ਦੋ ਭੈਣਾਂ ਦੀ ਲੰਗੋਟ ਤੋਂ ਸਪੋਰਟਸ ਬ੍ਰਾਅ ਦੀ ਕਾਢ ਕੱਢਣ ਦੀ ਕਹਾਣੀ

05/15/2022 11:08:16 AM

ਅਜੋਕੀ ਸਪੋਰਟਸ-ਬ੍ਰਾਅ ਦੀ ਸ਼ੁਰੂਆਤ ਇੱਕ ਲੰਗੋਟ (ਜੌਕਸਟ੍ਰੈਪ) ਤੋਂ ਹੋਈ ਸੀ।

ਸਾਲ 1977 ਦੀਆਂ ਗਰਮੀਆਂ ਦੌਰਾਨ ਅਮਰੀਕਾ ਦੀ ਵਰਮੌਂਟ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਵਿਦਿਆਰਥਣ ਲੀਜ਼ਾ ਲਿੰਡਾਹਲ ਦੌੜਨ ਦਾ ਸ਼ੌਕੀਨ ਸੀ।

ਉਹ ਹਰ ਹਫ਼ਤੇ ਲਗਭਗ 30 ਮੀਲ ਦੌੜਦੇ ਸਨ। ਹਾਲਾਂਕਿ ਦੌੜਨਾ ਇੱਕ ਸੌਖਾ ਕੰਮ ਸੀ ਪਰ ਲੀਜ਼ਾ ਨੂੰ ਸਭ ਤੋਂ ਵੱਡੀ ਸਮੱਸਿਆ ਉਨ੍ਹਾਂ ਦੇ ਕੱਪੜਿਆਂ ਕਾਰਨ ਆਉਂਦੀ ਸੀ।

ਲੀਜ਼ਾ ਨੇ ਦੱਸਿਆ ਕਿ, ''ਸਭ ਤੋਂ ਅਸੁਖਾਵੀਂ ਗੱਲ ਇਹ ਸੀ ਕਿ ਦੌੜਦੇ ਸਮੇਂ ਉਨ੍ਹਾਂ ਦੀ ਛਾਤੀ ਨੂੰ ਪੂਰਾ ਸਹਾਰਾ ਨਹੀਂ ਮਿਲਦਾ ਸੀ।''

ਲੀਜ਼ਾ ਉਸ ਸਮੇਂ 28 ਸਾਲ ਦੇ ਸਨ। ਪਹਿਲਾਂ, ਉਨ੍ਹਾਂ ਆਪਣੀ ਛਾਤੀ ਦੇ ਦੁਆਲੇ ਇੱਕ ਲਚਕੀਲੀ ਪੱਟੀ ਨੂੰ ਲਪੇਟਿਆ ਅਤੇ ਬ੍ਰਾਅ ਤੋਂ ਬਿਨਾਂ ਦੌੜਨ ਦੀ ਕੋਸ਼ਿਸ਼ ਕੀਤੀ।

ਅੰਤ ਵਿੱਚ, ਲੀਜ਼ਾ ਨੇ ਆਪਣੇ ਅਕਾਰ ਨਾਲੋਂ ਛੋਟੀ ਬ੍ਰਾਅ ਪਾਉਣ ਨਾਲ ਸਮਝੌਤਾ ਕਰ ਲਿਆ।

ਭੱਜਦੇ ਸਮੇਂ ਛਾਤੀ ਨੂੰ ਸਹਾਰੇ ਦੇ ਸੰਘਰਸ਼ ਤੋਂ ਲੀਜ਼ਾ ਅਤੇ ਉਨ੍ਹਾਂ ਦੀ ਭੈਣ ਵਿੱਚ ਇੱਕ ਮਜ਼ਾਕ ਦੀ ਸ਼ੁਰੂਆਤ ਹੋ ਗਈ।

ਇਹ ਵੀ ਪੜ੍ਹੋ:

  • ਔਰਤਾਂ ਨੂੰ ਕਦੋਂ ਪਹਿਨਾਈ ਗਈ ਪਹਿਲੀ ਵਾਰ ਬ੍ਰਾਅ?
  • ਮੋਟੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ?
  • ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਕਿਉਂ ਚਲਾਈ

ਉਹ ਹੱਸ ਰਹੀਆਂ ਸਨ ਕਿ ਆਖ਼ਰ ਔਰਤਾਂ ਲਈ ਲੰਗੋਟ ਕਿਉਂ ਨਹੀਂ ਆਉਂਦਾ?

