ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਤੁਸੀਂ ਕੱਟੜ ਹੋ ਗਏ ਅਤੇ ਤੁਹਾਡੇ ਉੱਤੇ ਗੁੱਸਾ ਭਾਰੂ ਹੋ ਜਾਂਦਾ ਹੈ- ਬੀਬਸੀ ਪੜਤਾਲ

01/23/2022 9:25:30 AM

BBC

ਪਿਛਲੇ ਸਾਲ 13 ਮਈ ਨੂੰ ਕੁਝ ਟਵਿੱਟਰ ਅਕਾਉਂਟਸ ਦਾ ਧਿਆਨ ਇੱਕ ਯੂਟਿਊਬ ਚੈਨਲ ''ਲਿਬਰਲ ਡੋਜੇ'' ਦੀ ਲਾਈਵ ਸਟ੍ਰੀਮ ਵੱਲ ਗਿਆ, ਜਿੱਥੇ ਈਦ ਮਨਾ ਰਹੀਆਂ ਪਾਕਿਸਤਾਨੀ ਕੁੜੀਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ''ਤੇ ਭੱਦੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ।

ਇਸ ਲਾਈਵ ਸਟ੍ਰੀਮ ਦਾ ਸਿਰਲੇਖ ਸੀ- " ਪਾਕਿਸਤਾਨੀ ਗਰਲਜ਼ ਰੀਵਿਊ : ਆਜ ਅਪਣੀ ਠਰਕ ਭਰੀ ਆਂਖੋ ਸੇ ਲੜਕੀਆਂ ਤਾੜੇਂਗੇ।"

ਰਿਪੋਰਟਾਂ ਦੇ ਅਨੁਸਾਰ ਇਸ ਚੈਨਲ ਦੇ ਵੀਡੀਓ ਮੁਸਲਮਾਨਾਂ ਦੇ ਖਿਲਾਫ ਨਫ਼ਰਤੀ ਬੋਲਾਂ ਨਾਲ ਭਰੇ ਹੋਏ ਸਨ। ਇਸ ਚੈਨਲ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।

13 ਮਈ ਦੀ ਲਾਈਵਸਟ੍ਰੀਮ ਦੌਰਾਨ ਇਨ੍ਹਾਂ ਕੁੜੀਆਂ ਬਾਰੇ ਅਸ਼ਲੀਲ ਗੱਲਾਂ ਕਹੀਆਂ ਗਈਆਂ ਸਨ ਅਤੇ ਅਪਸ਼ਬਦ ਵੀ ਬੋਲੇ ਗਏ ਸਨ।

ਖੁਦ ਨੂੰ ਅੰਬਰੀਨ ਦੱਸਣ ਵਾਲੀ ਇੱਕ ਪਾਕਿਸਤਾਨੀ ਔਰਤ ਨੇ ਇਸ ਲਾਈਵਸਟ੍ਰੀਮ ''ਤੇ ਟਵੀਟ ਕਰਦਿਆਂ ਕਿਹਾ, "ਹਰ ਪਾਕਿਸਤਾਨੀ ਕੁੜੀ ਆਪਣੀ ਤਸਵੀਰ ਹਟਾ ਰਹੀ ਹੈ… ਕੁੜੀਆਂ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ, ਉਹ ਡਰੀਆਂ ਹੋਈਆਂ ਹਨ..।"

https://twitter.com/Nostalgicc_A/status/1392926910179680256

ਇਸ ਲਾਈਵਸਟ੍ਰੀਮ ''ਚ ਲਗਭਗ 40 ਪਾਕਿਸਤਾਨੀ ਕੁੜ੍ਹੀਆਂ ਦੀਆਂ ਫੋਟੋਆਂ ਉਨ੍ਹਾਂ ਦੀ ਇਜਾਜ਼ਤ ਤੋਂ ਬਿਨ੍ਹਾਂ ਹੀ ਪੋਸਟ ਕੀਤੀਆਂ ਗਈਆਂ ਸਨ।

ਇਸ ਲਾਈਵਸਟ੍ਰੀਮ ''ਚ 500 ਤੋਂ ਵੀ ਵੱਧ ਲੋਕ ਜੁੜੇ ਸਨ ਜੋ ਕਿ ਇਨ੍ਹਾਂ ਕੁੜੀਆਂ ਦੀਆਂ ਫੋਟੋਆਂ ''ਤੇ 10 ਅੰਕਾਂ ''ਚੋਂ ਨੰਬਰ ਦੇ ਰਹੇ ਸਨ।

ਇਸ ਸਭ ਦੇ ਪਿੱਛੇ ਦਿੱਲੀ ਦੇ ਨਜ਼ਦੀਕ ਰਹਿਣ ਵਾਲੇ 23 ਸਾਲਾ ਰਿਤੇਸ਼ ਝਾਅ ਅਤੇ ਖੁਦ ਨੂੰ ਕੇਸ਼ੂ ਬੁਲਾਉਣ ਵਾਲਾ ਇੱਕ ਵਿਅਕਤੀ ਸੀ।

ਘਟਨਾ ਤੋਂ ਅੱਠ ਮਹੀਨਿਆਂ ਬਾਅਦ ਬੀਬੀਸੀ ਨਾਲ ਗੱਲਬਾਤ ਕਰਦਿਆਂ ਰਿਤੇਸ਼ ਝਾਅ ਕਹਿੰਦੇ ਹਨ ,"ਮੇਰੇ ਅੰਦਰ ਨਫ਼ਰਤ ਭਰ ਗਈ ਸੀ।"

"ਮੈਂ ਸੋਸ਼ਲ ਮੀਡੀਆ, ਇੰਸਟਾਗ੍ਰਾਮ, ਰੈਡਿਟ, ਟੈਲੀਗ੍ਰਾਮ ਆਦਿ ''ਤੇ ਮੁਸਲਿਮ ਹੈਂਡਲ ਵੱਲੋਂ ਅਜਿਹੀਆਂ ਗੰਦੀਆਂ ਪੋਸਟਾਂ ਵੇਖੀਆਂ ਸਨ, ਜਿਸ ''ਚ ਹਿੰਦੂ ਕੁੜੀਆਂ ਦੀਆਂ ਫੋਟੋਆਂ ਨੂੰ ਮੋਰਫਡ (ਕੰਪਿਊਟਰ ਦੀ ਮਦਦ ਨਾਲ ਤਸਵੀਰ ਨੂੰ ਬਦਲਾਅ) ਕੀਤਾ ਗਿਆ ਸੀ।"

"ਮੇਰੇ ਅੰਦਰ ਬਦਲੇ ਦੀ ਭਾਵਨਾ ਨੇ ਜਨਮ ਲਿਆ, ਪਰ ਮੈਂ ਗ਼ਲਤ ਸੀ ਅਤੇ ਬਾਅਦ ''ਚ ਮੈਂ ਇੱਕ ਮਾਫੀ ਦਾ ਵੀਡੀਓ ਵੀ ਪੋਸਟ ਕੀਤਾ ਸੀ ।"

ਰਿਤੇਸ਼ ਝਾਅ, ''ਸੁੱਲੀ ਡੀਲਜ਼'' ਅਤੇ '' ਬੁੱਲੀ ਬਾਈ'' ਐਪ ਬਣਾਉਣ ਵਾਲੇ ਲੋਕ ਸ਼ਾਇਦ ਕਦੇ ਇੱਕ ਦੂਜੇ ਨੂੰ ਮਿਲੇ ਵੀ ਨਾ ਹੋਣ, ਪਰ ਇੱਕ ਵਿਸ਼ੇਸ਼ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਇਸ ਸਾਰੇ ਨੌਜਵਾਨ ਇੰਟਰਨੈਟ ਦੀ ਇੱਕ ਹੋਰ ਤਸਵੀਰ ਨੂੰ ਜੱਗਜਾਹਰ ਕਰ ਰਹੇ ਹਨ।

ਇਹ ਵੀ ਪੜ੍ਹੋ:

  • ਹਿਜਾਬ ਪਹਿਣ ਕੇ ਕਲਾਸ ਵਿੱਚ ਜਾਣ ਪਿੱਛੇ ਛਿੜੇ ਵਿਵਾਦ ਨਾਲ ਜੁੜਿਆ ਮਾਮਲਾ ਕੀ ਹੈ
  • ਬੁੱਲੀ ਬਾਈ ਐਪ: ਘੱਟ ਗਿਣਤੀ ਭਾਈਚਾਰੇ ਦੀਆਂ ਔਰਤਾਂ ਦੀ ''ਨਿਲਾਮੀ ਕਰਨ'' ਦਾ ਕੀ ਹੈ ਮਾਮਲਾ
  • ਬੁੱਲੀ ਬਾਈ ਅਤੇ ਸੁੱਲੀ ਡੀਲਸ: ‘ਨਿਲਾਮੀ ਤੁਹਾਨੂੰ ਮਨੁੱਖ ਤੋਂ ਇੱਕ ਚੀਜ਼ ਬਣਾ ਦਿੰਦੀ ਹੈ, ਜਿਸ ਨੂੰ ਵੰਡਿਆ ਜਾ ਰਿਹਾ ਹੈ’
  • ਜਿਣਸੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕਣ ਵਾਲੀਆਂ ਔਰਤਾਂ ਨੂੰ ਕੀ ਝੱਲਣਾ ਪੈਂਦਾ ਹੈ

