ਜਦੋਂ ਅਟਲ ਬਿਹਾਰੀ ਵਾਜਪਾਈ ਨੇ ਨਹਿਰੂ ਦੀ ਤਸਵੀਰ ਆਪਣੇ ਦਫ਼ਤਰ ''''ਚ ਮੁੜ ਲਗਵਾਈ ਸੀ

08/16/2022 1:00:40 PM

Getty Images

ਜਨਵਰੀ 1997 ਦੀ ਇੱਕ ਠੰਢੀ ਸ਼ਾਮ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ''''ਚ ਵਿਰੋਧੀ ਧਿਰ ਦੇ ਆਗੂਆਂ ਦੀ ਇੱਕ ਰੈਲੀ ਸੀ। ਰੈਲੀ ਤਾਂ 4 ਵਜੇ ਹੀ ਸ਼ੁਰੂ ਹੋ ਗਈ ਸੀ ਪਰ ਅਟਲ ਬਿਹਾਰੀ ਵਾਜਪਾਈ ਦੀ ਬੋਲਣ ਦੀ ਵਾਰੀ ਆਉਣ ਤੱਕ ਰਾਤ ਦੇ ਸਾਢੇ ਨੌਂ ਵੱਜ ਗਏ ਸਨ।

ਜਿਵੇਂ ਹੀ ਉਹ ਬੋਲਣ ਲਈ ਉੱਠੇ, ਉੱਥੇ ਮੌਜੂਦ ਹਜ਼ਾਰਾਂ ਲੋਕ ਵੀ ਖੜ੍ਹੇ ਹੋ ਕੇ ਤਾੜੀਆਂ ਮਾਰਨ ਲੱਗੇ। ਵਾਜਪਾਈ ਨੇ ਦੋਵੇਂ ਹੱਥ ਚੁੱਕ ਕੇ ਤਾੜੀਆਂ ਸ਼ਾਂਤ ਕੀਤੀਆਂ। ਅੱਖਾਂ ਬੰਦ ਕੀਤੀਆਂ ਤੇ ਇਹ ਸਤਰ ਪੜ੍ਹੀ, ''''ਬਾਅਦ ਮੁੱਦਤ ਕੇ ਮਿਲੇ ਹੈਂ ਦੀਵਾਨੇ...'''' ਅਤੇ ਫਿਰ ਜ਼ਰਾ ਠਹਿਰੇ। ਲੋਕ ਆਪੇ ਤੋਂ ਬਾਹਰ ਹੋ ਰਹੇ ਸਨ। ਵਾਜਪਾਈ ਨੇ ਅੱਖਾਂ ਬੰਦ ਕੀਤੀਆਂ ਤੇ, ਜ਼ਰਾ ਰੁਕੇ ਅਤੇ ਫ਼ਿਰ ਸਤਰ ਨੂੰ ਪੂਰਾ ਕੀਤਾ, ''''ਕਹਿਨੇ ਸੁਨਨੇ ਕੋ ਬਹੁਤ ਹੈਂ ਅਫ਼ਸਾਨੇ।''''

(ਭਾਰਤ ਦੇ ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਅਟਲ ਬਿਹਾਰੀ ਵਾਜਪਈ ਦੀ ਬਰਸੀ ਮੌਕੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ਨਾਲ ਜੁੜੀਆਂ ਕੁਝ ਅਹਿਮ ਗੱਲਾਂ ਤੇ ਕੁਝ ਦਿਲਚਸਪ ਕਿੱਸੇ ਇੱਥੇ ਤੁਹਾਡੇ ਨਾਲ ਸਾਂਝੇ ਕੀਤੇ ਜਾ ਰਹੇ ਹਨ।)

ਇਸ ਵਾਰ ਤਾੜੀਆਂ ਹੋਰ ਲੰਮੇ ਵਕਫ਼ੇ ਤੱਕ ਵਜਦੀਆਂ ਰਹੀਆਂ ਜਦੋਂ ਸ਼ੋਰ ਮੱਠਾ ਹੋਇਆ ਤਾਂ ਵਾਜਪਾਈ ਨੇ ਇੱਕ ਹੋਰ ਲੰਮਾ ਸਾਹ ਲਿਆ ਤੇ ਦੋ ਹੋਰ ਸਤਰਾਂ ਪੜ੍ਹੀਆਂ, ''''ਖੁੱਲ੍ਹੀ ਹਵਾ ਮੇਂ ਜ਼ਰਾ ਸਾਂਸ ਤੋ ਲੇ ਲੇਂ, ਕਬ ਤਕ ਰਹੇਗੀ ਆਜ਼ਾਦੀ ਕੌਨ ਜਾਨੇ?''''