ਹੁਣ ਲੀਜ਼ਾ ਲਿੰਡਹਾਲ ਅਤੇ ਦੋ ਹੋਰ ਔਰਤਾਂ ਨੂੰ ਅਮਰੀਕਾ ਦੇ ''ਨੈਸ਼ਨਲ ਇਨਵੈਂਟਰਜ਼ ਹਾਲ ਆਫ ਫੇਮ'' ਵਿੱਚ ਥਾਂ ਮਿਲੀ ਹੈ। ਇਹ ਸਾਬਤ ਕਰਦਾ ਹੈ ਕਿ ਸਪੋਰਟਸ-ਬ੍ਰਾਅ ਦੀ ਕਾਢ ਇੱਕ ਬਹੁਤ ਗੰਭੀਰ ਅਤੇ ਜ਼ਰੂਰੀ ਕਾਢ ਸੀ।

ਇਹ ਉਸ ਸਮੇਂ ਕੱਢੀ ਗਈ ਜਦੋਂ ਔਰਤਾਂ ਦੀ ਖੇਡ ਵਿੱਚ ਕ੍ਰਾਂਤੀ ਦਾ ਦੌਰ ਆਉਣ ਵਾਲਾ ਸੀ।

ਪ੍ਰਯੋਗ ਕਿੱਥੋਂ ਸ਼ੁਰੂ ਹੋਇਆ

ਲਿੰਡਾਹਲ ਨੇ ਇਸ ਵਿਚਾਰ ਨੂੰ ਸ਼ੁਰੂ ਤੋਂ ਹੀ ਬਹੁਤ ਗੰਭੀਰਤਾ ਨਾਲ ਲਿਆ।

ਉਨ੍ਹਾਂ ਨੇ ਆਪਣੇ ਗੂੜ੍ਹੀ ਸਹੇਲੀ, ਪੋਲੀ ਪਾਮਰ ਸਮਿਥ ਨੂੰ ਆਪਣੀ ਨਾਲ ਸ਼ਾਮਲ ਕੀਤਾ। ਪੋਲੀ ਵਰਮੋਂਟ ਦੇ ਬਰਲਿੰਗਟਨ ਵਿੱਚ ਹੋਣ ਜਾ ਰਹੇ ਸ਼ੇਕਸਪੀਅਰ ਫੈਸਟੀਵਲ ਵਿੱਚ ਇੱਕ ਪੋਸ਼ਾਕ ਡਿਜ਼ਾਈਨਰ ਵਜੋਂ ਕੰਮ ਕਰ ਰਹੇ ਸਨ।

ਇਹ ਦੋਵੇਂ ਸਹੇਲੀਆਂ ਜਲਦੀ ਹੀ ਇੱਕ ਹੋਰ ਪੋਸ਼ਾਕ ਡਿਜ਼ਾਈਨਰ, ਹਿੰਡਾ ਮਿਲਰ ਨਾਲ ਜੁੜ ਗਈਆਂ। ਹਿੰਡਾ ਉਨ੍ਹੀਂ ਦਿਨੀਂ ਪੌਲੀ ਦੀ ਸਹਾਇਕ ਸੀ।

ਇਨ੍ਹਾਂ ਔਰਤਾਂ ਨੇ ਲਿੰਡਹਾਲ ਦੇ ਲਿਵਿੰਗ ਰੂਮ ਵਿੱਚ ਵੱਖ-ਵੱਖ ਤਰ੍ਹਾਂ ਦੇ ਕੱਪੜਿਆਂ ਅਤੇ ਫਿਟਿੰਗਾਂ ਨਾਲ ਪ੍ਰਯੋਗ ਕੀਤੇ।

ਹਿੰਡਾ ਮਿਲਰ ਪਹਿਲਾਂ ਸਪੋਰਟਸ-ਬ੍ਰਾਅ ਦਾ ਇੱਕ ਤਜ਼ਰਬਾਤੀ ਰੂਪ ਬਣਾਉਂਦੇ ਅਤੇ ਫਿਰ ਲਿੰਡਹਾਲ ਉਸ ਨੂੰ ਪਾਕੇ ਦੌੜਦੇ।

ਵੀਡੀਓ: ਬ੍ਰੈਸਟ ਕੈਂਸਰ ਤੋਂ ਕਿਵੇਂ ਬਚੀਏ

ਦੌੜਨ ਦੌਰਾਨ ਦੇਖਿਆ ਜਾਂਦਾ ਕਿ ਕਿਸ ਬ੍ਰਾਅ ਨਾਲ ਛਾਤੀ ਨੂੰ ਕਿਸ ਹੱਦ ਤੱਕ ਸਹਾਰਾ ਮਿਲਦਾ ਹੈ ਅਤੇ ਛਾਤੀ ਵਿੱਚ ਕਿਸ ਤਰ੍ਹਾਂ ਦਾ ''ਉਛਾਲ'' ਆਉਂਦਾ ਹੈ। ਹਾਲਾਂਕਿ ਉਨ੍ਹਾਂ ਦਾ ਕੋਈ ਵੀ ਨੁਸਖਾ ਕਾਰਗਰ ਸਾਬਤ ਨਹੀਂ ਹੋ ਰਿਹਾ ਸੀ।

ਇਕ ਦਿਨ ਅਚਾਨਕ, ਲਿੰਡਾਲ ਦੇ ਪਤੀ ਪੌੜੀਆਂ ਤੋਂ ਉੱਤਰ ਕੇ ਆਏ।

ਉਨ੍ਹਾਂ ਨੇ ਆਪਣੀ ਛਾਤੀ ਦੇ ਦੁਆਲੇ ਲੰਗੋਟ ਲਪੇਟਿਆ ਹੋਇਆ ਸੀ। ਇਹੀ ਔਰਤਾਂ ਲਈ ਪਹਿਲੀ ''ਜੈਕ-ਬ੍ਰਾਅ'' ਸੀ।