ਜਿਸ ''ਚ ਮੁਸਲਮਾਨਾਂ ਦੇ ਖ਼ਿਲਾਫ਼ ਫੈਲਾਈ ਜਾ ਰਹੀ ਨਫ਼ਰਤ ਦੇ ਕਈ ਪਹਿਲੂਆਂ ਨੂੰ ਪੇਸ਼ ਕਰ ਰਹੀ ਹੈ।

ਮੁਸਲਮਾਨ ਔਰਤਾਂ ਦੀਆਂ ਤਸਵੀਰਾਂ ਦੀ ਆਨਲਾਈਨ ਨੀਲਾਮੀ ਦੇ ਲਈ ਬਣਾਈਆਂ ਗਈਆਂ ''ਸੁੱਲੀ ਡੀਲਜ਼'' ਅਤੇ '' ਬੁੱਲੀ ਬਾਈ'' ਐਪਸ ਪਾਕਿਸਤਾਨੀ ਕੁੜੀਆਂ ਦੀਆਂ ਤਸਵੀਰਾਂ ਦੀ ਯੂਟਿਊਬ ''ਤੇ ਲਾਈਵ ਸਟ੍ਰੀਮਿੰਗ ਕਰਨ ਤੋਂ ਲੈ ਕੇ ਕਲੱਬ ਹਾਊਸ ਐਪ ''ਤੇ ਮੁਸਲਾਮਨ ਕੁੜੀਆਂ ਦੇ ਸਰੀਰ ''ਤੇ ਅਸ਼ਲੀਲ ਟਿੱਪਣੀਆਂ ਦਾ ਗੇੜ ਰਿਹਾ ਹੈ।

ਅਸੀਂ ਆਪਣੀ ਜਾਂਚ ''ਚ ਵੇਖਿਆ ਕਿ ਇਸ ਨਫ਼ਰਤ ਦਾ ਸ਼ਿਕਾਰ ਸਿਰਫ਼ ਮੁਸਲਿਮ ਔਰਤਾਂ ਹੀ ਨਹੀਂ ਹੋਈਆਂ ਹਨ।

ਹਿੰਦੂ ਔਰਤਾਂ ਦੇ ਚਿਹਰਿਆਂ ਦੀਆਂ ਤਸਵੀਰਾਂ ਨੂੰ ਨੰਗੇ ਸਰੀਰ ''ਤੇ ਮਾਰਫ ਕਰਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਜਾਂਦਾ ਹੈ ਅਤੇ ਬਲਾਤਕਾਰ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ।

ਦਲਿਤਾਂ ਦਾ ਨਿਰਾਦਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਖਿਲਾਫ ਛੂਤ-ਛਾਤ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਕੱਟੜ ਸੱਜੇਪੱਖੀਆਂ ਦੀ ਆਨਲਾਈਨ ਦੁਨੀਆ ਦੀ ਸਾਡੀ ਜਾਂਚ ਦੌਰਾਨ ਅਸੀਂ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ, ਜੋ ਕਿ ਇਸ ਦੁਨੀਆ ਦਾ ਹਿੱਸਾ ਹਨ, ਜਿਨ੍ਹਾਂ ਦੇ ਨਾਲ ਹੀ ਇਸ ਦੁਨੀਆਂ ਦਾ ਵਾਧਾ ਹੋਇਆ ਅਤੇ ਜਿਨ੍ਹਾਂ ਨੇ ਇਸ ਦੁਨੀਆ ''ਚ ਹੋਰ ਲੋਕਾਂ ਨੂੰ ਵੀ ਜੋੜਿਆ ਹੈ।

ਸ਼ੁਰੂਆਤੀ ਪ੍ਰਭਾਵ

ਸਾਲ 2013-14 ''ਚ ਨਰਿੰਦਰ ਮੋਦੀ ਦੀ ਅਗਵਾਈ ''ਚ ਪਹਿਲੀ ਵਾਰ ਭਾਰਤ ''ਚ ਸੱਜੇ ਪੱਖੀ ਲਹਿਰ ਦੀ ਇੱਕ ਮਜਬੂਤ ਮੁਹਿੰਮ ਚੱਲੀ ਸੀ।

ਰਿਤੇਸ਼ ਦੇ ਅਨੁਸਾਰ ਉਨ੍ਹਾਂ ਦੇ ਹੱਥ ''ਚ ਪਹਿਲੀ ਵਾਰ ਮੋਬਾਈਲ ਫ਼ੋਨ ਵੀ ਉਦੋਂ ਹੀ ਆਇਆ ਸੀ। ਉਸ ਸਮੇਂ ਉਹ 9ਵੀਂ ਜਮਾਤ ਦਾ ਵਿਦਿਆਰਥੀ ਸੀ।

ਉਸ ਦਾ ਪੜ੍ਹਾਈ ''ਚ ਖਾਸ ਮਨ ਨਹੀਂ ਲੱਗਦਾ ਸੀ। ਰਿਤੇਸ਼ ਉਸ ਸਮੇਂ ਨੂੰ ਯਾਦ ਕਰਦਿਆਂ ਦੱਸਦਾ ਹੈ , "ਸੋਸ਼ਲ ਮੀਡੀਆ ''ਤੇ ਮੀਮਸ ਆਉਂਦੇ ਸਨ ਸਿਆਸਤਦਾਨਾਂ ਦੇ ਭਾਸ਼ਣ ਸੁਣਦਾ ਸੀ, ''ਹਿੰਦੂ ਖਤਰੇ ''ਚ ਹੈ'' , '' ਉਹ ਇੱਕ ਮਾਰੇ, ਤੁਸੀਂ ਦਸ ਮਾਰਨਾ'' ਵਰਗੇ ਨਾਅਰੇ ਸੁਣਦਾ ਸੀ। ਮੈਂ ਦਿਨ-ਰਾਤ ਹਿੰਦੂ-ਮੁਸਲਿਮ ''ਚ ਲੱਗਾ ਰਹਿੰਦਾ ਸੀ ਅਤੇ ਇੰਟਰਨੈਟ ''ਤੇ ਪਾਕਿਸਤਾਨੀਆਂ ਨਾਲ ਬਹਿਸ ਵੀ ਕਰਨ ਲੱਗ ਪਿਆ ਸੀ।"

"ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈ ਕਿ ਤੁਸੀਂ ਕਦੋਂ ਰੈਡੀਕਲ ਹੋ ਗਏ ਅਤੇ ਤੁਹਾਡੇ ਅੰਦਰ ਗੁੱਸਾ ਭਰ ਜਾਂਦਾ ਹੈ। ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਧਰਮ ਦੇ ਕਾਰਨ ਤੁਹਾਨੂੰ ਸੀਮਤ ਕਰ ਦਿੱਤਾ ਗਿਆ ਹੈ, ਭੇਦਭਾਵ ਹੋ ਰਿਹਾ ਹੈ, ਇੱਥੋਂ ਤੱਕ ਕਿ ਤੁਸੀਂ ਆਨਲਾਈਨ-ਆਫਲਾਈਨ ਹਿੰਸਾ ਬਾਰੇ ਸੋਚਣ ਲੱਗਦੇ ਹੋ।"

ਰਿਤੇਸ਼ ਨੇ ਖੁਦ ਨੂੰ ਸਿਖਲਾਈ ਦਿੱਤੀ ਅਤੇ ਯੂਟਿਊਬ ''ਤੇ 15-20 ਚੈਨਲ ਤਿਆਰ ਕੀਤੇ। ਕੁਝ ਹੀ ਸਮੇਂ ''ਚ ਇਸਦੇ ਸਬਸਕ੍ਰਾਇਬਰਾਂ ਦੀ ਗਿਣਤੀ ਲੱਖਾਂ ''ਚ ਪਹੁੰਚ ਗਈ ਅਤੇ ਰਿਤੇਸ਼ ਨੂੰ ਕਮਾਈ ਵੀ ਹੋਣ ਲੱਗ ਪਈ।

ਇਸ ''ਚ ਉਹ ਹਲਾਲ ਪ੍ਰਣਾਲੀ, ਬੁਰਕਾ ਪਹਿਣਨ, ਮੁਸਲਮਾਨਾਂ ਵੱਲੋਂ ਕਈ ਬੱਚੇ ਪੈਦਾ ਕਰਨ ਵਰਗੇ ਮੁੱਦਿਆਂ ''ਤੇ ਗੱਲ ਕਰਦਾ ਸੀ। ਆਪਣੇ ਇਸ ''ਡਾਰਕ ਹਿਊਮਰ'' ਨੂੰ ਉਸ ਨੇ ''ਡੋਜੇ ਪੰਥ'' ਦਾ ਨਾਮ ਦਿੱਤਾ ਸੀ।