ਉਸ ਜਲਸੇ ਵਿੱਚ ਹਾਜ਼ਰ ਸੀਨੀਅਰ ਪੱਤਰਕਾਰ ਤਵਲੀਨ ਸਿੰਘ ਦੱਸਦੇ ਹਨ ਕਿ ਇਹ ਸ਼ਾਇਦ ''''ਵਿੰਟੇਜ ਵਾਜਪਾਈ'''' ਸੀ। ਤਵਲੀਨ ਸਿੰਘ ਦੇ ਮੁਤਾਬਕ, "ਹਜ਼ਾਰਾਂ ਲੋਕ ਕੜਾਕੇ ਦੀ ਠੰਢ ਤੇ ਕਿਣਮਿਣ ਵਿੱਚ ਵਾਜਪਾਈ ਨੂੰ ਸੁਣਨ ਲਈ ਇਕੱਠੇ ਹੋਏ ਸਨ। ਉਹ ਵੀ ਅਜਿਹੇ ਸਮੇਂ ਕਿ ਜਦੋਂ ਸਰਕਾਰ ਨੇ ਲੋਕਾਂ ਨੂੰ ਰੈਲੀ ''''ਚ ਜਾਣ ਤੋਂ ਰੋਕਣ ਦੇ ਇਰਾਦੇ ਨਾਲ ਦੂਰਦਰਸ਼ਨ ਉੱਤੇ 1973 ਦੀ ਹਿੱਟ ਫ਼ਿਲਮ ''''ਬੌਬੀ'''' ਚਲਾ ਦਿੱਤੀ ਸੀ।

:

ਫਿਲਮ ਦਾ ਕੋਈ ਪ੍ਰਭਾਵ ਨਹੀਂ ਪਿਆ ਅਤੇ ਲੋਕਾਂ ਨੇ ''''ਬੌਬੀ'''' ਤੇ ਵਾਜਪਾਈ ਵਿਚੋਂ ਵਾਜਪਾਈ ਨੂੰ ਚੁਣਿਆ। ਉਸ ਰਾਤ ਉਨ੍ਹਾਂ ਨੇ ਸਾਬਿਤ ਕੀਤਾ ਕਿ ਵਾਜਪਾਈ ਨੂੰ ਐਵੇਂ ਹੀ ਨਹੀਂ ਭਾਰਤੀ ਰਾਜਨੀਤੀ ਦਾ ਸਰਵੋਤਮ ਬੁਲਾਰਾ ਮੰਨਿਆ ਜਾਂਦਾ ਹੈ।"

ਭਾਰਤੀ ਸੰਸਦ ਦੇ ਸਰਵੋਤਮ ਬੁਲਾਰੇ

ਲੋਕ ਸਭਾ ਦੇ ਸਾਬਕਾ ਸਪੀਕਰ (1956-62) ਅਨੰਤਸ਼ਾਇਨਮ ਅਇੰਗਰ ਨੇ ਇੱਕ ਵਾਰ ਕਿਹਾ ਸੀ ਕਿ ਲੋਕ ਸਭਾ ਵਿਚ ਅੰਗ੍ਰੇਜ਼ੀ ''''ਚ ਹੀਰੇਨ ਮੁਖਰਜੀ ਤੇ ਹਿੰਦੀ ''''ਚ ਅਟਲ ਬਿਹਾਰੀ ਵਾਜਪਾਈ ਤੋਂ ਚੰਗਾ ਬੁਲਾਰਾ ਕੋਈ ਨਹੀਂ ਹੈ।

ਜਦੋਂ ਵਾਜਪਾਈ ਦੇ ਕਰੀਬੀ ਮਿੱਤਰ ਅੱਪਾ ਘਟਾਟੇ ਨੇ ਉਨ੍ਹਾਂ ਨੂੰ ਇਹ ਗੱਲ ਦੱਸੀ ਤਾਂ ਵਾਜਪਾਈ ਨੇ ਜ਼ੋਰ ਨਾਲ ਹੱਸਦਿਆਂ ਕਿਹਾ, "ਤਾਂ ਫ਼ਿਰ (ਅਇੰਗਰ) ਮੈਨੂੰ ਬੋਲਣ ਕਿਉਂ ਨਹੀਂ ਦਿੰਦਾ?"

