ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਮਹੀਨੇ ਬਾਅਦ ਹੁਣ ਤੱਕ ਕੇਸ ਵਿੱਚ ਕੀ-ਕੀ ਹੋਇਆ

06/29/2022 8:01:00 AM

29 ਮਈ, 2022 ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਪਿੰਡ ਜਵਾਹਰ ਕੇ ਨੇੜਿਆਂ ਗੋਲੀਆਂ ਮਾਰ ਕੇ ਸਰੇਆਮ ਕਤਲ ਕਰ ਦਿੱਤਾ ਗਿਆ ਸੀ।

ਆਪਣੇ ਪਿੰਡ ਮੂਸਾ ਤੋਂ ਸਿੱਧੂ ਮੂਸੇਵਾਲਾ ਨਿਕਲੇ ਹੀ ਸਨ ਕਿ ਕੁਝ ਦੂਰ ਜਾਂਦਿਆਂ ਹੀ ਪਿੰਡ ਜਵਾਹਰ ਕੇ ਨੇੜੇ ਉਨ੍ਹਾਂ ਦੀ ਥਾਰ ਗੱਡੀ ਨੂੰ ਘੇਰ ਲਿਆ ਗਿਆ।

ਆਓ, ਇਸ ਰਿਪੋਰਟ ਰਾਹੀਂ ਜਾਣਦੇ ਹਾਂ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਲੈ ਕੇ ਹੁਣ ਤੱਕ ਕੀ ਕੁਝ ਹੋਇਆ ਹੈ।

ਮੂਸੇਵਾਲਾ ਦੀ ਸੁਰੱਖਿਆ ਘਟੀ ਅਤੇ 29 ਮਈ ਨੂੰ ਹੋਇਆ ਕਤਲ

29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਨੂੰ ਘੇਰ ਕੇ ਅਣਪਛਾਤੇ ਹਮਲਾਵਰਾਂ ਨੇ ਕਈ ਰਾਊਂਡ ਫਾਇਰ ਕੀਤੇ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।

ਥਾਰ ਗੱਡੀ ਵਿੱਚ ਉਨ੍ਹਾਂ ਨਾਲ ਬੈਠੇ ਦੋ ਸਾਥੀਆਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਸਨ ਅਤੇ ਇਹ ਦੋਵੇਂ ਹਾਲੇ ਵੀ ਸਿਹਤਯਾਬੀ ਵੱਲ ਹਨ।

ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਸੈਂਕੜੇ ਹਾਈ ਪ੍ਰੋਫ਼ਾਈਲ ਲੋਕਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਜਾਂ ਤਾਂ ਹਟਾ ਲਈ ਸੀ ਜਾਂ ਘਟਾ ਦਿੱਤੀ ਸੀ ਅਤੇ ਇਨ੍ਹਾਂ ਵਿੱਚੋਂ ਮੂਸੇਵਾਲਾ ਵੀ ਇੱਕ ਸਨ।

ਇਸ ਕਤਲ ਤੋਂ ਬਾਅਦ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਨਵੀਂ ਬਣੀ ਭਗਵੰਤ ਮਾਨ ਸਰਕਾਰ ਉੱਤੇ ਕਈ ਸਵਾਲ ਖੜ੍ਹੇ ਹੋਏ ਅਤੇ ਵੱਡੀ ਗਿਣਤੀ ਵਿੱਚ ਲੋਕ ਸੜਕਾਂ ਉੱਤੇ ਆ ਗਏ ਸਨ।

ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਵਿੱਚ ਵੱਡੀ ਗਿਣਤੀ ''''ਚ ਲੋਕ ਇਕੱਠੇ ਹੋਣ ਲੱਗੇ। ਉਨ੍ਹਾਂ ਦੀ ਅੰਤਮ ਯਾਤਰਾ ਅਤੇ ਸਸਕਾਰ ਵੇਲੇ ਵੀ ਲੋਕਾਂ ਦਾ ਵੱਡਾ ਹਜੂਮ ਦੇਖਣ ਨੂੰ ਮਿਲਿਆ।

ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ

ਸਿੱਧੂ ਮੂਸੇਵਾਲਾ ਦੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ, ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ।

ਸੋਸ਼ਲ ਮੀਡੀਆ ''''ਤੇ ਇੱਕ ਫੇਸਬੁੱਕ ਪੋਸਟ ਵਿੱਚ ਗੋਲਡੀ ਬਰਾੜ ਵੱਲੋਂ ਕਤਲ ਦੀ ਕਥਿਤ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਕੀਤਾ ਗਿਆ ਹੈ।

ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਐੱਸਆਈਟੀ ਦਾ ਗਠਨ

ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਨੂੰ ਹੋਰ ਰਫ਼ਤਾਰ ਦੇਣ ਲਈ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਵੀ.ਕੇ. ਭਾਵਰਾ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਨੂੰ ਪੁਨਰਗਠਿਤ ਕੀਤਾ।

ਇਸ ਛੇ ਮੈਂਬਰੀ ਐੱਸਆਈਟੀ ਵਿੱਚ ਨਵੇਂ ਚੇਅਰਮੈਨ ਆਈਜੀ ਜਸਕਰਨ ਸਿੰਘ ਅਤੇ ਦੋ ਨਵੇਂ ਮੈਂਬਰਾਂ ਵਿੱਚ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਗੁਰਮੀਤ ਸਿੰਘ ਚੌਹਾਨ ਅਤੇ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਸ਼ਾਮਲ ਕੀਤੇ ਗਏ।

ਭਗਵੰਤ ਮਾਨ ਵੱਲੋਂ ਜਾਂਚ ਲਈ ਮੌਜੂਦਾ ਜੱਜ ਨੂੰ ਨਿਯੁਕਤ ਕਰਨ ਦੀ ਮੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਕਤਲ ਦੀ ਜਾਂਚ ਲਈ ਕਿਸੇ ਮੌਜੂਦਾ ਜੱਜ ਨੂੰ ਨਿਯੁਕਤ ਕਰਨ ਦੀ ਗੁਜ਼ਾਰਿਸ਼ ਕੀਤੀ ਸੀ।

ਭਗਵੰਤ ਮਾਨ ਵੱਲੋਂ ਪੱਤਰ ਲਿਖਣ ਦਾ ਕਾਰਨ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਬੇਨਤੀ ਸੀ।

ਦਰਅਸਲ ਸਿੱਧੂ ਮੂਸੇਵਾਲਾ ਦੇ ਮਾਪੇ ਐੱਸਆਈਟੀ ਬਣਾਏ ਜਾਣ ਤੋਂ ਨਾਖ਼ੁਸ਼ ਸਨ ਅਤੇ ਉਹ ਇਸ ਮਾਮਲੇ ਦੀ ਨਿਆਇਕ ਜਾਂਚ ਚਾਹੁੰਦੇ ਸਨ।

ਮੂਸੇਵਾਲਾ ਦੀ ਅੰਤਿਮ ਯਾਤਰਾ ਵੇਲੇ ਵੱਡਾ ਇਕੱਠ

ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚ ਕਲਾ, ਸੰਗੀਤ ਅਤੇ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਵੀ ਸ਼ਾਮਲ ਸਨ।

ਸਿੱਧੂ ਨੂੰ ਚਾਹੁਣ ਵਾਲਿਆਂ ਵਿੱਚ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਵੀ ਲੋਕ ਪਹੁੰਚੇ ਸਨ।

ਸਿੱਧੂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਹੀ ਕੀਤਾ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ।

ਜਦੋਂ 5911 ਟਰੈਕਟਰ ਉੱਤੇ ਉਨ੍ਹਾਂ ਦੀ ਅੰਤਿਮ ਯਾਤਰਾ ਸਸਕਾਰ ਵਾਲੀ ਥਾਂ ਉੱਤੇ ਪਹੁੰਚੀ ਤਾਂ ਲੋਕਾਂ ਦਾ ਵੱਡਾ ਇਕੱਠ ਅਤੇ ਪੁੱਤ ਲਈ ਲੋਕਾਂ ਦਾ ਅਥਾਹ ਪਿਆਰ ਦੇਖ ਕਿ ਉਨ੍ਹਾਂ ਦੇ ਪਿਤਾ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਨ੍ਹਾਂ ਰੋਂਦੇ ਹੋਏ ਪੱਗ ਸਿਰ ਤੋਂ ਉਤਾਰ ਕਿ ਲੋਕਾਂ ਅੱਗੇ ਝੁਕਾਈ ਅਤੇ ਇਸ ਸੰਤਾਪ ਦੀ ਘੜੀ ਵਿੱਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।

