ਸੰਗਰੂਰ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ 9 ਅਹਿਮ ਨੁਕਤੇ ਜੋ ਤੁਹਾਨੂੰ ਜ਼ਰੂਰ ਜਾਣਨੇ ਚਾਹੀਦੇ ਹਨ

06/27/2022 12:18:16 PM

ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਹਾਸਲ ਕਰ ਲਈ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਨੂੰ ਫਸਵੇਂ ਮੁਕਾਬਲੇ ਵਿੱਚ 5822 ਵੋਟਾਂ ਨਾਲ ਹਰਾਇਆ ਹੈ।

ਸਿਮਰਨਜੀਤ ਸਿੰਘ ਮਾਨ ਇਸ ਤੋਂ ਪਹਿਲਾਂ 1989 ਅਤੇ 1999 ਵਿੱਚ ਦੋ ਵਾਰ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।

ਹੁਣ 23 ਸਾਲ ਬਾਅਦ ਸੰਗੂਰਰ ਦੀ ਜ਼ਿਮਨੀ ਚੋਣ ਜਿੱਤ ਸਿਮਰਨਜੀਤ ਸਿੰਘ ਮਾਨ ਤੀਜੀ ਵਾਰ ਭਾਰਤ ਦੀ ਲੋਕ ਸਭਾ ਵਿਚ ਦਾਖ਼ਲ ਹੋਣਗੇ।

ਸੰਗਰੂਰ ਲੋਕ ਸਭਾ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਰਚ 2022 ਵਿਚ ਵਿਧਾਨ ਸਭਾ ਚੋਣ ਜਿੱਤਣ ਤੋਂ ਬਾਅਦ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋਈ ਸੀ ਅਤੇ ਇਸ ਸੀਟ ਉੱਤੇ 23 ਜੂਨ ਨੂੰ ਵੋਟਾਂ ਪਈਆਂ ਸਨ।

ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਸ ਵਾਰ ਕਾਂਗਰਸ ਦਾ ਵੋਟ ਸ਼ੇਅਰ 27% ਤੋਂ ਘਟ ਕੇ 11% ਅਤੇ ਅਕਾਲੀ ਦਲ ਦਾ 24% ਤੋਂ 6% ਰਹਿ ਗਿਆ ਹੈ।

ਸਿਮਰਨਜੀਤ ਸਿੰਘ ਮਾਨ ਨੇ ਜਿੱਤਣ ਮੌਕੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਰਗੀਆਂ ਪਾਰਟੀਆਂ ਦਾ ਲੱਕ ਤੋੜ ਦਿੱਤਾ ਹੈ।

ਆਓ ਜਾਣਦੇ ਹਾਂ ਇਨ੍ਹਾਂ ਚੋਣਾਂ ਦੇ ਨਤੀਜਿਆਂ ਬਾਰੇ ਉਹ ਅਹਿਮ ਗੱਲਾਂ ਜੋ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ-

ਸਿਮਰਨਜੀਤ ਸਿੰਘ ਮਾਨ ਨੇ ਜਿੱਤ ਤੋਂ ਬਾਅਦ ਕੀ ਕਿਹਾ:

  • ਇਨ੍ਹਾਂ ਦੇ (ਲੋਕਾਂ ਦੇ) ਹੌਂਸਲੇ ਬੁਲੰਦ ਹਨ ਅਤੇ ਇਨ੍ਹਾਂ ਨੇ ਚੁੱਪ ਨਹੀਂ ਕਰਨਾ। ਬੜ੍ਹੇ ਚਿਰ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਿੱਤ ਹੋਈ ਹੈ।
  • ਅਸੀਂ ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਰਗੀਆਂ ਸਾਰੀਆਂ ਵੱਡੀਆਂ ਪਾਰਟੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ। ਇਸ ਜਿੱਤ ਦਾ ਪੂਰੀ ਦੁਨੀਆਂ ਦੀ ਸਿਆਸਤ ਉੱਤੇ ਅਸਰ ਹੋਵੇਗਾ।
  • ਸਾਡੀ ਪਾਰਟੀ ਦੇ ਵਰਕਰਾਂ ਅਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਜੋ ਸੇਧ ਦਿੱਤੀ ਹੈ ਕਿ ਅਮਨ ਪਸੰਦ ਤਰੀਕੇ ਨਾਲ ਸੰਘਰਸ਼ ਵਿੱਚ ਰਹਿਣਾ ਹੈ, ਇਹ ਉਸ ਦੀ ਜਿੱਤ ਹੋਈ ਹੈ।
  • ਦੀਪ ਸਿੰਘ ਸਿੱਧੂ ਅਤੇ ਸਿੱਧੂ ਮੂਸੇਵਾਲਾ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਹਨ, ਉਸ ਨਾਲ ਸਿੱਖ ਕੌਮ ਨੂੰ ਪੂਰੀ ਦੁਨੀਆਂ ਵਿੱਚ ਫਾਇਦਾ ਹੋਇਆ ਹੈ।
  • ਹੁਣ ਸਿੱਖ ਕੌਮ ਨਾਲ ਭਾਰਤ ਦੀ ਹਕੂਮਤ ਨਹੀਂ ਇੰਝ ਕਰ ਸਕਦੀ ਜਿਸ ਤਰ੍ਹਾਂ ਉਹ ਮੁਸਲਮਾਨਾਂ ਨਾਲ ਕਰਦੀ ਹੈ।
BBC

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸੰਗਰੂਰ ਸੀਟ ਤੋਂ ਹੀ 1999 ਵਿੱਚ 2 ਲੱਖ 98 ਹਜਾਰ 846 ਵੋਟਾਂ ਲੈ ਕੇ ਜਿੱਤੇ ਸਨ। ਇਸ ਤੋਂ ਪਹਿਲਾਂ ਉਹ 1989 ਵਿੱਚ ਤਰਨਤਾਰਨ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਜਾਣੋ ਉਨ੍ਹਾਂ ਦੀ ਨਿੱਜੀ ਅਤੇ ਸਿਆਸੀ ਜ਼ਿੰਦਗੀ ਬਾਰੇ ਕੁਝ ਅਹਿਮ ਗੱਲਾਂ।

  • ਸਿਮਰਨਜੀਤ ਸਿੰਘ ਮਾਨ ਇਸ ਤੋਂ ਪਹਿਲਾਂ ਦੋ ਵਾਰ ਸਾਂਸਦ ਰਹਿ ਚੁੱਕੇ ਹਨ।
  • ਸ਼ਿਮਲਾ ਵਿੱਚ ਪੈਦਾ ਹੋਏ ਸਿਮਰਨਜੀਤ ਸਿੰਘ ਮਾਨ ਨੇ ਆਪਰੇਸ਼ਨ ਬਲੂ ਸਟਾਰ ਦੇ ਰੋਸ ਵਜੋਂ ਆਈਪੀਐੱਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
  • 76 ਸਾਲ ਦੇ ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ।
  • ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਧੀਨ ਆਉਂਦੇ ਸਰਕਾਰੀ ਕਾਲਜ ਤੋਂ ਬੀ ਏ ਆਨਰਜ਼ ਤੱਕ ਪੜ੍ਹਾਈ ਕੀਤੀ ਹੈ।
  • ਉਨ੍ਹਾਂ ਖ਼ਿਲਾਫ਼ ਫਰੀਦਕੋਟ ਦੇ ਬਾਜਾਖਾਨਾ ਵਿਖੇ 2021 ਵਿੱਚ ਬਰਗਾੜੀ ਪਿੰਡ ਵਿਖੇ ਧਰਨਾ ਦੇਣ ਕਰਕੇ ਮਾਮਲਾ ਦਰਜ ਹੈ।