ਵਾਜਪਾਈ ਉਸ ਜ਼ਮਾਨੇ ਵਿੱਚ ਬੈਕਬੈਂਚਰ ਹੁੰਦੇ ਸਨ ਪਰ ਨਹਿਰੂ ਵਾਜਪਾਈ ਵੱਲੋਂ ਚੁੱਕੇ ਮੁੱਦਿਆਂ ਨੂੰ ਬਹੁਤ ਧਿਆਨ ਨਾਲ ਸੁਣਦੇ ਸਨ।

ਨਹਿਰੂ ਸਨ ਵਾਜਪਾਈ ਦੇ ਮੁਰੀਦ

ਕਿੰਗਸ਼ੁਕ ਨਾਗ ਨੇ ਆਪਣੀ ਕਿਤਾਬ ''''ਅਟਲ ਬਿਹਾਰੀ ਵਾਜਪਾਈ - ਏ ਮੈਨ ਫਾਰ ਆਲ ਸੀਜ਼ਨਜ਼'''' ਵਿੱਚ ਲਿਖਦੇ ਹਨ ਕਿ ਇੱਕ ਵਾਰ ਨਹਿਰੂ ਨੇ ਭਾਰਤ ਆਏ ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਵਾਜਪਾਈ ਨਾਲ ਮਿਲਵਾਉਂਦਿਆਂ ਕਿਹਾ, "ਇਨ੍ਹਾਂ ਨੂੰ ਮਿਲੋ। ਇਹ ਵਿਰੋਧੀ ਧਿਰ ਦੇ ਉੱਭਰਦੇ ਹੋਏ ਨੌਜਵਾਨ ਆਗੂ ਹਨ। ਇਹ ਹਮੇਸ਼ਾ ਸਾਡੀ ਨਿਖੇਧੀ ਕਰਦੇ ਹਨ ਪਰ ਮੈਂ ਇਨ੍ਹਾਂ ਵਿੱਚ ਭਵਿੱਖ ਲਈ ਕਈ ਸੰਭਾਵਨਾਵਾਂ ਵੇਖਦਾ ਹਾਂ।"

ਇੱਕ ਵਾਰ ਕਿਸੇ ਹੋਰ ਵਿਦੇਸ਼ੀ ਮਹਿਮਾਨ ਨਾਲ ਨਹਿਰੂ ਨੇ ਵਾਜਪਾਈ ਦੀ ਪਛਾਣ ਭਵਿੱਖ ਦੇ ਸੰਭਾਵਤ ਪ੍ਰਧਾਨ ਮੰਤਰੀ ਵਜੋਂ ਕਰਵਾਈ ਸੀ। ਵਾਜਪਾਈ ਦੇ ਮਨ ਵਿੱਚ ਵੀ ਨਹਿਰੂ ਲਈ ਬਹੁਤ ਇੱਜ਼ਤ ਸੀ।

ਸਾਊਥ ਬਲਾਕ ਵਿਚ ਨਹਿਰੂ ਦੀ ਤਸਵੀਰ ਮੁੜ ਲਵਾਈ

ਸਾਲ 1977 ''''ਚ ਵਿਦੇਸ਼ ਮੰਤਰੀ ਵਜੋਂ ਆਪਣੇ ਕਾਰਜਭਾਰ ਸੰਭਾਲਣ ਤੋਂ ਬਾਅਦ ਸਾਊਥ ਬਲਾਕ ਵਿਚ ਆਪਣੇ ਦਫ਼ਤਰ ਪਹੁੰਚੇ ਤਾਂ ਉਨ੍ਹਾਂ ਨੇ ਨੋਟ ਕੀਤਾ ਕਿ ਕੰਧ ਤੋਂ ਨਹਿਰੂ ਦੀ ਇੱਕ ਤਸਵੀਰ ਗ਼ਾਇਬ ਸੀ।

ਕਿੰਗਸ਼ੁਕ ਨਾਗ ਦੱਸਦੇ ਹਨ ਕਿ ਉਨ੍ਹਾਂ ਨੇ ਤੁਰੰਤ ਆਪਣੇ ਸਕੱਤਰ ਨੂੰ ਪੁੱਛਿਆ ਕਿ ਉਹ ਚਿੱਤਰ ਕਿੱਥੇ ਗਿਆ। ਅਸਲ ਵਿਚ ਅਧਿਕਾਰੀਆਂ ਨੇ ਇਹ ਸੋਚ ਕੇ ਉਹ ਚਿੱਤਰ ਹਟਾ ਦਿੱਤਾ ਸੀ ਕਿ ਸ਼ਾਇਦ ਉਸਨੂੰ ਵੇਖ ਕੇ ਵਾਜਪਾਈ ਖੁਸ਼ ਨਹੀਂ ਹੋਣਗੇ।

