ਆਜ਼ਾਦੀ ਦੇ 75 ਸਾਲ: ਉਹ ਰੇਲਵੇ ਸਟੇਸ਼ਨ ਜਿੱਥੇ ਹਿੰਦੂ-ਸਿੱਖ ਪਾਕਿਸਤਾਨ ਤੋਂ ਜਾਨ ਬਚਾ ਕੇ ਪਹੁੰਚੇ ਸਨ

08/13/2022 7:45:37 AM

Getty Images
ਦਿੱਲੀ ''''ਚ ਅੱਜ ਵੀ ਤੁਹਾਨੂੰ ਉਹ ਵਡੇਰੀ ਉਮਰ ਦੇ ਬਜ਼ੁਰਗ ਮਿਲ ਜਾਣਗੇ ਜੋ ਕਿ ਵੰਡ ਤੋਂ ਬਾਅਦ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਇਸੇ ਰੇਲਵੇ ਸਟੇਸ਼ਨ ''''ਤੇ ਉਤਰੇ ਸਨ

ਦਿੱਲੀ ''''ਚ ਪਿਛਲੇ 75 ਸਾਲਾਂ ''''ਚ ਦਰਜਨਾਂ ਹੀ ਫਲਾਈਓਵਰਾਂ ਦਾ ਨਿਰਮਾਣ ਹੋਇਆ, ਮੈਟਰੋ ਰੇਲ ਚੱਲਣ ਲੱਗੀ, ਥਾਂ-ਥਾਂ ਮਾਲ ਖੁੱਲ੍ਹਦੇ ਰਹੇ, ਪਰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਅੱਜ ਵੀ 1947 ਵਰਗਾ ਹੀ ਹੈ।

ਇਨ੍ਹਾਂ 75 ਸਾਲਾਂ ''''ਚ ਉੱਥੇ ਕੁਝ ਵੀ ਨਹੀਂ ਬਦਲਿਆ ਹੈ। ਸਟੇਸ਼ਨ ਦੇ ਮੇਨ ਗੇਟ ਦੇ ਉੱਪਰ ਲੱਗੀ ਘੜੀ ਉਸ ਦੌਰ ਦੀ ਗਵਾਹ ਹੈ, ਜਦੋਂ ਪਾਕਿਸਤਾਨ ਤੋਂ ਹਰ ਰੋਜ਼ ਹਿੰਦੂ-ਸਿੱਖ ਸ਼ਰਨਾਰਥੀ ਲੁੱਟ-ਪੁੱਟ ਕੇ ਇੱਥੇ ਪਹੁੰਚ ਰਹੇ ਸਨ।

ਦਿੱਲੀ ''''ਚ ਅੱਜ ਵੀ ਤੁਹਾਨੂੰ ਉਹ ਵਡੇਰੀ ਉਮਰ ਦੇ ਬਜ਼ੁਰਗ ਮਿਲ ਜਾਣਗੇ ਜੋ ਕਿ ਵੰਡ ਤੋਂ ਬਾਅਦ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਇਸੇ ਰੇਲਵੇ ਸਟੇਸ਼ਨ ''''ਤੇ ਉਤਰੇ ਸਨ।

ਜਿੱਥੇ ਇੱਕ ਪਾਸੇ ਹਿੰਦੂ-ਸਿੱਖ ਪੁਰਾਣੀ ਦਿੱਲੀ ਅਤੇ ਅੰਮ੍ਰਿਤਸਰ ਰੇਲਵੇ ਸਟੇਸ਼ਨ ''''ਤੇ ਉਤਰ ਰਹੇ ਸਨ, ਉੱਥੇ ਹੀ ਲੁੱਟੇ-ਖਸੁੱਟੇ ਮੁਸਲਮਾਨਾਂ ਨੂੰ ਲੋਧੀ ਕਲੋਨੀ ਰੇਲਵੇ ਸਟੇਸ਼ਨ ਤੋਂ ਲਾਹੌਰ ਲਈ ਰਵਾਨਾ ਕੀਤਾ ਜਾ ਰਿਹਾ ਸੀ।

ਸਿਰਫ਼ 16 ਸਾਲ ਦੀ ਉਮਰ ''''ਚ ਫਲਾਇੰਗ ਸਿੱਖ ਮਿਲਖਾ ਸਿੰਘ ਇੱਕਲੇ ਅਨਾਥ ਦਿੱਲੀ ਜੰਕਸ਼ਨ ''''ਤੇ ਉਤਰੇ ਸਨ। ਮਿਲਖਾ ਸਿੰਘ ਦੇ ਪਰਿਵਾਰ ਦੇ ਕਈ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਮਿਲਖਾ ਸਿੰਘ ਸਰਹੱਦ ਪਾਰ ਤੋਂ ਸਿੱਧੇ ਦਿੱਲੀ ਨਹੀਂ ਆਏ ਸਨ।

ਲੰਡਨ ਦੇ ਰਹਿਣ ਵਾਲੇ ਰਾਜ ਦੀ ਮੁਹੱਬਤ ਭਰੀ ਕਹਾਣੀ- ਵੀਡੀਓ

ਉਹ ਪਹਿਲਾਂ ਪੱਛਮੀ ਪੰਜਾਬ ਦੇ ਆਪਣੇ ਸ਼ਹਿਰ ਕੋਟ ਅੱਦੂ ਤੋਂ ਰੇਲਗੱਡੀ ਰਾਹੀਂ ਮੁਲਤਾਨ ਸ਼ਹਿਰ ਪਹੁੰਚੇ ਸਨ ਅਤੇ ਫਿਰ ਉੱਥੋਂ ਟਰੱਕ ''''ਤੇ ਫਿਰੋਜ਼ਪੁਰ ਆਏ ਸਨ।

ਉਨ੍ਹਾਂ ਕੋਲ ਵੰਡ ਸਬੰਧੀ ਕਈ ਦਿਲ ਦਹਿਲਾ ਦੇਣ ਵਾਲੀਆਂ ਯਾਦਾਂ ਸਨ। ਉਨ੍ਹਾਂ ਦੇ ਪਿਤਾ ਜੀ ਨੂੰ ਦੰਗਾਈਆਂ ਨੇ ਕਤਲ ਕਰ ਦਿੱਤਾ ਸੀ।

ਉਨ੍ਹਾਂ ਨੇ ਮਰਨ ਵੇਲੇ ਕਿਹਾ ਸੀ, " ਭਾਗ ਮਿਲਖਾ ਭਾਗ/ ਭੱਜ ਮਿਲਖਾ ਭੱਜ"। ਫਿਰੋਜ਼ਪੁਰ ਤੋਂ ਉਹ ਦਿੱਲੀ ਆਏ ਸਨ। ਦਰਅਸਲ, ਉਹ ਆਪਣੇ ਪਿੰਡ ਤੋਂ ਜਾਨ ਬਚਾ ਕੇ ਭੱਜਣ ਦੌਰਾਨ ਆਪਣੀ ਭੈਣ ਤੋਂ ਵਿੱਛੜ ਗਏ ਸਨ।

ਜਦੋਂ ਮਿਲਖਾ ਸਿੰਘ ਉਸ ਦੌਰ ਦੇ ਦਰਦਨਾਕ ਕਿੱਸੇ-ਕਹਾਣੀਆਂ ਸੁਣਾਉਂਦੇ ਸੀ ਤਾਂ ਸਰੀਰ ਸੁੰਨ ਹੋ ਜਾਂਦਾ ਸੀ।

