ਭਗਤ ਸਿੰਘ ਦੀ ਸਮਾਧ ਅਤੇ ਹੁਸੈਨੀਵਾਲਾ ਹੈੱਡਵਰਕਸ ਦੇ ਪਾਕਿਸਤਾਨ ਤੋਂ ਭਾਰਤ ਵਿੱਚ ਆਉਣ ਦਾ ਕਿੱਸਾ

01/24/2022 8:10:30 AM

ਪਹਿਲਾਂ ਬਿਗਲ ਵੱਜਿਆ, ਛੋਟੀ ਜਿਹੀ ਪਰੇਡ ਹੋਈ ਅਤੇ ਫਿਰ ਪਾਕਿਸਤਾਨੀ ਰੇਂਜਰਾਂ ਨੇ ਭਾਰਤ ਤੋਂ ਆਉਣ ਵਾਲੇ ਮਹਿਮਾਨਾਂ ਨੂੰ ਸਲਾਮੀ ਦਿੱਤੀ। ਇਸ ਤੋਂ ਬਾਅਦ ਇੱਕ ਇਤਿਹਾਸਕ ਘਟਨਾ ਵਾਪਰੀ।

ਇਹ ਗੱਲ 17 ਜਨਵਰੀ 1961 ਦੀ ਹੈ। ਦੋਵਾਂ ਦੇਸ਼ਾਂ ਦੇ ਇਤਿਹਾਸ ਵਿੱਚ ਇਹ ਦਿਨ ਕਈ ਮਾਇਨਿਆਂ ਵਿੱਚ ਯਾਦਗਾਰੀ ਹੈ। ਉਸ ਦਿਨ ਤਿੰਨ ਮਹੱਤਵਪੂਰਨ ਅਤੇ ਅਸਾਧਾਰਨ ਇਤਿਹਾਸਕ ਘਟਨਾਵਾਂ ਵਾਪਰੀਆਂ ਸਨ।

ਪਹਿਲੀ ਘਟਨਾ ਇਹ ਸੀ ਕਿ ਦੋਵਾਂ ਦੇਸ਼ਾਂ ਨੇ ਆਪਣੇ ਕਬਜ਼ੇ ਵਾਲੀ ਸੈਂਕੜੇ ਵਰਗ ਮੀਲ ਖੇਤਰ ਨੂੰ ਖਾਲੀ ਕਰ ਦਿੱਤਾ ਸੀ। ਉਸ ਦਿਨ ਇੱਕ ਅਜਿਹਾ ਸਮਝੌਤਾ ਲਾਗੂ ਹੋਇਆ, ਜਿਸ ਵਿੱਚ ਕਿਸੇ ਵੀ ਧਿਰ ਨੇ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹ ਉਸ ਦਿਨ ਵਾਪਰੀ ਇਹ ਦੂਜੀ ਇਤਿਹਾਸਕ ਘਟਨਾ ਸੀ।

ਤੀਜੀ ਅਸਾਧਾਰਨ ਘਟਨਾ ਸੀ ਪਾਕਿਸਤਾਨੀ ਰੇਂਜਰਾਂ ਅਤੇ ਫਿਰ ਭਾਰਤੀ ਸੁਰੱਖਿਆ ਬਲਾਂ ਵੱਲੋਂ ਦੋਵਾਂ ਦੇਸ਼ਾਂ ਦੇ ਮਹਿਮਾਨਾਂ ਨੂੰ ਦਿੱਤੀ ਗਈ ਸਲਾਮੀ।

ਇਹ ਇੱਕ ਅਜਿਹਾ ਸੁਹਾਵਣਾ ਨਜ਼ਾਰਾ ਸੀ, ਜਿਸ ਰਾਹੀਂ ਦੁਨੀਆ ਨੂੰ ਇਹ ਸੁਨੇਹਾ ਮਿਲ ਗਿਆ ਕਿ ਮਤਭੇਦ ਆਪਣੀ ਥਾਂ ਹਨ ਅਤੇ ਸਹਿਣਸ਼ੀਲਤਾ ਆਪਣੀ ਥਾਂ। ਇਹ ਪਾਕਿਸਤਾਨ ਅਤੇ ਭਾਰਤ ਦਰਮਿਆਨ ਮਤਭੇਦਾਂ ਨੂੰ ਸੁਲਝਾਉਣ ਦਾ ਇੱਕ ਚੰਗਾ ਤਰੀਕਾ ਵੀ ਸੀ।

12 ਜਨਵਰੀ 1960 ਨੂੰ ਰੋਜ਼ਾਨਾ ''ਇਮਰੋਜ਼'' ਲਾਹੌਰ ਵਿੱਚ ਇੱਕ ਖ਼ਬਰ ਛਪੀ, ਜਿਸ ''ਚ ਕਿਹਾ ਗਿਆ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਸਰਹੱਦੀ ਵਿਵਾਦ ਸੁਲਝ ਗਏ ਸਨ। ਇਹ ਵਿਵਾਦ ਰੈੱਡਕਲਿਫ ਅਵਾਰਡ ਕਾਰਨ ਪੈਦਾ ਹੋਏ ਸਨ, ਜਿਸ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਸਰਹੱਦ ਤੈਅ ਕੀਤੀ ਸੀ।

ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਕੀ ਸਨ?

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਮੁਹੰਮਦ ਅਲੀ ਨੇ ਆਪਣੀ ਕਿਤਾਬ ''ਜ਼ਹੂਰ-ਏ-ਪਾਕਿਸਤਾਨ'' ਵਿੱਚ ਇਸ ਵਿਸ਼ੇ ਨੂੰ ਉਜਾਗਰ ਕੀਤਾ ਹੈ। ਚੌਧਰੀ ਮੁਹੰਮਦ ਅਲੀ ਨੂੰ ਰੈੱਡਕਲਿਫ ਅਵਾਰਡ ਵਿੱਚ ਆਲ ਇੰਡੀਆ ਮੁਸਲਿਮ ਲੀਗ ਦੇ ਨੁਮਾਇੰਦੇ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ ਸੀ।

ਉਨ੍ਹਾਂ ਨੇ ਲਿਖਿਆ, "ਸਰਹੱਦਾਂ ਦੇ ਮਾਮਲੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਅਤੇ ਦੰਗੇ ਹੋਣ ਦੀ ਸੰਭਾਵਨਾ ਸੀ। ਕਿਸੇ ਵੀ ਚੀਜ਼ ਨੇ ਇੰਨੇ ਦੰਗੇ ਅਤੇ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਈ ਸੀ ਜਿੰਨੀ ਪੰਜਾਬ ਅਤੇ ਬੰਗਾਲ ਦੀ ਵੰਡ ਨੇ ਕੀਤੀ ਸੀ।''''