Getty Images

ਵਾਜਪਾਈ ਨੇ ਆਦੇਸ਼ ਜਾਰੀ ਕੀਤਾ ਕਿ ਉਸ ਚਿੱਤਰ ਨੂੰ ਉਸਦੀ ਪੁਰਾਣੀ ਥਾਂ ਉੱਤੇ ਵਾਪਸ ਲਾਇਆ ਜਾਵੇ।

ਚਸ਼ਮਦੀਦ ਦੱਸਦੇ ਹਨ ਕਿ ਜਦੋਂ ਵਾਜਪਾਈ ਉਸ ਕੁਰਸੀ ਉੱਤੇ ਬੈਠੇ ਜਿਸ ''''ਤੇ ਨਹਿਰੂ ਬੈਠਦੇ ਸਨ ਤਾਂ ਉਨ੍ਹਾਂ ਦੇ ਮੂਹੋਂ ਨਿਕਲਿਆ, "ਮੈਂ ਕਦੇ ਸੁਫ਼ਨਿਆਂ ਵਿੱਚ ਵੀ ਨਹੀਂ ਸੋਚਿਆ ਸੀ ਕਿ ਕਿਸੇ ਦਿਨ ਇਸ ਕੁਰਸੀ ਉੱਤੇ ਬੈਠਾਂਗਾ।"

ਉਨ੍ਹਾਂ ਨੇ ਨਹਿਰੂ ਦੀ ਵਿਦੇਸ਼ ਨੀਤੀ ''''ਚ ਕੋਈ ਖਾਸ ਪਰਿਵਰਤਨ ਨਹੀਂ ਕੀਤਾ।

ਭਾਸ਼ਣਾਂ ਤੋਂ ਪਹਿਲਾਂ ਕਰਦੇ ਸੀ ਬਹੁਤ ਮਿਹਨਤ

ਵਾਜਪਾਈ ਦੇ ਨਿੱਜੀ ਸਕੱਤਰ ਰਹੇ ਸ਼ਕਤੀ ਸਿਨਹਾ ਦੱਸਦੇ ਹਨ ਕਿ ਜਨਤਕ ਭਾਸ਼ਣਾਂ ਲਈ ਵਾਜਪਾਈ ਕੋਈ ਖ਼ਾਸ ਤਿਆਰੀ ਨਹੀਂ ਸਨ ਕਰਦੇ ਪਰ ਲੋਕ ਸਭਾ ਦੇ ਭਾਸ਼ਣ ਲਈ ਖ਼ਾਸੀ ਮਸ਼ੱਕਤ ਕਰਦੇ ਸਨ।

ਸ਼ਕਤੀ ਮੁਤਾਬਕ, "ਸੰਸਦ ਦੀ ਲਾਇਬ੍ਰੇਰੀ ਤੋਂ ਕਿਤਾਬਾਂ, ਰਸਾਲੇ ਤੇ ਅਖ਼ਬਾਰ ਮੰਗਵਾ ਕੇ ਵਾਜਪਾਈ ਦੇਰ ਰਾਤ ਤੱਕ ਆਪਣੇ ਭਾਸ਼ਣ ''''ਤੇ ਕੰਮ ਕਰਦੇ ਸਨ। ਉਹ ਪੁਆਇੰਟ ਬਣਾਉਂਦੇ ਸਨ ਅਤੇ ਫ਼ਿਰ ਉਨ੍ਹਾਂ ''''ਤੇ ਵਿਚਾਰ ਕਰਦੇ ਸਨ। ਉਹ ਪੂਰਾ ਭਾਸ਼ਣ ਕਦੇ ਨਹੀਂ ਲਿਖਦੇ ਸਨ ਪਰ ਉਨ੍ਹਾਂ ਦੇ ਦਿਮਾਗ ''''ਚ ਪੂਰਾ ਖ਼ਾਕਾ ਤਿਆਰ ਹੁੰਦਾ ਸੀ ਕਿ ਉਨ੍ਹਾਂ ਨੇ ਅਗਲੇ ਦਿਨ ਲੋਕ ਸਭਾ ਵਿਚ ਕੀ-ਕੀ ਬੋਲਣਾ ਹੈ।"

ਮੈਂ ਸ਼ਕਤੀ ਸਿਨਹਾ ਨੂੰ ਪੁੱਛਿਆ, "ਵਾਜਪਾਈ ਪ੍ਰਧਾਨ ਮੰਤਰੀ ਹੋਣ ਵੇਲੇ 15 ਅਗਸਤ ਦਾ ਲਾਲ ਕਿਲ੍ਹੇ ਤੋਂ ਭਾਸ਼ਣ ਕਾਗ਼ਜ਼ ''''ਤੋਂ ਪੜ੍ਹ ਕੇ ਕਿਉਂ ਦਿੰਦੇ ਸਨ?''''''''