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੀ ਪਾਰਟੀ ਵੱਲੋਂ ਹੀ ਉਮੀਦਵਾਰ ਸਨ। 76 ਸਾਲ ਦੇ ਸਿਮਰਨਜੀਤ ਸਿੰਘ ਮਾਨ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਕੁਝ ਦਿਨ ਪਹਿਲਾਂ ਬੀਬੀਸੀ ਪੱਤਰਕਾਰ ਅਵਤਾਰ ਸਿੰਘ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਮਾਨ ਨੇ ਦੱਸਿਆ ਕਿ ਉਨ੍ਹਾਂ ਮੁਤਾਬਕ ਉਹ ਕਿਉਂ ਸਮਝਦੇ ਹਨ ਕਿ ਸੰਸਦ ਵਿੱਚ ਉਨ੍ਹਾਂ ਦਾ ਜਾਣਾ ਕਿਉਂ ਜ਼ਰੂਰੀ ਹੈ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਉੱਥੇ ਕਿਹੜੇ ਮਸਲੇ ਚੁੱਕਣਗੇ ਅਤੇ ਆਪਣੇ ਹਲਕੇ ਦੇ ਐੱਸਸੀ ਵਰਗ ਬਾਰੇ ਵੀ ਉਨ੍ਹਾਂ ਨੇ ਆਪਣੀ ਰਾਇ ਰੱਖੀ। ਇਸ ਬਾਰੇ ਵਿਸਥਾਰ ਨਾਲ ਜਾਣਨ ਲਈ ਹੇਠਲਾ ਵੀਡੀਓ ਵੇਖੋ।

ਇਹ ਵੀ ਪੜ੍ਹੋ:

  • ਸੰਗਰੂਰ ਜ਼ਿਮਨੀ ਚੋਣ: ਮਾਨ ਨੇ ਜਿੱਤ ਤੋਂ ਬਾਅਦ ਕਿਸ-ਕਿਸ ਸ਼ਖ਼ਸ਼ੀਅਤ ਨੂੰ ਕੀਤਾ ਯਾਦ
  • ਸਿਮਰਨਜੀਤ ਮਾਨ: ਬਲੂ ਸਟਾਰ ਦੇ ਰੋਸ ਵਜੋਂ ਅਹੁਦਾ ਛੱਡਣ ਵਾਲੇ ਮਾਨ ਜਦੋਂ ਕਿਰਪਾਨ ਦੇ ਮੁੱਦੇ ’ਤੇ ਲੋਕ ਸਭਾ ਨਹੀਂ ਗਏ ਸੀ
  • ਸੰਗਰੂਰ ਜ਼ਿਮਨੀ ਚੋਣ: ਲੋਕ ਸਭਾ ਹਲਕੇ ਬਾਰੇ, ਜਾਣੋ ਖ਼ਾਸ ਗੱਲਾਂ
BBC

ਕਿਹੜੇ ਹਲਕੇ ਵਿੱਚ ਕਿਸ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਪਈਆਂ ਇਹ ਥੱਲੇ ਦਿੱਤੇ ਟੇਬਲ ਤੋਂ ਦੇਖਿਆ ਜਾ ਸਕਦਾ ਹੈ।

BBC

ਹਲਕਾਵਾਰ ਦੇਖਿਆ ਜਾਵੇ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਚੋਣਾਂ ਵਿੱਚ ਮੁਕਾਬਲਾ ਮੁੱਖ ਤੌਰ ’ਤੇ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਵਿਚਕਾਰ ਹੀ ਸੀ।

