ਹਰਿਆਣਾ ''''ਚ ਸਾਊਦੀ ਅਤੇ ਕਜ਼ਾਖ ਹਵਾਈ ਜਹਾਜ਼ 25 ਸਾਲ ਪਹਿਲਾਂ ਕਿਵੇਂ ਟਕਰਾਏ ਸਨ

01/21/2022 9:25:28 PM

Getty Images

12 ਨਵੰਬਰ 1996 ਦੀ ਸ਼ਾਮ ਨੂੰ ਸਾਊਦੀ ਏਅਰਲਾਈਨਜ਼ ਦੀ ਇੱਕ ਉਡਾਣ ਨੇ ਆਮ ਵਾਂਗਰ ਹੀ ਦਿੱਲੀ ਹਵਾਈ ਅੱਡੇ ਤੋਂ ਉਡਾਣ ਭਰੀ। ਮੌਸਮ ਸਾਫ਼ ਸੀ ਅਤੇ ਹਵਾ ਵੀ ਸ਼ਾਂਤ ਹੀ ਸੀ ਅਤੇ ਨਾ ਹੀ ਅਜਿਹਾ ਕੋਈ ਸੰਕੇਤ ਸੀ ਜਿਸ ਤੋਂ ਇਹ ਅੰਦਾਜ਼ਾ ਲੱਗਦਾ ਕਿ ਕੁਝ ਹੀ ਪਲਾਂ ''ਚ ਹਜ਼ਾਰਾਂ ਫੁੱਟ ਦੀ ਉਚਾਈ ''ਤੇ ਤਕਰੀਬਨ 350 ਯਾਤਰੀਆਂ ਸਮੇਤ ਇਹ ਜਹਾਜ਼ ਚਕਨਾਚੂਰ ਹੋ ਜਾਵੇਗਾ।

ਲਗਭਗ 500 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉਡਾਣ ਭਰ ਕੇ ਬੋਇੰਗ 747 ਕੁਝ ਹੀ ਮਿੰਟਾਂ ''ਚ 14 ਹਜ਼ਾਰ ਦੀ ਉਚਾਈ ''ਤੇ ਪਹੁੰਚ ਗਿਆ ਸੀ ਅਤੇ ਇਸ ਨੇ ਦਿੱਲੀ ਏਅਰਪੋਰਟ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਤੋਂ ਹੋਰ ਉੱਪਰ ਜਾਣ ਦੀ ਇਜਾਜ਼ਤ ਮੰਗੀ ਸੀ। ਪਰ ਏਟੀਸੀ ਨੇ ਉਸ ਨੂੰ ਉਸੇ ਉਚਾਈ ''ਤੇ ਰਹਿਣ ਦਾ ਨਿਰਦੇਸ਼ ਦਿੱਤਾ।

ਉਨ੍ਹੀਂ ਦਿਨੀਂ ਦਿੱਲੀ ਹਵਾਈ ਅੱਡੇ ਦਾ ਰਨਵੇ ਇੱਕ-ਪਾਸੜ ਸੀ (ਭਾਵ ਰਵਾਨਗੀ ਅਤੇ ਆਗਮਨ ਦੋਵੇਂ ਰਨਵੇ ਦੇ ਇੱਕੋ ਪਾਸਿਓਂ ਸਨ)। ਉਸੇ ਸਮੇਂ, ਇੱਕ ਕਜ਼ਾਕਿਸਤਾਨੀ ਆਈਐਲ-76 ਉਲਟ ਦਿਸ਼ਾ ਤੋਂ 15,000 ਫੁੱਟ ਦੀ ਉਚਾਈ ''ਤੇ ਦਿੱਲੀ ਵੱਲ ਆ ਰਿਹਾ ਸੀ। ਦਿੱਲੀ ਏਟੀਸੀ ਨੇ ਉਸ ਨੂੰ ''FL 150'' ਯਾਨੀ 15,000 ਫੁੱਟ ''ਤੇ ਰਹਿਣ ਲਈ ਕਿਹਾ।

ਏਟੀਸੀ ਨੇ ਕਜ਼ਾਕਿਸਤਾਨੀ ਜਹਾਜ਼ ਨੂੰ ਇਹ ਵੀ ਦੱਸਿਆ ਕਿ ਉਲਟ ਦਿਸ਼ਾ ਵਿੱਚ ਸਾਊਦੀ ਏਅਰਲਾਈਨਜ਼ ਦੀ ਉਡਾਣ ਸਿਰਫ਼ ਦਸ ਮੀਲ ਦੂਰ ਹੈ ਅਤੇ ਅਗਲੇ ਪੰਜ ਮੀਲ ਵਿੱਚ ਕਜ਼ਾਕਿਸਤਾਨੀ ਜਹਾਜ਼ ਨੂੰ ਪਾਰ ਕਰੇਗੀ। ਏਟੀਸੀ ਨੇ ਅੱਗੇ ਨਿਰਦੇਸ਼ ਦਿੱਤਾ ਕਿ ਜੇਕਰ ਇਹ ਜਹਾਜ਼ ਦਿਖਾਈ ਦਿੰਦਾ ਹੈ, ਤਾਂ ਏਟੀਸੀ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ।

ਕਜ਼ਾਕਿਸਤਾਨ ਦੇ ਜਹਾਜ਼ ਨੇ ਫਿਰ ਦੂਰੀ ਨੂੰ ਕਵਰ ਕੀਤਾ। ਏਟੀਸੀ ਨੇ ਜਵਾਬ ਦਿੱਤਾ ਕਿ ''ਟ੍ਰੈਫਿਕ ਹੁਣ ਅੱਠ ਮੀਲ ਦੂਰ ਹੈ ਅਤੇ 14,000 ਫੁੱਟ ਦੀ ਉਚਾਈ ''ਤੇ ਹੈ ।

ਕਜ਼ਾਕਿਸਤਾਨੀ ਜਹਾਜ਼ ਦੇ ਅਮਲੇ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ "150 ਭਾਵ 15 ਹਜ਼ਾਰ ਫੁੱਟ ''ਤੇ ਪਹੁੰਚੋ ਕਿਉਂਕਿ 140 ''ਤੇ..ਆਹ ਵੋ ਰਹਾ, ਆਹ ਇੱਕ..''

ਇਸ ਹਾਦਸੇ ਦੀ ਜਾਂਚ ਦਿੱਲੀ ਹਾਈ ਕੋਰਟ ਦੇ ਜੱਜ ਆਰ.ਸੀ. ਲਾਹੋਟੀ ਦੀ ਪ੍ਰਧਾਨਗੀ ਹੇਠ ਹੋਈ। ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਕਜ਼ਾਕਿਸਤਾਨੀ ਜਹਾਜ਼ ਦੇ ਕਾਕਪਿਟ ਵਿੱਚ ਹੋਈ ਗੱਲਬਾਤ ਮੁਤਾਬਕ ਰੇਡੀਓ ਅਧਿਕਾਰੀ ਨੇ ਦੋਵੇਂ ਜਹਾਜ਼ਾਂ ਦੇ ਟਕਰਾਉਣ ਤੋਂ ਮਹਿਜ਼ ਚਾਰ ਸਕਿੰਟ ਪਹਿਲਾਂ ਹੀ ਸਾਊਦੀ ਅਰਬ ਦੇ ਜਹਾਜ਼ ਨੂੰ ਵੇਖਿਆ ਸੀ।

ਇਹ ਘਟਨਾ ਹਵਾਬਾਜ਼ੀ ਇਤਿਹਾਸ ਦੇ ਸਭ ਤੋਂ ਭਿਆਨਕ ਹਾਦਸਿਆਂ ਵਿੱਚੋਂ ਇੱਕ ਹੈ।

ਇਸ ਹਾਦਸੇ ਵਿੱਚ ਅੱਠ ਦੇਸ਼ਾਂ ਦੇ ਕੁੱਲ 351 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਸਾਊਦੀ ਏਅਰਲਾਈਨਜ਼ ਦੀ ਉਡਾਣ ਵਿੱਚ 312 ਯਾਤਰੀ ਅਤੇ 23 ਚਾਲਕ ਦਲ ਦੇ ਮੈਂਬਰ ਅਤੇ ਕਜ਼ਾਕਿਸਤਾਨ ਦੀ ਉਡਾਣ ਵਿੱਚ 32 ਯਾਤਰੀ ਅਤੇ ਚਾਲਕ ਦਲ ਦੇ ਪੰਜ ਮੈਂਬਰ ਸ਼ਾਮਲ ਸਨ।

Getty Images

ਇਸੇ ਤਰ੍ਹਾਂ ਸਾਊਦੀ ਫਲਾਈਟ ਦੇ ਅਮਲੇ ਦੇ ਆਖਰੀ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੇ ਵੀ ਕਜ਼ਾਕਿਸਤਾਨ ਦੇ ਜਹਾਜ਼ ਨੂੰ ਆਖਰੀ ਸਮੇਂ ''ਤੇ ਦੇਖਿਆ ਸੀ ਅਤੇ ਸਮਝ ਲਿਆ ਸੀ ਕਿ ਮੌਤ ਉਨ੍ਹਾਂ ਦੇ ਬਹੁਤ ਨੇੜੇ ਹੈ।

ਲਾਹੋਟੀ ਕਮਿਸ਼ਨ ਦੇ ਅਨੁਸਾਰ, ਉਨ੍ਹਾਂ ਦੇ ਆਖਰੀ ਸ਼ਬਦ ਸਨ, "ਅਸਤਗਫਿਰਉੱਲ੍ਹਾ, ਅਸ਼ਹਦ, ਇਨਾਹ ਲਿੱਲਾਹਿ ਵ ਇਨਾਹ ਇਲਾਹਿ ਰਾਜਿਓਨ।"

