ਆਜ਼ਾਦੀ ਦੇ 75 ਸਾਲ: ''''ਬੰਦਿਆਂ ਦੀ ਲੜਾਈ ਵਿਚ ਔਰਤਾਂ ਨੂੰ ਗਾਲ਼ਾ ਕਿਉਂ ਕੱਢੀਆਂ ਜਾਂਦੀਆਂ ਨੇ'''' - ਔਰਤਾਂ ਨੂੰ ਬੇਇੱਜ਼ਤ ਕਰਨ ਵਾਲੇ 5 ਵਰਤਾਰੇ

08/15/2022 4:15:40 PM

Getty Images
ਸੰਕੇਤਕ ਤਸਵੀਰ

ਦੇਸ਼ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਲਾਲ ਕਿਲੇ ਤੋਂ ਮੁਲਕ ਦਾ ਕੌਮੀ ਝੰਡਾ ਤਿਰੰਗਾ ਲਹਿਰਾਇਆ ਅਤੇ ਦੇਸ਼ਵਾਸੀਆਂ ਨੂੰ ਸੰਬੋਧਨ ਵੀ ਕੀਤਾ।

ਪ੍ਰਧਾਨ ਮੰਤਰੀ ਨੇ ਅਗਲੇ 25 ਸਾਲਾਂ ਲਈ ਦੇਸ ਦੇ ਲੋਕਾਂ ਅੱਗੇ ਮੁਲਕ ਦਾ ਸੰਭਾਵੀ ਏਜੰਡਾ ਪੇਸ਼ ਕੀਤਾ। ਉਨ੍ਹਾਂ ਮੁਲਕ ਨੂੰ ਵਿਕਸਤ ਮੁਲਕ ਬਣਾਉਣ ਦਾ ਸੱਦਾ ਦਿੰਦਿਆਂ ਜਿਸ ਗੱਲ ਉੱਤੇ 4-5 ਵਾਰ ਜ਼ੋਰ ਦਿੱਤਾ ਉਹ ਸੀ ਔਰਤਾਂ ਦੀ ਸਨਮਾਨ ਬਹਾਲੀ।

ਉਨ੍ਹਾਂ ਦਾ ਕਹਿਣਾ ਸੀ ਕਿ ਸਮਾਜ ਨੂੰ ਨਾਰੀ ਸ਼ਕਤੀ ਦੇ ਸਨਮਾਨ ਲਈ ਕੰਮ ਕਰਨਾ ਪਵੇਗਾ। ਨਾਰੀ ਸ਼ਕਤੀ ਦੇ ਯੋਗਦਾਨ ਤੋਂ ਬਿਨਾਂ ਕੋਈ ਵੀ ਪਾਪ੍ਰਤੀ ਸੰਭਵ ਨਹੀਂ ਹੈ।

ਮੋਦੀ ਨੇ ਕਿਹਾ, "ਅਸੀਂ ਆਪਣੀ ਬੋਲੀ ਵਿੱਚ, ਆਪਣੇ ਸ਼ਬਦਾਂ ਵਿੱਚ ਔਰਤਾਂ ਦਾ ਅਪਮਾਨ ਕਰਦੇ ਹਾਂ, ਕੀ ਅਸੀਂ ਸੁਭਾਅ ਨਾਲ, ਸੰਸਕਾਰਾਂ ਨਾਲ ਰੋਜ਼ਾਨਾ ਜੀਵਨ ਵਿੱਚ ਔਰਤਾਂ ਨੂੰ ਅਪਮਾਨਿਤ ਕਰਨ ਵਾਲੀ ਹਰ ਚੀਜ਼ ਤੋਂ ਛੁਟਕਾਰਾ ਪਾਉਣ ਦਾ ਸੰਕਲਪ ਲੈ ਸਕਦੇ ਹਾਂ?"

