ਪੰਜਾਬ ਚੋਣਾਂ: ਪ੍ਰਕਾਸ਼ ਸਿੰਘ ਬਾਦਲ ਦਾ ਦਾਅਵਾ ਹੈ ਕਿ ਉਨ੍ਹਾਂ 17 ਸਾਲ ਜੇਲ੍ਹ ਕੱਟੀ ਸੀ ਪਰ ਇਹ ਕਿੰਨਾ ਸੱਚ ਹੈ

01/27/2022 11:55:33 AM

Getty Images

ਪ੍ਰਕਾਸ਼ ਸਿੰਘ ਬਾਦਲ ਭਾਰਤੀ ਸਿਆਸਤ ਦੇ ਵੱਡੇ ਕੱਦ ਵਾਲੇ ਖੇਤਰੀ ਆਗੂਆਂ ਵਿੱਚ ਸ਼ੁਮਾਰ ਹਨ।

ਉਹ ਪੰਜਾਬ ਦੇ 5 ਵਾਰ ਮੁੱਖ ਮੰਤਰੀ ਬਣੇ ਅਤੇ 1996 ਤੋਂ 2008 ਤੱਕ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਵਜੋਂ ਕੰਮ ਕਰਦੇ ਰਹੇ।

1970 ਵਿੱਚ ਬਾਦਲ 43 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਕਿਸੇ ਭਾਰਤੀ ਸੂਬੇ ਦੇ ਮੁੱਖ ਮੰਤਰੀ ਬਣਨ ਵਾਲੇ ਸਭ ਤੋਂ ਛੋਟੀ ਉਮਰ ਦੇ ਆਗੂ ਸਨ।

2017 ਵਿੱਚ ਜਦੋਂ ਉਨ੍ਹਾਂ ਦਾ 5ਵਾਂ ਕਾਰਜਕਾਲ ਪੂਰਾ ਹੋਇਆ ਤਾਂ ਉਹ 90 ਸਾਲ ਦੀ ਉਮਰ ਦੇ ਕਿਸੇ ਭਾਰਤੀ ਸੂਬੇ ਦੇ ਸਭ ਤੋਂ ਵਡੇਰੀ ਉਮਰ ਦੇ ਮੁੱਖ ਮੰਤਰੀ ਸਨ।

ਉਹ ਕੇਂਦਰ ਵਿੱਚ ਚੌਧਰੀ ਚਰਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਿੱਚ ਮੰਤਰੀ ਬਣੇ, ਪਰ ਉਨ੍ਹਾਂ ਮੁੜ ਕੇ ਕਦੇ ਵੀ ਕੇਂਦਰ ਵੱਲ ਨਹੀਂ ਤੱਕਿਆ ਅਤੇ ਆਪਣਾ ਪੂਰਾ ਧਿਆਨ ਸੂਬਾਈ ਸਿਆਸਤ ਉੱਤੇ ਕ੍ਰੇਂਦਿਤ ਕੀਤਾ।

ਪ੍ਰਕਾਸ਼ ਸਿੰਘ ਬਾਦਲ ਭਾਵੇਂ ਕਿ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੀ ਅਕਾਲੀ ਪਾਰਟੀ ਦੇ ਆਗੂ ਹਨ, ਪਰ ਉਨ੍ਹਾਂ ਹਿੰਦੂਤਵੀ ਸੋਚ ਵਾਲੀ ਭਾਜਪਾ ਨਾਲ ਗਠਜੋੜ ਕਰਕੇ ਸੱਤਾ ਹਾਸਲ ਕੀਤੀ।

ਬਾਦਲ ਦੇ ਵਿਰੋਧੀ ਵੀ ਉਨ੍ਹਾਂ ਦੀ ਠਰ੍ਹਮੇ ਤੇ ਗਹਿਰਾਈ ਵਾਲੀ ਸਿਆਸਤ ਦੇ ਕਾਇਲ ਹਨ।

ਬਾਦਲ ਦੇ ਮੁੱਖ ਮੰਤਰੀ ਵਜੋਂ 2012-2017 ਵਾਲੇ ਕਾਰਜ ਦੌਰਾਨ ਦੋ ਵਾਰ ਅਜਿਹਾ ਵਾਪਰਿਆ।

ਪਹਿਲੀ ਵਾਰ ਕਾਂਗਰਸ ਅਤੇ ਦੂਜੀ ਵਾਰ ਆਮ ਆਦਮੀ ਪਾਰਟੀ ਉਨ੍ਹਾਂ ਦੀ ਰਿਹਾਇਸ਼ ਅੱਗੇ ਧਰਨਾ ਦੇਣ ਆਏ ਤਾਂ ਬਾਦਲ ਨੇ ਉਨ੍ਹਾਂ ਲਈ ਟੈਂਟ ਲੁਆ ਦਿੱਤਾ ਅਤੇ ਆਪ ਸਵਾਗਤ ਲਈ ਗੇਟ ਉੱਤੇ ਪਹੁੰਚ ਕੇ ਗੱਲਬਾਤ ਸੁਣੀ।

2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਇਸ ਸਮੇਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਚੋਣ ਮੁਹਿੰਮ ਚਲਾ ਰਿਹਾ ਹੈ।

ਸੁਖਬੀਰ ਬਾਦਲ ਨੇ ਇਹ ਐਲਾਨ ਕੀਤਾ ਹੈ ਕਿ ਪੱਕਾਸ਼ ਸਿੰਘ ਬਾਦ ਮੁੜ ਲੰਬੀ ਤੋਂ ਚੋਣ ਲੜਨਗੇ।

ਇਹ ਵੀ ਪੜ੍ਹੋ:

  • ਪੰਜਾਬ ਚੋਣਾਂ 2022: ਮੁੱਖ ਮੰਤਰੀ ਦੇ 6 ਚਿਹਰੇ, ਕਿਸਦਾ ਕੀ ਹੈ ਪੌਜ਼ਿਟਿਵ ਅਤੇ ਨੈਗੇਟਿਵ ਪੱਖ਼
  • ਈਡੀ ਦੀ ਰੇਡ, ''ਮੀ ਟੂ'' ਦੇ ਇਲਜ਼ਾਮ ਅਤੇ ਅਗਲੀ ਰਣਨੀਤੀ ਬਾਰੇ ਚਰਨਜੀਤ ਸਿੰਘ ਚੰਨੀ ਨੇ ਕੀ ਦਿੱਤੇ ਜਵਾਬ
  • ਪੰਜਾਬ ਚੋਣਾਂ 2022: ਡੇਰੇ ਪੰਜਾਬ ਦੀਆਂ ਕਿੰਨੀਆਂ ਸੀਟਾਂ ਦੇ ਨਤੀਜੇ ਤੈਅ ਕਰ ਸਕਦੇ ਹਨ

ਆਓ ਜਾਣਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਜ਼ਿੰਦਗੀ ਨਾਲ ਜੁੜੇ ਅਹਿਮ ਪਲਾਂ ਉੱਤੇ ਝਾਤ

