ਪੰਜਾਬ ਚੋਣਾਂ: ਘਰ ਘਰ ਰੋਜ਼ਗਾਰ ਦੇ ਨਾਅਰੇ ਦੇ ਬਾਵਜੂਦ ਪੰਜਾਬ ਦੇ ਨੌਜਵਾਨ ਕਿਉਂ ਬੇਰੋਜ਼ਗਾਰ - ਗਰਾਊਂਡ ਰਿਪੋਰਟ

01/27/2022 8:40:34 AM

ਬਰਨਾਲਾ ਨੇੜੇ ਪੈਂਦੇ ਕਸਬਾ ਹੰਡਿਆਇਆ ਦੇ ਇੱਕ ਮੈਰਿਜ ਪੈਲੇਸ ਅੱਗੇ ਸ਼ਾਮੀ ਚਾਰ ਕੁ ਵਜੇ ਕਾਫ਼ੀ ਭੀੜ ਦੇਖਣ ਨੂੰ ਮਿਲੀ। ਪਹਿਲੀ ਨਜ਼ਰ ਵਿਚ ਲੱਗਾ ਕਿ ਇੱਥੇ ਕੋਈ ਵਿਆਹ ਚੱਲ ਰਿਹਾ ਹੈ। ਜਦੋਂ ਗੱਡੀ ਰੋਕ ਕੇ ਉੱਥੇ ਲੋਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਇਹ ਭੀੜ ਆਈਲੈਟਸ ਦਾ ਪੇਪਰ ਦੇ ਕੇ ਆਏ ਮੁੰਡੇ ਕੁੜੀਆਂ ਦੀ ਹੈ।

ਪੂਰਾ ਮੈਰਿਜ ਪੈਲੇਸ ਮੁੰਡੇ ਕੁੜੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਭਰਿਆ ਪਿਆ ਸੀ। ਵਿਦੇਸ਼ ਜਾ ਕੇ ਪੜਾਈ ਕਰਨ ਅਤੇ ਰਹਿਣ ਦੇ ਲਈ ਆਈਲੈਟਸ ਦਾ ਪੇਪਰ ਜ਼ਰੂਰੀ ਹੈ ਜਾਂ ਫਿਰ ਵਿਦੇਸ਼ ਦੀ ਉਡਾਰੀ ਮਾਰਨ ਦੇ ਲਈ ਇਹ ਪਹਿਲੀ ਪੋੜੀ ਹੈ।

ਇਸ ਮੈਰਿਜ਼ ਪੈਲੇਸ ਦੇ ਅੱਗੇ ਸਾਡੀ ਮੁਲਾਕਾਤ ਨੌਜਵਾਨ ਹਰਪ੍ਰੀਤ ਸਿੰਘ ਨਾਲ ਹੋਈ। ਧੂਰੀ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੋ ਭੈਣਾਂ ਹਨ ਦੋਵਾਂ ਨੇ ਡਬਲ ਡਬਲ ਐਮਏ ਕੀਤੀ ਹੋਈ ਅਤੇ ਇੱਕ ਪ੍ਰਾਈਵੇਟ ਸਕੂਲ ਤੋਂ ਪੰਜ ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ ਹੈ, ਦੱਸੋ ਇੰਨੀ ਘੱਟ ਤਨਖ਼ਾਹ ਵਿੱਚ ਖਰਚੇ ਕਿਵੇਂ ਚੱਲਣਗੇ।

ਹਰਪ੍ਰੀਤ ਸਿੰਘ ਨੇ ਖ਼ੁਦ ਬਾਰਵ੍ਹੀਂ ਜਮਾਤ ਪਾਸ ਕੀਤੀ ਹੈ ਅਤੇ ਹੁਣ ਉਹ ਅੱਗੇ ਪੜਾਈ ਨਹੀਂ ਕਰਨਾ ਚਾਹੁੰਦੇ, ਸਗੋਂ ਆਈਲੈਟਸ, ਜਿਸ ਦਾ ਉਹ ਪੇਪਰ ਦੇ ਕੇ ਆਏ ਪਾਸ ਕਰਕੇ ਵਿਦੇਸ਼ ਜਾਣਾ ਚਾਹੁੰਦੇ ਹਨ।

