ਮਾਨਸਾ ਵਿੱਚ ਦਲਿਤ ਭਾਈਚਾਰੇ ਦੇ ਨੌਜਵਾਨ ਨੂੰ ਦਰਖ਼ਤ ਨਾਲ ਬੰਨ੍ਹਣ ਦਾ ਕੀ ਹੈ ਪੂਰਾ ਮਾਮਲਾ

05/29/2022 8:08:38 AM

ਦਲਿਤ ਭਾਈਚਾਰੇ ਨਾਲ ਸਬੰਧਤ ਇੱਕ ਨੌਜਵਾਨ ਨੂੰ ਨਿੰਮ ਦੇ ਦਰੱਖ਼ਤ ਨਾਲ ਬੰਨ੍ਹੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਮਾਨਸਾ ਅਧੀਨ ਪੈਂਦਾ ਪਿੰਡ ਉੱਡਤ ਭਗਤਰਾਮ ਚਰਚਾ ਵਿੱਚ ਹੈ।

ਪਿੰਡ ਦੀਆਂ ਸੱਥਾਂ ਅਤੇ ਚੁਰਾਹਿਆਂ ਵਿੱਚ ਬੈਠੇ ਲੋਕ ਇਸੇ ਗੱਲ ਦੀ ਹੀ ਚਰਚਾ ਕਰਦੇ ਨਜ਼ਰ ਆਉਂਦੇ ਹਨ। ਪਿੰਡ ਦੀ ਬਹੁਗਿਣਤੀ ਇਸ ਗੱਲ ਨਾਲ ਸਹਿਮਤੀ ਨਹੀਂ ਰੱਖਦੀ ਕਿ ਇਹ ਦਲਿਤ ਅਤੇ ਜੱਟ ਟਕਰਾਅ ਹੈ।

ਦੂਜੇ ਪਾਸੇ ਪੰਜਾਬ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪਿੰਡ ਦੀ ਦਲਿਤ ਧਰਮਸ਼ਾਲਾ ਵਿੱਚ ਇਕੱਠ ਕਰਕੇ ਇਸ ਘਟਨਾ ਨੂੰ ਇੱਕ ਜਮਾਤ ਦੇ ਵਿਰੁੱਧ ਦੱਸਿਆ ਗਿਆ।

ਅਸਲ ਵਿੱਚ ਇਹ ਕਹਾਣੀ ਪਿੰਡ ਦੇ ਬਾਹਰਵਾਰ ਬਣੇ ਇੱਕ ਡੇਰੇ ਵਿੱਚ ਮੱਥਾ ਟੇਕਣ ਨੂੰ ਲੈ ਕੇ ਸ਼ੁਰੂ ਹੋਈ।

ਦਲਿਤ ਸ਼੍ਰੇਣੀ ਨਾਲ ਸਬੰਧਤ ਪਿੰਡ ਦੀ ਪੰਚਾਇਤ ਦੇ ਪੰਚ ਮੱਖਣ ਸਿੰਘ ਨੇ ਦੱਸਿਆ ਕਿ ਇਸ ਡੇਰੇ ਵਿੱਚ ਸ਼ਰਾਬ ਦਾ ਚੜ੍ਹਾਵਾ ਚੜ੍ਹਦਾ ਹੈ ਅਤੇ ਅਕਸਰ ਹੀ ਨੌਜਵਾਨ ਵਰਗ ਡੇਰੇ ਆਉਂਦਾ ਰਹਿੰਦਾ ਹੈ।

"ਮੈਂ ਸਾਫ ਸ਼ਬਦਾਂ ਵਿਚ ਇਹ ਗੱਲ ਕਹਿ ਸਕਦਾ ਹਾਂ ਕਿ ਇਹ ਦੋ ਨੌਜਵਾਨਾਂ ਦੀ ਲੜਾਈ ਹੈ ਨਾ ਕਿ ਦਲਿਤਾਂ ਅਤੇ ਜੱਟਾਂ ਵਿੱਚ ਟਕਰਾਅ। ਇੱਥੇ ਦੋ ਨੌਜਵਾਨ ਟਰੈਕਟਰ ਉੱਪਰ ਉੱਚੀ ਆਵਾਜ਼ ਵਿੱਚ ਗੀਤ ਵਜਾਉਣ ਦੇ ਮੁੱਦੇ ਨੂੰ ਲੈ ਕੇ ਆਪਸ ਵਿੱਚ ਖਹਿਬੜਦੇ ਸਨ ਅਤੇ 20 ਦਿਨ ਪਹਿਲਾਂ ਇਨ੍ਹਾਂ ਦਰਮਿਆਨ ਸਮਝੌਤਾ ਵੀ ਕਰਵਾ ਦਿੱਤਾ ਗਿਆ ਸੀ। ਪਿੰਡ ਦਾ ਹਰ ਵਰਗ ਆਪਸੀ ਭਾਈਚਾਰੇ ਨਾਲ ਰਹਿੰਦਾ ਹੈ ਪਰ ਹੁਣ ਇਸ ਘਟਨਾ ਨੇ ਪਿੰਡ ਨੂੰ ਬਦਨਾਮ ਜ਼ਰੂਰ ਕੀਤਾ ਹੈ।"