ਰਿਪੋਰਟਿੰਗ ਦੇ ਕਾਰਨ ਇਨ੍ਹਾਂ ਸਾਰੇ ਹੀ ਚੈਨਲਾਂ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।

ਰਿਤੇਸ਼ ਨੇ ਹੁਣ ਨਵੇਂ ਚੈਨਲ ਸ਼ੂਰੂ ਕੀਤੇ ਹਨ। ਉਸ ਦਾ ਰਵੱਈਆ ਅੱਜ ਵੀ ਪਹਿਲਾਂ ਵਾਂਗ ਹੀ ਹੈ। ਉਨ੍ਹਾਂ ਦੇ ਵੀਡੀਓ ਅੱਜ ਵੀ ਮੁਸਲਮਾਨਾਂ ਖਿਲਾਫ ਨਫ਼ਰਤ ਭਰੀਆਂ ਟਿੱਪਣੀਆਂ ਨਾਲ ਭਰੇ ਹੋਏ ਹਨ।

ਕੁਝ ਲੋਕਾਂ ਨੇ ਤਾਂ ਇਨ੍ਹਾਂ ਨਵੇਂ ਚੈਨਲਾਂ ਨੂੰ ਵੀ ਰਿਪੋਰਟ ਕਰਨਾ ਸ਼ੂਰੂ ਕਰ ਦਿੱਤਾ ਹੈ।

ਇਨ੍ਹਾਂ ਵੀਡੀਓਜ਼ ਦੇ ਸ਼ੂਰੂ ''ਚ ਇੱਕ ਡਿਸਕਲੇਮਰ ''ਚ ਭਾਰਤੀ ਸੰਵਿਧਾਨ ''ਚ ਬੋਲਣ ਦੀ ਆਜ਼ਾਦੀ ਦਾ ਹਵਾਲਾ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਵੀਡੀਓ ਯੂਟਿਊਬ ਦੇ ਕਮਿਊਨਿਟੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਾ ਹੈ।

ਰਿਤੇਸ਼ ਆਪਣੇ ਸਪੱਸ਼ਟੀਕਰਨ ''ਚ ਕਹਿੰਦਾ ਹੈ, "ਇਹ ਸਭ ਡਾਰਕ ਹਿਊਮਰ ਹੈ। ਠੀਕ ਉਸੇ ਤਰ੍ਹਾਂ ਹੀ ਜਿਵੇਂ ਉਨ੍ਹਾਂ ਦੇ ਅਨੁਸਾਰ ਉਸ ਵੱਲੋਂ ਕੁੜੀਆਂ ਦੀਆਂ ਤਸਵੀਰਾਂ ਦੀ ਕੀਤੀ ਗਈ ਸਟ੍ਰੀਮਿੰਗ '' ਸਿਰਫ ਟਿਕਟੋਕ ਜਾਂ ਇੰਸਟਾ-ਰੀਲਜ਼ ਜਾਂ ਸੁੰਦਰਤਾ ਮੁਕਾਬਲਿਆਂ'' ਵਰਗੀ ਸੀ।''''

BBC

ਕੌਣ ਹਨ ਇਹ ਨੌਜਵਾਨ ਜੋ ਕਿ ਅਜਿਹੀਆਂ ਵੀਡੀਓ ਬਣਾ ਰਹੇ ਹਨ ?

ਪੁਲਿਸ ਵੱਲੋਂ ''ਸੁੱਲੀ ਡੀਲਜ਼'' ਅਤੇ ''ਬੁੱਲੀ ਬਾਈ'' ਐਪ ਬਣਾਉਣ ਦੇ ਇਲਜ਼ਾਮ ਹੇਠ ਹਿਰਾਸਤ ''ਚ ਲਈ ਗਈ ਸ਼ਵੇਤਾ ਸਿੰਘ ਮਹਿਜ 18 ਸਾਲ ਦੀ ਹੈ। ਵਿਸ਼ਾਲ ਝਾਅ, ਮਯੰਕ ਰਾਵਤ, ਨੀਰਜ ਬਿਸ਼ਨੋਈ ਤਿੰਨੇ ਹੀ 21 ਸਾਲ ਦੇ ਹਨ ਅਤੇ ਓਮਕਾਰੇਸ਼ਵਰ ਠਾਕੁਰ 26 ਸਾਲ ਅਤੇ ਨੀਰਜ ਸਿੰਘ 28 ਸਾਲ ਦੇ ਹਨ।

ਕਲੱਬ ਹਾਊਸ ਮਾਮਲੇ ''ਚ ਗ੍ਰਿਫ਼ਤਾਰ ਹੋਏ ਯਸ਼ ਪਰਾਸ਼ਰ ਦੀ ਉਮਰ 22 ਸਾਲ , ਜੈਸ਼ਨਵ ਕੱਕੜ ਦੀ ਉਮਰ 21 ਸਾਲ ਅਤੇ ਆਕਾਸ਼ ਦੀ ਉਮਰ 19 ਸਾਲ ਦੀ ਹੈ।

ਮੁਬੰਈ ਪੁਲਿਸ ''ਚ ਪਹਿਲੇ ਸਾਈਬਰ ਸੈੱਲ ਦੀ ਸ਼ੁਰੂਆਤ ਕਰਨ ਵਾਲੇ ਸਪੈਸ਼ਲ ਆਈਜੀ ਬ੍ਰਿਜੇਸ਼ ਸਿੰਘ ਦੇ ਅਨੁਸਾਰ ਇੰਟਰਨੈਟ ਦੀ ਗੁਮਨਾਮੀ ਅਜਿਹਾ ਅਹਿਸਾਸ ਦਵਾਉਂਦੀ ਹੈ ਕਿ ਤੁਹਾਨੂੰ ਫੜਿਆ ਨਹੀਂ ਜਾ ਸਕਦਾ। ਇਸੇ ਕਾਰਨ ਹੀ ਮਨੁੱਖਤਾ ''ਚ ਕਮੀ ਆ ਜਾਂਦੀ ਹੈ ਅਤੇ ਹਿੰਸਾ ਵਧੇਰੇ ਖਤਰਨਾਕ ਰੂਪ ਧਾਰਨ ਕਰ ਲੈਂਦੀ ਹੈ।

"ਅਜਿਹੀਆਂ ਬਹੁਤ ਸਾਰੀਆਂ ਐਂਟੀ-ਫੋਰੈਂਸਿਕ ਤਕਨੀਕਾਂ ਹਨ , ਜਿਨ੍ਹਾਂ ਦੀ ਮਦਦ ਨਾਲ ਇਨ੍ਹਾਂ ਲੋਕਾਂ ਨੂੰ ਫੜਿਆ ਜਾ ਸਕਦਾ ਹੈ, ਪਰ ਇਨ੍ਹਾਂ ਲੋਕਾਂ ਨੂੰ ਬਚਣ ਦੇ ਸਾਰੇ ਤਰੀਕੇ ਪਤਾ ਹਨ। ਇਸ ਲਈ ਇਹ ਪਹਿਲਾਂ ਹੀ ਸਾਵਧਾਨੀ ਵਰਤਦਿਆਂ ਵੀਪੀਐਨ, ਟੋਰ, ਵਰਚੁਅਲ ਮਸ਼ੀਨ ਅਤੇ ਇਨਕ੍ਰਿਪਸ਼ਨ ਦੀ ਵਰਤੋਂ ਕਰਦੇ ਹਨ।"

ਓਮਕਾਰੇਸ਼ਵਰ ਠਾਕੁਰ ਦੀ ਗ੍ਰਿਫਤਾਰੀ ਮੌਕੇ ਦਿੱਲੀ ਪੁਲਿਸ ਦੇ ਡੀਸੀਪੀ ਕੇਪੀਐਸ ਮਲਹੋਤਰਾ ਨੇ ਦੱਸਿਆ ਸੀ ਕਿ ਉਹ ਟਵਿੱਟਰ ''ਤੇ ਮੁਸਲਿਮ ਔਰਤਾਂ ਨੂੰ ਟ੍ਰੋਲ ਕਰਨ ਵਾਲੇ ਇੱਕ ''ਟ੍ਰੈਡ'' ਸਮੂਹ ਦਾ ਮੈਂਬਰ ਵੀ ਸੀ।

https://twitter.com/ani/status/1480029411155988486

ਭਾਰਤੀ ਕੱਟੜ ਸੱਜੇ ਪੱਖੀ ਅਧਿਕਾਰ : ਟ੍ਰੈਡਰਜ਼

ਭਾਰਤ ''ਚ ਇਹ ਮੰਨਿਆ ਜਾਂਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੱਤਾ ''ਚ ਆਉਣ ਤੋਂ ਬਾਅਦ ਸੱਜੇ ਪੱਖੀ ਵਿਚਾਰਧਾਰਾ ਦੇ ਪ੍ਰਚਾਰ ''ਚ ਖਾਸਾ ਵਾਧਾ ਹੋਇਆ ਹੈ।