ਬਾਦਲ ਦਾ ਜਨਮ ਤੇ ਸਿੱਖਿਆ

ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ-ਖੁਰਾਣਾ ਵਿੱਚ 8 ਦਸੰਬਰ 1927 ਨੂੰ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਸੁੰਦਰੀ ਕੌਰ ਅਤੇ ਪਿਤਾ ਦਾ ਨਾਂ ਰਘੂਰਾਜ ਸਿੰਘ ਸੀ।

ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਇੱਕ ਸਥਾਨਕ ਅਧਿਆਪਕ ਤੋਂ ਲਈ ਅਤੇ ਫਿਰ ਉਹ ਲੰਬੀ ਦੇ ਸਕੂਲ ਵਿੱਚ ਪੜ੍ਹਨ ਲੱਗੇ ਜਿੱਥੇ ਉਹ ਬਾਦਲ ਪਿੰਡ ਤੋਂ ਘੋੜੀ ਉੱਤੇ ਪੜ੍ਹਨ ਜਾਇਆ ਕਰਦੇ ਸਨ।

ਹਾਈ ਸਕੂਲ ਦੀ ਪੜ੍ਹਾਈ ਲਈ ਉਹ ਫਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਵਿੱਚ ਗਏ।

Getty Images

ਕਾਲਜ ਦੀ ਪੜ੍ਹਾਈ ਲਈ ਉਨ੍ਹਾਂ ਸਿੱਖ ਕਾਲਜ ਲਾਹੌਰ ਵਿਚ ਦਾਖਲ ਲਿਆ, ਪਰ ਮਾਈਗ੍ਰੇਸ਼ਨ ਲੈ ਕੇ ਉਹ ਫੋਰਮਨ ਕ੍ਰਿਸ਼ਚੀਅਨ ਕਾਲਜ ਵਿਚ ਦਾਖਲ ਹੋ ਗਏ ਅਤੇ ਇੱਥੋਂ ਹੀ ਉਨ੍ਹਾਂ ਆਪਣੀ ਗਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ।

ਉਹ ਵਕੀਲ ਬਣਨਾ ਚਾਹੁੰਦੇ ਸਨ ਪਰ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਦੇ ਪ੍ਰਭਾਵ ਹੇਠ ਉਹ ਸਿਆਸਤ ਵਿੱਚ ਆ ਗਏ।

1957 ਵਿੱਚ ਪਹਿਲੀ ਵਾਰ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ।

ਸਰਪੰਚੀ ਤੋਂ ਸਿਆਸਤ ਦੀ ਸ਼ੁਰੂਆਤ

ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਦੀ ਸ਼ੁਰੂਆਤ 1947 ਤੋਂ ਹੋਈ। ਉਹ ਆਪਣੇ ਪਿਤਾ ਰਘੂਰਾਜ ਸਿੰਘ ਵਾਂਗ ਬਾਦਲ ਪਿੰਡ ਦੇ ਸਰਪੰਚ ਬਣੇ। ਫੇਰ ਉਹ ਲੰਬੀ ਬਲਾਕ ਸਮਿਤੀ ਦੇ ਚੇਅਰਮੈਨ ਨਿਯੁਕਤ ਹੋਏ।

1956 ਵਿੱਚ ਜਦੋਂ ਪੈਪਸੂ ਸਟੇਟ ਪੰਜਾਬ ਵਿੱਚ ਸ਼ਾਮਲ ਹੋਈ ਤਾਂ ਕਾਂਗਰਸ ਅਤੇ ਅਕਾਲੀ ਦਲ ਨੇ ਮਿਲ ਕੇ ਚੋਣਾਂ ਲੜੀਆਂ।

ਪ੍ਰਕਾਸ਼ ਸਿੰਘ ਬਾਦਲ ਵੀ ਦੂਜੇ ਅਕਾਲੀਆਂ ਵਾਂਗ 1957 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਕੇ ਪਹਿਲੀ ਵਾਰ ਵਿਧਾਇਕ ਬਣੇ।

ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਆਗੂਆਂ ਦੀ ਕੈਟੇਗਰੀ ਵਿੱਚ ਆਉਂਦੇ ਹਨ, ਜਿਹੜੇ ਅਕਾਲੀ ਦਲ ਨੂੰ ਵੱਖਰੀ ਹੋਂਦ ਦੀ ਕਾਇਮੀ ਅਤੇ ਮੁਲਕ ਵਿੱਚ ਖੇਤਰੀ ਪਾਰਟੀਆਂ ਨੂੰ ਸ਼ਕਤੀਸ਼ਾਲੀ ਕਰਨ ਦੇ ਮੁੱਦਈ ਰਹੇ ਹਨ।

ਇਹ ਗੱਲ ਵੱਖਰੀ ਹੈ ਕਿ ਜਦੋਂ 1997 ਵਿੱਚ ਮੁਲਕ ਦੀਆਂ ਖੇਤਰੀ ਪਾਰਟੀਆਂ ਨੇ ਕਾਂਗਰਸ ਦਾ ਸਮਰਥਨ ਲੈ ਕੇ ਐਚ. ਡੀ. ਦੇਵਗੋੜਾ ਦੀ ਅਗਵਾਈ ਵਿੱਚ ਸਰਕਾਰ ਬਣਾਈ ਤਾਂ ਪ੍ਰਕਾਸ਼ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐੱਨਡੀਏ ਦੇ ਹੱਕ ਵਿੱਚ ਭੁਗਤ ਗਏ।

ਪ੍ਰਕਾਸ਼ ਸਿੰਘ ਬਾਦਲ ਖੁਦ ਕਹਿੰਦੇ ਹਨ ਕਿ ਉਹ ਸ਼ੁਰੂ ਤੋਂ ਹੀ ਕਾਂਗਰਸ ਦੇ ਕੱਟੜ ਆਲੋਚਕ ਰਹੇ ਹਨ। ਪੰਜਾਬੀ ਸੂਬੇ ਮੋਰਚੇ ਤੋਂ ਲੈ ਕੇ ਧਰਮਯੁੱਧ ਮੋਰਚੇ ਤੱਕ ਅਤੇ ਪੰਜਾਬ ਵਿੱਚ ਸੱਤਾ ਦੀ ਲੜਾਈ ਲਈ ਉਨ੍ਹਾਂ ਨੂੰ ਹਮੇਸ਼ਾ ਕਾਂਗਰਸ ਨਾਲ ਟੱਕਰ ਲੈਣੀ ਪਈ ਹੈ।

ਇੱਕ ਟੀਵੀ ਇੰਟਰਵਿਊ ਦੌਰਾਨ ਉਹ ਕਾਂਗਰਸ ਦੇ ਟਿਕਟ ਤੋਂ ਵਿਧਾਇਕ ਬਣ ਕੇ ਅਕਾਲੀ ਦਲ ਵਿੱਚ ਜਾਣ ਬਾਰੇ ਉਹ ਕਹਿੰਦੇ ਹਨ, ''''ਕਾਂਗਰਸ ਉੱਤੇ ਮੈਨੂੰ ਸ਼ੁਰੂ ਤੋਂ ਹੀ ਕਦੇ ਵੀ ਭਰੋਸਾ ਨਹੀਂ ਰਿਹਾ।''''

