ਮੁਹੱਲਾ ਕਲੀਨਿਕ : ਪੰਜਾਬ ਵਿਚ ਖੁੱਲ੍ਹੇ 75 ਆਮ ਆਦਮੀ ਕਲੀਨਿਕਾਂ ਵਿਚ ਕਿਹੋ ਜਿਹੀਆਂ ਸਿਹਤ ਸੇਵਾਵਾਂ ਦਾ ਪ੍ਰਬੰਧ ਹੈ

08/15/2022 6:15:39 PM

ਸੋਮਵਾਰ 15 ਅਗਸਤ ਨੂੰ ਪੰਜਾਬ ਵਿੱਚ ਪਹਿਲਾ ਮੁਹੱਲਾ ਕਲੀਨਿਕ ਖੁੱਲ੍ਹ ਗਿਆ ਹੈ। ਆਮ ਆਦਮੀ ਪਾਰਟੀ ਸਰਕਾਰ ਪਹਿਲੀ ਵਾਰ ਸੂਬੇ ਵਿੱਚ ਸੱਤਾ ਵਿੱਚ ਆਈ ਹੈ ਅਤੇ ਲੋਕਾਂ ਨਾਲ ਮੁਹੱਲਾ ਕਲੀਨਿਕ ਦਾ ਚੋਣਾਂ ਦੌਰਾਨ ਵਾਅਦਾ ਕੀਤਾ ਗਿਆ ਸੀ।

ਪਾਰਟੀ ਨੇ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪਿੰਡ-ਪਿੰਡ ਤੇ ਮੁਹੱਲੇ-ਮੁਹੱਲੇ ਵਿੱਚ ਅਜਿਹੇ ਕਲੀਨਿਕ ਬਣਾਏ ਜਾਣਗੇ, ਜਿੱਥੇ ਲੋਕਾਂ ਨੂੰ ਆਮ ਬਿਮਾਰੀਆਂ ਦਾ ਇਲਾਜ ਮਿਲ ਸਕੇਗਾ।

ਜਦੋਂ ਮੈਂ ਮੁਹਾਲੀ ਦੇ ਫ਼ੇਜ਼ 5 ਵਿਖੇ ਮੁਹੱਲਾ ਕਲੀਨਿਕ ਪੁੱਜਾ ਤਾਂ ਮੰਤਰੀ ਬ੍ਰਮ ਸ਼ੰਕਰ ਜਿੰਪਾ ਅੰਦਰ ਉਦਘਾਟਨ ਕਰ ਰਹੇ ਸਨ। ਬਾਹਰੋਂ ਵੇਖਣ ਨੂੰ ਇਹ ਇਮਾਰਤ ਬੜੀ ਰੰਗ ਬਿਰੰਗੀ ਸੀ ਤੇ ਆਜ਼ਾਦੀ ਦਾ ਦਿਨ ਹੋਣ ਕਾਰਨ ਉੱਪਰ ਦੋਵੇਂ ਪਾਸੇ ਤਿਰੰਗਾ ਝੰਡਾ ਲਹਿਰਾ ਰਿਹਾ ਸੀ।

ਕਲੀਨਿਕ ਦੇ ਅੰਦਰ- ਬਾਹਰ ਮੁੱਖ ਮੰਤਰੀ ਦੀ ਫੋਟੋ

ਜਿੱਥੇ ਇਹਨਾਂ ਸੈਂਟਰਾਂ ਦਾ ਨਾਮ ਆਮ ਆਦਮੀ ਕਲੀਨਿਕ ਲਿਖਿਆ ਹੋਇਆ ਹੈ, ਉੱਥੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਫ਼ੋਟੋ ਵੀ ਲੱਗੀ ਹੈ। ਇਹ ਤੁਹਾਨੂੰ ਯਾਦ ਕਰਾਉਂਦੀ ਹੈ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਐਂਬੂਲੈਂਸਾਂ ਦੀ ਲੱਗੀਆਂ ਫੋਟੋ ਦੀ।