ਆਮ ਲੋਕਾਂ ਨੂੰ ਕੁਝ ਦਿਨ ਪਹਿਲਾਂ ਹੀ ਪਤਾ ਲੱਗਿਆ ਕਿ ਸੱਜੇ ਪੱਖੀ ਸੋਚ ਨਾਲ ਜੁੜੇ ਦੋ ਵੱਡੇ ਸਮੂਹ ਹਨ- ਇੱਕ ਟ੍ਰੈਡਜ਼ ਅਤੇ ਦੂਜਾ ਰਾਇਤਾ।

ਟ੍ਰੈਡਰ ''ਪਰੰਪਰਾਵਾਦੀਆਂ'' ਦਾ ਇੱਕ ਛੋਟਾ ਜਿਹਾ ਰੂਪ ਹੈ ਅਤੇ ਮੋਟੇ ਤੌਰ ''ਤੇ ਸਮਝਿਆ ਜਾਵੇ ਤਾਂ ਇਸ ਸਮੂਹ ਦੇ ਲੋਕ ਪੁਰਾਣੀਆਂ ਪਰੰਪਰਾਵਾਂ ਦੇ ਅਨੁਸਾਰ ਜੀਵਨ ਜਿਊਣ ''ਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਨੂੰ ਬਦਲਣਾ ਨਹੀਂ ਚਾਹੁੰਦੇ ਹਨ।

ਇਹ ਸਾਰੇ ਸਤੀ ਪ੍ਰਥਾ, ਬਾਲ ਵਿਆਹ, ਪਰਦਾ ਪ੍ਰਥਾ ਨੂੰ ਸਹੀ ਮੰਨਦੇ ਹਨ ਅਤੇ ਬ੍ਰਾਹਮਣਾਂ ਨੂੰ ਜਾਤੀ ਪ੍ਰਥਾ ''ਚ ਸਰਵਉੱਚ ਮੰਨਦੇ ਹਨ।

BBC

ਇਹ ਜ਼ਰੂਰੀ ਨਹੀਂ ਹੈ ਕਿ ਉਹ ਨਰਿੰਦਰ ਮੋਦੀ ਦੇ ਸਮਰਥਕ ਹੋਣ। ਉਨ੍ਹਾਂ ਦਾ ਮੰਨਣਾ ਹੈ ਕਿ ਔਰਤਾਂ ਨੂੰ ਘਰ ਦੀ ਹੀ ਚਾਰ ਦਿਵਾਰੀ ਅੰਦਰ ਰਹਿਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ ਹੈ।

''ਬੁੱਲੀ ਬਾਈ'' ਅਤੇ ''ਸੁੱਲੀ ਡੀਲਜ਼'' ਦੀ ਸ਼ਿਕਾਰ ਸਾਨੀਆ ਸੱਯਦ ਟ੍ਰੈਡਰਜ਼ ਦੇ ਬਾਰੇ ''ਚ ਕਹਿੰਦੀ ਹੈ, "ਇਹ ਇੱਕ ਜਾਂ ਦੋ ਲੋਕ ਨਹੀਂ ਹਨ। ਇਹ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਦੀ ਉਮਰ ਲਗਭਗ 20 ਤੋਂ 23 ਸਾਲ ਦੇ ਦਰਮਿਆਨ ਹੈ। ਇਨ੍ਹਾਂ ਨੂੰ ਲੱਗਦਾ ਹੈ ਕਿ (ਕੇਂਦਰ ''ਚ ) ਇੱਕ ਬੇਰਹਿਮ ਨੇਤਾ ਹੋਣਾ ਚਾਹੀਦਾ ਹੈ।"

ਉਹ ਅੱਗੇ ਕਹਿੰਦੀ ਹੈ , "ਉਹ ਲੋਕ ਭੀੜ ਵੱਲੋਂ ਕੀਤੀ ਹਿੰਸਾ ਦੀ ਸ਼ਲਾਘਾ ਕਰਦੇ ਹਨ, ਜਾਤੀ ਪ੍ਰਣਾਲੀ ''ਚ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਾ ਤਾਂ ਮੁਸਲਮਾਨ ਹੋਣੇ ਚਾਹੀਦੇ ਹਨ ਅਤੇ ਨਾ ਹੀ ਈਸਾਈ।"

ਟਵਿੱਟਰ ''ਤੇ ਐਚਆਰ ਦੇ ਨਾਮ ਦਾ ਹੈਂਡਲ ਵਰਤਣ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਵੀ ਇੱਕ ''ਟ੍ਰੈਡਰ'' ਸਨ। ਅਜਿਹਾ ਉਸ ਸਮੇਂ ਜਦੋਂ ਐਚਆਰ ਖੁਦ ਇੱਕ ਦਲਿਤ ਜਾਤੀ ਨਾਲ ਸੰਬੰਧ ਰੱਖਦਾ ਹੈ।

ਉਨ੍ਹਾਂ ਨੇ ਆਪਣੀ ਪਛਾਣ ਜਨਤਕ ਨਾ ਕਰਨ ਦੀ ਗੁਜ਼ਾਰਿਸ਼ ਕੀਤੀ ਹੈ। ਉਨ੍ਹਾਂ ਨੂੰ ਨਾਮ ਸਾਹਮਣੇ ਆਉਣ ''ਤੇ ''ਡਾਕਸਿੰਗ'' ਭਾਵ ਕਿ ਉਨ੍ਹਾਂ ਦੀ ਨਿੱਜੀ ਜਾਣਕਾਰੀ ਜਨਤਕ ਹੋਣ ਦਾ ਡਰ ਹੈ।

ਸਾਲ 2020 ਦੇ ਸ਼ੁਰੂ ''ਚ ਉਸ ਨੂੰ ਇੰਸਟਾਗ੍ਰਾਮ ਦੇ ਇੱਕ ''ਟ੍ਰੈਡਰ'' ਸਮੂਹ ''ਚ ਸ਼ਾਮਲ ਕੀਤਾ ਗਿਆ ਸੀ।

ਉਸ ਨੂੰ ਕਿਹਾ ਗਿਆ ਸੀ ਕਿ ਉਹ ਸੋਸ਼ਲ ਮੀਡੀਆ ''ਤੇ ਮੁਸਲਮਾਨਾਂ ਨਾਲ ਬਹੁਤ ਹੀ ਚੰਗੀ ਤਰ੍ਹਾਂ ਬਹਿਸ ਕਰ ਲੈਂਦੇ ਹਨ।

ਉਸ ਨੂੰ ਦੱਸਿਆ ਗਿਆ ਸੀ ਕਿ ਇਸ ਗਰੁੱਪ ਦਾ ਮਕਸਦ ਹਿੰਦੂ ਧਰਮ ਬਾਰੇ ਸਹੀ ਜਾਣਕਾਰੀ ਫੈਲਾਉਣਾ ਹੈ।

ਫਿਰ ਐਚਆਰ ਉਸ ਸਮੂਹ ''ਚ ਸ਼ਾਮਲ ਹੋ ਗਏ।

ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ, "ਮੈਂ ਹਿੰਦੂ ਧਰਮ ਦੀਆਂ ਪੁਰਾਣੀਆਂ ਪਰੰਪਰਾਵਾਂ, ਜਿਵੇਂ ਕਿ ਸਤੀ ਪ੍ਰਥਾ, ਬਾਲ ਵਿਆਹ, ਛੂਤ-ਛਾਤ ਨੂੰ ਸਹੀ ਮੰਨਦਾ ਸੀ ਅਤੇ ਆਪਣੇ ਉਸ ਇਤਿਹਾਸ ''ਤੇ ਮੈਨੂੰ ਮਾਣ ਸੀ। ਇਸ ਲਈ ਮੈਂ ਉਸ ਸਮੂਹ ਨਾਲ ਜੁੜ ਗਿਆ।"

ਐਚਆਰ ਨੂੰ 14-15 ਸਾਲ ਦੇ ਨੌਜਵਾਨਾਂ ਨੂੰ ਇਸ ਸਮੂਹ ''ਚ ਸ਼ਾਮਲ ਕਰਨ ਲਈ ਕਿਹਾ ਗਿਆ।

ਸਮਾਂ ਬੀਤਣ ''ਤੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਗਰੁੱਪ ''ਚ ਉਪਰੋਂ-ਉਪਰੋਂ ਤਾਂ ਜਿੱਥੇ ਗ੍ਰੰਥਾਂ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਹੀ ਅੰਦਰ ਖਾਤੇ ਸਮੂਹ ਦੇ ਮੈਂਬਰ ਨਫ਼ਰਤ ਅਤੇ ਹਿੰਸਕ ਵਿਵਹਾਰ ਨੂੰ ਉਤਸ਼ਾਹਿਤ ਕਰਦੇ ਹਨ।