ਜਹਾਜ਼ ਦੇ ਮਲਬੇ ਤੋਂ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਕਜ਼ਾਕਿਸਤਾਨ ਦਾ ਜਹਾਜ਼ ਸਾਊਦੀ ਅਰਬ ਦੇ ਜਹਾਜ਼ ਦੇ ਹੇਠਾਂ ਆ ਗਿਆ ਸੀ ਅਤੇ ਜਿਵੇਂ ਹੀ ਉਸ ਨੇ ਸਾਊਦੀ ਅਰਬ ਦਾ ਜਹਾਜ਼ ਵੇਖਿਆ, ਉਸ ਨੇ ਤੁਰੰਤ ਆਪਣੀ ਅਸਲ ਉਚਾਈ 15 ਹਜ਼ਾਰ ਫੁੱਟ ''ਤੇ ਜਾਣ ਦਾ ਯਤਨ ਕੀਤਾ ਅਤੇ ਬਿਲਕੁਲ ਆਖਰੀ ਸਮੇਂ ''ਤੇ ਉਸ ਦਾ ਪਿਛਲਾ ਹਿੱਸਾ ਸਾਊਦੀ ਜਹਾਜ਼ ਦੇ ਸੱਜੇ ਖੰਭ ਨਾਲ ਟਕਰਾ ਗਿਆ।

ਇਹ ਵੀ ਪੜ੍ਹੋ:-

  • ਕੀ ਤੁਹਾਨੂੰ ਹਵਾਈ ਜਹਾਜ਼ ''ਚ ਉੱਡਣ ਤੋਂ ਡਰ ਲਗਦਾ ਹੈ
  • ਨਕਲੀ ਪਿਸਤੌਲ ਨਾਲ ਭਾਰਤੀ ਹਵਾਈ ਜਹਾਜ਼ ਅਗਵਾ ਕੀਤੇ ਜਾਣ ਦੀ ਕਹਾਣੀ
  • ਫਰਾਂਸ ਦੀਆਂ ਪਹਾੜੀਆਂ ਤੋਂ ਇੰਦਰਾ ਗਾਂਧੀ ਦੀ ਤਸਵੀਰ ਵਾਲਾ 1966 ਦਾ ਅਖ਼ਬਾਰ ਮਿਲਿਆ

ਇਕਲੌਤਾ ਗਵਾਹ

ਜ਼ਮੀਨ ''ਤੇ ਦੋ ਜਹਾਜ਼ਾਂ ਦੀ ਟੱਕਰ ਦਾ ਕੋਈ ਚਸ਼ਮਦੀਦ ਗਵਾਹ ਨਹੀਂ ਸੀ, ਪਰ ਹਵਾ ''ਚ ਇੱਕ ਆਦਮੀ ਸੀ ਜਿਸ ਨੇ ਕੁਝ ਹੀ ਪਲਾਂ ਬਾਅਦ ਹਾਦਸੇ ਦੇ ਬਾਰੇ ''ਚ ਏਟੀਸੀ ਨੂੰ ਸੂਚਿਤ ਕੀਤਾ ਸੀ।

ਦਿੱਲੀ ਤੋਂ ਅੱਠ ਮਿੰਟ ਦੀ ਦੂਰੀ ''ਤੇ ਅਮਰੀਕੀ ਹਵਾਈ ਫੌਜ ਦਾ ਜਹਾਜ਼ ਇਸਲਾਮਾਬਾਦ ਤੋਂ ਅਮਰੀਕੀ ਦੂਤਾਵਾਸ ਦਾ ਸਮਾਨ ਲੈ ਕੇ ਦਿੱਲੀ ਪਹੁੰਚਣ ਹੀ ਵਾਲਾ ਸੀ।

ਇਸ ਟੱਕਰ ਤੋਂ ਦੋ ਮਿੰਟ ਬਾਅਦ ਉਸ ਨੇ ਦਿੱਲੀ ਏਟੀਸੀ ਨੂੰ ਸੂਚਿਤ ਕੀਤਾ ਕਿ ਉਸ ਨੇ ਅੱਗ ਦਾ ਇੱਕ ਵੱਡਾ ਗੋਲਾ ਵੇਖਿਆ ਹੈ ਜੋ ਕੁਝ ਕਿ ਹੀ ਸਕਿੰਟਾਂ ''ਚ ਧਰਤੀ ''ਤੇ ਦੋ ਵੱਖ-ਵੱਖ ਦਿਸ਼ਾਵਾਂ ''ਚ ਡਿੱਗਦਾ ਵਿਖਾਈ ਦਿੱਤਾ ਹੈ।

ਇਸ ਦੇ ਪਾਇਲਟ ਨੇ ਏਟੀਸੀ ਨੂੰ ਦੱਸਿਆ, "ਅਸੀਂ ਆਪਣੇ ਸੱਜੇ ਪਾਸੇ ਇੱਕ ਵਿਸ਼ਾਲ ਅੱਗ ਦੇ ਗੋਲੇ ਵਰਗੀ ਕੋਈ ਚੀਜ਼ ਵੇਖੀ ਹੈ। ਇਹ ਇੱਕ ਵੱਡੇ ਧਮਾਕੇ ਵਾਂਗ ਜਾਪਦਾ ਹੈ।"

ਏਟੀਸੀ ਨੇ ਤੁਰੰਤ ਦੋਵਾਂ ਜਹਾਜ਼ਾਂ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ। ਜ਼ਾਹਿਰ ਹੈ ਕਿ ਬਹੁਤ ਦੇਰ ਹੋ ਚੁੱਕੀ ਸੀ।

ਇੱਕ ਮਿੰਟ ਬਾਅਦ, ਅਮਰੀਕੀ ਜਹਾਜ਼ ਨੇ ਇਸ ਖਬਰ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਪਹਿਲਾਂ ਇਸ ਨੂੰ ਬਿਜਲੀ ਚਮਕਣ ਦੀ ਘਟਨਾ ਸਮਝਿਆ ਸੀ, ਪਰ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ, "ਸਾਨੂੰ ਇਸ ਸਮੇਂ ਤੁਹਾਡੇ ਉੱਤਰ ਪੱਛਮ ਵੱਲ ਤਕਰੀਬਨ 44 ਮੀਲ ਦੂਰ, ਸੱਜੇ ਪਾਸੇ ਦੋ ਅੱਗ ਦੇ ਗੋਲੇ ਵਿਖਾਈ ਦੇ ਰਹੇ ਹਨ।"

ਉਨ੍ਹਾਂ ਨੇ ਅੱਗੇ ਸਪੱਸ਼ਟ ਕੀਤਾ ਕਿ "ਇੱਥੋਂ ਲੰਘਦਿਆਂ ਅਸੀਂ ਬੱਦਲਾਂ ''ਚ ਅੱਗ ਦਾ ਇੱਕ ਵੱਡਾ ਗੋਲਾ ਵੇਖਿਆ ਹੈ ਅਤੇ ਮੈਨੂੰ ਮਲਬਾ ਵੀ ਵਿਖਾਈ ਦੇ ਰਿਹਾ ਹੈ। ਧਰਤੀ ''ਤੇ ਦੋ ਵੱਖ-ਵੱਖ ਥਾਵਾਂ ''ਤੇ ਅੱਗ ਹੈ। ਓਵਰ।"

ਅੱਗ ਦੇ ਇਹ ਗੋਲੇ ਦਿੱਲੀ ਹਵਾਈ ਅੱਡੇ ਤੋਂ ਤਕਰੀਬਨ 100 ਕਿਲੋਮੀਟਰ ਦੂਰ ਹਰਿਆਣਾ ਸੂਬੇ ਦੇ ਚਰਖੀ ਦਾਦਰੀ ਪਿੰਡ ''ਚ ਡਿੱਗੇ ਸਨ।

Getty Images

ਉਨ੍ਹੀਂ ਦਿਨੀਂ ਅਖ਼ਬਾਰਾਂ ਦੀਆਂ ਸੁਰਖੀਆਂ ਕੁਝ ਇਸ ਤਰ੍ਹਾਂ ਸਨ- "25 ਲਾਸ਼ਾਂ ਕਿਸੇ ਹੱਦ ਤੱਕ ਪਛਾਣ ਕਰਨ ਦੀ ਸੂਰਤ ''ਚ, 62 ਇੰਨੀਆਂ ਸੜ ਚੁੱਕੀਆਂ ਹਨ ਕਿ ਪਛਾਨਣਾ ਵੀ ਅਸੰਭਵ, 32 ਪੂਰੀ ਤਰ੍ਹਾਂ ਨਾਲ ਤਬਾਹ।"

ਮ੍ਰਿਤਕਾਂ ਦੀ ਕੌਮੀਅਤ: 331 ਭਾਰਤੀ, 18 ਸਾਉਦੀ, 9 ਨੇਪਾਲੀ, 3 ਪਾਕਿਸਤਾਨੀ, 2 ਅਮਰੀਕੀ, 1 ਬ੍ਰਿਟਿਸ਼ ਅਤੇ 1 ਬੰਗਲਾਦੇਸ਼ੀ।