ਸ਼ਰਨਾਰਥੀਆਂ ਦੇ ਜੱਥੇ ਦਿੱਲੀ ਆ ਰਹੇ ਸਨ। ਹਰ ਪਾਸੇ ਹਫੜਾ-ਦਫੜੀ ਮਚੀ ਹੋਈ ਸੀ। ਮਿਲਖਾ ਸਿੰਘ ਆਪਣੀ ਵਿਛੜੀ ਭੈਣ ਹੁੰਡੀ ਨੂੰ ਲੱਭਣ ਲਈ ਦਿੱਲੀ ਆਏ ਸਨ ਅਤੇ ਦਿੱਲੀ ''''ਚ ਆਪਣੀ ਭੈਣ ਨੂੰ ਲੱਭਣ ''''ਚ ਸਫਲ ਵੀ ਹੋਏ ਸਨ।

ਖਾਲੀ ਸੁੰਨਸਾਨ ਥਾਵਾਂ ''''ਤੇ ਕਤਲੇਆਮ

ਦਿੱਲੀ ਆਉਣ ਵਾਲੇ ਜ਼ਿਆਦਾਤਰ ਸ਼ਰਨਾਰਥੀਆਂ ਦਾ ਇੱਥੇ ਕੋਈ ਥੋਹ ਟਿਕਾਣਾ ਨਹੀਂ ਸੀ। ਇਹ ਸਾਰੇ ਉਸ ਪ੍ਰਮਾਤਮਾ ਦਾ ਨਾਮ ਲੈ ਕੇ ਬਸ ਭਾਰਤ ਦੀ ਸਰਹੱਦ ''''ਤੇ ਪਹੁੰਚਣਾ ਚਾਹੁੰਦੇ ਸਨ। ਸਰਹੱਦ ਤੋਂ ਪਹਿਲਾਂ ਖ਼ਤਰਾ ਸੀ। ਦਿੱਲੀ ਵੱਲ ਆ ਰਹੀਆਂ ਰੇਲ ਗੱਡੀਆਂ ''''ਤੇ ਸੁੰਨਸਾਨ ਥਾਵਾਂ ਉੱਤੇ ਹਮਲੇ ਹੋ ਰਹੇ ਸਨ।

Getty Images
ਜਾਨ-ਮਾਲ ਦੀ ਹਿਫਾਜ਼ਤ ਕਰਨ ਦੀ ਕੋਸ਼ਿਸ਼ ਵਿੱਚ ਲੱਖਾਂ ਲੋਕ ਮਾਰੇ ਗਏ ਸਨ, ਇਨ੍ਹਾਂ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਸਨ

ਰੇਲਵੇ ਬੋਰਡ ਦੇ ਚੇਅਰਮੈਨ ਰਹੇ ਵਾਈਪੀ ਆਨੰਦ ਆਪਣੇ ਪਰਿਵਾਰ ਦੇ ਨਾਲ ਸਿਆਲਕੋਟ ਤੋਂ ਜੰਮੂ ਤੱਕ 21 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਸਨ। ਸਿਆਲਕੋਟ ''''ਚ ਦੰਗੇ ਭੜਕਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦਾ ਉੱਥੇ ਰਹਿਣਾ ਅਸੰਭਵ ਹੋ ਗਿਆ ਸੀ।

ਉਹ ਉਦੋਂ 13 ਸਾਲਾਂ ਦੇ ਸਨ। ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ ਰੇਲਗੱਡੀ ਨੂੰ ਕਿਸੇ ਅਣਜਾਣ ਥਾਂ ''''ਤੇ ਰੋਕ ਦਿੱਤਾ ਗਿਆ ਸੀ। ਵੇਖਦਿਆਂ ਹੀ ਵੇਖਦਿਆਂ ਹਥਿਆਰਾਂ ਨਾਲ ਲੈਸ ਦੰਗਾਕਾਰੀ ਰੇਲਗੱਡੀ ਦੇ ਅੰਦਰ ਦਾਖਲ ਹੋ ਗਏ।

ਉਨ੍ਹਾਂ ਨੇ ਉਸ ਰੇਲਗੱਡੀ ''''ਚ ਸਵਾਰ ਕਈ ਯਾਤਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਨ੍ਹਾਂ ਦੇ ਸਾਹਮਣੇ ਹੀ ਉਨ੍ਹਾਂ ਦੇ ਪਰਿਵਾਰ ਦੇ ਅੱਧੇ ਮੈਂਬਰ ਮਾਰੇ ਗਏ ਸਨ। ਉਹ ਉਨ੍ਹਾਂ ਭਿਆਨਕ ਪਲਾਂ ਨੂੰ ਯਾਦ ਕਰਦੇ ਹੋਏ ਰੋਣ ਲੱਗ ਜਾਂਦੇ ਹਨ।

ਖੂਨ ਨਾਲ ਲੱਥਪੱਥ ਉਨ੍ਹਾਂ ਦੀ ਰੇਲਗੱਡੀ ਜੰਮੂ ਪਹੁੰਚੀ। ਉੱਥੋਂ ਕੁਝ ਦਿਨਾਂ ਬਾਅਦ ਉਹ ਆਪਣੇ ਪਰਿਵਾਰ ਦੇ ਬਚੇ ਮੈਂਬਰਾਂ ਨਾਲ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ''''ਤੇ ਪਹੁੰਚੇ। ਇੱਥੇ ਚਾਰੇ ਪਾਸੇ ਹਜ਼ਾਰਾਂ ਹੀ ਸ਼ਰਨਾਰਥੀ ਤੰਬੂਆਂ ''''ਚ ਡੇਰਾ ਲਗਾ ਕੇ ਬੈਠੇ ਹੋਏ ਸਨ।

''''ਅੰਮ੍ਰਿਤਸਰ ਆ ਗਿਆ''''

ਇਸ ਡਰਾਉਣੇ ਸਫ਼ਰ ਨੂੰ ਕਹਾਣੀਕਾਰ ਭੀਸ਼ਮ ਸਾਹਨੀ ਨੇ ਵੰਡ ਦੇ ਪਿਛੋਕੜ ''''ਤੇ ਲਿਖੀ ਆਪਣੀ ਅਮਰ ਕਹਾਣੀ ''''ਅੰਮ੍ਰਿਤਸਰ ਆ ਗਿਆ ਹੈ'''' ''''ਚ ਜੀਵਤ ਕਰ ਦਿੱਤਾ ਹੈ।

Getty Images
ਮੁਸਲਮਾਨ ਜਾਨ ਬਚਾ ਕੇ ਪਾਕਿਸਤਾਨ ਜਾ ਰਹੇ ਸਨ ਤਾਂ ਹਿੰਦੂ ਅਤੇ ਸਿੱਖ ਭਾਰਤ ਵਾਲੇ ਪਾਸੇ ਆ ਰਹੇ ਸਨ

''''ਅੰਮ੍ਰਿਤਸਰ ਆ ਗਿਆ ਹੈ'''' ''''ਚ ਰੇਲਗੱਡੀ ''''ਚ ਬੈਠੇ ਇੱਕ ਸਰਦਾਰ ਜੀ ਹਰ ਕਿਸੇ ਤੋਂ ਪੁੱਛ ਰਹੇ ਸਨ ਕਿ ''''ਪਾਕਿਸਤਾਨ ਬਣਨ ਤੋਂ ਬਾਅਦ ਜਿਨਾਹ ਸਾਹਿਬ ਮੁੰਬਈ ''''ਚ ਹੀ ਰਹਿਣਗੇ ਜਾਂ ਫਿਰ ਪਾਕਿਸਤਾਨ ਵਿੱਚ ਵਸਣਗੇ।

