ਦਲਿਤ ਬੱਚੇ ਦੀ ਮੌਤ: ਕਥਿਤ ਉੱਚੀ ਜਾਤ ਦੇ ਅਧਿਆਪਕ ਨੇ ਆਪਣੇ ਘੜੇ ਵਿਚੋਂ ਪਾਣੀ ਪੀਣ ਕਾਰਨ ਕੀਤੀ ਸੀ ਕੁੱਟਮਾਰ- ਮਾਪਿਆਂ ਦਾ ਇਲਜ਼ਾਮ

08/16/2022 5:45:39 PM

ਰਾਜਸਥਾਨ ਦੇ ਜਾਲੌਰ ਜ਼ਿਲੇ ਵਿੱਚ 9 ਸਾਲ ਦੇ ਇੱਕ ਦਲਿਤ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਪ੍ਰਸ਼ਾਸਨ ਦੇ ਨਾਲ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਦਾ ਸਮਝੌਤਾ ਹੋ ਗਿਆ ਹੈ। ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪੰਜਾਹ ਲੱਖ ਮੁਆਵਜ਼ੇ ਤੋਂ ਬਾਅਦ ਸਹਿਮਤੀ ਬਣੀ ਹੈ।

ਇਸ ਨਾਲ ਸਰਕਾਰ ਵੱਲੋਂ ਆਖਿਆ ਗਿਆ ਹੈ ਕਿ ਮ੍ਰਿਤਕ ਵਿਦਿਆਰਥੀ ਦੇ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇਗੀ।

ਇਸ ਤੋਂ ਬਾਅਦ ਮ੍ਰਿਤਕ ਵਿਦਿਆਰਥੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਐਤਵਾਰ ਬਾਅਦ ਦੁਪਹਿਰ ਮ੍ਰਿਤਕ ਦੇਹ ਪਿੰਡ ਪਹੁੰਚੀ ਸੀ।

ਪਰਿਵਾਰ ਦੇ ਗੰਭੀਰ ਇਲਜ਼ਾਮ

ਦਰਅਸਲ ਇਲਜ਼ਾਮ ਹਨ ਕਿ ਦਲਿਤ ਬੱਚੇ ਇੰਦਰ ਕੁਮਾਰ ਮੇਘਵਾਲ ਦੀ ਮੌਤ ਇੱਕ ਨਿੱਜੀ ਸਕੂਲ ਦੇ ਅਧਿਆਪਕ ਵੱਲੋਂ ਬੱਚੇ ਨਾਲ ਹੋਈ ਕੁੱਟਮਾਰ ਤੋਂ ਬਾਅਦ ਹੋਈ ਹੈ।

ਇਸ ਕੁੱਟਮਾਰ ਦਾ ਕਥਿਤ ਕਾਰਨ ਬੱਚੇ ਵੱਲੋਂ ਅਧਿਆਪਕ ਦੇ ਲਈ ਰੱਖੇ ਗਏ ਘੜੇ ਵਿੱਚੋਂ ਪਾਣੀ ਪੀਣਾ ਦੱਸਿਆ ਗਿਆ ਹੈ।

ਬੱਚੇ ਦੀ ਕੁੱਟਮਾਰ ਤੋਂ ਬਾਅਦ ਪਰਿਵਾਰ ਵੱਲੋਂ ਬੱਚੇ ਦਾ ਵੱਖ ਵੱਖ ਹਸਪਤਾਲਾਂ ਵਿੱਚ ਤਕਰੀਬਨ 23 ਦਿਨ ਇਲਾਜ ਕਰਵਾਇਆ ਗਿਆ।

ਜਿਸ ਤੋਂ ਬਾਅਦ ਸ਼ਨੀਵਾਰ 13 ਅਗਸਤ ਨੂੰ ਬੱਚੇ ਦੀ ਅਹਿਮਦਾਬਾਦ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ।

ਜਿਸ ਅਧਿਆਪਕ ਉੱਪਰ ਇਹ ਇਲਜ਼ਾਮ ਲੱਗੇ ਹਨ, ਉਸ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।

ਹਾਲਾਂਕਿ ਸਥਾਨਕ ਪੁਲਿਸ ਪ੍ਰਸ਼ਾਸਨ ਮੁਤਾਬਕ ਹੁਣ ਤੱਕ ਘੜੇ ਵਿੱਚੋਂ ਪਾਣੀ ਪੀਣ ਅਤੇ ਉਸ ਕਾਰਨ ਹੋਈ ਕੁੱਟਮਾਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਕੀ ਹੈ ਸਾਰਾ ਮਾਮਲਾ