ਘਟਨਾ ਵਾਲੀ ਥਾਂ ਦਾ ਦ੍ਰਿਸ਼

ਪਿੰਡ ਵਾਸੀਆਂ ਨੇ ਵੀ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਉੱਪਰੋਂ ਅੱਗ ਦੇ ਗੋਲੇ ਡਿੱਗਦੇ ਅਤੇ ਹੇਠਾਂ ਤੋਂ ਕਾਲਾ ਧੂੰਆ ਉੱਠਦਾ ਵੇਖਿਆ ।

ਕਮਿਸ਼ਨ ਨੇ ਪਿੰਡ ਵਾਸੀਆਂ ਦੇ ਹਵਾਲੇ ਨਾਲ ਕਿਹਾ, "ਪਹਿਲਾਂ ਤਾਂ ਇੱਕ ਖ਼ਤਰਨਾਕ ਆਵਾਜ਼ ਆਈ, ਜਿਸ ਨੇ ਕਿ ਪੂਰੇ ਪਿੰਡ ਨੂੰ ਹੀ ਹਿਲਾ ਕੇ ਰੱਖ ਦਿੱਤਾ ਸੀ। ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਟੁੱਟ ਗਈਆਂ ਸਨ ਅਤੇ ਚਾਰੇ ਪਾਸੇ ਕੱਚ ਦੇ ਟੁੱਕੜੇ ਖਿਲਰੇ ਪਏ ਸਨ। ਲੋਕ ਇਸ ਨੂੰ ਭੂਚਾਲ ਸਮਝ ਕੇ ਡਰ ਗਏ ਅਤੇ ਆਪੋ ਆਪਣੇ ਘਰਾਂ ਤੋਂ ਬਾਹਰ ਆ ਗਏ।

ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਦੋ ਹਵਾਈ ਜਹਾਜ਼ ਹਾਦਸਾਗ੍ਰਸਤ ਹੋਏ ਹਨ ਤਾਂ ਉਹ ਅੱਗ ਅਤੇ ਧੂੰਏ ਵੱਲ ਭੱਜ ਤੁਰੇ ਕਿਉਂਕਿ ਜਹਾਜ਼ ਪਿੰਡ ਤੋਂ ਬਾਹਰ ਇੱਕ ਖੇਤ ''ਚ ਡਿੱਗੇ ਸਨ।

ਉਨ੍ਹਾਂ ਦਾ ਮੰਨਣਾ ਸੀ ਕਿ ਸਾਊਦੀ ਪਾਇਲਟ ਨੇ ਪਿੰਡ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਜਹਾਜ਼ ਨੂੰ ਖੇਤ ਵੱਲ ਲੈ ਗਿਆ ਸੀ, ਹਾਲਾਂਕਿ ਜਾਂਚ ''ਚ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ।

ਜਦੋਂ ਤੱਕ ਇਹ ਖ਼ਬਰ ਦਿੱਲੀ ਦੇ ਮੀਡੀਆ ਦਫ਼ਤਰਾਂ ਤੱਕ ਪਹੁੰਚੀ, ਉਦੋਂ ਤੱਕ ਸ਼ਾਮ ਦੇ ਨਿਊਜ਼ ਬੁਲੇਟਿਨ ਰਿਕਾਰਡ ਹੋ ਚੁੱਕੇ ਸਨ। ਹਾਦਸੇ ਦੀ ਅਧੂਰੀ ਜਾਣਕਾਰੀ ਲੈ ਕੇ ਪੱਤਰਕਾਰ ਘਟਨਾ ਵਾਲੀ ਥਾਂ ਵੱਲ ਰਵਾਨਾ ਹੋਏ।

ਹਾਲਾਂਕਿ ਪੂਰੀ ਜਾਣਕਾਰੀ ਨਾ ਮਿਲਣ ਦੇ ਕਾਰਨ ਜਲਦਬਾਜ਼ੀ ''ਚ ਕੁਝ ਪੱਤਰਕਾਰ ਹਰਿਆਣਾ ਦੇ ਚਰਖੀ ਦਾਦਰੀ ਪਿੰਡ ਪਹੁੰਚਣ ਦੀ ਬਜਾਏ ਉੱਤਰ ਪ੍ਰਦੇਸ਼ ਦੇ ਦਾਦਰੀ ਪਿੰਡ ਵਿਖੇ ਪਹੁੰਚ ਗਏ।

ਇਹ ਦੋਵੇਂ ਪਿੰਡ ਉਲਟ ਦਿਸ਼ਾ ''ਚ ਲਗਭਗ 150 ਕਿਲੋਮੀਟਰ ਦੀ ਦੂਰੀ ''ਤੇ ਸਥਿਤ ਹਨ।

ਲੇਖਿਕਾ ਨਤਾਸ਼ਾ ਜੋ ਕਿ ਉਸ ਸਮੇਂ ਐਨਡੀਟੀਵੀ ਲਈ ਕੰਮ ਕਰਦੀ ਸੀ, ਬੁੱਧਵਾਰ ਨੂੰ ਉੱਥੇ ਪਹੁੰਚਣ ਵਾਲੇ ਪੱਤਰਕਾਰਾਂ ''ਚੋਂ ਇੱਕ ਸੀ।

ਉਹ ਦੱਸਦੇ ਹਨ ਕਿ ਜਦੋਂ ਉਹ ਘਟਨਾ ਵਾਲੀ ਜਗ੍ਹਾ ''ਤੇ ਪਹੁੰਚੀ ਤਾਂ ਉਸ ਸਮੇਂ ਰਾਤ ਦੇ ਤਕਰੀਬਨ 11:30 ਵੱਜ ਚੁੱਕੇ ਸਨ ਅਤੇ ਉਨ੍ਹਾਂ ਨੇ ਦੂਰੋਂ ਹੀ ਵੇਖਿਆ ਕਿ ਜਹਾਜ਼ ਦਾ ਮਲਬਾ ਅੱਗ ਨਾਲ ਧੁੱਖ ਰਿਹਾ ਸੀ।

ਉਹ ਅੱਗੇ ਕਹਿੰਦੇ ਹਨ ਕਿ ਮਲਬੇ ਦੇ ਨਜ਼ਦੀਕ ਜਾਂਦਿਆਂ ਇੰਝ ਲੱਗ ਰਿਹਾ ਸੀ ਕਿ ਜਿਵੇਂ ਉਹ ਮਲਬੇ ''ਤੇ ਹੀ ਤੁਰ ਰਹੇ ਹੋਣ। ਇਕਦਮ ਉਸ ਦਾ ਪੈਰ ਇੱਕ ਲਾਸ਼ ਨਾਲ ਟਕਰਾ ਗਿਆ। ਜਦੋਂ ਉਨ੍ਹਾਂ ਦੇ ਸਾਥੀ ਕੈਮਰਾਮੈਨ ਨੇ ਕੈਮਰੇ ਦੀ ਲਾਈਟ ਆਨ ਕੀਤੀ ਤਾਂ ਇਹ ਸਭ ਵੇਖਣ ਨੂੰ ਮਿਲਿਆ ।

ਉਹ ਦੱਸਦੀ ਹੈ, " ਮੈਨੂੰ ਅੱਜ ਵੀ ਉਸ ਦਾ ਚਿਹਰਾ, ਉਸ ਦੇ ਚਿਹਰੇ ਦੇ ਹਾਵ-ਭਾਵ, ਉਸਦੇ ਸਰੀਰ ਦਾ ਆਕਾਰ ਸਭ ਕੁਝ ਯਾਦ ਹੈ।" ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਉਹ ਸੌ ਰਿਹਾ ਹੋਵੇ।"

ਜਿਵੇਂ ਕਿ ਨਤਾਸ਼ਾ ਨੇ ਮਹਿਸੂਸ ਕੀਤਾ ਅਤੇ ਉਸ ਹਾਦਸੇ ਦੀ ਕਵਰੇਜ ਕਰਨ ਵਾਲੇ ਜ਼ਿਆਦਾਤਰ ਪੱਤਰਕਾਰਾਂ ਨੇ ਸੜ ਰਹੀਆਂ ਲਾਸ਼ਾਂ ਦੀ ਬਦਬੂ ''ਤੇ ਟਿੱਪਣੀ ਕਰਦਿਆਂ ਕਿਹਾ ਕਿ ਉੱਥੇ ਚਾਰੇ ਪਾਸੇ ਖੇਤ ''ਚ ਸਰੀਰ ਦੇ ਅੰਗ ਖਿਲਰੇ ਪਏ ਸਨ ਅਤੇ ਉਹ ਹਨੇਰੇ ''ਚ ਖੇਤ ਦੀ ਮਿੱਟੀ ਜਾਂ ਗੋਹਾ ਸਮਝ ਕੇ ਉਨ੍ਹਾਂ ਉੱਤੇ ਹੀ ਤੁਰ ਰਹੇ ਸਨ।

ਨਤਾਸ਼ਾ ਵੀ ਦੂਜੇ ਪੱਤਰਕਾਰਾਂ ਵਾਂਗਰ ਉੱਥੇ ਹੀ ਰੁੱਕੀ ਅਤੇ ਜਦੋਂ ਸਵੇਰ ਹੋਈ ਤਾਂ ਉਸ ਸਮੇਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਹਾਦਸਾ ਕਿੰਨਾ ਭਿਆਨਕ ਸੀ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ, ਘੜੀਆਂ, ਗਹਿਣੇ, ਐਨਕਾਂ, ਸਾੜੀਆਂ, ਮਸਾਲੇ ਦੇ ਪੈਕਟ ਅਤੇ ਖਿਡੌਣੇ ਖਿੱਲਰੇ ਪਏ ਸਨ।