BBC
BBC
  • ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਸਿਮਰਨਜੀਤ ਸਿੰਘ ਮਾਨ ਮਾਲੇਰਕੋਟਲਾ, ਭਦੌੜ, ਬਰਨਾਲ ਅਤੇ ਦਿੜਬਾ 4 ਹਲਕਿਆਂ ਤੋਂ ਜਿੱਤੇ।
  • ਆਮ ਆਦਮੀ ਪਾਰਟੀ ਨੂੰ ਸੰਗਰੂਰ, ਧੂਰੀ, ਸੁਨਾਮ , ਮਹਿਲ ਕਲਾਂ ਅਤੇ ਲਹਿਰਾਗਾਗਾ ਹਲਕਿਆਂ ਤੋਂ ਜਿੱਤ ਹਾਸਲ ਹੋਈ।
  • ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਲੀਡ ਧੂਰੀ ਹਲਕੇ ਤੋਂ ਮਿਲੀ ਜਿੱਤੇ ਪਾਰਟੀ ਉਮੀਦਵਾਰ 12036 ਵੋਟਾਂ ਨਾਲ ਜਿੱਤਿਆ, ਸਭ ਤੋਂ ਘੱਟ ਲੀਡ ਮਹਿਲ ਕਲਾਂ ਵਿਚ ਸੀ ਜਿੱਥੇ ਫਰਕ ਸਿਰਫ਼ 203 ਵੋਟਾਂ ਦਾ ਸੀ।
  • ਸਿਮਰਨਜੀਤ ਸਿੰਘ ਮਾਨ ਸਭ ਤੋਂ ਵੱਧ ਲੀਡ ਨਾਲ 8101 ਵੋਟਾਂ ਨਾਲ ਮਾਲੇਰਕੋਟਲਾ ਹਲਕੇ ਤੋਂ ਜਿੱਤੇ ਜਦਕਿ ਉਨ੍ਹਾਂ ਨੂੰ ਸਭ ਤੋਂ ਘੱਟ ਲੀਡ ਬਰਨਾਲਾ ਹਲਕੇ ਤੋਂ 2295 ਵੋਟਾਂ ਦੀ ਮਿਲੀ।
  • ਅਕਾਲੀ ਦਲ ਨੂੰ ਸਭ ਤੋਂ ਵੱਧ ਵੋਟਾਂ ਮਹਿਲ ਕਲਾਂ ਵਿਚ 6383 ਮਿਲੀਆਂ। ਸੰਗਰੂਰ, ਧੂਰੀ ਅਤੇ ਮਾਲੇਰਕੋਟਲਾ ਵਿਚ ਕਰੀਬ 3500 ਵੋਟਾਂ ਮਿਲੀਆਂ। ਬਾਕੀ ਹਲਕਿਆਂ ਵਿਚ 5000 ਤੋਂ 6500 ਦੇ ਵਿਚ ਹੀ ਵੋਟਾਂ ਮਿਲ ਸਕੀਆਂ।
  • ਅਕਾਲੀ ਦਲ ਦਾ ਵੋਟ ਸ਼ੇਅਰ 2019 ਦੀਆਂ ਲੋਕ ਸਭਾ ਸੀਟਾਂ ਦੇ 24 ਫੀਸਦ ਤੋਂ ਘਟ ਕੇ ਸਿਰਫ਼ 6 ਫੀਸਦ ਰਹਿ ਗਿਆ।
  • ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਧੂਰੀ ਹਲਕੇ ਤੋਂ 13088 ਮਿਲੀਆਂ ਜਦਕਿ ਸਭ ਤੋਂ ਘੱਟ ਦਿੜ੍ਹਬਾ ਵਿਚ 5122 ਵੋਟਾਂ ਮਿਲੀਆਂ। ਕਾਂਗਰਸ ਨੂੰ ਧੂਰੀ, ਸੰਗਰੂਰ ਅਤੇ ਮਾਲੇਰਕੋਟਲਾ , 3 ਹਲਕਿਆਂ ਵਿਚ 12000 ਤੋਂ ਵੱਧ ਵੋਟਾਂ ਮਿਲੀਆਂ। ਭਦੌੜ, ਲਹਿਰਾਗਾਗਾ, ਮਹਿਲਕਲਾਂ ਬਰਨਾਲਾ ਅਤੇ ਮਹਿਲਾ ਕਲਾਂ ਵਿਚ 7000 ਤੋਂ 8000 ਤੱਕ ਵੋਟਾਂ ਮਿਲੀਆਂ।
  • ਕਾਂਗਰਸ ਦਲ ਦਾ ਵੋਟ ਸ਼ੇਅਰ 2019 ਦੀਆਂ ਲੋਕ ਸਭਾ ਸੀਟਾਂ ਦੇ 27 ਫੀਸਦ ਤੋਂ ਘਟ ਕੇ ਸਿਰਫ਼ 11 ਫੀਸਦ ਰਹਿ ਗਿਆ।
  • ਭਾਰਤੀ ਜਨਤਾ ਪਾਰਟੀ ਨੂੰ 9.33 ਫੀਸਦ ਵੋਟ ਸ਼ੇਅਰ ਮਿਲਿਆ। ਪਾਰਟੀ ਦੇ ਉਮੀਦਵਾਰ ਨੂੰ ਸਭ ਤੋਂ ਵੱਧ ਵੋਟਾਂ ਲਹਿਰਾਗਾਗਾ ਤੋਂ 9909 ਵੋਟਾਂ ਮਿਲੀਆਂ।
BBC