ਜਿਵੇਂ ਕਿ ਦਲਿਤਾਂ ਨੂੰ ਹਿੰਦੂ ਹੀ ਨਹੀਂ ਸਮਝਣਾ, ਹਿੰਦੂ ਰਾਸ਼ਟਰ ਬਣਾਉਣ ਲਈ ਮੁਸਲਿਮ ਔਰਤਾਂ ਨਾਲ ਬਲਾਤਕਾਰ ਦੀ ਗੱਲ ਕਰਨਾ , ਬੱਚਿਆਂ ਦੇ ਕਤਲ ਨੂੰ ਵੀ ਜਾਇਜ਼ ਠਹਿਰਾਉਣਾ, ਜਾਤੀ ਦੇ ਨਾਂ ''ਤੇ ਅਣਖ ਲਈ ਕਤਲ ਅਤੇ ਅੰਤਰ-ਜਾਤੀ ਵਿਆਹ ਕਰਨ ਵਾਲਿਆਂ ਨੂੰ ਧਮਕੀਆਂ ਦੇਣਾ ਆਦਿ।

ਇਹ ਵੀ ਪੜ੍ਹੋ:

  • ਸੋਸ਼ਲ ਮੀਡੀਆ ''ਤੇ ਕੋਈ ਇਤਰਾਜ਼ਯੋਗ ਤਸਵੀਰ ਪਾਵੇ ਤਾਂ ਕੁੜੀਆਂ ਕੀ ਕਰਨ
  • ਸਿੱਖ ਬਣ ਕੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ਉੱਤੇ ਚਲਾਈ ਗਈ ਮੁਹਿੰਮ
  • ਇੰਟਰਨੈੱਟ ''ਤੇ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਤੋਂ ਬਚਾਉਣ ਲਈ ਇਹ ਗੱਲਾਂ ਜਾਣਨਾ ਜ਼ਰੂਰੀ ਹੈ

ਐਚਆਰ ਅਨੁਸਾਰ ਛੇੜਛਾੜ ਦਾ ਪੱਧਰ ਇੰਨਾ ਸੀ ਕਿ ਕੁਝ ਕੁੜੀਆਂ ਨੇ ਤਾਂ ਆਪਣੀ ਜਾਨ ਤੱਕ ਲੈਣ ਦਾ ਯਤਨ ਕੀਤਾ।

ਪਰ ''ਟ੍ਰੈਡਰ'' ਵਿਚਾਰਧਾਰਾ ਨੂੰ ਮੰਨਣ ਵਾਲਿਆਂ ''ਚ ਸਿਰਫ਼ ਮੁੰਡੇ ਹੀ ਨਹੀਂ ਕੁੜੀਆਂ ਵੀ ਹਨ, ਜੋ ਖੁਦ ਪਰਦਾ ਪ੍ਰਣਾਲੀ ਦਾ ਸਮਰਥਨ ਕਰਦੀਆਂ ਹਨ ਅਤੇ ਕਰਵਾ ਚੌਥ ਰੱਖਣ ਵਾਲੇ ਮਰਦਾਂ ਨੂੰ ''ਟ੍ਰੋਲ'' ਕਰਕੇ ਉਨ੍ਹਾਂ ਨੂੰ ''ਨਾਮਰਦ'' ਕਹਿੰਦੀਆਂ ਹਨ।

ਐਚਆਰ ਨੇ ਸਮੂਹ ''ਚ ਰਹਿੰਦਿਆਂ ਕਦੇ ਵੀ ਆਪਣੀ ਜਾਤੀ ਬਾਰੇ ਖੁਲਾਸਾ ਨਹੀਂ ਕੀਤਾ ਸੀ, ਪਰ ਉਨ੍ਹਾਂ ਲਈ ਇਹ ਸਭ ਬਹੁਤ ਹੀ ਦੁਖਦਾਈ ਹੋ ਗਿਆ ਸੀ।

ਉਹ ਕਹਿੰਦੇ ਹਨ , "ਮੈਂ ਉਨ੍ਹਾਂ ਨੂੰ ਸਮਝਾਉਂਦਾ ਸੀ ਪਰ ਉਹ ਕੁਝ ਵੀ ਸੁਣਨ ਨੂੰ ਤਿਆਰ ਹੀ ਨਹੀਂ ਸਨ। ਕਈ ਵਾਰ ਤਾਂ ਇੰਝ ਲੱਗਦਾ ਸੀ ਕਿ ਉਨ੍ਹਾਂ ਕੋਲ ਦਿਲ ਹੀ ਨਹੀਂ ਹੈ। ਉਹ ਕਿਹਾ ਵੀ ਕਰਦੇ ਸਨ ਕਿ ਅਜਿਹੇ ਮਰਦ ਬਣੋ ਜਿਸ ਨੂੰ ਕਿਸੇ ਵੀ ਗੱਲ ਨਾਲ ਕੋਈ ਫਰਕ ਨਾ ਪਵੇ ਅਤੇ ਉਹ ਆਪਣੀ ਗੱਲ ਮਨਵਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕੇ, ਪਰ ਮੈਂ ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੁੰਦਾ ਸੀ।"

ਐਚਆਰ ਮੁਤਾਬਕ ਉਹ ਲੋਕ ਲਿੰਚਿਗ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਸਨ ਅਤੇ ਸ਼ੇਖੀ ਮਾਰਦੇ ਸਨ ਕਿ ਕਿਵੇਂ ਉਨ੍ਹਾਂ ਨੇ ਆਪਣੇ ਇਲਾਕੇ ''ਚ ਕਿਸੇ ਮੁਸਲਿਮ ਮੁੰਡੇ ਨੂੰ ਕੁੱਟਿਆ ਹੈ।

ਆਖ਼ਰਕਾਰ ਐਚਆਰ ਨੇ ਉਸ ਗਰੁੱਪ ਅਤੇ ਟ੍ਰੈਡਰ ਭਾਈਚਾਰੇ ਨੂੰ ਛੱਡ ਦਿੱਤਾ ਅਤੇ ਹੁਣ ਉਹ ਆਪਣੇ ਵਰਗੇ ਹੋਰ ਲੋਕਾਂ ਨਾਲ ਮਿਲ ਕੇ ਟ੍ਰੈਡਰਜ਼ ਨੂੰ ਰੋਕਣ ਲਈ ਕੰਮ ਕਰ ਰਿਹਾ ਹੈ।

BBC

ਟ੍ਰੈਡਰਜ਼ ਨਾਲ ਅਸਹਿਮਤ ਸੱਜੇ ਪੱਖੀ- ਰਾਇਤਾ

ਟ੍ਰੈਡਰਜ਼ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਅਸਹਿਮਤ ਸੱਜੇ ਪੱਖੀ ਲੋਕਾਂ ਨੂੰ ''ਰਾਇਤਾ'' ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ, ਭਾਵ ਆਮ ਭਾਸ਼ਾ ਅਨੁਸਾਰ ਉਹ ਲੋਕ ਜੋ ਕਿ ਰਾਇਤਾ ਫੈਲਾਉਂਦੇ ਹਨ ਜਾਂ ਕੰਮ ਖ਼ਰਾਬ ਕਰਦੇ ਹਨ।

ਮੋਨਾ ਸ਼ਰਮਾ ਹਿੰਦੂ ਹੈ ਅਤੇ ਸੱਜੇ ਪੱਖੀ ਹੈ। ਉਹ ਰਾਇਤਾ ਦੀ ਪਰਿਭਾਸ਼ਾ ਅਧੀਨ ਆਉਂਦੀ ਹੈ। ਉਸ ਨੂੰ ਇਹ ਸ਼ਬਦ ਅਪਮਾਨਜਨਕ ਲੱਗਦਾ ਹੈ।

ਟ੍ਰੈਡ ਅਤੇ ਰਾਇਤਾ ''ਚ ਫਰਕ ਦੱਸਦਿਆਂ ਮੋਨਾ ਕਹਿੰਦੀ ਹੈ, "ਰਾਇਤਾ ਸੰਘ ਦੇ ਲੋਕ ਭਾਜਪਾ, ਸੱਜੇ ਪੱਖੀ, ਹਿੰਦੂਤਵ ਸਮਰਥਕ ਹੁੰਦੇ ਹਨ, ਜੋ ਕਿ ਯੋਗੀ ਅਤੇ ਮੋਦੀ ਵਰਗੇ ਆਗੂਆਂ ਨੂੰ ਪਸੰਦ ਕਰਦੇ ਹਨ, ਪਰ ਟ੍ਰੈਡਰਜ਼ ਦੇ ਮੁਕਾਬਲੇ ਰਾਇਤਾ ਆਪਣੇ ਵਿਚਾਰਾਂ ਨੂੰ ਕਾਨੂੰਨ ਦੇ ਦਾਇਰੇ ਅੰਦਰ ਰਹਿਕੇ ਪੇਸ਼ ਕਰਦੇ ਹਨ।"