ਵਿਦੇਸ਼ ਹੀ ਕਿਉਂ? ਇਸ ਬਾਰੇ ਹਰਪ੍ਰੀਤ ਦੱਸਦੇ ਹਨ ਕਿ ਇੱਥੇ ਪੜ੍ਹਾਈ ਕਰ ਕੇ ਮਿਲਦਾ ਕੀ ਹੈ, ਰੋਜ਼ਗਾਰ ਤਾਂ ਹੈ ਨਹੀਂ।

ਉਨ੍ਹਾਂ ਨੇ ਆਖਿਆ ਕਿ ਜੇਕਰ ''''ਪੰਜਾਬ ਵਿੱਚ ਨੌਕਰੀਆਂ ਮਿਲਣ ਤਾਂ ਨੌਜਵਾਨ ਮਹਿੰਗੀਆਂ ਜ਼ਮੀਨਾਂ ਵੇਚ ਕੇ ਜਾਂ ਫਿਰ ਕਰਜ਼ਾ ਲੈ ਕੇ ਵਿਦੇਸ਼ ਨਾ ਜਾਣ। ਕਿਸੇ ਦਾ ਦਿਲ ਨਹੀਂ ਕਰਦਾ ਆਪਣੇ ਮਾਪਿਆ ਅਤੇ ਦੇਸ਼ ਤੋਂ ਦੂਰ ਹੋਣਾ ਦਾ, ਕਰਜਾ ਚੁੱਕ ਕੇ ਵਿਦੇਸ਼ ਜਾਣਾ ਸਿਰਫ਼ ਮਜਬੂਰੀਆਂ ਹਨ ਇਸ ਕਰ ਕੇ ਇਹ ਕਦਮ ਚੁੱਕਣੇ ਪੈ ਰਹੇ ਹਨ।''''

BBC
ਹਰਪ੍ਰੀਤ ਸਿੰਘ (ਨੀਲੀ ਜਰਸੀ) ਅਤੇ ਦਿਲਪ੍ਰੀਤ ਸਿੰਘ

ਧੂਰੀ ਦੇ ਦਿਲਪ੍ਰੀਤ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ। ਦਿਲਪ੍ਰੀਤ ਦੱਸਦੇ ਹਨ ਕਿ ਬੇਰੋਜ਼ਗਾਰੀ ਲਗਾਤਾਰ ਵੱਧ ਰਹੀ ਹੈ ਪਰ ਸਿਵਾਏ ਐਲਾਨਾਂ ਦੇ ਰਾਜਨੀਤਿਕ ਪਾਰਟੀਆਂ ਕੁਝ ਨਹੀਂ ਕਰ ਰਹੀਆਂ। ਕਾਗ਼ਜ਼ਾਂ ਵਿੱਚ ਦਾਅਵੇ ਕੀਤੇ ਜਾ ਰਹੇ ਲੱਖਾਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਪਰ ਹਕੀਕਤ ਵਿੱਚ ਕੁੱਝ ਵੀ ਨਹੀਂ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਭਰਾ ਵਿਦੇਸ਼ ਵਿੱਚ ਹੈ ਉਹ ਦੱਸਦਾ ਹੈ ਕਿ ਉੱਥੇ ਮਿਹਨਤ ਦਾ ਮੁੱਲ ਹੈ ਅਤੇ ਮਿਹਨਤ ਨਾਲ ਸਭ ਕੁਝ ਹਾਸਲ ਕੀਤਾ ਜਾ ਸਕਦਾ ਹੈ ਇਸ ਕਰ ਕੇ ਹੁਣ ਉਹ ਵੀ ਵਿਦੇਸ਼ ਜਾਣ ਲਈ ਆਈਲੈਟਸ ਦਾ ਪੇਪਰ ਦੇਣ ਆਏ ਹਨ।