ਕਿਸੇ ਨੇ ਜਵਾਬ ਦਿੱਤਾ ਸੀ ਕਿ ਮੁੰਬਈ ਕਿਉਂ ਛੱਡਣਗੇ, ਪਾਕਿਸਤਾਨ ਚੱਕਰ ਮਾਰਦੇ ਰਹਿਣਗੇ, ਮੁੰਬਈ ਛੱਡਣ ਦਾ ਕੀ ਮਤਲਬ ਹੈ! ਲਾਹੌਰ ਅਤੇ ਗੁਰਦਾਸਪੁਰ ਬਾਰੇ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਕਿਹੜਾ ਸ਼ਹਿਰ ਕਿੱਧਰ ਜਾਵੇਗਾ।

ਭੀਸ਼ਮ ਸਾਹਨੀ ਆਪਣੇ ਪਰਿਵਾਰ ਸਮੇਤ ਰਾਵਲਪਿੰਡੀ ਤੋਂ ਦਿੱਲੀ ਰੇਲਗੱਡੀ ਰਾਹੀਂ ਆਏ ਸਨ। ਭੀਸ਼ਮ ਸਾਹਨੀ ਜੀ ਦੱਸਦੇ ਹਨ ਕਿ ਰਾਵਲਪਿੰਡੀ ਤੋਂ ਲਾਹੌਰ ਤੱਕ ਥਾਂ-ਥਾਂ ''''ਤੇ ਕਤਲੇਆਮ ਦੀਆਂ ਖ਼ਬਰਾਂ ਮਿਲ ਰਹੀਆਂ ਸਨ। ਲਾਹੌਰ ਦੇ ਨਜ਼ਦੀਕ ਸ਼ੇਖੂਪੁਰਾ ਪਿੰਡ ''''ਚ ਸੈਂਕੜੇ ਹੀ ਲੋਕ ਮਾਰੇ ਗਏ ਸਨ। ਕਈ ਥਾਵਾਂ ''''ਤੇ ਰੇਲਗੱਡੀਆਂ ''''ਤੇ ਵੀ ਪਥਰਾਅ ਕੀਤਾ ਗਿਆ ਸੀ।

ਜਦੋਂ ਰੇਲਗੱਡੀ ਅੰਮ੍ਰਿਤਸਰ ਪਹੁੰਚਦੀ ਸੀ ਤਾਂ ਬਹੁਤ ਸਾਰੇ ਯਾਤਰੀ ਇੱਥੇ ਹੀ ਉਤਰ ਜਾਂਦੇ ਸਨ। ਇੱਥੇ ਰੇਲ ਵਿਭਾਗ ਵੱਲੋਂ ਰੇਲ ਗੱਡੀਆਂ ਦਾ ਨਰੀਖਣ ਵੀ ਕੀਤਾ ਜਾਂਦਾ ਸੀ। ਕੁਝ ਡਾਕਟਰ ਵੀ ਮੌਜੂਦ ਹੁੰਦੇ ਸਨ ਤਾਂ ਜੋ ਗੰਭੀਰ ਰੂਪ ''''ਚ ਬਿਮਾਰ ਅਤੇ ਜ਼ਖਮੀ ਲੋਕਾਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਜਾ ਸਕੇ।

ਸ਼ਰਨਾਰਥੀਆਂ ''''ਚ ਕੁਝ ਗਰਭਵਤੀ ਔਰਤਾਂ ਵੀ ਹੁੰਦੀਆਂ ਸਨ। ਕਹਾਣੀਕਾਰ ਭੀਸ਼ਮ ਸਾਹਨੀ ਦੇ ਲਈ ਅਗਸਤ ਮਹੀਨਾ ਦੋ ਕਾਰਨਾਂ ਕਰਕੇ ਖਾਸ ਹੈ। ਪਹਿਲਾ ਉਨ੍ਹਾਂ ਦਾ ਜਨਮ 8 ਅਗਸਤ ਨੂੰ ਹੋਇਆ ਸੀ ਅਤੇ ਦੂਜਾ ਉਹ ਅਗਸਤ ਦਾ ਮਹੀਨਾ ਆਉਂਦੇ ਹੀ ਆਪਣੀ ਜਨਮ ਭੂਮੀ ਰਾਵਲਪਿੰਡੀ ਦੀਆਂ ਯਾਦਾਂ ''''ਚ ਗੁਆਚ ਜਾਂਦੇ ਸਨ।

ਦੇਸ਼ ਦੀ ਵੰਡ ਦੇ ਕਾਰਨ ਉਨ੍ਹਾਂ ਨੂੰ ਆਪਣਾ ਸ਼ਹਿਰ ਛੱਡ ਕੇ ਦਿੱਲੀ ਆਉਣਾ ਪਿਆ ਸੀ। ਵੰਡ ਤੋਂ ਬਾਅਦ ਦਿੱਲੀ ਆਉਣ ''''ਤੇ ਉਹ ਪੂਰਬੀ ਪਟੇਲ ਨਗਰ ''''ਚ ਰਹਿਣ ਲੱਗੇ। ਫਿਰ ਉਹ ਉੱਥੇ ਹੀ ਰਹੇ। ਉਨ੍ਹਾਂ ਨੇ ਲੰਮੇ ਸਮੇਂ ਤੱਕ ਦਿੱਲੀ ਯੂਨੀਵਰਸਿਟੀ ''''ਚ ਅੰਗਰੇਜ਼ੀ ਪੜ੍ਹਾਈ।


:


ਪਾਕਿਸਤਾਨੀ ਕੌਮੀ ਤਰਾਨਾ ਲਿਖਣ ਵਾਲੇ ਵੀ ਆਏ

ਭਾਰਤ ਦੀ ਵੰਡ ਧਰਮ ਦੇ ਅਧਾਰ ''''ਤੇ ਹੋਈ ਅਤੇ ਪਾਕਿਸਤਾਨ ਬਣਿਆ। ਜਿਨਾਹ ਨੇ ਉਰਦੂ ਕਵੀ ਜਗਨਨਾਥ ਆਜ਼ਾਦ ਤੋਂ ਪਾਕਿਸਤਾਨ ਦਾ ਪਹਿਲਾ ਕੌਮੀ ਤਰਾਨਾ ਲਿਖਵਾਇਆ ਸੀ।

ਜਿਨਾਹ ਦੇ ਕਹਿਣ ''''ਤੇ ਜਗਨਨਾਥ ਆਜ਼ਾਦ ਨੇ ਬਹੁਤ ਹੀ ਥੋੜ੍ਹੇ ਸਮੇਂ ''''ਚ ਕੌਮੀ ਤਰਾਨਾ ਲਿਖਿਆ - "ਏ ਸਰ ਜ਼ਮੀਨ ਪਾਕ..." ਇਹ ਗੀਤ ਸਿਰਫ 18 ਮਹੀਨਿਆਂ ਲਈ ਹੀ ਪਾਕਿਸਤਾਨ ਦਾ ਕੌਮੀ ਗੀਤ ਬਣਿਆ ਰਿਹਾ ਅਤੇ 11 ਸੰਤਬਰ 1948 ਨੂੰ ਜਿਨਾਹ ਦੀ ਮੌਤ ਤੋਂ ਕੁਝ ਸਮਾਂ ਬਾਅਦ ਇਸ ਤਰਾਨੇ ਨੂੰ ਹਟਾ ਦਿੱਤਾ ਗਿਆ ਸੀ।