ਬਿੱਟਾ ਸਿੰਘ ਨਾਂ ਦੇ ਜਿਸ ਦਲਿਤ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਸੀ, ਉਹ ਇਸ ਸਮੇਂ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

''ਇਨਸਾਫ਼ ਦੀ ਜਗ੍ਹਾ ਸਾਡੇ ''ਤੇ ਹੀ ਹੋਇਆ ਪਰਚਾ''

ਬਿੱਟਾ ਸਿੰਘ ਮੁਤਾਬਕ ਉਹ ਧਾਰਮਿਕ ਸਥਾਨ ਉੱਪਰ ਮੱਥਾ ਟੇਕਣ ਲਈ ਜਾ ਰਿਹਾ ਸੀ ਕਿ ਪੁਰਾਣੀ ਰੰਜਿਸ਼ ਤਹਿਤ ਉਸ ਨੂੰ ਇੱਕ ਪਰਿਵਾਰ ਵੱਲੋਂ ਘਰ ਵਿੱਚ ਖਿੱਚ ਕੇ ਉਸ ਨੂੰ ਕਥਿਤ ਤੌਰ ’ਤੇ ਨਿੰਮ ਨਾਲ ਬੰਨ੍ਹ ਲਿਆ।"

ਦੱਸਣਾ ਬਣਦਾ ਹੈ ਕਿ ਇਹ ਘਟਨਾ 23 ਮਈ ਨੂੰ ਵਾਪਰੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਉੱਪਰ ਬਣੀ ਪੁਲਿਸ ਚੌਂਕੀ ਦੇ ਜਵਾਨ ਮੌਕੇ ਉਪਰ ਪੁੱਜ ਗਏ ਸਨ।

ਕੋਟ ਧਰਮੂ ਪੁਲਿਸ ਚੌਂਕੀ ਦੇ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ, "ਜਿਵੇਂ ਹੀ ਅਸੀਂ ਬੰਨ੍ਹੇ ਨੌਜਵਾਨ ਨੂੰ ਮੁਕਤ ਕਰਵਾ ਕੇ, ਉਸ ਨੂੰ ਥਾਣੇ ਲੈ ਤੇ ਜਾਣ ਲੱਗੇ ਤਾਂ ਲੋਕਾਂ ਦੇ ਇੱਕ ਹਜੂਮ ਨੇ ਉਸ ਨੂੰ ਪੁਲਿਸ ਕੋਲੋਂ ਧੱਕੇ ਨਾਲ ਖੋਹ ਲਿਆ ਸੀ ਪਰ ਬਾਅਦ ਵਿਚ ਇਹ ਨੌਜਵਾਨ ਮਾਨਸਾ ਦੇ ਹਸਪਤਾਲ ਵਿੱਚ ਦਾਖ਼ਲ ਹੋ ਗਿਆ। ਇਸ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ।"

ਪਿੰਡ ਵਾਸੀਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਨੌਜਵਾਨ ਲਵਪ੍ਰੀਤ ਸਿੰਘ ਅਤੇ ਬਿੱਟਾ ਸਿੰਘ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਹੋਈ ਸੀ।

ਦਲਿਤ ਮੁਹੱਲੇ ਦੇ ਵਸਨੀਕ ਦੁਕਾਨਦਾਰ ਬੂਟਾ ਸਿੰਘ ਮੁਤਾਬਕ ਇੱਕ ਜ਼ਿਮੀਂਦਾਰ ਪਰਿਵਾਰ ਵੱਲੋਂ ਦਲਿਤਾਂ ਨੂੰ ਡੇਰੇ ਵਿੱਚ ਜਾਣ ਤੋਂ ਕਥਿਤ ਤੌਰ ''ਤੇ ਰੋਕਿਆ ਜਾ ਰਿਹਾ ਸੀ।