ਇਹੀ ਨਹੀਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਪੁੱਤ ਦੇ ਸਟਾਈਲ ਵਿੱਚ ਟਰੈਕਟਰ ਤੋਂ ਥਾਪੀ ਮਾਰੀ। ਇਨ੍ਹਾਂ ਤਸਵੀਰਾਂ ਵਾਲਾ ਪਲ ਬਹੁਤ ਹੀ ਭਾਵੁਕ ਕਰਨ ਵਾਲਾ ਸੀ।

ਇਹ ਵੀ ਪੜ੍ਹੋ:

  • ਸਿੱਧੂ ਮੂਸੇਵਾਲਾ: ਮਾਨਸਾ ਦੇ ਨਿੱਕੇ ਜਿਹੇ ਪਿੰਡ ਤੋਂ ਕੌਮਾਂਤਰੀ ਪ੍ਰਸਿੱਧੀ ਹਾਸਲ ਕਰਨ ਵਾਲੇ ਸ਼ੁਭਦੀਪ ਦਾ ਸਫ਼ਰ
  • ਸਿੱਧੂ ਮੂਸੇਵਾਲਾ ਦੀ ਲਾਹੌਰ ਨਾਲ ਜੁੜੀ ਦਿਲੀ ਖ਼ਵਾਇਸ਼ ਜੋ ਅਧੂਰੀ ਰਹਿ ਗਈ
  • ਪੰਜਾਬ ਵਿੱਚ ਕਿਹੜੇ ਗੈਂਗਸਟਰ ਸਰਗਰਮ ਹਨ ਤੇ ਉਹ ਕਿਸ ਤਰ੍ਹਾਂ ਦੇ ਅਪਰਾਧ ਕਰਦੇ ਹਨ
BBC
  • ਸਿੱਧੂ ਮੂਸੇਵਾਲਾ ਪੰਜਾਬੀ ਦਾ ਕੌਮਾਂਤਰੀ ਪੱਧਰ ਦਾ ਪੌਪ ਸਟਾਰ ਸੀ। ਉਸ ਨੂੰ ਘੇਰ ਕੇ ਦਿਨ-ਦਿਹਾੜੇ ਆਧੁਨਿਕ ਹਥਿਆਰਾਂ ਨਾਲ ਕਤਲ ਕੀਤਾ ਗਿਆ
  • ਸਿੱਧੂ ਮੂਸੇਵਾਲਾ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਜਿਵੇਂ ਗੈਂਗਵਾਰ ਨਾਲ ਜੋੜਿਆ ਹੈ, ਉਸ ਨੇ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਹਿੰਸਕ ਵਾਰਦਾਤਾਂ ਪ੍ਰਤੀ ਲੋਕਾਂ ਦੀ ਚਿੰਤਾਂ ਨੂੰ ਵਧਾਇਆ ਹੈ।
  • ਪੰਜਾਬ ਨੇ ਲੰਬਾ ਸਮਾਂ ਹਿੰਸਕ ਦੌਰ ਦੇਖਿਆ ਹੈ ਅਤੇ ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਵਰਗੇ ਕਤਲਾਂ ਨੇ ਪੰਜਾਬ ਦੇ ਲੋਕਾਂ ਅੱਗੇ ਉਸੇ ਵਰਗਾ ਦੌਰ ਮੁੜਨ ਦਾ ਡਰ ਤੇ ਸਹਿਮ ਪਾ ਦਿੱਤਾ ਹੈ।
BBC

ਪੰਜਾਬ ਪੁਲਿਸ ਦਾ ਪਹਿਲੀ ਗ੍ਰਿਫ਼ਤਾਰੀ ਦਾ ਦਾਅਵਾ

ਸਿੱਧੂ ਮੂਸੇਵਾਲਾ ਦੇ ਕਤਲ ਦੇ ਤੀਜੇ ਦਿਨ ਪੰਜਾਬ ਪੁਲਿਸ ਨੇ ਪਹਿਲੀ ਗ੍ਰਿਫ਼ਤਾਰੀ ਕਰਨ ਦਾ ਦਾਅਵਾ ਕੀਤਾ। ਗ੍ਰਿਫ਼ਤਾਰ ਸ਼ਖਸ ਦਾ ਨਾਂ ਮਨਪ੍ਰੀਤ ਸਿੰਘ ਦੱਸਿਆ ਗਿਆ।

ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

ਪੰਜਾਬ ਪੁਲਿਸ ਦੇ ਸੂਤਰਾਂ ਮੁਤਾਬਕ ਮਨਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਦੇਹਰਾਦੂਨ ਤੋਂ ਕੀਤੀ ਗਈ। ਮਨਪ੍ਰੀਤ ਸਿੰਘ ਪੰਜਾਬ ਪੁਲਿਸ ਦੇ ਵਿਸ਼ੇਸ਼ ਟਾਸਕ ਫੋਰਸ ਨੇ ਉਤਰਾਖੰਡ ਪੁਲਿਸ ਦੇ ਸਾਂਝੇ ਆਪਰੇਸ਼ਨ ਦੌਰਾਨ ਹਿਰਾਸਤ ਵਿੱਚ ਲਏ ਗਏ 6 ਵਿਅਕਤੀਆਂ ਵਿੱਚੋਂ ਇੱਕ ਦੱਸਿਆ ਜਾਂਦਾ ਹੈ।

ਪੁਲਿਸ ਵੱਲੋਂ 4 ਸ਼ੂਟਰਾਂ ਦੀ ਪਛਾਣ ਦਾ ਦਾਅਵਾ

ਜੂਨ ਦੇ ਪਹਿਲੇ ਹਫ਼ਤੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਘੱਟੋ-ਘੱਟ ਅੱਠ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕਰਨ ਦਾ ਪੰਜਾਬ ਪੁਲਿਸ ਨੇ ਦਾਅਵਾ ਕੀਤਾ। ਇਸ ਦੇ ਨਾਲ ਹੀ ਪੁਲਿਸ ਨੇ ਚਾਰ ਸ਼ੂਟਰਾਂ ਦੀ ਪਛਾਣ ਕਰਨ ਦਾ ਵੀ ਦਾਅਵਾ ਕੀਤਾ।

ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਪ੍ਰਮੋਦ ਬਾਨ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਪੁਸ਼ਟੀ ਕੀਤੀ।

ਗ੍ਰਿਫ਼ਤਾਰ ਲੋਕਾਂ ਵਿੱਚ ਇਹ ਨਾਮ ਦੱਸੇ ਗਏ ਹਨ...

  • ਸੰਦੀਪ ਸਿੰਘ ਉਰਫ਼ ਕੇਕੜਾ (ਹਰਿਆਣਾ ਦੇ ਸਿਰਸਾ ਦਾ ਵਾਸੀ)
  • ਮਨਪ੍ਰੀਤ ਸਿੰਘ ਉਰਫ਼ ਮੰਨਾ (ਪੰਜਾਬ ਦੇ ਤਲਵੰਡੀ ਸਾਬੋ ਦਾ ਵਾਸੀ)
  • ਮਨਪ੍ਰੀਤ ਭਾਊ (ਪੰਜਾਬ ਦੇ ਫਰੀਦਕੋਟ ਦੇ ਪਿੰਡ ਢੈਪਈ ਦਾ ਵਾਸੀ)
  • ਸਰਾਜ ਮਿੰਟੂ (ਅੰਮ੍ਰਿਤਸਰ ਦੇ ਡੋਡੇ ਕਲਸੀਆਂ ਦਾ ਵਾਸੀ)
  • ਪ੍ਰਦੀਪ ਸਿੰਘ ਸਿੱਧੂ ਉਰਫ਼ ਪੱਬੀ (ਹਰਿਆਣਾ ਦੇ ਤਖ਼ਤ ਮੱਲ ਦਾ ਵਾਸੀ)
  • ਮੋਨੂ ਡਾਗਰ (ਹਰਿਆਣਾ ਦੇ ਹੀ ਰਿਵਾੜੀ ਦਾ ਵਾਸੀ)
  • ਪਵਨ ਬਿਸ਼ਨੋਈ ਅਤੇ ਨਸੀਬ (ਫਤਿਹਾਬਾਦ ਵਾਸੀ)

ਕੇਕੜਾ ਬਣਿਆ ਭੇਤੀ - ਪੁਲਿਸ

ਗ੍ਰਿਫ਼ਤਾਰ ਲੋਕਾਂ ਦੀ ਭੂਮਿਕਾ ਬਾਰੇ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਪ੍ਰਮੋਦ ਬਾਨ ਨੇ ਦੱਸਿਆ ਸੀ, "ਸੰਦੀਪ ਸਿੰਘ ਕੇਕੜਾ ਨੇ ਗੋਲਡੀ ਬਰਾੜ ਅਤੇ ਸਚਿਨ ਥੱਪਨ ਦੇ ਕਹਿਣ ''''ਤੇ ਮੂਸੇਵਾਲੇ ਦਾ ਫੈਨ ਬਣ ਕੇ ਉਨ੍ਹਾਂ ਦੀਆਂ ਗਤੀਵਿਧੀਆਂ ਉੱਪਰ ਨਿਗ੍ਹਾ ਰੱਖੀ ਸੀ।"