ਉਨ੍ਹਾਂ ਦਾ ਜਵਾਬ ਸੀ ਕਿ ਵਾਜਪਾਈ ਲਾਲ ਕਿਲ੍ਹੇ ਦੀ ਫ਼ਸੀਲ ''''ਤੋਂ ਕੋਈ ਗੱਲ ਲਾਪਰਵਾਹੀ ਨਾਲ ਨਹੀਂ ਕਹਿਣਾ ਚਾਹੁੰਦੇ ਸਨ। ਉਸ ਮੰਚ ਲਈ ਉਨ੍ਹਾਂ ਦੇ ਮਨ ਵਿੱਚ ਪਵਿੱਤਰਤਾ ਦੀ ਭਾਵਨਾ ਸੀ।

Getty Images
ਵਾਜਪਾਈ ਲਾਲ ਕਿਲ੍ਹੇ ਦੀ ਫ਼ਸੀਲ ''''ਤੋਂ ਕੋਈ ਗੱਲ ਲਾਪਰਵਾਹੀ ਨਾਲ ਨਹੀਂ ਕਹਿਣਾ ਚਾਹੁੰਦੇ ਸਨ। ਉਸ ਮੰਚ ਲਈ ਉਨ੍ਹਾਂ ਦੇ ਮਨ ਵਿਚ ਪਵਿੱਤਰਤਾ ਦੀ ਭਾਵਨਾ ਸੀ।

ਉਨ੍ਹਾਂ ਦੱਸਿਆ, "ਅਸੀਂ ਅਕਸਰ ਉਨ੍ਹਾਂ ਨੂੰ ਕਹਿੰਦੇ ਸੀ ਕਿ ਤੁਸੀਂ ਉਸ ਤਰ੍ਹਾਂ ਹੀ ਬੋਲੋ ਜਿਵੇਂ ਹਰ ਥਾਂ ਬੋਲਦੇ ਹੋ ਪਰ ਉਹ ਸਾਡੀ ਗੱਲ ਨਹੀਂ ਮੰਨਦੇ ਸਨ। ਇਹ ਵੀ ਨਹੀਂ ਸੀ ਕਿ ਉਹ ਕਿਸੇ ਹੋਰ ਦਾ ਲਿਖਿਆ ਭਾਸ਼ਣ ਪੜ੍ਹਦੇ ਸਨ। ਅਸੀਂ ਉਨ੍ਹਾਂ ਨੂੰ ਇਨਪੁਟ ਦਿੰਦੇ ਸੀ ਤੇ ਉਹ ਉਸਨੂੰ ਕੱਟ-ਵੱਢ ਕੇ ਆਪਣੇ ਭਾਸ਼ਣ ਵਿੱਚ ਸ਼ਾਮਲ ਕਰਦੇ ਸਨ।"

ਅਡਵਾਨੀ ਨੂੰ ਕਿਉਂ ਸੀ ਹੀਣ ਭਾਵਨਾ?

ਵਾਜਪਾਈ ਦੇ ਕਰੀਬੀ ਰਹੇ ਲਾਲ ਕ੍ਰਿਸ਼ਨ ਅਡਵਾਨੀ ਨੇ ਇੱਕ ਵਾਰ ਬੀਬੀਸੀ ਨੂੰ ਦੱਸਿਆ ਸੀ ਕਿ ਅਟਲ ਜੀ ਦੇ ਭਾਸ਼ਣਾਂ ਨੂੰ ਸੁਣ ਕੇ ਉਹ ਹਮੇਸ਼ਾ ਹੀ ਹੀਣਭਾਵਨਾ ਦੇ ਸ਼ਿਕਾਰ ਰਹੇ।

ਅਡਵਾਨੀ ਨੇ ਦੱਸਿਆ ਸੀ, "ਜਦੋਂ ਅਟਲ ਜੀ ਚਾਰ ਸਾਲ ਤਕ ਭਾਰਤੀ ਜਨ ਸੰਘ ਦੇ ਰਾਸ਼ਟਰੀ ਪ੍ਰਧਾਨ ਸਨ ਤਾਂ ਉਨ੍ਹਾਂ ਨੇ ਮੈਨੂੰ ਪ੍ਰਧਾਨਗੀ ਦੀ ਪੇਸ਼ਕਸ਼ ਕੀਤੀ। ਮੈਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਮੈਨੂੰ ਹਜ਼ਾਰਾਂ ਦੀ ਭੀੜ ਸਾਹਮਣੇ ਤੁਹਾਡੇ ਵਾਂਗ ਭਾਸ਼ਣ ਦੇਣਾ ਨਹੀਂ ਆਉਂਦਾ।''''''''

"ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਸੰਸਦ ਵਿਚ ਤਾਂ ਚੰਗਾ ਬੋਲ ਲੈਂਦੇ ਹੋ। ਮੈਂ ਕਿਹਾ ਕਿ ਸੰਸਦ ਵਿਚ ਬੋਲਣਾ ਇੱਕ ਗੱਲ ਹੈ ਤੇ ਹਜ਼ਾਰਾਂ ਲੋਕਾਂ ਦੇ ਸਾਹਮਣੇ ਬੋਲਣਾ ਹੋਰ ਗੱਲ ਹੈ। ਬਾਅਦ ਵਿਚ ਮੈਂ ਪਾਰਟੀ ਪ੍ਰਧਾਨ ਬਣਿਆ ਪਰ ਸਾਰੀ ਉਮਰ ਮੈਨੂੰ ਇਹ ਕੰਪਲੈਕਸ ਰਿਹਾ ਕਿ ਮੈਂ ਵਾਜਪਾਈ ਵਰਗਾ ਭਾਸ਼ਣ ਕਦੇ ਨਹੀਂ ਦੇ ਸਕਿਆ।"