ਰਾਜਸਥਾਨ ਦੇ ਜਾਲੌਰ ਵਿਧਾਨ ਸਭਾ ਦੇ ਸਾਇਲਾ ਤਹਿਸੀਲ ਦੇ ਸਾਲਾਨਾ ਪਿੰਡ ਵਿੱਚ ਸਰਸਵਤੀ ਸਕੂਲ ਹੈ। ਇਸ ਨਿੱਜੀ ਸਕੂਲ ਦੀ ਤੀਜੀ ਜਮਾਤ ਵਿੱਚ ਹੀ 9 ਸਾਲ ਦਾ ਦਲਿਤ ਬੱਚਾ ਇੰਦਰ ਕੁਮਾਰ ਮੇਘਵਾਲ ਵਿਦਿਆਰਥੀ ਸੀ।

ਇਹ ਇਲਜ਼ਾਮ ਹਨ ਕਿ ਸਕੂਲ ਦੇ ਸੰਚਾਲਕ ਅਤੇ ਅਧਿਆਪਕ ਛੈਲ ਸਿੰਘ ਨੇ 20 ਜੁਲਾਈ ਨੂੰ ਬੱਚੇ ਦੀ ਕੁੱਟਮਾਰ ਕੀਤੀ ਸੀ। ਇਸ ਕੁੱਟਮਾਰ ਤੋਂ ਬਾਅਦ ਬੱਚੇ ਦੇ ਕੰਨ ਅਤੇ ਅੱਖ ਵਿੱਚ ਸੱਟ ਵੱਜੀ।

ਪੁਲਿਸ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਵਿੱਚ ਪਰਿਵਾਰ ਨੇ ਲਿਖਿਆ ਹੈ,"ਰੋਜ਼ ਵਾਂਗੂੰ 20 ਜੁਲਾਈ ਨੂੰ ਵੀ ਸਾਡਾ ਬੱਚਾ ਸਕੂਲ ਗਿਆ ਸੀ। ਤਕਰੀਬਨ 11 ਵਜੇ ਜਦੋਂ ਉਸ ਨੂੰ ਪਿਆਸ ਲੱਗੀ ਤਾਂ ਉਸ ਨੇ ਘੜੇ ਵਿੱਚੋਂ ਪਾਣੀ ਪੀ ਲਿਆ।"

"ਉਹ ਅਣਜਾਣ ਸੀ ਅਤੇ ਉਸ ਨੂੰ ਨਹੀਂ ਪਤਾ ਸੀ ਕਿ ਇਹ ਘੜਾ ਉੱਚੀ ਜਾਤੀ ਦੇ ਮਾਸਟਰ ਛੈਲ ਸਿੰਘ ਵਾਸਤੇ ਰੱਖਿਆ ਹੋਇਆ ਸੀ।"

"ਛੈਲ ਸਿੰਘ ਨੇ ਬੱਚੇ ਨੂੰ ਕਿਹਾ ਕਿ ਨੀਵੀਂ ਜਾਤੀ ਦਾ ਹੋ ਕੇ ਸਾਡੇ ਘੜੇ ਵਿੱਚੋਂ ਪਾਣੀ ਕਿਉਂ ਪੀਤਾ ਅਤੇ ਫਿਰ ਉਸ ਨੂੰ ਕੁੱਟਿਆ। ਇਸ ਕੁੱਟਮਾਰ ਤੋਂ ਬਾਅਦ ਉਸ ਦੇ ਖੱਬੇ ਕੰਨ ਅਤੇ ਅੱਖ ਤੇ ਸੱਟ ਵੱਜੀ।"

ਇਸ ਕੁੱਟਮਾਰ ਤੋਂ ਬਾਅਦ ਪਰਿਵਾਰ ਨੇ 23 ਦਿਨਾਂ ਤੱਕ ਬੱਚੇ ਨੂੰ ਵੱਖ ਵੱਖ ਜਗ੍ਹਾ ਤੇ ਇਲਾਜ ਲਈ ਭਰਤੀ ਕਰਵਾਇਆ ਪਰ ਉਸ ਦੀ ਹਾਲਤ ਵਿੱਚ ਸੁਧਾਰ ਨਹੀਂ ਹੋਇਆ। ਇਸ ਬਾਅਦ ਵਿਦਿਆਰਥੀ ਨੂੰ ਉਦੈਪੁਰ ਦੇ ਹਸਪਤਾਲ ਤੋਂ ਅਹਿਮਦਾਬਾਦ ਭੇਜਿਆ ਗਿਆ।