ਇਹ ਵੀ ਪੜ੍ਹੋ:

  • ਜਦੋਂ ਲਾਲਾ ਲਾਜਪਤ ਰਾਏ ਨੇ ਭਾਰਤੀ ਉੱਪਮਹਾਦੀਪ ਦੀ ''ਧਰਮ ਦੇ ਆਧਾਰ ‘ਤੇ ਵੰਡ ਕਰਨ ਦੀ ਵਕਾਲਤ'' ਕੀਤੀ ਸੀ
  • 1947 ’ਚ ਵਿਛੜੇ ਭਰਾਵਾਂ ਦੇ ਮਿਲਣ ਦੀ ਕਹਾਣੀ, ਉਨ੍ਹਾਂ ਨੂੰ ਮਿਲਵਾਉਣ ਵਾਲੇ ਪਾਕਿਸਤਾਨੀ ਯੂਟਿਊਬਰ ਦੀ ਜ਼ਬਾਨੀ
  • ਉਸ ਪਾਕਿਸਤਾਨੀ ਦੀ ਕਹਾਣੀ ਜੋ ਕਥਿਤ ਪਿਆਰ ਲਈ ਸਰਹੱਦ ਟੱਪ ਕੇ ਭਾਰਤ ਪਹੁੰਚਿਆ

''''ਹਰੇਕ ਸੂਬੇ ਵਿੱਚ ਵੰਡਣ ਵਾਲੀ ਰੇਖਾ ਨੂੰ ਸੰਘਣੀ ਆਬਾਦੀ ਵਿੱਚੋਂ ਲੰਘਣਾ ਪਿਆ ਸੀ।''''

''''ਕਾਹਲੀ ਵਿੱਚ ਅਤੇ ਬਿਨਾਂ ਸਿਧਾਂਤਾਂ ਦੇ ਖਿੱਚੀ ਗਈ ਇੱਕ ਰੇਖਾ ਭਾਰੀ ਵਿੱਤੀ ਨੁਕਸਾਨ ਅਤੇ ਗੰਭੀਰ ਮੁਸ਼ਕਲਾਂ ਦਾ ਕਾਰਨ ਬਣ ਸਕਦੀ ਹੈ। ਅਜਿਹੇ ਵਿੱਚ ਕਈ ਪਿੰਡਾਂ ਦੇ ਲੋਕ ਅੰਤਰਰਾਸ਼ਟਰੀ ਸਰਹੱਦ ਦੇ ਦੂਜੇ ਪਾਸੇ ਅਤੇ ਉਨ੍ਹਾਂ ਦੇ ਖੇਤ ਦੂਜੇ ਪਾਸੇ ਹੋਣ ਦੀ ਪੂਰੀ ਸੰਭਾਵਨਾ ਸੀ। ਅਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋਣ ਦਾ ਖਦਸ਼ਾ ਸੀ।"

ਚੌਧਰੀ ਮੁਹੰਮਦ ਅਲੀ ਨੇ ਅੱਗੇ ਲਿਖਿਆ ਕਿ ਪੰਜਾਬ ਬਾਰੇ ਰੈੱਡਕਲਿਫ ਅਵਾਰਡ ਦੇ ਫੈਸਲੇ ਵਿੱਚ ਕਈ ਮੁਸਲਿਮ ਬਹੁ-ਗਿਣਤੀ ਵਾਲੇ ਇਲਾਕਿਆਂ ਨੂੰ ਪਾਕਿਸਤਾਨ ਦਾ ਹਿੱਸਾ ਨਹੀਂ ਬਣਾਇਆ ਗਿਆ ਸੀ।

ਫਿਰੋਜ਼ਪੁਰ ਤੋਂ ਇਲਾਵਾ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਗੁਰਦਾਸਪੁਰ, ਬਟਾਲਾ ਅਤੇ ਪਠਾਨਕੋਟ ਭਾਰਤ ਵਿੱਚ ਚਲੇ ਗਏ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੀ ਮੁਸਲਿਮ ਬਹੁਗਿਣਤੀ ਵਾਲੀ ਤਹਿਸੀਲ ਅਜਨਾਲਾ ਵੀ ਪਾਕਿਸਤਾਨ ਨੂੰ ਨਹੀਂ ਮਿਲੀ।

ਫਿਰੋਜ਼ਪੁਰ: ਲਾਰਡ ਮਾਊਂਟਬੈਟਨ ਨੂੰ ਨਹਿਰੂ ਦੀ ਧਮਕੀ

ਫਿਰੋਜ਼ਪੁਰ ਨੂੰ ਲੈ ਕੇ ਕਾਂਗਰਸ ਕਿੰਨੀ ਚਿੰਤਤ ਸੀ, ਇਸ ਦਾ ਜ਼ਿਕਰ ਪਾਕਿਸਤਾਨ ਦੇ ਸੰਸਥਾਪਕ ਨੇ ਜਿਨਾਹ ਪੇਪਰਜ਼ ਵਿੱਚ ਕੀਤਾ ਹੈ। ਉਨ੍ਹਾਂ ਅਨੁਸਾਰ ਪੰਡਿਤ ਨਹਿਰੂ ਨੇ ਇੱਕ ਦਿਨ ਦੁਪਹਿਰ ਦੇ ਖਾਣੇ ''ਤੇ ਲਾਰਡ ਮਾਊਂਟਬੈਟਨ ਨਾਲ ਫਿਰੋਜ਼ਪੁਰ ਬਾਰੇ ਗੱਲ ਕੀਤੀ।

ਨਹਿਰੂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਫਿਰੋਜ਼ਪੁਰ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਤਾਂ ਉਹ ਦੋਹਾਂ ਦੇਸ਼ਾਂ ਵਿਚਾਲੇ ਜੰਗ ਸਦਾ ਕਾਰਨ ਬਣ ਜਾਵੇਗਾ। ਇਸ ਤਰ੍ਹਾਂ ਲਾਰਡ ਮਾਊਂਟਬੈਟਨ ਆਪਣੀ ਰਾਇ ਬਦਲਣ ਲਈ ਮਜਬੂਰ ਹੋ ਗਏ ਅਤੇ ਇਹ ਸ਼ਹਿਰ ਭਾਰਤ ਦਾ ਹਿੱਸਾ ਬਣ ਗਿਆ।