"ਰਾਸ਼ਟਰ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਔਰਤਾਂ ਦਾ ਮਾਣ ਬਹੁਤ ਵੱਡੀ ਪੂੰਜੀ ਸਾਬਤ ਹੋਣ ਵਾਲਾ ਹੈ। ਮੈਂ ਇਹ ਸਮਰੱਥਾ ਵੀ ਦੇਖਦਾ ਹਾਂ।"

ਅਜਿਹੇ ਦੇਸ ਵਿੱਚ ਜਿਥੋਂ ਤਕਰੀਬਨ ਹਰ ਗਾਲ੍ਹ ਔਰਤ ਦੇ ਆਲੇ-ਦੁਆਲੇ ਹੈ, ਔਰਤ ਨੂੰ ਨਿਵਾਇਆ ਜਾਂਦਾ ਹੈ, ਕਮਜ਼ੋਰ ਦਰਸਾਇਆ ਜਾਂਦਾ ਹੈ, ਕੀ ਉੱਥੇ ਅਜਿਹਾ ਬਦਲਾਅ ਸੰਭਵ ਹੈ?

ਇੱਥੋਂ ਤੱਕ ਕਿ ਚੁਟਕਲੇ ਵੀ ਔਰਤਾਂ ਦੇ ਨੂੰ ਕੇਂਦਰਿਤ ਕਰ ਕੇ ਬਣਾਏ ਤੇ ਸੁਣਾਏ ਜਾਂਦੇ ਹਨ।

ਹੁਣ ਤਾਂ ਵਰਤਾਰਾ ਇਹ ਵੀ ਹੋ ਗਿਆ ਹੈ ਕਿ ਔਰਤਾਂ ਆਪ ਵੀ ਇਨ੍ਹਾਂ ਦਾ ਲੁਤਫ਼ ਲੈਦੀਆਂ ਹਨ, ਆਪਣੇ ''''ਤੇ ਆਧਾਰਿਤ ਚੁਟਕਲੇ ਸੁਣਾ ਕੇ ਹਾਸੇ-ਠੱਠੇ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ।