ਨੌਜਵਾਨ ਤੇ ਬਜ਼ੁਰਗ ਮੁੱਖ ਮੰਤਰੀ

ਪ੍ਰਕਾਸ਼ ਸਿੰਘ ਬਾਦਲ ਨੇ 1969-70 ਦੀਆਂ ਮੱਧਵਰਤੀ ਚੋਣਾਂ ਅਕਾਲੀ ਦਲ ਦੀ ਟਿਕਟ ਉੱਤੇ ਲੜੀਆਂ ਅਤੇ ਉਹ ਪਹਿਲੀ ਵਾਰ ਬਣੀ ਪੰਜਾਬ ਦੀ ਗੈਰ-ਕਾਂਗਰਸੀ ਸਰਕਾਰ ਵਿੱਚ ਮੰਤਰੀ ਬਣੇ।

ਜਸਟਿਸ ਗੁਰਨਾਮ ਸਿੰਘ ਦੀ ਇਹ ਸਰਕਾਰ ਜਨ-ਸੰਘ (ਮੌਜੂਦਾ ਭਾਰਤੀ ਜਨਤਾ ਪਾਰਟੀ) ਦੇ ਸਹਿਯੋਗ ਨਾਲ ਬਣੀ ਸੀ ਅਤੇ ਦੂਜੀ ਵਾਰ ਦੇ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਇਸ ਸਰਕਾਰ ਦੇ ਵਿਕਾਸ ਵਿਭਾਗ ਦੇ ਮੰਤਰੀ ਬਣੇ।

ਉਨ੍ਹਾਂ ਪੰਚਾਇਤੀ ਰਾਜ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਮੰਤਰਾਲਿਆਂ ਦੀ ਜ਼ਿੰਮੇਵਾਰੀ ਵੀ ਨਿਭਾਈ।

1970 ਵਿੱਚ ਹੀ ਰਾਜ ਸਭਾ ਚੋਣਾਂ ਦੌਰਾਨ ਅਕਾਲੀ ਉਮੀਦਵਾਰ ਦੀ ਹਾਰ ਕਾਰਨ ਤਤਕਾਲੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਨੇ ਜਸਟਿਸ ਗੁਰਨਾਮ ਸਿੰਘ ਨੂੰ ਅਹੁਦੇ ਤੋਂ ਫਾਰਗ ਕਰਕੇ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਵਾ ਦਿੱਤਾ।

ਪਹਿਲੀ ਵਾਰ ਮੁੱਖ ਮੰਤਰੀ ਬਣਨ ਸਮੇਂ ਪ੍ਰਕਾਸ਼ ਸਿੰਘ ਬਾਦਲ ਸਿਰਫ਼ 43 ਸਾਲ ਦੇ ਸਨ। ਉਹ 1967 ਵਿੱਚ ਇੱਕ ਵਾਰ ਚੋਣ ਹਾਰੇ, ਇਸ ਤੋਂ ਬਾਅਦ 1969 ਤੋਂ ਲੈ ਕੇ ਮੌਜੂਦਾ ਸਮੇਂ ਤੱਕ ਉਹ ਲੰਬੀ ਤੋਂ ਕਦੇ ਵੀ ਚੋਣ ਨਹੀਂ ਹਾਰੇ।

ਦੂਜੀ ਵਾਰ 1976 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵਲੋਂ ਮੁਲਕ ਵਿੱਚ ਲਾਈ ਐਮਰਜੈਂਸੀ ਕਾਰਨ ਕਾਂਗਰਸ ਖ਼ਿਲਾਫ਼ ਪੈਦਾ ਮਾਹੌਲ ਦਾ ਫਾਇਦਾ ਗੈਰ-ਕਾਂਗਰਸੀ ਦਲਾਂ ਨੂੰ ਮਿਲਿਆ।

1977 ਦੀਆਂ ਚੋਣਾਂ ਵਿਚੱ ਅਕਾਲੀ ਦਲ, ਜਨਤਾ ਪਾਰਟੀ ਨੇ ਮਿਲ ਕੇ ਸਰਕਾਰ ਬਣਾਈ ਅਤੇ ਪ੍ਰਕਾਸ਼ ਸਿੰਘ ਬਾਦਲ ਦੂਜੀ ਵਾਰ ਮੁੱਖ ਮੰਤਰੀ ਬਣੇ। ਇਸ ਵਾਰ ਉਹ 1977 ਤੋਂ 1980 ਤੱਕ ਸੱਤਾ ਵਿੱਚ ਰਹੇ।

ਇਸ ਤੋਂ ਬਾਅਦ ਉਹ 1997 ਤੋਂ 2002 ਤੱਕ ਤੀਜੀ ਵਾਰ ਮੁੱਖ ਮੰਤਰੀ ਬਣੇ ਅਤੇ ਪਹਿਲੀ ਵਾਰ 5 ਸਾਲ ਰਾਜ ਕੀਤਾ।

ਫੇਰ ਬਾਦਲ ਨੇ 2007-2012 ਅਤੇ 2012 ਤੋਂ 2017 ਵਿੱਚ ਲਗਾਤਾਰ ਦੋ ਵਾਰ ਮੁੱਖ ਮੰਤਰੀ ਬਣ ਕੇ ਪੰਜਾਬ ਦਾ ਨਵਾਂ ਸਿਆਸੀ ਰਿਕਾਰਡ ਬਣਾਇਆ।

ਫਰਬਰੀ 2017 ਵਿੱਚ ਜਦੋਂ ਅਕਾਲੀ ਦਲ ਦੀ ਹਾਰ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਅਸਤੀਫ਼ਾ ਦਿੱਤਾ ਤਾਂ ਉਨ੍ਹਾਂ ਦੀ ਉਮਰ 90 ਸਾਲ ਸੀ।

ਮੋਰਚੇ ਅਤੇ ਸੰਘਰਸ਼ ਦੀ ਗੁੜ੍ਹਤੀ

ਅਕਾਲੀ ਦਲ ਦਾ ਸੰਘਰਸ਼ ਨਾਲ ਵਾਸਤਾ ਮੁੱਢ ਤੋਂ ਹੀ ਰਿਹਾ, ਭਾਵੇਂ ਉਹ ਭਾਰਤ ਦੀ ਆਜ਼ਾਦੀ ਦੀ ਲੜਾਈ ਹੋਵੇ, ਗੁਰਦੁਆਰਾ ਸੁਧਾਰ ਲਹਿਰ ਜਾਂ ਆਜ਼ਾਦੀ ਤੋਂ ਬਾਅਦ ਪੰਥਕ ਤੇ ਪੰਜਾਬ ਮਸਲਿਆਂ ਦੀ ਹੋਵੇ।