ਚੌਧਰੀ ਮੁਹੰਮਦ ਅਲੀ ਨੇ ਲਿਖਿਆ ਹੈ ਕਿ ਭਾਰਤ ਦੀ ਵੰਡ ਤੋਂ ਬਾਅਦ ਉਨ੍ਹਾਂ ਨੂੰ ਗਵਰਨਰ ਹਾਊਸ ਲਾਹੌਰ ਤੋਂ ਕੁਝ ਕਾਗਜ਼ ਮਿਲੇ ਸਨ ਜਿਨ੍ਹਾਂ ਅਨੁਸਾਰ ਫਿਰੋਜ਼ਪੁਰ ਵੀ ਪਾਕਿਸਤਾਨ ਦੇ ਹਿੱਸੇ ਆਇਆ ਸੀ, ਪਰ ਰੈੱਡਕਲਿਫ ਦੀ ਵਿਚੋਲਗੀ ਦੇ ਫੈਸਲੇ ਤਹਿਤ 12 ਅਗਸਤ ਨੂੰ ਫਿਰੋਜ਼ਪੁਰ ਅਤੇ ਜ਼ੀਰਾ ਤਹਿਸੀਲ ਭਾਰਤ ਨੂੰ ਦੇ ਦਿੱਤੇ ਗਏ।

ਵੀਪੀ ਮੈਨਨ ਨੇ ਆਪਣੀ ਕਿਤਾਬ ''ਦਿ ਟਰਾਂਸਫਰ ਆਫ ਪਾਵਰ ਇਨ ਇੰਡੀਆ'' ਵਿੱਚ ਲਿਖਦੇ ਹਨ ਕਿ 2 ਜੂਨ 1947 ਨੂੰ ਭਾਰਤ ਦੀ ਵੰਡ ਬਾਰੇ ਹੋਈ ਮੀਟਿੰਗ ਦੇ ਅੰਤ ਵਿੱਚ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਐਲਾਨ ਕੀਤਾ ਕਿ ਉਹ ਭਾਰਤ ਦੀ ਵੰਡ ਬਾਰੇ ਇੱਕ ਭਾਸ਼ਣ ਦੇਣਗੇ ਜੋ ਲੰਡਨ ਵਿੱਚ ਰਿਕਾਰਡ ਕੀਤਾ ਜਾਵੇਗਾ ਅਤੇ ਪੂਰੀ ਦੁਨੀਆ ਵਿੱਚ ਸੁਣਿਆ ਜਾਵੇਗਾ।

ਉਨ੍ਹਾਂ ਨੇ ਮੁਹੰਮਦ ਅਲੀ ਜਿਨਾਹ ਅਤੇ ਪੰਡਿਤ ਨਹਿਰੂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਭਾਸ਼ਣ ਤੋਂ ਬਾਅਦ ਆਲ ਇੰਡੀਆ ਮੁਸਲਿਮ ਲੀਗ ਅਤੇ ਆਲ ਇੰਡੀਆ ਕਾਂਗਰਸ ਦੇ ਨੁਮਾਇੰਦਿਆਂ ਵਜੋਂ ਲੋਕਾਂ ਨੂੰ ਸੰਬੋਧਨ ਕਰਨ। ਇਸ ਮੌਕੇ, ਨਹਿਰੂ ਦੇ ਸੁਝਾਅ ''ਤੇ ਉਨ੍ਹਾਂ ਨੇ ਸਿੱਖ ਪ੍ਰਤੀਨਿਧੀ ਵਜੋਂ ਸਰਦਾਰ ਬਲਦੇਵ ਸਿੰਘ ਦੇ ਭਾਸ਼ਨ ਲਈ ਹਾਮੀ ਭਰ ਦਿੱਤੀ।

ਮੈਨਨ ਅਨੁਸਾਰ, ਸੀਮਾ ਕਮਿਸ਼ਨ ਦੀਆਂ ਮੀਟਿੰਗਾਂ ਵਿੱਚ ਪੰਜਾਬ ਦੀ ਵੰਡ ਨੂੰ ਲੈ ਕੇ ਕਾਂਗਰਸ ਵੱਲੋਂ ਨਪੀਆਂ ਤੁਲੀਆਂ ਦਲੀਲਾਂ ਵਿੱਚ ਕਿਹਾ ਗਿਆ ਕਿ ਪੰਜਾਬ ਦੀ ਵੰਡ ਦੇ ਸਬੰਧ ਵਿੱਚ ਸਿੱਖਾਂ ਦੀਆਂ ਸੱਭਿਆਚਾਰਕ ਅਤੇ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।

ਕਾਂਗਰਸ ਨੇ ਸੁਝਾਅ ਦਿੱਤਾ ਕਿ ਇਸ ਸਬੰਧ ਵਿੱਚ ਇਨ੍ਹਾਂ ਮੁੱਦਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ: ਖੇਤਰੀ ਰਣਨੀਤਕ ਮਾਮਲੇ, ਖੇਤਰ ਦੇ ਆਰਥਿਕ ਹਿੱਤ, ਰੱਖਿਆ ਮਾਮਲੇ ਅਤੇ ਨਹਿਰੀ ਪਾਣੀ ਦੀ ਨਿਆਂਪੂਰਨ ਵੰਡ।

ਵੀਪੀ ਮੈਨਨ ਅਨੁਸਾਰ ਸਿੱਖ ਨੁਮਾਇੰਦੇ ਨੇ ਕਾਂਗਰਸ ਦੀਆਂ ਇਨ੍ਹਾਂ ਮੰਗਾਂ ਵਿੱਚ ਆਪਣੀਆਂ ਕੁਝ ਵਾਧੂ ਮੰਗਾਂ ਵੀ ਸ਼ਾਮਲ ਕੀਤੀਆਂ ਹਨ। ਸਿੱਖਾਂ ਨੇ ਮੰਗ ਕੀਤੀ ਕਿ ਚਨ੍ਹਾਬ ਦਾ ਪੂਰਾ ਪੂਰਬੀ ਹਿੱਸਾ, ਲਾਇਲਪੁਰ (ਅਜੋਕਾ ਫ਼ੈਸਲਾਬਾਦ), ਮੋਂਟਗੋਮਰੀ (ਹੁਣ ਸਾਹੀਵਾਲ) ਅਤੇ ਮੁਲਤਾਨ ਦੀਆਂ ਕੁਝ ਸਬ-ਡਿਵੀਜ਼ਨਾਂ ਭਾਰਤ ਨੂੰ ਸੌਂਪ ਦਿੱਤੀਆਂ ਜਾਣ।