ਜਦੋਂ ਉਨ੍ਹਾਂ ਨੇ ਇਹ ਸੇਵਾ ਸ਼ੁਰੂ ਕੀਤੀ ਸੀ ਤਾਂ ਵਿਰੋਧੀ ਦਲਾਂ ਨੇ ਉਨ੍ਹਾਂ ਦੀ ਫੋਟੋ ਲੱਗਣ ਦੀ ਖ਼ਾਸੀ ਨਿਖੇਧੀ ਕੀਤੀ ਸੀ।

ਆਮ ਆਦਮੀ ਕਲੀਨਿਕ ਖੁੱਲਣ ਦੇ ਪਹਿਲੇ ਦਿਨ ਹੀ ਲੋਕ ਇੱਥੇ ਇਲਾਜ ਲਈ ਪਹੁੰਚਣ ਲੱਗੇ। ਇਹਨਾਂ ਵਿਚੋਂ ਕੁੱਝ ਤਾਂ ਚੰਡੀਗੜ੍ਹ ਜਾਂਦੇ ਸੀ ਤੇ ਬਾਕੀ ਨਿੱਜੀ ਹਸਪਤਾਲਾਂ ਤੇ ਕਲੀਨਿਕਾਂ ਵਿੱਚ। ਉਨ੍ਹਾਂ ਦੇ ਚਿਹਰੇ ਉੱਤੇ ਰਾਹਤ ਤੇ ਖ਼ੁਸ਼ੀ ਦੇ ਭਾਵ ਸਾਫ਼ ਨਜ਼ਰ ਆ ਰਹੇ ਸੀ।

BBC
ਸੈਂਟਰਾਂ ਦਾ ਨਾਮ ਆਮ ਆਦਮੀ ਕਲੀਨਿਕ ਲਿਖਿਆ ਹੋਇਆ ਹੈ, ਉੱਥੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਫ਼ੋਟੋ ਵੀ ਲੱਗੀ ਹੈ।

ਮੁਹਾਲੀ ਦੇ ਸਿਵਲ ਸਰਜਨ ਆਦਰਸ਼ ਪਾਲ ਕੌਰ ਨੇ ਦੱਸਿਆ ਕਿ ਇਹ ਕਲੀਨਿਕ ਮੁਫ਼ਤ ਸੇਵਾਵਾਂ ਪ੍ਰਦਾਨ ਕਰਨਗੇ।

ਉਨ੍ਹਾਂ ਨੇ ਕਿਹਾ ਕਿ ਮਰੀਜ਼ਾਂ ਦੇ ਇਲਾਜ ਅਤੇ ਬਿਮਾਰੀਆਂ ਦਾ ਪਤਾ ਲਾਉਣ ਲਈ ਹਰ ਸੈਂਟਰ ਵਿਚ ਐਮ.ਬੀ.ਬੀ.ਐਸ. ਡਾਕਟਰ, ਫਾਰਮਾਸਿਸਟ, ਨਰਸ ਤੇ ਹੋਰਾਂ ਸਣੇ ਸਟਾਫ਼ ਦੇ 4-5 ਵਿਅਕਤੀ ਹੋਣਗੇ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਕਈ ਕਲੀਨੀਕਲ ਟੈੱਸਟਾਂ ਨਾਲ 41 ਪੈਕੇਜ ਲੋਕਾਂ ਨੂੰ ਮੁਫ਼ਤ ਦਿੱਤੇ ਜਾਣਗੇ।