Getty Images

ਔਰਤਾਂ ਨੂੰ ਬੇਇੱਜ਼ਤ ਕਰਨ ਵਾਲੀਆਂ ਗੱਲਾਂ

  • ਗੁਰਦਾਸਪੁਰ ਦੀ ਪੂਜਾ ਚੌਹਾਨ ਕਹਿੰਦੇ ਹਨ ਕਿ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਭਾਸ਼ਾ ਦੀ। ਜਦੋਂ ਕੋਈ ਵਿਅਕਤੀ ਗੱਲ ਕਰ ਰਿਹਾ ਹੈ, ਤਾਂ ਉਹ ਗਾਲ਼ਾ ਕੱਢ ਕੇ ਗੱਲ ਕਰਦਾ ਹੈ ਜਾਂ ਸਨਮਾਨ ਨਾਲ। ਉਹੀ ਬਹੁਤ ਅਹਿਮ ਹੈ। ਇਸ ਲਈ ਸਭ ਤੋਂ ਪਹਿਲਾਂ ਭਾਸ਼ਾ ਵਿਚ ਸੁਧਾਰ ਦੀ ਲੋੜ ਹੈ। ਬੰਦਿਆਂ ਦੀ ਲ਼ੜਾਈ ਵਿਚ ਔਰਤਾਂ ਦੇ ਨਾਵਾਂ ਨਾ ਵਾਲੀਂ ਗਾਲ਼ਾ ਕਿਉਂ ਕੱਢੀਆਂ ਜਾਂਦੀ ਹਨ।
  • ਗੁਰਦਾਸਪੁਰ ਦੀ ਹੀ ਜਯਾ ਦਾ ਮੰਨਣਾ ਹੈ ਕਿ ਜਦੋਂ ਕੋਈ ਔਰਤ ਅੱਗੇ ਵਧ ਕੇ ਕੰਮ ਕਰਦੀ ਹੈ ਤਾਂ ਉਸ ਨੂੰ ਆਰਚਣਹੀਣ ਕਰਾਰ ਦੇ ਦਿੱਤਾ ਜਾਂਦਾ ਹੈ, ਸਮਾਜ ਨੂੰ ਇਹ ਮਾਨਸਿਕਤਾ ਛੱਡਣੀ ਪਵੇਗੀ।
  • ਮੋਹਾਲੀ ਦੇ ਖਰੜ ਸ਼ਹਿਰ ਦੀ ਰਹਿਣ ਵਾਲੀ ਡਾਕਟਰ ਸੁਖਪਾਲ ਕੌਰ ਕਹਿੰਦੇ ਹਨ ਕਿ ਘਰ, ਦਫ਼ਤਰ ਅਤੇ ਸਮਾਜ ਵਿਚ ਔਰਤਾਂ ਨੂੰ ਉਸ ਦੇ ਕੰਮ ਨੂੰ ਮਾਨਤਾ ਮਿਲਣੀ ਚਾਹੀਦੀ ਹੈ, ਬਰਾਬਰੀ ਦੇ ਕਾਗਜੀ ਦਾਅਵਿਆਂ ਨੂੰ ਜ਼ਮੀਨ ਉੱਤੇ ਉਤਾਰਨਾ ਪਵੇਗਾ। ਬਰਾਬਰੀ ਤੇ ਤਰੱਕੀ ਦਾ ਦਾਇਰਾ ਬਹੁਤ ਛੋਟਾ ਹੈ, ਉਸ ਨੂੰ ਮੋਕਲਾ ਕਰਨ ਦੀ ਲੋੜ ਹੈ।
  • ਸਮਰਾਲਾ ਦੀ ਮਨਪ੍ਰੀਤ ਕੌਰ ਕਹਿੰਦੇ ਹਨ ਕਿ ਸਮਾਜ ਨੂੰ ਰੂੜੀਵਾਦੀ ਮਾਨਸਿਕਤਾ ਛੱਡਣੀ ਪਵੇਗੀ। ਜਦੋਂ ਤੱਕ ਸਮਾਜ ਔਰਤਾਂ ਨੂੰ ਮਰਦਾਂ ਤੋਂ ਨੀਵਾਂ ਸਮਝਣ ਵਾਲੀ ਮਾਨਸਿਕਤਾ ਨਹੀਂ ਛੱਡਦਾ ਉਦੋਂ ਤੱਕ ਔਰਤ ਦੀ ਸਨਮਾਨ ਬਹਾਲੀ ਸੰਭਵ ਨਹੀਂ ਹੈ।
  • ਜਲੰਧਰ ਦੀ ਬਲਜੀਤ ਕੌਰ ਨੇ ਕਿਹਾ ਨੇ ਕੰਜਕਾਂ ਪੂਜਣ ਵਾਲਾ ਸਮਾਜ ਜਦੋਂ ਤੱਕ ਕੁੜੀਮਾਰਾਂ ਦਾ ਕਲੰਕ ਧੋਕੇ ਮੁੰਡਿਆਂ ਨਾਲ ਕੁੱਲ ਚੱਲਣ ਵਾਲੀ ਦੋਗਲੀ ਮਾਨਸਿਕਤਾ ਨਹੀਂ ਛੱਡਦਾ ਉਦੋਂ ਤੱਕ ਔਰਤਾਂ ਨੂੰ ਸਨਮਾਨ ਨਹੀਂ ਮਿਲਦਾ

ਸੰਕਲਪ ਤੇ ਜ਼ਮੀਨੀ ਹਕੀਕਤ

ਪੀਐੱਮ ਮੋਦੀ ਦੇ ਇਸ ਸੰਕਲਪ ਨੂੰ ਅਸੀਂ ਵਧੇਰੇ ਸਮਝਣ ਲਈ ਅਸੀਂ ਕਵਿੱਤਰੀ ਅਤੇ ਸਾਹਿਤ ਅਕਾਦਮੀ ਵਿੱਚ ਪੰਜਾਬੀ ਭਾਸ਼ਾ ਦੇ ਕਨਵੀਨਰ ਡਾ. ਵਨੀਤਾ ਨਾਲ ਗੱਲਬਾਤ ਕੀਤੀ। ਉਹ ਦਿੱਲੀ ਦੇ ਰਾਜਧਾਨੀ ਕਾਲਜ ਵਿੱਚ ਐਸੋਸੀਏਟ ਪ੍ਰੋਫੈਸਰ ਹਨ।