ਜ਼ਿਲ੍ਹਾ ਬਰਨਾਲਾ ਦੇ ਮਹਿਲ ਖ਼ੁਰਦ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਨੇ ਬਾਰਵ੍ਹੀਂ ਤੋਂ ਬਾਅਦ ਆਈ ਟੀ ਆਈ ਕੀਤੀ ਪਰ ਨੌਕਰੀ ਨਾ ਮਿਲਣ ਕਾਰਨ ਬੇਰੋਜ਼ਗਾਰ ਹਨ ਇਸ ਕਰ ਕੇ ਆਈਲੈਟਸ ਕਰ ਕੇ ਵਿਦੇਸ਼ ਜਾਣਾ ਚਾਹੁੰਦੇ ਹਨ।

ਅੰਮ੍ਰਿਤਪਾਲ ਮੁਤਾਬਕ ਉਨ੍ਹਾਂ ਦੇ ਪਿਤਾ ਰੋਡਵੇਜ਼ ਵਿੱਚ ਕੱਚੇ ਕਾਮੇ ਦੇ ਤੌਰ ਉੱਤੇ ਕੰਡਕਟਰ ਵਜੋਂ ਕੰਮ ਕਰਦੇ ਹਨ, ਜ਼ਮੀਨ ਬਹੁਤ ਘੱਟ ਹੈ। ਅੰਮ੍ਰਿਤਪਾਲ ਮੁਤਾਬਕ ਜਿਹੜੀ ਥੋੜ੍ਹੀ ਬਹੁਤੀ ਜ਼ਮੀਨ ਹੈ, ਉਸ ਨੂੰ ਵੇਚ ਕੇ ਉਹ ਵਿਦੇਸ਼ ਜਾਣਗੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਉਨ੍ਹਾਂ ਨੇ ਦੱਸਿਆ, "ਆਈ ਟੀ ਆਈ ਕਰਨ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲ ਰਹੀ, ਜੇਕਰ ਮਿਲ ਵੀ ਰਹੀ ਹੈ ਤਾਂ ਤਨਖ਼ਾਹ ਇੰਨੀ ਘੱਟ ਕਿ ਮਹੀਨੇ ਦਾ ਆਉਣ-ਜਾਣ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ।"

"ਹੁਣ ਪੰਜਾਬ ਵਿਚ ਰਹਿਣ ਦਾ ਕੋਈ ਵਸੀਲਾ ਨਹੀਂ ਹੈ, ਕਿਉਂਕਿ ਸਰਕਾਰਾਂ ਦੇ ਏਜੰਡੇ ਵਿਚ ਇਹ ਮਸਲਾ ਹੈ ਨਹੀਂ ਇਸ ਕਰਕੇ ਨੌਜਵਾਨ ਪੰਜਾਬ ਵਿਚ ਰਹਿਣਾ ਹੀ ਨਹੀਂ ਚਾਹੁੰਦਾ। ਨਾ ਤਾਂ ਇੱਥੇ ਸਹੂਲਤਾਂ ਅਤੇ ਨਾ ਹੀ ਰੋਜ਼ਗਾਰ। ਸਰਕਾਰਾਂ ਐਲਾਨ ਬਹੁਤ ਕਰ ਰਹੀਆਂ ਪਰ ਹਕੀਕਤ ਵਿਚ ਕੁਝ ਨਹੀਂ ਹੈ।"

ਵਾਅਦੇ ਜੋ ਵਫ਼ਾ ਨਹੀਂ ਹੋਏ

"ਹੁਣ ਤਾਂ ਆਮ ਲੋਕਾਂ ਦੇ ਨਾਲ ਨਾਲ ਬਾਪੂ ਵੀ ਤਾਅਨੇ ਦੇਣ ਲੱਗ ਪਿਆ ਹੈ, ਕੀ ਫ਼ਾਇਦਾ ਹੋਇਆ ਤੇਰੇ ਚੈਂਪੀਅਨ ਬਣਨ ਦਾ, ਨੌਕਰੀ ਤਾਂ ਮਿਲੀ ਨਹੀਂ, ਸਾਰਾ ਦਿਨ ਇੱਧਰ-ਉੱਧਰ ਘੁੰਮਦਾ ਰਹਿੰਦਾ ਹੈ, ਕੋਈ ਤਾਂ ਕੰਮ ਕਰ ਲਿਆ ਕਰ'''', ਇਹ ਸ਼ਬਦ ਹਨ, ਪਾਵਰ ਲਿਫ਼ਟਿੰਗ ਖੇਡ ਦੇ ਕੌਮਾਂਤਰੀ ਖਿਡਾਰੀ ਇੰਦਰਜੀਤ ਸਿੰਘ ਦੇ।