ਪੋਲੀ ਪਾਮਰ ਸਮਿਥ ਨੇ ਕਿਹਾ ਕਿ, ਇਹ ਇੱਕ ਤਰ੍ਹਾਂ ਨਾਲ,''ਦਿਮਾਗ ਦੀ ਬੱਤੀ ਜਗਣ'' ਵਾਲਾ ਪਲ ਸੀ। ਉਨ੍ਹਾਂ ਨੇ ਪੁਰਸ਼ਾਂ ਦੇ ਦੋ ਲੰਗੋਟਾਂ ਨੂੰ ਜੋੜ ਕੇ ਸਿਉਂ ਦਿੱਤਾ। ਇਸ ਤਰ੍ਹਾਂ ਜੌਗ-ਬ੍ਰਾ (ਦੌੜਨ ਵਾਲੀ ਬ੍ਰਾਅ) ਦਾ ਪਹਿਲਾ ਨੂਮਾਨਾ ਬਣਿਆ।

ਜੌਗ-ਬ੍ਰਾਅ ਦੇ ਪਹਿਲੇ ਨਮੂਨੇ ਵਿੱਚ ਬਾਹਰਲੇ ਪਾਸੇ ਇੱਕ ਦੂਜੇ ਦੇ ਆਰ-ਪਾਰ ਬੱਦਰੀਆਂ ਅਤੇ ਸਿਉਂਤੀਆਂ ਗਈਆਂ ਸਨ। ਫਿਰ ਉਨ੍ਹਾਂ ਨੇ ਇਸ ਨੂੰ ਪੇਟੈਂਟ ਕਰਵਾਉਣ ਲਈ ਅਰਜ਼ੀ ਦਿੱਤੀ ਅਤੇ ਜੌਗ-ਬ੍ਰਾਅ ਇੰਕ ਦੇ ਨਾਮ ਨਾਲ ਇੱਕ ਕੰਪਨੀ ਦੀ ਸ਼ੁਰੂਆਤ ਕੀਤੀ।

ਲੀਜ਼ਾ ਲਿੰਡਹਾਲ, ਹਿੰਡਾ ਮਿਲਰ ਅਤੇ ਪੋਲੀ ਪਾਮਰ ਸਮਿਥ ਵੱਲੋਂ ਜੌਗ-ਬ੍ਰਾਅ ਦਾ ਸ਼ੁਰੂਆਤੀ ਡਿਜ਼ਾਈਨ ਤਿਆਰ ਕੀਤੇ ਜਾਣ ਤੋਂ ਪਹਿਲਾਂ ਅਮਰੀਕੀ ਸੰਸਦ ਨੇ ਟਾਈਟਲ IX ਪਾਸ ਕਰ ਦਿੱਤਾ ਸੀ।

ਨਾਗਰਿਕ ਅਧਿਕਾਰਾਂ ਵਿੱਚ ਟਾਈਟਲ IX ਮੀਲ ਪੱਥਰ ਸਾਬਤ ਹੋਇਆ।

ਇਸ ਕਾਨੂੰਨ ਦੇ ਤਹਿਤ ਸਿੱਖਿਆ ਵਿੱਚ ਅਤੇ ਸੰਘੀ ਸਰਕਾਰ ਦੀ ਮਦਦ ਨਾਲ ਚੱਲਣ ਵਾਲੀਆਂ ਸਕੀਮਾਂ ਵਿੱਚ ਲਿੰਗਕ ਵਿਤਕਰੇ ''ਤੇ ਪਾਬੰਦੀ ਲਗਾ ਦਿੱਤੀ ਗਈ ਸੀ।

ਅੱਜ ਅਮਰੀਕਾ ਵਿੱਚ ਹਰ ਪੰਜ ਵਿੱਚੋਂ ਦੋ ਕੁੜੀਆਂ ਕੋਈ ਨਾ ਕੋਈ ਖੇਡ ਖੇਡਦੀਆਂ ਹਨ। ਜਦੋਂ ਕਿ ਵੂਮੈਨ ਸਪੋਰਟਸ ਫਾਊਂਡੇਸ਼ਨ ਅਨੁਸਾਰ 1970 ਵਿੱਚ ਹਰ 27 ਪਿੱਛੇ ਸਿਰਫ਼ ਇੱਕ ਕੁੜੀ ਹੀ ਖੇਡਾਂ ਵਿੱਚ ਹਿੱਸਾ ਲੈਂਦੀ ਸੀ।

ਜੇਕਰ ਟਾਈਟਲ IX ਨੇ ਔਰਤਾਂ ਲਈ ਖੇਡਾਂ ਦੀ ਦੁਨੀਆ ਦੇ ਬੂਹੇ ਖੋਲ੍ਹੇ ਤਾਂ ਸਪੋਰਟਸ-ਬ੍ਰਾਅ ਨੇ ਔਰਤਾਂ ਲਈ ਖੇਡਣ ਨੂੰ ਆਰਾਮਦਾਇਕ ਬਣਾਇਆ।