ਉਥੇ ਦੋ ਦਿਨ ਭਰਤੀ ਰਹਿਣ ਤੋਂ ਬਾਅਦ ਬੱਚੇ ਨੇ 13 ਅਗਸਤ ਨੂੰ ਦਮ ਤੋੜ ਦਿੱਤਾ। ਮ੍ਰਿਤਕ ਬੱਚਾ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ।

ਮੌਤ ਤੋਂ ਬਾਅਦ ਸਥਾਨਕ ਮੀਡੀਆ ਰਿਪੋਰਟ ਅਤੇ ਸੋਸ਼ਲ ਮੀਡੀਆ ਉੱਤੇ ਅਧਿਆਪਕ ਨੂੰ ਇਸ ਮੌਤ ਲਈ ਜ਼ਿੰਮੇਵਾਰ ਦੱਸਿਆ ਜਾਣ ਲੱਗਾ। 13 ਅਗਸਤ ਨੂੰ ਪੀੜਿਤ ਪਰਿਵਾਰ ਨੇ ਸਾਇਲਾ ਪੁਲਸ ਥਾਣੇ ਵਿੱਚ ਅਧਿਆਪਕ ਛੈਲ ਸਿੰਘ ਖਿਲਾਫ਼ ਸ਼ਿਕਾਇਤ ਕੀਤੀ।

ਮ੍ਰਿਤਕ ਬੱਚੇ ਦੇ ਚਾਚਾ ਕਿਸ਼ੋਰ ਕੁਮਾਰ ਮੇਘਵਾਲ ਦੀ ਸ਼ਿਕਾਇਤ ਤੋਂ ਬਾਅਦ ਅਧਿਆਪਕ ਦੇ ਖ਼ਿਲਾਫ਼ ਗੰਭੀਰ ਧਾਰਾਵਾਂ ਲਗਾ ਕੇ ਐੱਫਆਈਆਰ ਦਰਜ ਕੀਤੀ ਗਈ ਹੈ।

ਪਾਣੀ ਪੀਣ ਕਾਰਨ ਹੋਈ ਸੀ ਕੁੱਟਮਾਰ

ਮ੍ਰਿਤਕ ਬੱਚੇ ਦੇ ਮਾਮਾ ਮੀਠਾਲਾਲ ਮੇਘਵਾਲ ਨੇ ਬੀਬੀਸੀ ਨੂੰ ਫੋਨ ਤੇ ਦੱਸਿਆ ,"ਬੱਚੇ ਨੂੰ ਦੱਸਿਆ ਸੀ ਕਿ ਪਾਣੀ ਪੀਣ ਤੋਂ ਬਾਅਦ ਹੀ ਛੈਲ ਸਿੰਘ ਨੇ ਉਸ ਨੂੰ ਕੁੱਟਿਆ ਹੈ।"

ਜਲੌਰ ਦੇ ਐੱਸਪੀ ਹਰਸ਼ਵਰਧਨ ਅਗਰਵਾਲ ਨੇ ਬੀਬੀਸੀਨੂੰ ਫੋਨ ਤੇ ਦੱਸਿਆ,"ਘੜੇ ਵਾਲੀ ਗੱਲ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਹੈ। ਮੈਂ ਸਕੂਲ ਗਿਆ ਸੀ ਅਤੇ ਉਥੇ ਕਲਾਸ ਦੇ ਬਾਹਰ ਵੱਡਾ ਟੈਂਕ ਲੱਗਿਆ ਹੋਇਆ ਹੈ।

ਪਾਣੀ ਪੀਣ ਲਈ ਟੂਟੀਆਂ ਵੀ ਲੱਗੀਆਂ ਹਨ ਅਤੇ ਇਹ ਸਕੂਲ ਅੱਠਵੀਂ ਤੱਕ ਹੈ। ਮੈਂ ਸਕੂਲ ਦੇ ਬੱਚਿਆਂ ਤੋਂ ਵੀ ਪੁੱਛਿਆ ਪਰ ਉਨ੍ਹਾਂ ਨੇ ਕਿਹਾ ਕਿ ਘੜਾ ਨਹੀਂ ਹੈ। ਇਹ ਮਾਮਲਾ ਜਾਂਚ ਦਾ ਵਿਸ਼ਾ ਹੈ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ।"

