ਮੋਦੀ ਵੱਲੋਂ ਔਰਤਾਂ ਲਈ ਸਹੀ ਭਾਸ਼ਾ ਵਰਤਨ ਦੀ ਅਪੀਲ ਕੀਤੀ ਗਈ ਪਰ ਉਨ੍ਹਾਂ ਦੀਆਂ ਕੁਝ ਟਿੱਪਣੀਆਂ ’ਤੇ ਵਿਵਾਦ ਵੀ ਹੋਇਆ

08/16/2022 9:15:39 AM

Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਤੋਂ ਦਿੱਤੇ ਭਾਸ਼ਨ ਵਿੱਚ ਔਰਤਾਂ ਦੇ ਸਨਮਾਨ ਦੀ ਅਪੀਲ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਅਸਲ ਵਿਚ ਮੁਲਕ ਅੱਗੇ ਅਗਲੇ 25 ਸਾਲਾਂ ਦਾ 5 ਨੁਕਾਤੀ ਏਜੰਡਾ ਰੱਖਿਆ ਸੀ। ਜਿਨ੍ਹਾਂ ਏਜੰਡਿਆਂ ਵਿੱਚੋਂ ਔਰਤਾਂ ਦਾ ਪਰਿਵਾਰ ਅਤੇ ਸਮਾਜ ਵਿਚ ਸਤਿਕਾਰ ਬਹਾਲ ਕਰਨ ਦਾ ਜ਼ਿਕਰ ਵੀ ਸੀ।

ਪ੍ਰਧਾਨ ਮੰਤਰੀ ਦੇ ਔਰਤਾਂ ਦੇ ਸਨਮਾਨ ਲਈ ਦਿੱਤੇ ਸੱਦੇ ਤੋਂ ਬਾਅਦ ਸਿਆਸਤ ਅਤੇ ਸੋਸ਼ਲ ਮੀਡੀਆ ਵਿਚ ਕਈ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਹਨ।

ਜਿੱਥੇ ਵੱਡੀ ਗਿਣਤੀ ਲੋਕ ਪ੍ਰਧਾਨ ਮੰਤਰੀ ਦੇ ਇਸ ਸੱਦੇ ਦਾ ਸਵਾਗਤ ਕਰ ਰਹੇ ਹਨ, ਉੱਥੇ ਮੋਦੀ ਦੀਆਂ ਔਰਤਾਂ ਬਾਰੇ ਕੀਤੀਆਂ ਪੁਰਾਣੀਆਂ ਟਿੱਪਣੀਆਂ ਦੀ ਫਰੋਲਾ-ਫਰੋਲੀ ਸ਼ੁਰੂ ਹੋ ਗਈ।

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੈਰੇਕ ਓਬਰਾਇਨ ਨੇ ਪ੍ਰਧਾਨ ਮੰਤਰੀ ਦੇ ਬੰਗਾਲ ਪ੍ਰਚਾਰ ਦੀ ਵੀਡੀਓ ਸ਼ੇਅਰ ਕੀਤੀ ਹੈ, ਜਿੱਥੇ ਉਹ ਮਮਤਾ ਬੈਨਰਜੀ ਉੱਪਰ ਤੰਜ਼ ਕੱਸਦੇ ਹਨ।

ਡੈਰੇਕ ਓਬ੍ਰਾਇਨ ਨੇ ਲਿਖਿਆ ਹੈ ਕਿ ਔਰਤਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਅਤੇ ਇਸ ਦੀ ਸ਼ੁਰੁਆਤ ਪ੍ਰਧਾਨ ਮੰਤਰੀ ਨੂੰ ਹੀ ਕਰਨੀ ਚਾਹੀਦੀ ਹੈ।

ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਲਈ ਪ੍ਰਚਾਰ ਮੌਕੇ ਅਪ੍ਰੈਲ 2021 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲਈ ''''ਦੀਦੀ ਓ ਦੀਦੀ'''' ਦੀ ਵਰਤੋਂ ਕੀਤੀ ਸੀ। ਮਮਤਾ ਬੈਨਰਜੀ ਨੂੰ ਬੰਗਾਲ ਅਤੇ ਰਾਜਨੀਤਕ ਗਲਿਆਰਿਆਂ ਵਿੱਚ ਦੀਦੀ ਆਖਿਆ ਜਾਂਦਾ ਹੈ।