ਲੀਜ਼ਾ ਕਹਿੰਦੇ ਹਨ, "ਟਾਈਟਲ IX ਕਾਨੂੰਨ ਦੇ ਕਾਰਨ, ਔਰਤਾਂ ਦੇ ਖੇਡਾਂ ਵਿੱਚ ਹਿੱਸਾ ਲੈਣ ਲਈ ਪੂੰਜੀ, ਬੁਨਿਆਦੀ ਢਾਂਚਾ ਅਤੇ ਉਮੀਦਾਂ ਵੀ ਬਹੁਤ ਸਨ। ਹਾਲਾਂਕਿ, ਔਰਤਾਂ ਕੋਲ ਮੈਦਾਨ ਵਿੱਚ ਉਤਰ ਕੇ ਖੇਡਣ ਲਈ ਲੋੜੀਂਦਾ ਆਤਮ ਵਿਸ਼ਵਾਸ ਅਤੇ ਆਰਾਮ ਨਹੀਂ ਸੀ।"

ਖੇਡਾਂ ਦੀ ਬ੍ਰਾਅ ਦਾ ਅਰਬਾਂ ਡਾਲਰ ਦਾ ਕਾਰੋਬਾਰ

ਅੱਜ ਖੇਡਾਂ ਦੀ ਬ੍ਰਾਅ ਨੂੰ ਕ੍ਰਾਂਤੀਕਾਰੀ ਮੰਨਿਆ ਜਾਂਦਾ ਹੈ, ਜਿਸ ਨੇ ਖੇਡਾਂ ਦੇ ਖੇਤਰ ਵਿੱਚ ਆਉਣ ਵਾਲੀਆਂ ਔਰਤਾਂ ਨੂੰ ''ਆਰਾਮ ਅਤੇ ਆਤਮਵਿਸ਼ਵਾਸ'' ਦਿੱਤਾ ਸੀ।

ਖੇਡਾਂ ਦੀ ਬ੍ਰਾਅ ਅੱਜ 25 ਅਰਬ ਡਾਲਰ ਦਾ ਕਾਰੋਬਾਰ ਹੈ। ਅਨੁਮਾਨ ਹੈ ਕਿ ਇਹ ਅੰਕੜਾ 2026 ਤੱਕ ਚਾਰ ਗੁਣਾ ਵਧ ਜਾਵੇਗਾ। ਐਥਲੈਟਿਕਸ ਅਤੇ ਮਨੋਰੰਜਨ ''ਐਥਲੀਜ਼ਰ'' ਉਤਪਾਦਾਂ ਦੀ ਮਾਰਕਿਟ ਵੀ 25 ਅਰਬ ਡਾਲਰ ਦੀ ਹੈ ਅਤੇ ਦਿਨ-ਦੁੱਗਣੀ ਰਾਤ-ਚੌਗਣੀ ਤਰੱਕੀ ਕਰ ਰਹੀ ਹੈ।

ਹਾਲਾਂਕਿ, 1977 ਵਿੱਚ ਜਦੋਂ ਜੌਗ-ਬ੍ਰਾਅ ਦਾ ਵਿਕਾਸ ਕੀਤਾ ਜਾ ਰਿਹਾ ਸੀ, ਕਹਾਣੀ ਬਿਲਕੁਲ ਵੱਖਰੀ ਸੀ।

ਉਸ ਸਮੇਂ, ਅਮਰੀਕਾ ਵਿੱਚ ਮੈਰਾਥਨ ਦੌੜ ਦੀ ਗਵਰਨਿੰਗ ਬਾਡੀ, ਐਮੇਚਿਓਰ ਐਥਲੈਟਿਕਸ ਯੂਨੀਅਨ ਵੱਲੋਂ ਸੜਕ ਉੱਪਰ ਦੌੜੀ ਜਾਂਦੀ ਲੰਬੀ ਦੌੜ ਵਿੱਚ ਔਰਤਾਂ ਦੇ ਹਿੱਸਾ ਲੈਣ ਤੋਂ ਪਾਬੰਦੀ ਹਟਾਈ ਨੂੰ ਸਿਰਫ ਪੰਜ ਸਾਲ ਹੀ ਹੋਏ ਸਨ। ਓਲੰਪਿਕ ਵਿੱਚ ਤਾਂ ਔਰਤਾਂ ਨੂੰ ਤਿੰਨ ਹਜ਼ਾਰ ਮੀਟਰ ਤੋਂ ਵੱਧ ਦੀ ਦੌੜ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਇਸ ਤੋਂ ਵੀ ਸੱਤ ਸਾਲ ਬਾਅਦ ਹੀ ਮਿਲ ਸਕੀ ਸੀ।

ਇਸ ਤੋਂ ਪਹਿਲਾਂ ਕੁਝ ਮਾਹਰਾਂ ਦੀ ਰਾਇ ਸੀ ਕਿ ਲੰਬੀ ਦੌੜ ਔਰਤਾਂ ਦੀ ਸਿਹਤ ਅਤੇ ਅਤੇ ਉਨ੍ਹਾਂ ਦੇ ਨਾਰੀ-ਗੁਣਾਂ ਲਈ ਨੁਕਸਾਨਦੇਹ ਹੈ।

