ਘਰ-ਘਰ ਤਿੰਰਗਾ ਮੁਹਿੰਮ ਦੌਰਾਨ ਪੰਜਾਬ ਵਿਚ ਝੁਲਾਏ ਜਾ ਰਹੇ ਕੇਸਰੀ ਨਿਸ਼ਾਨ ਸਾਹਿਬ ਦਾ ਕੀ ਹੈ ਇਤਿਹਾਸ

08/14/2022 1:45:39 PM

ਇੰਦੌਰ ਦੇ ਗੁਰਦੁਆਰਾ ਇਮਲੀ ਸਾਹਿਬ ਵਿਖੇ ਤਿਰੰਗੇ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ਼ ਜਤਾਇਆ ਗਿਆ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਖਿਆ ਗਿਆ ਹੈ ਕਿ ਜਿਸ ਨੇ ਵੀ ਇਹ ਗਲਤੀ ਕੀਤੀ ਹੈ, ਉਸ ਵਿਰੁੱਧ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ''''ਹਰ ਘਰ ਤਿਰੰਗਾ'''' ਮੁਹਿੰਮ ਦੀ ਅਪੀਲ ਕੀਤੀ ਸੀ।

ਪ੍ਰਧਾਨ ਮੰਤਰੀ ਵੱਲੋਂ ਆਖਿਆ ਗਿਆ ਸੀ ਕਿ 13-15 ਅਗਸਤ ਦੌਰਾਨ ਵਿੱਚ ਭਾਰਤ ਦੇ ਹਰ ਘਰ ਉੱਪਰ ਤਿਰੰਗਾ ਲਹਿਰਾਇਆ ਜਾਵੇ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਹੈ ਵਿਰੋਧ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਰਕ ਹੈ ਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਗੁਰਦੁਆਰਾ ਸਾਹਿਬ ਉੱਪਰ ਕੇਵਲ ਧਾਰਮਿਕ ਨਿਸ਼ਾਨ ਹੀ ਹੋ ਸਕਦਾ ਹੈ।

ਕਮੇਟੀ ਵੱਲੋਂ ਟਵੀਟ ਕੀਤਾ ਗਿਆ ਹੈ, ਜਿਸ ਵਿੱਚ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ।

ਇਸ ਵਿੱਚ ਲਿਖਿਆ ਗਿਆ ਹੈ," ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ ਵਿਖੇ ਸਿੱਖ ਰਹਿਤ ਮਰਿਆਦਾ ਮੁਤਾਬਿਕ ਕੇਵਲ ਖ਼ਾਲਸਾਈ ਨਿਸ਼ਾਨ ਸਾਹਿਬ ਹੀ ਝੁਲਾਇਆ ਜਾ ਸਕਦਾ ਹੈ।"

"ਇਸ ਘਟਨਾ ਲਈ ਗੁਰਦੁਆਰਾ ਪ੍ਰਬੰਧਕ ਜਾਂ ਪ੍ਰਸ਼ਾਸਨ ਜਿਸ ਨੇ ਵੀ ਇਹ ਗਲਤੀ ਕੀਤੀ ਹੈ, ਉਹ ਜ਼ਿੰਮੇਵਾਰ ਹਨ। ਇਸ ਘਟਨਾ ਦੇ ਅਸੀਂ ਪੜਤਾਲ ਕਰਵਾ ਰਹੇ ਹਾਂ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ।"

ਪ੍ਰਧਾਨ ਮੰਤਰੀ ਦੀ ਅਪੀਲ ਦੇ ਉਲਟ 13 ਅਗਸਤ ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਵੱਲੋਂ ਆਪਣੇ ਦਫ਼ਤਰ ਉਪਰ ਖ਼ਾਲਸਾਈ ਝੰਡਾ ਝੁਲਾਇਆ ਗਿਆ ਸੀ।

