ਭਾਰਤ ਅਤੇ ਪਾਕਿਸਤਾਨ ਦੀ ਵੰਡ ਕਿਉਂ ਹੋਈ ਤੇ ਲੱਖਾਂ ਲੋਕਾਂ ਨੂੰ ਕੀ ਕੁਝ ਭੁਗਤਣਾ ਪਿਆ

08/14/2022 7:45:38 PM

Getty Images
ਸਾਲ 1959 ਤੋਂ ਬਾਅਦ ਹਰ ਵਾਹਗਾ ਸਰਹੱਦ ਉੱਪਰ ਭਾਰਤੀ ਅਤੇ ਪਾਕਿਸਤਾਨੀ ਰੇਂਜਰ ਇੱਕ ਸਮਾਰੋਹ ਦੇ ਰੂਪ ਵਿੱਚ ਦੋਵਾਂ ਦੇਸਾਂ ਦੇ ਕੌਮੀ ਝੰਡੇ ਉਤਾਰਦੇ ਹਨ, ਜਿਸ ਨੂੰ ਰਿਟਰੀਟ ਸੈਰੀਮਨੀ ਕਿਹਾ ਜਾਂਦਾ ਹੈ

ਅਗਸਤ 1947 ਵਿੱਚ ਬ੍ਰਿਟੇਨ ਨੇ ਭਾਰਤ ਨੂੰ ਆਜ਼ਾਦ ਕੀਤਾ। ਭਾਰਤੀ ਉਪਮਹਾਂਦੀਪ ਦੀ ਤਿੰਨ ਹਿੱਸਿਆਂ, ਭਾਰਤ, ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ ਵਿੱਚ ਵੰਡ ਹੋਈ ਅਤੇ ਦੋ ਨਵੇਂ ਦੇਸ ਭਾਰਤ ਅਤੇ ਪਾਕਿਸਤਾਨ ਹੋਂਦ ਵਿੱਚ ਆਏ। ਬਾਅਦ ਵਿੱਚ ਪੂਰਬੀ ਪਾਕਿਸਤਾਨ ਬੰਗਲਾਦੇਸ਼ ਬਣ ਗਿਆ।

ਵੰਡ ਤੋਂ ਬਾਅਦ ਭੜਕੇ ਹਿੰਸਾ ਦੇ ਭਾਂਬੜ ਨੇ ਲਗਭਗ 10 ਲੱਖ ਜਾਨਾਂ ਦੀ ਅਹੂਤੀ ਲਈ ਅਤੇ ਕਰੀਬ ਡੇਢ ਕਰੋੜ ਲੋਕ ਬੇਘਰ ਹੋ ਗਏ।

ਭਾਰਤ ਅਤੇ ਪਾਕਿਸਤਾਨ ਉਦੋਂ ਤੋਂ ਹੀ ਇੱਕ ਦੂਜੇ ਦੇ ਵਿਰੋਧੀ ਬਣੇ ਹੋਏ ਹਨ।

ਵੰਡ ਕਿਉਂ ਹੋਈ?

1946 ਵਿੱਚ ਬ੍ਰਿਟੇਨ ਨੇ ਭਾਰਤ ਨੂੰ ਆਜ਼ਾਦ ਕਰਨ ਦਾ ਐਲਾਨ ਕੀਤਾ। ਉਹ ਹੁਣ ਹੋਰ ਇਸ ਵਿਸ਼ਾਲ ਦੇਸ ਨੂੰ ਸੰਭਾਲਣਾ ਨਹੀਂ ਚਾਹੁੰਦਾ ਸੀ ਅਤੇ ਜਲਦੀ ਤੋਂ ਜਲਦੀ ਇਸ ਨੂੰ ਛੱਡਣਾ ਚਾਹੁੰਦਾ ਸੀ।

ਭਾਰਤ ਦੇ ਆਖ਼ਰੀ ਵਾਇਸਰਾਏ, ਲਾਰਡ ਲੂਈਸ ਮਾਊਂਟਬੈਟਨ ਨੇ ਭਾਰਤ ਨੂੰ ਅਜ਼ਾਦੀ ਦੇਣ ਲਈ 15 ਅਗਸਤ, 1947 ਦੀ ਮਿਤੀ ਤੈਅ ਕੀਤੀ ਸੀ।

