ਆਈਏਐੱਸ ਸੰਜੇ ਪੋਪਲੀ ਦੇ ਪੁੱਤਰ ਦੀ ਮੌਤ ਬਾਰੇ ਪਰਿਵਾਰ ਦਾ ਕੀ ਹੈ ਇਲਜ਼ਾਮ ਤੇ ਵਿਜੀਲੈਂਸ ਦੀ ਕੀ ਹੈ ਸਫ਼ਾਈ

06/27/2022 12:18:41 PM

ਸ਼ਨੀਵਾਰ 25 ਜੂਨ ਨੂੰ ਬਾਅਦ ਦੁਪਹਿਰ ਭ੍ਰਿਸ਼ਟਾਚਾਰ ਦੇ ਕਥਿਤ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਪੰਜਾਬ ਦੇ ਆਈਏਐੱਸ ਅਫ਼ਸਰ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਦਰਅਸਲ ਜਿਸ ਦਿਨ ਇਹ ਘਟਨਾ ਵਾਪਰੀ ਉਸੇ ਦਿਨ ਪੰਜਾਬ ਵਿਜੀਲੈਂਸ ਦੀ ਟੀਮ ਪੋਪਲੀ ਦੀ ਚੰਡੀਗੜ੍ਹ ਸੈਕਟਰ 11 ਵਿੱਚ ਉਨ੍ਹਾਂ ਦੀ ਰਿਹਾਇਸ਼ ਉੱਤੇ ਜਾਂਚ ਕਰਨ ਲਈ ਗਈ ਸੀ।

ਇਹ ਰੇਡ ਸੰਜੇ ਪੋਪਲੀ ਦੀ ਮੌਜੂਦਗੀ ਵਿੱਚ ਹੀ ਚੱਲ ਰਹੀ ਸੀ ਅਤੇ ਉਸੇ ਦੌਰਾਨ ਉਨ੍ਹਾਂ ਦੇ ਪੁੱਤਰ ਦੀ ਗੋਲੀ ਲੱਗਣ ਨਾਲ ਮੌਤ ਦੀ ਖ਼ਬਰ ਆਈ।

ਚੰਡੀਗੜ੍ਹ ਪੁਲਿਸ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਮੁਤਾਬਕ ਕਾਰਤਿਕ ਪੋਪਲੀ ਨੇ ਖੁਦ ਨੂੰ ਗੋਲੀ ਮਾਰੀ ਹੈ। ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਕਾਰਤਿਕ ਨੂੰ ਗੋਲੀ ਵਿਜੀਲੈਂਸ ਦੇ ਅਫ਼ਸਰਾਂ ਵੱਲੋਂ ਮਾਰੀ ਗਈ ਹੈ। ਵਿਜੀਲੈਂਸ ਵੱਲੋਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਗਿਆ ਹੈ।

