ਸਿੱਧੂ ਮੂਸੇਵਾਲਾ ਦੇ ਐੱਸਵਾਈਐੱਲ ਗੀਤ ਵਿਚ ਜਿਸ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਆਇਆ, ਉਹ ਕੌਣ ਸੀ

06/24/2022 11:46:31 AM

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ 24 ਜੂਨ ਨੂੰ ਨਵਾਂ ਗਾਣਾ ਯੂਟਿਊਬ ਉੱਤੇ ਰਿਲੀਜ਼ ਹੋ ਗਿਆ ਹੈ।

ਇਸ ਗਾਣੇ ਵਿੱਚ ਪੰਜਾਬ ਦੇ ਪਾਣੀਆਂ, ਐੱਸਵਾਈਐੱਲ, ਬੰਦੀ ਸਿੰਘਾਂ ਸਣੇ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਗਾਣੇ ਦੇ ਰਿਲੀਜ਼ ਹੁੰਦੇ ਹੀ ਲੱਖਾਂ ਲੋਕਾਂ ਨੇ ਇਸ ਨੂੰ ਵੇਖ ਲਿਆ ਹੈ ਤੇ ਇਹ ਗਿਣਤੀ ਵਧਦੀ ਜਾ ਰਹੀ ਹੈ।

ਇਸ ਗਾਣੇ ਵਿੱਚ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਮੋਟਰਸਾਈਕਲ ''''ਤੇ ਇੱਕ ਨੌਜਵਾਨ ਨਜ਼ਰ ਆਉਂਦਾ ਹੈ ਅਤੇ ਨਾਲ ਹੀ ਅੰਗਰੇਜ਼ੀ ਵਿੱਚ ਲਿਖਿਆ ਹੈ ''''ਐੱਸਵਾਈਐੱਲ''''। ਇਸ ਨੌਜਵਾਨ ਦਾ ਜ਼ਿਕਰ ਗਾਣੇ ਵਿੱਚ ਵੀ ਆਉਂਦਾ ਹੈ।

ਇਹ ਨੌਜਵਾਨ ਕੌਣ ਹੈ ਅਤੇ ਐੱਸਵਾਈਐੱਲ ਦਾ ਇਤਿਹਾਸ ਅਸੀਂ ਇਸ ਲੇਖ ਰਾਹੀਂ ਦੱਸਣ ਦੀ ਕੋਸ਼ਿਸ਼ ਕਰਾਂਗੇ।

ਵਿਵਾਦਾਂ ਵਿੱਚ ਰਹੀ ਐੱਸਵਾਈਐੱਲ

ਸਤਲੁਜ ਯਮੁਨਾ ਲਿੰਕ ਨਹਿਰ (ਐੱਸਵਾਈਐੱਲ) ਪੰਜਾਬ ਅਤੇ ਹਰਿਆਣਾ ਦਰਮਿਆਨ ਪਾਣੀ ਦੀ ਵੰਡ ਲਈ ਬਣਾਈ ਜਾਣੀ ਸੀ।

ਇਹ ਭਾਖੜਾ ਡੈਮ ਦਾ ਪਾਣੀ ਹਰਿਆਣਾ ਦੀ ਯਮੁਨਾ ਨਦੀ ਤੱਕ ਪਹੁੰਚਣ ਲਈ ਬਣਾਈ ਗਈ ਸੀ। ਇਸ ਤੋਂ ਪਹਿਲਾਂ ਕਿ ਇਹ ਨਹਿਰ ਪੂਰੀ ਹੁੰਦੀ ਇਹ ਸਿਆਸਤ ਵਿੱਚ ਉਲਝ ਗਈ।

1976 ਦੇ ਦਹਾਕੇ ਵਿੱਚ ਐਮਰਜੈਂਸੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਦੋਵਾਂ ਸੂਬਿਆਂ ਨੂੰ 3.5-3.5 ਮਿਲੀਅਨ ਏਕੜ ਫੁੱਟ ਪਾਣੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। 0.2 ਮਿਲੀਅਨ ਏਕੜ ਫੁੱਟ ਦਿੱਲੀ ਦੇ ਹਿੱਸੇ ਵੀ ਗਿਆ।