ਸਿਮਰਨਜੀਤ ਸਿੰਘ ਮਾਨ ਦੀ ਇਸ ਜਿੱਤ ਦੇ ਤਿੰਨ ਮਹੀਨੇ ਪਹਿਲਾਂ ਹੂੰਝਾ ਫੇਰ ਜਿੱਤ ਹਾਸਲ ਕਰਕੇ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਅਤੇ ਪੰਜਾਬ ਦੀਆਂ ਹੋਰ ਰਵਾਇਤੀ ਪਾਰਟੀਆਂ ਲਈ ਕੀ ਮਾਅਨੇ ਹਨ।

ਜਾਨਣ ਲਈ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਗੱਲਬਾਤ ਕੀਤੀ ਉੱਘੇ ਸਿਆਸੀ ਵਿਸ਼ਲੇਸ਼ਕ ਡਾ਼ ਪ੍ਰਮੋਦ ਕੁਮਾਰ ਨਾਲ, ਉਹ ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡਿਵੈਂਪਮੈਂਟ ਐਂਡ ਕਮਿਊਨੀਕੇਸ਼ਨ ਦੇ ਸੰਚਾਲਕ ਹਨ।

  • ਆਮ ਆਦਮੀ ਪਾਰਟੀ ਨੂੰ ਪੰਜਾਬ-ਕੇਂਦਰਿਤ ਗਵਰਨੈਂਸ ਮਾਡਲ ਦੇਣ ਲਈ ਚਿੰਤਨ ਕਰਨਾ ਚਾਹੀਦਾ ਹੈ।
  • ਆਮ ਆਦਮੀ ਪਾਰਟੀ ਦਾ ਵਰਕਰ ਦਾ ਐਕਟਿਵ ਹੈ ਪਰ ਸਿਆਸੀ ਮਸ਼ੀਨਰੀ ਕੋਈ ਮਜ਼ਬੂਤ ਸੁਨੇਹਾ ਲੋਕਾਂ ਨੂੰ ਨਹੀਂ ਦੇ ਸਕੀ।
  • ਪੰਜਾਬ ਦਾ ਮੁੱਖ ਮੁੱਦਾ ਭ੍ਰਿਸ਼ਟਾਚਾਰ ਨਹੀਂ ਹੈ, ਸਗੋਂ ਖੜੋਤ ਹੈ, ਜੋ ਪਿਛਲੇ 15-20 ਸਾਲਾਂ ਤੋਂ ਲਗਾਤਾਰ ਜਾਰੀ ਹੈ।
  • ਇਨ੍ਹਾਂ ਚੋਣਾਂ ਤੋਂ ਅਕਾਲੀ ਸਿਆਸਤ ਮੁੜ ਉੱਭਰਦੀ ਨਜ਼ਰ ਆ ਰਹੀ ਹੈ ਜੋ ਕਿ ਇੱਕ ਮਹੱਤਵਪੂਰਨ ਸੰਕੇਤ ਹੈ।
  • ਪਾਰਟੀਆਂ ਨੂੰ ਲਗਦਾ ਹੈ ਕਿ ਸਿੱਖ ਉਮੀਦਵਾਰ ਖੜ੍ਹੇ ਕਰਨਾ ਅਕਾਲੀ ਸਿਆਸਤ ਹੈ, ਜਦਕਿ ਅਜਿਹਾ ਨਹੀਂ ਹੈ।
  • ਪੰਜਾਬ ਦੇ ਹਿੰਦੂ ਦਾ ਧਰੁਵੀਕਰਨ ਕਰਨਾ ਬੜਾ ਮੁਸ਼ਕਲ ਹੈ। ਪਾਰਟੀਆਂ ਸ਼ਾਇਦ ਧਰੁਵੀਕਰਨ ਦੇ ਕੁਝ ਪ੍ਰਯੋਗ ਕਰ ਸਕਦੀਆਂ ਹਨ ਪਰ ਲੋਕ ਨਹੀਂ ਕਰਨਗੇ।
  • ਅਜਿਹੇ ਵਿੱਚ ਮੌਕਾ ਹੈ ਜਿੱਥੇ ਪੰਜਾਬੀ ਪਛਾਣ, ਜੋ ਕਿ ਇੱਕ ਮੌਡਰੇਟ ਸਿਆਸਤ ਹੈ ਨੂੰ ਮੁੜ ਸੁਰਜੀਤ ਕੀਤਾ ਜਾਵੇ।