"ਸਿੱਧੂ ਮੂਸੇਵਾਲਾ ਦੇ ਘਰੋਂ ਨਿਕਲਣ ਤੋਂ ਕੁਝ ਸਮਾਂ ਪਹਿਲਾਂ ਕੇਕੜਾ ਨੇ ਉਨ੍ਹਾਂ ਨਾਲ ਇੱਕ ਸੈਲਫ਼ੀ ਵੀ ਲਈ ਸੀ।"

ਉਨ੍ਹਾਂ ਨੇ ਦੱਸਿਆ, "ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਇੱਕ ਟੋਇਓਟਾ ਕਰੋਲਾ ਕਾਰ ਵੀ ਮੁਹੱਈਆ ਕਰਵਾਈ ਸੀ।"

"ਉਸ ਨੇ ਇਹ ਕਾਰ ਸਰਾਜ ਮਿੰਟੂ ਦੇ ਕਹਿਣ ''''ਤੇ ਦੋ ਸ਼ੱਕੀ ਸ਼ੂਟਰਾਂ ਨੂੰ ਦਿੱਤੀ ਸੀ। ਸਰਾਜ ਮਿੰਟੂ ਗੋਲਡੀ ਬਰਾੜ ਅਤੇ ਸਚਿਨ ਥੱਪਨ ਦੇ ਨਜ਼ਦੀਕੀ ਸਾਥੀ ਹਨ।"

ਏਡੀਜੀਪੀ ਨੇ ਕਿਹਾ ਕਿ 5ਵੇਂ ਮੁਲਜ਼ਮ ਪ੍ਰਦੀਪ ਸਿੰਘ ਸਿੱਧੂ ਉਰਫ਼ ''''ਪੱਬੀ'''' ਨੇ ਗੋਲਡੀ ਬਰਾੜ ਦੇ ਹਰਿਆਣਾ ਤੋਂ ਆਏ ਦੋਵਾਂ ਸਹਿਯੋਗੀਆਂ ਨੂੰ ਰਹਿਣ ਲਈ ਥਾਂ ਮੁਹੱਈਆ ਕਰਵਾਈ ਸੀ।

"ਇਹ ਲੋਕ ਜਨਵਰੀ 2022 ਵਿੱਚ ਹੀ ਆ ਗਏ ਸਨ ਅਤੇ ਪੱਬੀ ਨੇ ਇਨ੍ਹਾਂ ਦੇ ਨਾਲ ਮਿਲ ਕੇ ਸਿੱਧੂ ਮੂਸੇਵਾਲਾ ਦੇ ਘਰ ਅਤੇ ਗਲੀ-ਗੁਆਂਢ ਦੀ ਰੇਕੀ ਵੀ ਕੀਤੀ ਸੀ।"

ਸਿੱਧੂ ਮੂਸੇਵਾਲਾ ਨੂੰ ਮਿਲ ਰਹੀਆਂ ਸਨ ਧਮਕੀਆਂ

ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਕੁਝ ਗੈਂਗਜ਼ ਤੋਂ ਫਿਰੌਤੀ ਦੀਆਂ ਕਾਲਾਂ ਆਉਂਦੀਆਂ ਸਨ।

ਮੂਸੇਵਾਲਾ ਦੇ ਮਾਤਾ-ਪਿਤਾ ਭੋਗ ਤੋਂ ਪਹਿਲਾਂ ਚੰਡੀਗੜ੍ਹ ''''ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਤੇ ਉਨ੍ਹਾਂ ਨੇ ਉਸ ਲਈ ਇਨਸਾਫ਼ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਕਿ ਕੇਂਦਰੀ ਏਜੰਸੀ ਤੋਂ ਉਨ੍ਹਾਂ ਦੇ ਕਤਲ ਦੀ ਜਾਂਚ ਕਰਵਾਈ ਜਾਵੇ।