ਡਾ. ਵਨੀਤਾ ਨੇ ਗੱਲ ਕਰਦਿਆਂ ਕਿਹਾ ਕਿ ਲਾਲ ਕਿਲੇ ਦੀ ਪ੍ਰਾਚੀਰ ਤੋਂ ਜਦੋਂ-ਜਦੋਂ ਭਾਸ਼ਣ ਦਾ ਦਿੱਤਾ ਗਿਆ ਤਾਂ ਤਕਰੀਬਨ ਹਰ ਵਾਰ ਔਰਤ ਬਾਰੇ ਭਾਵੇਂ ਦਲਿਤ, ਹਾਸ਼ੀਆਗਤ ਔਰਤ ਬਾਰੇ ਗੱਲਾਂ ਹੁੰਦੀਆਂ ਰਹੀਆਂ ਹਨ।

ਉਨ੍ਹਾਂ ਨੇ ਕਿਹਾ, "ਗੱਲ ਇਹ ਹੈ ਕਿ ਸਿਰਫ਼ ਸੰਕਲਪ ਲੈਣ ਦੇ ਨਾਲ ਕੀ ਭਾਰਤ ਦੀ ਅੱਧੀ ਮਰਦ ਆਬਾਦੀ ਹੈ, ਇਸ ਉੱਤੇ ਅਮਲ ਕਰਨ ਲੱਗੇਗੀ। ਜੇ ਉਹ ਇਸ ਸੰਕਲਪ ''''ਤੇ ਪੂਰੇ ਚੜ੍ਹਦੇ ਹੁੰਦੇ ਤਾਂ ਨਾਰੀ ਸਸ਼ਕਤੀਕਰਨ ਕਦੋਂ ਦਾ ਪੂਰਾ ਹੋ ਗਿਆ ਹੁੰਦਾ।"

"ਸਰਕਾਰਾਂ ਤਾਂ ਪਹਿਲ ਲੈਂਦੀਆਂ ਹਨ ਪਰ ਜਦੋਂ ਤੱਕ ਅਸੀਂ ਮਰਦ ਦਾ ਅਚੇਤ ਮਨ ਆਪਣੇ-ਆਪਣੇ ਢਾਂਚੇ ਵਿੱਚ ਜਿਸ ਤਰ੍ਹਾਂ ਵਿਚਰਦਾ ਹੈ, ਉਸ ''''ਤੇ ਸਖ਼ਤੀ ਨਹੀਂ ਵਰਤੀ ਜਾਵੇਗੀ ਤਾਂ ਹਰ ਰੋਜ਼ ਵਾਪਰਦੇ ਹਾਦਸਿਆਂ ਘਰੇਲੂ ਹਿੰਸਾ ਤੋਂ ਲੈ ਕੇ ਸਮਾਜਕ ਪੱਧਰ ਠੱਲ੍ਹ ਨਹੀਂ ਪਵੇਗੀ।"

"ਹਾਲਾਂਕਿ, ਔਰਤਾਂ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ ਪਰ ਕੀ ਔਰਤਾਂ ਨੂੰ ਪੂਰਾ ਲਾਹਾ ਮਿਲਦਾ ਹੈ? ਇਸ ਲਈ ਸਿਰਫ਼ ਉਪਰੀ ਪਰਤ ਹੀ ਨਾ ਦੇਖੀਏ, ਔਰਤਾਂ ਦੇ ਅੰਦਰੂਨੀ ਮਸਲੇ, ਹਿੰਸਕ ਮਸਲੇ, ਉਨ੍ਹਾਂ ਨੂੰ ਦੇਖੀਏ।"

ਉਨ੍ਹਾਂ ਨੇ ਅੱਗੇ ਕਿਹਾ, "ਜਦੋਂ ਤੱਕ ਹਰ ਸੂਬਾ ਇਸ ''''ਤੇ ਸਖ਼ਤ ਨਿਯਮ ਨਹੀਂ ਬਣਾਉਂਦਾ, ਉਦੋਂ ਤੱਕ ਇਹ ਹਰ ਸਾਲ ਦੇ ਸੰਕਲਪ ਬਣ ਕੇ ਰਹਿ ਜਾਣਗੇ।"

''''ਪਿਤਰਸੱਤਾ ਨੇ ਕਦੇ ਔਰਤ ਨੂੰ ਦੇਵੀ ਬਣਾਇਆ ਸੀ, ਪਰ...''''