ਖ਼ਾਲਸਾਈ ਝੰਡਾ ਝੁਲਾਉਣ ਤੋਂ ਬਾਅਦ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਹਨੇ ਆਖਿਆ," ਅਸੀਂ ਮੋਦੀ ਜੀ ਨੇ ਅਪੀਲ ਨੂੰ ਨਕਾਰਦੇ ਹਾਂ। ਅਸੀਂ ਨਿਸ਼ਾਨ ਸਾਹਿਬ ਨਹੀਂ ਝੁਲਾਇਆ। ਨਿਸ਼ਾਨ ਸਾਹਿਬ ਤਿਕੋਣਾ ਹੁੰਦਾ ਹੈ ਅਤੇ ਸਾਡਾ ਝੰਡਾ ਵਰਗਾਕਾਰ ਹੈ। ਸਿੱਖ ਮਰਿਆਦਾ ਮੁਤਾਬਕ ਜੋ ਝੰਡਾ ਲਗਾਇਆ ਹੈ ਉਹ ਵੀ ਠੀਕ ਹੈ।"

"ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਲੋਂ ਥਾਲੀਆਂ ਖੜਕਾਉਣ ਅਤੇ ਬੱਤੀਆਂ ਬੰਦ ਕਰਨ ਦੀ ਅਪੀਲ ਕੀਤੀ ਸੀ। ਅਸੀਂ ਉਸ ਨੂੰ ਵੀ ਨਕਾਰਿਆ ਸੀ ਅਤੇ ਅਸੀਂ ਇਸ ਨੂੰ ਵੀ ਨਕਾਰ ਰਹੇ ਹਾਂ।"

BBC
ਪ੍ਰਧਾਨ ਮੰਤਰੀ ਦੀ ਅਪੀਲ ਦੇ ਵਿਰੁੱਧ 13 ਅਗਸਤ ਨੂੰ ਅੰਮ੍ਰਿਤਸਰ ਵਿਖੇ ਦਲ ਖ਼ਾਲਸਾ ਵੱਲੋਂ ਆਪਣੇ ਦਫ਼ਤਰ ਉਪਰ ਖ਼ਾਲਸਾਈ ਝੰਡਾ ਝੁਲਾਇਆ ਗਿਆ ਸੀ।

ਉਨ੍ਹਾਂ ਨੇ ਅੱਗੇ ਕਿਹਾ,"ਸਾਡੀ ਵਫ਼ਾਦਾਰੀ ਸਿੱਖ ਸਿਧਾਂਤਾਂ ਪ੍ਰਤੀ ਹੈ। ਭਾਰਤੀ ਰਾਸ਼ਟਰਵਾਦ ਤੋਂ ਆਪਣੇ ਆਪ ਨੂੰ ਵੱਖ ਰੱਖਦੇ ਹਾਂ।ਆਜ਼ਾਦੀ ਦੇ ਮੌਕੇ ਅਣਮਨੁੱਖੀ ਕਤਲੋ-ਗਾਰਦ ਹੋਈ ਸ। ਇਹ ਸਮਾਂ ਖ਼ੁਸ਼ੀਆਂ ਮਨਾਉਣ ਦਾ ਨਹੀਂ ਹੈ। ਨਾ ਸਿੱਖਾਂ ਨੂੰ 84, ਨਾ ਬਰਗਾੜੀ ਦਾ ਇਨਸਾਫ਼ ਮਿਲਿਆ ਹੈ।"

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਅਪੀਲ ਕੀਤੀ ਸੀ ਕਿ ਪੰਜਾਬ ਦੇ ਲੋਕ 14-15 ਅਗਸਤ ਨੂੰ ਸਿੱਖ ਆਪਣੇ ਘਰਾਂ ਉਪਰ ਨਿਸ਼ਾਨ ਸਾਹਿਬ ਝੁਲਾਉਣ।

ਫੇਸਬੁੱਕ ਉੱਪਰ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਆਖਿਆ ਸੀ,"14-15 ਅਗਸਤ ਨੂੰ ਆਪਣੇ ਘਰਾਂ ਵਿੱਚ ਨਿਸ਼ਾਨ ਸਾਹਿਬ ਲਵਾਉਣਾ ਹੈ। ਸਿੱਖ ਕੌਮ ਦੀ ਰਸਮ ਹੈ ਕਿ ਨਿਸ਼ਾਨ ਸਾਹਿਬ ਹਮੇਸ਼ਾਂ ਝੂਲਦੇ ਰਹੇ ਹਨ।"