"ਅਸੀਂ ਲਗਾਤਾਰ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿਉਂਕਿ ਇਹ ਧਾਰਮਿਕ ਸਥਾਨ ਸਭ ਵਰਗਾਂ ਦਾ ਸਾਂਝਾ ਹੈ। ਇਸ ਗੱਲ ਨੂੰ ਲੈ ਕੇ ਰੰਜਿਸ਼ ਵਧਦੀ ਗਈ ਤੇ ਆਖਰਕਾਰ ਇਹ ਘਟਨਾ ਵਾਪਰ ਗਈ। ਅਸੀਂ ਪੁਲਿਸ ਕੋਲ ਗਏ ਪਰ ਪੁਲਿਸ ਨੇ ਸਾਨੂੰ ਨਿਆਂ ਦੇਣ ਦੀ ਥਾਂ ਉਲਟਾ ਸਾਡੇ ਉੱਪਰ ਹੀ ਪਰਚਾ ਦਰਜ ਕਰ ਦਿੱਤਾ। ਹੁਣ ਸੰਘਰਸ਼ ਤੋਂ ਸਿਵਾਏ ਸਾਡੇ ਕੋਲ ਕੋਈ ਚਾਰਾ ਨਹੀਂ ਹੈ।"

ਪੁਲਿਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ 3 ਅਣਪਛਾਤੇ ਵਿਅਕਤੀਆਂ ਤੋਂ ਇਲਾਵਾ 8 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

"ਇਸ ਘਟਨਾ ਦਲਿਤਾਂ ਜਾਂ ਜੱਟਾਂ ਨਾਲ ਕੋਈ ਸਬੰਧ ਨਹੀਂ ਹੈ। ਕੁਝ ਦਲਿਤ ਨੌਜਵਾਨ ਇੱਕ ਰੰਜਿਸ਼ ਤਹਿਤ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧਤ ਲਵਪ੍ਰੀਤ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਪਰਿਵਾਰ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਮੌਕੇ ਉੱਪਰ ਮੌਜੂਦ ਸੀ, ਜਿਸ ਤੋਂ ਬਾਅਦ ਲਵਪ੍ਰੀਤ ਸਿੰਘ ਦੀ ਮਾਤਾ ਰਾਣੀ ਕੌਰ ਦੇ ਬਿਆਨਾਂ ਦੇ ਆਧਾਰ ਉੱਪਰ ਇਹ ਮਾਮਲਾ ਦਰਜ ਕੀਤਾ ਗਿਆ ਹੈ।"

ਦੂਜੀ ਧਿਰ ਦਾ ਦਾਅਵਾ, ‘ਦਲਿਤ ਨੌਜਵਾਨਾਂ ਨੇ ਕੀਤਾ ਹਮਲਾ''

ਜਦੋਂ ਮੈਂ ਪਿੰਡ ਵਿੱਚ ਦਾਖ਼ਲ ਹੋਇਆ ਤਾਂ ਠੀਕ ਉਸ ਸਮੇਂ ਪਿੰਡ ਦੀ ਧਰਮਸ਼ਾਲਾ ਵਿੱਚ ਸੀਪੀਆਈ (ਐੱਮਐੱਲ) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ ਦਲਿਤਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।

ਉਹ ਕਹਿ ਰਹੇ ਸਨ, "ਦਲਿਤ ਨੌਜਵਾਨ ਨੂੰ ਨਿੰਮ ਨਾਲ ਬੰਨ੍ਹਣ ਦੀ ਵਾਇਰਲ ਵੀਡੀਓ ਸਾਡੇ ਲਈ ਇੱਕ ਜਮਾਤੀ ਚੈਲੰਜ ਹੈ। ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਇੱਕ ਅਜਿਹਾ ਸਰਮਾਏਦਾਰ ਤਬਕਾ ਪੈਦਾ ਹੋ ਗਿਆ ਹੈ ਜੋ ਅਜਿਹੀਆਂ ਘਟਨਾਵਾਂ ਨੂੰ ਨਿਰੰਤਰ ਅੰਜਾਮ ਦੇ ਰਿਹਾ ਹੈ। ਅਸੀਂ ਗ਼ਰੀਬਾਂ ਦੇ ਹੱਕਾਂ ਲਈ ਲੜਦੇ ਰਹੇ ਹਾਂ ਅਤੇ ਲੜਦੇ ਰਹਾਂਗੇ।"