BBC
ਇੰਦਰਜੀਤ ਸਿੰਘ ਕੌਮਾਂਤਰੀ ਪੱਧਰ ਦੇ ਪਾਵਰ ਲਿਫਟਰ ਹਨ ਪਰ ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਬੇਰੋਜ਼ਗਾਰੀ ਕਾਰਨ ਉਨ੍ਹਾਂ ਨੂੰ ਸਾਰੇ ਮਿਹਣੇ ਦੇ ਰਹੇ ਹਨ

ਬੇਰੋਜ਼ਗਾਰ ਇੰਦਰਜੀਤ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ਼ ਦੇ ਰਹਿਣ ਵਾਲੇ ਹਨ ਅਤੇ ਬਕਾਇਦਾ ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਮਾਨਤਾ ਪ੍ਰਾਪਤ ਖਿਡਾਰੀ ਹਨ ਪਰ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ।

ਇੰਦਰਜੀਤ ਸਿੰਘ ਦੇ ਪਿਤਾ ਰਾਮਪੁਰਾ ਫੂਲ ਵਿਖੇ ਚਾਹ ਦੀ ਦੁਕਾਨ ਚਲਾਉਂਦੇ ਹਨ, ਪ੍ਰਾਈਵੇਟ ਕੋਚਿੰਗ ਦੇਣ ਦੇ ਨਾਲ-ਨਾਲ ਇੰਦਰਜੀਤ ਇਸੇ ਚਾਹ ਦੀ ਦੁਕਾਨ ਉੱਤੇ ਹੁਣ ਕੰਮ ਕਰਦੇ ਹਨ।

ਇੰਦਰਜੀਤ ਨੇ ਦੱਸਿਆ ਇੱਕ ਸਕੂਲ ਵਿੱਚ ਕੋਚਿੰਗ ਤੋਂ 10 ਹਜ਼ਾਰ ਰੁਪਏ ਮਹੀਨਾ ਮਿਲਦੇ ਸਨ ਅਤੇ ਬਾਕੀ ਸਮਾਂ ਉਹ ਪਿਤਾ ਦੇ ਨਾਲ ਦੁਕਾਨ ਉਤੇ ਕੰਮ ਵਿੱਚ ਹੱਥ ਵਟਾਉਂਦੇ ਹਨ ਪਰ ਹੁਣ ਕੋਰੋਨਾ ਕਾਰਨ ਸਕੂਲ ਬੰਦ ਹੋ ਗਿਆ ਅਤੇ ''''ਇਸ ਦੇ ਨਾਲ ਹੀ ਬੰਦ ਹੋ ਗਈ ਮੇਰੀ ਆਮਦਨੀ।''''

ਇੰਦਰਜੀਤ ਸਿੰਘ ਨੇ ਦੱਸਿਆ ਕਿ ਚੈਂਪੀਅਨ ਬਣਨ ਸੌਖਾ ਨਹੀਂ ਸੀ, 13 ਸਾਲ ਪਸੀਨਾ ਵਹਾਇਆ। ਉਨ੍ਹਾਂ ਨੇ ਦੱਸਿਆ ਕਿ ਪਿਤਾ ਚਾਹ ਦੀ ਦੁਕਾਨ ਚਲਾਉਂਦੇ ਹਨ, ਤਿੰਨ ਭਰਾ ਹਨ ਅਤੇ ਸਾਰੇ ਦੇ ਸਾਰੇ ਬੇਰੋਜ਼ਗਾਰ। ਉਨ੍ਹਾਂ ਨੇ ਦੱਸਿਆ ਕਿ ਮੰਤਰੀਆਂ ਤੋਂ ਲੈ ਕੇ ਮੁੱਖ ਮੰਤਰੀ ਤੱਕ ਨੌਕਰੀ ਲਈ ਪਹੁੰਚ ਕੀਤੀ ਪਰ ਕਿਸੇ ਨੇ ਵੀ ਬਾਤ ਨਹੀਂ ਪੁੱਛੀ।