BBC

BBC

ਘਰ ਘਰ ਤਿੰਰਗਾ ਤੇ ਪੰਜਾਬ

ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚਲੇ ਬੀਬੀਸੀ ਸਹਿਯੋਗੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਪੂਰੇ ਮੁਲਕ ਤੋਂ ਪੰਜਾਬ ਦਾ ਮਾਹੌਲ ਅਲੱਗ ਕਿਸਮ ਦਾ ਦਿਖ ਰਿਹਾ ਹੈ।

ਭਾਵੇਂ ਕਿ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਲੋਕ ਤਿਰੰਗੇ ਝੰਡੇ ਵੀ ਘਰਾਂ ਅਤੇ ਦੁਕਾਨਾਂ ਉੱਤੇ ਲਗਾ ਰਹੇ ਹਨ, ਪਰ ਸਿੱਖ ਸੰਗਠਨਾਂ ਨਾਲ ਸਬੰਧਤ ਲੋਕ ਖਾਸਕਰ ਪਿੰਡਾਂ ਵਿਚ ਲੋਕ ਕੇਸਰੀ ਨਿਸ਼ਾਨ ਲਗਾ ਰਹੇ ਹਨ।

ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਖਾਲਸਾਈ ਨਿਸ਼ਾਨ ਝੁਲਾਉਣ ਲਈ ਬਕਾਇਦਾ ਮੁਹਿੰਮ ਵੀ ਚਲਾ ਰਹੇ ਹਨ।

ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ ਅਤੇ ਜਲੰਧਰ ਸਣੇ ਕਈ ਥਾਵਾਂ ਉੱਤੇ ਕੇਸਰੀ ਤੇ ਖਾਲਸਾਈ ਝੰਡੇ ਝੁਲਾਉਣ ਲਈ ਛੋਟੇ -ਛੋਟੇ ਸਮਾਗਮ ਵੀ ਕੀਤੇ ਜਾ ਰਹੇ ਹਨ।

Getty Images

26 ਜਨਵਰੀ 2021 ਨੂੰ ਜਦੋਂ ਕਿਸਾਨ ਅੰਦੋਲਨ ਦੌਰਾਨ ਕੁਝ ਲੋਕਾਂ ਨੇ ਲਾਲ ਕਿਲ੍ਹੇ ਉੱਤੇ ਕੇਸਰੀ ਝੰਡੇ ਲਗਾਏ ਸਨ ਤਾਂ ਕੇਸਰੀ ਨਿਸ਼ਾਨ ਸਾਹਿਬ ਦੇ ਇਤਿਹਾਸ ਬਾਰੇ ਅਸੀਂ ਸੰਖ਼ੇਪ ਜਿਹੀ ਜਾਣਕਾਰੀ ਮੁਹੱਈਆ ਕਰਵਾਈ ਸੀ।

ਭਾਵੇਂ ਕਿ ਦਲ ਖਾਲਸਾ ਵਰਗੇ ਸੰਗਠਨ ਆਪਣੀ ਜਥੇਬੰਦੀ ਦਾ ਸਿਆਸੀ ਝੰਡਾ ਝੁਲਾ ਰਹੇ ਹਨ, ਪਰ ਬਹੁਤ ਲੋਕ ਗੁਰਦੁਆਰਿਆਂ ਉੱਤੇ ਲੱਗਣ ਵਾਲੇ ਧਾਰਮਿਕ ਝੰਡੇ ਲਗਾ ਰਹੇ ਹਨ, ਇਨ੍ਹਾਂ ਨੂੰ ਨਿਸ਼ਾਨ ਸਾਹਿਬ ਕਿਹਾ ਜਾਂਦਾ ਹੈ।

ਬੀਬੀਸੀ ਪੰਜਾਬੀ ਦੀ ਪੱਤਰਕਾਰ ਸੁਮਨਦੀਪ ਕੌਰ ਪੰਜਾਬੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਚੇਅਰਮੈਨ, ਪ੍ਰੋਫੈਸਰ ਸਰਬਜਿੰਦਰ ਸਿੰਘ ਤੋਂ ਨਿਸ਼ਾਨ ਸਾਹਿਬ ਬਾਰੇ ਜਾਣਿਆ ਸੀ।