ਅਕਾਲੀ ਦਲ ਇਨ੍ਹਾਂ ਸਾਰੇ ਹੀ ਘੋਲਾਂ ਵਿੱਚ ਮੋਹਰੀ ਰਿਹਾ ਹੈ। ਮਾਸਟਰ ਤਾਰਾ ਸਿੰਘ ਅਤੇ ਹੋਰ ਟਕਸਾਲੀ ਪੰਥਕ ਆਗੂਆਂ ਦੀ ਸੰਗਤ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਜ਼ਾਬਤੇਬੱਧ ਤੇ ਵਫ਼ਾਦਾਰ ਕਾਡਰ ਬਣਾਇਆ।

ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਇੱਕ ਲੇਖ ਵਿੱਚ ਲਿਖਦੇ ਹਨ, ਪ੍ਰਕਾਸ਼ ਸਿੰਘ ਬਾਦਲ ਵਿੱਚ ਜੋ ਸਭ ਤੋਂ ਵੱਡਾ ਗੁਣ ਉਨ੍ਹਾਂ ਦੇਖਿਆ ਕਿ ਉਹ ਪਾਰਟੀ ਦੇ ਵਫ਼ਾਦਾਰ ਰਹੇ ਅਤੇ ਬਿਨਾਂ ਕਿਸੇ ਕਿੰਤੂ-ਪਰੰਤੂ ਫੈਸਲੇ ਉੱਤੇ ਅਮਲ ਕਰਦੇ ਸਨ।

ਉਹ ਲਿਖਦੇ ਹਨ ਕਿ ਕਈ ਫੈਸਲੇ ਬਾਦਲ ਨੂੰ ਨਿੱਜੀ ਤੌਰ ''ਤੇ ਪਸੰਦ ਨਹੀਂ ਸਨ, ਪਰ ਉਹ ਪਾਰਟੀ ਵਲੋਂ ਲਾਈ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦੇ।

ਤਰਲੋਚਨ ਸਿੰਘ ਅੱਗੇ ਲਿਖਦੇ ਹਨ, ''''1983 ਵਿੱਚ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਫੈਸਲਾ ਕੀਤਾ ਕਿ ਸੰਵਿਧਾਨ ਦੀ ਧਾਰਾ 25 ਵਿੱਚ ਸੋਧ ਦੀ ਮੰਗ ਤਹਿਤ ਅਕਾਲੀ ਆਗੂ ਸੰਵਿਧਾਨ ਦੀਆਂ ਕਾਪੀਆਂ ਪਾੜਨ੍ਹਗੇ। ਗਿਆਨੀ ਜ਼ੈਲ ਸਿੰਘ ਨੇ ਮੇਰੀ ਡਿਊਟੀ ਲਗਾਈ ਕਿ ਮੈਂ ਉਨ੍ਹਾਂ ਨੂੰ ਰੋਕਾਂ, ਮੈਂ ਦੋਵਾਂ ਦੀ ਫੋਨ ਉੱਤੇ ਗੱਲ ਕਰਵਾ ਦਿੱਤੀ। ਪਰ ਪ੍ਰਕਾਸ਼ ਸਿੰਘ ਬਾਦਲ ਨਹੀਂ ਮੰਨੇ ਉਨ੍ਹਾਂ ਕਿਹਾ ਕਿ ਉਹ ਸੰਤ ਲੌਂਗੋਵਾਲ ਦੇ ਹੁਕਮਾਂ ਤੋਂ ਬਿਨਾਂ ਨਹੀਂ ਰੁਕ ਸਕਦੇ।''''

ਤਰਲੋਚਨ ਸਿੰਘ ਇਹ ਵੀ ਦਾਅਵਾ ਕਰਦੇ ਹਨ ਕਿ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਅਕਾਲੀ ਦਲ ਨਾਲ ਸਮਝੌਤੇ ਦੇ ਮੂਡ ਵਿੱਚ ਸੀ। ਕਿਸੇ ਸਿੱਖ ਆਗੂ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ।

ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੇ ਹੁਕਮਾਂ ਮੁਤਾਬਕ ਪਹਿਲੇ ਜਥੇ ਵਿੱਚ ਹੀ ਗ੍ਰਿਫ਼ਤਾਰੀ ਦਿੱਤੀ ਅਤੇ 19 ਮਹੀਨੇ ਜੇਲ੍ਹ ਵਿੱਚ ਰਹੇ।

ਗਿਆਨੀ ਕਰਤਾਰ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਆਪਣਾ ਸਿਆਸੀ ਗੁਰੂ ਮੰਨਦੇ ਹਨ। ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਵਰਗੇ ਵੱਡੇ ਆਗੂਆਂ ਦੀ ਅਗਵਾਈ ਵਿੱਚ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਵਿੱਚ ਸਰਗਰਮ ਰਹੇ।

ਉਨ੍ਹਾਂ ਪੰਜਾਬੀ ਸੂਬਾ ਮੋਰਚਾ, ਕਪੂਰੀ ਮੋਰਚਾ ਅਤੇ ਧਰਮ ਯੁੱਧ ਮੋਰਚਿਆਂ ਵਿੱਚ ਸਰਗਰਮੀ ਨਾਲ ਸ਼ਮੂਲੀਅਤ ਕੀਤੀ। ਉਨ੍ਹਾਂ ਦੀ ਜ਼ਿੰਦਗੀ ਦੇ ਕਈ ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਵੀ ਬੀਤੇ ਹਨ।

ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਆਪ ਮੀਡੀਆ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ 17 ਸਾਲ ਜੇਲ੍ਹ ਕੱਟੀ ਹੈ।

ਪੰਜਾਬ ਸਰਕਾਰ ਦੇ ਮੈਗਜ਼ੀਨ ''''ਜਾਗ੍ਰਿਤੀ'''' ਦੇ ਦਸੰਬਰ 2012 ਦੇ ਅੰਕ ਵਿੱਚ ਇੱਕ ਸੀਨੀਅਰ ਪੱਤਰਕਾਰ ਇਰਵਿਨ ਖੰਨਾ ਨੇ ਤਾਂ ਬਾਦਲ ਦੇ 25 ਸਾਲ ਜੇਲ੍ਹ ਵਿਚ ਕੱਟਣ ਦਾ ਦਾਅਵਾ ਕੀਤਾ ਹੈ।

ਬਾਦਲ ਦੇ ਸਮਰਥਕ ਉਨ੍ਹਾਂ ਨੂੰ ਨੈਲਸਨ ਮੰਡੇਲਾ ਤੋਂ ਬਾਅਦ ਦੂਜਾ ਸਭ ਤੋਂ ਵੱਧ ਜੇਲ੍ਹ ਕੱਟਣ ਵਾਲਾ ਸਿਆਸਤਦਾਨ ਦੱਸਦੇ ਹਨ।

ਉਨ੍ਹਾਂ ਦੀ ਵਜਾਰਤ ਦੇ ਇੱਕ ਭਾਜਪਾ ਦੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਤਾਂ 2011 ਵਿੱਚ ਉਨ੍ਹਾਂ ਨੂੰ ਨੋਬਲ ਪੀਸ ਪੁਰਸਕਾਰ ਦੇਣ ਦੀ ਮੰਗ ਤੱਕ ਕਰ ਦਿੱਤੀ ਸੀ।

ਪਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦਾਅਵੇ ਨੂੰ ਕੋਰਾ ਝੂਠ ਦੱਸਦੇ ਹੋਏ ਕਹਿੰਦੇ ਹਨ ਕਿ ਇਸ ਦਾ ਕੋਈ ਰਿਕਾਰਡ ਨਹੀਂ ਹੈ।

14 ਫਰਵਰੀ 2014 ਨੂੰ ਨਿਊਜ਼ -18 ਦੀ ਵੈੱਬਸਾਇਟ ਉੱਤੇ ਛਪੀ ਇੱਕ ਰਿਪੋਰਟ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਦੇ ਦਾਅਵੇ ਨੂੰ ''''ਝੂਠ ਦਾ ਪੁਲੰਦਾ'''' ਕਿਹਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਬਾਦਲ ਨੇ ਅਸਲ ਵਿਚ 5 ਸਾਲ ਤੋਂ ਵੱਧ ਜੇਲ੍ਹ ਨਹੀਂ ਕੱਟੀ ਹੈ। ਉਨ੍ਹਾਂ ਨੇ ਅਸਲ ਜੇਲ੍ਹ 18 ਮਹੀਨੇ ਐਮਰਜੈਂਸੀ ਦੌਰਾਨ (1975-77) ਹੀ ਜੇਲ੍ਹ ਕੱਟੀ, ਬਾਕੀ ਦਾ ਸਮਾਂ ਤਾਂ ਆਰਾਮ ਨਾਲ ਸਟੇਟ ਗੈਸਟ ਹਾਊਸਿਜ਼ ਵਿੱਚ ਹੀ ਕੱਟਿਆ ਅਤੇ ਇਹ ਸਾਰਾ ਸਮਾਂ 5 ਸਾਲ ਤੋਂ ਵੱਧ ਨਹੀਂ ਬਣਦਾ ਹੈ।''''

ਪਰਿਵਾਰਵਾਦ ਤੇ ਲਿਫ਼ਾਫਾ ਕਲਚਰ

ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਵਿੱਚ ਕਈ ਦਹਾਕਿਆਂ ਤੋਂ ਬਿਨਾਂ ਸ਼ੱਕ ਸਿਰਮੌਰ ਆਗੂ ਚਲੇ ਆ ਰਹੇ ਹਨ।

ਉਹ 1996 ਤੋਂ 2008 ਤੱਕ ਅਕਾਲੀ ਦੇ ਆਪ ਪ੍ਰਧਾਨ ਰਹੇ ਅਤੇ ਉਨ੍ਹਾਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਸੌਂਪ ਦਿੱਤੀ।

ਪ੍ਰਕਾਸ਼ ਸਿੰਘ ਬਾਦਲ ਨਾਲ ਜਿਹੜਾ ਸਭ ਤੋਂ ਵੱਡਾ ਵਿਵਾਦ ਜੁੜਦਾ ਹੈ, ਉਹ ਹੈ ਪਰਿਵਾਰਵਾਦ ਦਾ।

ਪ੍ਰਕਾਸ਼ ਸਿੰਘ ਬਾਦਲ ਜਦੋਂ ਸੱਤਾ ਵਿੱਚ ਆਏ ਤਾਂ ਇੱਕ ਸਮੇਂ ਉਹ ਆਪ ਮੁੱਖ ਮੰਤਰੀ ਸਨ, ਪੁੱਤਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ, ਭਤੀਜਾ ਮਨਪ੍ਰੀਤ ਬਾਦਲ ਵਿੱਤ ਮੰਤਰੀ, ਜਵਾਈ ਆਦੇਸ਼ ਪ੍ਰਤਾਪ ਕੈਰੋਂ, ਸਿਵਲ ਸਪਲਾਈ ਮੰਤਰੀ ਤੇ ਪੁੱਤਰ ਦਾ ਸਾਲਾ ਬਿਕਰਮ ਸਿੰਘ ਮਜੀਠੀਆ ਲੋਕ ਸੰਪਰਕ ਮੰਤਰੀ।

ਦੂਜੇ ਕਾਰਜਕਾਲ ਵਿੱਚ ਤਾਂ ਉਨ੍ਹਾਂ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਸੌਂਪ ਦਿੱਤਾ। ਇਹ ਗੱਲ ਵੱਖਰੀ ਹੈ ਕਿ ਸ਼ਰੀਕੇਬਾਜ਼ੀ ਕਾਰਨ ਮਨਪ੍ਰੀਤ ਬਾਦਲ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਚਲਾ ਗਿਆ, ਜਦੋਂ 2017 ਵਿੱਚ ਕਾਂਗਰਸ ਸਰਕਾਰ ਬਣੀ ਤਾਂ ਉਹ ਉੱਥੇ ਵੀ ਵਿੱਤ ਮੰਤਰੀ ਬਣ ਗਿਆ।

Getty Images
ਅਕਾਲੀ ਦਲ ਗਾਂਧੀ ਪਰਿਵਾਰ ਦੇ ਜਿਸ ਪਰਿਵਾਰਵਾਦ ਦਾ ਵਿਰੋਧ ਕਰਦਾ ਸੀ ਉਸੇ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ।

ਪ੍ਰਕਾਸ਼ ਸਿੰਘ ਬਾਦਲ ਨੂੰ ਜਦੋਂ ਕੇਂਦਰ ਵਿੱਚ ਵਜ਼ਾਰਤ ਦਾ ਮੌਕਾ ਮਿਲਿਆ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਰਤਨ ਸਿੰਘ ਅਜਨਾਲਾ ਵਰਗੇ ਸੀਨੀਅਰ ਆਗੂਆਂ ਨੂੰ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਮੰਤਰੀ ਬਣਾਇਆ।

ਬਾਦਲ ਉੱਤੇ ਇਹ ਵੀ ਇਲਜ਼ਾਮ ਲੱਗਦਾ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਉਨ੍ਹਾਂ ਨੇ ਪਾਰਟੀ ਪ੍ਰਧਾਨਗੀ ਨਹੀਂ ਛੱਡੀ, ਇਸ ਦੇ ਨਾਲ-ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਉੱਤੇ ਵੀ ਆਪਣੇ ਸਿਆਸੀ ਬੰਦਿਆਂ ਰਾਹੀ ਕਾਬਜ਼ ਹੋ ਗਏ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਬਾਰੇ ਤਾਂ ਪੰਜਾਬ ਵਿੱਚ ਇਹ ਇਲਜ਼ਾਮ ਆਮ ਲੱਗਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਨਾਂ ਬਾਦਲ ਦੇ ਚੰਡੀਗੜ੍ਹ ਤੋਂ ਗਏ ਲਿਫਾਫੇ ਵਿੱਚੋਂ ਨਿਕਲਦਾ ਹੈ।