ਮੁਹਾਲੀ ਵਿੱਚ ਇਸ ਥਾਂ ਤੇ ਪਹਿਲਾਂ ਸੇਵਾ ਕੇਂਦਰ ਸੀ. ਜੋ ਕਰੀਬ ਦੋ ਸਾਲਾਂ ਤੋਂ ਬੰਦ ਸੀ।ਬਹੁਤੇ ਕਲੀਨਿਕ ਅਜਿਹੇ ਬੰਦ ਪਏ ਸੇਵਾ ਕੇਂਦਰਾਂ ਵਾਲੀ ਥਾਂ ''''ਤੇ ਹੀ ਬਣਾਏ ਜਾ ਰਹੇ ਹਨ।

ਆਮ ਆਦਮੀ ਕਲੀਨਿਕ ਵਿਚ ਕਿਹੋ ਜਿਹੇ ਹਨ

ਪੰਜਾਬ ਸਰਕਾਰ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਹਰੇਕ ਕਲੀਨਿਕ ਵਿੱਚ 4 ਮੈਂਬਰਾਂ ਦਾ ਸਟਾਫ਼ ਹੋਵੇਗਾ, ਜਿਸ ਵਿੱਚ ਇੱਕ ਐੱਮਬੀਬੀਐਸ ਡਾਕਟਰ ਅਤੇ ਲੈਬ ਟੈਕਨੀਸ਼ੀਅਨ ਸ਼ਾਮਿਲ ਹਨ।

ਇੱਕ ਕਲੀਨਿਕ ਲਗਭਗ 20000 ਵਿਅਕਤੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਸਮਰੱਥ ਹੋਵੇਗਾ। ਕਲੀਨਿਕ ਬੁਨਿਆਦੀ ਇਲਾਜ ਪ੍ਰਦਾਨ ਕਰਨਗੇ ਅਤੇ ਵਿਸ਼ੇਸ਼ ਲੋੜਾਂ ਦੇ ਮੱਦੇਨਜ਼ਰ ਕਲੀਨਿਕ ਰੈਫਰਲ ਕੇਂਦਰਾਂ ਵੱਜੋਂ ਕੰਮ ਕਰਨਗੇ।ਸ਼ਹਿਰੀ ਖੇਤਰਾਂ ਵਿੱਚ 65 ਅਤੇ ਪੇਂਡੂ ਖੇਤਰਾਂ ਵਿੱਚ 35 ਕਲੀਨਿਕਾਂ ਲਈ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ।

ਕਲੀਨਿਕ 41 ਵੱਖ-ਵੱਖ ਟੈਸਟ ਕਰਨ ਲਈ ਲੈੱਸ ਹਨ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਪ੍ਰਦਾਨ ਕਰਨ ਲਈ ਲੋੜੀਂਦੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ।ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰੇ ਨੇ ਇਸ ਕਦਮ ਨੂੰ ਪੰਜਾਬ ਵਿੱਚ ਸਿਹਤ ਢਾਂਚੇ ਵਿੱਚ ਜਾਨ ਫ਼ੂਕਣ ਵਾਲਾ ਕਰਾਰ ਦਿੰਦਿਆਂ ਕਿਹਾ ਹੈ।ਸਰਕਾਰ ਅਗਲੇ ਪੜਾਵਾਂ ਵਿੱਚ ਆਮ ਆਦਮੀ ਕਲੀਨਿਕਾਂ ਵਾਂਗ ਹੀ ਸੂਬੇ ਵਿੱਚ ਪ੍ਰਾਇਮਰੀ ਹੈਲਥ ਸੈਂਟਰਾਂ (ਪੀਐਚਸੀ) ਨੂੰ ਸੁਧਾਰਨ ਅਤੇ ਸੁਚੱਜੇ ਢੰਗ ਨਾਲ ਚਲਾਉਣ ਦੀ ਯੋਜਨਾ ਬਣਾ ਰਹੀ ਹੈ।ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਨੁਸਾਰ, "ਵੱਡੇ ਪੱਧਰ ''''ਤੇ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਪੰਜਾਬ ਸਰਕਾਰ ਦੀ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਅਤੇ ਪਿਛਲੀ ਸਰਕਾਰ ਦੇ ਉਲਟ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਪ੍ਰਤੀ ਦ੍ਰਿੜ ਵਚਨਬੱਧਤਾ ਦਾ ਪ੍ਰਮਾਣ ਹੈ।"ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਇਹ ਯਕੀਨੀ ਬਣਾਉਣ ਲਈ ਕੀਤੀ ਗਈ ਹੈ ਕਿ ਸੂਬੇ ਵਿੱਚ ਕਿਸੇ ਵੀ ਵਿਅਕਤੀ ਨੂੰ ਚੰਗੇ ਇਲਾਜ ਲਈ ਪੈਸੇ ਦੀ ਚਿੰਤਾ ਨਾ ਕਰਨੀ ਪਵੇ।