ਐੱਫਆਈਆਰ ਦਰਜ ਹੋਣ ਤੋਂ ਬਾਅਦ ਮੁਲਜ਼ਮ ਅਧਿਆਪਕ ਛੈਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।

ਐੱਸਪੀ ਹਰਸ਼ ਵਰਧਨ ਨੇ ਦੱਸਿਆ,"ਛੈਲ ਸਿੰਘ ਨੇ ਹੁਣ ਤੱਕ ਦੀ ਪੱਛਗਿੱਛ ਵਿੱਚ ਪੁਲਿਸ ਨੂੰ ਦੱਸਿਆ ਹੈ ਕਿ ਬੱਚਾ ਕਲਾਸ ਵਿੱਚ ਸ਼ਰਾਰਤ ਕਰ ਰਿਹਾ ਸੀ। ਇਸ ਤੋਂ ਬਾਅਦ ਥੱਪੜ ਮਾਰਿਆ ਗਿਆ। ਛੈਲ ਸਿੰਘ ਵੱਲੋਂ ਪਾਣੀ ਪੀਣ ਦੇ ਕਾਰਨ ਤੋਂ ਇਨਕਾਰ ਕੀਤਾ ਗਿਆ ਹੈ।"

ਥੱਪੜ ਤੋਂ ਬਾਅਦ ਬੱਚੇ ਦੀ ਹਾਲਤ ਗੰਭੀਰ ਕਿਵੇਂ ਹੋਏ,ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਆਖਿਆ ਕਿ ਫਿਲਹਾਲ ਬੱਚੇ ਦੀ ਪੋਸਟਮਾਰਟਮ ਰਿਪੋਰਟ ਨਹੀਂ ਆਈ ਹੈ, ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨ ਦਾ ਪਤਾ ਲੱਗੇਗਾ।

ਇੱਕ ਸਥਾਨਕ ਪੱਤਰਕਾਰ ਓਮ ਪ੍ਰਕਾਸ਼ ਦਾਅਵਾ ਕਰ ਰਹੇ ਹਨ ਕਿ ਇਹ ਘਟਨਾ ਬੱਚੇ ਦੇ ਘੜੇ ਵਿੱਚੋਂ ਪਾਣੀ ਪੀਣ ਕਾਰਨ ਹੀ ਹੋਈ ਹੈ।

ਦਲਿਤ ਵਿਦਿਆਰਥੀ ਦੇ ਪਿਤਾ ਅਤੇ ਅਧਿਆਪਕ ਛੈਲ ਸਿੰਘ ਦਰਮਿਆਨ ਗੱਲਬਾਤ ਦੀ ਇਕ ਆਡੀਓ ਟੇਪ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਇਲਾਜ ਵਿਚ ਸਹਾਇਤਾ ਦੀ ਗੱਲ ਕਰ ਰਹੇ ਹਨ।

ਇਸ ਆਡੀਓ ਵਿੱਚ ਵੀ ਕੁੱਟਮਾਰ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।


ਵੀਡੀਓ ਵਿੱਚ ਬੱਚਾ ਗੰਭੀਰ ਨਜ਼ਰ ਆਇਆ

13 ਅਗਸਤ ਦੀ ਦੇਰ ਸ਼ਾਮ ਦੋ ਵੀਡਿਓ ਸਾਹਮਣੇ ਆਏ ਹਨ। ਇਨ੍ਹਾਂ ਵੀਡੀਓ ਵਿੱਚ ਬੱਚਾ ਗੰਭੀਰ ਨਜ਼ਰ ਆਇਆ। ਪਰਿਵਾਰ ਵਾਲੇ ਬੱਚੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਬੋਲ ਨਹੀਂ ਸਕਿਆ।

ਬੱਚੇ ਦੀਆਂ ਅੱਖਾਂ ਬੰਦ ਹਨ ਅਤੇ ਉਹ ਦਰਦ ਨਾਲ ਤੜਫ ਰਿਹਾ ਸੀ। ਇਹ ਵੀਡੀਓ ਬੱਚੇ ਨੂੰ ਹਸਪਤਾਲ ਲੈ ਕੇ ਜਾਣ ਦੇ ਮੌਕੇ ਪਰਿਵਾਰ ਨੇ ਬਣਾਇਆ ਸੀ।