ਸਰਬਜਿੰਦਰ ਨੇ ਬੀਬੀਸੀ ਨੂੰ ਦੱਸਿਆ ਕਿ ਨਿਸ਼ਾਨ ਸ਼ਬਦ ਫ਼ਾਰਸੀ ਦਾ ਸ਼ਬਦ ਹੈ, ਸਿੱਖ ਧਰਮ ਵਿਚ ਸਤਿਕਾਰ ਵਜੋਂ ਇਸ ਨਾਲ ਸਾਹਿਬ ਦੀ ਵਰਤੋਂ ਕੀਤੀ ਜਾਂਦੀ ਹੈ।

ਸਿੱਖ ਧਰਮ ਵਿੱਚ ਨਿਸ਼ਾਨ ਸਾਹਿਬ ਦੀ ਸਥਾਪਨਾ ਪਹਿਲੀ ਵਾਰ ਸਿਖ ਧਰਮ ਦੇ ਛੇਵੇਂ ਗੁਰੂ ਸਾਹਿਬ ਨੇ ਉਸ ਵੇਲੇ ਕੀਤੀ ਜਦੋਂ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਸ਼ਹਿਰ ਵਿੱਚ ਕਤਲ ਕਰ ਦਿੱਤਾ ਗਿਆ ਸੀ।

ਨਿਸ਼ਾਨ ਸਾਹਿਬ ਦਾ ਇਤਿਹਾਸ

ਸਿੱਖ ਰਵਾਇਤ ਅਨੁਸਾਰ ਪੰਜਵੇਂ ਗੁਰੂ ਨੇ ਬਾਲ ਹਰਗੋਬਿੰਦ ਨੂੰ ਸੁਨੇਹਾ ਭੇਜਿਆ, ਜਿਸ ਨੂੰ "ਗੁਰੂ ਅਰਜਨ ਦੇਵ ਜੀ ਦੇ ਆਖ਼ਰੀ ਸੁਨੇਹੇ" ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ।

ਹੁਕਮ ਸੀ "ਜਾਓ ਉਸ ਨੂੰ ਕਹੋ ਸ਼ਾਹੀ ਠਾਠ ਨਾਲ ਕਲਗੀ ਲਾਵੇ, ਫੌਜ ਰੱਖੇ ਅਤੇ ਤਖ਼ਤ ਉੱਤੇ ਬੈਠ ਨਿਸ਼ਾਨ ਸਥਾਪਤ ਕਰੇ।

Getty Images
ਨਿਸ਼ਾਨ ਸਾਹਿਬ ਧਾਰਮਿਕ ਚਿੰਨ੍ਹ ਹੈ ਅਤੇ ਹਰ ਗੁਰਦਆਰਾ ਸਾਹਿਬ ਜਾਂ ਸਿੱਖ ਇਤਿਹਾਸ ਨਾਲ ਜੁੜੀਆਂ ਥਾਵਾਂ ਉੱਤੇ ਸਥਾਪਿਤ ਹੁੰਦਾ ਹੈ।

ਬਾਲ ਹਰਗੋਬਿੰਦ ਨੂੰ ਜਦੋਂ ਪਰੰਪਕ ਤਰੀਕੇ ਨਾਲ ਬਾਬਾ ਬੁੱਢਾ ਜੀ ਵਲੋਂ ਗੁਰਗੱਦੀ ਧਾਰਨ ਕਰਾਉਣ ਦੀ ਰੀਤ ਨਿਭਾਈ ਜਾਣ ਲਗੀ ਤਾਂ ਉਹ ਬੋਲੇ, "ਇਹ ਸਾਰੀਆਂ ਵਸਤਾਂ ਤੋਸ਼ੇਖਾਨੇ ਵਿੱਚ ਰੱਖ ਦੇਵੋ, ਮੈਂ ਸ਼ਾਹੀ ਠਾਠ ਨਾਲ ਕਲਗੀ ਧਾਰਨ ਕਰ ਨਿਸ਼ਾਨ ਸਥਾਪਤ ਕਰਾਂਗਾ।