ਡਾ. ਵਨੀਤਾ ਕਹਿੰਦੇ ਹਨ ਕਿ ਹੁਣ ਤੱਕ ਔਰਤਾਂ ''''ਚ ਜਿਹੜੀ ਤਬਦੀਲੀ ਆਈ ਹੈ, ਉਹ ਉਨ੍ਹਾਂ ਦੇ ਆਪਣੇ ਦਮ-ਖਮ ''''ਤੇ ਆਈ ਹੈ।

ਉਹ ਕਹਿੰਦੇ ਹਨ, "ਪਿਤਰਸੱਤਾ ਨੇ ਕਦੇ ਔਰਤ ਨੂੰ ਦੇਵੀ ਬਣਾਇਆ ਸੀ, ਪਰ ਹੁਣ ਜਿਹੜੇ ਮਾੜੇ ਮਜ਼ਾਕ ਹਨ ਉਹ ਔਰਤਾਂ ਦੇ ਨਾਮ ''''ਤੇ ਹਨ, ਜਿੰਨੀਆਂ ਗਾਲ੍ਹਾ ਔਰਤਾਂ ਦੇ ਨਾਮ ''''ਤੇ ਕੱਢੀਆਂ ਜਾਂਦੀਆਂ ਹਨ, ਸਾਡੀ ਸੋਚ ਵਿੱਚ ਹੀ ਔਰਤ ਨੂੰ ਇੰਨਾ ਕੁ ਨਿਗੂਣਾ ਬਣਾ ਦਿੱਤਾ ਗਿਆ ਹੈ।"

ਉਨ੍ਹਾਂ ਨੇ ਇਸ ਵਿੱਚ ਇਹ ਕਿਹਾ ਕਿ ਸਿਰਫ਼ ਆਦਮੀਆਂ ਨੇ ਔਰਤਾਂ ਨੂੰ ਇਸ ਤਰ੍ਹਾਂ ਨਹੀਂ ਬਣਾਇਆ, ਔਰਤਾਂ ਵੀ ਜਦੋਂ ਚਾਰ ਜਣੀਆਂ ਇਕੱਠੀਆਂ ਹੁੰਦੀਆਂ ਹਨ ਤਾਂ ਉਹ ਵੀ ਆਪਣੇ ਉੱਤੇ ਬਣਾਏ ਚੁਟਕਲੇ ਸੁਣਾ ਕੇ ਹੱਸਦੀਆਂ ਹਨ।


-


ਉਹ ਕਹਿੰਦੇ ਹਨ, "ਇਹ ਜਿਹੜਾ ਅਪਮਾਨ ਹੈ, ਕਿਤੇ ਨਾ ਕਿਤੇ ਅਸੀਂ ਔਰਤਾਂ ਨੇ ਵੀ ਉਸ ਨੂੰ ਆਪਣੇ ਅਨੁਕੂਲ ਕਰ ਲਿਆ ਹੈ, ਆਪ ਇਸ ਵਿੱਚ ਹੱਸ ਕੇ ਉਸ ਨੂੰ ਸਵੀਕਾਰ ਕਰ ਲਿਆ ਕਿ ਉਸ ਦਾ ਕਦੇ ਵਿਰੋਧ ਹੀ ਨਹੀਂ ਕੀਤਾ।"

"ਸੋਸ਼ਲ ਮੀਡੀਆ ''''ਤੇ, ਵਟਸਐਪ ''''ਤੇ, ਚਾਰ ਜਣਿਆਂ ਵਿੱਚ ਬੈਠ ਤਾਂ ਵੀ ਇਸ ਤਰ੍ਹਾਂ ਅਪਮਾਨਜਨਕ ਭਾਸ਼ਾ, ਆਪਣੇ-ਆਪ ਨੂੰ ਛੋਟਾ ਦਿਖਾਉਣਾ, ਇਹ ਸਾਰਾ ਕੁਝ ਸਾਡੇ ਵਰਤਾਰੇ ਦਾ ਹਿੱਸਾ ਕਿਉਂ ਬਣਦਾ ਜਾ ਰਿਹਾ। ਸਾਨੂੰ ਇਸ ਬਾਰੇ ਸੋਚਣਾ ਪਵੇਗਾ।"