ਮੋਨਾ ਸ਼ਰਮਾ ਦੇ ਅਨੁਸਾਰ ਉਨ੍ਹਾਂ ਦੇ ''ਪ੍ਰਗਤੀਸ਼ੀਲ'' ਵਿਚਾਰਾਂ ਦੇ ਕਾਰਨ ਹੀ ਟ੍ਰੈਡਰਜ਼ ਨੇ ਉਨ੍ਹਾਂ ਨੂੰ ਆਪਣੇ ਨਿਸ਼ਾਨੇ ''ਤੇ ਲਿਆ ਹੈ। ਉਨ੍ਹਾਂ ਨੂੰ ''ਰੰਡੀ'' ਵਰਗੇ ਅਪਸ਼ਬਦ ਵੀ ਕਹੇ ਗਏ ਅਤੇ ਉਨ੍ਹਾਂ ਦੇ ਪਤੀ ਦੀ ਨਿੱਜੀ ਜਾਣਕਾਰੀ ਜਨਤਕ ਵੀ ਕੀਤੀ ਗਈ।

ਮੋਨਾ ਮੰਨਦੀ ਹੈ ਕਿ ਉਹ ਖੁਦ ਇਸਲਾਮੀ ਕੱਟੜਪੰਥ ''ਤੇ ਉਦਾਰਵਾਦੀ ਅਤੇ ਖੱਬੇਪੱਖੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਨਾਲ ਬਹਿਸ ਅਤੇ ਉਨ੍ਹਾਂ ਨੂੰ ਟ੍ਰੋਲ ਕਰਦੀ ਹੈ, ਪਰ ਉਹ ਟ੍ਰੈਡਰ ਭਾਈਚਾਰੇ ਨੂੰ ਵਧੇਰੇ ਖਤਰਨਾਕ ਦੱਸਦੀ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਸਨੇ ਦੱਸਿਆ," ਇਨ੍ਹਾਂ ਦੇ ਵਿਚਾਰ ਤਾਲਿਬਾਨ ਵਰਗੇ ਹੀ ਹੁੰਦੇ ਹਨ ਕਿ ਔਰਤਾਂ ਘਰ ''ਚ ਹੀ ਰਹਿਣ, ਬੱਚੇ ਪੈਦਾ ਕਰਨ, ਪਰਦਾ ਕਰਨ/ ਘੁੰਡ ਕਰਨ ਜ਼ਿਆਦਾ ਪੜ੍ਹਨ ਨਹੀਂ, ਪ੍ਰੇਮ ਵਿਆਹ ਨਾ ਕਰਨ…। ਜੇਕਰ ਇਹ ਮਜਬੂਤ ਹੋ ਗਏ ਤਾਂ ਕਾਨੂੰਨ ਵਿਵਸਥਾ ਹਿੱਲ ਜਾਵੇਗੀ ਅਤੇ ਔਰਤਾਂ ਦੀ ਜ਼ਿੰਦਗੀ ਵਾਪਸ 16ਵੀਂ ਸਦੀ ''ਚ ਪਹੁੰਚ ਜਾਵੇਗੀ।"

ਮੋਨਾ ਮੁਤਾਬਕ ਸਾਲ 2020 ''ਚ ਜਦੋਂ ਕੋਵਿਡ ਮਹਾਮਾਰੀ ਰੋਕਣ ਦੇ ਮਕਸਦ ਨਾਲ ਪਹਿਲਾ ਲੋਕਡਾਊਨ ਹੋਇਆ ਸੀ, ਲਗਭਗ ਉਸੇ ਸਮੇਂ ਅਜਿਹੇ ਟ੍ਰੈਡਰਜ਼ ਅਕਾਉਂਟ ਵਧੇਰੇ ਸਰਗਰਮ ਹੋ ਗਏ ਸਨ।

ਉਹ ਅੱਗੇ ਦੱਸਦੀ ਹੈ, "ਪਹਿਲਾਂ ਤਾਂ ਇਹ ਸਭ ਭਾਜਪਾ ਸਮਰਥਕ ਲੱਗੇ। ਸਾਡੇ ਵਾਂਗ ਹੀ ਇਸਲਾਮ, ਦੰਗਿਆਂ ਅਤੇ ਅੱਤਵਾਦ ਦਾ ਵਿਰੋਧ ''ਚ ਬੋਲਦੇ ਵਿਖੇ, ਪਰ ਜਦੋਂ ਮੇਰੇ ਵਰਗੀਆਂ ਸੱਜੇ ਪੱਖ ਦੀਆਂ ਹਿੰਦੂ ਔਰਤਾਂ ਇਨ੍ਹਾਂ ਦੀ ਪੁਰਾਣੀ ਵਿਚਾਰਧਾਰਾ ''ਤੇ ਸਵਾਲ ਚੁੱਕਣ ਲੱਗੀਆਂ ਤਾਂ ਇਹ ਸਾਨੂੰ ਵੀ ਨਿਸ਼ਾਨੇ ''ਤੇ ਲੈਣ ਲੱਗ ਪਏ।"

ਇਹ ਵੀ ਪੜ੍ਹੋ:

  • ਮੰਗਲਸੂਤਰ ਜਾਂ ਕਰਵਾਚੌਥ ਦੀਆਂ ਮਸ਼ਹੂਰੀਆਂ - ਮਾਰਕੀਟਿੰਗ ਲਈ ਔਰਤਾਂ ਦਾ ਇਸਤੇਮਾਲ ਤਾਂ ਨਹੀਂ
  • ਹਜ਼ਾਰਾਂ ਔਰਤਾਂ ਆਪਣੇ ਵਾਲ਼ ਕਟਾ ਕੇ ਫੋਟੋਆਂ ਸੋਸ਼ਲ ਮੀਡੀਆ ਉੱਤੇ ਕਿਉਂ ਪਾ ਰਹੀਆਂ ਹਨ
  • ਫੇਸਬੁੱਕ ਨੂੰ ਪਤਾ ਸੀ ਕਿ ਇੰਸਟਾਗ੍ਰਾਮ ਨੌਜਵਾਨਾਂ ਲਈ ‘ਜ਼ਹਿਰੀਲਾ ਹੈ’, ਫੇਸਬੁੱਕ ਦੇ ਕੰਮ ਬਾਰੇ ਅਜਿਹੇ ਹੋਰ ਖੁਲਾਸੇ

"ਇਨ੍ਹਾਂ ਨੂੰ ਸ਼ਰਾਬ ਪੀਣ ਵਾਲੀਆਂ , ਪੱਛਮੀ ਕੱਪੜੇ ਪਾਉਣ ਵਾਲੀਆਂ ਆਧੁਨਿਕ ਪੜ੍ਹੀਆਂ- ਲਿਖੀਆਂ ਔਰਤਾਂ ਬਰਦਾਸ਼ਤ ਹੀ ਨਹੀਂ ਹਨ। ਅਸੀਂ ਉਨ੍ਹਾਂ ਲਈ ਪੂਰਨ ਹਿੰਦੂ ਨਹੀਂ ਹਾਂ ਕਿਉਂਕਿ ਅਸੀਂ ਦਲਿਤਾਂ ਅਤੇ ਮੁਸਲਮਾਨਾਂ ਖਿਲਾਫ ਹਿੰਸਾ ਦਾ ਪ੍ਰਚਾਰ ਨਹੀਂ ਕਰਦੇ।"

ਮੋਨਾ ਅਨੁਸਾਰ ਟ੍ਰੈਡਰ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਪਸੰਦ ਨਹੀਂ ਕਰਦੇ ਹਨ। ਉਹ ਉਨ੍ਹਾਂ ਨੂੰ ਹਿੰਦੂ ਰਾਸ਼ਟਰ ਬਣਾਉਣ ਲਈ ਪ੍ਰਭਾਵੀ ਨੇਤਾ ਨਹੀਂ ਮੰਨਦੇ ਹਨ ਅਤੇ ਉਨ੍ਹਾਂ ਨੂੰ ''ਮੌਲਾਨਾ ਮੋਦੀ'' ਬੁਲਾਉਂਦੇ ਹਨ।

ਸੱਜੇ ਪੱਖੀ ਵਿਚਾਰਧਾਰਾ ''ਤੇ ਲੇਖ ਲਿਖਣ ਵਾਲੇ ਕਾਲਮਨਿਸਟ ਅਭਿਸ਼ੇਕ ਬੈਨਰਜੀ ਵੀ ਆਪਣੇ ਆਪ ਨੂੰ ਰਾਇਤਾ ਦੱਸਦੇ ਹਨ ਅਤੇ ਸੱਜੇ ਪੱਖ ਦੇ ਇਨ੍ਹਾਂ ਵੱਖੋ-ਵੱਖ ਧੜਿਆਂ ਦੀ ਤੁਲਨਾ ਖੱਬੇਪੱਖੀ ਧੜਿਆਂ ਨਾਲ ਕਰਦੇ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ, "ਸੱਜੇਪੱਖੀ ਧਿਰ ''ਚ ਵੰਡ ਪਿਛਲੇ ਲੰਮੇ ਸਮੇਂ ਤੋਂ ਹੈ, ਪਰ ਚਰਚਾ ''ਚ ਹੁਣ ਆ ਰਹੇ ਹਨ, ਕਿਉਂਕਿ ਸੱਜੇ ਪੱਖੀ ਸੱਤਾ ''ਚ ਹਨ। ਰਾਜਨੀਤੀ ''ਤੇ ਉਨ੍ਹਾਂ ਦਾ ਦਬਦਬਾ ਹੈ ਅਤੇ ਆਮ ਲੋਕਾਂ ''ਚ ਇਹ ਹਰਮਨ ਪਿਆਰਾ ਹੋ ਰਿਹਾ ਹੈ।"