ਪੰਜਾਬ ਮਜ਼ਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਦੱਸਿਆ ਕਿ ਅਸਲ ਵਿੱਚ ਇਹ ਮਾਮਲਾ ਸੋਸ਼ਲ ਮੀਡੀਆ ਉੱਪਰ 26 ਮਈ ਨੂੰ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਚਰਚਾ ਵਿੱਚ ਆਇਆ।

"ਧਨਾਢ ਦਲਿਤਾਂ ਨੂੰ ਦਬਾਉਣ ਦੀ ਨੀਅਤ ਨਾਲ ਅਜਿਹੇ ਕਾਰੇ ਕਰ ਰਹੇ ਹਨ। ਅਜਿਹਾ ਨਹੀਂ ਹੈ ਕਿ ਇਹ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਦਰਮਿਆਨ ਵੀ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਹਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵੀ ਇਹ ਵਰਤਾਰਾ ਜਾਰੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪੀੜਿਤ ਪਰਿਵਾਰ ਨੂੰ ਇਨਸਾਫ ਦੇਣ ਦੀ ਬਜਾਏ ਹਸਪਤਾਲ ਵਿੱਚ ਇਲਾਜ ਲਈ ਪਏ ਦਲਿਤ ਨੌਜਵਾਨ ਖ਼ਿਲਾਫ਼ ਹੀ ਮਾਮਲਾ ਦਰਜ ਕਰ ਦਿੱਤਾ ਗਿਆ ਹੈ।"

ਉਧਰ, ਜ਼ਿਮੀਂਦਾਰ ਪਰਿਵਾਰ ਨਾਲ ਸਬੰਧਤ ਲਵਪ੍ਰੀਤ ਸਿੰਘ ਦੇ ਮਾਮਾ ਬਲਜਿੰਦਰ ਸਿੰਘ ਆਪਣੀ ਬਿਰਧ ਪਤਨੀ ਨਾਲ ਘਰ ਵਿੱਚ ਮੌਜੂਦ ਸਨ। ਪਹਿਲਾਂ ਤਾਂ ਉਨ੍ਹਾਂ ਨੇ ਕੋਈ ਵੀ ਗੱਲ ਦੱਸਣ ਤੋਂ ਨਾਂਹ-ਨੁੱਕਰ ਕੀਤੀ ਪਰ ਬਾਅਦ ਵਿਚ ਉਹ ਗੱਲਬਾਤ ਲਈ ਰਾਜ਼ੀ ਹੋ ਗਏ।

ਬਲਜਿੰਦਰ ਸਿੰਘ ਨੇ ਦਲਿਤ ਪਰਿਵਾਰਾਂ ਦੇ ਉਲਟ ਹੋਰ ਕਹਾਣੀ ਦੱਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਉੱਪਰ ਕੁਝ ਦਲਿਤ ਨੌਜਵਾਨਾਂ ਵੱਲੋਂ ਅਸਲ ਤੌਰ ''ਤੇ ਹਮਲਾ ਕੀਤਾ ਗਿਆ ਸੀ।

"ਮੇਰਾ ਭਾਣਜਾ ਲਵਪ੍ਰੀਤ ਸਿੰਘ ਘਰ ਦੇ ਵਿਹੜੇ ਵਿੱਚ ਟਰੈਕਟਰ ਠੀਕ ਕਰ ਰਿਹਾ ਸੀ ਕਿ ਅਚਾਨਕ ਹੀ ਅੱਠ-ਦਸ ਜਣੇ ਸਾਡੇ ਘਰ ਵਿੱਚ ਆ ਵੜੇ ਅਤੇ ਲਵਪ੍ਰੀਤ ਸਿੰਘ ਦੀ ਕੁੱਟਮਾਰ ਕਰਨ ਲੱਗੇ। ਜਦੋਂ ਅਸੀਂ ਰੌਲਾ ਪਾਇਆ ਤਾਂ ਆਸ-ਪਾਸ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਲੋਕ ਭੱਜ ਕੇ ਆ ਗਏ। ਲੋਕਾਂ ਤੋਂ ਡਰਦੇ ਹੋਏ ਬਾਕੀ ਨੌਜਵਾਨ ਤਾਂ ਭੱਜ ਗਏ ਪਰ ਬਿੱਟਾ ਸਿੰਘ ਨਸ਼ੇ ਦੀ ਹਾਲਤ ਵਿੱਚ ਹੋਣ ਕਾਰਨ ਘਰ ਦੇ ਵਿਹੜੇ ਵਿਚ ਡਿੱਗ ਪਿਆ ਤੇ ਅਸੀਂ ਉਸ ਨੂੰ ਕਾਬੂ ਕਰ ਲਿਆ।"