ਉੱਥੇ ਖਿੱਲਰੀਆਂ ਲਾਸ਼ਾਂ ਅਤੇ ਉਨ੍ਹਾਂ ਦਾ ਸਮਾਨ ਉਨ੍ਹਾਂ ਦੇ ਸੁੱਖ-ਦੁੱਖ ਦੀ ਕਹਾਣੀ ਬਿਆਨ ਕਰ ਰਹੇ ਸਨ। ਨਤਾਸ਼ਾ ਯਾਦ ਕਰਦਿਆ ਦੱਸਦੀ ਹੈ ਕਿ " ਮੈਂ ਉੱਥੇ ਗੁੱਡੀਆਂ, ਟੈਡੀ ਬੀਅਰ ਅਤੇ ਬੈਗ ਪਏ ਹੋਏ ਵੇਖੇ।"

ਉਹ ਅੱਗੇ ਕਹਿੰਦੀ ਹੈ ਕਿ ਉੱਥੇ ਕੁਝ ਅਜਿਹੀਆਂ ਲਾਸ਼ਾਂ ਵੀ ਸਨ ਜਿੰਨ੍ਹਾਂ ਦਾ ਧੜ੍ਹ ਦੋ ਹਿੱਸਿਆਂ ''ਚ ਪਿਆ ਸੀ ਅਤੇ ਕੁਝ ਲਾਸ਼ਾਂ ਸੜ੍ਹ ਚੁੱਕੀਆਂ ਸਨ।

" ਇਹ ਇੱਕ ਦਿਮਾਗ ਨੂੰ ਝੰਝੋੜ ਵਾਲਾ ਹਾਦਸਾ ਸੀ। ਇਹ ਕਲਪਨਾ ਤੋਂ ਪਰੇ ਸੀ ਕਿ ਦੋ ਹਵਾਈ ਜਹਾਜ਼ ਹਵਾ ''ਚ ਹੀ ਹਾਦਸਾਗ੍ਰਸਤ ਹੋ ਜਾਣਗੇ।

Getty Images

ਹਜ਼ਾਰਾਂ ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ ਡਿੱਗਣ ਤੋਂ ਬਾਅਦ ਸਾਊਦੀ ਅਰਬ ਦੇ ਜਹਾਜ਼ ਦਾ ਇੰਜਣ ਜਿਸ ਥਾਂ ''ਤੇ ਡਿੱਗਿਆ ਉੱਥੇ 20 ਫੁੱਟ ਡੂੰਗਾ ਟੋਆ ਪੈ ਗਿਆ ਸੀ। ਜਹਾਜ਼ ਦਾ ਢਾਂਚਾ ਪਛਾਣ ''ਚ ਹੀ ਨਹੀਂ ਆ ਰਿਹਾ ਸੀ। ਸਿਰਫ ਜਹਾਜ਼ ਦੀ ਪੂਛ ਦਾ ਇੱਕ ਹਿੱਸਾ ਹੀ ਕਿਸੇ ਹੱਦ ਤੱਕ ਪਛਾਣ ਦੇ ਯੋਗ ਸੀ।

ਉਸ ਸਮੇਂ ਦੇ ਅਖ਼ਬਾਰਾਂ ਦੀਆਂ ਖ਼ਬਰਾਂ ਦੇ ਅਨੁਸਾਰ ਲੋਕਾਂ ਨੇ ਮ੍ਰਿਤਕ ਦੇਹਾਂ ਤੋਂ ਘੜੀਆਂ, ਗਹਿਣੇ ਅਤੇ ਕੱਪੜੇ ਉਤਾਰ ਲਏ ਸੀ। ਇਸ ਦੇ ਉਲਟ ਕਈ ਸਥਾਨਕ ਲੋਕਾਂ ਨੇ ਮ੍ਰਿਤਕਾਂ ਅਤੇ ਉਨ੍ਹਾਂ ਦੇ ਸਮਾਨ ਨੂੰ ਬਰਾਮਦ ਕਰਨ ''ਚ ਸ਼ਲਾਘਾਯੋਗ ਮਦਦ ਕੀਤੀ ਸੀ ਅਤੇ ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਦੇ ਨਾਲ ਮਿਲ ਕੇ ਮ੍ਰਿਤਕ ਦੇਹਾਂ ਨੂੰ ਨੇੜਲੇ ਹਸਪਤਾਲਾਂ ''ਚ ਪਹੁੰਚਾਉਣ ਦਾ ਕੰਮ ਵੀ ਕੀਤਾ ਸੀ।

ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਅਨੁਸਾਰ, " ਜਦੋਂ ਲਾਸ਼ਾਂ ਨੂੰ ਚਰਖੀ ਦਾਦਰੀ ਦੇ ਹਸਪਤਾਲ ''ਚ ਲਿਜਾਇਆ ਗਿਆ ਤਾਂ ਲਾਸ਼ਾਂ ਨੂੰ ਹਸਪਤਾਲ ਦੇ ਕੋਰੀਡੋਰ ਅਤੇ ਵਾਰਡਾਂ ''ਚ ਬਰਫ਼ ਦੇ ਢੇਰਾਂ ''ਤੇ ਸੁੱਟ ਦਿੱਤਾ ਗਿਆ ਸੀ, ਜਿਸ ਨਾਲ ਕਿ ਉੱਥੇ ਬਹੁਤ ਹੀ ਖੂਨ ਵਹਿ ਰਿਹਾ ਸੀ।"

ਸਥਾਨਕ ਹਸਪਤਾਲ ''ਚ ਲਾਸ਼ਾਂ ਨੂੰ ਸੰਭਾਲਣਾ ਸੌਖਾ ਨਹੀਂ ਸੀ ਅਤੇ ਕਈ ਲਾਸ਼ਾਂ ਇਸ ਹੱਦ ਤੱਕ ਸੜ ਚੁੱਕੀਆਂ ਸਨ ਜਾਂ ਇਸ ਹੱਦ ਤੱਕ ਟੁੱਕੜੇ-ਟੱਕੜੇ ਹੋ ਚੁੱਕੀਆਂ ਸਨ ਕਿ ਉਨ੍ਹਾਂ ਦੀ ਪਛਾਣ ਕਰਨਾ ਵੀ ਅਸੰਭਵ ਹੋ ਗਿਆ ਸੀ ਅਤੇ ਤੁਰੰਤ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕਰਨਾ ਜਾਂ ਦਫ਼ਨਾਉਣਾ ਬਹੁਤ ਜਰੂਰੀ ਸੀ।

ਪਰ ਕੁਝ ਹੀ ਸਕਿੰਟਾਂ ''ਚ ਇਸ ਛੋਟੇ ਜਿਹੇ ਕੰਮ ਨੇ ਭਾਰਤੀ ਸਮਾਜ ਦੇ ਪੁਰਾਣੇ ਸੰਘਰਸ਼ਾਂ ਨੂੰ ਸਪੱਸ਼ਟ ਕਰ ਦਿੱਤਾ ਸੀ।

ਇਕ ਹਿੰਦੂ ਸੰਗਠਨ ਨੇ ਮੰਗ ਕੀਤੀ ਕਿ ਜਿਨ੍ਹਾਂ ਲਾਸ਼ਾਂ ਦੀ ਪਛਾਣ ਨਹੀਂ ਕੀਤੀ ਜਾ ਸਕਦੀ, ਉਨ੍ਹਾਂ ਦਾ ਸੰਸਕਾਰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਮੁਸਲਮਾਨਾਂ ਨੇ ਇਸ ਦਾ ਵਿਰੋਧ ਕੀਤਾ। ਕਈ ਘੰਟਿਆਂ ਦੀ ਗੱਲਬਾਤ ਤੋਂ ਬਾਅਦ ਆਖਰਕਾਰ ਇਹ ਫੈਸਲਾ ਹੋਇਆ ਕਿ ਜਹਾਜ਼ ਵਿਚ ਸਫਰ ਕਰ ਰਹੇ ਮੁਸਲਮਾਨਾਂ ਅਤੇ ਹਿੰਦੂਆਂ ''ਚੋਂ ਜਿੰਨਾਂ ਲਾਸ਼ਾਂ ਦੀ ਪਛਾਣ ਨਹੀਂ ਹੋ ਪਾਈ ਹੈ ਉਨ੍ਹਾਂ ਦੇ ਅਨੁਪਾਤ ਦੇ ਹਿਸਾਬ ਨਾਲ ਇੰਨ੍ਹਾਂ ਲਾਸ਼ਾਂ ਦੀ ਵੰਡ ਕੀਤੀ ਜਾਵੇਗੀ।

ਕੁੱਲ ਮਿਲਾ ਕੇ 76 ਮੁਸਲਮਾਨਾਂ, 15 ਹਿੰਦੂਆਂ ਅਤੇ 3 ਈਸਾਈਆਂ ਦੀਆਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਸੀ ਜਾਂ ਉਨ੍ਹਾਂ ਦੇ ਸਰੀਰ ਦੇ ਕੁਝ ਅੰਗ ਮਿਲੇ ਸਨ ਅਤੇ ਉਨ੍ਹਾਂ ਦੀਆਂ ਅਸਥੀਆਂ ਨੂੰ ਦਫ਼ਨਾਇਆਂ ਜਾ ਉਨ੍ਹਾਂ ਦਾ ਸਸਕਾਰ ਕੀਤਾ ਗਿਆ ਸੀ।