''ਟ੍ਰੈਡਰਜ਼'' ਅਤੇ ''ਰਾਇਤਾ'' ਤੋਂ ਇਲਾਵਾ ''ਯੂਨੀਅਨਿਸਟ'' ਅਤੇ ''ਬਲੈਕ ਪਿਲਰਜ਼'' ਵਰਗੀਆਂ ਵਿਚਾਰਧਾਰਵਾਂ ਵੀ ਇਸ ਖੇਤਰ ''ਚ ਮੌਜੂਦ ਹਨ।

ਵੀਡੀਓ: ਸੋਸ਼ਲ ਮੀਡੀਆ ਸਾਈਟਾਂ ਅਜਿਹੀਆਂ ਬਣਾਈਆਂ ਜਾਂਦੀਆਂ ਹਨ ਕਿ ਉਨ੍ਹਾਂ ਦੀ ਆਦਤ ਪੈ ਜਾਵੇ

ਇਸ ਦੁਨੀਆ ਦਾ ਹਿੱਸਾ ਰਹਿ ਚੁੱਕੇ ਇਕ ਵਿਅਕਤੀ ਅਨੁਸਾਰ ਆਪਣੇ ਆਪ ਨੂੰ ''ਯੂਨੀਅਨਿਸਟ'' ਦੱਸਣ ਵਾਲੇ, ਦਲਿਤਾਂ ਨੂੰ ਅਪਵਿੱਤਰ ਮੰਨਦੇ ਹਨ ਅਤੇ ਉਨ੍ਹਾਂ ਨੂੰ ਇਸ ਦੁਨੀਆ ''ਚੋਂ ਖਤਮ ਕਰਨ ਦੀ ਗੱਲ ਕਰਦੇ ਹਨ।

''ਬਲੈਕ ਪਿਲਰਜ਼'' ਉਹ ਲੋਕ ਹਨ, ਜਿੰਨ੍ਹਾਂ ਦਾ ਮੰਨਣਾ ਹੈ ਕਿ ਭਾਰਤ ''ਚ ਕਦੇ ਵੀ ਹਿੰਦੂ ਰਾਸ਼ਟਰ ਨਹੀਂ ਬਣੇਗਾ ਅਤੇ ਸਮੱਸਿਆ ਦੀ ਸਾਰੀ ਜੜ੍ਹ ਧਰਮ ਨਿਰਪੱਖ ਲੋਕਤੰਤਰ ਹੈ।

ਇਹ ਵੀ ਪੜ੍ਹੋ:

  • ਤਾਲਿਬਾਨ ਦਾ ਨਵਾਂ ਹਥਿਆਰ ਸੋਸ਼ਲ ਮੀਡੀਆ, ਕਿਵੇਂ ਹੋ ਰਹੀ ਵਰਤੋਂ ਤੇ ਕਿਹੜੀ ਧਾਰਨਾ ਬਦਲਣਾ ਚਾਹੁੰਦੇ ਹਨ
  • ਆਨਲਾਈਨ ਡੇਟਿੰਗ ਐਪਜ਼ ਦਾ ਇਸਤੇਮਾਲ ਕਰਨ ਨਾਲ ਜੁੜੇ ਖ਼ਤਰਿਆਂ ਨੂੰ ਜਾਣਨ ਲਈ ਇਹ ਜਾਣਕਾਰੀ ਜ਼ਰੂਰੀ ਹੈ
  • ਹਿੰਦੂ ਮੁੰਡੇ ਤੇ ਮੁਸਲਿਮ ਕੁੜੀ ''ਤੇ ਬਣੀ ਡਰਾਮਾ ਸੀਰੀਜ਼ ਤੋਂ ਪਾਕਿਸਤਾਨ ''ਚ ਕਿਉਂ ਨਾਰਾਜ਼ ਹੋਏ ਲੋਕ

ਜਦੋਂ ਤੋਂ ਮੀਡੀਆ ਨੇ ਟ੍ਰੈਡਰ ਅਤੇ ਰਾਇਤਾ ''ਤੇ ਲਿਖਣਾ ਸ਼ੁਰੂ ਕੀਤਾ ਹੈ ਅਤੇ ਇਸ ਤੋਂ ਵੀ ਪਹਿਲਾਂ ਬੁੱਲੀ ਬਾਈ ਅਤੇ ਸੁੱਲੀ ਡੀਲਸ ''ਤੇ ਪੁਲਿਸ ਦਾ ਸ਼ਿੰਕਜ਼ਾ ਕੱਸਿਆ ਗਿਆ ਹੈ, ਉਦੋਂ ਤੋਂ ਹੀ ਇਨ੍ਹਾਂ ਧੜਿਆਂ ਨਾਲ ਜੁੜੇ ਕਈ ਲੋਕਾਂ ਦੇ ਸੁਰ ਬਦਲ ਗਏ ਹਨ ਜਾਂ ਫਿਰ ਉਹ ਆਪਣਾ ਅਕਾਊਂਟ ਬੰਦ ਕਰਕੇ ਅੰਡਰਗਰਾਊਂਡ ਹੋ ਗਏ ਹਨ।

ਅੱਗੇ ਦਾ ਰਸਤਾ

ਸੁੱਲੀ-ਬੁੱਲੀ ਮਾਮਲਿਆਂ ''ਚ ਹੁਣ ਤੱਕ ਪੰਜ ਗ੍ਰਿਫਤਾਰੀਆਂ ਹੋਈਆਂ ਹਨ, ਪਰ ਇੰਸਟਾਗ੍ਰਾਮ, ਟਵਿੱਟਰ, ਯੂਟਿਊਬ , ਰੈਡਿਟ ਅਤੇ ਟੈਲੀਗ੍ਰਾਮ ਵਰਗੀਆਂ ਐਪਾਂ ''ਤੇ ਨਫ਼ਰਤ ਫੈਲਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਮੁਬੰਈ ਪੁਲਿਸ ਦੀ ਡੀਸੀਪੀ ਸਾਇਬਰ ਕ੍ਰਾਈਮ, ਰਸ਼ਮੀ ਕਰੰਦੀਕਰ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਕੋਈ ਨਤੀਜਾ ਸਾਹਮਣੇ ਆਵੇਗਾ।

ਪੁਲਿਸ ਅਨੁਸਾਰ ਇਸ ਦਾ ਇੱਕ ਵੱਡਾ ਕਾਰਨ ਵਿਦੇਸ਼ੀ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਲੋੜੀਂਦੇ ਸਹਿਯੋਗ ਦੀ ਘਾਟ ਹੈ।

ਮੁਬੰਈ ਪੁਲਿਸ ''ਚ ਸਪੈਸ਼ਲ ਆਈਜੀ ਬ੍ਰਿਜੇਸ਼ ਸਿੰਘ ਦਾ ਕਹਿਣਾ ਹੈ, "ਜਦੋਂ ਅਸੀਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਜਾਣਕਾਰੀ ਸਾਂਝੀ ਕਰਨ ਲਈ ਲਿਖਦੇ ਹਾਂ ਤਾਂ ਉਨ੍ਹਾਂ ਵੱਲੋਂ ਜਵਾਬ ਆਉਂਦਾ ਹੈ ਕਿ ਉਹ ਸਿਰਫ ਅਮਰੀਕੀ ਕਾਨੂੰਨ ਦੀ ਹੀ ਪਾਲਣਾ ਕਰਨਗੇ ਅਤੇ ਉਦੋਂ ਹੀ ਜਾਣਕਾਰੀ ਸਾਂਝੀ ਕਰਨਗੇ ਜਦੋਂ ਉਹ ਤੈਅ ਕਰ ਲੈਣਗੇ ਕਿ ਅਪਰਾਧ ਹੋਇਆ ਹੈ ਜਾਂ ਫਿਰ ਨਹੀਂ ।"

BBC

ਸੁੱਲੀ-ਬੁੱਲੀ ਐਪ ਮਾਮਲਿਆਂ ''ਚ ਹੋਈ ਗ੍ਰਿਫਤਾਰੀ ਦੇ ਬਾਰੇ ''ਚ ਉਹ ਕਹਿੰਦੇ ਹਨ ਕਿ ਐਪਸ ਨੂੰ ਟਰੈਕ ਕਰਨਾ ਸੌਖਾ ਹੁੰਦਾ ਹੈ।