ਇਸ ਲਈ ਔਰਤਾਂ ਦੇ ਲੰਬੀ ਦੌੜ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਸੀ।

ਕੰਪਨੀ ਦੀ ਸਥਾਪਨਾ ਤੋਂ ਕੁਝ ਦਿਨ ਬਾਅਦ, ਪੌਲੀ ਸਮਿਥ ਵਾਪਸ ਨਿਊਯਾਰਕ ਸਿਟੀ ਚਲੇ ਗਏ। ਉੱਥੇ ਪੌਲੀ ਨੂੰ ਜਿਮ ਹੈਨਸਨ ਕੰਪਨੀ ਵਿੱਚ ਇੱਕ ਪੋਸ਼ਾਕ ਡਿਜ਼ਾਈਨਰ ਦੀ ਨੌਕਰੀ ਮਿਲ ਗਈ। ਜੌਗ-ਬ੍ਰਾਅ ਇੰਕ ਦੀ ਵਾਗ-ਡੋਰ ਹੁਣ ਪੂਰੀ ਤਰ੍ਹਾਂ ਲੀਜ਼ਾ ਲਿੰਡਹਾਲ ਅਤੇ ਹਿੰਡਾ ਮਿਲਰ ਦੇ ਹੱਥਾਂ ਵਿੱਚ ਸੀ ।

ਮਿਲਰ ਦੇ ਪਿਤਾ ਤੋਂ ਮਿਲੇ ਪੰਜ ਹਜ਼ਾਰ ਡਾਲਰ ਦੇ ਕਰਜ਼ੇ ਨਾਲ ਦੋਵਾਂ ਜਣੀਆਂ ਨੇ 60 ਦਰਜਨ ਜੌਗ-ਬ੍ਰਾਅ ਦਾ ਪਹਿਲਾ ਬੈਚ ਬਣਾਇਆ ਅਤੇ ਫਿਰ ਖੇਡਾਂ ਦਾ ਸਮਾਨ ਵੇਚਣ ਵਾਲੀਆਂ ਦੁਕਾਨਾਂ ਤੱਕ ਪਹੁੰਚ ਕੀਤੀ।

ਹਿੰਡਾ ਮਿਲਰ ਨੇ ਕਿਹਾ ਕਿ ਉਨ੍ਹਾਂ ਦਾ ਉਤਪਾਦ ਖੇਡਾਂ ਦਾ ਸਾਮਾਨ ਸੀ, ਨਾ ਕਿ ਔਰਤਾਂ ਦਾ ਅੰਦਰੂਨੀ ਕੱਪੜਾ।

ਹਾਲਾਂਕਿ, ਜਦੋਂ ਸਟੋਰ ਦੇ ਮਾਲਕ ਜੋ ਕਿ ਜ਼ਿਆਦਾਤਰ ਮਰਦ ਹੁੰਦੇ ਸਨ, ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ।

ਲੀਜ਼ਾ ਨੇ ਕਿਹਾ, ''ਸਾਨੂੰ ਲਗਭਗ ਹਰ ਵਾਰ ਇਹੀ ਜਵਾਬ ਮਿਲਦਾ ਸੀ ਕਿ ਅਸੀਂ ਆਪਣੇ ਸਟੋਰ ''ਚ ਬ੍ਰਾਅ ਨਹੀਂ ਵੇਚਦੇ।''

ਬ੍ਰਾਅ ਵਿਕਰੀ ਦੀ ਸ਼ੁਰੂਆਤ

ਇਸ ਤੋਂ ਬਾਅਦ ਲੀਜ਼ਾ ਅਤੇ ਹਿੰਡਾ ਨੇ ਵੱਖਰਾ ਰਸਤਾ ਅਪਣਾਇਆ।

ਉਨ੍ਹਾਂ ਨੇ ਸਹਾਇਕ ਸਟੋਰ ਪ੍ਰਬੰਧਕਾਂ ਨਾਲ ਸੰਪਰਕ ਕੀਤਾ - ਜੋ ਕਿ ਜ਼ਿਆਦਾਤਰ ਔਰਤਾਂ ਸਨ।

ਉਨ੍ਹਾਂ ਨੇ ਆਪਣਾ ਜੌਗ-ਬ੍ਰਾਅ ਇਨ੍ਹਾਂ ਸਹਾਇਕ ਸਟੋਰ ਪ੍ਰਬੰਧਕਾਂ ਨੂੰ ਅਜ਼ਮਾਉਣ ਲਈ ਦਿੱਤੀਆਂ।

ਉਨ੍ਹਾਂ ਦੋਵਾਂ ਨੇ ਜੌਗ-ਬ੍ਰਾਅ ਨੂੰ ਇੱਕ ਸਧਾਰਨ ਕਾਲੇ ਡੱਬੇ ਵਿੱਚ ਪੈਕ ਕੀਤਾ ਅਤੇ ਉਨ੍ਹਾਂ ਨੂੰ ਵੱਖੋ-ਵੱਖਰੇ ਕੱਪ ਸਾਈਜ਼ਾਂ ਦੀ ਥਾਂ ਤਿੰਨ ਆਸਾਨ ਭਾਗਾਂ, ਛੋਟੇ, ਦਰਮਿਆਨੇ ਦੇ ਵੱਡੇ ਵਰਗਾਂ ਵਿੱਚ ਵੰਡਿਆ।

