜੇ ਦੇ ਕਰੀਬ ਘਰ ਪਰਤ ਆਉਂਦੀ ਸੀ ਪਰ ਬਾਰਾਂ ਅਗਸਤ ਦੀ ਸ਼ਾਮ ਨੂੰ ਉਹ ਸਮੇਂ ਸਿਰ ਘਰ ਨਹੀਂ ਪੁੱਜੀ ਸੀ।"

"ਇਸ ਮਗਰੋਂ ਸਾਢੇ ਸੱਤ ਵਜੇ ਦੇ ਕਰੀਬ ਕਿਸੇ ਅਣਪਛਾਤੇ ਵਿਅਕਤੀ ਨੇ ਟੈਲੀਫ਼ੋਨ ਕਰਕੇ ਮੈਨੂੰ ਦੱਸਿਆ ਕਿ ਤੁਹਾਡੀ ਲੜਕੀ ਦੇ ਗੋਧੇਵਾਲਾ ਸਥਿਤ ਬਣੇ ਸਟੇਡੀਅਮ ਵਿਚ ਸੱਟਾਂ ਲੱਗੀਆਂ ਹਨ ਅਤੇ ਉਹ ਗੰਭੀਰ ਜ਼ਖ਼ਮੀ ਹੈ।"

ਪੀੜਤ ਕੁੜੀ ਦੇ ਪਿਤਾ ਦੇ ਇਨ੍ਹਾਂ ਬਿਆਨਾਂ ਨੂੰ ਪੰਜਾਬ ਪੁਲਿਸ ਨੇ ਮੁੱਢਲੀ ਜਾਣਕਾਰੀ ਰਿਪੋਰਟ ਦਾਇਰ ਕਰਨ ਲਈ ਅਧਾਰ ਬਣਾਇਆ ਹੈ।

:

ਪੁਲਿਸ ਦਾ ਕਹਿਣਾ ਹੈ ਕਿ ਪੀੜਤ ਲੜਕੀ ਦੇ ਪਿਤਾ ਨੇ ਦੱਸਿਆ ਹੈ ਕਿ ਫ਼ੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਸੀ ਕਿ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਾ ਰਿਹਾ ਹੈ।

ਪਿਤਾ ਮੁਤਾਬਕ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਦੱਸਿਆ ਕਿ ਲੜਕੀ ਦੀਆਂ ਦੋਵੇਂ ਲੱਤਾਂ ਟੁੱਟ ਚੁੱਕੀਆਂ ਹਨ ਅਤੇ ਜਬਾੜਾ ਵੀ ਟੁੱਟਿਆ ਹੋਇਆ ਹੈ।

ਪੁਲਿਸ ਮੁਤਾਬਕ ਹਸਪਤਾਲ ਤੋਂ ਮਿਲੀ ਸੂਚਨਾ ਤੋਂ ਬਾਅਦ 14 ਅਗਸਤ ਨੂੰ ਜਦੋਂ ਪੁਲਸ ਦੀ ਇਕ ਟੀਮ ਪੀੜਤਾ ਦੇ ਬਿਆਨ ਕਲਮਬੰਦ ਕਰਨ ਲਈ ਹਸਪਤਾਲ ਪੁੱਜੀ ਸੀ ਤਾਂ ਡਾਕਟਰਾਂ ਨੇ ਕਿਹਾ ਸੀ ਕਿ ਲੜਕੀ ਬੋਲਣ ਦੀ ਸਮਰੱਥਾ ਵਿੱਚ ਨਹੀਂ ਹੈ।

ਇਸ ਸੰਦਰਭ ਵਿੱਚ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਇਕ ਵੱਖਰੀ ਕਹਾਣੀ ਵੀ ਦੱਸੀ ਹੈ।

ਐੱਫਆਈਆਰ ਵਿੱਚ ਪਿਤਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਕੀ ਦੀ ਮੋਗਾ ਸ਼ਹਿਰ ਦੇ ਹੀ ਰਹਿਣ ਵਾਲੇ ਜਤਿਨ ਕੰਡਾ ਨਾਮ ਦੇ ਇੱਕ ਨੌਜਵਾਨ ਨਾਲ ਦੋਸਤੀ ਹੈ।