ਉਹ ਆਖਦੇ ਹਨ, "ਜਦੋਂ ਵੀ ਔਰਤ ਨਾਲ ਕਿਸੇ ਤਰ੍ਹਾਂ ਦੀ ਹਿੰਸਾ ਹੁੰਦੀ ਹੈ, ਪਹਿਲਾਂ ਤਾਂ ਉਸ ਦਾ ਥਾਣੇ ਤੱਕ ਪਹੁੰਚਣਾ, ਸ਼ਿਕਾਇਤ ਕਰਨਾ ਹੀ ਸੰਭਵ ਹੀ ਨਹੀਂ ਹੁੰਦਾ, ਤੇ ਸ਼ਿਕਾਇਤ ਹੋ ਵੀ ਜਾਵੇ ਤਾਂ ਉਹ ਅੱਗੇ ਜਾ ਕੇ ਪਹੁੰਚ ਲੜਾ ਕੇ ਜਾਂ ਰਿਸ਼ਵਤ ਦੇ ਕੇ ਛੁੱਟ ਜਾਂਦੇ ਹਨ।"

"ਇਸ ਲਈ ਇਹ ਸਭ ਕੁਝ ਸਕੂਲੀ ਸਿੱਖਿਆ ਦੇ ਪੱਧਰ ''''ਤੇ ਹੀ ਸ਼ੁਰੂ ਹੋ ਜਾਣਾ ਚਾਹੀਦਾ ਹੈ, ਇਹ ਬਹੁਤ ਜ਼ਰੂਰੀ ਹੈ।"

"ਸਾਨੂੰ, ਸਾਡੇ ਮਾਪਿਆਂ ਨੂੰ ਸਕੂਲੀ ਪੱਧਰ ''''ਤੇ ਸਾਡੇ ਹੱਕਾਂ ਬਾਰੇ , ਬਰਾਬਰੀ ਦਾ ਸੰਕਲਪ, ਸਾਡੇ ਜਿਸਮ ਬਾਰੇ, ਸਰੀਰਕ ਹਾਵ-ਭਾਵ ਬਾਰੇ ਨਹੀਂ ਸਿਖਾਇਆ ਜਾਂਦਾ ਤਾਂ ਕਾਨੂੰਨ ਤੱਕ ਪਹੁੰਚਣਾ ਤਾਂ ਬਹੁਤ ਮੁਸ਼ਕਲ ਹੋਵੇਗਾ।"

ਵਨੀਤਾ ਮੰਨਦੇ ਹਨ ਔਰਤ ਵਿੱਚ ਆਤਮ-ਵਿਸ਼ਵਾਸ਼ ਹੋਣਾ ਬਹੁਤ ਜ਼ਰੂਰੀ ਹੈ। ਪਹਿਲਾਂ ਨਾਲੋਂ ਬਹੁਤ ਫਰਕ ਹੈ, ਜਿਹੜੀ ਔਰਤ ਘਰ ਚਾਰ-ਦਿਵਾਰੀ ਬਾਹਰ ਨਹੀਂ ਗਈ ਸੀ ਅੱਜ ਉਸ ਨੂੰ ਪੜ੍ਹਨ-ਲਿਖਣ ਵਿੱਚ ਬਰਾਬਰ ਦਾ ਦਰਜਾ ਦਿੱਤਾ ਗਿਆ ਤਾਂ ਉਨ੍ਹਾਂ ਵਿੱਚ ਜਾਗਰੂਕਤਾ ਆਈ ਹੈ।

ਡਾ. ਵਨੀਤਾ ਇਹ ਵੀ ਕਹਿੰਦੇ ਹਨ ਕਿ ਅੱਜ ਦੀ ਜਿਹੜੀ ਇਲੈਕਟ੍ਰਾਨਿਕ ਤਰੱਕੀ ਹੈ, ਟੀਵੀ, ਇੰਟਰਨੈੱਟ ਆਦਿ ਨਾਲ ਉਨ੍ਹਾਂ ਨੂੰ ਗਲੋਬਲ ਜਾਗਰੂਕਤਾ ਆਈ ਹੈ।