ਇਹ ਵੀ ਪੜ੍ਹੋ:

  • ''ਜੈ ਭੀਮ'' ਦਾ ਨਾਅਰਾ ਕਿਸ ਨੇ ਦਿੱਤਾ ਤੇ ਇਸ ਨੂੰ ਕਹਿਣ ਦੀ ਸ਼ੁਰੂਆਤ ਕਦੋਂ ਹੋਈ
  • ਦਲਿਤਾਂ ''ਤੇ ਅੱਤਿਆਚਾਰ: ਪੰਜਾਬ ਦੀਆਂ 4 ਵੱਡੀਆਂ ਘਟਨਾਵਾਂ ਜੋ ਜ਼ੁਲਮ ਦੀ ਕਹਾਣੀ ਪੇਸ਼ ਕਰਦੀਆਂ ਹਨ
  • ਕੀ ਅਮਰੀਕਾ ਵਿੱਚ ਅੰਬੇਡਕਰ ਦੀ ਕੀਤੀ ਇਹ ਭਵਿੱਖਬਾਣੀ ਸੱਚ ਸਾਬਤ ਹੋ ਰਹੀ ਹੈ

"ਬਸ ਏਨੀ ਕੁ ਗੱਲ ਹੈ ਅਤੇ ਬਾਕੀ ਮੌਕੇ ਉੱਪਰ ਪੁਲਿਸ ਪਹੁੰਚ ਗਈ ਸੀ। ਸਾਡੇ ਪਿੰਡ ਦੇ ਦਲਿਤ ਵਰਗ ਨਾਲ ਪੂਰਾ ਪਿਆਰ ਹੈ ਅਤੇ ਪਿੰਡ ਵਿੱਚ ਅਜਿਹਾ ਕੋਈ ਵੀ ਭੇਦਭਾਵ ਨਹੀਂ ਹੈ।"

ਪਿੰਡ ਦੇ ਹੀ ਵਸਨੀਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਦਲਿਤਾਂ ਅਤੇ ਜ਼ਿਮੀਂਦਾਰਾਂ ਦਾ ਸ਼ਮਸ਼ਾਨਘਾਟ ਅਤੇ ਗੁਰਦੁਆਰਾ ਸਾਂਝੇ ਹਨ।

''ਸਾਨੂੰ ਨਿਆਂ ਦਿੱਤਾ ਜਾਵੇ''

ਉਨ੍ਹਾਂ ਕਿਹਾ, "ਵੀਡੀਓ ਵਾਇਰਲ ਹੋਣ ਨਾਲ ਸਾਡੇ ਪਿੰਡ ਦੀ ਬਹੁਤ ਬਦਨਾਮੀ ਹੋ ਰਹੀ ਹੈ ਜਦੋਂ ਕਿ ਪਿੰਡ ਵਿੱਚ ਅਜਿਹਾ ਕੁਝ ਵੀ ਨਹੀਂ ਹੈ। ਸਾਰੇ ਪਿੰਡ ਦੀ ਕੋਸ਼ਿਸ਼ ਹੈ ਕਿ ਪਿੰਡ ਦੀ ਇੱਕ ਸਾਂਝੀ ਜਗ੍ਹਾ ਉੱਪਰ ਇਕੱਠ ਕਰ ਕੇ ਦੋਵਾਂ ਧਿਰਾਂ ਵਿੱਚ ਸਹਿਮਤੀ ਬਣਾ ਦਿੱਤੀ ਜਾਵੇ ਤਾਂ ਕਿ ਭਵਿੱਖ ਵਿਚ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ।"

ਉਂਜ, ਪਿੰਡ ਦੀਆਂ ਗਲੀਆਂ ਵਿਚ ਦੇਖਿਆ ਗਿਆ ਕਿ ਹਰ ਪਾਸੇ ਸੰਨਾਟਾ ਸੀ ਅਤੇ ਜਿੱਥੇ ਵੀ ਲੋਕ ਬੈਠੇ ਸਨ ਉਹ ਇਸੇ ਘਟਨਾ ਦੀ ਚਰਚਾ ਕਰ ਰਹੇ ਸਨ।