ਨਤਾਸ਼ਾ ਬਹੁਤ ਸਾਰੀਆਂ ਲਾਸ਼ਾਂ ਦੇ ਪਿੱਛੇ ਦਿੱਲੀ ''ਚ ਉਨ੍ਹਾਂ ਦੇ ਕਬਰਿਸਤਾਨ ਅਤੇ ਸ਼ਮਸ਼ਾਨਘਾਟ ਤੱਕ ਗਈ।

Getty Images

ਉਨ੍ਹਾਂ ਨੇ ਵੇਖਿਆ ਕਿ ਤਾਬੂਤਾਂ ''ਚੋਂ ਲਾਸ਼ਾਂ ਦੇ ਹਿੱਸੇ ਲਟਕ ਰਹੇ ਹਨ ਅਤੇ ਉਨ੍ਹਾਂ ''ਚੋਂ ਚੂਜੇ ਨਿਕਲ ਰਹੇ ਹਨ। ਉਹ ਕਹਿੰਦੇ ਹਨ ਕਿ ਇਹ ਉਨ੍ਹਾਂ ਕਹਾਣੀਆਂ ''ਚੋਂ ਇੱਕ ਹੈ, ਜਿਸ ਬਾਰੇ ਹੋਰ ਵਧੇਰੇ ਪੜ੍ਹਨ ਅਤੇ ਲਿਖਣ ਦੀ ਜ਼ਰੂਰਤ ਹੈ, ਕਿਉਂਕਿ ਲੋਕ ਇਸ ਘਟਨਾ ਨੂੰ ਬਹੁਤ ਜਲਦੀ ਭੁੱਲ ਗਏ ਸਨ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਮਰਨ ਵਾਲਿਆਂ ''ਚ ਬਹੁਤ ਘੱਟ ਲੋਕ ਸ਼ਹਿਰ ਜਾਂ ਸਮਾਜ ਦੇ ਉੱਚ ਵਰਗ ਨਾਲ ਸੰਬੰਧ ਰੱਖਦੇ ਸਨ।

ਉਮੀਦਾਂ ਦੀ ਉਡਾਣ

ਦੋਵਾਂ ਜਹਾਜ਼ਾਂ ''ਚ ਉਹ ਲੋਕ ਸਵਾਰ ਸਨ ਜੋ ਕਿ ਆਪਣੀ ਜ਼ਿੰਦਗੀ ਨੂੰ ਬਿਹਤਰ ਕਰਨ ਦੀ ਉਮੀਦ ਨਾਲ ਆਪਣੀ ਅਸਥਾਈ ਮੰਜ਼ਿਲ ਵੱਲ ਜਾ ਰਹੇ ਸਨ। ਕਜ਼ਾਕਿਸਤਾਨ ਦੇ ਜਹਾਜ਼ ਨੂੰ ਕਿਰਗਿਜ਼ ਦੇ ਕੁਝ ਕਾਰੋਬਾਰੀਆਂ ਨੇ ਚਾਰਟਰ ਕੀਤਾ ਹੋਇਆ ਸੀ, ਜੋ ਕਿ ਆਉਣ ਵਾਲੀਆਂ ਸਰਦੀਆਂ ਲਈ ਸਸਤੇ ਕੱਪੜੇ ਖ੍ਰੀਦਣ ਲਈ ਦਿੱਲੀ ਆ ਰਹੇ ਸਨ।

ਦੂਜੇ ਪਾਸੇ ਸਾਊਦੀ ਜਹਾਜ਼ ''ਚ ਜ਼ਿਆਦਾ ਮਜ਼ਦੂਰ ਸਵਾਰ ਸਨ, ਜੋ ਕਿ ਸਾਉਦੀ ਅਰਬ ''ਚ ਤੇਜ਼ੀ ਨਾਲ ਵੱਧ ਰਹੇ ਨਿਰਮਾਣ ਖੇਤਰ ''ਚ ਕੰਮ ਕਰਨ ਲਈ ਜਾ ਰਹੇ ਸਨ।

25 ਸਾਲਾਂ ਬਾਅਦ, ਮ੍ਰਿਤਕਾਂ ਦੇ ਰਿਸ਼ਤੇਦਾਰ ਕੁਝ ਝਿਜਕਦੇ ਹੋਏ, ਟੁੱਕੜਿਆਂ ''ਚ ਆਪਣੀ ਕਹਾਣੀ ਬਿਆਨ ਕਰਦੇ ਹਨ।

ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਖੁਰਸ਼ੀਦ ਆਲਮ ਕਈ ਵਾਰ ਸਾਊਦੀ ਅਰਬ ਜਾ ਚੁੱਕੇ ਸਨ। ਉਨ੍ਹਾਂ ਦੀ ਪਤਨੀ ਸਫ਼ੀਆ ਖਾਤੂਨ ਲਈ ਆਪਣੇ ਪਤੀ ਦਾ ਲੰਮੇ ਸਮੇਂ ਤੱਕ ਦੂਰ ਰਹਿਣਾ ਇੱਕ ਆਮ ਜਿਹੀ ਗੱਲ ਬਣ ਗਈ ਸੀ।

ਉਹ ਜਾਣਦੀ ਸੀ ਕਿ ਉਸ ਦੇ ਸਾਉਦੀ ਅਰਬ ਜਾਣ ਦਾ ਮਤਲਬ ਇਹ ਹੈ ਕਿ ਹੁਣ ਉਹ ਦੋ ਸਾਲਾਂ ਬਾਅਦ ਸਿਰਫ ਇੱਕ ਮਹੀਨੇ ਲਈ ਹੀ ਵਾਪਸ ਆਉਣਗੇ। ਪਰ ਪਰਿਵਾਰ ਅਤੇ ਬੱਚਿਆਂ ਦੀ ਭਲਾਈ ਲਈ ਜਾਣਾ ਵੀ ਜਰੂਰੀ ਸੀ।

ਸਫ਼ੀਆ ਨੂੰ ਇਸ ਹਾਦਸੇ ਦੀ ਖ਼ਬਰ ਅਗਲੀ ਸ਼ਾਮ ਨੂੰ ਮਿਲੀ।

ਉਸ ਸਮੇਂ ਹਰ ਘੜੀ ਦੀ ਖ਼ਬਰ ਲੈਣ ਲਈ ਆਸ-ਪਾਸ ਕੋਈ ਟੈਲੀਫੋਨ ਨਹੀਂ ਸੀ। ਉਹ ਉਸ ਦਿਨ ਆਪਣੀ ਉਦਾਸੀ ਅਤੇ ਇੱਕਲੇਪਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਸ਼ਾਮ ਦੇ 4 ਵਜੇ ਉਸ ਦੇ ਹੀ ਪਿੰਡ ਦਾ ਇੱਕ ਆਦਮੀ ਆਇਆ ਅਤੇ ਉਸ ਨੇ ਖੁਰਸ਼ੀਦ ਦੀ ਫਲਾਈਟ ਦੇ ਬਾਰੇ ''ਚ ਪੁੱਛਿਆ।

ਉਸ ਨੇ ਰੇਡਿਓ ''ਤੇ ਖ਼ਬਰ ਸੁਣੀ ਸੀ ਕਿ ਦਿੱਲੀ ਤੋਂ ਬਾਹਰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਉਸ ਦਾ ਡਰ ਸਹੀ ਸੀ।

ਉਨ੍ਹਾਂ ਦਾ ਭਰਾ ਸਮੀਉੱਲ੍ਹਾ ਪਰਿਵਾਰ ਦੀ ਕੁਝ ਬਚਤ ਪੂੰਜੀ ਲੈ ਕੇ ਤੁਰੰਤ ਦਿੱਲੀ ਲਈ ਰਵਾਨਾ ਹੋਇਆ। ਲੰਮੇ ਸਫ਼ਰ ਅਤੇ ਰਾਹ ''ਚ ਪੈਂਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਉਹ ਤੀਜੇ ਦਿਨ ਚਰਖੀ ਦਾਦਰੀ ਪਹੁੰਚੇ। ਉੱਥੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਲਾਸ਼ਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ''ਚ ਭੇਜ ਦਿੱਤਾ ਗਿਆ ਹੈ।

ਉਨ੍ਹਾਂ ਦਾ ਅਤੇ ਹੋਰ ਦੂਜੇ ਪੀੜ੍ਹਤਾਂ ਦਾ ਕਹਿਣਾ ਹੈ ਕਿ ਹਰ ਪਾਸੇ ਹਫੜਾ-ਦਫੜੀ ਮਚੀ ਹੋਈ ਸੀ।

ਰਿਸ਼ਤੇਦਾਰ ਆਪਣੇ ਪਰਿਵਾਰਕ ਮੈਂਬਰਾਂ ਦੀ ਭਾਲ ''ਚ ਘਟਨਾ ਵਾਲੀ ਥਾਂ, ਦਿੱਲੀ ਹਵਾਈ ਅੱਡੇ ਅਤੇ ਹਸਪਤਾਲਾਂ ''ਚ ਭਟਕ ਰਹੇ ਸਨ।

ਅਧਿਕਾਰੀਆਂ ਕੋਲ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਸੀ ਅਤੇ ਦੂਰ-ਦੂਰ ਤੋਂ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਪਤਾ ਨਹੀਂ ਸੀ ਕਿ ਉਹ ਕਿਸ ਨਾਲ ਸੰਪਰਕ ਕਾਇਮ ਕਰਨ।