14 ਮਹੀਨਿਆਂ ਤੱਕ ਇਹ ਤਰਾਨਾ ਰੇਡੀਓ ਪਾਕਿਸਤਾਨ ''''ਤੇ ''''ਤਰਾਨਾ-ਏ-ਪਾਕਿਸਤਾਨ'''' ਵੱਜੋਂ ਗਾਇਆ ਜਾਂਦਾ ਰਿਹਾ ਸੀ। ਜਿਨਾਹ ਦੀ ਮੌਤ ਤੋਂ ਬਾਅਦ ਜਗਨਨਾਥ ਆਜ਼ਾਦ ਦਿੱਲੀ ਆ ਗਏ ਸਨ। ਉਹ ਆਪਣੇ ਪੂਰੇ ਪਰਿਵਾਰ ਸਮੇਤ ਦਿੱਲੀ ਜੰਕਸ਼ਨ ਪਹੁੰਚੇ ਸਨ। ਉਹ ਦਿੱਲੀ ਜੰਕਸ਼ਨ ਨੇੜੇ ਪੁਲ ਬੰਗਸ਼ ਇਲਾਕੇ ''''ਚ ਰਹਿੰਦੇ ਸਨ।

ਪੁਲ ਬੰਗਸ਼ ਦੇ ਘਰ ''''ਚ ਹੀ ਫਿਰਾਕ ਗੋਰਖਪੁਰੀ ਅਤੇ ਉਰਦੂ ਦੇ ਹੋਰ ਪ੍ਰਸਿੱਧ ਸ਼ਾਇਰ ਆਜ਼ਾਦ ਸਾਹਿਬ ਕੋਲ ਆਉਂਦੇ ਹੁੰਦੇ ਸਨ। ਆਜ਼ਾਦ ਸਾਹਿਬ ਦੇ ਦੋ ਪੁੱਤਰ ਦਿੱਲੀ ''''ਚ ਹੀ ਰਹਿੰਦੇ ਸਨ, ਜਿਨ੍ਹਾਂ ''''ਚੋਂ ਇੱਕ ਦੂਰਦਰਸ਼ਨ ''''ਚ ਸੀ। ਉਹ ਮਾਲਵੀਆ ਨਗਰ ''''ਚ ਰਹਿੰਦੇ ਸਨ।

1947 ਦੀ ਵੰਡ ''''ਚ ਇਸਮਤ ਤੇ ਜੀਤੂ ਦੇ ਵਿਛੜਨ ਦੀ ਕਹਾਣੀ- ਵੀਡੀਓ

ਦਿੱਲੀ ਆ ਕੇ ਸ਼ਰਨਾਰਥੀਆਂ ਅੱਗੇ ਸਿਰ ਢੱਕਣ ਤੋਂ ਲੈ ਕੇ ਢਿੱਡ ਭਰਨ ਦੀ ਚੁਣੌਤੀ ਮੂੰਹ ਅੱਡੀ ਖੜ੍ਹੀ ਸੀ। ਸ਼ਰਨਾਰਥੀਆਂ ਨੂੰ ਹਰ ਪਾਸੇ ਧੱਕੇ ਹੀ ਨਸੀਬ ਹੋ ਰਹੇ ਸਨ।

ਰੇਲਵੇ ਸਟੇਸ਼ਨ ''''ਤੇ ਉਤਰਨ ਤੋਂ ਬਾਅਦ ਕੋਈ ਆਪਣੇ ਪਰਿਵਾਰ ਸਮੇਤ ਸਬਜ਼ੀ ਮੰਡੀ, ਕਰੋਲ ਬਾਗ, ਦਰਿਆਗੰਜ ਵਰਗੇ ਇਲਾਕਿਆਂ ''''ਚ ਕੋਠੜੀ ''''ਚ ਰਹਿਣ ਲੱਗੇ।

ਜਿਸ ਕਿਸੇ ਦਾ ਇਸ ਪਰਾਏ ਸ਼ਹਿਰ ''''ਚ ਕੋਈ ਅਪਣਾ ਨਹੀਂ ਸੀ, ਉਹ ਫਤਿਹਪੁਰੀ, ਕਸ਼ਮੀਰੀ ਗੇਟ, ਚਾਂਦਨੀ ਚੌਂਕ ਆਦਿ ''''ਚ ਦੁਕਾਨਾਂ ਅੱਗੇ ਸੌਣ ਲੱਗੇ।

ਸਵੇਰ-ਸ਼ਾਮ ਦੀ ਰੋਟੀ ਗੁਰਦੁਆਰਾ ਸੀਸਗੰਜ ਸਾਹਿਬ, ਗੌਰੀ ਸ਼ੰਕਰ ਮੰਦਰ ਅਤੇ ਹੋਰ ਸਵੈ ਸੇਵੀ ਸੰਸਥਾਵਾਂ ਵੱਲੋਂ ਮਿਲ ਜਾਂਦੀ ਸੀ। ਇੱਥੇ ਆ ਕੇ ਉਹ ਸਿਰ ਢੱਕਣ ਲਈ ਛੱਤ ਦੀ ਭਾਲ ''''ਚ ਕਈ ਹਫ਼ਤਿਆਂ ਤੱਕ ਇੱਧਰ-ਉੱਧਰ ਘੁੰਮਦੇ ਰਹੇ ਸਨ।

ਫਿਰ ਕੁਝ ਸਕੂਲਾਂ ''''ਚ ਇਨ੍ਹਾਂ ਨੂੰ ਰਾਤ ਦਾ ਸਮਾਂ ਬਤੀਤ ਕਰਨ ਲਈ ਛੱਤ ਮਿਲੀ। ਕੁਝ ਸ਼ਰਨਾਥੀ ਪਰਿਵਾਰ ਪੰਚਕੁਈਆ ਰੋਡ ''''ਤੇ ਸਥਿਤ ਵਾਲਮੀਕੀ ਮੰਦਰ ''''ਚ ਵੀ ਰਹਿਣ ਲੱਗ ਪਏ ਸਨ।

ਉਨ੍ਹਾਂ ਦਾ ਰੋਜ਼ਾਨਾ ਦਾ ਕੰਮ ਸੀ, ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਜਾਣਾ ਤਾਂ ਜੋ ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਖੋਜ ਖ਼ਬਰ ਲੈ ਸਕਣ। ਅਕਸਰ ਉਨ੍ਹਾਂ ਨੂੰ ਕੋਈ ਨਾ ਕੋਈ ਮਿਲ ਹੀ ਜਾਂਦਾ ਸੀ, ਜਿਸ ਨੂੰ ਉਹ ਰੋਂਦੇ ਹੋਏ ਜੱਫੀ ਪਾ ਲੈਂਦੇ ਸਨ।

ਕੌਣ ਉਤਰਦਾ ਸੀ ਸਬਜ਼ੀ ਮੰਡੀ ਰੇਲਵੇ ਸਟੇਸ਼ਨ ?