ਉਸ ਸਮੇਂ ਭਾਰਤ ਦੀ ਆਬਾਦੀ ਵਿੱਚ ਲਗਭਗ 25% ਮੁਸਲਮਾਨ ਸਨ ਅਤੇ ਬਾਕੀ ਜ਼ਿਆਦਾਤਰ ਹਿੰਦੂ ਸਨ। ਆਬਾਦੀ ਵਿੱਚ ਸਿੱਖ, ਬੋਧੀ ਅਤੇ ਹੋਰ ਘੱਟ ਗਿਣਤੀ ਧਰਮਾਂ ਦੇ ਪੈਰੋਕਾਰ ਵੀ ਸ਼ਾਮਲ ਸਨ।

ਆਰਟਸ ਐਂਡ ਹਿਊਮੈਨਟੀਜ਼ ਰਿਸਰਚ ਕੌਂਸਲ ਦੇ ਭਾਰਤੀ ਫੈਲੋ, ਪ੍ਰੋਫੈਸਰ ਨਵਤੇਜ ਪੁਰੇਵਾਲ ਕਹਿੰਦੇ ਹਨ, "ਅੰਗਰੇਜ਼ਾਂ ਨੇ ਭਾਰਤ ਵਿੱਚ ਲੋਕਾਂ ਨੂੰ ਵਰਗਾਂ ਵਿੱਚ ਵੰਡਣ ਦੇ ਤਰੀਕੇ ਵਜੋਂ ਧਰਮ ਦੀ ਵਰਤੋਂ ਕੀਤੀ ਸੀ।"

Getty Images
ਭਾਰਤ ਦੀ ਅਜ਼ਾਦੀ ਦੇ ਮੁੱਖ ਆਗੂ ਨਹਿਰੂ ਅਤੇ ਗਾਂਧੀ ਚਹੁੰਦੇ ਸਨ ਕਿ ਅਜ਼ਾਦ ਭਾਰਤ ਇੱਕ ਅਜਿਹਾ ਦੇਸ ਬਣੇ ਜਿਸ ਵਿੱਚ ਸਾਰੇ ਧਰਮ ਰਹਿ ਸਕਦੇ ਹੋਣ

"ਉਦਾਹਰਨ ਵਜੋਂ, ਉਨ੍ਹਾਂ ਨੇ ਸਥਾਨਕ ਚੋਣਾਂ ਲਈ ਮੁਸਲਮਾਨਾਂ ਤੇ ਹਿੰਦੂ ਵੋਟਰਾਂ ਦੀਆਂ ਵੱਖਰੀਆਂ-ਵੱਖਰੀਆਂ ਸੂਚੀਆਂ ਬਣਾਈਆਂ ਸਨ। ਮੁਸਲਮਾਨ ਸਿਆਸਤਦਾਨਾਂ ਲਈ ਸੀਟਾਂ ਰਾਖਵੀਆਂ ਸਨ, ਅਤੇ ਹਿੰਦੂਆਂ ਲਈ ਵੀ ਸੀਟਾਂ ਰਾਖਵੀਆਂ ਸਨ। ਧਰਮ ਰਾਜਨੀਤੀ ਵਿੱਚ ਇੱਕ ਕਾਰਕ ਬਣ ਗਿਆ ਸੀ।"

ਬ੍ਰਿਟੇਨ ਵਿੱਚ ਸਥਿਤ ਚੈਥਮ ਹਾਊਸ ਫੌਰਨ ਪੌਲਿਸੀ ਇੰਸਟੀਚਿਊਟ ਦੇ ਡਾਕਟਰ ਗੈਰੇਥ ਪ੍ਰਾਈਸ ਕਹਿੰਦੇ ਹਨ, "ਜਦੋਂ ਭਾਰਤ ਨੂੰ ਆਜ਼ਾਦੀ ਮਿਲਣ ਦੀ ਸੰਭਾਵਨਾ ਬਣੀ ਤਾਂ ਕਈ ਭਾਰਤੀ ਮੁਸਲਮਾਨ ਹਿੰਦੂ ਬਹੁਗਿਣਤੀ ਸ਼ਾਸਿਤ ਦੇਸ਼ ਵਿੱਚ ਰਹਿਣ ਬਾਰੇ ਫਿਕਰਮੰਦ ਹੋ ਗਏ ਸਨ।"