ਰੈੱਡ ਕਾਰਨਰ ਨੋਟਿਸ ਜਾਰੀ

ਸਿੱਧੂ ਮੂਸੇਵਾਲਾ ਦੇ ਕਤਲ ਦੀ ਕਥਿਤ ਤੌਰ ''''ਤੇ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਖ਼ਿਲਾਫ਼ ਕੌਮਾਂਤਰੀ ਏਜੰਸੀ ਇੰਟਰਪੌਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ।

ਹਾਲਾਂਕਿ, ਇਹ ਨੋਟਿਸ ਸਿੱਧੂ ਮੂਸੇਵਾਲਾ ਕੇਸ ਵਿੱਚ ਨਹੀਂ ਸਗੋਂ ਦੋ ਪੁਰਾਣੇ ਮਾਮਲਿਆਂ ਵਿੱਚ ਜਾਰੀ ਕੀਤਾ ਗਿਆ। ਪੰਜਾਬ ਪੁਲਿਸ ਵੱਲੋਂ ਸੀਬੀਆਈ ਨੂੰ ਇਹ ਨੋਟਿਸ ਜਾਰੀ ਕਰਨ ਲਈ ਗੁਜਾਰਿਸ਼ ਕੀਤੀ ਗਈ ਸੀ।

ਇਸ ਤੋਂ ਇਲਾਵਾ ਪੰਜਾਬ ਤੇ ਮਹਾਰਾਸ਼ਟਰ ਸਣੇ ਕਈ ਸੂਬਿਆਂ ਵਿੱਚ ਲੋੜੀਂਦੇ ਹਰਵਿੰਦਰ ਸਿੰਘ ਰਿੰਦਾ ਖ਼ਿਲਾਫ਼ ਵੀ ਰੈੱਡ ਕਾਰਨਰ ਨੋਟਿਸ ਜਾਰੀ ਹੋਇਆ ਹੈ। ਹਰਵਿੰਦਰ ਸਿੰਘ ਰਿੰਦਾ ਖਿਲਾਫ਼ ਇਹ ਨੋਟਿਸ ਪੰਜਾਬ ਵਿੱਚ ਵਾਪਰੀਆਂ ਵੱਖ-ਵੱਖ ਅੱਤਵਾਦੀ ਘਟਨਾਵਾਂ ਵਿੱਚ ਰਿੰਦਾ ਦੀ ਕਥਿਤ ਭੂਮਿਕਾ ਕਾਰਨ ਜਾਰੀ ਹੋਇਆ ਹੈ।

ਜੇ ਹਮਲੇ ਦਾ ਪਲਾਨ ਫੇਲ੍ਹ ਹੁੰਦਾ ਤਾਂ ਹਮਲਾਵਰਾਂ ਦਾ ਇਹ ਸੀ ''''ਪਲਾਨ ਬੀ''''

20 ਜੂਨ ਨੂੰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ 2 ਸ਼ੂਟਰਾਂ ਸਣੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।

ਮੀਡੀਆ ਨਾਲ ਗੱਲਬਾਤ ਕਰਦਿਆਂ ਦਿੱਲੀ ਪੁਲਿਸ ਦੇ ਅਧਿਕਾਰੀ ਐੱਚਜੀਐੱਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਉੱਤੇ ਏਕੇ-47 ਮਨਪ੍ਰੀਤ ਮੰਨੂ ਨਾਮ ਦੇ ਸ਼ਖ਼ਸ ਨੇ ਚਲਾਈ ਸੀ।

ਉਨ੍ਹਾਂ ਦੱਸਿਆ ਕਿ ਇਸ ਕਤਲ ਵਿੱਚ ਕਈ ਪਿਸਤੌਲ ਵੀ ਵਰਤੇ ਗਏ। ਇਸ ਤੋਂ ਇਲਾਵਾ ਇਨ੍ਹਾਂ ਕੋਲ ਗ੍ਰਨੇਡ ਵੀ ਬਰਾਮਦ ਹੋਏ।

ਦਿੱਲੀ ਪੁਲਿਸ ਮੁਤਾਬਕ ਫੜੇ ਗਏ ਦੋ ਸ਼ੂਟਰਾਂ ਦਾ ਕਨੈਕਸ਼ਨ ਗੋਲਡੀ ਬਰਾੜ ਦੇ ਨਾਲ ਸੀ। ਪੁਲਿਸ ਮੁਤਾਬਕ ਇਨ੍ਹਾਂ ਵੱਲੋਂ ਕੁਝ ਹਥਿਆਰ ਹਿਸਾਰ ਦੇ ਇੱਕ ਪਿੰਡ ਵਿੱਚ ਰਿਜ਼ਰਵ (ਰਾਖਵੇਂ) ਰੱਖੇ ਗਏ ਸਨ।