ਪਰ ਇਹ ਇੱਥੇ ਇੱਕ ਖਦਸ਼ਾ ਹੀ ਜ਼ਾਹਿਰ ਕਰਦੇ ਹਨ ਕਿ ਸੋਸ਼ਲ ਮੀਡੀਆ ਕਾਰਨ ਕੁੜੀਆਂ ਜਾਂ ਔਰਤਾਂ ਦਾ ਸ਼ੋਸ਼ਣ ਹੋਣ ਦਾ ਵੀ ਡਰ ਰਹਿੰਦਾ ਹੈ।

ਸੱਭਿਆਚਾਰਕ ਬਦਲਾਅ ਲੋੜ

ਦਿੱਲੀ ਵਿੱਚ ਰਾਜਧਾਨੀ ਕਾਲਜ ਵਿੱਚ ਐਸੋਸੀਏਟ ਪ੍ਰੋਫੈਸਰ ਨੀਤੂ ਅਰੋੜਾ ਦਾ ਕਹਿਣਾ ਹੈ ਕਿ ਕੋਈ ਵੀ ਔਰਤ ਟਾਪੂ ''''ਤੇ ਨਹੀਂ ਰਹਿੰਦੀ, ਜਿਵੇਂ ਦਾ ਸਮਾਜ ਹੁੰਦਾ ਹੈ, ਉਸ ਨਾਲ ਮਿਲਦੀ ਜੁਲਦੀ ਔਰਤ ਦੀ ਜ਼ਿੰਦਗੀ ਹੁੰਦੀ ਹੈ।

ਉਹ ਆਖਦੇ ਹਨ, "75 ਸਾਲ ਕੋਈ ਬਹੁਤ ਲੰਬਾ ਵਕਫ਼ਾ ਨਹੀਂ ਹੈ, ਜੇਕਰ ਇਤਿਹਾਸ ਦੀ ਨਜ਼ਰ ਨਾਲ ਦੇਖੀਏ ਤਾਂ ਇਹ ਬਹੁਤ ਛੋਟਾ ਜਿਹਾ ਸਮਾਂ ਹੈ। ਹਜ਼ਾਰਾਂ ਸਾਲਾਂ ਦਾ ਅਭਿਆਸ 75 ਸਾਲਾ ਵਿੱਚ ਖ਼ਤਮ ਹੋ ਜਾਵੇ, ਇਹ ਸੰਭਵ ਨਹੀਂ ਹੈ। ਉਹ ਤੁਹਾਡੇ ਅੰਦਰ ਸਮਾਇਆ ਹੈ।"

Getty Images
ਸੰਕੇਤਕ ਤਸਵੀਰ

"ਇਸੇ ਤਰ੍ਹਾਂ ਜਦੋਂ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸਾਨੂੰ ਆਪਣੇ ਸਮਾਜ ਨੂੰ ਬਣਾਉਣ ਲਈ ਸਾਨੂੰ ''''ਪੁਰਸ਼ਾਰਥ'''' ਕਰਨਾ ਪਵੇਗਾ। ਪੁਰਸ਼ਾਰਥ ਵੀ ਪਿਤਰਸੱਤਾ ਦਾ ਸ਼ਬਦ ਹੈ, ਸਾਡੇ ਅੰਦਰ ਵਸਿਆ ਹੋਇਆ ਸ਼ਬਦ ਹੈ ਜਿਸ ਦਾ ਵੀ ਕੋਈ ਤੋੜ ਨਹੀਂ ਹੈ।"

ਨੀਤੂ ਕਹਿੰਦੇ ਹਨ ਇਸ ਤਰ੍ਹਾਂ ਔਰਤਾਂ ਦੇ ਆਲੇ-ਦੁਆਲੇ ਚੀਜ਼ਾਂ ਕਿਵੇਂ ਹੋਣਗੀਆਂ, ਜੇਕਰ ਤੁਸੀਂ ਪੂਰੇ ਸਮਾਜ ਦੀ ਗੱਲ ਨਹੀਂ ਕਰੋਗੇ?