ਗੱਲਬਾਤ ਪੜ੍ਹਨ ਲਈ ਤੁਸੀਂ ਇਹ ਲਿੰਕ ਕਲਿੱਕ ਕਰ ਸਕਦੇ ਹੋ ਜਾਂ ਵੀਡੀਓ ਦੇਖਣ ਲਈ ਇੱਥੇ ਜਾ ਸਕਦੇ ਹੋ।

BBC

ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ।

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਸਵਨੀ ਸ਼ਰਮਾ ਤੋਂ ਲੈਕੇ ਆਮ ਆਦਮੀ ਪਾਰਟੀ , ਕਾਂਗਰਸ ਅਤੇ ਕਈ ਹੋਰ ਸਿਆਸੀ ਜਥੇਬੰਦੀਆਂ ਤੇ ਆਗੂਆਂ ਨੇ ਸਿਰਮਨਜੀਤ ਮਾਨ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਕਿਹਾ ਕਿ ਉਹ ਸੰਗਰੂਰ ਦੇ ਨਤੀਜੇ ਨੂੰ ਸਵੀਕਾਰ ਕਰਦੇ ਹਨ। ਪਰ ਉਨ੍ਹਾਂ ਦਾ ਪਾਰਟੀ ਦੀ ਸਿਰਫ਼ 2 ਫੀਸਦ ਵੋਟ ਸ਼ੇਅਰ ਘਟਿਆ ਹੈ, ਜਦਕਿ ਦੂਜੀਆਂ ਰਵਾਇਤੀ ਪਾਰਟੀਆਂ ਦੀ ਜਮਾਨਤ ਵੀ ਨਹੀਂ ਬਚੀ।

BBC

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫੇਸਬੁੱਕ ਉੱਤੇ ਲਿਖਿਆ, ''''''''ਸ. ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਾਰਟੀ ਨੂੰ ਸੰਗਰੂਰ ਪਾਰਲੀਮਾਨੀ ਸੀਟ ਦੀ ਜ਼ਿਮਨੀ ਚੋਣ ਵਿੱਚ ਜਿੱਤ ਲਈ ਤਹਿ ਦਿਲੋਂ ਵਧਾਈ ਦੇ ਨਾਲ, ਮੈਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦੇ ਹੋਏ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਾ ਹਾਂ।’’

ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਆਏ ਭਾਂਤ ਸੁਭਾਂਤੇ ਸਿਆਸੀ ਪ੍ਰਤੀਕਰਮ ਦੇਖਣ ਲਈ ਇਸ ਲਿੰਕ ਉੱਪਰ ਕਲਿੱਕ ਕਰ ਸਕਦੇ ਹੋ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=W0WlLH1CSCM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)