ਧਾਲੀਵਾਲ ਨੇ ਇਹ ਵੀ ਦੱਸਿਆ ਹੈ ਕਿ ਹਮਲਾਵਰਾਂ ਦਾ ਮੁਖੀ ਪ੍ਰਿਅਵ੍ਰੱਤ ਫੌਜੀ ਨਾਮ ਦਾ ਸ਼ਖ਼ਸ ਸੀ।

ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ 6 ਸ਼ੂਟਰਾਂ ਦੀ ਪਛਾਣ ਕੀਤੀ ਸੀ ਜਿਨ੍ਹਾਂ ਵਿੱਚੋਂ 2 ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ।

ਧਾਲੀਵਾਲ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਸਪੈੱਸ਼ਲ ਸੈੱਲ ਟੀਮ ਨੇ ਛੇ ਸ਼ੂਟਰਾਂ ਦੀ ਪਛਾਣ ਕੀਤੀ, ਕੌਣ ਕਿਹੜੀ ਗੱਡੀ ਵਿੱਚ ਸੀ, ਕਿਸ ਨੇ ਪਿਸਟਲ ਨਾਲ ਫਾਈਇੰਗ ਕੀਤੀ, ਕਿਸ ਨੇ ਏੇਕੇ-47 ਨਾਲ ਫਾਈਰਿੰਗ ਕੀਤੀ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਉਹ ਸਥਾਪਤ ਕਰ ਸਕੇ।

ਦਿੱਲੀ ਪੁਲਿਸ ਨੇ ਦੋ ਸ਼ੂਟਰਾਂ ਅਤੇ ਇੱਕ ਹੋਰ ਨੂੰ ਕੱਛ (ਗੁਜਰਾਤ) ਤੋਂ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿੱਚ ਜਗਰੂਪ ਰੂਪਾ, ਪ੍ਰਿਅਵ੍ਰੱਤ ਫੌਜੀ ਅਤੇ ਮਨਪ੍ਰੀਤ ਮੰਨੂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਵਿਸਫੋਟਕ ਪਦਾਰਥਾਂ ਸਣੇ ਹੋਰ ਹਥਿਆਰ ਮਿਲੇ।

''''ਕਤਲ ਤੋਂ 4 ਦਿਨ ਪਹਿਲਾਂ ਆਈ ਬੋਲੈਰੋ, ਸਿੱਧੂ ਦੇ ਘਰ ਦੂਜਾ ਭੇਤੀ ਵੀ ਮੌਜੂਦ ਸੀ''''

24 ਜੂਨ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਸਿੱਧੂ ਮੂਸੇਵਾਲਾ ਕੇਸ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਪੂਰੇ ਕੇਸ ਵਿੱਚ ਆਪਣੀ ਜਾਂਚ ਬਾਰੇ ਦੱਸਿਆ।

ਪ੍ਰਮੋਦ ਬਾਨ ਨੇ ਦੱਸਿਆ ਕਿ ਕਤਲ ਤੋਂ ਚਾਰ ਦਿਨ ਪਹਿਲਾਂ 25 ਮਈ ਨੂੰ ਹੀ ਬੋਲੈਰੋ ਗੱਡੀ ਮਾਨਸਾ ਅਤੇ ਮੂਸੇਵਾਲਾ ਪਿੰਡ ਦੇ ਨੇੜੇ-ਤੇੜੇ ਘੁੰਮਦੀ ਰਹੀ ਸੀ।

ਉਨ੍ਹਾਂ ਦੱਸਿਆ ਕਿ ਇਸ ਕਤਲ ਨੂੰ ਲੈ ਕੇ ਪਿਛਲੇ ਸਾਲ ਅਗਸਤ ਵਿੱਚ ਹੀ ਕੰਮ ਸ਼ੁਰੂ ਹੋ ਗਿਆ ਸੀ ਅਤੇ ਘੱਟੋ-ਘੱਟੋ ਤਿੰਨ ਵਾਰ ਰੈਕੀ ਵੀ ਕੀਤੀ ਗਈ।