ਅਕਾਲੀ ਦਲ, ਗਾਂਧੀ ਪਰਿਵਾਰ ਦੇ ਜਿਸ ਪਰਿਵਾਰਵਾਦ ਦਾ ਵਿਰੋਧ ਕਰਦਾ ਸੀ ਉਸੇ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ।

1980ਵਿਆਂ ਦੌਰਾਨ ਹੋਈ ਹਿੰਸਾ ਵਿੱਚ ਜਾਨੀ ਤੇ ਮਾਲੀ ਨੁਕਸਾਨ ਦਾ ਪਤਾ ਲਗਾਉਣ ਅਤੇ ਸਿਆਸੀ ਆਗੂਆਂ ਦੀ ਭੂਮਿਕਾ ਬਾਰੇ ਇੱਕ ਟਰੁੱਥ ਕਮਿਸ਼ਨ ਸਥਾਪਤ ਕਰਨ ਦਾ ਐਲਾਨ ਕੀਤਾ ਸੀ, ਪਰ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਭੁੱਲ ਗਏ।

ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਨੇ ਜਦੋਂ ਉਨ੍ਹਾਂ ਨੂੰ ਟਰੁੱਥ ਕਮਿਸ਼ਨ ਬਾਬਤ ਪੁੱਛਿਆਂ ਤਾਂ ਉਨ੍ਹਾਂ ਕਿਹਾ, ''''ਛੱਡੋ ਜੀ ਪੁਰਾਣੇ ਜ਼ਖ਼ਮਾਂ ਨੂੰ ਕਿਉਂ ਕੁਰੇਦਣਾ''''।

ਜਗਤਾਰ ਸਿੰਘ ਇਸ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਭ ਤੋਂ ਵੱਡੀ ਵਾਅਦਾ ਖ਼ਿਲਾਫ਼ੀ ਮੰਨਦੇ ਹਨ।

ਚੰਡੀਗੜ੍ਹ ਪੰਜਾਬ ਨੂੰ ਦੇਣਾ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿਚ ਸ਼ਾਮਲ ਕਰਵਾਉਣਾ ਅਤੇ ਦਰਿਆਈ ਪਾਣੀਆਂ ਦੇ ਮਸਲੇ ਵਰਗੇ ਅਕਾਲੀ ਦਲ ਦੇ ਰਵਾਇਤੀ ਮੁੱਦੇ ਵੀ ਹੱਲ ਨਹੀਂ ਕਰਵਾ ਸਕੇ।

ਭ੍ਰਿਸ਼ਟਾਚਾਰ ਦੇ ਇਲਜ਼ਾਮ

ਪ੍ਰਕਾਸ਼ ਸਿੰਘ ਬਾਦਲ ਦੇ 1997 ਤੋਂ 2002 ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਪਰਿਵਾਰ ਅਤੇ ਮੰਤਰੀਆਂ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਇਲਜ਼ਾਮ ਲੱਗਦੇ ਰਹੇ।

2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਅਤੇ ਬਾਦਲਾਂ ਨੂੰ ਜੇਲ੍ਹ ਭੇਜਣ ਦੇ ਨਾਂ ਉੱਤੇ ਚੋਣਾਂ ਲੜੀਆਂ।

ਸਰਕਾਰ ਬਣਦਿਆਂ ਦੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਉੱਤੇ ਆਮਦਨ ਤੋਂ ਵੱਧ 3000 ਕਰੋੜ ਰੁਪਏ ਦੀ ਜਾਇਦਾਦ ਦੇ ਇਲਜ਼ਾਮਾਂ ਦੀ ਜਾਂਚ ਵਿਜ਼ੀਲੈਂਸ ਬਿਊਰੋ ਨੂੰ ਸੌਂਪੀ।

2003 ਵਿੱਚ ਇਹ ਕੇਸ ਸ਼ੁਰੂ ਹੋਏ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਗ੍ਰਿਫ਼ਤਾਰੀ ਵੀ ਹੋਈ, ਪਰ ਕੁਝ ਦਿਨ ਬਾਅਦ ਉਹ ਜ਼ਮਾਨਤ ਉੱਤੇ ਰਿਹਾਅ ਹੋ ਗਏ।

ਮਹੀਨਿਆਂ ਦੀ ਜਾਂਚ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਸਿਰਫ਼ 78 ਕਰੋੜ ਰੁਪਏ ਦੀ ਚਾਰਜਸ਼ੀਟ ਪੇਸ਼ ਕੀਤੀ, ਕੈਪਟਨ ਸਰਕਾਰ ਆਪਣੇ ਪੰਜ ਸਾਲ ਕੇ ਕਾਰਜਕਾਲ ਦੌਰਾਨ ਇਨ੍ਹਾਂ ਇਲਜ਼ਾਮਾਂ ਨੂੰ ਅਦਾਲਤ ਵਿੱਚ ਸਾਬਿਤ ਨਹੀਂ ਕਰ ਸਕੀ।

2007 ਵਿੱਚ ਅਕਾਲੀ ਦਲ ਮੁੜ ਸੱਤਾ ਵਿੱਚ ਆ ਗਿਆ ਅਤੇ 2010 ਤੱਕ ਜਾਂਚ ਅਫ਼ਸਰ ਸਣੇ ਗਵਾਹ ਮੁੱਕਰ ਗਏ ਅਤੇ ਸੀਨੀਅਰ ਤੇ ਜੂਨੀਅਰ ਬਾਦਲ ਦੋਵੇਂ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤੇ।

ਵਿਰੋਧੀਆਂ ਦੇ ਇਲਜ਼ਾਮ ਬਾਦਲ ਅੱਗੇ ਨਾਕਾਮ

ਸੱਤਾ ਦੌਰਾਨ ਬਾਦਲ ਪਰਿਵਾਰ ਉੱਤੇ ਪੰਜਾਬ ਦੀ ਸੱਤਾ ਮਾਫ਼ੀਆ ਵਾਂਗ ਚਲਾਉਣ ਦੇ ਇਲਜ਼ਾਮ ਲੱਗਦੇ ਰਹੇ। ਬਾਦਲ ਪਰਿਵਾਰ ਇਨ੍ਹਾਂ ਨੂੰ ਹਮੇਸ਼ਾਂ ਰੱਦ ਕਰਦਾ ਰਿਹਾ ਹੈ।

ਇਹ ਇਲਜ਼ਾਮ ਕਿਸੇ ਅਦਾਲਤ ਵਿੱਚ ਵੀ ਸਾਬਿਤ ਨਹੀਂ ਹੋ ਸਕੇ। ਮਿਸਾਲ ਵਜੋਂ ਸੁਖਬੀਰ ਬਾਦਲ ਦੇ ਸਾਲ਼ੇ ਤੇ ਮੰਤਰੀ ਬਿਕਰਮ ਮਜੀਠੀਆ ਉੱਤੇ ਡਰੱਗਜ਼ ਮਾਫ਼ੀਆ ਤੇ ਮਾਈਨਿੰਗ ਮਾਫ਼ੀਆ ਦੀ ਸਰਪ੍ਰਸਤੀ ਦੇ ਇਲਜ਼ਾਮ ਲੱਗੇ।