ਸੰਜੇ ਪੋਪਲੀ ਕੌਣ ਹਨ ਅਤੇ ਉਨ੍ਹਾਂ ''''ਤੇ ਕੀ ਇਲਜ਼ਾਮ ਹਨ

ਸੰਜੇ ਪੋਪਲੀ ਪੰਜਾਬ ਸਰਕਾਰ ਵਿੱਚ ਪੈਨਸ਼ਨ ਡਾਇਰੈਕਟਰ ਦੇ ਅਹੁਦੇ ਉੱਤੇ ਤਾਇਨਾਤ ਹਨ।

ਆਈਏਐੱਸ ਅਧਿਕਾਰੀ ਸੰਜੇ ਪੋਪਲੀ ਨੂੰ ਨਵਾਂਸ਼ਹਿਰ ਵਿਖੇ ਸੀਵਰੇਜ ਪਾਈਪ ਲਾਈਨ ਵਿਛਾਉਣ ਲਈ ਟੈਂਡਰਾਂ ਨੂੰ ਮਨਜ਼ੂਰੀ ਦੇਣ ਵਾਸਤੇ 7 ਲੱਖ ਰੁਪਏ ਦੀ ਰਿਸ਼ਵਤ ਵਜੋਂ 1 ਫੀਸਦ ਕਮਿਸ਼ਨ ਦੀ ਮੰਗ ਕਰਨ ਦੇ ਇਲਜ਼ਾਮ ਵਿੱਚ 20 ਜੂਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਨ੍ਹਾਂ ਦੇ ਸਾਥੀ ਸੰਦੀਪ ਵਾਟਸ ਨੂੰ ਵੀ ਜਲੰਧਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਦਾਲਤ ਵੱਲੋਂ ਉਨ੍ਹਾਂ ਨੂੰ ਚਾਰ ਦਿਨਾਂ ਦੀ ਰਿਮਾਂਡ ਉੱਤੇ ਭੇਜਿਆ ਸੀ ਜੋ ਸ਼ਨੀਵਾਰ ਨੂੰ ਖ਼ਤਮ ਹੋ ਰਹੀ ਸੀ। ਵਿਜੀਲੈਂਸ ਟੀਮ ਦਾ ਕਹਿਣਾ ਹੈ ਕਿ ਉਹ ਸੰਜੇ ਪੋਪਲੀ ਨੂੰ ਨਾਲ ਲੈ ਕੇ ਹੋਰ ਰਿਕਵਰੀ ਕਰਨ ਉਨ੍ਹਾਂ ਦੇ ਘਰ ਆਏ ਸੀ।

ਪਰਿਵਾਰ ਦਾ ਇਲਜ਼ਾਮ

ਸੰਜੇ ਪੋਪਲੀ ਦੀ ਪਤਨੀ ਨੇ ਮੀਡੀਆ ਸਾਹਮਣੇ ਇਸ ਘਟਨਾ ਲਈ ਵਿਜੀਲੈਂਸ ਨੂੰ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਉਨ੍ਹਾਂ ਦੇ ਪੁੱਤਰ ਕਾਰਤਿਕ ਨੂੰ ਗੋਲੀ ਵਿਜੀਲੈਂਸ ਦੇ ਅਫ਼ਸਰਾਂ ਨੇ ਮਾਰੀ ਹੈ।

ਕਾਰਤਿਕ ਦੀ ਮਾਂ ਨੇ ਕਿਹਾ, ''''''''ਜਿਵੇਂ ਹੀ ਮੈਂ ਉੱਥੇ ਪਹੁੰਚੀ ਤਾਂ ਇਨ੍ਹਾਂ ਨੇ (ਵਿਜੀਲੈਂਸ) ਉਸ ਉੱਤੇ ਬੰਦੂਕ ਰੱਖੀ ਹੋਈ ਸੀ, ਇਨ੍ਹਾਂ ਨੇ ਮੇਰੇ ਪੁੱਤਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ।''''''''

ਮੈਡੀਕਲ ਲਈ ਸਰਕਾਰੀ ਹਸਪਤਾਲ ਪਹੁੰਚੇ ਖ਼ੁਦ ਸੰਜੇ ਪੋਪਲੀ ਨੇ ਇਸ ਸਮਲੇ ਉੱਤੇ ਕਿਹਾ ਕਿ ''''''''ਮੇਰੇ ਪੁੱਤਰ ਦਾ ਕਤਲ ਹੋਇਆ ਹੈ, ਮੈਂ ਖ਼ੁਦ ਗਵਾਹ ਹਾਂ। ਮੇਰੇ ਸਾਹਮਣੇ ਮੇਰੇ ਪੁੱਤਰ ਨੂੰ ਮਾਰਿਆ ਗਿਆ ਹੈ।''''''''

ਇਹ ਵੀ ਪੜ੍ਹੋ:

  • ਸੰਗਰੂਰ ਜ਼ਿਮਨੀ ਚੋਣ ਦੇ ਨਤੀਜਿਆਂ ਦਾ ਅੱਜ ਹੋਵੇਗਾ ਐਲਾਨ, ਜਾਣੋ ਇਸ ਸੀਟ ਬਾਰੇ ਖ਼ਾਸ ਗੱਲਾਂ
  • ਗਰਭਪਾਤ ਬਾਰੇ ਸੁਪਰੀਮ ਕੋਰਟ ਦਾ ਫ਼ੈਸਲਾ ਅਮਰੀਕੀ ਸਮਾਜ ਲਈ ਇੰਨਾ ਅਹਿਮ ਕਿਉਂ ਹੈ
  • ਸਿੱਧੂ ਮੂਸੇਵਾਲਾ ਵੱਲੋਂ ''''ਐੱਸਵਾਈਐੱਲ'''' ਗਾਣੇ ਵਿੱਚ ਪਾਣੀਆਂ ਦਾ ਮੁੱਦਾ ਚੁੱਕਣ ਦੇ ਕੀ ਮਾਅਨੇ ਹਨ

ਚੰਡੀਗੜ੍ਹ ਪੁਲਿਸ ਨੇ ਕੀ ਕਿਹਾ

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਮੌਕੇ ਉੱਤੇ ਪਹੁੰਚੇ ਚੰਡੀਗੜ੍ਹ ਪੁਲਿਸ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਕਾਰਤਿਕ ਨੇ ਖ਼ੁਦ ਲਾਇਸੈਂਸੀ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰੀ ਹੈ।

ਐੱਸ ਐੱਸ ਪੀ ਚਾਹਲ ਨੇ ਦੱਸਿਆ, “ਇੱਥੇ ਵਿਜੀਲੈਂਸ ਦੀ ਟੀਮ ਤਫ਼ਤੀਸ਼ ਦੇ ਸਬੰਧ ਵਿੱਚ ਆਈ ਸੀ ਤਾਂ ਇੱਥੇ ਗੋਲੀ ਦੀ ਆਵਾਜ਼ ਸੁਣਾਈ ਦਿੱਤੀ। ਵੈਰੀਫ਼ਾਈ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਸੰਜੇ ਪੋਪਲੀ ਦੇ ਪੁੱਤਰ ਨੇ ਖ਼ੁਦ ਨੂੰ ਗੋਲੀ ਮਾਰ ਲਈ।”

ਐੱਸਐੱਸਪੀ ਚਾਹਲ ਨੇ ਇਹ ਵੀ ਦਾਅਵਾ ਕੀਤਾ ਕਿ ਜਿਸ ਕਮਰੇ ਤੋਂ ਗੋਲੀ ਦੀ ਆਵਾਜ਼ ਆਈ ਉੱਥੇ ਅਧਿਕਾਰੀ ਗਏ ਪਰ ਉਸ ਨੂੰ ਤਾਲਾ ਲੱਗਿਆ ਸੀ।

ਚਾਹਲ ਨੇ ਕਿਹਾ, ''''''''ਜਦੋਂ ਅਸੀਂ ਦਰਵਾਜ਼ਾ ਤੋੜਿਆ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ ਸੀ।''''''''

ਵਿਜੀਲੈਂਸ ਦੀ ਟੀਮ ਨੇ ਕੀ ਕਿਹਾ

ਉਧਰ ਘਟਨਾ ਤੋਂ ਬਾਅਦ ਸ਼ਾਮ ਨੂੰ ਵਿਜੀਲੈਂਸ ਬਿਊਰੋ ਨੇ ਪ੍ਰੈੱਸ ਕਾਨਫਰੰਸ ਕਰਕੇ ਕਾਰਤਿਕ ਦੀ ਮਾਂ ਵੱਲੋਂ ਉਨ੍ਹਾਂ ਦੀ ਟੀਮ ਉੱਤੇ ਪੁੱਤਰ ਨੂੰ ਮਾਰਨ ਦੇ ਇਲਜ਼ਾਮਾਂ ਨੂੰ ਰੱਦ ਕੀਤਾ।