ਪੰਜਾਬ ਦੀ ਵੰਡ ਦਾ ਵੇਰਵਾ ਦਿੰਦਿਆਂ ਉਹ ਲਿਖਦੇ ਹਨ ਕਿ ਵੰਡ ਕਾਰਨ ਪੰਜਾਬ ਦਾ 62 ਫੀਸਦੀ ਖੇਤਰ ਅਤੇ 55 ਫੀਸਦੀ ਆਬਾਦੀ ਪੱਛਮੀ ਪੰਜਾਬ ਭਾਵ ਪਾਕਿਸਤਾਨ ਦੇ ਹਿੱਸੇ ਆ ਗਈ।

ਮੈਨਨ ਅਨੁਸਾਰ, ਸੰਯੁਕਤ ਪੰਜਾਬ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲਾ ਇਹੀ ਖੇਤਰ ਸੀ। ਇਸਦੇ ਬਦਲੇ ਸੰਯੁਕਤ ਪੰਜਾਬ ਦੇ ਪੰਜ ਦਰਿਆਵਾਂ ਵਿਚੋਂ ਤਿੰਨ- ਬਿਆਸ, ਸਤਲੁਜ ਅਤੇ ਰਾਵੀ ਦੇ ਉੱਪਰਲੇ ਹਿੱਸੇ ਭਾਰਤ ਕੋਲ ਆਏ।

ਇਸ ਤੋਂ ਇਲਾਵਾ, ਭਾਰਤ ਦੁਆਰਾ ਪ੍ਰਾਪਤ ਖੇਤਰਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਅਤੇ ਲਾਹੌਰ ਦੀਆਂ ਕੁਝ ਤਹਿਸੀਲਾਂ ਸਮੇਤ 13 ਜ਼ਿਲ੍ਹੇ, ਜਲੰਧਰ ਅਤੇ ਅੰਬਾਲਾ ਡਿਵੀਜ਼ਨ ਸ਼ਾਮਲ ਸਨ।

ਉਹ ਲਿਖਦੇ ਹਨ, "ਸਿੱਖਾਂ ਨੇ ਲਾਹੌਰ ਨਾ ਮਿਲਣ ਕਰਨ ਦਾ ਵਿਰੋਧ ਕੀਤਾ ਜਦਕਿ ਮੁਸਲਮਾਨਾਂ ਨੇ ਮੰਡੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਅਤੇ ਕੁਝ ਕਾਲਪਨਿਕ ਖੇਤਰਾਂ ਦੇ ਨਾ ਮਿਲਣ ਦਾ ਵਿਰੋਧ ਕੀਤਾ।"

ਵੀਪੀ ਮੈਨਨ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਕਿਹੜੇ ਕਾਲਪਨਿਕ ਖੇਤਰ ਸਨ। ਜਿਨਾਹ ਪੇਪਰਜ਼ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਫ਼ਿਰੋਜ਼ਪੁਰ ਉਨ੍ਹਾਂ ਵਿੱਚੋਂ ਇੱਕ ਹੋ ਸਕਦਾ ਹੈ।

''ਪਾਕਿਸਤਾਨ ਅਤੇ ਬ੍ਰਿਟੇਨ ਦੇ ਸਬੰਧ ਵਿਗੜ ਸਕਦੇ ਹਨ''

ਉਹ ਲਿਖਦੇ ਹਨ, "ਲਿਆਕਤ ਅਲੀ ਖ਼ਾਨ ਨੇ ਉਨ੍ਹਾਂ ਨੂੰ ਮੁਹੰਮਦ ਅਲੀ ਜਿਨਾਹ ਦੇ ਸੁਨੇਹੇ ਨੂੰ ਵਾਇਸਰਾਏ ਦੇ ਦਫ਼ਤਰ ਵਿੱਚ ਇੱਕ ਪ੍ਰਮੁੱਖ ਅਧਿਕਾਰੀ ਲਾਰਡ ਇਸਮੇ ਤੱਕ ਪਹੁੰਚਾਉਣ ਦਾ ਨਿਰਦੇਸ਼ ਦਿੱਤਾ ਸੀ।"

"ਉਸ ਸੁਨੇਹੇ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਅਤੇ ਜਲੰਧਰ ਦੇ ਮੁਸਲਿਮ ਬਹੁਲ ਖੇਤਰ ਭਾਰਤ ਨੂੰ ਦਿੱਤੇ ਜਾ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਪਾਕਿਸਤਾਨ ਅਤੇ ਬ੍ਰਿਟੇਨ ਦੇ ਸਬੰਧ ਵਿਗੜ ਸਕਦੇ ਹਨ। ਲਾਰਡ ਇਸਮ ਨੇ ਇਨ੍ਹਾਂ ਸੂਚਨਾਵਾਂ ਤੋਂ ਇਨਕਾਰ ਕੀਤਾ। ਇਸ ''ਤੇ ਚੌਧਰੀ ਮੁਹੰਮਦ ਅਲੀ ਨੇ ਉਨ੍ਹਾਂ ਦਾ ਧਿਆਨ ਉਨ੍ਹਾਂ ਦੇ ਦਫ਼ਤਰ ਵਿੱਚ ਲਟਕਦੇ ਇੱਕ ਨਕਸ਼ੇ ਵੱਲ ਦਿਵਾਇਆ।"

ਚੌਧਰੀ ਮੁਹੰਮਦ ਅਲੀ ਦੇ ਸ਼ਬਦਾਂ ਵਿਚ, "ਮੈਂ ਉਨ੍ਹਾਂ ਨੂੰ ਨਕਸ਼ੇ ਵੱਲ ਆਉਣ ਦਾ ਇਸ਼ਾਰਾ ਕੀਤਾ, ਤਾਂ ਕਿ ਇਸ ਦੀ ਮਦਦ ਨਾਲ ਮੈਂ ਉਨ੍ਹਾਂ ਨੂੰ ਸਥਿਤੀ ਸਮਝ ਸਕਾਂ। ਪੰਜਾਬ ਦੇ ਨਕਸ਼ੇ ''ਤੇ ਪੈਨਸਿਲ ਨਾਲ ਇੱਕ ਲਕੀਰ ਖਿੱਚੀ ਗਈ ਸੀ। ਇਹ ਲਾਈਨ ਬਿਲਕੁਲ ਉਸੇ ਸੀਮਾ ਵਰਗੀ ਸੀ, ਜਿਸਦੀ ਸੂਚਨਾ ਕਾਇਦ-ਏ-ਆਜ਼ਮ ਨੂੰ ਦਿੱਤੀ ਗਈ ਸੀ। ਮੈਂ ਕਿਹਾ ਕਿ ਇਸਤੋਂ ਬਾਅਦ ਮੇਰੇ ਵੱਲੋਂ ਹੋਰ ਕੋਈ ਸਪੱਸ਼ਟੀਕਰਨ ਬੇਲੋੜਾ ਹੈ, ਕਿਉਂਕਿ ਨਕਸ਼ੇ ''ਤੇ ਉਹ ਲਕੀਰ ਪਹਿਲਾਂ ਹੀ ਖਿੱਚੀ ਹੋਈ ਸੀ, ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ। ਇਸਮੇ ਦਾ ਰੰਗ ਪੀਲਾ ਪੈ ਗਿਆ।"