ਪਹਿਲਾ ਜੌਗ-ਬ੍ਰਾਅ 1978 ਵਿੱਚ ਬਜ਼ਾਰ ਵਿੱਚ ਲਾਂਚ ਕੀਤਾ ਗਿਆ ਸੀ। ਉਸ ਸਮੇਂ ਇੱਕ ਬ੍ਰਾਅ ਦੀ ਕੀਮਤ $16 ਸੀ।

ਲੀਜ਼ਾ ਅਤੇ ਹਿੰਡਾ ਮਿਲਰ ਨੇ ਦੌੜਨ ''ਤੇ ਕੇਂਦਰਿਤ ਰਸਾਲਿਆਂ ਵਿੱਚ ਆਪਣੇ ਉਤਪਾਦ ਦੀ ਮਸ਼ਹੂਰੀ ਦੇਣੀ ਸ਼ੁਰੂ ਕੀਤੀ।। ਦੋਵਾਂ ਨੇ ਮਾਡਲਿੰਗ ਵੀ ਖੁਦ ਕੀਤੀ ਕਿਉਂਕਿ ਉਹ ਕਿਸੇ ਹੋਰ ਮਾਡਲ ਤੋਂ ਇਹ ਕੰਮ ਕਰਵਾਉਣ ਦਾ ਖਰਚਾ ਚੁੱਕਣ ਦੀ ਹਾਲਤ ਵਿੱਚ ਨਹੀਂ ਸਨ।

ਉਨ੍ਹਾਂ ਦਾ ਨਾਅਰਾ ਸੀ, ''ਮਰਦਾਂ ਦੁਆਰਾ ਬਣਾਈ ਗਈ ਕੋਈ ਵੀ ਬ੍ਰਾਅ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ।''

ਹਿੰਡਾ ਮਿਲਰ ਨੇ ਆਪਣੇ ਇਸ਼ਤਿਹਾਰਾਂ ਵਿੱਚ ''ਡੀਲਰਸ਼ਿਪ ਲਈ ਸੰਪਰਕ ਕਰੋ'' ਜੋੜ ਦਿੱਤਾ। ਹਿੰਡਾ ਨੇ ਦੱਸਿਆ, ''ਮੈਨੂੰ ਉਸ ਸਮੇਂ ਇਹ ਵੀ ਨਹੀਂ ਪਤਾ ਸੀ ਕਿ ਇਸ ਲਾਈਨ ਦਾ ਮਤਲਬ ਕੀ ਹੈ ਹੈ... ਪਰ ਉਹ ਲੋਕ ਕਾਲ ਕਰਨ ਲੱਗੇ''।

ਲਿੰਡਹਾਲ ਹੱਸਦੇ ਹੋਏ ਦੱਸਦੇ ਹਨ, ''ਉਹ ਮੇਰੇ ਘਰ ਫ਼ੋਨ ਕਰਦੇ ਸੀ |''

ਦੋਵਾਂ ਨੇ ਬਹੁਤ ਜਲਦੀ ਸਪੋਰਟਸ-ਬ੍ਰਾਅ ਦਾ ਪਹਿਲਾ ਬੈਚ ਵੇਚ ਦਿੱਤਾ।

ਕਾਰੋਬਾਰੀ ਸੰਸਾਰ ਵਿੱਚ ਦਾਖਲੇ ਦੇ ਪਹਿਲੇ ਸਾਲ ਵਿੱਚ ਹੀ, ਲੀਜ਼ਾ ਅਤੇ ਹਿੰਡਾ ਨੇ ਪੰਜ ਲੱਖ ਡਾਲਰ ਦੀ ਵਿਕਰੀ ਕੀਤੀ ਸੀ। ਉਨ੍ਹਾਂ ਦੀ ਕੰਪਨੀ ਮੁਨਾਫ਼ੇ ਵਿੱਚ ਜਾ ਰਹੀ ਸੀ।

ਅਗਲੇ ਇੱਕ ਦਹਾਕੇ ਤੱਕ ਉਨ੍ਹਾਂ ਦੀ ਦੀ ਕੰਪਨੀ 25% ਪ੍ਰਤੀ ਸਾਲ ਦੀ ਤੇਜ਼ੀ ਨਾਲ ਵਧੀ। ਹਾਲਾਂਕਿ ਇਸ ਦੌਰਾਨ ਲੀਜ਼ਾ ਅਤੇ ਹਿੰਡਾ ਨੂੰ ਵੀ ਕਾਫੀ ਕੁਝ ਸਿੱਖਣ ਨੂੰ ਮਿਲਿਆ।

ਲੀਜ਼ਾ ਨੇ ਦੱਸਿਆ ਕਿ ਇੱਕ ਦਿਨ ਇੱਕ ਸੇਲਜ਼ ਨੁਮਾਇੰਦੇ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਉਹ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹੈ।

ਲੀਜ਼ਾ ਨੇ ਦੱਸਿਆ ਕਿ, ''ਉਸ ਸਮੇਂ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਸੇਲਜ਼ ਨੁਮਾਇੰਦਾ ਕੀ ਹੁੰਦਾ ਹੈ''।

ਲੀਜ਼ਾ ਨੇ ਵਿਕਰੀ ਅਤੇ ਮਾਰਕੀਟਿੰਗ ਅਤੇ ਹਿੰਡਾ ਮਿਲਰ ਨੇ ਉਤਪਾਦਨ ਅਤੇ ਖੇਪ ਦੀ ਜ਼ਿੰਮੇਵਾਰੀ ਸਾਂਭ ਲਈ।