ਜਦੋਂ ਮੈਂ ਪਿੰਡ ਵਿੱਚ ਕੁਝ ਸਾਂਝੀਆਂ ਥਾਂਵਾਂ ਤੋਂ ਫੋਟੋ ਖਿੱਚ ਰਿਹਾ ਸੀ ਤਾਂ ਕਈ ਲੋਕਾਂ ਨੇ ਆ ਕੇ ਰੋਕਿਆ ਅਤੇ ਫ਼ੋਟੋ ਖਿੱਚਣ ਦਾ ਕਾਰਨ ਪੁੱਛਿਆ।

ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਪੱਤਰਕਾਰ ਹਾਂ ਅਤੇ ਪਿੰਡ ਵਿਖੇ ਵਾਪਰੀ ਘਟਨਾ ਸਬੰਧੀ ਜਾਣਕਾਰੀ ਹਾਸਿਲ ਕਰ ਰਿਹਾ ਹਾਂ ਤਾਂ ਅੱਗੋਂ ਇਹੀ ਗੱਲ ਸੁਣਨ ਨੂੰ ਮਿਲੀ, "ਸਾਡੇ ਪਿੰਡ ਦੀ ਭਾਈਚਾਰਕ ਸਾਂਝ ਨੂੰ ਨਜ਼ਰ ਲੱਗ ਗਈ ਹੈ ਅਤੇ ਸਾਡਾ ਪਿੰਡ ਖਾਹ-ਮਖਾਹ ਹੀ ਚਰਚਾ ਵਿੱਚ ਹੈ।"

ਹਸਪਤਾਲ ਵਿੱਚ ਜ਼ੇਰੇ ਇਲਾਜ ਬਿੱਟਾ ਸਿੰਘ ਦੀ ਮਾਤਾ ਰਾਣੀ ਕੌਰ ਨੇ ਕਿਹਾ ਕਿ, "ਮੇਰੇ ਲੜਕੇ ਦੀ ਕੁੱਟਮਾਰ ਹੋਈ ਹੈ ਅਤੇ ਉਸ ਨੂੰ ਨਿੰਮ ਨਾਲ ਬੰਨ੍ਹਣ ਦੀ ਵੀਡੀਓ ਮੋਬਾਈਲਾਂ ਵਿਚ ਆਉਣ ਨਾਲ ਮੈਂ ਬੇਹੱਦ ਪ੍ਰੇਸ਼ਾਨ ਹਾਂ। ਦੂਜਾ ਮੇਰੇ ਮੁੰਡੇ ਉੱਪਰ ਹੀ ਪੁਲਿਸ ਪਰਚਾ ਹੋ ਗਿਆ ਹੈ ਹੁਣ ਅਸੀਂ ਕਿੱਧਰ ਨੂੰ ਜਾਈਏ। ਸਰਕਾਰ ਤੋਂ ਮੰਗ ਹੈ ਕਿ ਸਾਨੂੰ ਨਿਆਂ ਦਿੱਤਾ ਜਾਵੇ।"

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਵਿਅਕਤੀਆਂ ਉੱਪਰ ਘਰ ਵਿੱਚ ਦਾਖ਼ਲ ਹੋਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਇੱਕ-ਦੋ ਜਣਿਆਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਚਾਰ-ਚਾਰ ਮਾਮਲੇ ਦਰਜ ਹਨ।

''ਸਾਡੇ ਕੋਲ ਸਿਰਫ ਚਾਰ ਏਕੜ ਜ਼ਮੀਨ,ਸੋਸ਼ਲ ਮੀਡੀਆ ''ਤੇ ਲਿਖਿਆ ਧਨਾਢ''

ਉਧਰ, ਜ਼ਿਮੀਂਦਾਰ ਲਵਪ੍ਰੀਤ ਸਿੰਘ ਦੀ ਮਾਤਾ ਰਾਣੀ ਕੌਰ ਨੇ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਵਿਧਵਾ ਹਨ।

ਉਨ੍ਹਾਂ ਕਿਹਾ, "ਅਸੀਂ ਸਿਰਫ ਚਾਰ ਏਕੜ ਜ਼ਮੀਨ ਵਿੱਚ ਵਾਹੀ ਕਰਦੇ ਹਾਂ ਅਤੇ ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਸੋਸ਼ਲ ਮੀਡੀਆ ਉੱਪਰ ਸਾਨੂੰ ਧਨਾਢ ਜ਼ਿਮੀਂਦਾਰ ਲਿਖਿਆ ਗਿਆ ਹੈ, ਜਿਸ ਨਾਲ ਮੈਂ ਅਤੇ ਮੇਰਾ ਪੁੱਤਰ ਪਰੇਸ਼ਾਨ ਹਾਂ।”