ਤਖ਼ਤ ''''ਤੇ ਬੈਠ ਫੌਜ ਰੱਖਾਂਗਾ, ਸ਼ਹਾਦਤਾਂ ਵੀ ਦੇਵਾਂਗੇ ਪਰ ਉਨਾਂ ਦਾ ਰੂਪ ਪੰਚਮ ਪਾਤਸ਼ਾਹ ਤੋਂ ਅਲੱਗ ਹੋਵੇਗਾ। ਸ਼ਹਾਦਤਾਂ ਜੰਗੇ ਮੈਦਾਨ ਵਿੱਚ ਦਿੱਤੀਆਂ ਜਾਣਗੀਆਂ।"

ਪਹਿਲੀ ਵਾਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਅਤੇ ਹਰਮਿੰਦਰ ਦੇ ਐਨ ਸਾਹਮਣੇ 12 ਫੁਟ ਉੱਚੇ ਥੜੇ ਦੀ ਸਥਾਪਨਾ ਕੀਤੀ (ਦਿੱਲੀ ਬਾਦਸ਼ਾਹਤ ਦਾ ਤਖ਼ਤ 11 ਫੁੱਟ ਸੀ ਅਤੇ ਇਸਤੋਂ ਉਚਾ ਤਖ਼ਤ ਹਿੰਦੁਸਤਾਨ ''''ਚ ਬਨਾਉਣ ਦੀ ਸਜਾ ਸੀ) 12 ਫੁੱਟ ਉਚਾਈ ਰੱਖ ਹਕੂਮਤ ਨੂੰ ਚੁਣੌਤੀ ਦਿੱਤੀ ਗਈ ਸੀ।

Getty Images

ਇਹ ਤਖ਼ਤ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਦੁਆਰਾ ਬਣਾਇਆ ਗਿਆ ਸੀ। ਇਸ ਦਾ ਪਹਿਲਾ ਜਥੇਦਾਰ ਵੀ ਭਾਈ ਗੁਰਦਾਸ ਨੂੰ ਆਪ ਛੇਵੇਂ ਪਾਤਸ਼ਾਹ ਨੇ ਥਾਪਿਆ ਸੀ। ਇਸਦੇ ਐਨ ਸਾਹਮਣੇ ਦੋ ਨਿਸ਼ਾਨ ਥਾਪੇ ਗਏ।

ਜਿੰਨਾਂ ਨੂੰ ਪੀਰੀ ਅਤੇ ਮੀਰੀ ਦੇ ਨਿਸ਼ਾਨ ਕਿਹਾ ਗਿਆ।ਪੀਰੀ ਦਾ ਨਿਸ਼ਾਨ ਅੱਜ ਵੀ ਸਵਾ ਫੁਟ ਉੱਚਾ ਹੈ ਮੀਰੀ ਤੋਂ।

ਗੁਰੂ ਪਾਤਸ਼ਾਹ ਵੇਲੇ ਇਸਦਾ ਰੰਗ ਕੇਸਰੀ ਸੀ ਪਰ 1699 ਵਿਚ ਖਾਲਸਾ ਸਿਰਜਨ ਤੋਂ ਬਾਅਦ ਨੀਲੇ ਨਿਸ਼ਾਨ ਦੀ ਵਰਤੋਂ ਵੀ ਕੀਤੀ ਜਾਣ ਲੱਗ ਪਈ। ਇਸ ਨੂੰ ਉਸ ਵਕਤ ਅਕਾਲ ਧੁਵਜਾ ਵੀ ਕਿਹਾ ਜਾਂਦਾ ਸੀ।

ਕੇਸਰੀ ਨਿਸ਼ਾਨ ਸਾਹਿਬ ਅਸਲ ਵਿੱਚ ਸਿੱਖ ਧਰਮ ਦੀ ਅਜਾਦਆਨਾ ਹਸਤੀ ਦਾ ਪ੍ਰਤੀਕ ਹੈ। ਇਹ ਧਾਰਮਿਕ ਚਿੰਨ੍ਹ ਹੈ ਅਤੇ ਹਰ ਗੁਰਦਆਰਾ ਸਾਹਿਬ ਜਾਂ ਸਿੱਖ ਇਤਿਹਾਸ ਨਾਲ ਜੁੜੀਆਂ ਥਾਵਾਂ ਉੱਤੇ ਸਥਾਪਿਤ ਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)