-


ਮੁਹੱਲਾ ਕਲੀਨਿਕ ਵਿੱਚ ਤਕਨੀਕ ਦੀ ਵਰਤੋਂ

ਇੱਕ ਖ਼ਾਸ ਗੱਲ ਜੋ ਇਹਨਾਂ ਕਲੀਨਿਕਾਂ ਬਾਰੇ ਵੇਖੀ ਜਾ ਰਹੀ ਹੈ, ਉਹ ਸੀ ਤਕਨੀਕ ਦਾ ਇਸਤੇਮਾਲ।

ਕਲੀਨਿਕ ਵਿੱਚ ਸਹਾਇਕ ਤੁਹਾਡੀ ਪਰਚੀ ਕਾਗ਼ਜ਼ ''''ਤੇ ਨਹੀਂ ਟੈਬਲੇਟ ਦੇ ਬਣਾਉਂਦੇ ਹਨ।

ਫੇਰ ਡਾਕਟਰ ਵੀ ਟੈਬ ''''ਤੇ ਹੀ ਦਵਾਈ ਲਿਖਦੀ ਹੈ ਤੇ ਅੰਤ ਵਿੱਚ ਜਦੋਂ ਫਾਰਮਾਸਿਸਟ ਤੁਹਾਨੂੰ ਦਵਾਈ ਦਿੰਦੀ ਹੈ, ਉਹ ਨਾਲ ਹੀ ਤੁਹਾਨੂੰ ਤੁਹਾਡੇ ਰਿਕਾਰਡ ਲਈ ਕਾਗ਼ਜ਼ ਵਾਲੀ ਪ੍ਰਿੰਟਿਡ ਪਰਚੀ ਦਿੰਦੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਖੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਲੋਕਾਂ ਨੂੰ ਮਿਆਰੀ ਸੇਵਾਵਾਂ ਮੁਫ਼ਤ ਮੁਹੱਈਆ ਕਰਨ ਲਈ ਇੱਕ ਹੋਰ ਚੋਣ ਗਾਰੰਟੀ ਨੂੰ ਪੂਰਾ ਕੀਤਾ ਹੈ।

BBC
ਆਮ ਆਦਮੀ ਕਲੀਨਿਕ ਵਿੱਚ ਮੌਜੂਦ ਕਰਮਚਾਰੀ ਟੈਬ ਦੀ ਵਰਤੋਂ ਕਰਦੇ ਨਜ਼ਰ ਆਏ

ਮੁੱਖ ਮੰਤਰੀ ਨੇ ਇਹ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਦੇ ਹੋਏ ਕਿਹਾ, "ਇਸ ਇਤਿਹਾਸਕ ਦਿਹਾੜੇ ਮੌਕੇ ਆਮ ਆਦਮੀ ਦੀ ਸਰਕਾਰ ਨੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਲੋਕਾਂ ਦੀ ਪਹੁੰਚ ਵਿੱਚ ਯਕੀਨੀ ਬਣਾਉਣ ਲਈ ਇਹ ਕਲੀਨਿਕ ਪੰਜਾਬ ਵਾਸੀਆਂ ਨੂੰ ਸਮਰਪਿਤ ਕਰ ਦਿੱਤੇ ਹਨ।"