ਉਹ ਕਹਿੰਦੇ ਹਨ, "ਉਨ੍ਹਾਂ ਨੇ ਸੋਚਿਆ ਕਿ ਉਹ ਦਬ ਜਾਣਗੇ। ਉਨ੍ਹਾਂ ਨੇ ਇੱਕ ਵੱਖਰੇ ਮੁਸਲਿਮ ਦੇਸ਼ ਲਈ ਪ੍ਰਚਾਰ ਕਰਨ ਵਾਲੇ ਸਿਆਸਤਦਾਨਾਂ ਦਾ ਸਮਰਥਨ ਕਰਨੀ ਸ਼ੁਰੂ ਕਰ ਦਿੱਤਾ ਸੀ।"

ਅਜ਼ਾਦੀ ਦੇ ਅੰਦਲੋਨ ਦੇ ਕਾਂਗਰਸੀ ਆਗੂਆਂ ਮੋਹਨਦਾਸ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਨੇ ਕਿਹਾ ਕਿ ਉਹ ਇੱਕ ਅਜਿਹਾ ਸੰਯੁਕਤ ਭਾਰਤ ਚਾਹੁੰਦੇ ਹਨ ਜੋ ਸਾਰੇ ਧਰਮਾਂ ਨੂੰ ਅਪਣਾਏ।

ਹਾਲਾਂਕਿ, ਆਲ ਇੰਡੀਆ ਮੁਸਲਿਮ ਲੀਗ ਦੇ ਨੇਤਾ ਮੁਹੰਮਦ ਅਲੀ ਜਿਨਾਹ ਨੇ ਆਜ਼ਾਦੀ ਦੇ ਸਮਝੌਤੇ ਦੇ ਹਿੱਸੇ ਵਜੋਂ ਵੰਡ ਦੀ ਮੰਗ ਕੀਤੀ ਸੀ।

ਡਾਕਟਰ ਪ੍ਰਾਈਸ ਕਹਿੰਦੇ ਹਨ, "ਇੱਕ ਸੰਯੁਕਤ ਭਾਰਤ ਕਿਵੇਂ ਕੰਮ ਕਰੇਗਾ, ਇਸ ਬਾਰੇ ਸਹਿਮਤੀ ਬਣਨ ਵਿੱਚ ਕਾਫ਼ੀ ਲੰਬਾ ਸਮਾਂ ਲੱਗ ਜਾਂਦਾ।"

"ਵੰਡ ਇੱਕ ਤੇਜ਼ ਅਤੇ ਸਾਧਾਰਨ ਹੱਲ ਜਾਪਦਾ ਸੀ।"

Getty Images
ਮੁਹੰਮਦ ਅਲੀ ਜਿਨਾਹ ਅਜ਼ਾਦੀ ਬਾਰੇ ਗਾਂਧੀ ਦੇ ਵਿਚਾਰ ਨਾਲ ਇਤਿਫਾਕ ਨਹੀਂ ਰੱਖਦੇ ਸਨ

ਵੰਡ ਨੇ ਕਿੰਨੇ ਵੱਡੇ ਸੰਤਾਪ ਨੂੰ ਪੈਦਾ ਕੀਤਾ?

ਭਾਰਤ ਅਤੇ ਪਾਕਿਸਤਾਨ ਵਿਚਕਾਰ ਨਵੀਆਂ ਸਰਹੱਦਾਂ 1947 ਵਿੱਚ ਇੱਕ ਬ੍ਰਿਟਿਸ਼ ਨੌਕਰਸ਼ਾਹ ਸਰ ਸਿਰਿਲ ਰੈਡਕਲਿਫ ਦੁਆਰਾ ਤੈਅ ਕੀਤੀਆਂ ਗਈਆਂ ਸਨ।