ਬੱਚੇ ਨੂੰ ਆਕਸੀਜਨ ਲੱਗੀ ਹੋਈ ਸੀ ਅਤੇ ਖੱਬੀ ਅੱਖ ਸੁੱਜੀ ਸੀ।

ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਪਰਿਵਾਰ ਬੱਚੇ ਨਾਲ ਗੱਲ ਕਰਦੇ ਹੋਏ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਸਨੂੰ ਕਿਸਨੇ ਕੁੱਟਿਆ ਹੈ। ਇਸ ਵੀਡੀਓ ਵਿੱਚ ਬੱਚਾ ਲੰਮਾ ਪਿਆ ਹੈ, ਅੱਖਾਂ ਬੰਦ ਹਨ ਅਤੇ ਨਜ਼ਦੀਕ ਕੁਝ ਦਵਾਈਆਂ ਹਨ ।

ਪਰਿਵਾਰ ਪੁੱਛ ਰਿਹਾ ਹੈ ਕਿ ਸੱਟ ਕਿਵੇਂ ਵੱਜੇ ਬੱਚਾ ਕੁਝ ਨਹੀਂ ਬੋਲ ਸਕਿਆ।ਜਦੋਂ ਪਰਿਵਾਰ ਵਾਲੇ ਪੁੱਛਦੇ ਹਨ ਕਿ ਮਾਸਟਰ ਸਾਹਿਬ ਨੇ ਥੱਪੜ ਮਾਰਿਆ ਤਾਂ ਬੱਚਾ ਥੋੜ੍ਹੀ ਜਿਹੀ ਧੌਣ ਹਿਲਾ ਦਿੰਦਾ ਹੈ। ਜਦੋਂ ਪਰਿਵਾਰ ਪੁੱਛਦਾ ਹੈ ਕਿ ਕਿੱਥੇ ਥੱਪੜ ਮਾਰਿਆ ਤਾਂ ਬੱਚਾ ਨੀਮ ਬੇਹੋਸ਼ੀ ਵਿੱਚ ਉਂਗਲਾਂ ਨਾਲ ਕੰਨ ਵੱਲ ਇਸ਼ਾਰਾ ਕਰਦਾ ਹੈ।

ਬੱਚੇ ਦੇ ਮਾਮਾ ਮੀਠਾਲਾਲ ਨੇ ਬੀਬੀਸੀ ਨੂੰ ਫੋਨ ''''ਤੇ ਦੱਸਿਆ ਕਿ ਬੱਚੇ ਦੇ ਕੰਨ ਵਿੱਚ ਦਰਦ ਹੋ ਰਿਹਾ ਸੀ। ਉਸ ਨੂੰ ਇਲਾਜ ਲਈ ਬਗਾੜਾ, ਭੀਣਮਨ, ਮਹਿਸਾਨਾ, ਉਦੈਪੁਰ ਅਤੇ ਫਿਰ ਅਹਿਮਦਾਬਾਦ ਲੈ ਕੇ ਗਏ। 13 ਅਗਸਤ ਨੂੰ ਬੱਚੇ ਨੇ ਦਮ ਤੋੜ ਦਿੱਤਾ।

ਮੁਲਜ਼ਮ ਅਧਿਆਪਕ ਉਤੇ ਕਤਲ ਦਾ ਕੇਸ

20 ਜੁਲਾਈ ਨੂੰ ਵਾਪਰੀ ਇਸ ਘਟਨਾ ਦੇ 23 ਦਿਨ ਬਾਅਦ ਪਰਿਵਾਰ ਦੀ ਸ਼ਿਕਾਇਤ ''''ਤੇ ਐੱਫਆਈਆਰ ਦਰਜ ਹੋਈ ਹੈ। ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪਰਿਵਾਰ ਵੱਲੋਂ ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਐੱਸਪੀ ਹਰਸ਼ਵਰਧਨ ਅਗਰਵਾਲ ਨੇ ਦੱਸਿਆ," ਮੁਲਜ਼ਮ ਅਧਿਆਪਕ ਦੇ ਖ਼ਿਲਾਫ਼ ਗੰਭੀਰ ਧਾਰਾਵਾਂ ਲਗਾਈਆਂ ਗਈਆਂ ਹਨ। ਇਨ੍ਹਾਂ ਵਿੱਚ 302 (ਹੱਤਿਆ),ਐੱਸਸੀ ਐੱਸਟੀ ਐਕਟ ਦੇ ਤਹਿਤ ਐੱਫਆਈਆਰ ਦਰਜ ਕਰ ਕੇ ਛੈਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।"