Getty Images

ਅੰਤਰਮੁਖੀ ਤੇ ਸ਼ਰਮੀਲੇ

ਸ਼ਕਤੀ ਸਿਨਹਾ ਨੇ ਦੱਸਿਆ ਕਿ ਜੇਕਰ ਚਾਰ-ਪੰਜ ਲੋਕ ਵਾਜਪਾਈ ਨੂੰ ਘੇਰ ਕੇ ਖੜ੍ਹੇ ਹੋ ਜਾਂਦੇ ਸਨ ਤਾਂ ਉਨ੍ਹਾਂ ਦੇ ਮੂੰਹੋਂ ਬਹੁਤ ਘੱਟ ਸ਼ਬਦ ਨਿਕਲਦੇ ਸਨ। ਪਰ ਉਹ ਦੂਜਿਆਂ ਦੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਦੇ ਸਨ ਅਤੇ ਫ਼ਿਰ ਸੋਚ-ਵਿਚਾਰ ਕਰ ਕੇ ਸੂਖ਼ਮ ਜਵਾਬ ਦਿੰਦੇ ਸਨ। ਇੱਕ-ਦੋ ਮਿੱਤਰਾਂ ਸਾਹਮਣੇ ਖੁੱਲ੍ਹ ਕੇ ਬੋਲਦੇ ਸਨ ਪਰ ਬੈਕ-ਸਲੈਪਿੰਗ ਵੈਰਾਇਟੀ ਕਦੇ ਨਹੀਂ ਰਹੇ।

ਮਣੀਸ਼ੰਕਰ ਅਈਅਰ ਯਾਦ ਕਰਦੇ ਹਨ ਕਿ ਜਦੋਂ ਵਾਜਪਾਈ ਪਹਿਲੀ ਵਾਰ 1978 ਵਿਚ ਵਿਦੇਸ਼ ਮੰਤਰੀ ਵਜੋਂ ਪਾਕਿਸਤਾਨ ਗਏ ਤਾਂ ਉਨ੍ਹਾਂ ਨੇ ਸਰਕਾਰੀ ਭੋਜ ਵੇਲੇ ਗੂੜ੍ਹੀ ਉਰਦੂ ''''ਚ ਭਾਸ਼ਣ ਦਿੱਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਆਗਾ ਸ਼ਾਹੀ ਚੇਨਈ ਵਿਚ ਜੰਮੇ ਸਨ। ਉਨ੍ਹਾਂ ਨੂੰ ਵਾਜਪਾਈ ਦੀ ਗੂੜ੍ਹੀ ਉਰਦੂ ਸਮਝ ਹੀ ਨਾ ਆਈ।

ਸ਼ਕਤੀ ਸਿਨਹਾ ਨੇ ਦੱਸਿਆ ਕਿ ਇੱਕ ਵਾਰ ਨਿਊ ਯਾਰਕ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਵਾਜਪਾਈ ਗੱਲਾਂ ਕਰ ਰਹੇ ਸਨ। ਨਵਾਜ਼ ਸ਼ਰੀਫ ਨੂੰ ਇੱਕ ਪਰਚੀ ਪਹੁੰਚੀ ਕਿ ਉਹ ਇਹ ਗੱਲਬਾਤ ਮੁਕਾ ਲੈਣ ਤਾਂ ਜੋ ਭਾਸ਼ਣ ਦੇਣ ਜਾ ਸਕਣ।

ਪਰਚੀ ਵੇਖ ਕੇ ਨਵਾਜ਼ ਸ਼ਰੀਫ ਨੇ ਵਾਜਪਾਈ ਨੂੰ ਕਿਹਾ, "ਇਜਾਜ਼ਤ ਹੈ?", ਫਿਰ ਆਪਣੇ ਆਪ ਨੂੰ ਰੋਕਿਆ ਤੇ ਪੁੱਛਿਆ, "ਆਗਿਆ ਹੈ?" ਵਾਜਪਾਈ ਨੇ ਹੱਸਦੇ ਹੋਏ ਜਵਾਬ ਦਿੱਤਾ, "ਇਜਾਜ਼ਤ ਹੈ।"