ਉਨ੍ਹਾਂ ਨੇ 200 ਦੇ ਕਰੀਬ ਪੱਕੇ ਮੁਲਾਜ਼ਮ ਰੱਖੇ ਹੋਏ ਸਨ।

ਆਪਣਾ ਕਾਰਖਾਨਾ ਉਹ ਪੁਏਟਰੋ ਰੀਕੋ ਲੈ ਗਏ। ਜੌਗ-ਬ੍ਰਾਅ ਦੇ ਨਾਲ ਵੱਡੀਆਂ ਛਾਤੀਆਂ ਵਾਲੀਆਂ ਔਰਤਾਂ ਲਈ ਜੌਗ-ਬ੍ਰਾਅ ਦੇ ਨਾਲ-ਨਾਲ ਸਪੋਰਟਸ-ਸ਼ੇਪ-ਬ੍ਰਾਅ ਬਣਾਉਣੀ ਸ਼ੁਰੂ ਕਰ ਦਿੱਤੀ।

ਇਸ ਤੋਂ ਇਲਾਵਾ ਉਸ ਨੇ ਦੌੜਦੇ ਸਮੇਂ ਔਰਤਾਂ ਦੇ ਪੇਟ ਨੂੰ ਢੱਕਣ ਲਈ ਟਾਪ ਬਣਾਉਣੇ ਵੀ ਸ਼ੁਰੂ ਕਰ ਦਿੱਤੇ।

ਜਿਵੇਂ-ਜਿਵੇਂ ਜੌਗ-ਬ੍ਰਾਅ ਦੀ ਤਰੱਕੀ ਹੋਈ ਕੰਪਨੀ ਦੀਆਂ ਮਾਲਕਣਾਂ ਦੇ ਆਪਸੀ ਸਬੰਧ ਵਿਗੜਨੇ ਸ਼ੁਰੂ ਹੋ ਗਏ।

ਦੋਵੇਂ ਔਰਤਾਂ ਅਕਸਰ ਆਪੋ ਵਿੱਚ ਝਗੜਦੀਆਂ ਰਹਿੰਦੀਆਂ ਸਨ।

ਲੀਜ਼ਾ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਕੰਪਨੀ ਵਧਦੀ ਗਈ, ਉਵੇਂ ਹੀ ਸਾਡੇ ਵਿਚਕਾਰ ''ਚੀਕ-ਚਿਹਾੜਾ'' ਵਧਦਾ ਗਿਆ।

ਇਸ ਤੋਂ ਬਾਅਦ, ਜੌਗ-ਬ੍ਰਾਅ ਇੰਕ. ਦੇ ਵਿਕਾਸ ਦੀ ਰਫ਼ਤਾਰ 1980 ਦੇ ਦਹਾਕੇ ਦੇ ਅਖੀਰ ਵਿੱਚ ਮੱਧਮ ਪੈ ਗਈ।

ਨਾਈਕੀ ਅਤੇ ਰੀਬੋਕ ਵਰਗੀਆਂ ਕੰਪਨੀਆਂ ਮੁਕਾਬਲੇ ਵਿੱਚ ਟਿਕੇ ਰਹਿਣ ਕੰਪਨੀ ਨੂੰ ਬਹੁਤ ਜ਼ਿਆਦਾ ਕਰਜ਼ਾ ਚੁੱਕਣਾ ਪਿਆ।

1990 ਵਿੱਚ, ਹਿੰਡਾ ਅਤੇ ਲੀਜ਼ਾ ਨੇ ਆਪਣੀ ਕੰਪਨੀ ਜੌਗ-ਬ੍ਰਾਅ ਨੂੰ ਪਲੇਟੇਕਸ ਨੂੰ ਵੇਚ ਦਿੱਤਾ। ਹਾਲਾਂਕਿ ਇਹ ਸੌਦਾ ਕਿਸ ਕੀਮਤ ''ਤੇ ਹੋਇਆ, ਇਸ ਦਾ ਭੇਤ ਨਹੀਂ ਦੱਸਿਆ ਗਿਆ।

ਹਿੰਡਾ ਮਿਲਰ ਨੇ ਕਿਹਾ, ''ਅਸੀਂ ਕੰਪਨੀ ਨੂੰ ਉਸ ਸਮੇਂ ਵੇਚ ਦਿੱਤਾ ਜਦੋਂ ਸਾਨੂੰ ਲੱਗਿਆ ਕਿ ਅਸੀਂ ਬਹੁਤ ਥੱਕ ਗਈਆਂ ਹਾਂ। ਸਾਡੀ ਲੀਡਰਸ਼ਿਪ ਟੀਮ ਵਿੱਚ ਬਹੁਤ ਸਾਰੇ ਝਗੜੇ ਹੋ ਰਹੇ ਹਨ।''