ਬੋਲਣ ਦੀ ਸਥਿਤੀ ਵਿੱਚ ਨਹੀਂ ਹੈ ਪੀੜਤਾ

ਪੁਲੀਸ ਅਧਿਕਾਰੀ ਦਲਜੀਤ ਸਿੰਘ ਨੇ ਦੱਸਿਆ ਕੇ ਪਰਿਵਾਰ ਵਾਲਿਆਂ ਇਲਜ਼ਾਮ ਹੈ ਕਿ ਜਤਿਨ ਕੰਡਾ ਨੇ ਹੀ ਲੜਕੀ ਨੂੰ ਕਥਿਤ ਤੌਰ ''''ਤੇ ਟੈਲੀਫ਼ੋਨ ਕਰਕੇ ਸਟੇਡੀਅਮ ਵਿੱਚ ਸੱਦਿਆ ਸੀ।

ਪੁਲਿਸ ਵਲੋਂ ਦਰਜ ਰਿਪੋਰਟ ਵਿਚ ਕੁੜੀ ਦੇ ਪਿਤਾ ਨੇ ਲਿਖਵਾਇਆ ਹੈ, "ਜਦੋਂ ਮੇਰੀ ਲੜਕੀ ਸਟੇਡੀਅਮ ਵਿੱਚ ਪੁੱਜੀ ਤਾਂ ਉਥੇ ਜਤਿਨ ਕੰਡਾ ਦੇ ਨਾਲ ਦੋ ਹੋਰ ਅਣਪਛਾਤੇ ਵਿਅਕਤੀ ਵੀ ਹਾਜ਼ਰ ਸਨ। ਲੜਕੀ ਦੇ ਉੱਥੇ ਪਹੁੰਚਦਿਆਂ ਹੀ ਇਨ੍ਹਾਂ ਨੇ ਲੜਕੀ ਨਾਲ ਕਥਿਤ ਤੌਰ ''''ਤੇ ਧੱਕਾ ਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ।''''''''

"ਇਸ ਮਗਰੋਂ ਇਨ੍ਹਾਂ ਨੇ ਮੇਰੀ ਲੜਕੀ ਨੂੰ ਸਟੇਡੀਅਮ ਦੀ ਛੱਤ ਤੋਂ ਥੱਲੇ ਸੁੱਟ ਦਿੱਤਾ।"

ਪੀੜਤ ਲੜਕੀ ਇਸ ਵੇਲੇ ਡੀਐਮਸੀ ਲੁਧਿਆਣਾ ਵਿਖੇ ਦਾਖਲ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਉਹ ਬੋਲਣ ਦੇ ਸਮਰੱਥ ਹੋਵੇਗੀ, ਉਸ ਵੇਲੇ ਹੀ ਉਹ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾ ਸਕੇਗੀ।

ਉਧਰ ਮੋਗਾ ਪੁਲਸ ਵੱਲੋਂ ਜਤਿਨ ਕੰਡਾ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 307, 376, 511 ਅਤੇ 34 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਐੱਸਐੱਚਓ ਦਲਜੀਤ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਇਸ ਸੰਬੰਧ ਵਿਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਜਾ ਸਕੀ ਹੈ।

ਮੁਲਜ਼ਮ ਦਾ ਫੋਨ ਬੰਦ, ਪਰਿਵਾਰ ਘਰੋਂ ਬਾਹਰ

ਉਧਰ, ਜਦੋਂ ਪੁਲੀਸ ਵੱਲੋਂ ਇਸ ਮਾਮਲੇ ਵਿਚ ਮੁਲਜ਼ਮ ਬਣਾਏ ਗਏ ਜਤਿਨ ਕੰਡਾ ਦੇ ਘਰ ਜਾ ਕੇ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਘਰ ਵਿਚ ਇਕ ਬਜ਼ੁਰਗ ਮੌਜੂਦ ਸਨ।

ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ "ਮੈਂ ਬਿਮਾਰ ਹਾਂ।" ਇਸ ਤੋਂ ਇਲਾਵਾ ਕੋਈ ਵੀ ਪਰਿਵਾਰਕ ਮੈਂਬਰ ਘਰ ਵਿੱਚ ਨਹੀਂ ਸੀ।

ਆਂਢ ਗੁਆਂਢ ਦੇ ਘਰਾਂ ਤੋਂ ਜਦੋਂ ਇਸ ਪਰਿਵਾਰ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ। ਦੂਜੇ ਪਾਸੇ ਜਤਿਨ ਕੰਡਾ ਅਤੇ ਉਨ੍ਹਾਂ ਦੇ ਪਿਤਾ ਦਾ ਮੋਬਾਇਲ ਫੋਨ ਲਗਾਤਾਰ ਬੰਦ ਜਾ ਰਿਹਾ ਸੀ।

''''ਮੈਨੂੰ ਤਾਂ ਆਸ ਸੀ ਕਿ ਮੇਰੀ ਬੇਟੀ ਖੇਡਾਂ ਵਿੱਚ ਮੱਲਾਂ ਮਾਰੇਗੀ''''

"ਉੱਚ ਪੁਲਿਸ ਅਧਿਕਾਰੀਆਂ ਦੀ ਹਦਾਇਤ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਬਣਾਈ ਗਈ ਹੈ। ਮੁਲਜ਼ਮਾਂ ਨੂੰ ਫੜਨ ਲਈ ਵੱਖ-ਵੱਖ ਥਾਵਾਂ ''''ਤੇ ਛਾਪੇ ਮਾਰੇ ਜਾ ਰਹੇ ਹਨ।"

ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਲੜਕੀ ਬੋਲਣ ਵੀ ਹਾਲਤ ਵਿੱਚ ਹੋ ਜਾਵੇਗੀ, ਉਸ ਵੇਲੇ ਲੜਕੀ ਦੇ ਵੱਖਰੇ ਤੌਰ ''''ਤੇ ਬਿਆਨ ਰਿਕਾਰਡ ਕਰ ਲਏ ਜਾਣਗੇ।

ਉਧਰ, ਡੀਐਮਸੀ ਵਿੱਚ ਦਾਖ਼ਲ ਆਪਣੀ ਧੀ ਦਾ ਇਲਾਜ ਕਰਵਾ ਰਹੇ ਪਿਤਾ ਨੇ ਕਿਹਾ, "ਮੈਨੂੰ ਆਪਣੇ ਧੀ ਦੇ ਇਲਾਜ ਲਈ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਸਰਕਾਰੀ ਸਹਾਇਤਾ ਨਹੀਂ ਮਿਲੀ ਹੈ। ਮੇਰੇ ਤਿੰਨ ਬੱਚੇ ਹਨ, ਜਿਨਾਂ ਵਿੱਚੋਂ ਮੇਰੀ ਬੇਟੀ ਵੱਡੀ ਹੈ ਉਸ ਤੋਂ ਛੋਟੇ ਦੋ ਬੇਟੇ ਹਨ।"

"ਮੈਨੂੰ ਤਾਂ ਆਸ ਸੀ ਕਿ ਮੇਰੀ ਬੇਟੀ ਖੇਡਾਂ ਵਿੱਚ ਮੱਲਾਂ ਮਾਰ ਕੇ ਅਤੇ ਚੰਗੀ ਪੜ੍ਹਾਈ ਕਰ ਕੇ ਕੋਈ ਨੌਕਰੀ ਕਰ ਕੇ ਪਰਿਵਾਰ ਦਾ ਸਹਾਰਾ ਬਣੇਗੀ ਪਰੰਤੂ ਪਾਪੀਆਂ ਨੇ ਮੇਰੇ ਸੁਪਨਿਆ ''''ਤੇ ਪਾਣੀ ਫੇਰ ਦਿੱਤਾ ਹੈ।"

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)