(ਸੰਘ ਦੀ ਲੀਕ ''''ਤੇ ਚੱਲੇ ਸੀ ਵਾਜਪਾਈ - ਸੀਨੀਅਰ ਵਕੀਲ ਤੇ ਸਿਆਸੀ ਮਾਹਿਰ ਏ.ਜੀ. ਨੂਰਾਨੀ ਦੇ 2004 ''''ਚ ਫ਼ਰੰਟਲਾਈਨ ਮੈਗਜ਼ੀਨ ''''ਚ ਛਪੇ ਲੇਖ ਮੁਤਾਬਕ, ''''''''ਵਾਜਪਾਈ ਕਦੇ ਵੀ ਰਾਸ਼ਟਰੀ ਸਵੈਮ ਸੇਵਕ ਸੰਘ — ਜਿਸਨੇ ਉਨ੍ਹਾਂ ਨੂੰ ਬਣਾਇਆ ਸੀ — ਦੇ ਸਟੈਂਡ ਤੋਂ ਵੱਖ ਨਹੀਂ ਖੜੇ ਹੋਏ। ਗੁਜਰਾਤ ਦੇ ਦੰਗਿਆਂ ਦੇ ਪੀੜਤਾਂ ਦੇ ਮੁੜ ਵਸੇਬੇ ਲਈ ਵੀ ਉਨ੍ਹਾਂ ਨੇ ਕੋਈ ਖਾਸ ਚਿੰਤਾ ਜ਼ਾਹਿਰ ਨਹੀਂ ਕੀਤੀ।

ਭਾਵੇਂ ਬਾਬਰੀ ਮਸਜਿਦ ਦਾ ਮੁੱਦਾ ਹੋਵੇ ਜਾਂ ਹਿੰਦੁਤਵ ਦਾ, ਵਾਜਪਾਈ ਨੇ ਕਦੇ ਵੀ ਸੰਘ ਦੇ ਰਾਹ ਤੋਂ ਵੱਖਰਾ ਰਾਹ ਨਹੀਂ ਲਿਆ। ਨੂਰਾਨੀ ਮੁਤਾਬਕ ਵਾਜਪਾਈ ਨੇ ਮੁਸਲਮਾਨਾਂ ਲਈ ਕਦੇ ਹਮਦਰਦੀ ਨਹੀਂ ਵਿਖਾਈ, ਇੱਕ ਵਾਰ ਵੀ ਨਹੀਂ। ਵਾਜਪਾਈ ਨੇ 2006 ''''ਚ ਖੁਦ ਕਿਹਾ ਸੀ ਕਿ ਮੈਂ ਇਹ ਸਾਫ ਕਰਨਾ ਚਾਹੁੰਦਾ ਹਾਂ ਕਿ ਇਹ ਸਿਰਫ ਖੱਬੇਪੱਖੀ ਕੂੜ ਪ੍ਰਚਾਰ ਹੈ ਕਿ ਮੈਂ ਤਾਂ ਨਰਮਖਿਆਲੀ ਹਾਂ ਪਰ ਮੇਰੀ ਪਾਰਟੀ ਨਹੀਂ, ਕਿ ਮੈਂ ਤਾਂ ਸੈਕੂਲਰ ਹਾਂ ਪਰ ਮੇਰੀ ਪਾਰਟੀ ਨਹੀਂ।'''''''')

ਨਾਰਾਜ਼ਗੀ ਤੋਂ ਦੂਰ

ਸ਼ਿਵ ਕੁਮਾਰ ਪਿਛਲੇ 47 ਸਾਲਾਂ ਤੋਂ ਵਾਜਪਾਈ ਦੇ ਨਾਲ ਰਹੇ ਹਨ। ਉਨ੍ਹਾਂ ਦੇ ਹੀ ਸ਼ਬਦਾਂ ਵਿਚ ਉਹ ਵਾਜਪਾਈ ਦੇ ਚਪੜਾਸੀ, ਬਾਡੀਗਾਰਡ, ਸਕੱਤਰ ਅਤੇ ਲੋਕ ਸਭਾ ਹਲਕੇ ਦੇ ਪ੍ਰਬੰਧਕ ਦੀ ਭੂਮਿਕਾ ਨਿਭਾਉਂਦੇ ਰਹੇ।

Getty Images
ਵਾਜਪਾਈ ਦੇ ਕਰੀਬੀ ਰਹੇ ਲਾਲ ਕ੍ਰਿਸ਼ਨ ਅਡਵਾਨੀ ਨੇ ਇੱਕ ਵਾਰ ਬੀਬੀਸੀ ਨੂੰ ਦੱਸਿਆ ਸੀ ਕਿ ਅਟਲ ਜੀ ਦੇ ਭਾਸ਼ਣਾਂ ਨੂੰ ਸੁਣ ਕੇ ਉਹ ਹਮੇਸ਼ਾ ਹੀ ਹੀਣਭਾਵਨਾ ਦੇ ਸ਼ਿਕਾਰ ਰਹੇ।