ਨੀਤੂ ਮੁਤਾਬਕ, "ਭਾਸ਼ਾ ਦਾ ਸਬੰਧ ਸੱਭਿਆਚਾਰ ਬਦਲਾਅ ਨਾਲ ਹੈ। ਪ੍ਰਧਾਨ ਮੰਤਰੀ ਚਾਹੁਣ ਤਾਂ ਔਰਤ ਕੇਂਦਰਿਤ ਗਾਲ੍ਹਾਂ ਦੇ ਆਲੇ-ਦੁਆਲੇ ਕਾਨੂੰਨ ਬਣਾ ਸਕਦੇ ਹਨ, ਪਰ ਮੇਰਾ ਮੰਨਣਾ ਹੈ ਕਿ ਕਾਨੂੰਨ ਨਾਲ ਇੱਕ ਹਦ ਤੱਕ ਰੋਕ ਲਗ ਸਕਦੀ ਹੈ।"

"ਇੱਥੇ ਇਸ ਲਈ ਸੱਭਿਆਚਾਰਕ ਬਦਲਾਅ ਲੈ ਕੇ ਆਉਣ ਦੀ ਲੋੜ ਹੈ। ਇਸ ਦੇ ਕਈ ਕਾਰਕ ਹੋ ਸਕਦੇ ਹਨ, ਜਿਵੇਂ ਇਸ ਨੂੰ ਪੜ੍ਹਾਈ ਦੇ ਕਿਸੇ ਕੋਰਸ ਵਿੱਚ ਸ਼ਾਮਿਲ ਕਰਨਾ ਪਵੇਗਾ। ਰੋਜ਼ਾਨਾ ਜੀਵਨ ਵਿੱਚ ਸ਼ਾਮਿਲ ਕਰਨਾ ਪਵੇਗਾ।"

"ਘੱਟੋ-ਘੱਟ ਉਪਰਲੇ ਤਬਕੇ ਦੇ ਲੋਕ, ਜਿਵੇਂ ਪ੍ਰੋਫੈਸਰ ਵਰਗ, ਜੋ ਆਪਣੇ-ਆਪ ਸਿੱਖਿਅਤ ਵਰਗ ਕਹਿੰਦਾ ਹੈ,ਉਸ ਨੂੰ ਘੱਟੋ-ਘੱਟ ਲਿੰਗਕ ਬਰਾਬਰੀ ਵਾਲਾ ਭਾਸ਼ਾ ਬੋਲਣੀ ਪਵੇਗੀ।"

ਨੀਤੂ ਅਰੋੜਾ ਦਾ ਕਹਿਣਾ ਹੈ ਕਿ ਪਿਤਰਸੱਤਾ ਕਿਵੇਂ ਸਰੀਰ ਵਿੱਚ ਨਹੀਂ ਵਸਦੀ ਹੈ ਉਹ ਤਾਂ ਮਾਨਸਿਕਤਾ ਹੈ ਤੇ ਔਰਤਾਂ ਵੀ ਔਰਤ ਕੇਂਦਰਿਤ ਗਾਲ੍ਹਾਂ ਕੱਢਦੀਆਂ ਹਨ।

ਨੀਤੂ ਇਹ ਵੀ ਕਹਿੰਦੇ ਹਨ, "ਅੱਜ ਦੀ ਨਾਰੀ ਆਰਥਿਕ ਸੁਤੰਤਰਤਾ ਦੇ ਨਾਲ ਸਨਮਾਨ ਚਾਹੁੰਦੀ ਹੈ। ਅਜਿਹਾ ਵੀ ਨਹੀਂ ਕਿਹਾ ਜਾ ਸਕਦਾ ਹੈ ਅਸੀਂ ਹਾਸਿਲ ਨਹੀਂ ਕੀਤਾ ਅਸੀਂ ਬਹੁਤ ਕੁਝ ਹਾਸਿਲ ਕਰ ਵੀ ਲਿਆ ਹੈ।"


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)