''''ਦੀਦੀ ਓ ਦੀਦੀ'''' ਦੇ ਜਵਾਬ ਵਿੱਚ ''''ਬੰਗਾਲ ਦੀ ਧੀ''''

ਪ੍ਰਧਾਨ ਮੰਤਰੀ ਨੇ ਰੈਲੀ ਦੌਰਾਨ ਆਖਿਆ ਸੀ ਕਿ ਬੰਗਾਲ ਦੇ ਲੋਕਾਂ ਨੇ ਮਮਤਾ ਬੈਨਰਜੀ ਉਪਰ ਭਰੋਸਾ ਕੀਤਾ ਪਰ ਮਮਤਾ ਬੈਨਰਜੀ ਨੇ ਲੋਕਾਂ ਦਾ ਭਰੋਸਾ ਤੋੜਿਆ ਹੈ।

ਪ੍ਰਧਾਨ ਮੰਤਰੀ ਦੇ ਇਸ ਤੰਜ਼ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਨੇ ਇਸ ਦਾ ਖਾਸਾ ਵਿਰੋਧ ਜਤਾਇਆ ਸੀ।

ਤ੍ਰਿਣਮੂਲ ਕਾਂਗਰਸ ਨੇ ਆਖਿਆ ਸੀ ਕਿ ਇਨ੍ਹਾਂ ਸ਼ਬਦਾਂ ਦੀ ਵਰਤੋਂ ਅਪਮਾਨਜਨਕ ਲਹਿਜੇ ਵਿਚ ਕੀਤੀ ਗਈ ਹੈ।

ਤ੍ਰਿਣਮੂਲ ਕਾਂਗਰਸ ਵੱਲੋਂ ਵੀ ਆਪਣੇ ਚੋਣ ਪ੍ਰਚਾਰ ਵਿੱਚ ਵੱਡੇ ਵੱਡੇ ਪੋਸਟਰ ਲਗਾ ਕੇ ਆਖਿਆ ਗਿਆ ਸੀ ''''ਬਾਂਗਲਾ ਨਿਜੇਰ ਮੇਕਾਈ ਚੇ'''' ਕਿ ਬੰਗਾਲ ਆਪਣੀ ''''ਧੀ'''' ਨੂੰ ਦੁਬਾਰਾ ਚਾਹੁੰਦਾ ਹੈ। ਇਸੇ ਨਾਲ ਹੀ ਮਮਤਾ ਬੈਨਰਜੀ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ।

ਵਿਧਾਨ ਸਭਾ ਚੋਣਾਂ ਵਿੱਚ ਟੀਐੱਮਸੀ ਦੀ ਜਿੱਤ ਹੋਈ ਸੀ ਅਤੇ ਮਮਤਾ ਬੈਨਰਜੀ ਨੇ ਸੂਬੇ ਦੇ ਮੁੱਖ ਮੰਤਰੀ ਬਣੇ ਸਨ।

ਇਸ ਦੇ ਨਾਲ ਨਰਿੰਦਰ ਮੋਦੀ ਉੱਪਰ ਤੰਜ਼ ਕੱਸਣ ਅਤੇ ਇਤਰਾਜ਼ਯੋਗ ਭਾਸ਼ਾ ਵਰਤਣ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਵਿੱਚੋਂ ਕਈ ਵਾਰ ਕਿਸੇ ਦਾ ਨਾਮ ਨਹੀਂ ਲਿਆ ਗਿਆ।


-


''''ਕਾਂਗਰਸ ਦੀ ਵਿਧਵਾ''''

ਸਾਲ 2018 ਵਿੱਚ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਉਨ੍ਹਾਂ ਨੇ ਕਾਂਗਰਸ ਉਪਰ ਵੱਖ-ਵੱਖ ਘੁਟਾਲਿਆਂ ਦੇ ਇਲਜ਼ਾਮ ਲਗਾਏ।

ਇਨ੍ਹਾਂ ਕਥਿਤ ਘੁਟਾਲਿਆਂ ਵਿੱਚ ਸ਼ਾਮਲ ਵਿਧਵਾ ਪੈਨਸ਼ਨ ਸਕੀਮ ਬਾਰੇ ਤੰਜ਼ ਕੱਸਦਿਆਂ ਉਨ੍ਹਾਂ ਆਖਿਆ ਸੀ, "ਇਹ ਕਾਂਗਰਸ ਦੀ ਕਿਹੜੀ ਵਿਧਵਾ ਸੀ, ਜਿਸ ਦੇ ਖਾਤੇ ਵਿੱਚ ਪੈਸੇ ਜਾਂਦੇ ਸਨ?"