ਤਤਕਾਲੀ ਅਖਬਾਰਾਂ ਦੀਆਂ ਖ਼ਬਰਾਂ ਉਸ ਸਥਿਤੀ ਨੂੰ ਬਿਆਨ ਕਰਦੀਆਂ ਹਨ।

Getty Images

ਦਿ ਇੰਡੀਅਨ ਐਕਸਪ੍ਰੈਸ ਨੇ ਸਥਿਤੀ ਨੂੰ ਅਧਿਕਾਰੀਆਂ ਵੱਲੋਂ ''ਸੁਸਤੀ ਅਤੇ ਉਦਾਸੀਨਤਾ'' ਦਾ ਪ੍ਰਦਰਸ਼ਨ ਦੱਸਿਆ। ਟਾਈਮਜ਼ ਆਫ਼ ਇੰਡੀਆ ਨੇ ਲਿਖਿਆ, " ਦਿੱਲੀ ਪਹੁੰਚਣ ਤੋਂ 12 ਘੰਟੇ ਬਾਅਦ ਵੀ ਲਾਸ਼ਾਂ ਨੂੰ ਤਾਬੂਤ ''ਚ ਨਹੀਂ ਰੱਖਿਆ ਗਿਆ ਸੀ। ਕੁਝ ਲਾਸ਼ਾਂ ਧੁੱਪੇ ਹੀ ਪਈਆਂ ਹੋਈਆਂ ਸਨ ਅਤੇ ਉਨ੍ਹਾਂ ''ਤੇ ਕਾਂ ਮੰਡਰਾਅ ਰਹੇ ਸਨ।"

ਇਸ ਰਿਪੋਰਟ ''ਚ ਇਹ ਵੀ ਕਿਹਾ ਗਿਆ ਹੈ ਕਿ ਤਾਬੂਤਾਂ ਨੂੰ ਲੈ ਕੇ ਰਿਸ਼ਤੇਦਾਰਾਂ ਵਿਚਾਲੇ ਲੜਾਈ ਹੋ ਰਹੀ ਸੀ ਅਤੇ ਤਾਬੂਤ ਹਾਸਲ ਕਰਨ ਲਈ ਉਨ੍ਹਾਂ ਨੂੰ ਰਿਸ਼ਵਤ ਦੇਣੀ ਪੈ ਰਹੀ ਸੀ।

ਸਮੀਉੱਲ੍ਹਾ ਏਮਜ਼ ਪਹੁੰਚੇ ਪਰ ਉੱਥੇ ਵੀ ਉਨ੍ਹਾਂ ਨੂੰ ਮ੍ਰਿਤਕ ਦੇਹ ਹਾਸਲ ਨਾ ਹੋਈ। ਉਦਾਸੀ ਅਤੇ ਉਲਝਣ ''ਚ ਉਹ ਹਰ ਕਿਸੇ ਤੋਂ ਆਪਣੇ ਭਰਾ ਦੀ ਲਾਸ਼ ਬਾਰੇ ਪੁੱਛ ਰਹੇ ਸਨ ਕਿ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਦਿੱਲੀ ''ਚ ਇੱਕ ਹੋਰ ਹਸਪਤਾਲ ਹੈ, ਜਿੱਥੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਲਾਸ਼ਾਂ ਭੇਜੀਆਂ ਗਈਆਂ ਹਨ।

ਆਖਰਕਾਰ ਕਈ ਟਰੱਕਾਂ ''ਚ ਭਾਲ ਕਰਨ ਤੋਂ ਬਾਅਦ ਚੌਥੇ ਦਿਨ ਜਾ ਕੇ ਰਾਤ ਦੇ 11 ਵਜੇ ਉਸ ਨੂੰ ਆਪਣੇ ਭਰਾ ਦੀ ਮ੍ਰਿਤਕ ਦੇਹ ਮਿਲੀ।

ਪੰਜਵੇਂ ਦਿਨ ਜਦੋਂ ਉਹ ਆਪਣੇ ਪਿੰਡ ਪਹੁੰਚੇ ਤਾਂ ਮ੍ਰਿਤਕ ਦੇਹ ''ਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ। ਪਰ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਨ੍ਹਾਂ ਦੇ ਭਰਾ ਦਾ ਸਰੀਰ ਪੂਰੀ ਤਰ੍ਹਾਂ ਨਾਲ ਠੀਕ ਸੀ।

ਉਹ ਕਹਿੰਦੇ ਹਨ, "ਸਾਨੂੰ ਸਰੀਰ ''ਤੇ ਇੱਕ ਵੀ ਝਰੀਟ ਨਜ਼ਰ ਨਹੀਂ ਆਈ। ਹਾਂ, ਉਨ੍ਹਾਂ ਦੀ ਜੇਬ ''ਚ ਜੋ ਪੈਸੇ ਸਨ, ਉਹ ਗਾਇਬ ਸਨ।"

ਇਸ ਹਾਦਸੇ ''ਚ ਖੁਰਸ਼ੀਦ ਦੇ ਨਾਲ ਉਨ੍ਹਾਂ ਦੇ ਪਿੰਡ ਦੇ ਇੱਕ ਹੋਰ ਆਦਮੀ ਦੀ ਵੀ ਮੌਤ ਹੋਈ ਸੀ, ਪਰ ਉਸ ਦੀ ਮ੍ਰਿਤਕ ਦੇਹ ਨਾ ਮਿਲ ਸਕੀ। ਪਿੰਡਵਾਸੀਆਂ ਨੇ ਮ੍ਰਿਤਕ ਦੇਹ ਨਾ ਮਿਲਣ ''ਤੇ ਉਸ ਦਾ ਗਾਇਬਾਨਾ ਜਨਾਜ਼ਾ ਅਦਾ ਕੀਤਾ ਸੀ।

ਅਸਲਮ ਇਜਾਜ਼ ਵਿਆਹ ਤੋਂ ਕੁਝ ਹਫ਼ਤਿਆਂ ਬਾਅਦ ਹੀ ਸਾਊਦੀ ਅਰਬ ਚਲਾ ਗਿਆ ਸੀ। ਅਕਸਰ ਅਜਿਹਾ ਹੁੰਦਾ ਹੈ ਕਿ ਇੰਨ੍ਹਾਂ ਦੇਸ਼ਾਂ ''ਚ ਕੰਪਨੀਆਂ ਛੁੱਟੀਆਂ ਦਾ ਸਮਾਂ ਕੁਝ ਇਸ ਤਰ੍ਹਾਂ ਨਾਲ ਜਾਰੀ ਕਰਦੀਆਂ ਹਨ ਕਿ ਛੁੱਟੀ ਖ਼ਤਮ ਹੁੰਦਿਆਂ ਹੀ ਕਰਮਚਾਰੀ ਦਾ ਵੀਜ਼ਾ ਵੀ ਖ਼ਤਮ ਹੋ ਜਾਂਦਾ ਹੈ। ਕਰਮਚਾਰੀ ਆਪਣੀ ਛੁੱਟੀ ਅਗਾਂਹ ਨਾ ਵਧਾ ਸਕੇ ਇਸ ਨੂੰ ਯਕੀਨੀ ਬਣਾਉਣ ਲਈ ਹੀ ਇਹ ਇੱਕ ਪ੍ਰਭਾਵੀ ਰਣਨੀਤੀ ਬਣਾਈ ਗਈ ਹੈ।

ਅਸਲਮ ਵੀਜ਼ਾ ਪ੍ਰਤੀ ਸੁਚੇਤ ਰਹਿੰਦੇ ਸਨ। ਛੁੱਟੀਆਂ ਹੋਣ ਦੇ ਬਾਵਜੂਦ ਉਸ ਨੇ ਇਹਤਿਆਤਨ ਛੁੱਟੀਆਂ ਖ਼ਤਮ ਹੋਣ ਤੋਂ ਪਹਿਲਾਂ ਵਾਪਸ ਜਾਣ ਦਾ ਫ਼ੈਸਲਾ ਕੀਤਾ ਸੀ।

ਦਿੱਲੀ ''ਚ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਮੀਰੁਲ ਹੱਕ ਉਨ੍ਹਾਂ ਨੂੰ ਹਵਾਈ ਅੱਡੇ ਛੱਡਣ ਗਏ ਸਨ। ਰਸਮੀ ਕਾਰਵਾਈ ਮੁਕੰਮਲ ਕਰਨ ਤੋਂ ਬਾਅਦ ਅਸਲਮ ਨੇ ਹਵਾਈ ਅੱਡੇ ਦੇ ਸ਼ੀਸ਼ੇ ਅੰਦਰੋਂ ਇਸ਼ਾਰਾ ਕੀਤਾ ਕਿ ਸਭ ਕੁਝ ਠੀਕ ਹੈ, ਤੁਸੀਂ ਜਾ ਸਕਦੇ ਹੋ।

ਉਨ੍ਹਾਂ ਨੂੰ ਘਰ ਪਹੁੰਚਿਆਂ ਅਜੇ ਡੇਢ ਘੰਟਾ ਹੀ ਹੋਇਆ ਸੀ ਕਿ ਉਨ੍ਹਾਂ ਦੇ ਗੁਆਂਢੀ ਕਿਰਾਏਦਾਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੇ ਟੀਵੀ ''ਤੇ ਖ਼ਬਰ ਸੁਣੀ ਹੈ ਕਿ ਸਾਊਦੀ ਅਰਬ ਜਾਣ ਵਾਲੀ ਇੱਕ ਉਡਾਣ ਹਾਦਸੇ ਦਾ ਸ਼ਿਕਾਰ ਹੋ ਗਈ ਹੈ।