ਉਹ ਅੱਗੇ ਕਹਿੰਦੇ ਹਨ, "ਐਪ ਸਟੋਰ ਤੋਂ ਅਸੀਂ ਪਤਾ ਲਗਾ ਸਕਦੇ ਹਾਂ ਕਿ ਕਿਸ ਨੇ ਐਪ ਬਣਾਈ ਹੈ ਅਤੇ ਫਿਰ ਅੱਗੇ ਦੀ ਜਾਂਚ ਕਰਨ ''ਚ ਵੀ ਆਸਾਨੀ ਰਹਿੰਦੀ ਹੈ। ਪਰ ਜਦੋਂ ਇੱਕ ਹੀ ਵਿਚਾਰਧਾਰਾ ਦੇ ਲੋਕ ਸੋਸ਼ਲ ਮੀਡੀਆ ''ਤੇ ਕੰਮ ਕਰਦੇ ਹਨ ਤਾਂ ਉਨ੍ਹਾਂ ਦੀ ਜਾਣਕਾਰੀ ਉਸੇ ਪਲੇਟਫਾਰਮ ''ਤੇ ਹੀ ਅਗਾਂਹ ਜਾਂਦੀ ਹੈ।

ਪਲੇਟਫਾਰਮ ਚਾਹੇ ਤਾਂ ਉਨ੍ਹਾਂ ਦਾ ਡਿਵਾਈਸ, ਮਾਡਲ ਨੰਬਰ , ਓਪਰੇਟਿੰਗ ਸਿਸਟਮ , ਸਥਾਨ , ਉਨ੍ਹਾਂ ਵੱਲੋਂ ਬਣਾਏ ਗਏ ਹੋਰ ਅਕਾਊਂਟ , ਜੇਕਰ ਉਹ ਵੀਪੀਐਨ ਜਾਂ ਟੋਰ ਦੀ ਵਰਤੋਂ ਕਰ ਰਹੇ ਹਨ, ਇਸ ਸਭ ਦੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦਾ ਹੈ ਪਰ ਅਜਿਹਾ ਹੁੰਦਾ ਨਹੀਂ ਹੈ।"

ਬ੍ਰਿਜੇਸ਼ ਸਿੰਘ ਅਨੁਸਾਰ ਕਾਨੂੰਨ ਵਿਵਸਥਾ ਕੋਲ ਇੰਨ੍ਹੀਆਂ ਸਹੂਲਤਾਂ ਨਹੀਂ ਹਨ ਕਿ ਉਹ ਲੱਖਾਂ ਅਕਾਊਂਟਾਂ ਨੂੰ ਮੌਨੀਟਰ ਕਰਨ ਅਤੇ ਉਨ੍ਹਾਂ ਨੂੰ ਟਰੈਕ ਕਰਨ। ਇਸ ਲਈ ਪੁਲਿਸ ਉਦੋਂ ਹੀ ਕਾਰਵਾਈ ਕਰਦੀ ਹੈ ਜਦੋਂ ਉਨ੍ਹਾਂ ਕੋਲ ਕੋਈ ਸ਼ਿਕਾਇਤ ਦਰਜ ਹੁੰਦੀ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਕਈ ਹੈਂਡਲਜ਼ ਨੇ ਟ੍ਰੈਡ ਦੀ ਵੱਧਦੀ ਪ੍ਰਸਿੱਧੀ ਦਾ ਕਾਰਨ ਸੋਸ਼ਲ ਮੀਡੀਆ ''ਤੇ ਹੋਰ ਮਸ਼ਹੂਰ ਸੱਜੇ ਪੱਖੀ ਹੈਂਡਲਾਂ ਦੇ ਇਨ੍ਹਾਂ ਟ੍ਰੈਡਰਾਂ ''ਤੇ ਨਕੇਲ ਨਾ ਕੱਸਣਾ , ਉਨ੍ਹਾਂ ਦੀਆਂ ਨਫ਼ਰਤ ਭਰਪੂਰ ਗੱਲਾਂ ਦੀ ਨਿਖੇਧੀ ਨਾ ਕਰਨਾ ਅਤੇ ਚੁੱਪਚਾਪ ਮਨਜ਼ੂਰੀ ਦੇਣਾ ਦੱਸਿਆ ਹੈ।

ਅਭਿਸ਼ੇਕ ਬੈਨਰਜੀ ਅਜਿਹਾ ਨਹੀਂ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ, "ਮੈਂ ਕਿਸੇ ਵੱਡੇ ਹੈਂਡਲ ਨੂੰ ਹਿੰਸਾ ਦਾ ਸਮਰਥਨ ਕਰਦਿਆਂ ਜਾਂ ਟ੍ਰੈਡਰਜ਼ ਨੂੰ ਉਤਸ਼ਾਹਿਤ ਕਰਦਿਆਂ ਨਹੀਂ ਵੇਖਿਆ ਹੈ ਅਤੇ ਕੌਣ ਕਿਸ ਤੋਂ ਪ੍ਰਭਾਵਿਤ ਹੁੰਦਾ ਹੈ, ਇਹ ਤਾਂ ਸਿਰਫ ਇੱਕ ਦ੍ਰਿਸ਼ਟੀਕੋਣ ਹੈ। ਇਹ ਇਲਜ਼ਾਮ ਸਹੀ ਨਹੀਂ ਹੈ।"

ਅਭਿਸ਼ੇਕ ਅਨੁਸਾਰ ਹਾਸ਼ੀਏ ''ਤੇ ਪਏ ਇਨ੍ਹਾਂ ਸਮੂਹਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਪਰ ਕੰਟਰੋਲ ਜਾਂ ਕਾਨੂੰਨ ਰਾਹੀਂ ਇਨ੍ਹਾਂ ''ਤੇ ਕਾਬੂ ਜਰੂਰ ਪਾਇਆ ਜਾ ਸਕਦਾ ਹੈ।

ਯੂਟਿਊਬਰ ਰਿਤੇਸ਼ ਝਾਅ ਆਪਣੇ ਆਪ ਨੂੰ ਪੀੜਤ ਦੱਸਦੇ ਹਨ, ਜੋ ਕਿ ਪਾਕਿਸਤਾਨੀ ਕੁੜੀਆਂ ਦੀਆਂ ਤਸਵੀਰਾਂ ਦੀ ਲਾਈਵ ਸਟ੍ਰੀਮਿੰਗ ਦੀ ਸਖਤ ਆਲੋਚਨਾ ਹੋਣ ਤੋਂ ਬਾਅਦ ਬਿਲਕੁੱਲ ਇੱਕਲਾ ਰਹਿ ਗਿਆ ਹੈ।

ਰਿਤੇਸ਼ ਦਾ ਕਹਿਣਾ ਹੈ ਕਿ ਲੋਕਾਂ ਨੇ ਉਸ ਤੋਂ ਦੂਰੀ ਬਣਾ ਲਈ ਹੈ ਅਤੇ ਮੀਡੀਆ ਕੰਪਨੀ ''ਚ ਉਸ ਦੀ ਨੌਕਰੀ ਵੀ ਖੁੱਸ ਗਈ ਹੈ।

ਉਹ ਕਹਿੰਦੇ ਹਨ ,"ਮੈਨੂੰ ਹੁਣ ਸਮਝ ਆ ਗਈ ਹੈ ਕਿ ਇਸ ਸਭ ਦਾ ਕੋਈ ਫਾਇਦਾ ਨਹੀਂ ਹੈ। ਇਸ ਨਾਲ ਨਾ ਤਾਂ ਭੋਲੇ ਭਾਲੇ ਲੋਕਾਂ ਨੂੰ ਫਾਇਦਾ ਹੋਇਆ ਅਤੇ ਨਾ ਹੀ ਮੈਨੂੰ ਕੋਈ ਲਾਭ ਪਹੁੰਚਿਆ।

ਸਿਰਫ ਉਨ੍ਹਾਂ ਲੋਕਾਂ ਨੂੰ ਹੀ ਫਾਇਦਾ ਹੋਇਆ ਹੈ ਜੋ ਕਿ ਇਸ ਮਾਹੌਲ ਦੀ ਆੜ ''ਚ ਲੁਕਵੇਂ ਏਜੰਡੇ ਨੂੰ ਚਲਾ ਰਹੇ ਹਨ। ਅਸੀਂ ਤਾਂ ਸਿਰਫ ਕਠਪੁਤਲੀਆਂ ਹਾਂ।"

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=PofwRytSQwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d3a7aa19-2b22-4cd7-b295-65c2ab8b7a93'',''assetType'': ''STY'',''pageCounter'': ''punjabi.india.story.60096357.page'',''title'': ''ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਤੁਸੀਂ ਕੱਟੜ ਹੋ ਗਏ ਅਤੇ ਤੁਹਾਡੇ ਉੱਤੇ ਗੁੱਸਾ ਭਾਰੂ ਹੋ ਜਾਂਦਾ ਹੈ- ਬੀਬਸੀ ਪੜਤਾਲ'',''author'': ''ਦਿਵਿਆ ਆਰੀਆ, ਵਿਨੀਤ ਖਰੇ '',''published'': ''2022-01-23T03:47:42Z'',''updated'': ''2022-01-23T03:47:42Z''});s_bbcws(''track'',''pageView'');