ਮਾਣ ਦੀਆਂ ਘੜੀਆਂ

ਅੱਜ ਉਨ੍ਹਾਂ ਝਗੜਿਆਂ ਦੇ ਜ਼ਖ਼ਮ ਭਰ ਗਏ ਹਨ।

ਹਿੰਦਾ ਮਿਲਰ ਦੱਸਦੇ ਹਨ, "ਅੱਜ ਅਸੀਂ ਉਮਰ ਦੇ ਸੱਤਰਵੇਂ ਸਾਲ ਤੋਂ ਉੱਪਰ ਹਾਂ ਅਤੇ ਅਸੀਂ ਸਾਰੇ ਜਿਉਂਦੀਆਂ ਹਾਂ, ਇਸ ਲਈ ਅਸੀਂ ਉਸ ਸਫ਼ਲਤਾ ''ਤੇ ਸਿਰਫ ਮੁਸਕਰਾ ਸਕਦੀਆਂ ਹਾਂ। ਉਸ ਸਮੇਂ ਅਸੀਂ ਚਾਹੁੰਦੇ ਸੀ ਕਿ ਵੱਧ ਤੋਂ ਵੱਧ ਲੋਕਾਂ ਕੋਲ ਜੌਗ-ਬ੍ਰਾਅ ਪਹੁੰਚੇ ਅਤੇ ਇਹ ਅਸੀਂ ਕਰ ਦਿਖਾਇਆ। ਅਸੀਂ ਇਸ ਵਿੱਚ ਸਫਲ ਰਹੀਆਂ।"

ਪੌਲੀ ਪਾਮਰ ਸਮਿੱਥ ਨੇ ਕਿਹਾ, ''ਜਦੋਂ ਅਸੀਂ ਖੋਜੀਆਂ ਦੀ ਸੂਚੀ ਵਿੱਚ ਹੋਰ ਲੋਕਾਂ ਦੇ ਨਾਲ ਆਪਣਾ ਨਾਮ ਦੇਖਿਆ, ਤਾਂ ਅਸੀਂ ਕਿਹਾ ਕਿ ਅਸੀਂ ਤਾਂ ਬੱਸ ਡਾਕ ਟਿਕਟ ਚਿਪਕਾਉਣ ਦੀ ਕਾਢ ਕੱਢੀ ਹੈ... ਅਸੀਂ ਇਸ ਬਾਰੇ ਇੰਨੇ ਗੰਭੀਰ ਵੀ ਨਹੀਂ ਸੀ।''

ਹਾਲਾਂਕਿ, ਜੌਗ-ਬ੍ਰਾਅ ਦੀਆਂ ਤਿੰਨਾਂ ਮੋਢੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਅੱਜ ਔਰਤਾਂ ਦੇ ਸਪੋਰਟਸ-ਬ੍ਰਾਅ ਪਾਈ ਦੇਖਦੀਆਂ ਹਨ ਤਾਂ ਉਹ ਬਹੁਤ ਉਤਸ਼ਾਹਿਤ ਹੋ ਜਾਂਦੀਆਂ ਹਨ, ਕਿਉਂਕਿ ਜ਼ਿਆਦਾਤਰ ਸਪੋਰਟਸ-ਬ੍ਰਾਅ ਉਨ੍ਹਾਂ ਦੇ ਪਹਿਲੇ ਜੌਗ-ਬ੍ਰਾਅ ਵਰਗੀਆਂ ਹੀ ਦਿਖਦੀਆਂ ਹਨ, ਜੋ ਦੋ ਜੌਕਸਟ੍ਰੈਪ ਨੂੰ ਇਕੱਠਿਆਂ ਸਿਊਂ ਕੇ ਬਣਾਈ ਗਈ ਸੀ।

ਪੋਲੀ ਦਾ ਕਹਿਣਾ ਹੈ ਕਿ, ''ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਅਤੇ ਸਾਨੂੰ ਉਨ੍ਹਾਂ ਦੇ ਸਪੋਰਟਸ-ਬ੍ਰਾਅ ਪਾਈ ਦੇਖ ਕੇ ਹੈਰਾਨੀ ਵੀ ਹੁੰਦੀ ਹੈ।''

ਉਨ੍ਹਾਂ ਨੇ ਕਿਹਾ ਕਿ ਮੇਰਾ ਉਨ੍ਹਾਂ ਔਰਤਾਂ ਨੂੰ ਇਹ ਕਹਿਣ ਨੂੰ ਮਨ ਕਰਦਾ ਹੈ, ''ਸੁਣੋ, ਮੈਂ ਇਹ ਬਣਾਈ ਹੈ।''

ਇਹ ਵੀ ਪੜ੍ਹੋ:

  • 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
  • ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
  • ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ

https://www.youtube.com/watch?v=kcW2eO_p0e0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f1d9430d-cc1f-4bcf-a5bc-aff41034ab0f'',''assetType'': ''STY'',''pageCounter'': ''punjabi.international.story.61450684.page'',''title'': ''ਦੋ ਭੈਣਾਂ ਦੀ ਲੰਗੋਟ ਤੋਂ ਸਪੋਰਟਸ ਬ੍ਰਾਅ ਦੀ ਕਾਢ ਕੱਢਣ ਦੀ ਕਹਾਣੀ'',''author'': ''ਹਾਲੀ ਹੌਂਡੇਰਿਚ'',''published'': ''2022-05-15T05:26:38Z'',''updated'': ''2022-05-15T05:26:38Z''});s_bbcws(''track'',''pageView'');