ਚੌਧਰੀ ਮੁਹੰਮਦ ਅਲੀ ਮੁਤਾਬਕ ਪੰਜਾਬ ਦੀ ਵੰਡ ਸਬੰਧੀ ਤੈਅ ਕੀਤੇ ਗਏ ਅਸੂਲਾਂ, ਭਾਵ ਧਾਰਮਿਕ ਬਹੁਗਿਣਤੀ ਦੀ ਅਣਦੇਖੀ ਬਾਰੇ, ਵੀਪੀ ਮੈਨਨ ਅਤੇ ਵਾਇਸਰਾਏ ਦੇ ਸਹਿਯੋਗੀ ਮੇਜਰ ਸ਼ਾਰਟ ਨੇ ਦਲੀਲ ਦਿੱਤੀ ਸੀ ਕਿ ਵੰਡ ਦੇ ਫਾਰਮੂਲੇ ਵਿੱਚ ਇਹ ਤਬਦੀਲੀ ਆਉਣ ਵਾਲੇ ਸਮੇਂ ਵਿੱਚ ਸੰਭਾਵਿਤ ਖ਼ੂੰਰੇਜ਼ੀ (ਖੂਨ-ਖਰਾਬੇ) ਤੋਂ ਬਚਣ ਲਈ ਕੀਤੀ ਜਾ ਰਹੀ ਹੈ।

ਚੌਧਰੀ ਮੁਹੰਮਦ ਅਲੀ ਨੇ ਲਿਖਿਆ ਕਿ ਉਨ੍ਹਾਂ ਨੇ ਇਨ੍ਹਾਂ ਬੈਠਕਾਂ ''ਚ ਸਪਸ਼ਟ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਇਹ ਅੰਦਾਜ਼ੇ ਸਹੀ ਨਹੀਂ ਸਨ ਤੇ ਇਸ ਦਾ ਅੰਦਾਜ਼ਾ ਪੰਜਾਬ ਵਿੱਚ ਹੋਏ ਕਤਲੇਆਮ ਤੋਂ ਹੋ ਗਿਆ ਸੀ।

ਇਸੇ ਸਬੰਧ ''ਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਬੇਚੈਨੀ ਸੀ ਅਤੇ ਇਸਦਾ ਅਸਰ ਦੋਵੇਂ ਸਰਕਾਰਾਂ ਨੇ ਮਹਿਸੂਸ ਕੀਤਾ। ਇਹੀ ਗੱਲ ਦੋਵਾਂ ਦੇਸ਼ਾਂ ਨੂੰ ਗੱਲਬਾਤ ਦੀ ਮੇਜ਼ ''ਤੇ ਲੈ ਆਈ ਸੀ। ਇਹੀ ਗੱਲਬਾਤ ਸੀ ਜਿਸ ਕਾਰਨ ਪਾਕਿਸਤਾਨ ਅਤੇ ਭਾਰਤ ਜ਼ਮੀਨ ਦੇ ਤਬਾਦਲੇ ''ਤੇ ਸਹਿਮਤ ਹੋਏ ਸਨ।

ਨਹਿਰੂ ਨੇ ਮਹਿਮਾਨਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਰੱਖਿਆ

18 ਜਨਵਰੀ, 1961 ਨੂੰ ਰੋਜ਼ਾਨਾ ''ਇਮਰੋਜ਼'' ਨੇ ਲਿਖਿਆ ਕਿ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਕਰਨ ਦਾ ਫੈਸਲਾ ਪਾਕਿਸਤਾਨ ਦੇ ਫੌਜੀ ਸ਼ਾਸਕ ਅਯੂਬ ਖਾਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਨਹਿਰੂ ਵਿਚਕਾਰ ਇਤਿਹਾਸਕ ਮੁਲਾਕਾਤ ਦੌਰਾਨ ਲਿਆ ਗਿਆ। ਇਹ ਮੁਲਾਕਾਤ ਦਿੱਲੀ ਦੇ ਪਾਲਮ ਹਵਾਈ ਅੱਡੇ ''ਤੇ ਹੋਈ ਸੀ।

ਕੁਦਰਤੁੱਲਾ ਸ਼ਿਹਾਬ ਨੇ ਆਪਣੀ ਆਤਮਕਥਾ ''ਸ਼ਿਹਾਬ ਨਾਮਾ'' ਵਿੱਚ ਇਸ ਮੁਲਾਕਾਤ ਬਾਰੇ ਲਿਖਿਆ ਹੈ।

ਸ਼ਿਹਾਬ ਲਿਖਦੇ ਹਨ ਕਿ ਇਸ ਮੀਟਿੰਗ ਵਿੱਚ ਨਹਿਰੂ ਨੇ ਆਪਣੇ ਮਹਿਮਾਨਾਂ ਪ੍ਰਤੀ ਬੇਰੁੱਖੀ ਵਾਲਾ ਰਵੱਈਆ ਅਪਣਾਇਆ। ਇਸ ਮੌਕੇ ਉਹ ਨਾ ਤਾਂ ਆਪਣੇ ਮਹਿਮਾਨਾਂ ਵੱਲ ਮੁਸਕਰਾਇਆ ਅਤੇ ਨਾ ਹੀ ਸਹੀ ਕੱਪੜੇ ਪਾਏ।