ਪ੍ਰਮੋਦ ਬਾਨ ਨੇ ਇਹ ਵੀ ਦਾਅਵਾ ਕੀਤਾ ਕਿ 29 ਮਈ ਨੂੰ ਕਤਲ ਹੋਣ ਤੋਂ ਬਾਅਦ 30 ਮਈ ਦੀ ਸਵੇਰ ਉਨ੍ਹਾਂ ਪਹਿਲੀ ਗ੍ਰਿਫ਼ਤਾਰੀ ਮੰਨਾ ਭਾਊ ਦੀ ਕਰ ਲਈ ਸੀ।

ਉਨ੍ਹਾਂ ਦੱਸਿਆ ਕਿ ਸੰਦੀਪ ਕੇਕੜਾ ਅਤੇ ਬਲਦੇਵ ਨੀਟੂ ਨੇ ਸਿੱਧੂ ਮੂਸੇਵਾਲੇ ਨਾਲ ਸੈਲਫ਼ੀ ਲਈ, ਇਹ ਜਾਣਕਾਰੀ ਇਨ੍ਹਾਂ ਗੋਲਡੀ ਬਰਾੜ ਅਤੇ ਸਚਿਨ ਬਿਸ਼ਨੋਈ ਤੱਕ ਪਹੁੰਚਾਈ। ਕੇਕੜਾ ਤੇ ਨੀਟੂ ਨੇ ਵੀਡੀਓ ਕਾਲਾਂ ਵੀ ਕੀਤੀਆਂ ਅਤੇ ਸਾਬਤ ਕੀਤਾ ਕਿ ਗੱਡੀ ਵਿੱਚ ਕੌਣ-ਕੌਣ ਹੈ।

ਇਨ੍ਹਾਂ ਨੇ ਗੱਡੀ ਬਾਰੇ ਜਾਣਕਾਰੀ, ਉਸ ਵਿੱਚ ਬੈਠੇ ਬੰਦਿਆਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਅੱਗੇ ਪਹੁੰਚਾਈ ਅਤੇ ਗੱਡੀ ਦਾ ਪਿੱਛਾ ਵੀ ਕੀਤਾ।

ਇਹ ਦੋਵੇਂ ਮੋਟਰਸਾਈਕਲ ਉੱਤੇ ਸਨ ਅਤੇ ਚੌਂਕ ਨੇੜੇ ਬੋਲੈਰੋ ਅਤੇ ਕਰੋਲਾ ਗੱਡੀਆਂ ਨੂੰ ਇਸ਼ਾਰਾ ਕੀਤਾ ਅਤੇ ਥਾਰ ਗੱਡੀ ਮਗਰ ਲੱਗ ਗਏ।

ਪ੍ਰਮੋਦ ਬਾਨ ਦੇ ਦਾਅਵੇ ਮੁਤਾਬਕ ਹੁਣ ਤੱਕ ਇਸ ਕੇਸ ਦੀ ਤਫ਼ਤੀਸ਼ ਵਿੱਚ ਉਹ 13 ਬੰਦੇ ਗ੍ਰਿਫ਼ਤਾਰ ਕਰ ਚੁੱਕੇ ਹਨ।

ਲਾਰੈਂਸ ਬਿਸ਼ਨੋਈ ਬਾਰੇ ਗੱਲ ਕਰਦਿਆਂ ਬਾਨ ਨੇ ਕਿਹਾ ਕਿ ਇਸ ਸਾਰੇ ਕੇਸ ਵਿੱਚ ਲਾਰੈਂਸ ਨੇ ਸਾਰੀ ਪਲਾਨਿੰਗ ਕੀਤੀ ਅਤੇ ਇਸ ਬਾਰੇ ਕਬੂਲਿਆ ਵੀ ਹੈ।

ਉਨ੍ਹਾਂ ਮੁਤਾਬਕ ਜਨਵਰੀ 2022 ਵਿੱਚ ਵੀ ਕਤਲ ਦੀ ਕੋਸ਼ਿਸ਼ ਕੀਤੀ ਗਈ ਪਰ ਸਫ਼ਲ ਨਹੀਂ ਹੋ ਸਕੇ।

ਇਸ ਮਾਮਲੇ ਵਿੱਚ ਪੰਜਾਬ ਪੁਲਿਸ, ਦਿੱਲੀ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਆਪੋ ਆਪਣੇ ਪੱਧਰ ''''ਤੇ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=xE-gQDfiyu8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)