ਉਨ੍ਹਾਂ ਨੇ ਤੁਰੰਤ ਆਪਣੇ ਪਿੰਡ ਦੇ ਇਕਲੌਤੇ ਫੋਨ ''ਤੇ ਇਸ ਦੀ ਜਾਣਕਾਰੀ ਦਿੱਤੀ। ਪਰਿਵਾਰ ਵਾਲਿਆਂ ਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਸੀ। ਅਗਲੇ ਦਿਨ ਉਨ੍ਹਾਂ ਨੇ ਅਖ਼ਬਾਰ ''ਚ ਛਪੇ ਹੈਲਪਲਾਈਨ ਨੰਬਰ ''ਤੇ ਫੋਨ ਕੀਤਾ।

ਪਵਿਾਰਕ ਮੈਂਬਰਾਂ ਨੇ ਪੁੱਛਿਆ ਕਿ ਕੀ ਤੁਹਾਡੀ ਸੂਚੀ ''ਚ ਅਸਲਮ ਇਜਾਜ਼ ਨਾਮ ਦਾ ਕੋਈ ਯਾਤਰੀ ਹੈ। ਉਨ੍ਹਾਂ ਨੇ ਕਿਹਾ ਕਿ ਅਸਲਮ ਇਜਾਜ਼ ਤਾਂ ਨਹੀਂ ਬਲਕਿ ਅਸਲਮਜ਼ਾਦ ਹੈ। ਪਰਿਵਾਰ ਲਈ ਖ਼ਬਰ ਦੀ ਪੁਸ਼ਟੀ ਕਰਨ ਲਈ ਇਹ ਕਾਫੀ ਸੀ।

ਦਿੱਲੀ ''ਚ ਅਸਲਮ ਦੇ ਕਰੀਬੀ ਰਿਸ਼ਤੇਦਾਰ ਤੁਰੰਤ ਘਟਨਾ ਵਾਲੀ ਥਾਂ ''ਤੇ ਪਹੁੰਚ ਗਏ ਸਨ। ਉਹ ਵੀ ਹਰਿਆਣਾ ਦੀ ਥਾਂ ਯੂਪੀ ਦੇ ਦਾਦਰੀ ਪਿੰਡ ਚਲੇ ਗਏ ਸਨ ਅਤੇ ਜਦੋਂ ਤੱਕ ਉਹ ਚਰਖੀ ਦਾਦਰੀ ਪਹੁੰਚੇ ਉਦੋਂ ਤੱਕ ਦੁਪਹਿਰ ਹੋ ਗਈ ਸੀ।

ਉਦੋਂ ਤੱਕ ਅਧਿਕਾਰੀਆਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਪਛਾਣ ''ਚ ਆਉਣ ਵਾਲੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ ''ਚ ਪਹੁੰਚਾ ਦਿੱਤਾ ਸੀ। ਹਸਪਤਾਲ ''ਚ ਲਾਸ਼ਾਂ ਦੇ ਢੇਰ ''ਚੋਂ ਜੀਜੇ ਦੀ ਕਮੀਜ਼ ਤੋਂ ਉਸ ਨੇ ਅਸਲਮ ਨੂੰ ਪਛਾਣ ਲਿਆ। ਉਸ ਦੇ ਕੰਨ ''ਚੋਂ ਖੂਨ ਵਹਿ ਰਿਹਾ ਸੀ ਅਤੇ ਉਸ ਦਾ ਇੱਕ ਪੈਰ ਵੀ ਟੁੱਟ ਗਿਆ ਸੀ। ਇਸ ਤੋਂ ਇਲਾਵਾ ਉਸ ਦਾ ਸਾਰਾ ਸਰੀਰ ਠੀਕ ਸੀ।

ਅਸਲਮ ਤੀਜੀ ਵਾਰ ਸਾਊਦੀ ਅਰਬ ਜਾ ਰਿਹਾ ਸੀ। ਜਦੋਂ ਉਹ ਪਹਿਲੀ ਵਾਰ ਸਾਊਦੀ ਅਰਬ ਤੋਂ ਪਰਤਿਆ ਸੀ ਤਾਂ ਉਸ ਦਾ ਇਰਾਦਾ ਸੀ ਕਿ ਇਸ ਵਾਰ ਵਿਆਹ ਕਰਵਾ ਕੇ ਹੀ ਜਾਵਾਂਗਾ ਪਰ ਅਜਿਹਾ ਨਾ ਹੋਇਆ। ਹਾਲਾਂਕਿ ਦੂਜੀ ਵਾਰ ਪਰਤਨ ''ਤੇ ਉਸ ਦਾ ਵਿਆਹ ਹੋ ਗਿਆ ਸੀ, ਪਰ ਵਿਆਹ ਤੋਂ ਸਿਰਫ 21 ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ ਸੀ।

ਇਸ ਹਾਦਸੇ ''ਚ ਮਾਰੇ ਗਏ ਜ਼ਿਆਦਾਤਰ ਲੋਕ ਭਾਰਤ ਦੇ ਸਭ ਤੋਂ ਗਰੀਬ ਉੱਤਰ ਪ੍ਰਦੇਸ਼ ਅਤੇ ਬਿਹਾਰ ਸੂਬਿਆਂ ਤੋਂ ਸਨ।

ਖੁਰਸ਼ੀਦ ਗੋਪਾਲਗੰਜ ਦਾ ਵਸਨੀਕ ਸੀ ਅਤੇ ਉਸ ਦੇ ਪਿੰਡ ਦੇ ਜਿਸ ਇੱਕ ਹੋਰ ਆਦਮੀ ਦੀ ਮੌਤ ਹੋਈ ਸੀ ਉਹ ਪਿੰਡ ਤੋਂ ਮਹਿਜ਼ 12 ਕਿਲੋਮੀਟਰ ਦੂਰ ਜਗਮਲਵਾਂ ਪਿੰਡ ਦਾ ਰਹਿਣ ਵਾਲਾ ਸੀ।

ਜਗਮਲਵਾਂ ਤੋਂ 35 ਕਿਲੋਮੀਟਰ ਦੂਰ ਸੀਵਾਨ ਜ਼ਿਲ੍ਹੇ ਦੇ ਖਾਲਿਸਪੁਰ ਪਿੰਡ ਦੇ ਇੱਕ ਵਿਅਕਤੀ ਦੀ ਵੀ ਮੌਤ ਹੋਈ ਸੀ ਅਤੇ ਉੱਥੋਂ 20 ਕਿਮੀ. ਦੂਰ ਜਮਾਲ ਅਹਾਤਾ ਪਿੰਡ ਦੇ 6 ਨੌਜਵਾਨ ਵੀ ਇਸ ਹਾਦਸੇ ਦਾ ਸ਼ਿਕਾਰ ਹੋ ਗਏ ਸਨ।

ਉਹ ਸਾਰੇ ਪਹਿਲੀ ਵਾਰ ਦੇਸ਼ ਤੋਂ ਬਾਹਰ ਜਾ ਰਹੇ ਸਨ, ਪਰ ਲਾਸ਼ਾਂ ਬਣ ਕੇ ਵਾਪਸ ਪਰਤੇ, ਉਹ ਵੀ ਸਿਰਫ ਤਿੰਨ।

ਮਰਨ ਵਾਲਿਆਂ ਵਿੱਚ ਰਾਜਸਥਾਨ, ਦਿੱਲੀ, ਕੇਰਲ, ਜੰਮੂ-ਕਸ਼ਮੀਰ, ਪੰਜਾਬ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਅਸਾਮ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਦੇ ਲੋਕ ਸ਼ਾਮਲ ਸਨ ।

ਇਸ ਹਾਦਸੇ ਵਿੱਚ ਅਨਿਲ ਮਹੇਸ਼ਵਰੀ ਨਾਂ ਦੇ ਵਿਅਕਤੀ ਦੇ ਦੋ ਪੁੱਤਰਾਂ ਦੀ ਮੌਤ ਹੋ ਗਈ ਸੀ ।

Getty Images

ਉੱਥੇ ਇੱਕ ਖੁਸ਼ਕਿਸਮਤ ਵਿਅਕਤੀ ਵੀ ਮੌਜੂਦ ਸੀ, ਜਿਸ ਨੂੰ ਕਿ ਉਸ ਵੱਲੋਂ ਵਿਰੋਧ ਕੀਤੇ ਜਾਣ ਤੋਂ ਵੀ ਬਾਅਦ ਕਿਸੇ ਕਾਰਨ ਕਰਕੇ ਜਹਾਜ਼ ''ਚ ਚੜ੍ਹਨ ਨਹੀਂ ਦਿੱਤਾ ਗਿਆ ਸੀ ਅਤੇ ਉਹ ਹਾਦਸੇ ਤੋਂ ਲਗਭਗ ਇੱਕ ਹਫ਼ਤੇ ਬਾਅਦ ਸਾਉਦੀ ਅਰਬ ਗਿਆ ਸੀ।

ਇੱਕ ਪਰਿਵਾਰ ਅਜਿਹਾ ਵੀ ਸੀ ਜਿਸ ਨੇ ਹਾਦਸੇ ਤੋਂ ਪੰਜ ਦਿਨ ਪਹਿਲਾਂ ਜਾਣਾ ਸੀ, ਪਰ ਉਨ੍ਹਾਂ ਦਾ ਬੱਚਾ ਬਿਮਾਰ ਹੋਣ ਕਰਕੇ ਉਨ੍ਹਾਂ ਨੂੰ ਦੇਰ ਨਾਲ ਜਾਣਾ ਪਿਆ ਸੀ।