ਦਿੱਲੀ ਆਉਣ ਵਾਲੇ ਸ਼ਰਨਾਰਥੀ ਸਬਜ਼ੀ ਮੰਡੀ ਰੇਲਵੇ ਸਟੇਸ਼ਨ ''''ਤੇ ਵੀ ਉਤਰ ਜਾਂਦੇ ਸਨ। ਉਹ ਉੱਥੋਂ ਆਪਣੇ ਟਿਕਾਣੇ ਦੀ ਭਾਲ ''''ਚ ਇੱਧਰ ਉੱਧਰ ਘੁੰਮਦੇ ਸਨ।

ਕਈ ਸ਼ਰਾਨਰਥੀ ਤਾਂ ਕਈ ਦਿਨਾਂ ਤੱਕ ਸਬਜ਼ੀ ਮੰਡੀ ਰੇਲਵੇ ਸਟੇਸ਼ਨ ''''ਤੇ ਹੀ ਰਹੇ। ਰੇਲਵੇ ਕਾਲੋਨੀ ਦੇ ਵਸਨੀਕ ਉਨ੍ਹਾਂ ਨੂੰ ਸਵੇਰੇ-ਸ਼ਾਮ ਖਾਣਾ ਦਿੰਦੇ ਸਨ।

ਸਬਜ਼ੀ ਮੰਡੀ ਰੇਲਵੇ ਕਲੋਨੀ ਸਾਲ 1930 ''''ਚ ਬਣੀ ਸੀ। ਤੀਸ ਹਜ਼ਾਰੀ ਕੋਰਟ ''''ਚ ਵਕੀਲ ਪਦਮ ਕੁਮਜਾਰ ਦੇ ਪਰਿਵਾਰ ਦਾ ਇਸ ਨਾਲ ਤਕਰੀਬਨ ਅੱਧੀ ਸਦੀ ਪੁਰਾਣਾ ਰਿਸ਼ਤਾ ਹੈ।

ਉਹ ਦੱਸਦੇ ਹਨ ਕਿ ਪਾਕਿਸਤਾਨ ਤੋਂ ਆਏ ਸ਼ਰਨਾਰਥੀ ਸਬਜ਼ੀ ਮੰਡੀ ਦੇ ਨੇੜੇ ਤੇੜੇ ਜਿਵੇਂ ਘੰਟਾਘਰ, ਸਦਰ ਬਾਜ਼ਾਰ, ਚਾਂਦਨੀ ਚੌਂਕ, ਪੁਲ ਮਿਠਾਈ, ਕਿਸ਼ਨ ਗੰਜ, ਬਾੜਾ ਹਿੰਦੂਰਾਵ, ਕੂਚਾ ਹਬਸ਼ ਖਾਂ ਵਰਗੇ ਇਲਾਕਿਆਂ ''''ਚ ਰਹਿਣ ਲੱਗ ਪਏ ਸਨ।

ਜਗਪ੍ਰਵੇਸ਼ ਚੰਦਰ, ਜੋ ਕਿ ਦਿੱਲੀ ਦੇ ਮੁੱਖ ਕਾਰਜਕਾਰੀ ਕੌਂਸਲਰ ਸਨ, ਕਿਸ਼ਨ ਗੰਜ ''''ਚ ਇੱਕ ਛੋਟੇ ਜਿਹੇ ਕਮਰੇ ''''ਚ ਰਹਿਣ ਲੱਗ ਪਏ ਸਨ।

ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਵੀ ਸੀ। ਉਨ੍ਹਾਂ ਨੇ ਜਲਦੀ ਹੀ ਇੱਥੇ ਸ਼ਰਨਾਰਥੀਆਂ ਵਿਚਾਲੇ ਸਮਾਜ ਸੇਵਾ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।

ਦਿੱਲੀ ''''ਚ ਪਹਿਲੀ ਵਿਧਾਨ ਸਭਾ ਚੋਣ 1951 ''''ਚ ਹੋਈ ਸੀ। ਉਹ ਕਿਸ਼ਨ ਗੰਜ ਤੋਂ ਕਾਂਗਰਸ ਦੀ ਟਿਕਟ ''''ਤੇ ਚੋਣ ਮੈਦਾਨ ''''ਚ ਉਤਰੇ ਸਨ। ਇਸ ਚੋਣ ''''ਚ ਉਨ੍ਹਾਂ ਨੂੰ ਜਿੱਤ ਹਾਸਲ ਹੋਈ ਭਾਵ ਦਿੱਲੀ ਆਉਣ ਤੋਂ ਚਾਰ ਸਾਲ ਬਾਅਦ ਹੀ ਉਹ ਇੱਥੋਂ ਦੇ ਵਿਧਾਇਕ ਬਣ ਗਏ ਸਨ।

ਛੋਲੇ ਕੁਲਚੇ ਤੋਂ ਬਟਰ ਚਿਕਨ ਤੱਕ

ਦਰਅਸਲ, ਦਿੱਲੀ ਪਹੁੰਚੇ ਸ਼ਰਨਾਰਥੀਆਂ ਨੇ ਕੁਝ ਦਿਨਾਂ ਬਾਅਦ ਹੀ ਸੜਕਾਂ ''''ਤੇ ਕੰਘੀ, ਰੂਮਾਲ, ਛੋਲੇ ਕੁਲਚੇ ਵੇਚਣੇ ਸ਼ੁਰੂ ਕਰ ਦਿੱਤੇ ਸਨ। ਆਖ਼ਰਕਾਰ ਰੋਜ਼ੀ ਰੋਟੀ ਲਈ ਕੁਝ ਕਰਨਾ ਤਾਂ ਸੀ।

ਦਿੱਲੀ ''''ਚ ਲੰਮੇ ਸਮੇਂ ਤੋਂ ਰਹਿ ਰਹੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਰਿਆਗੰਜ ਆਉਂਦੇ-ਜਾਂਦੇ ਸਮੇਂ ਮੋਤੀ ਮਹੱਲ ਰੈਸਟੋਰੈਂਟ ਨੂੰ ਵੇਖ ਕੇ ਪਿਛਲਾ ਸਮਾਂ ਜ਼ਰੂਰ ਯਾਦ ਆਉਂਦਾ ਹੋਵੇਗਾ। ਇਸ ਨੂੰ ਕੁੰਦਨਲਾਲ ਗੁਜਰਾਲ, ਠਾਕੁਰ ਦਾਸ ਅਤੇ ਕੁੰਦਨ ਲਾਲ ਜੱਗੀ ਨੇ ਮਿਲ ਕੇ ਖੋਲ੍ਹਿਆ ਸੀ।

ਇਹ ਤਿੰਨੇ 1947 ''''ਚ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ''''ਤੇ ਆਏ ਸਨ। ਇਹ ਤਿੰਨੋਂ ਪੇਸ਼ਾਵਰ ''''ਚ ਇੱਕ ਰੈਸਟੋਰੈਂਟ ''''ਚ ਕੰਮ ਕਰਦੇ ਸਨ।

ਇੱਕ ਦਿਨ ਦਿੱਲੀ ''''ਚ ਮੁਲਾਕਾਤ ਹੋਈ। ਹੱਥ ਕੋਈ ਪੈਸਾ ਧੇਲਾ ਨਹੀਂ ਸੀ। ਤਿੰਨਾਂ ਨੇ ਸਲਾਹ ਕੀਤੀ ਕਿ ਦਿੱਲੀ ''''ਚ ਕੁਝ ਕਾਰੋਬਾਰ ਕੀਤਾ ਜਾਵੇ। ਉਨ੍ਹਾਂ ਨੇ ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨ ਬਣਾ ਕੇ ਵੇਚਣ ਲਈ ਦਰਿਆਗੰਜ ''''ਚ ਇੱਕ ਛੋਟੀ ਜਿਹੀ ਥਾਂ ਕਿਰਾਏ ''''ਤੇ ਲਈ।