ਮੁੱਖ ਮੰਤਰੀ ਨੇ ਕਿਹਾ ਕਿ ਇਹ ਕਲੀਨਿਕ ਸੂਬੇ ਵਿੱਚ ਹਰ ਪਾਸੇ ਖੋਲ੍ਹੇਂ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਵੱਡੇ ਪਿੰਡਾਂ ਵਿੱਚ ਅਜਿਹੇ ਦੋ-ਦੋ ਕਲੀਨਿਕ ਖੋਲ੍ਹੇਂ ਜਾਣਗੇ।

ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ ਅਜਿਹੇ 75 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ। ਇਹ ਕਲੀਨਿਕ ਸੂਬਾ ਭਰ ਦੇ ਲੋਕਾਂ ਨੂੰ ਬਿਹਤਰੀਨ ਸਿਹਤ ਸੇਵਾਵਾਂ ਮੁਫ਼ਤ ਵਿੱਚ ਮੁਹੱਈਆ ਕਰਨਗੇ।

ਉਨ੍ਹਾਂ ਨੇ ਉਮੀਦ ਜ਼ਾਹਿਰ ਕੀਤੀ ਕਿ 90 ਫ਼ੀਸਦੀ ਮਰੀਜ਼ਾਂ ਨੂੰ ਇਨ੍ਹਾਂ ਕਲੀਨਿਕਾਂ ਤੋਂ ਇਲਾਜ ਦੀਆਂ ਬਿਹਤਰ ਸਹੂਲਤਾਂ ਮਿਲਣਗੀਆਂ ਜਿਸ ਨਾਲ ਹਸਪਤਾਲਾਂ ਵਿਚ ਬੋਝ ਘਟੇਗਾ।

ਉਨ੍ਹਾਂ ਕਿਹਾ ਕਿ ਸਿਰਫ਼ ਗੰਭੀਰ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਹੀ ਹਸਪਤਾਲਾਂ ਵਿਚ ਰੈਫ਼ਰ ਕੀਤਾ ਜਾਇਆ ਕਰੇਗਾ।

BBC
ਉਦਘਾਟਨ ਤੋਂ ਬਾਅਦ ਪਹਿਲੇ ਦਿਨ ਲੋਕ ਇਥੇ ਇਲਾਜ ਲਈ ਪਹੁੰਚੇ

ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰ ਕੇ ਇਹ ਕ੍ਰਾਂਤੀਕਾਰੀ ਕਦਮ ਸੂਬੇ ਵਿੱਚ ਸਿਹਤ ਸੰਭਾਲ ਢਾਂਚੇ ਨੂੰ ਪੂਰੀ ਤਰ੍ਹਾਂ ਸੁਧਾਰ ਦੇਵੇਗਾ।

ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਵਿੱਚ ਮਰੀਜ਼ਾਂ ਲਈ ਆਨਲਾਈਨ ਅਪਾਇੰਟਮੈਂਟ ਦੀ ਸਹੂਲਤ ਵੀ ਮੁਹੱਈਆ ਹੋਵੇਗੀ।

ਹਾਈ ਟੈੱਕ ਸੁਵਿਧਾਵਾਂ ਤੇ ਏਸੀ ਵੇਟਿੰਗ ਏਰੀਆ ਵਾਲੇ ਇਹ ਆਮ ਆਦਮੀ ਕਲੀਨਿਕ ਖ਼ਾਸ ਤਾਂ ਨਜ਼ਰ ਆਉਂਦੇ ਹਨ ਪਰ ਕੀ ਇਹ ਇਸੇ ਤਰੀਕੇ ਨਾਲ ਸਾਰੀਆਂ ਸੁਵਿਧਾਵਾਂ ਦਿੰਦੇ ਰਹਿਣਗੇ ਇਹ ਵੇਖਣ ਵਾਲੀ ਗੱਲ ਹੋਏਗੀ।

-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)