“ਪਿੰਡ ਦੇ ਦਲਿਤ ਭਾਈਚਾਰੇ ਨਾਲ ਸਾਡਾ ਪਿਆਰ ਹੈ ਪਰ ਨਸ਼ੇ ਦੀ ਗ੍ਰਿਫਤ ਵਿੱਚ ਆਏ ਲੋਕ ਸਾਡੇ ਲਈ ਪ੍ਰੇਸ਼ਾਨੀ ਦਾ ਸਬੱਬ ਹਨ। ਅਸੀਂ ਤਾਂ ਪੁਲਿਸ ਕੋਲ ਆਪਣੀ ਰਾਖੀ ਲਈ ਅਰਜੋਈ ਕੀਤੀ ਹੈ। ਸਾਡੇ ਨਾਲ ਧੱਕਾ ਹੋ ਰਿਹਾ ਹੈ।''''

ਪਿੰਡ ਦੇ ਬਾਹਰਵਾਰ ਬਣਿਆ ਡੇਰਾ ਸ਼ਰਾਬ ਦਾ ਲੰਗਰ ਵਰਤਾਉਣ ਕਾਰਨ ਪਹਿਲਾਂ ਵੀ ਚਰਚਾ ਵਿੱਚ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਲੋਕ ਇੱਥੇ ਸੁੱਖਣਾ ਸੁੱਖਦੇ ਹਨ ਅਤੇ ਦੂਰ ਦਰਾਡੇ ਤੋਂ ਆਉਣ ਵਾਲੇ ਲੋਕ ਸੁੱਖਣਾ ਪੂਰੀ ਹੋਣ ਤੋਂ ਬਾਅਦ ਇਸ ਡੇਰੇ ਵਿੱਚ ਸ਼ਰਾਬ ਦਾ ਪ੍ਰਸ਼ਾਦ ਚੜ੍ਹਾਉਂਦੇ ਹਨ।

ਪਿੰਡ ਵਾਸੀਆਂ ਮੁਤਾਬਕ ਚੜ੍ਹਾਵੇ ਵਿਚ ਚੜ੍ਹੀ ਸ਼ਰਾਬ ਨੂੰ ਪੀਣ ਲਈ ਪਿੰਡ ਦੇ ਕੁਝ ਲੋਕ ਅਕਸਰ ਹੀ ਡੇਰੇ ਵੱਲ ਗੇੜਾ ਮਾਰਦੇ ਰਹਿੰਦੇ ਹਨ। ਡੇਰੇ ਦੇ ਰਸਤੇ ਉੱਪਰ ਹੀ ਜ਼ਿਮੀਂਦਾਰ ਪਰਿਵਾਰ ਦਾ ਘਰ ਹੈ। ਇਹੀ ਕਾਰਨ ਹੈ ਕਿ ਪਿਛਲੇ ਸਮੇਂ ਦੌਰਾਨ ਡੇਰੇ ਜਾਣ ਵਾਲੇ ਨੌਜਵਾਨਾਂ ਦਾ ਇਸ ਪਰਿਵਾਰ ਨਾਲ ਬਖੇੜਾ ਖੜ੍ਹਾ ਹੁੰਦਾ ਰਿਹਾ ਹੈ।

ਜ਼ਿਮੀਂਦਾਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਨਵਾਂ ਟਰੈਕਟਰ ਖਰੀਦਿਆ ਸੀ ਜਿਸ ਉੱਪਰ ਉਸ ਨੇ ਟੇਪ ਰਿਕਾਰਡਰ ਲੁਆਈ ਹੈ।