ਉਨ੍ਹਾਂ ਨੇ ਆਖਿਆ ਕਿ ਦੁੱਖ ਹੁੰਦਾ ਹੈ ''''ਕਾਬਲੀਅਤ ਹੋਣ ਦੇ ਬਾਵਜੂਦ ਮੈਨੂੰ ਨੌਕਰੀ ਨਹੀਂ ਮਿਲੀ ਜਦੋਂਕਿ ਮੰਤਰੀ ਅਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਤਰਸ ਦੇ ਆਧਾਰ ਉੱਤੇ ਦਿੱਤੀਆਂ ਗਈਆਂ, ਸਰਕਾਰਾਂ ਖਿਡਾਰੀਆਂ ਉੱਤੇ ਹੀ ਤਰਸ ਕਰ ਕੇ ਨੌਕਰੀਆਂ ਦਿੰਦੀਆਂ, ਤਾਂ ਇੰਜ ਧੱਕੇ ਨਾ ਖਾਣੇ ਪੈਂਦੇ।''''

ਅੰਕੜਿਆਂ ਦੀ ਜ਼ੁਬਾਨੀ

ਜੇਕਰ ਗੱਲ ਬੇਰੁਜ਼ਗਾਰੀ ਦੀ ਕੀਤੀ ਜਾਵੇ ਤਾਂ ਸੂਬੇ ਦੇ 2020-21 ਦੇ ਆਰਥਿਕ ਸਰਵੇਖਣ ਵਿੱਚ ਸਰਕਾਰ ਖ਼ੁਦ ਮੰਨਦੀ ਹੈ ਕਿ ਨੌਜਵਾਨਾਂ ਵਿੱਚ ਬੇਰੁਜ਼ਗਾਰੀ (15 ਤੋਂ 29 ਸਾਲ ਉਮਰ ਵਰਗ) ਦੀ ਦਰ 21 ਫ਼ੀਸਦੀ ਹੈ ਜੋ ਕਿ ਸਰਕਾਰ ਮੁਤਾਬਕ ''''ਚਿੰਤਾਜਨਕ'''' ਹੈ।

ਇਸ ਦੇ ਨਾਲ ਹੀ ਸੀਐੱਮਆਈਏ (ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕੋਨਮੀ) ਦੇ ਦਸੰਬਰ 2021 ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਬੇਰੋਜ਼ਗਾਰੀ ਦੀ ਦਰ ਕੁਲ ਮਿਲ ਕੇ 7.8 ਪ੍ਰਤੀਸ਼ਤ ਹੈ।

ਬੇਰੋਜ਼ਗਾਰੀ ਦੇ ਮਾਮਲੇ ਵਿੱਚ ਪੰਜਾਬ ਦੇਸ਼ ਵਿੱਚ ਗਿਆਰਵੇਂ ਸਥਾਨ ਉਤੇ ਹੈ। ਜੇਕਰ ਔਰਤਾਂ ਅਤੇ ਪੁਰਸ਼ਾਂ ਦੀ ਬੇਰੋਜ਼ਗਾਰੀ ਦੀ ਗੱਲ ਕੀਤੀ ਜਾਵੇ ਤਾਂ ਇਹ ਅੰਤਰ ਕਾਫੀ ਜ਼ਿਆਦਾ ਹੋ ਜਾਂਦਾ ਹੈ।

BBC

ਪੁਰਸ਼ਾਂ ਵਿੱਚ ਬੇਰੋਜ਼ਗਾਰੀ ਦੀ ਦਰ 7.1 ਪ੍ਰਤੀਸ਼ਤ ਅਤੇ ਔਰਤਾਂ ਵਿੱਚ 40.4 ਪ੍ਰਤੀਸ਼ਤ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਵਿੱਚ ਦਸ ਸਾਲ ਤੱਕ ਰਾਜ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੇ ਜਦੋਂ 2017 ਵਿੱਚ ਸੱਤਾ ਛੱਡੀ ਸੀ ਤਾਂ ਉਸ ਸਮੇਂ ਕੌਮੀਂ ਬੇਰੋਜ਼ਗਾਰੀ ਦਰ 6.1 ਪ੍ਰਤੀਸ਼ਤ ਸੀ ਜਦੋਕਿ ਪੰਜਾਬ ਦੀ ਬੇਰੋਜ਼ਗਾਰੀ ਦੀ ਦਰ 7.8 ਪ੍ਰਤੀਸ਼ਤ ਸੀ। ਭਾਵ ਕੌਮੀ ਬੇਰੋਜ਼ਗਾਰੀ ਦੀ ਦਰ ਤੋਂ ਕਿਤੇ ਜ਼ਿਆਦਾ।