ਰੈਡਕਲਿਫ਼ ਨੇ ਭਾਰਤੀ ਉਪ-ਮਹਾਂਦੀਪ ਨੂੰ ਮੋਟੇ ਤੌਰ ''''ਤੇ ਮੱਧ ਅਤੇ ਦੱਖਣੀ ਹਿੱਸੇ ਵਿੱਚ ਵੰਡਿਆ ਜਿੱਥੇ ਹਿੰਦੂ ਬਹੁਗਿਣਤੀ ਸਨ, ਅਤੇ ਉੱਤਰ-ਪੱਛਮ ਅਤੇ ਉੱਤਰ-ਪੂਰਬ ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਜਿੱਥੇ ਮੁਸਲਮਾਨ ਬਹੁਗਿਣਤੀ ਵਿੱਚ ਸਨ।

ਹਾਲਾਂਕਿ, ਬ੍ਰਿਟਿਸ਼ ਭਾਰਤ ਵਿੱਚ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਬਿਖਰੇ ਹੋਏ ਸਨ। ਇਸ ਦਾ ਮਤਲਬ ਇਹ ਸੀ ਕਿ ਵੰਡ ਤੋਂ ਬਾਅਦ ਲਗਭਗ ਡੇਢ ਕਰੋੜ ਲੋਕਾਂ ਨੇ ਨਵੀਂਆਂ ਬਣੀਆਂ ਸਰਹੱਦਾਂ ਨੂੰ ਪਾਰ ਕਰਨ ਲਈ ਸੈਂਕੜੇ ਮੀਲ ਦਾ ਸਫ਼ਰ ਤੈਅ ਕੀਤਾ।

ਕਈ ਥਾਵਾਂ ''''ਤੇ ਲੋਕਾਂ ਨੂੰ ਫਿਰਕੂ ਹਿੰਸਾ ਕਾਰਨ ਉਨ੍ਹਾਂ ਦੇ ਘਰਾਂ ਵਿੱਚੋਂ ਖਦੇੜ ਦਿੱਤਾ ਗਿਆ ਸੀ। ਇਸ ਦੀ ਪਹਿਲੀ ਉਦਾਹਰਨ 1946 ਦਾ ਕਲਕੱਤਾ ਹੱਤਿਆਕਾਂਡ ਸੀ, ਜਿਸ ਵਿੱਚ ਅੰਦਾਜ਼ਨ 2,000 ਲੋਕ ਮਾਰੇ ਗਏ ਸਨ।

:

Huw Evans picture agency
ਇੱਕ ਅੰਦਾਜ਼ੇ ਮੁਤਾਬਕ ਕਲਕੱਤਾ ਦੀਆਂ ਸੜਕਾਂ ''''ਤੇ ਹੋਏ ਕਤਲੇਆਮ ਵਿੱਚ ਲਗਭਗ 2000 ਹਿੰਦੂਆਂ ਅਤੇ ਮੁਸਲਮਾਨਾਂ ਦੀ ਮੌਤ ਹੋਈ

ਲੰਡਨ ਯੂਨੀਵਰਸਿਟੀ ਦੇ ਦੱਖਣ ਏਸ਼ੀਆਈ ਇਤਿਹਾਸ ਦੇ ਸੀਨੀਅਰ ਲੈਕਚਰਾਰ, ਡਾ. ਐਲਨੋਰ ਨਿਊਬਿਗਿਨ ਕਹਿੰਦੇ ਹਨ, "ਮੁਸਲਿਮ ਲੀਗ ਨੇ ਮਿਲਸ਼ੀਆ ਸਮੂਹ ਬਣਾਏ ਅਤੇ ਇਸੇ ਤਰ੍ਹਾਂ ਸੱਜੇ-ਪੱਖੀ ਹਿੰਦੂਆਂ ਨੇ ਵੀ ਅਜਿਹਾ ਹੀ ਕੀਤਾ।"

"ਹਿੰਸਕ ਭੀੜਾਂ ਨੇ ਆਪਣਾ ਕੰਟਰੋਲ ਵਧਾਉਣ ਲਈ ਲੋਕਾਂ ਨੂੰ ਪਿਡਾਂ ਵਿੱਚੋਂ ਖਦੇੜ ਕੇ ਭਜਾਇਆ।"

ਅਨੁਮਾਨ ਹਨ ਕਿ ਇਸ ਦੌਰਾਨ ਹਿੰਸਾ, ਬਿਮਾਰੀ ਕਾਰਨ ਸ਼ਰਣਾਰਥੀ ਕੈਂਪਾਂ ਵਿੱਚ ਦੋ ਲੱਖ ਤੋਂ ਦੱਸ ਲੱਖ ਲੋਕਾਂ ਦੀ ਮੌਤ ਹੋਈ ਸੀ।