ਸੁਖਬੀਰ ਬਾਦਲ ਉੱਤੇ ਲੋਕਾਂ ਦੇ ਕਾਰੋਬਾਰ ਖਾਸ ਕਰ ਟਰਾਂਸਪੋਰਟ ਹਥਿਆਉਣ ਅਤੇ ਕੇਬਲ ਮਾਫ਼ੀਆ ਤੇ ਸ਼ਰਾਬ ਮਾਫ਼ੀਆ ਦੇ ਇਲਜ਼ਾਮ ਲੱਗੇ।

ਪਰ ਇਹ ਇਲਜ਼ਾਮ ਸਿਆਸੀ ਬਿਆਨਬਾਜ਼ੀ ਤੱਕ ਹੀ ਸੀਮਤ ਰਹੇ। ਅਦਾਲਤ ਵਿੱਚ ਇਸ ਮਸਲੇ ਦਾ ਇਹ ਰਿਪੋਰਟ ਲਿਖੇ ਜਾਣ ਤੱਕ ਬਾਦਲ ਪਰਿਵਾਰ ਖ਼ਿਲਾਫ਼ ਕੋਈ ਇਲਜ਼ਾਮ ਸਾਬਿਤ ਨਹੀਂ ਹੋਇਆ।

ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਦੀ ਆਟਾ ਦਾਲ ਸਕੀਮ, ਸੰਗਤ ਦਰਸ਼ਨ, ਸਕੂਲ ਪੜ੍ਹਨ ਜਾਣ ਵਾਲੀਆਂ ਕੁੜੀਆਂ ਨੂੰ ਮੁਫ਼ਤ ਸਾਇਕਲ, ਸਪੋਰਟਸ ਕਲੱਬਾਂ ਨੂੰ ਕਿੱਟਾਂ ਵੰਡਣ ਅਤੇ ਪੰਜਾਬ ਵਿੱਚ ਢਾਂਚਾਗਤ ਵਿਸਥਾਰ ਲਈ ਕੀਤੇ ਕੰਮਾ ਨੇ ਸਾਰੇ ਇਲਜ਼ਾਮ ਰੱਦ ਕਰ ਦਿੱਤੇ।

ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਦੇ 80ਵਿਆਂ ਵਿਚੱ ਵੀ ਇੰਨੀ ਵੱਧ ਸਰਗਰਮੀ ਅਤੇ ਲੋਕਾਂ ਤੱਕ ਪਹੁੰਚ ਨੇ ਉਨ੍ਹਾਂ ਨੂੰ ਲੋਕਾਂ ਵਿੱਚ ਹੋਰ ਹਰਮਨਪਿਆਰਾ ਬਣਾ ਦਿੱਤਾ।

2012 ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਮੁੜ ਸੱਤਾ ਹਾਸਲ ਕਰਕੇ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਲਾਗਾਤਾਰ ਦੂਜੀ ਵਾਰ ਮੁੱਖ ਮੰਤਰੀ ਬਣ ਕੇ ਨਵੀਂ ਪਿਰਤ ਪਾ ਦਿੱਤੀ।

ਪੰਥਕ ਸਿਆਸਤ ਤੇ ਬਾਦਲ

ਅਕਾਲੀ ਦਲ ਦਾ ਗਠਨ ਸਿੱਖ ਕੌਮ ਦੀ ਸਿਆਸੀ ਨੁਮਾਇੰਦਗੀ ਲਈ ਕੀਤਾ ਗਿਆ ਸੀ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਪੰਜਾਬੀ ਪਾਰਟੀ ਵਜੋਂ ਹੋਰ ਮੋਕਲਾ ਕੀਤਾ।

ਉਨ੍ਹਾਂ ਪੰਜਾਬ ਦੀ ਸੱਤਾ ਉੱਤੇ ਕਾਬਜ਼ ਹੋਣ ਲਈ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਸਿਆਸੀ ਗਠਜੋੜ ਕੀਤਾ।

ਜਦਕਿ ਦੂਜੇ ਪਾਸੇ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ਆਰਐੱਸਐੱਸ ਉੱਤੇ ਸਿੱਖ ਕੌਮ ਦੇ ਹਿੱਤਾਂ ਖ਼ਿਲਾਫ਼ ਕੰਮ ਕਰਨ ਦਾ ਇਲਜ਼ਾਮ ਲਾਉਂਦੀ ਰਹੀ ਹੈ।

ਪ੍ਰਕਾਸ਼ ਸਿੰਘ ਬਾਦਲ ਉੱਤੇ ਕਈ ਪੰਥਕ ਆਗੂ ਸਿੱਖੀ ਰਵਾਇਤਾਂ ਨੂੰ ਢਾਅ ਲਾਉਣ, ਆਪਣੇ ਨਿੱਜੀ ਹਿੱਤਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਨੂੰ ਵਰਤਣ ਦਾ ਇਲਜ਼ਾਮ ਲਾਉਂਦੇ ਰਹੇ ਹਨ।

ਪਰ ਪੰਥਕ ਚੋਣ ਰਾਜਨੀਤੀ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਤੋਂ ਕਦੇ ਵੀ ਮਾਰ ਨਹੀਂ ਖਾਧੀ।

2012-2017 ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੀਆਂ ਘਟਨਾਵਾਂ ਨੇ ਪੰਥਕ ਹਲਕਿਆਂ ਵਿੱਚ ਬਾਦਲ ਪਰਿਵਾਰ ਖ਼ਿਲਾਫ਼ ਰੋਸ ਨੂੰ ਸਿਖ਼ਰਾਂ ਉੱਤੇ ਪਹੁੰਚਾ ਦਿੱਤਾ।

ਪ੍ਰਕਾਸ਼ ਸਿੰਘ ਬਾਦਲ ਆਪਣੇ ਮੰਤਰੀਆਂ ਅਤੇ ਲੀਡਰਸ਼ਿਪ ਨਾਲ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਭੁੱਲਾਂ ਵੀ ਬਖਸ਼ਾ ਕੇ ਆਏ ਪਰ ਲੋਕਾਂ ਨੇ ਨੂੰ ਉਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ।

ਬੇਅਦਬੀ ਕਾਂਡ ਨੂੰ ਵਿਰੋਧੀ ਪਾਰਟੀਆਂ ਨੇ ਚੋਣ ਮੁੱਦਾ ਬਣਾਇਆ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ 100 ਸਾਲ ਦੇ ਇਤਿਹਾਸ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਚਲੀ ਗਈ।

ਇਸ ਵੇਲੇ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਕਾਰਨ ਅਕਾਲੀ ਦਲ (ਪ੍ਰਕਾਸ਼ ਸਿੰਘ ਬਾਦਲ) ਨੇ ਆਪਣੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚੋਂ ਵਾਪਸ ਬੁਲਾ ਲਿਆ।