ਉਨ੍ਹਾਂ ਦਿਨਾਂ ''''ਚ ਫਰਿੱਜ ਨਹੀਂ ਹੁੰਦੇ ਸਨ। ਰਾਤ ਨੂੰ ਜੋ ਚਿਕਨ ਬੱਚ ਜਾਂਦਾ ਸੀ ਉਸ ਨੂੰ ਟਮਾਟਰ, ਕਰੀਮ ਅਤੇ ਮੱਖਣ ਦੀ ਗ੍ਰੇਵੀ ਬਣਾ ਕੇ ਰੱਖ ਦਿੱਤਾ ਜਾਂਦਾ ਸੀ, ਤਾਂ ਜੋ ਉਹ ਨਰਮ ਰਹੇ ਅਤੇ ਖਰਾਬ ਨਾ ਹੋਵੇ। ਉਸ ਗ੍ਰੇਵੀ ''''ਚ ਗਰਮ ਮਸਾਲਾ ਪਾ ਕੇ ਇੱਕ ਨਵੀਂ ਪੰਜਾਬੀ ਡਿਸ਼ ਬਣ ਗਈ, ਜਿਸ ਦਾ ਨਾਂ ਸੀ- ਬਟਰ ਚਿਕਨ।

ਅੱਜ ਦੁਨੀਆਂ ਭਰ ''''ਚ ਬਟਰ ਚਿਕਨ ਬਹੁਤ ਮਸ਼ਹੂਰ ਹੈ, ਜਿਸ ਦੀ ਸ਼ੁਰੂਆਤ ਦਰਿਆਗੰਜ ਦੇ ਮੋਤੀ ਮਹਿਲ ਤੋਂ ਹੋਈ ਸੀ।

ਸੀਨੀਅਰ ਲੇਖਕ ਅਤੇ ਪੱਤਰਕਾਰ ਤਿਰਲੋਕ ਦੀਪ 1947 ਦੀ ਵੰਡ ਬਾਰੇ ਗੱਲ ਕਰਨ ਤੋਂ ਬਚਦੇ ਹਨ।

ਉਨ੍ਹਾਂ ਦਾ ਕਹਿਣਾ ਹੈ, ''''''''ਰਹਿਣ ਦਿਓ, ਵੰਡ ਨੇ ਮੈਨੂੰ ਬਹੁਤ ਡੂੰਘੇ ਜ਼ਖਮ ਦਿੱਤੇ ਸਨ। ਹੁਣ ਮੈਂ ਮੁੜ ਉਨ੍ਹਾਂ ਨੂੰ ਯਾਦ ਨਹੀਂ ਕਰਨਾ ਚਾਹੁੰਦਾ ਹਾਂ।''''''''

ਪਰ ਜ਼ੋਰ ਦੇਣ ''''ਤੇ ਉਹ ਦੱਸਦੇ ਹਨ ਕਿ ਮੈਂ ਉਸ ਸਮੇਂ 10 ਕੁ ਸਾਲਾਂ ਦਾ ਸੀ ਅਤੇ ਆਪਣੇ ਮਾਤਾ-ਪਿਤਾ ਨਾਲ ਅਗਸਤ 1947 ਤੋਂ ਕੁਝ ਸਮਾਂ ਪਹਿਲਾਂ ਹੀ ਰਾਵਲਪਿੰਡੀ ਤੋਂ ਲਾਹੌਰ ਰਸਤੇ ਲਖਨਊ ਪਹੁੰਚ ਗਿਆ ਸੀ।

ਰਾਵਲਪਿੰਡੀ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਸਨ, ਇਸ ਲਈ ਅਸੀਂ ਇੰਤਜ਼ਾਰ ਕਰਨਾ ਮੁਨਾਸਿਬ ਨਾ ਸਮਝਿਆ। ਪਰ ਮੇਰੇ ਨਾਨਾ ਅਮੀਚੰਦ ਅਤੇ ਨਾਨੀ ਭਾਗਿਆਵਤੀ ਜੀ ਨੂੰ ਉਸ ਸਮੇਂ ਮਾਰ ਦਿੱਤਾ ਗਿਆ, ਜਦੋਂ ਉਹ ਪਿੰਡ ਤੋਂ ਲਾਹੌਰ ਲਈ ਰਵਾਨਾ ਹੋ ਰਹੇ ਸਨ।

ਉਹ ਕਿਸੇ ਵਾਹਨ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਜੋ ਜਿਵੇਂ ਤਿਵੇਂ ਲਾਹੌਰ ਪਹੁੰਚਿਆ ਜਾ ਸਕੇ। ਉੱਥੋਂ ਉਨ੍ਹਾਂ ਨੇ ਦਿੱਲੀ ਆਉਣਾ ਸੀ, ਪਰ ਉਹ ਕਦੇ ਪਹੁੰਚ ਹੀ ਨਾ ਸਕੇ।


:


ਸਿਆਲਕੋਟ ਦਾ ਧਰਮਪਾਲ ਗੁਲਾਟੀ ਕਰੋਲ ਬਾਗ ''''ਚ

ਸ਼ਰਨਾਰਥੀਆਂ ਦਾ ਦਿੱਲੀ ਆਉਣ ਦਾ ਸਿਲਸਿਲਾ ਰੁਕ ਹੀ ਨਹੀਂ ਰਿਹਾ ਸੀ। ਹੁਣ ਸਤੰਬਰ ਮਹੀਨਾ ਚੱਲ ਰਿਹਾ ਸੀ। ਜ਼ਿਆਦਾਤਰ ਸ਼ਰਨਾਰਥੀ ਲਾਹੌਰ, ਰਾਵਲਪਿੰਡੀ, ਸਿਆਲਕੋਟ ਅਤੇ ਮੁਲਤਾਨ ਤੋਂ ਆ ਰਹੇ ਸਨ।

ਇਨ੍ਹਾਂ ਨੂੰ ਜਿੱਥੇ ਵੀ ਖਾਲੀ ਘਰ ਮਿਲਦੇ, ਇਹ ਉੱਥੇ ਹੀ ਡੇਰਾ ਪਾ ਲੈਂਦੇ। ਇਨ੍ਹਾਂ ''''ਚੋਂ ਜ਼ਿਆਦਾਤਰ ਘਰ ਉਨ੍ਹਾਂ ਮੁਸਲਮਾਨਾਂ ਦੇ ਸਨ ਜੋ ਕਿ ਦੰਗਿਆ ਤੋਂ ਬਾਅਦ ਪਾਕਿਸਤਾਨ ਜਾਣ ਲਈ ਮਜਬੂਰ ਹੋ ਗਏ ਸਨ।

ਕਰੋਲ ਬਾਗ ਤੋਂ ਹਜ਼ਾਰਾਂ ਦੀ ਗਿਣਤੀ ''''ਚ ਮੁਸਲਮਾਨ ਪਾਕਿਸਤਾਨ ਚਲੇ ਗਏ ਸਨ। ਪਾਕਿਸਤਾਨ ਦੇ ਸਾਬਕਾ ਟੈਸਟ ਕ੍ਰਿਕਟਰ ਸਿਕੰਦਰ ਬਖ਼ਤ ਦਾ ਪਰਿਵਾਰ ਵੀ ਆਜ਼ਾਦੀ ਤੋਂ ਪਹਿਲਾਂ ਕਰੋਲ ਬਾਗ ''''ਚ ਰਹਿੰਦਾ ਸੀ।