ਹਜ਼ਾਰਾਂ ਔਰਤਾਂ ਜਿਨ੍ਹਾਂ ਵਿੱਚ ਹਿੰਦੂ ਅਤੇ ਮੁਸਲਮਾਨ ਸ਼ਾਮਲ ਸਨ, ਬਲਾਤਕਾਰ ਦਾ ਸ਼ਿਕਾਰ ਹੋਈਆਂ, ਜਾਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਜਾਂ ਕਰੂਪ ਕਰ ਦਿੱਤਾ ਗਿਆ ਸੀ।

ਵੰਡ ਦੇ ਸਿੱਟੇ ਕੀ ਨਿਕਲੇ?

Getty Images
ਅੰਮ੍ਰਤਿਸਰ ਨੂੰ ਪਾਕਿਸਤਾਨ ਅਤੇ ਭਾਰਤ ਦੋਵੇਂ ਹਾਸਲ ਕਰਨਾ ਚਾਹੁੰਦੇ ਸਨ, ਸਾਲ 1947 ਦੇ ਮਾਰਚ ਮਹੀਨੇ ਦੌਰਾਨ ਵਾਪਰੀ ਹਿੰਸਾ ਵਿੱਚ ਸ਼ਹਿਰ ਦੇ ਕਈ ਹਿੱਸੇ ਮਲਬੇ ਵਿੱਚ ਬਦਲ ਦਿੱਤੇ ਗਏ

ਵੰਡ ਤੋਂ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਵਾਰ-ਵਾਰ ਇਸ ਗੱਲ ਨੂੰ ਲੈ ਕੇ ਲੜਦੇ ਰਹੇ ਹਨ ਕਿ ਕਸ਼ਮੀਰ ''''ਤੇ ਕਿਸ ਦਾ ਕੰਟਰੋਲ ਹੈ।

ਉਹ ਇਸ ਨੂੰ ਲੈ ਕੇ ਦੋ ਜੰਗਾਂ ਲੜ ਚੁੱਕੇ ਹਨ (1947-48 ਅਤੇ 1965 ਵਿੱਚ), ਅਤੇ ਉਹ ਕਸ਼ਮੀਰ ਵਿੱਚ 1999 ਦੇ ਕਾਰਗਿਲ ਸੰਕਟ ਦੌਰਾਨ ਵੀ ਆਹਮੋ-ਸਾਹਮਣੇ ਆ ਚੁੱਕੇ ਹਨ।

ਦੋਵੇਂ ਦੇਸ਼ ਕਸ਼ਮੀਰ ਦੇ ਆਪਣਾ ਹੋਣ ਦਾ ਦਾਅਵਾ ਕਰਦੇ ਹਨ, ਅਤੇ ਉਹ ਵਰਤਮਾਨ ਵਿੱਚ ਇਸ ਦੇ ਵੱਖ-ਵੱਖ ਹਿੱਸਿਆਂ ਦਾ ਪ੍ਰਸ਼ਾਸਨ ਚਲਾ ਰਹੇ ਹਨ।

ਭਾਰਤ ਨੇ 1971 ਵਿੱਚ ਪਾਕਿਸਤਾਨ ਨਾਲ ਆਪਣੀ ਆਜ਼ਾਦੀ ਦੀ ਲੜਾਈ ਵਿੱਚ ਪੂਰਬੀ ਪਾਕਿਸਤਾਨ (ਹੁਣ ਬੰਗਲਾਦੇਸ਼) ਦੀ ਹਮਾਇਤ ਕਰਨ ਲਈ ਵੀ ਲੜਾਈ ਲੜੀ ਸੀ।