ਸਤਲੁਜ ਯਮੁਨਾ ਨਹਿਰ ਦੀ ਕੁੱਲ ਲੰਬਾਈ 214 ਕਿੱਲੋਮੀਟਰ ਹੈ ਜਿਸ ਵਿੱਚੋਂ 122 ਕਿੱਲੋਮੀਟਰ ਦਾ ਨਿਰਮਾਣ ਪੰਜਾਬ ਨੇ ਕਰਨਾ ਸੀ ਜਦੋਂਕਿ 92 ਕਿੱਲੋਮੀਟਰ ਦਾ ਨਿਰਮਾਣ ਹਰਿਆਣਾ ਨੇ ਕਰਨਾ ਸੀ।

ਹਰਿਆਣਾ ਆਪਣੇ ਹਿੱਸੇ ਦੀ ਨਹਿਰ ਦਾ ਨਿਰਮਾਣ ਕਰ ਚੁੱਕਾ ਹੈ ਜਦੋਂ ਕਿ ਪੰਜਾਬ ਵਿੱਚ ਇਹ ਅਧੂਰੀ ਹੈ।

ਤਕਰੀਬਨ ਪੰਜ ਦਹਾਕਿਆਂ ਤੋਂ ਇਹ ਨਹਿਰ ਵਿਵਾਦਾਂ ਵਿੱਚ ਘਿਰੀ ਰਹੀ ਹੈ ਅਤੇ ਦੋਵਾਂ ਸੂਬਿਆਂ ਵਿੱਚ ਵੱਖ ਵੱਖ ਸਰਕਾਰਾਂ ਨੇ ਪਾਣੀ ਉੱਪਰ ਆਪਣਾ ਪੱਖ ਅਦਾਲਤਾਂ ਵਿੱਚ ਵੀ ਰੱਖਿਆ ਹੈ।

ਪੰਜਾਬ ਅਤੇ ਹਰਿਆਣਾ ਵਿਚ ਅੰਤਰਾਜੀ ਦਰਿਆਈ ਪਾਣੀਆਂ ਦਾ ਝਗੜਾ ਚੱਲਦਾ ਸੀ। ਪੰਜਾਬ ਦੇ ਸਤਲੁਜ ਦਰਿਆ ਦਾ ਪਾਣੀ ਸਤਲੁਜ-ਯਮੁਨਾ ਲਿੰਕ ਨਹਿਰ ਰਾਹੀਂ ਹਰਿਆਣਾ ਨੂੰ ਦਿੱਤਾ ਜਾ ਰਿਹਾ ਸੀ।

ਪੰਜਾਬ ਵਿਚ ਸਾਲ 1982 ਵਿੱਚ ਅਕਾਲੀ ਦਲ ਵੱਲੋਂ ਇਸ ਲਈ ਕਪੂਰੀ ਦਾ ਮੋਰਚਾ ਲਗਾਇਆ ਗਿਆ ਜੋ ਬਾਅਦ ਵਿਚ ਹੋਰ ਕਈ ਮੰਗਾਂ ਨਾਲ ਮਿਲਕੇ ਧਰਮਯੁੱਧ ਮੋਰਚਾ ਬਣ ਗਿਆ।

ਕਿਵੇਂ ਰੁਕਿਆ ਐੱਸਵਾਈਐੱਲ ਉੱਤੇ ਕੰਮ

1990 ਵਿੱਚ ਚੰਡੀਗੜ੍ਹ ਦੇ ਸੈਕਟਰ 26 ਵਿੱਚ ਐੱਸਵਾਈਐੱਲ ਦੇ ਦਫ਼ਤਰ ਵਿੱਚ ਇਸ ਨਹਿਰ ਦੀ ਉਸਾਰੀ ਦੇ ਪ੍ਰਾਜੈਕਟ ਵਿੱਚ ਲੱਗੇ ਚੀਫ ਇੰਜੀਨੀਅਰ ਐੱਮਐੱਸ ਸੀਕਰੀ ਅਤੇ ਸੁਪਰਡੈਂਟ ਇੰਜੀਨੀਅਰ ਅਵਤਾਰ ਸਿੰਘ ਔਲਖ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ।

ਦੋਵਾਂ ਦੀ ਮੌਤ ਹੋ ਗਈ। ਇਨ੍ਹਾਂ ਘਟਨਾਵਾਂ ਤੋਂ ਬਾਅਦ ਨਹਿਰ ਦੀ ਉਸਾਰੀ ਨੂੰ ਰੋਕ ਦਿੱਤਾ ਗਿਆ।

ਇਹ ਵੀ ਪੜ੍ਹੋ:

  • ਐੱਸਵਾਈਐੱਲ ਵਿਵਾਦ ਦਾ ਇਤਿਹਾਸ: ਪਾਣੀਆਂ ਦੀ ਵੰਡ ਦੇ ਵਿਵਾਦ ''''ਚ ਪੰਜ ਦਹਾਕਿਆਂ ਦੌਰਾਨ ਕਿਹੜੇ ਮੋੜ ਆਏ
  • ਪੰਜਾਬ ਅਤੇ ਹਰਿਆਣਾ ਵਿੱਚ ''''ਪੁਆੜੇ ਦੀ ਜੜ੍ਹ'''' SYL ਬਾਰੇ ਸਮਝੋ ਸੌਖੇ ਸ਼ਬਦਾ ਵਿੱਚ
  • SYL ''''ਤੇ ਸੁਖਬੀਰ ਨੇ ਕੈਪਟਨ ਅਮਰਿੰਦਰ ਨੂੰ 1 ਕਰੋੜ ਵਾਲੇ ਚੈੱਕ ਦੀ ਯਾਦ ਦਿਵਾਈ

ਸਿੱਧੂ ਮੂਸੇਵਾਲਾ ਦੇ ਗਾਣੇ ਵਿੱਚ ਬਲਵਿੰਦਰ ਸਿੰਘ ਜਟਾਣਾ

ਇਸ ਕਤਲ ਕਾਂਡ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਨਾਮ ਆਇਆ। ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ਵਿੱਚ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਹੀ ਹੈ।

ਬਲਵਿੰਦਰ ਸਿੰਘ ਦਾ ਪਿਛੋਕੜ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਾਲ ਸੀ। ਉਨ੍ਹਾਂ ਦੇ ਪਿੰਡ ਦਾ ਨਾਂ ਜਟਾਣਾ ਹੋਣ ਕਰਕੇ ਉਹ ਖਾਲਿਸਤਾਨੀ ਲਹਿਰ ਦੀਆਂ ਖਾੜਕੂ ਸਫ਼ਾਂ ਵਿੱਚ ਬਲਵਿੰਦਰ ਸਿੰਘ ਜਟਾਣਾ ਦੇ ਨਾਂ ਨਾਲ ਮਸ਼ਹੂਰ ਹੋਏ।

ਸਤਨਾਮ ਸਿੰਘ ਸੱਤੀ ਰੋਪੜ ਤੋਂ ਸਥਾਨਕ ਪੱਤਰਕਾਰ ਹਨ, ਉਹ ਦੱਸਦੇ ਹਨ ਕਿ ਬਲਵਿੰਦਰ ਸਿੰਘ ਜਟਾਣਾ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀ ਸਨ।

ਉਹ ਕਾਲਜ ਵਿਚ ਉਨ੍ਹਾਂ ਤੋਂ ਕਈ ਸਾਲ ਅੱਗੇ ਪੜ੍ਹਦੇ ਸਨ। ਉਹ ਪੜ੍ਹਾਈ ਵਿੱਚ ਵੀ ਕਾਫੀ ਚੰਗੇ ਅਤੇ ਹਰ ਲੋੜਵੰਦ ਨਾਲ ਖੜਨ ਵਾਲੇ ਸਨ।

ਸਤਨਾਮ ਸਿੰਘ ਦੱਸਦੇ ਹਨ, ''''''''ਬਲਵਿੰਦਰ ਸਿੰਘ ਜਟਾਣਾ ਜਦੋਂ ਸੁਖਦੇਵ ਸਿੰਘ ਬੱਬਰ ਨਾਲ ਖਾਲਿਸਤਾਨ ਲਹਿਰ ਵਿੱਚ ਕੁੱਦੇ ਤਾਂ ਉਨ੍ਹਾਂ ਨਾਲ ਰੋਪੜ ਨੇੜਲੇ ਪਿੰਡਾਂ ਦੇ ਚਰਨਜੀਤ ਸਿੰਘ ਚੰਨੀ (ਮਾਹਲਾ ਝੱਲੀਆਂ), ਹਰਮੀਤ ਸਿੰਘ ਭਾਊਵਾਲ ਅਤੇ ਜਗਤਾਰ ਸਿੰਘ ਪੰਜੋਲਾ ਵਰਗੇ ਸਾਥੀ ਸਨ।''''''''

ਇਸ ਵਾਰਦਾਤ ਤੋਂ ਬਾਅਦ ਸੁਖਦੇਵ ਸਿੰਘ ਬੱਬਰ ਨੇ ਬਲਵਿੰਦਰ ਸਿੰਘ ਜਟਾਣਾ ਨੂੰ ਖਾੜਕੂ ਜਥੇਬੰਦੀ ਦਾ ਮਾਲਵੇ ਦਾ ਕਮਾਂਡਰ ਥਾਪ ਦਿੱਤਾ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਸੁਮੇਧ ਸੈਣੀ ਉੱਤੇ ਹਮਲੇ ਵਿਚ ਨਾਂ ਆਇਆ

ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ 1991 ਵਿਚ ਚੰਡੀਗੜ੍ਹ ਦੇ ਐੱਸਐੱਸਪੀ ਸਨ।

1991 ਵਿੱਚ ਹੀ ਸੁਮੇਧ ਸਿੰਘ ਸੈਣੀ ਉੱਤੇ ਹਮਲਾ ਹੋਇਆ ਸੀ ਜਿਸ ਵਿੱਚ ਉਹ ਬਚ ਗਏ ਸਨ।

ਪੰਜਾਬ ਪੁਲਿਸ ਦੇ ਸਾਬਕਾ ਅਫ਼ਸਰ ਪਿੰਕੀ ਦਾ ਦਾਅਵਾ ਸੀ ਕਿ ਸੈਣੀ ਉੱਤੇ ਹਮਲੇ ਵਾਲੀ ਰਾਤ ਹੀ ਜਟਾਣਾ ਦੇ ਘਰ ਉੱਤੇ ਹਮਲਾ ਕਰ ਦਿੱਤਾ ਸੀ।

ਹਮਲੇ ਵਿੱਚ ਬਲਵਿੰਦਰ ਸਿੰਘ ਜਟਾਣਾ ਦੀ 80 ਸਾਲਾ ਦਾਦੀ ਦਵਾਰਕੀ ਕੌਰ, 5 ਸਾਲਾ ਪੋਲੀਓਗ੍ਰਸਤ ਭਾਣਜੇ ਸਿਮਰਨਜੀਤ ਸਿੰਘ, ਬਲਵਿੰਦਰ ਸਿੰਘ ਦੀ ਚਾਚੀ ਜਸਮੇਰ ਕੌਰ, ਭੈਣ ਮਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਘਰ ਨੂੰ ਅੱਗ ਲਗਾ ਦਿੱਤੀ ਸੀ।

ਇਸ ਹਮਲੇ ਦਾ ਇਲਜ਼ਾਮ ਨਿਹੰਗ ਅਜੀਤ ਸਿੰਘ ਪੂਹਲਾ ਉੱਤੇ ਲਗਿਆ ਸੀ। ਅਜੀਤ ਸਿੰਘ ਦੀ ਗ੍ਰਿਫ਼ਤਾਰੀ ਵੀ ਹੋਈ ਸੀ ਤੇ ਬਾਅਦ ਵਿੱਚ ਅੰਮ੍ਰਿਤਸਰ ਜੇਲ੍ਹ ਵਿੱਚ ਦੋ ਸਾਥੀਆਂ ਕੈਦੀਆਂ ਨੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਸੀ।

Getty Images
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ 1991 ਵਿਚ ਚੰਡੀਗੜ੍ਹ ਦੇ ਐੱਸਐੱਸਪੀ ਸਨ।

ਬਲਵਿੰਦਰ ਜਟਾਣਾ ਨੂੰ ਪੁਲਿਸ ਨੇ ਮਾਰਿਆ

ਪੰਜਾਬ ਪੁਲਿਸ ਮੁਤਾਬਕ 4 ਸਿਤੰਬਰ 1991 ਨੂੰ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਚੰਨੀ ਕਿੱਧਰੇ ਜਾ ਰਹੇ ਸਨ।

ਅੱਗੇ ਪੁਲਿਸ ਚੌਕੀ ਹੋਣ ਕਰਕੇ ਉਨ੍ਹਾਂ ਆਪਣਾ ਰਾਹ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਖੇਤਾਂ ਵਿਚੋਂ ਭੱਜ ਪਏ।

ਪੁਲਿਸ ਨਾਲ ਜਟਾਣਾ ਅਤੇ ਚੰਨੀ ਦਾ ਮੁਕਾਬਲਾ ਹੋਇਆ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ।

ਜਦੋਂ ਬਲਵਿੰਦਰ ਸਿੰਘ ਜਟਾਣਾ ਪੁਲਿਸ ਨਾਲ ਮੁਕਾਬਲੇ ਦੌਰਾਨ ਮਰਿਆ, ਉਸ ਵੇਲੇ ਉਸ ਦੇ ਸਿਰ ਉੱਤੇ 16 ਲੱਖ ਰੁਪਏ ਦਾ ਇਨਾਮ ਸੀ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=7jiEEjVnNIE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)