ਕਰੋਲ ਬਾਗ ਤੋਂ ਜਾਣ ਵਾਲੇ ਆਪਣੇ ਘਰਾਂ ਨੂੰ ਤਾਲੇ ਲਗਾ ਰਹੇ ਸਨ। ਉਨ੍ਹਾਂ ਨੂੰ ਇੱਕ ਉਮੀਦ ਸੀ ਕਿ ਉਨ੍ਹਾਂ ਦੇ ਘਰਾਂ ''''ਤੇ ਉਨ੍ਹਾਂ ਦਾ ਕਬਜ਼ਾ ਰਹੇਗਾ ਪਰ ਤਾਲੇ ਲੱਗੇ ਘਰਾਂ ਦੇ ਜਿੰਦਰੇ ਤੋੜ ਕੇ ਲੋਕ ਅੰਦਰ ਦਾਖ਼ਲ ਹੋ ਗਏ ਸਨ।

ਸਰਹੱਦ ਦੇ ਦੋਹੀਂ ਪਾਸੇ ਇਹੀ ਵਰਤਾਰਾ ਹੋਇਆ। ਹਿੰਦੂਆਂ ਅਤੇ ਸਿੱਖਾਂ ਦੇ ਖਾਲੀ ਘਰਾਂ, ਮਕਾਨਾਂ ''''ਤੇ ਮੁਸਲਮਾਨਾਂ ਨੇ ਕਬਜ਼ਾ ਕਰ ਲਿਆ ਅਤੇ ਦਿੱਲੀ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ''''ਚ ਮੁਸਲਮਾਨਾਂ ਦੇ ਖਾਲੀ ਮਕਾਨ ਹਿੰਦੂ-ਸਿੱਖ ਸ਼ਰਨਾਰਥੀਆਂ ਦੀ ਰਿਹਾਇਸ਼ ਬਣ ਗਏ ਸਨ।

ਦਿੱਲੀ ਯੂਨੀਵਰਸਿਟੀ ''''ਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਰਹੇ ਵੀਰੇਂਦਰ ਲਾਲ ਵਾਧਵਾ ਦਾ ਕਹਿਣਾ ਹੈ ਕਿ ਕਰੋਲ ਬਾਗ ਦੀ ਫੈਜ਼ ਰੋਡ ਅਤੇ ਆਰੀਆ ਸਮਾਜ ਰੋਡ ''''ਤੇ ਲਗਾਤਾਰ ਸ਼ਰਨਾਰਥੀ ਪਹੁੰਚ ਰਹੇ ਸਨ। ਉਨ੍ਹਾਂ ''''ਚ ਸਿਆਲਕੋਟ ਦੇ ਚੁੰਨੀਲਾਲ ਗੁਲਾਟੀ ਦਾ ਪਰਿਵਾਰ ਵੀ ਸੀ। ਉਹ ਲੋਕ ਸਿਆਲਕੋਟ ''''ਚ ਮਸਾਲੇ ਵੇਚਦੇ ਸਨ।

ਉਸ ਪਰਿਵਾਰ ਦੇ ਇੱਕ ਨੌਜਵਾਨ ਧਰਮਪਾਲ ਗੁਲਾਟੀ ਨੇ ਬਾਅਦ ''''ਚ ਐੱਮਡੀਐੱਚ ਮਸਾਲੇ ਨਾਮ ਦੀ ਇੱਕ ਵੱਡੀ ਕੰਪਨੀ ਸਥਾਪਿਤ ਕੀਤੀ।

ਜਦੋਂ ਫਿਰੋਜ਼ਪੁਰ ਪਾਕਿਸਤਾਨ ਦੇ ਹਿੱਸੇ ਆਇਆ ਤੇ ਆਖਰੀ ਵੇਲੇ ਬਦਲਿਆ ਫ਼ੈਸਲਾ- ਵੀਡੀਓ

ਸ਼੍ਰੀਮਾਨ ਧਰਮਪਾਲ ਗੁਲਾਟੀ ਕਰੋਲ ਬਾਗ ''''ਚ ਕਦੇ ਵੀ ਚੱਪਲਾਂ ਜਾਂ ਜੁੱਤੇ ਪਾ ਕੇ ਨਹੀਂ ਘੁੰਮਦੇ ਸਨ। ਉਨ੍ਹਾਂ ਦਾ ਕਹਿਣਾ ਸੀ, ''''''''ਕਰੋਲ ਬਾਗ ਦੀ ਧਰਤੀ ਮੇਰੇ ਲਈ ਮੰਦਰ ਵਰਗੀ ਹੈ। ਇਸ ਨੇ ਮੈਨੂੰ ਸਭ ਕੁਝ ਦਿੱਤਾ ਹੈ। ਇਸ ਲਈ ਮੈਂ ਇੱਥੇ ਚੱਪਲ ਜਾਂ ਜੁੱਤੇ ਨਹੀਂ ਪਾ ਸਕਦਾ ਹਾਂ।''''''''

ਦਰਅਸਲ, ਲਾਹੌਰ ਅਤੇ ਰਾਵਲਪਿੰਡੀ ਤੋਂ ਲਗਾਤਾਰ ਰੇਲ ਗੱਡੀਆਂ ਦਿੱਲੀ ਆ ਰਹੀਆਂ ਸਨ। ਇਨ੍ਹਾਂ ''''ਚ ਕੁਝ ਸੁਰੱਖਿਆ ਮੁਲਾਜ਼ਮ ਵੀ ਹੁੰਦੇ ਸਨ। ਇਨ੍ਹਾਂ ''''ਤੇ ਪਾਕਿਸਤਾਨ ਦੀ ਸਰਹੱਦ ਤੱਕ ਖ਼ਤਰਾ ਮੰਡਰਾਉਂਦਾ ਰਹਿੰਦਾ ਸੀ।

ਲੇਖਕ ਅਤੇ ਦਿੱਲੀ ਸਰਕਾਰ ਦੇ ਮੰਤਰੀ ਰਹੇ ਰਮਾਕਾਂਤ ਗੋਸਵਾਮੀ ਉਸ ਸਮੇਂ ਦੋ ਸਾਲ ਦੇ ਸਨ, ਜਦੋਂ ਉਹ ਆਪਣੇ ਪਿਤਾ ਅਤੇ ਸਨਾਤਨ ਧਰਮ ਸਭਾ ਦੇ ਗੋਸਵਾਮੀ ਗਿਰਧਾਰੀ ਲਾਲ ਨਾਲ ਪੁਰਾਣੀ ਦਿੱਲੀ ਪਹੁੰਚੇ ਸਨ।

ਗੋਸਵਾਮੀ ਗਿਰਧਾਰੀ ਲਾਲ ਲਾਹੌਰ ''''ਚ ਬੱਚਿਆਂ ਨੂੰ ਹਿੰਦੀ ਅਤੇ ਸੰਸਕ੍ਰਿਤ ਪੜ੍ਹਾਉਂਦੇ ਸਨ। ਉਹ ਕੰਮ ਦੇ ਸਿਲਸਿਲੇ ''''ਚ ਹਰ ਦੂਜੇ ਤੀਜੇ ਦਿਨ ਸਾਈਕਲ ''''ਤੇ ਲਾਹੌਰ ਤੋਂ ਅੰਮ੍ਰਿਤਸਰ ਆਇਆ-ਜਾਇਆ ਕਰਦੇ ਸਨ।