ਹਾਲਾਂਕਿ ਇਸ ਬਿਆਨ ਵਿੱਚ ਕਿਸੇ ਮਹਿਲਾ ਆਗੂ ਦਾ ਨਾਮ ਨਹੀਂ ਲਿਆ ਗਿਆ ਪਰ ਕਾਂਗਰਸ ਵੱਲੋਂ ਇਸ ਦਾ ਖਾਸਾ ਵਿਰੋਧ ਕੀਤਾ ਗਿਆ ਸੀ।

''''50 ਕਰੋੜ ਦੀ ਗਰਲਫਰੈਂਡ''''

29 ਅਕਤੂਬਰ 2012 ਦੌਰਾਨ ਹਿਮਾਚਲ ਵਿਖੇ ਚੋਣ ਪ੍ਰਚਾਰ ਕਰਦੇ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਹ ਤੰਜ ਤਤਕਾਲੀ ਕੇਂਦਰੀ ਮੰਤਰੀ ਸ਼ਸ਼ੀ ਥਰੂਰ ''''ਤੇ ਕੱਸਿਆ ਸੀ।

ਦਰਅਸਲ ਥਰੂਰ ''''ਤੇ ਇਲਜ਼ਾਮ ਲੱਗੇ ਸਨ ਕਿ 2010 ਵਿੱਚ ਆਈਪੀਐਲ ਟੀਮ ਲਈ ਉਨ੍ਹਾਂ ਨੇ ਆਪਣੀ ਮਹਿਲਾ ਮਿੱਤਰ ਅਤੇ ਬਾਅਦ ਵਿੱਚ ਪਤਨੀ ਬਣੀ ਸੁਨੰਦਾ ਪੁਸ਼ਕਰ ਲਈ ''''ਸਵੈਟ ਇਕਵਟੀ'''' ਵਿੱਚ ਸਹਾਇਤਾ ਕੀਤੀ ਸੀ।

ਮੋਦੀ ਵੱਲੋਂ ਇਹ ਇਲਜ਼ਾਮ ਵੀ ਲੱਗੇ ਸਨ ਕਿ ਸੁਨੰਦਾ ਪੁਸ਼ਕਰ ਦੇ ਖਾਤੇ ਵਿੱਚ 50 ਕਰੋੜ ਰੁਪਏ ਆਏ ਸਨ।

Getty Images
ਨਰਿੰਦਰ ਮੋਦੀ ਦੇ ਇਲਜ਼ਾਮਾਂ ਦੇ ਜਵਾਬ ਵਿੱਚ ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਆਖਿਆ ਸੀ ਕਿ ਮੇਰੀ ਪਤਨੀ ਤੁਹਾਡੇ ਕਾਲਪਨਿਕ 50 ਕਰੋੜ ਚੋਂ ਕਿਤੇ ਵੱਧ ਕੀਮਤੀ ਹੈ।

ਥਰੂਰ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਗਿਆ ਸੀ। ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਦੌਰਾਨ ਆਖਿਆ, "ਸੰਸਦ ਵਿੱਚ ਮੰਤਰੀ ਵੱਲੋਂ ਆਖਿਆ ਗਿਆ ਕਿ ਉਹ ਇਸ ਮਹਿਲਾ ਨੂੰ ਨਹੀਂ ਜਾਣਦੇ ਅਤੇ ਇੱਕ ਮਹੀਨੇ ਬਾਅਦ ਲੋਕਾਂ ਦੇ ਘਰ ਵਿਚ ਦੋਹਾਂ ਦੇ ਵਿਆਹ ਦੇ ਕਾਰਡ ਪਹੁੰਚ ਗਏ। ਉਸ ਦੇ ਖਾਤੇ ਵਿੱਚ 50 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਸਨ। ਕੀ ਤੁਸੀਂ ਕਦੇ ਸਾਡੇ ਗ਼ਰੀਬ ਦੇਸ਼ ਵਿੱਚ 50 ਕਰੋੜ ਦੀ ਗਰਲਫ੍ਰੈਂਡ ਦੇਖੀ ਹੈ?"