ਸ਼ਿਹਾਬ ਮੁਤਾਬਕ ਇਹ ਮੁਲਾਕਾਤ ਇੱਕ ਘੰਟਾ 40 ਮਿੰਟ ਤੱਕ ਚੱਲੀ ਜਿਸ ਵਿੱਚ ਅਯੂਬ ਖਾਨ ਨੇ ਉਨ੍ਹਾਂ ਨੂੰ ਸੰਯੁਕਤ ਰੱਖਿਆ ਦੀ ਪੇਸ਼ਕਸ਼ ਕੀਤੀ। ਜਵਾਬ ਵਿੱਚ, ਨਹਿਰੂ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਵਿੱਚ, "ਨੋ ਵਾਰ ਡਿਕਲੇਰੇਸ਼ਨ" ਉਚਿਤ ਹੋਵੇਗਾ।

ਅਯੂਬ ਖਾਨ ਨੇ ਕਸ਼ਮੀਰ ਸਮੱਸਿਆ ਦਾ ਹੱਲ ਹੋਣ ਤੱਕ ਭਾਰਤ ਦੇ ਗੈਰ-ਹਮਲਾਵਰ ਨੂੰ ਅਰਥਹੀਣ ਕਰਾਰ ਦਿੱਤਾ, ਜਦਕਿ ਨਹਿਰੂ ਨੇ ਸੁਲ੍ਹਾ ਨੂੰ ਉਤਸ਼ਾਹਿਤ ਕਰਨ ਅਤੇ ਸਰਹੱਦੀ ਟਕਰਾਅ ਤੋਂ ਬਚਣ ਲਈ ਉਪਾਵਾਂ ''ਤੇ ਜ਼ੋਰ ਦਿੱਤਾ।

ਸਰਹੱਦੀ ਟਕਰਾਅ ਤੋਂ ਬਚਣ ਅਤੇ ਸੁਲ੍ਹਾ ਨੂੰ ਉਤਸ਼ਾਹ ਦੇਣ ਦਾ ਇਹੀ ਵਿਚਾਰ ਸੀ, ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦਾ ਸਮਾਂ ਤੈਅ ਹੋਇਆ।

ਭਾਰਤ ਨੂੰ ਮਿਲੇ ਭਗਤ ਸਿੰਘ ਸਮਾਧ ਅਤੇ ਹੁਸੈਨੀਵਾਲਾ ਹੈੱਡਵਰਕਸ

ਇਸ ਪ੍ਰੋਗਰਾਮ ਦੇ ਹਿੱਸੇ ਵਜੋਂ, 6 ਜਨਵਰੀ, 1960 ਨੂੰ ਇੱਕ ਉੱਘੇ ਸਿੱਖ ਆਗੂ, ਸਰਦਾਰ ਸਵਰਨ ਸਿੰਘ ਲਾਹੌਰ ਪਹੁੰਚੇ ਤੇ ਉੱਥੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।

ਆਪਣੇ ਇਸ ਦੋ ਦਿਨਾ ਦੌਰੇ ਦੌਰਾਨ ਉਹ ਇੱਕ ਦਿਨ ਲਾਹੌਰ ਅਤੇ ਇੱਕ ਦਿਨ ਰਾਵਲਪਿੰਡੀ ਰਹੇ, ਜਿੱਥੇ ਉਹ ਅਯੂਬ ਖਾਨ ਨੂੰ ਮਿਲੇ।

ਲਾਹੌਰ ਵਾਰਤਾ ਦੌਰਾਨ ਦੋਹਾਂ ਪਾਸਿਆਂ ਦੇ ਇਲਾਕਿਆਂ ਦੀ ਮਾਲਕੀ, ਫੌਜੀ ਚੌਕੀਆਂ ਦੇ ਨਿਰਮਾਣ ਅਤੇ ਪਹਿਰੇ ਆਦਿ ਸਬੰਧੀ ਨਿਯਮ ਤੈਅ ਕੀਤੇ ਗਏ। ਇਸ ਤੋਂ ਇਲਾਵਾ ਹੋਰ ਤਕਨੀਕੀ ਮਾਮਲਿਆਂ ਦਾ ਫੈਸਲਾ ਕਰਨ ਲਈ ਦੋ ਸਬ-ਕਮੇਟੀਆਂ ਬਣਾਈਆਂ ਗਈਆਂ।

ਅਗਲੇ ਦਿਨ 8 ਜਨਵਰੀ, 1960 ਨੂੰ ਲੈਫਟੀਨੈਂਟ ਜਨਰਲ ਸ਼ੇਖ ਦੀ ਅਗਵਾਈ ਵਿੱਚ ਇੱਕ ਪਾਕਿਸਤਾਨੀ ਵਫ਼ਦ ਨਵੀਂ ਦਿੱਲੀ ਪਹੁੰਚਿਆ। ਇਸ ਵਫ਼ਦ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਅਗਲੇ ਦਿਨ ਦੋਹਾਂ ਦੇਸ਼ਾਂ ਵਿਚਾਲੇ ਲੰਬੀ ਗੱਲਬਾਤ ਤੋਂ ਬਾਅਦ ਸਮਝੌਤਾ ਹੋਇਆ।

ਇਸ ਸਮਝੌਤੇ ਦੀਆਂ ਖ਼ਬਰਾਂ ਪਾਕਿਸਤਾਨ ਅਤੇ ਭਾਰਤ ਦੇ ਅਖ਼ਬਾਰਾਂ ਵਿੱਚ ਪ੍ਰਮੁੱਖਤਾ ਨਾਲ ਛਪੀਆਂ।

ਦੋਹਾਂ ਦੇਸ਼ਾਂ ਵਿਚਕਾਰ ਹੋਏ ਇਸ ਸਮਝੌਤੇ ਦਾ ਸਿਰਲੇਖ ਸੀ: "ਪੱਛਮੀ ਪਾਕਿਸਤਾਨ ਦੇ ਸਰਹੱਦੀ ਵਿਵਾਦ ਬਾਰੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਸਮਝੌਤਾ।"

ਸਮਝੌਤੇ ਦੇ ਵੇਰਵਿਆਂ ਵਿੱਚ ਦੱਸਿਆ ਗਿਆ ਹੈ ਕਿ ਇਸ ਸੈਕਟਰ ਵਿੱਚ ਪਾਕਿਸਤਾਨ ਅਤੇ ਭਾਰਤ ਦਰਮਿਆਨ 325 ਮੀਲ ਲੰਬੀ ਸਰਹੱਦ ਦੇ 252 ਮੀਲ ਦੀ ਹੱਦਬੰਦੀ ਹੋ ਚੁੱਕੀ ਹੈ। ਦੋਵਾਂ ਦੇਸ਼ਾਂ ਵਿਚਾਲੇ ਮਤਭੇਦਾਂ ਕਾਰਨ 73 ਮੀਲ ਦੀ ਸੀਮਾ ਅਸਪਸ਼ਟ ਸੀ।