ਜਿਸ ਭਾਜਪਾ ਨਾਲ ਰਿਸ਼ਤੇ ਨੂੰ ਬਾਦਲ ਨਹੁੰ-ਮਾਸ ਦਾ ਰਿਸ਼ਤਾ ਕਹਿੰਦੇ ਸਨ, ਉਹ ਵੀ ਤੋੜ ਲਿਆ। ਪਰ ਅਕਾਲੀਆਂ ਨੂੰ ਪਿੰਡਾਂ ਵਿੱਚ ਲੋਕ ਘੇਰ ਰਹੇ ਹਨ।

ਪ੍ਰਕਾਸ਼ ਸਿੰਘ ਬਾਦਲ ਅਣਐਲਾਨੀ ਸੇਵਾਮੁਕਤੀ ਵਾਂਗ ਸਿਆਸੀ ਤੌਰ ''ਤੇ ਘਰ ਬੈਠ ਗਏ ਲੱਗਦੇ ਹਨ। ਉਨ੍ਹਾਂ ਦੀ ਸਿਆਸੀ ਸਰਗਰਮੀ ਦੀ ਥਾਂ ਸੁਖਬੀਰ ਬਾਦਲ ਨੇ ਲੈ ਲਈ ਹੈ ਅਤੇ ਉਹ ਅਕਾਲੀ ਦਲ ਲਈ ਜ਼ਮੀਨ ਤਲਾਸ਼ ਰਹੇ ਹਨ।

ਜਿੰਨੇ ਸਨਮਾਨ ਓਨੇ ਹੀ ਵਿਵਾਦ

ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਉਸਰਿਆ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀ ਆਜ਼ਾਦ ਸਿਆਸੀ ਹਸਤੀ ਦਾ ਸਭ ਤੋਂ ਵੱਡਾ ਪ੍ਰਤੀਕ ਹੈ।

2011 ਵਿੱਚ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ, ਫਖ਼ਰ-ਏ-ਕੌਮ ਦਾ ਸਨਮਾਨ ਦਿੱਤਾ।

ਪ੍ਰਕਾਸ਼ ਸਿੰਘ ਬਾਦਲ ਨੂੰ ਇਹ ਸਨਮਾਨ ਉਨ੍ਹਾਂ ਦੇ ਸਿੱਖ ਇਤਿਹਾਸ ਅਤੇ ਵਿਰਾਸਤ ਦੀਆਂ ਯਾਦਗਾਰਾਂ ਉਸਾਰਨ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਵਿੱਚ ਪਾਏ ਯੋਗਦਾਨ ਲਈ ਦਿੱਤਾ ਗਿਆ।

ਰੌਚਕ ਗੱਲ ਇਹ ਕਿ ਉਦੋਂ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਅਤੇ ਸ਼੍ਰੋਮਣੀ ਕਮੇਟੀ ਉੱਤੇ ਵੀ ਅਕਾਲੀ ਦਲ ਦਾ ਕਬਜ਼ਾ ਸੀ।

Getty Images
ਅਕਾਲੀ ਭਾਜਪਾ ਸਰਕਾਰ ਵੇਲੇ ਹੀ ਮਾਰਚ 2015 ਵਿੱਚ ਮੁਲਕ ਦਾ ਵੱਕਾਰੀ ਸਿਵਲੀਅਨ ਸਨਮਾਨ ''''ਪਦਮ ਵਿਭੂਸ਼ਨ'''' ਦਿੱਤਾ ਗਿਆ

ਪੰਥਕ ਹਲਕਿਆਂ ਨੇ ਇਸ ਨੂੰ ਆਪਣੇ ਹੱਥੀਂ ਖੁਦ ਨੂੰ ਸਨਮਾਨਿਤ ਕਰਨ ਵਾਂਗ ਦੇਖਿਆ ਅਤੇ ਬਾਦਲ ਉੱਤੇ ਸਿੱਖ ਰਵਾਇਤਾਂ ਨੂੰ ਸੱਟ ਮਾਰਨ ਦਾ ਇਲਜ਼ਾਮ ਲਾਇਆ।

ਬੇਅਦਬੀ ਕਾਂਡ ਤੋਂ ਬਾਅਦ ਨਵੰਬਰ 2015 ਵਿੱਚ ਗੈਰ ਬਾਦਲੀ ਸਿੱਖ ਸੰਗਠਨਾਂ ਨੇ ਤਰਨ ਤਾਰਨ ਦੇ ਚੱਬਾ ਵਿੱਚ ''''ਸਰਬੱਤ ਖਾਲਸਾ'''' ਬੁਲਾ ਕੇ ਪੰਥ ਰਤਨ ਤੇ ਫਖ਼ਰ ਕੌਮ ਦਾ ਸਨਮਾਨ ਵਾਪਸ ਲੈ ਲਿਆ।

ਸਰਬੱਤ ਖਾਲਸਾ ਸਿੱਖ ਕੌਮ ਦੀ ਅਜਿਹੀ ਰਵਾਇਤ ਹੈ, ਜਿਸ ਵਿੱਚ ਲੋਕ ਸੰਗਤ ਆਪ ਇਕੱਠੇ ਹੁੰਦੇ ਅਤੇ ਕਿਸੇ ਵੀ ਮੁੱਦੇ ਉੱਤੇ ਮਤਾ ਪਾਸ ਕਰਕੇ ਸਿਆਸੀ ਤੇ ਧਾਰਮਿਕ ਲੀਡਰਸ਼ਿਪ ਨੂੰ ਆਦੇਸ਼ ਦਿੰਦੇ ਹਨ।

ਪ੍ਰਕਾਸ਼ ਸਿੰਘ ਬਾਦਲ ਨੂੰ ਭਾਜਪਾ ਅਤੇ ਅਕਾਲੀ ਦਲ ਦੀ ਸੱਤਾ ਦੌਰਾਨ ਹੀ ਮਾਰਚ 2015 ਵਿੱਚ ਮੁਲਕ ਦਾ ਵੱਕਾਰੀ ਸਿਵਲੀਅਨ ਸਨਮਾਨ ''''ਪਦਮ ਵਿਭੂਸ਼ਨ'''' ਦਿੱਤਾ ਗਿਆ।

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=FtM7CtmdX78

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''7047122f-240a-4cfa-b7ce-c5781993f6c0'',''assetType'': ''STY'',''pageCounter'': ''punjabi.india.story.58478177.page'',''title'': ''ਪੰਜਾਬ ਚੋਣਾਂ: ਪ੍ਰਕਾਸ਼ ਸਿੰਘ ਬਾਦਲ ਦਾ ਦਾਅਵਾ ਹੈ ਕਿ ਉਨ੍ਹਾਂ 17 ਸਾਲ ਜੇਲ੍ਹ ਕੱਟੀ ਸੀ ਪਰ ਇਹ ਕਿੰਨਾ ਸੱਚ ਹੈ'',''published'': ''2022-01-27T06:13:45Z'',''updated'': ''2022-01-27T06:13:45Z''});s_bbcws(''track'',''pageView'');