"ਸਾਡੀ ਜਾਣਕਾਰੀ ਵਿੱਚ ਮਾਮਲਾ 11ਅਗਸਤ ਨੂੰ ਆਇਆ ਹੈ। ਪਰਿਵਾਰ ਵੱਲੋਂ ਪਹਿਲਾਂ ਸ਼ਿਕਾਇਤ ਨਹੀਂ ਦਿੱਤੀ ਗਈ।

ਸਾਇਲਾ ਐਸਐਚਓ ਨੇ ਪਰਿਵਾਰ ਨੂੰ ਸੰਪਰਕ ਕੀਤਾ ਸੀ ਤਾਂ ਬੱਚੇ ਦੇ ਪਿਤਾ ਅਹਿਮਦਾਬਾਦ ਹਸਪਤਾਲ ਵਿੱਚ ਸਨ। ਉਨ੍ਹਾਂ ਨੇ ਆਖਿਆ ਸੀ ਕਿ ਮੈਂ ਆ ਕੇ ਸ਼ਿਕਾਇਤ ਦਰਜ ਕਰਾ ਦੂੰਗਾ।"

ਬੱਚੇ ਦੀ ਮੌਤ ਬਾਅਦ ਜ਼ਿਲੇ ਦੇ ਪੁਲਸ ਅਲਰਟ ਹੈ।ਜਗ੍ਹਾ ਜਗ੍ਹਾ ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ ਅਤੇ 13 ਅਗਸਤ ਰਾਤ ਅੱਠ ਵਜੇ ਤੋਂ ਬਾਅਦ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

ਸਮਾਜਿਕ ਸੰਗਠਨਾਂ ਨੇ ਇਸ ਘਟਨਾ ਦਾ ਵਿਰੋਧ ਕਰ ਰਹੇ ਹਨ।

ਘਟਨਾ ਤੋਂ ਬਾਅਦ ਰਾਜਨੀਤੀ

ਬਹੁਜਨ ਸਮਾਜ ਪਾਰਟੀ ਰਾਜਸਥਾਨ ਵਲੋਂ ਇਸ ਘਟਨਾ ਦੇ ਵਿਰੋਧ ਵਿੱਚ 16 ਅਗਸਤ ਨੂੰ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਮੈਮੋਰੰਡਮ ਦਿੱਤੇ ਜਾ ਰਹੇ ਹਨ।

ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਇਸ ਘਟਨਾ ਤੇ ਦੁੱਖ ਜਤਾਇਆ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਉਨ੍ਹਾਂ ਨੇ ਕੇਸ ਆਫਿਸਰ ਸਕੀਮ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।

ਮੁੱਖ ਮੰਤਰੀ ਵੱਲੋਂ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।

ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਆਖਿਆ ਕਿ ਰਾਜਸਥਾਨ ਸਰਕਾਰ ਦਲਿਤਾਂ ਆਦਿਵਾਸੀਆਂ ਦੀ ਇੱਜ਼ਤ ਆਬਰੂ ਸੁਰੱਖਿਅਤ ਰੱਖਣ ਵਿੱਚ ਨਾਕਾਮ ਹੈ।

ਰਾਜਸਥਾਨ ਭਾਜਪਾ ਮੁਖੀ ਸਤੀਸ਼ ਪੂਨੀਆ ਨੇ ਆਖਿਆ ਹੈ,"ਰਾਜਸਥਾਨ ਪਿਛਲੇ ਸਾਢੇ ਤਿੰਨ ਸਾਲਾਂ ਦਲਿਤਾਂ ਖਿਲਾਫ ਅੱਤਿਆਚਾਰ ਦੀਆਂ ਘਟਨਾਵਾਂ ਨਾਲ ਜੂਝ ਰਿਹਾ ਹੈ।

ਜਦੋਂ ਸਰਕਾਰ ਕਮਜ਼ੋਰ ਹੁੰਦਿਆਂ ਤਾਂ ਮੁੱਖ ਮੰਤਰੀ ਵੀ ਕਮਜ਼ੋਰ ਹੁੰਦਾ ਹੈ ਅਤੇ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ।"

ਰਾਜਸਥਾਨ ਦੇ ਗ੍ਰਹਿ ਮੰਤਰੀ ਰਾਜਿੰਦਰ ਸਿੰਘ ਯਾਦਵ ਨੇ ਵੀ ਬਿਆਨ ਕਰਕੇ ਇਸ ਘਟਨਾ ਤੇ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਕਿਹਾ,"ਮਨੁੱਖਤਾ ਦੇ ਨਾਮ ਤੇ ਕਲੰਕ ਇਸ ਅਧਿਆਪਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਈ ਜਾਵੇਗੀ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)