ਇਸ ਸਮਝੌਤੇ ਤਹਿਤ ਕਸੂਰ ਤਹਿਸੀਲ ਦੇ ਇਲਾਕਿਆਂ ਸਮੇਤ ਅੰਮ੍ਰਿਤਸਰ-ਲਾਹੌਰ ਸਰਹੱਦ ''ਤੇ, ਜਿਸ ਵਿੱਚ ਕਸੂਰ ਤਹਿਸੀਲ ਵੀ ਸ਼ਾਮਲ ਸੀ, ਹੁਣ ਪਾਕਿਸਤਾਨੀ ਖੇਤਰ ਮੰਨਿਆ ਜਾਵੇਗਾ। ਇਨ੍ਹਾਂ ਇਲਾਕਿਆਂ ''ਚ ਦੇਹਾ ਸਰਜਾ ਮੁਰਿਆ, ਰਖ ਹਰਦਤ ਸਿੰਘ ਤੇ ਪਠਾਨਕੇ ਸ਼ਾਮਲ ਹੋਣਗੇ।

ਲਾਹੌਰ-ਅੰਮ੍ਰਿਤਸਰ ਸਰਹੱਦ ''ਤੇ, ਜਿਸ ਵਿਚ ਕਸੂਰ ਦੇ ਕੁਝ ਖੇਤਰ ਸ਼ਾਮਲ ਹਨ, ਚੱਕ ਲਧੀਕੇ ਭਾਰਤ ਦੀਆਂ ਸਰਹੱਦਾਂ ਵਿੱਚ ਸ਼ਾਮਲ ਹੋਣਗੇ। ਲਾਹੌਰ-ਫ਼ਿਰੋਜ਼ਪੁਰ ਸਰਹੱਦ ''ਤੇ ਫ਼ਿਰੋਜ਼ਪੁਰ ਦੇ ਸਬੰਧ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਇਨ੍ਹਾਂ ਜ਼ਿਲ੍ਹਿਆਂ ਦੀਆਂ ਹੱਦਾਂ ਸਤਲੁਜ ਦਰਿਆ ਦੇ ਮੂਲ ਮਾਰਗ ਦੇ ਨਾਲ ਨਹੀਂ ਹੋਣਗੀਆਂ। ਇਸੇ ਤਰ੍ਹਾਂ, ਦੋਵੇਂ ਦੇਸ਼ ਫਿਰੋਜ਼ਪੁਰ-ਮੋਂਟਗੋਮਰੀ ਸਰਹੱਦ ਦੀ ਮੁੜ ਅਲਾਈਨਮੈਂਟ ''ਤੇ ਸਹਿਮਤ ਹੋਏ।

ਦੋਵੇਂ ਦੇਸ਼ਾਂ ਵਿਚਕਾਰ ਦੀ ਖਾੜੀ ਕੱਛ (ਸਿੰਧ ਦਾ ਰਣ ਆਫ ਕੱਛ) ਦੀ ਸੀਮਾ ਨੂੰ ਲੈ ਕੇ ਮਤਭੇਦ ਸਨ। ਸਮਝੌਤੇ ਵਿੱਚ ਇਹ ਸਹਿਮਤੀ ਬਣੀ ਕਿ ਇਸ ਸਬੰਧੀ ਹੋਰ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।

ਇਹ ਵੀ ਫੈਸਲਾ ਕੀਤਾ ਗਿਆ ਕਿ ਪੱਛਮੀ ਪਾਕਿਸਤਾਨ (ਪਾਕਿਸਤਾਨੀ ਪੰਜਾਬ) ਅਤੇ ਪੂਰਬੀ ਪੰਜਾਬ ਦਰਮਿਆਨ ਸਾਰੇ ਹੱਦਬੰਦੀ ਮੁੱਦੇ ਅਪ੍ਰੈਲ 1960 ਤੱਕ ਪੂਰੀ ਤਰ੍ਹਾਂ ਹੱਲ ਕਰ ਲਏ ਜਾਣਗੇ।

23 ਮਾਰਚ, 1931 ਨੂੰ ਫਾਂਸੀ ਦੇਣ ਤੋਂ ਬਾਅਦ ਭਗਤ ਸਿੰਘ ਦਾ ਅੰਤਿਮ ਸੰਸਕਾਰ ਫਿਰੋਜ਼ਪੁਰ ਨੇੜੇ ਸਤਲੁਜ ਦਰਿਆ ਦੇ ਕੰਢੇ ਕਰਕੇ ਉਨ੍ਹਾਂ ਦੀ ਸਮਾਧੀ ਇੱਥੇ ਹੀ ਬਣਾ ਦਿੱਤੀ ਗਈ ਸੀ। ਇਸ ਤਰ੍ਹਾਂ ਜ਼ਮੀਨੀ ਤਬਾਦਲੇ ਦੇ ਸਮਝੌਤੇ ਤਹਿਤ ਭਾਰਤ ਨੂੰ ਇਹ ਇਤਿਹਾਸਕ ਸਥਾਨ ਵੀ ਮਿਲ ਗਿਆ।

ਹੁਸੈਨੀਵਾਲਾ ਹੈੱਡਵਰਕਸ ਦੇ ਬਦਲੇ ਵਿੱਚ, ਭਾਰਤ ਵੀ ਸਤਲੁਜ ਦਰਿਆ ''ਤੇ ਸੁਲੇਮਾਨਕੀ ਹੈੱਡਵਰਕਸ ਖੇਤਰ ਤੋਂ 14 ਮੀਲ ਪਿੱਛੇ ਹਟਿਆ। ਇਸ ਤਰ੍ਹਾਂ ਹੈੱਡਵਰਕਸ ਤੋਂ ਇਲਾਵਾ ਚੈਸਟਰ ਬ੍ਰਿਜ ਦਾ ਇਲਾਕਾ ਵੀ ਪਾਕਿਸਤਾਨ ਨੂੰ ਮਿਲ ਗਿਆ।