ਪਾਕਿਸਤਾਨ ਵਿੱਚ ਹੁਣ 2% ਤੋਂ ਵੀ ਘੱਟ ਹਿੰਦੂ ਆਬਾਦੀ ਹੈ।

ਡਾਕਟਰ ਪ੍ਰਾਈਸ ਕਹਿੰਦੇ ਹਨ, "ਪਾਕਿਸਤਾਨ ਦਾ ਇਸਲਾਮੀਕਰਨ ਵਧਦਾ ਜਾ ਰਿਹਾ ਹੈ। ਇਹ ਮੁੱਖ ਤੌਰ ''''ਤੇ ਇਸ ਲਈ ਹੈ ਕਿ ਇਸ ਦੀ ਬਹੁਗਿਣਤੀ ਵਸੋਂ ਹੁਣ ਮੁਸਲਮਾਨ ਹੈ, ਅਤੇ ਉੱਥੇ ਹਿੰਦੂ ਬਹੁਤ ਘੱਟ ਬਚੇ ਹਨ ਅਤੇ ਭਾਰਤ ਵੀ ਹੁਣ ਹਿੰਦੂ ਰਾਸ਼ਟਰਵਾਦ ਦੇ ਪ੍ਰਭਾਵ ਹੇਠ ਆ ਰਿਹਾ ਹੈ।"

Getty Images
ਸਾਲ 1947/48 ਦੌਰਾਨ ਅੰਮ੍ਰਿਤਸਰ ਦੇ ਇੱਕ ਸ਼ਰਣਾਰਥੀ ਕੈਂਪ ਵਿੱਚ ਸਿੱਖ ਸ਼ਰਣਾਰਥੀ ਲੰਗਰ ਛਕਦੇ ਹੋਏ

ਡਾ ਨਿਊਬਿਗਿਨ ਕਹਿੰਦੇ ਹਨ, "ਵੰਡ ਦੀ ਵਿਰਾਸਤ ਦੁਖਦਾਈ ਹੈ।"

"ਇਸ ਨੇ ਦੋਵਾਂ ਦੇਸ਼ਾਂ ਵਿੱਚ ਸ਼ਕਤੀਸ਼ਾਲੀ ਧਾਰਮਿਕ ਬਹੁਗਿਣਤੀਆਂ ਪੈਦਾ ਕੀਤੀਆਂ ਹਨ। ਘੱਟ ਗਿਣਤੀਆਂ ਪਹਿਲਾਂ ਨਾਲੋਂ ਛੋਟੀਆਂ ਅਤੇ ਵਧੇਰੇ ਕਮਜ਼ੋਰ ਹੋਈਆਂ ਹਨ।"

ਪ੍ਰੋਫੈਸਰ ਨਵਤੇਜ ਪੁਰੇਵਾਲ ਦਾ ਕਹਿਣਾ ਹੈ ਕਿ ਵੰਡ ਤੋਂ ਟਾਲਾ ਵੱਟਿਆ ਜਾ ਸਕਦਾ ਸੀ।

ਉਹ ਕਹਿੰਦੇ ਹਨ, "1947 ਵਿੱਚ ਇੱਕ ਸੰਯੁਕਤ ਭਾਰਤ ਬਣਾਇਆ ਜਾ ਸਕਦਾ ਸੀ। ਇਹ ਸੂਬਿਆਂ ਦਾ ਇੱਕ ਢਿੱਲਾ ਸੰਘ ਹੋ ਸਕਦਾ ਸੀ, ਜਿਨ੍ਹਾਂ ਵਿੱਚ ਮੁਸਲਿਮ ਬਹੁਗਿਣਤੀ ਵਾਲੇ ਸੂਬੇ ਵੀ ਸ਼ਾਮਲ ਕੀਤੇ ਜਾ ਸਕਦੇ ਸਨ।"

"ਪਰ ਗਾਂਧੀ ਅਤੇ ਨਹਿਰੂ ਦੋਵਾਂ ਨੇ ਕੇਂਦਰੀ ਕੰਟਰੋਲ ਵਾਲੇ ਇੱਕ ਏਕੀਕ੍ਰਿਤ ਦੇਸ ਬਣਾਉਣ ''''ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਸਲ ਵਿੱਚ ਇਸ ਗੱਲ ਬਾਰੇ ਸੋਚਿਆ ਹੀ ਨਹੀਂ ਕਿ ਉਸ ਤਰ੍ਹਾਂ ਦੇ ਦੇਸ਼ ਵਿੱਚ ਮੁਸਲਿਮ ਘੱਟ ਗਿਣਤੀ ਕਿਵੇਂ ਰਹਿ ਸਕਣਗੇ।"

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)