"ਹਾਂ ਇਹ ਗੱਲ ਸੱਚ ਹੈ ਕਿ ਮੈਂ ਜਦੋਂ ਪਿੰਡ ਤੋਂ ਆਪਣੇ ਖੇਤ ਵਾਲੇ ਘਰ ਆ ਰਿਹਾ ਸੀ ਤਾਂ ਮੇਰੇ ਟਰੈਕਟਰ ਉੱਪਰ ਗਾਣੇ ਚੱਲ ਰਹੇ ਹਨ ਪਰ ਜਿਵੇਂ ਹੀ ਮੈਨੂੰ ਕੁਝ ਦਲਿਤ ਨੌਜਵਾਨਾਂ ਨੇ ਇਨ੍ਹਾਂ ਗਾਣਿਆਂ ਨੂੰ ਬੰਦ ਕਰਨ ਲਈ ਕਿਹਾ ਤਾਂ ਮੈਂ ਬੰਦ ਕਰ ਦਿੱਤੇ। ਇਸ ਗੱਲ ਨੂੰ ਲੈ ਕੇ ਰੰਜਿਸ਼ ਪੈਦਾ ਹੋ ਗਈ ਜਿਸ ਮਗਰੋਂ ਕੁਝ ਲੋਕਾਂ ਨੇ ਮੇਰੇ ਉੱਪਰ ਹਮਲਾ ਕਰ ਦਿੱਤਾ।"

''ਮਾਮਲੇ ਨੂੰ ਕਥਿਤ ਤੌਰ ''ਤੇ ਭੜਕਾਉਣ ਦੀ ਕੋਸ਼ਿਸ਼''

ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਪਰ ਦੱਸਿਆ ਕਿ ਕੁਝ ਬਾਹਰੀ ਲੋਕ ਇਸ ਮਾਮਲੇ ਨੂੰ ਕਥਿਤ ਤੌਰ ''ਤੇ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉੱਧਰ ਪੰਜਾਬ ਮਜ਼ਦੂਰ ਮੁਕਤੀ ਮੋਰਚਾ ਨੇ ਐਲਾਨ ਕੀਤਾ ਹੈ ਕਿ ਉਹ ਦਲਿਤ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਸੰਘਰਸ਼ ਦੇ ਰਾਹ ਵੀ ਪੈ ਸਕਦੇ ਹਨ।

ਮੋਰਚੇ ਦੇ ਆਗੂ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਜੇਕਰ ਅਜਿਹੇ ਰੁਝਾਨ ਨੂੰ ਰੋਕਣ ਲਈ ਪੰਜਾਬ ਦਾ ਹਰ ਇਨਸਾਫ਼ਪਸੰਦ ਵਰਗ ਅੱਗੇ ਨਾ ਆਇਆ ਤਾਂ ਪੰਜਾਬ ਦੇ ਭਾਈਚਾਰਕ ਸਾਂਝ ਵਿਚ ਤਰੇੜ ਪੈ ਸਕਦੀ ਹੈ।

"ਅਸੀਂ ਨਹੀਂ ਚਾਹੁੰਦੇ ਕਿ ਮਾਹੌਲ ਖਰਾਬ ਹੋਵੇ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ ਅਤੇ ਪੀੜਿਤ ਪਰਿਵਾਰ ਨੂੰ ਇਨਸਾਫ ਦੇਵੇ।"

ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਪੁਲਿਸ ਕੋਲ ਹਨ ਅਤੇ ਜਾਂਚ ਦਾ ਕੰਮ ਜਾਰੀ ਹੈ।

ਇਹ ਵੀ ਪੜ੍ਹੋ:

  • ਤੁਸੀਂ ਵੀ ਕਸਰਤ ਤੋਂ ਭੱਜਦੇ ਹੋ, ਤਾਂ ਇਹ 10 ਨੁਕਤੇ ਅਪਣਾਓ
  • ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
  • ਸੈਨੇਟਰੀ ਪੈਡ ਦੀ ਥਾਂ ਲੈ ਰਿਹਾ ਮੈਂਸਟੁਰਲ ਕੱਪ ਕੀ ਹੈ ਤੇ ਕਿਵੇਂ ਕੰਮ ਕਰਦਾ ਹੈ

https://www.youtube.com/watch?v=LCIDeYdFzC8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''77fe8f2f-d990-4baf-ba8f-6b16feec94b0'',''assetType'': ''STY'',''pageCounter'': ''punjabi.india.story.61619411.page'',''title'': ''ਮਾਨਸਾ ਵਿੱਚ ਦਲਿਤ ਭਾਈਚਾਰੇ ਦੇ ਨੌਜਵਾਨ ਨੂੰ ਦਰਖ਼ਤ ਨਾਲ ਬੰਨ੍ਹਣ ਦਾ ਕੀ ਹੈ ਪੂਰਾ ਮਾਮਲਾ'',''author'': ''ਸੁਰਿੰਦਰ ਮਾਨ'',''published'': ''2022-05-29T02:24:13Z'',''updated'': ''2022-05-29T02:24:13Z''});s_bbcws(''track'',''pageView'');