ਪੰਜਾਬ ਵਿੱਚ ਰੁਜ਼ਗਾਰ ਦੀ ਸਥਿਤੀ

2017 ਦੇ ਚੋਣ ਮੈਨੀਫੈਸਟੋ ਵਿਚ ਕਾਂਗਰਸ ਪਾਰਟੀ ਨੇ ਘਰ ਘਰ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਜਿਸ ਤਹਿਤ ਸਰਕਾਰ ਦਾਅਵਾ ਕਰਦੀ ਹੈ ਕਿ ਵੱਖ ਵੱਖ ਨਿੱਜੀ ਖੇਤਰਾਂ ਵਿੱਚ ਕਰੀਬ 17.61 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ।

ਇਸ ਤੋਂ ਇਲਾਵਾ ਸਰਕਾਰ ਦੇ ਵੱਖ-ਵੱਖ ਅਦਾਰਿਆਂ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਾ ਵੀ ਸਰਕਾਰ ਨੇ ਐਲਾਨ ਕੀਤਾ ਸੀ। ਪਰ ਦੂਜੇ ਪਾਸੇ ਸੂਬੇ ਦੀਆਂ ਵਿਰੋਧੀ ਧਿਰਾਂ ਬੇਰੁਜ਼ਗਾਰੀ ਦੇ ਮੁੱਦੇ ਉੱਤੇ ਕਾਂਗਰਸ ਪਾਰਟੀ ਨੂੰ ਘੇਰ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਨੇ ਸੀਐੱਮਆਈਏ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਆਖਿਆ ਕਿ ਸੂਬੇ ਵਿੱਚ ਬੇਰੋਜ਼ਗਾਰੀ ਲਗਾਤਾਰ ਵੱਧ ਰਹੀ ਹੈ।

ਅਕਾਲੀ ਦਲ ਦਾ ਦਾਅਵਾ ਹੈ ਕਿ ਪੰਜਾਬ ਦੇਸ਼ ਦੇ ਉਨ੍ਹਾਂ ਪੰਜ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਬੇਰੋਜ਼ਗਾਰੀ ਦੀ ਦਰ ਜ਼ਿਆਦਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਕਿ ਕਾਂਗਰਸ ਪਾਰਟੀ ਦਾ ਘਰ ਘਰ ਰੋਜ਼ਗਾਰ ਦੇਣ ਦਾ ਵਾਅਦਾ ਖੋਖਲਾ ਹੈ ਕਿਸੇ ਨੂੰ ਵੀ ਕੋਈ ਰੋਜ਼ਗਾਰ ਹਾਸਲ ਨਹੀਂ ਹੋਇਆ। ਪੰਜਾਬ ਸਰਕਾਰ ਦੇ ਆਪਣੇ ਅੰਕੜੇ ਦਰਸਾ ਰਹੇ ਹਨ ਕਿ ਸੂਬੇ ਵਿਚ ਬੇਰੋਜ਼ਗਾਰੀ ਲਗਾਤਾਰ ਵਧਦੀ ਜਾ ਰਹੀ ਹੈ।

ਮੌਜੂਦਾ ਚੋਣਾਂ ਵਿੱਚ ਰੋਜ਼ਗਾਰ ਸਬੰਧੀ ਸਿਆਸੀ ਐਲਾਨ

ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਾਰ ਜਨਵਰੀ ਨੂੰ ਫਗਵਾੜਾ ਦੀ ਇੱਕ ਯੂਨੀਵਰਸਿਟੀ ਵਿੱਚ ਇੱਕ ਲੱਖ ਨੌਜਵਾਨਾਂ ਨੂੰ ਇੱਕ ਸਾਲ ਵਿੱਚ ਨੌਕਰੀ ਦੇਣ ਦੀ ਗਾਰੰਟੀ ਦਾ ਐਲਾਨ ਕੀਤਾ।

ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਜੇਕਰ ਪਾਰਟੀ ਸੱਤਾ ਵਿੱਚ ਆਵੇਗੀ ਤਾਂ ਸੂਬੇ ਵਿੱਚ 75 ਫ਼ੀਸਦੀ ਕੋਟਾ ਨਿੱਜੀ ਕੰਪਨੀਆਂ ਵਿੱਚ ਪੰਜਾਬ ਦੇ ਨੌਜਵਾਨਾਂ ਲਈ ਰਾਖਵਾਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ ਲੱਖ ਨੌਜਵਾਨਾਂ ਨੂੰ ਸਰਕਾਰੀ ਅਤੇ 10 ਲੱਖ ਨੌਜਵਾਨਾਂ ਨੂੰ ਨਿੱਜੀ ਖੇਤਰਾਂ ਵਿਚ ਰੋਜ਼ਗਾਰ ਦੇਣ ਦਾ ਐਲਾਨ ਕੀਤਾ ਹੈ।

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ 10 ਜਨਵਰੀ ਨੂੰ ਜਦੋਂ ਆਪਣੇ 10 ਸੂਤਰੀ ਏਜੰਡੇ ਦਾ ਐਲਾਨ ਕੀਤਾ ਤਾਂ ਇਸ ਵਿੱਚ ਵੀ ਬੇਰੋਜ਼ਗਾਰੀ ਦੇ ਮਸਲੇ ਦਾ ਜ਼ਿਕਰ ਸੀ। ਪਾਰਟੀ ਨੇ ਐਲਾਨ ਕੀਤਾ ਹੈ ਕਿ ਸਰਕਾਰ ਬਣਨ ਉੱਤੇ ਨੌਜਵਾਨਾਂ ਨੂੰ ਕਾਰੋਬਾਰ ਸਥਾਪਤ ਕਰਨ ਵਿੱਚ ਮਦਦ ਕੀਤੀ ਜਾਵੇਗੀ ਤਾਂ ਜੋ ਨੌਕਰੀ ਲੈਣ ਦੀ ਥਾਂ ਨੌਜਵਾਨ ਨੌਕਰੀਆਂ ਪ੍ਰਦਾਨ ਕਰ ਸਕਣ।

BBC

ਬੇਰੋਜ਼ਗਾਰੀ ਬਾਰੇ ਜਾਣਕਾਰਾਂ ਦੀ ਰਾਇ

ਬੇਰੋਜ਼ਗਾਰੀ ਦੇ ਮੁੱਦੇ ਉਤੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਰਣਜੀਤ ਸਿੰਘ ਘੁੰਮਣ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਨਿੱਜੀ ਅਤੇ ਜਨਤਕ ਖੇਤਰ ਵਿੱਚ ਪਿਛਲੇ ਤਿੰਨ ਦਹਕਿਆਂ ਤੋਂ ਨਿਵੇਸ਼ ਨਹੀਂ ਹੋਇਆ ਜਿਸ ਦਾ ਸਿੱਧਾ ਅਸਰ ਰੋਜ਼ਗਾਰ ਦੇ ਸਾਧਨਾਂ ਉਤੇ ਪਿਆ ਹੈ।

ਉਹਨਾਂ ਮੁਤਾਬਕ, ''''ਸੂਬੇ ਸਿਰ ਚੜ੍ਹੀ ਕਰਜੇ ਦੀ ਪੰਡ ਹੋਰ ਭਾਰੀ ਹੁੰਦੀ ਜਾ ਰਹੀ ਹੈ ਜਿਸ ਕਾਰਨ ਸਰਕਾਰ ਦੀ ਆਮਦਨੀ ਘਟਦੀ ਜਾ ਰਹੀ ਹੈ ਅਤੇ ਸਰਕਾਰ ਨੌਕਰੀਆਂ ਦੇਣ ਵਿੱਚ ਅਸਮਰਥ ਹੋ ਰਹੀ ਹੈ।''''