ਵਿਜੀਲੈਂਸ ਬਿਊਰੋ ਦੇ ਡੀਐੱਸਪੀ ਅਜੇ ਕੁਮਾਰ ਨੇ ਦੱਸਿਆ, “ਅਸੀਂ ਤਾਂ ਰਿਕਵਰੀ ਕਰਨ ਗਏ ਸੀ। ਰਿਕਵਰੀ ਕਰਨ ਤੋਂ ਬਾਅਦ ਅਸੀਂ ਉੱਥੋ ਚਲੇ ਗਏ ਸੀ ਤਾਂ ਸਾਨੂੰ ਪਤਾ ਲਗਿਆ ਕਿ ਇਸ ਤਰ੍ਹਾਂ ਗੋਲੀ ਚੱਲੀ ਹੈ।”

“ਸਾਨੂੰ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਕਾਫੀ ਦੁਖ ਹੈ ਪਰ ਅਸੀਂ ਤਾਂ ਉੱਥੋਂ ਨਿਕਲ ਚੁੱਕੇ ਸੀ। ਕੋਈ ਰੌਲਾ-ਰੱਪਾ ਮਚਿਆ ਤਾਂ ਸੀ ਪਰ ਸਾਨੂੰ ਲਗਿਆ ਕਿ ਇਹ ਰੌਲਾ ਰਿਕਵਰੀ ਕਾਰਨ ਹੈ। ਇਹ ਇਲਜ਼ਾਮ ਬਿਲਕੁੱਲ ਗਲਤ ਹੈ ਕਿ ਅਸੀਂ ਉਨ੍ਹਾਂ ਨੂੰ ਗੋਲੀ ਮਾਰੀ ਹੈ।”

ਵਿਜੀਲੈਂਸ ਵੱਲੋਂ ਵੱਡੀ ਰਿਕਵਰੀ ਦਾ ਦਾਅਵਾ

ਵਿਜੀਲੈਂਸ ਬਿਊਰੋ ਨੇ ਸੰਜੇ ਪੋਪਲੀ ਦੇ ਸੈਕਟਰ 11, ਚੰਡੀਗੜ੍ਹ ਵਿਖੇ ਉਸ ਦੇ ਘਰ ਦੇ ਸਟੋਰ ਰੂਮ ''''ਚੋਂ ਕਈ ਚੀਜ਼ਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੰਜੇ ਪੋਪਲੀ ਦੇ ਬਿਆਨਾਂ ਦੇ ਆਧਾਰ ''''ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਨ੍ਹਾਂ ਦੇ ਘਰ ''''ਤੇ ਛਾਪੇਮਾਰੀ ਕੀਤੀ ਅਤੇ ਘਰ ਦੇ ਸਟੋਰ ਰੂਮ ਵਿੱਚ ਲੁਕਾ ਕੇ ਰੱਖਿਆ ਸੋਨਾ, ਚਾਂਦੀ ਅਤੇ ਮੋਬਾਈਲ ਫੋਨ ਬਰਾਮਦ ਕੀਤੇ।

ਵਿਜੀਲੈਂਸ ਮੁਤਾਬਕ ਉਨ੍ਹਾਂ ਨੂੰ ਸੰਜੇ ਪੋਪਲੀ ਦੇ ਘਰੋਂ ਇਹ ਕੁਝ ਮਿਲਿਆ:

  • 12 ਕਿੱਲੋ ਸੋਨਾ
  • 3 ਕਿੱਲੋ ਚਾਂਦੀ
  • 4 ਐਪਲ ਆਈਫੋਨ
  • 1 ਸੈਮਸੰਗ ਫੋਲਡ ਫੋਨ
  • ਦੋ ਸੈਮਸੰਗ ਸਮਾਰਟਵਾਚ

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=W0WlLH1CSCM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)