ਰਮਾਕਾਂਤ ਗੋਸਵਾਮੀ ਨੇ ਆਪਣੇ ਪਰਿਵਾਰ ਦੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਦਿੱਲੀ ''''ਚ ਲਗਾਤਾਰ ਸ਼ਰਨਾਰਥੀਆਂ ਦੀ ਆਮਦ ਕਰਕੇ ਸਥਾਨਕ ਲੋਕ ਖੁਸ਼ ਨਹੀਂ ਸਨ। ਉਨ੍ਹਾਂ ਨੂੰ ਇੰਝ ਮਹਿਸੂਸ ਹੁੰਦਾ ਸੀ ਕਿ ਸ਼ਰਨਾਰਥੀਆਂ ਦੇ ਆਉਣ ਨਾਲ ਦਿੱਲੀ ਦੀ ਆਬਾਦੀ ਦਾ ਚਰਿੱਤਰ ਪੂਰੀ ਤਰ੍ਹਾਂ ਨਾਲ ਬਦਲ ਜਾਵੇਗਾ।

ਗੋਸਵਾਮੀ ਗਿਰਧਾਰੀ ਲਾਲ ਲੰਮੇ ਸਮੇਂ ਤੱਕ ਬਿਰਲਾ ਮੰਦਰ ਦੇ ਮੁੱਖ ਪੁਜਾਰੀ ਰਹੇ ਸਨ। ਉਨ੍ਹਾਂ ਦੀ ਨਿਗਰਾਨੀ ਹੇਠ ਹੀ ਪੰਡਿਤ ਨਹਿਰੂ ਦਾ ਸਸਕਾਰ ਹੋਇਆ ਸੀ।

ਗਾਂਧੀ ਅਤੇ ਉਡੀਕ ਕਰਦੇ ਸ਼ਰਨਾਰਥੀ

ਉਸ ਸਮੇਂ ਸਥਿਤੀ ਬਹੁਤ ਹੀ ਗੰਭੀਰ ਸੀ, ਕਿਉਂਕਿ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਇੱਕ-ਦੂਜੇ ਨਾਲੋਂ ਵਿਛੜ ਗਏ ਸਨ।

ਜਿਸ ਕਿਸੇ ਨੂੰ ਆਪਣਾ ਸਗਾ ਸਬੰਧੀ ਮਿਲ ਜਾਂਦਾ ਸੀ ਉਹ ਤਾਂ ਰੱਬ ਦਾ ਲੱਖ-ਲੱਖ ਸ਼ੁਕਰਾਨਾ ਕਰਦਾ ਨਾ ਥੱਕਦਾ, ਪਰ ਜਿਸ ਨੂੰ ਨਾ ਮਿਲਦਾ ਉਹ ਅਰਦਾਸਾਂ ਕਰਦਾ ਕਿ ਉਸ ਦਾ ਰਿਸ਼ਤੇਦਾਰ ਉਸ ਨੂੰ ਮਿਲ ਜਾਵੇ।

ਉਹ ਫਿਰ ਇਸੇ ਉਮੀਦ ''''ਚ ਸਟੇਸ਼ਨ ਜਾਂਦੇ ਕਿ ਸ਼ਾਇਦ ਅੱਜ ਉਨ੍ਹਾਂ ਨੂੰ ਉਨ੍ਹਾਂ ਦਾ ਰਿਸ਼ਤੇਦਾਰ ਮਿਲ ਜਾਵੇਗਾ।

ਇੱਕ ਗੱਲ ਧਿਆਨ ਦੇਣ ਵਾਲੀ ਹੈ ਕਿ ਦਿੱਲੀ ਆਉਣ ਵਾਲੇ ਸਾਰੇ ਲੋਕ ਰੇਲਾਂ ਰਾਹੀਂ ਹੀ ਨਹੀਂ ਆ ਰਹੇ ਸਨ। ਖੁਸ਼ਵੰਤ ਸਿੰਘ ਨੂੰ ਲਾਹੌਰ ਦੇ ਪੰਜਾਬ ਹਾਈ ਕੋਰਟ ''''ਚ ਪ੍ਰੈਕਟਿਸ ਸ਼ੁਰੂ ਕੀਤਿਆ ਬਹੁਤ ਸਮਾਂ ਨਹੀਂ ਹੋਇਆ ਸੀ।

ਵੰਡ ਦੇ ਕਾਰਨ ਉਨ੍ਹਾਂ ਨੂੰ ਵੀ ਆਪਣੇ ਪਿਆਰੇ ਸ਼ਹਿਰ ਲਾਹੌਰ ਨੂੰ ਛੱਡਣਾ ਪਿਆ ਸੀ, ਪਰ ਉਹ ਲਾਹੌਰ ਤੋਂ ਦਿੱਲੀ ਆਪਣੀ ਕਾਰ ਰਾਹੀਂ ਆਏ ਸਨ।

ਉਹ ਕਹਿੰਦੇ ਹਨ, " ਲਾਹੌਰ ਤੋਂ ਦਿੱਲੀ ਤੱਕ ਦੇ ਸਫ਼ਰ ਦੌਰਾਨ ਮੈਨੂੰ ਪਰਿੰਦਾ ਵੀ ਮੁਸ਼ਕਲ ਨਾਲ ਹੀ ਵਿਖਾਈ ਦੇ ਰਿਹਾ ਸੀ। ਦਿੱਲੀ ਨਜ਼ਦੀਕ ਆਈ ਤਾਂ ਇਨਸਾਨ ਵਿਖਣੇ ਸ਼ੁਰੂ ਹੋਏ।"

ਖੁਸ਼ਵੰਤ ਸਿੰਘ ਦੇ ਇੱਕ ਰਿਸ਼ਤੇਦਾਰ ਭਾਈ ਮੋਹਨ ਸਿੰਘ ਵੀ ਆਪਣੇ ਪਰਿਵਾਰ ਨੂੰ ਰਾਵਲਪਿੰਡੀ ਤੋਂ ਕਾਰਾਂ ਜ਼ਰੀਏ ਦਿੱਲੀ ਲੈ ਕੇ ਆਏ ਸਨ।

ਭਾਈ ਮੋਹਨ ਸਿੰਘ ਦਾ ਰਾਵਲਪਿੰਡੀ ''''ਚ ਕੰਸਟ੍ਰਕਸ਼ਨ ਦਾ ਸਫਲ ਕਾਰੋਬਾਰ ਸੀ।

ਦਿੱਲੀ ਆ ਕੇ ਉਨ੍ਹਾਂ ਨੇ ਆਪਣਾ ਕਾਰੋਬਾਰ ਹੀ ਬਦਲ ਲਿਆ। ਉਹ ਫਾਰਮਾ ਸੈਕਟਰ ''''ਚ ਆਏ ਅਤੇ ਰੈਨਬੈਕਸੀ ਫਾਰਮਾ ਦੇ ਚੇਅਰਮੈਨ ਬਣੇ। ਉਹ ਇੱਕ ਅਰਬਪਤੀ ਬਣ ਗਏ ਸਨ।

ਅਸਲ ''''ਚ ਗੱਲ ਇਹ ਹੈ ਕਿ ਜੋ ਲੋਕ ਅਮੀਰ ਸਨ, ਉਹ ਆਪਣੀਆਂ ਕਾਰਾਂ ਰਾਹੀਂ ਸੁਰੱਖਿਅਤ ਦਿੱਲੀ ਪਹੁੰਚ ਰਹੇ ਸਨ।


:


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)