ਡਾ. ਘੁੰਮਣ ਦੇ ਮੁਤਾਬਕ ਖੇਤੀਬਾੜੀ ਸੈਕਟਰ ਦਾ ਮਸ਼ੀਨੀਕਰਨ ਹੋਣ ਨਾਲ ਪਹਿਲਾਂ ਦੇ ਮੁਕਾਬਲੇ ਮਜ਼ਦੂਰਾਂ ਦਾ ਕੰਮਕਾਰ ਵੀ ਦਿਨ ਪ੍ਰਤੀ ਦਿਨ ਘੱਟਦਾ ਜਾ ਰਿਹਾ ਹੈ।

ਉਹਨਾਂ ਨੇ ਆਖਿਆ, "ਲੋੜ ਪੰਜਾਬ ਵਿੱਚ ਨਿਵੇਸ਼ ਵਧਾਉਣ ਦੀ ਹੈ, ਤਾਂ ਜੋ ਇਥੇ ਰੋਜ਼ਗਾਰ ਦੇ ਮੌਕੇ ਵੱਧਣ। ਉਹਨਾਂ ਆਖਿਆ ਕਿ ਅਫ਼ਸੋਸ ਇਸੀ ਗੱਲ ਦਾ ਹੈ ਕਿ ਕੋਈ ਵੀ ਰਾਜਨੀਤਿਕ ਧਿਰ ਸਿਵਾਏ ਵਾਅਦਿਆਂ ਦੇ ਸਹੀ ਰੋਡ ਮੈੱਪ ਲੋਕਾਂ ਦੇ ਸਾਹਮਣੇ ਨਹੀਂ ਰੱਖ ਸਕੀਆਂ। ਇਸੇ ਕਰਕੇ ਨੌਜਵਾਨਾਂ ਨੂੰ ਜਦੋਂ ਆਪਣੇ ਭੱਵਿਖ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਤਾਂ ਉਹ ਵਿਦੇਸ਼ਾਂ ਨੂੰ ਉਡਾਰੀ ਮਾਰਨ ਨੂੰ ਤਰਜੀਹ ਦੇਣ ਲੱਗ ਪਏ।''''

BBC

ਇਹ ਵੀ ਪੜ੍ਹੋ:

  • ਕਿਵੇਂ 6 ਭਰਾਵਾਂ ਨੇ ਆਪਣੇ ਸ਼ੇਰਾਂ ਨਾਲ ਦਹਿਸ਼ਤ ਮਚਾਈ ਤੇ ਕਤਲੇਆਮ ਕੀਤਾ
  • ਜੱਗੀ ਜੌਹਲ : ''''ਅੰਤਾਂ ਦੇ ਤਸ਼ੱਦਦ ਨਾਲ ਮੇਰੇ ਤੋਂ ਕੋਰੇ ਕਾਗਜ਼ ਤੇ ਦਸਤਖ਼ਤ ਕਰਵਾਏ ਅਤੇ ਲਾਈਨਾਂ ਕੈਮਰੇ ''ਤੇ ਬੁਲਾਈਆਂ''''
  • ਲਾਲ ਕਿਲੇ ਦੀ ਘਟਨਾ ਤੋਂ ਬਾਅਦ ਕੇਸਰੀ ਨਿਸ਼ਾਨ ਬਾਰੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਸਵਾਲਾਂ ਦੇ ਜਵਾਬ

https://www.youtube.com/watch?v=jTlHCtOO5fg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ef346772-7524-48fc-a8e6-2551019c2fed'',''assetType'': ''STY'',''pageCounter'': ''punjabi.india.story.60141687.page'',''title'': ''ਪੰਜਾਬ ਚੋਣਾਂ: ਘਰ ਘਰ ਰੋਜ਼ਗਾਰ ਦੇ ਨਾਅਰੇ ਦੇ ਬਾਵਜੂਦ ਪੰਜਾਬ ਦੇ ਨੌਜਵਾਨ ਕਿਉਂ ਬੇਰੋਜ਼ਗਾਰ - ਗਰਾਊਂਡ ਰਿਪੋਰਟ'',''author'': ''ਸਰਬਜੀਤ ਸਿੰਘ ਧਾਲੀਵਾਲ'',''published'': ''2022-01-27T02:58:24Z'',''updated'': ''2022-01-27T02:58:24Z''});s_bbcws(''track'',''pageView'');