ਮੈਂ ਉਨ੍ਹਾਂ ਨੂੰ ਪੁੱਛਿਆ ਕਿ, ਕੀ ਵਾਜਪਾਈ ਨੂੰ ਕਦੇ ਗੁੱਸਾ ਆਉਂਦਾ ਸੀ, ਤਾਂ ਉਨ੍ਹਾਂ ਨੇ ਇੱਕ ਕਿੱਸਾ ਸੁਣਾਇਆ, "ਉਨ੍ਹਾਂ ਦਿਨਾਂ ''''ਚ ਮੈਂ ਉਨ੍ਹਾਂ ਨਾਲ 1, ਫਿਰੋਜ਼ਸ਼ਾਹ ਰੋਡ, ''''ਚ ਰਹਿੰਦਾ ਸੀ।''''''''

''''''''ਉਹ ਬੈਂਗਲੁਰੂ ਤੋਂ ਦਿੱਲੀ ਪਰਤ ਰਹੇ ਸਨ ਤੇ ਮੈਂ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਲੈ ਕੇ ਆਉਣਾ ਸੀ। ਜਨ ਸੰਘ ਦੇ ਇੱਕ ਆਗੂ ਜੇਪੀ ਮਾਥੁਰ ਨੇ ਮੈਨੂੰ ਕਿਹਾ ਕਿ ਚਲੋ ਰੀਗਲ ਸਿਨੇਮਾ ਵਿਚ ਅੰਗ੍ਰੇਜ਼ੀ ਫ਼ਿਲਮ ਵੇਖੀਏ; ਛੋਟੀ ਫ਼ਿਲਮ ਹੈ ਛੇਤੀ ਮੁੱਕ ਜਾਵੇਗੀ। ਉਨ੍ਹਾਂ ਦਿਨਾਂ ''''ਚ ਬੈਂਗਲੁਰੂ ਵੱਲੋਂ ਫ਼ਲਾਈਟ ਅਕਸਰ ਲੇਟ ਆਉਂਦੀ ਸੀ। ਮੈਂ ਮਾਥੁਰ ਨਾਲ ਫ਼ਿਲਮ ਦੇਖਣ ਚਲਾ ਗਿਆ।"

ਸ਼ਿਵ ਕੁਮਾਰ ਨੇ ਅੱਗੇ ਦੱਸਿਆ, "ਫਿਲਮ ਲੰਮੀ ਖਿੱਚ ਗਈ ਤੇ ਬੈਂਗਲੁਰੂ ਦੀ ਫ਼ਲਾਈਟ ਸਮੇਂ ਸਿਰ ਪਹੁੰਚ ਗਈ। ਮੈਂ ਜਦੋਂ ਹਵਾਈ ਅੱਡੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਫ਼ਲਾਈਟ ਤਾਂ ਕਦੋਂ ਦੀ ਲੈਂਡ ਕਰ ਚੁੱਕੀ ਸੀ। ਘਰ ਦੀ ਚਾਬੀ ਮੇਰੇ ਕੋਲ ਸੀ। ਮੈਂ ਆਪਣੇ ਸਾਰੇ ਦੇਵਤਿਆਂ ਨੂੰ ਯਾਦ ਕਰਦਾ ਹੋਇਆ 1, ਫਿਰੋਜ਼ਸ਼ਾਹ ਰੋਡ, ਪਹੁੰਚਿਆ ਤੇ ਵੇਖਿਆ ਕਿ ਵਾਜਪਾਈ ਅਟੈਚੀ ਫੜ ਕੇ ਲਾਅਨ ''''ਚ ਟਹਿਲ ਰਹੇ ਹਨ।''''''''

"ਉਨ੍ਹਾਂ ਨੇ ਮੈਥੋਂ ਪੁੱਛਿਆ ਕਿ ਮੈਂ ਕਿੱਥੇ ਸੀ ਤਾਂ ਮੈਂ ਦੱਸਿਆ ਕਿ ਮੈਂ ਫ਼ਿਲਮ ਵੇਖਣ ਚਲਾ ਗਿਆ ਸੀ। ਵਾਜਪਾਈ ਨੇ ਹੱਸ ਕੇ ਕਿਹਾ ਕਿ ਯਾਰ ਸਾਨੂੰ ਵੀ ਲੈ ਚਲਦੇ। ਚਲੋ ਕੱਲ੍ਹ ਚੱਲਾਂਗੇ। ਉਹ ਮੇਰੇ ਨਾਲ ਨਾਰਾਜ਼ ਹੋ ਸਕਦੇ ਸਨ ਪਰ ਉਨ੍ਹਾਂ ਨੇ ਮੇਰੀ ਲਾਪਰਵਾਹੀ ਨੂੰ ਹੱਸ ਕੇ ਟਾਲ ਦਿੱਤਾ।"


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)