ਅਖਬਾਰ ਨੇ ਲਿਖਿਆ, ਸੁਰੱਖਿਆ ਦੇ ਨਜ਼ਰੀਏ ਤੋਂ ਇਸ ਪੁਲ ਦਾ ਬਹੁਤ ਮਹੱਤਵ ਹੈ। ਸੀਮਾ ਤਬਾਦਲੇ ਤਹਿਤ, ਪਾਕਿਸਤਾਨ ਨੇ ਇੱਕ ਪੂਰਾ ਪਿੰਡ ਅਤੇ 32 ਪਿੰਡਾਂ ਦੇ ਕੁਝ ਹਿੱਸੇ ਭਾਰਤ ਨੂੰ ਸੌਂਪ ਦਿੱਤੇ। ਬਦਲੇ ਵਿੱਚ ਪਾਕਿਸਤਾਨ ਨੂੰ ਪੂਰੇ ਚਾਰ ਪਿੰਡ ਅਤੇ 34 ਪਿੰਡਾਂ ਦੇ ਕੁਝ ਹਿੱਸੇ ਮਿਲ ਗਏ।

ਜ਼ਮੀਨੀ ਤਬਾਦਲੇ ਦੇ ਨਤੀਜੇ ਵਜੋਂ 1693 ਪਰਿਵਾਰ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਰਿਵਾਰਾਂ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਦੋਵਾਂ ਦੇਸ਼ਾਂ ''ਚੋਂ ਕਿਸੇ ਵੀ ਦੇਸ਼ ਵਿੱਚ ਰਹਿਣਾ ਚੁਣ ਸਕਦੇ ਹਨ।

ਜ਼ਮੀਨੀ ਤਬਾਦਲੇ ਦਾ ਕੰਮ ਪੂਰਾ ਹੋਣ ਤੋਂ ਬਾਅਦ ਭਾਰਤੀ ਪ੍ਰਤੀਨਿਧੀ ਮੰਡਲ ਦੇ ਮੁਖੀ ਨੇ ਮੀਡੀਆ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ "ਸਰਹੱਦੀ ਖੇਤਰਾਂ ਦੇ ਆਪਸੀ ਤਬਾਦਲੇ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।''''

''''ਜ਼ਮੀਨੀ ਤਬਾਦਲਾ ਬਹੁਤ ਵਧੀਆ ਅਤੇ ਦੋਸਤਾਨਾ ਢੰਗ ਨਾਲ ਹੋਇਆ ਹੈ। ਇਸ ਤਬਾਦਲੇ ਨਾਲ ਦੋਵਾਂ ਦੇਸ਼ਾਂ ਦੇ ਸਰਹੱਦੀ ਝਗੜੇ ਹੱਲ ਹੋ ਗਏ ਸਨ। ਹੁਣ ਅਸੀਂ ਆਪਣੇ-ਆਪਣੇ ਖੇਤਰਾਂ ਨੂੰ ਜਾਣਨ ਲੱਗੇ ਹਾਂ ਅਤੇ ਹੁਣ ਅਸੀਂ ਸ਼ਾਂਤੀਪੂਰਨ ਗੁਆਂਢੀਆਂ ਵਾਂਗ ਰਹਿ ਸਕਦੇ ਹਾਂ।''''

ਇਸ ਤੋਂ ਪਹਿਲਾਂ ਸਮਝੌਤੇ ਨੂੰ ਰਸਮੀ ਤੌਰ ''ਤੇ ਲਾਗੂ ਕਰਵਾਉਣ ਲਈ, ਭਾਰਤ ਤੋਂ ਸਰਦਾਰ ਗਿਆਨ ਸਿੰਘ ਕਾਹਲੋਂ ਵਾਘਾ ਸਰਹੱਦ ''ਤੇ ਪਹੁੰਚੇ। ਪਾਕਿਸਤਾਨ ਪਹੁੰਚਣ ''ਤੇ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਦੇ ਵਫ਼ਦ ਦਾ ਸਵਾਗਤ ਕੀਤਾ।

ਇਸ ਤੋਂ ਥੋੜ੍ਹੀ ਦੇਰ ਬਾਅਦ, ਪੀਰ ਅਹਿਸਾਨੁਦੀਨ ਦੀ ਅਗਵਾਈ ਵਿਚ ਪਾਕਿਸਤਾਨੀ ਪ੍ਰਤੀਨਿਧੀ ਮੰਡਲ ਭਾਰਤੀ ਖੇਤਰ ਵਿਚ ਦਾਖਲ ਹੋਇਆ। ਭਾਰਤੀ ਅਧਿਕਾਰੀਆਂ ਨੇ ਵੀ ਪਾਕਿਸਤਾਨੀ ਵਫ਼ਦ ਨੂੰ ਗਾਰਡ ਆਫ਼ ਆਨਰ ਦਿੱਤਾ।

ਦੋਵੇਂ ਵਫ਼ਦ ਸਰਹੱਦ ''ਤੇ ਕੰਟਰੋਲ ਰੂਮ ਵਿੱਚ ਦਾਖ਼ਲ ਹੋਏ ਜਿੱਥੇ ਵਾਇਰਲੈਸ ਰਾਹੀਂ ਸੂਚਨਾ ਮਿਲ ਰਹੀ ਸੀ ਕਿ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਸਮਝੌਤੇ ਤਹਿਤ ਖ਼ਾਲੀ ਕੀਤੇ ਇਲਾਕਿਆਂ ਦੀ ਕਮਾਨ ਸੰਭਾਲ ਰਹੀਆਂ ਹਨ।

ਇਸ ਤਰ੍ਹਾਂ ਉਸ ਸਮੇਂ ਦੋਵਾਂ ਦੇਸ਼ਾਂ ਦੇ ਮਤਭੇਦਾਂ ਨੂੰ ਸੁਖਾਵੇਂ ਢੰਗ ਨਾਲ ਸੁਲਝਾਉਣ ਦੀ ਕੋਸ਼ਿਸ਼ ਸਫ਼ਲ ਰਹੀ ਸੀ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=orK1abykme8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ecae91ce-d638-463b-8996-1c5d0b691ade'',''assetType'': ''STY'',''pageCounter'': ''punjabi.india.story.60100706.page'',''title'': ''ਭਗਤ ਸਿੰਘ ਦੀ ਸਮਾਧ ਅਤੇ ਹੁਸੈਨੀਵਾਲਾ ਹੈੱਡਵਰਕਸ ਦੇ ਪਾਕਿਸਤਾਨ ਤੋਂ ਭਾਰਤ ਵਿੱਚ ਆਉਣ ਦਾ ਕਿੱਸਾ'',''author'': ''ਫਾਰੂਕ ਆਦਿਲ'',''published'': ''2022-01-24T02:36:18Z'',''updated'': ''2022-01-24T02:36:18Z''});s_bbcws(''track'',''pageView'');