ਨਰਿੰਦਰ ਮੋਦੀ ਦੇ ਇਨ੍ਹਾਂ ਇਲਜ਼ਾਮਾਂ ਦੇ ਜਵਾਬ ਵਿੱਚ ਸ਼ਸ਼ੀ ਥਰੂਰ ਨੇ ਟਵੀਟ ਕਰਦਿਆਂ ਆਖਿਆ ਸੀ, “ਮੇਰੀ ਪਤਨੀ ਤੁਹਾਡੇ ਕਾਲਪਨਿਕ 50 ਕਰੋੜ ਚੋਂ ਕਿਤੇ ਵੱਧ ਕੀਮਤੀ ਹੈ। ਉਹ ਬੇਸ਼ਕੀਮਤੀ ਹੈ।”

''''ਰਾਮਾਇਣ ਤੋਂ ਬਾਅਦ ਪਹਿਲੀ ਵਾਰੀ ਸੁਣਿਆ ਅਜਿਹਾ ਹਾਸਾ''''

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਵਿੱਚ ਵੀ ਮਹਿਲਾ ਸੰਸਦ ਮੈਂਬਰ ਰੇਣੂਕਾ ਚੌਧਰੀ ਉੱਪਰ ਤੰਜ਼ ਕੱਸਿਆ ਗਿਆ ਸੀ।

ਦਰਅਸਲ ਫ਼ਰਵਰੀ 2018 ਨੂੰ ਰਾਜ ਸਭਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲ ਰਹੇ ਸਨ ਅਤੇ ਆਧਾਰ ਕਾਰਡ ਬਾਰੇ ਉਨ੍ਹਾਂ ਦੇ ਬਿਆਨ ਤੋਂ ਬਾਅਦ ਕਾਂਗਰਸੀ ਸੰਸਦ ਮੈਂਬਰ ਰੇਣੂਕਾ ਚੌਧਰੀ ਨੇ ਹੱਸਣਾ ਸ਼ੁਰੂ ਕਰ ਦਿੱਤਾ।

ਇਸ ਦੌਰਾਨ ਰਾਜ ਸਭਾ ਸਪੀਕਰ ਦੀ ਕੁਰਸੀ ''''ਤੇ ਬੈਠੇ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਰੋਕਿਆ ਅਤੇ ਆਖਿਆ ਕਿ ਸੰਸਦ ਵਿੱਚ ਅਜਿਹਾ ਨਾ ਕੀਤਾ ਜਾਵੇ।

Getty Images

ਨਰਿੰਦਰ ਮੋਦੀ ਜੋ ਉਸ ਸਮੇਂ ਆਪਣਾ ਭਾਸ਼ਣ ਰੋਕ ਕੇ ਖੜ੍ਹੇ ਸਨ, ਨੇ ਵੈਂਕਈਆ ਨਾਇਡੂ ਨੂੰ ਆਖਿਆ, "ਸਭਾਪਤੀ ਜੀ ਇਨ੍ਹਾਂ ਨੂੰ ਨਾ ਰੋਕੋ। ਦਰਅਸਲ ਰਾਮਾਇਣ ਤੋਂ ਬਾਅਦ ਪਹਿਲੀ ਵਾਰ ਅਜਿਹਾ ਹਾਸਾ ਸੁਣਨ ਨੂੰ ਮਿਲਿਆ ਹੈ।"

ਮੋਦੀ ਦੇ ਇਸ ਵਿਅੰਗ ਤੋਂ ਬਾਅਦ ਤਾਂ ਉੱਥੇ ਬੈਠੇ ਕਈ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹੱਸਣ ਲੱਗੇ ਜਿਨ੍ਹਾਂ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਸਨ।

ਬਾਹਰ ਆ ਕੇ ਰੇਣੂਕਾ ਚੌਧਰੀ ਵੱਲੋਂ ਮੀਡੀਆ ਨੂੰ ਆਖਿਆ ਗਿਆ ਕਿ ਉਹ ਇਸ ਬਾਰੇ ਕੁਝ ਨਹੀਂ ਆਖਣਾ ਚਾਹੁੰਦੇ ਅਤੇ ਨਾ ਹੀ ਇਸ ਪੱਧਰ ''''ਤੇ ਡਿੱਗ ਸਕਦੇ ਹਨ।


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)