ਇਸ ਹਾਦਸੇ ''ਚ ਮਰਨ ਵਾਲੀ ਇੱਕ ਬ੍ਰਿਟਿਸ਼ ਨਰਸ ਸਾਉਦੀ ਅਰਬ ਸ਼ਿਫ਼ਟ ਹੋਣ ਵਾਲੀ ਸੀ ਅਤੇ ਆਪਣੇ ਨਵੇਂ ਹਸਪਤਾਲ ''ਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਭਾਰਤ ''ਚ ਛੁੱਟੀਆਂ ਮਨਾ ਕੇ ਵਾਪਸ ਪਰਤ ਰਹੀ ਸੀ।

ਜਹਾਜ਼ ''ਚ ਸਵਾਰ ਯਾਤਰੀਆਂ ਵਾਂਗਰ ਹੀ ਪਾਇਲਟਾਂ ਦੀਆਂ ਵੀ ਆਪੋ-ਆਪਣੀਆਂ ਕਹਾਣੀਆਂ ਸਨ। ਕੈਪਟਨ ਖ਼ਾਲਿਦ ਅਲ-ਸ਼ਬੀਬੀ ਦੇ ਵੱਡੇ ਭਰਾ ਸ਼ਾਰਜਾਹ ''ਚ ਸਨ ਅਤੇ ਜਦੋਂ ਉਨ੍ਹਾਂ ਨੇ ਇਸ ਹਾਦਸੇ ਦੀ ਖ਼ਬਰ ਸੁਣੀ ਤਾਂ ਖ਼ਬਰ ਦੀ ਪੁਸ਼ਟੀ ਕਰਨ ਤੋਂ ਤੁਰੰਤ ਬਾਅਦ ਉਹ ਦਿੱਲੀ ਲਈ ਰਵਾਨਾ ਹੋ ਗਏ ਅਤੇ ਸਿੱਧੇ ਹੀ ਮੌਕੇ ਵਾਲੀ ਥਾਂ ''ਤੇ ਪਹੁੰਚੇ।

ਸਾਊਦੀ ਏਅਰਲਾਈਨਜ਼ ਦੇ ਇੱਕ ਸਾਬਕਾ ਪਾਇਲਟ ਅਨਸ ਅਲ-ਕਵਾਜ਼ ਨੇ ਆਪਣੀ ਕਿਤਾਬ '' ਮਵਾਕਿਫ਼ ਤਯਾਰ'' ''ਚ ਲਿਖਿਆ ਹੈ ਕਿ ਉਹ ਇਸ ਹਾਦਸੇ ਤੋਂ ਤੀਜੇ ਦਿਨ ਆਪਣੇ ਭਰਾ ਦੀ ਮ੍ਰਿਤਕ ਦੇਹ ਲੱਭਣ ''ਚ ਸਫਲ ਹੋਏ ਸਨ।

ਅਨਸ ਅੱਗੇ ਲਿਖਦੇ ਹਨ ਕਿ ਜਦੋਂ ਕੈਪਟਨ ਖ਼ਾਲਿਦ ਅਲ-ਸ਼ਬੀਬੀ ਦੇ ਵੱਡੇ ਭਰਾ ਜਹਾਜ਼ ਦੇ ਮਲਬੇ ਅਤੇ ਸੜ ਚੁੱਕੇ ਸਰੀਰ ਦੇ ਅੰਗਾਂ ਨੂੰ ਵੇਖ ਰਹੇ ਸਨ ਤਾਂ ਅਚਾਨਕ ਇੱਕ ਬਚਾਅ ਦਲ ਦਾ ਮੁਲਾਜ਼ਮ ਚੀਕਿਆ, "ਇੱਥੇ ਜਹਾਜ਼ ਦੇ ਮਲਬੇ ਹੇਠ ਕੁਝ ਲਾਸ਼ਾਂ ਹਨ।"

ਅਨਸ ਕੈਪਟ ਦੇ ਭਰਾ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ, " ਮੈਂ ਆਪਣੇ ਭਰਾ ਨੂੰ ਵੇਖਿਆ ਅਤੇ ਮੈਂ ਉਸ ਦੀ ਛਾਤੀ ''ਤੇ ਲੱਗੇ ਏਅਰਲਾਈਨਜ਼ ਦੇ ਬੈਜ ਅਤੇ ਮੋਢੇ ''ਤੇ ਲੱਗੇ ਐਪੋਲੇਟਸ ਅਤੇ ਉਸ ਦੀ ਜੇਬ ''ਚ ਪਏ ਕੁਝ ਸਰਕਾਰੀ ਕਾਗਜ਼ਾਂ ਤੋਂ ਉਸ ਨੂੰ ਪਛਾਣਿਆ ਸੀ।"

ਉਨ੍ਹਾਂ ਨੇ ਅਨਸ ਨੂੰ ਅੱਗੇ ਦੱਸਿਆ ਕਿ " ਉਹ ਇੰਨ੍ਹੀ ਗੰਭੀਰ ਤਰ੍ਹਾਂ ਨਾਲ ਜ਼ਖਮੀ ਸਨ ਕਿ ਉਸ ਦੇ ਸਰੀਰ ਦੇ ਜ਼ਿਆਦਾਤਰ ਪਛਾਣ ਕਰਨ ਵਾਲੇ ਅੰਗ ਹੀ ਗਾਇਬ ਸਨ। ਪਰ ਜਦੋਂ ਮੈਂ ਉਸ ਨੂੰ ਸਾਫ਼ ਕੀਤਾ ਤਾਂ ਮੈਂ ਕੁਝ ਅਜੀਬ ਵੇਖਿਆ। ਉਸ ਦੀ ਚਮੜੀ ਉਸ ਦੇ ਕੁਦਰਤੀ ਭੁਰੇ ਰੰਗ ਦੇ ਉਲਟ ਬਹੁਤ ਹੀ ਚਿੱਟੀ ਸੀ ਅਤੇ ਅਜੇ ਵੀ ਬਿਲਕੁੱਲ ਲਾਲ ਖੂਨ ਵਹਿ ਰਿਹਾ ਸੀ…ਹਾਂ,ਅਜੇ ਵੀ ਖੂਨ ਲਗਾਤਾਰ ਵਹਿ ਰਿਹਾ ਸੀ ਅਤੇ ਇਹ ਹਾਦਸੇ ਦਾ ਤੀਜਾ ਦਿਨ ਸੀ।"

ਅਖ਼ਬਾਰਾਂ ''ਚ ਇਹ ਵੀ ਕਿਹਾ ਗਿਆ ਸੀ ਕਿ ਚਾਰ ਯਾਤਰੀ ਅਜਿਹੇ ਸਨ, ਜਿੰਨ੍ਹਾਂ ਦਾ ਸਾਹ ਜ਼ਮੀਨ ''ਤੇ ਡਿੱਗਣ ਤੋਂ ਬਾਅਦ ਵੀ ਚੱਲ ਰਿਹਾ ਸੀ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ।

ਅਮੀਰੁਲ ਹੱਕ ਕਹਿੰਦੇ ਹਨ ਕਿ "ਉੱਥੇ ਦੇ ਲੋਕਾਂ ਨੇ ਦੱਸਿਆ ਕਿ ਮੇਰੇ ਜੀਜਾ ਜੀ ਵੀ ਜ਼ਮੀਨ ''ਤੇ ਡਿੱਗਣ ਤੱਕ ਜ਼ਿੰਦਾ ਸਨ, ਪਰ ਅਸੀਂ ਤਾਂ ਵੇਖਿਆ ਨਹੀਂ ਹੈ , ਇਸ ਲਈ ਸਾਨੂੰ ਨਹੀਂ ਪੱਤਾ ਕਿ ਇਹ ਗੱਲ ਸੱਚ ਹੈ ਜਾਂ ਨਹੀਂ ।"

ਹਾਦਸੇ ਲਈ ਕੌਣ ਜ਼ਿੰਮੇਵਾਰ ?

ਹਾਦਸੇ ਤੋਂ ਬਾਅਦ ਅਟਕਲਾਂ, ਕਿਆਸਰਾਈਆਂ ਦਾ ਦੌਰ ਜਾਰੀ ਸੀ।

ਕੁਝ ਲੋਕਾਂ ਨੇ ਇਸ ਹਾਦਸੇ ਪਿੱਛੇ ਜਹਾਜ਼ ਦੇ ਉਪਕਰਣਾਂ ''ਚ ਆਈ ਖਰਾਬੀ ਨੂੰ ਕਾਰਨ ਦੱਸਿਆ ਅਤੇ ਕਿਸੇ ਨੇ ਦਿੱਲੀ ਏਟੀਸੀ ਦੇ ਉਪਕਰਨ ਨੂੰ ''ਆਊਟ ਡੇਟੇਡ'' ਕਿਹਾ ਅਤੇ ਕਈ ਲੋਕਾਂ ਨੇ ਤਾਂ ਪਾਇਲਟਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਜਦੋਂ ''ਬਲੈਕ ਬਾਕਸ'' ਦੀ ਜਾਂਚ ਕਰਨ ਦਾ ਸਮਾਂ ਆਇਆ ਤਾਂ ਪਾਰਟੀਆਂ ਇਸ ਨੂੰ ਭਾਰਤ ''ਚ ਖੋਲ੍ਹਣ ਲਈ ਸਹਿਮਤ ਨਾ ਹੋਈਆਂ। ਲਾਹੋਟੀ ਕਮਿਸ਼ਨ ਨੇ ਭਾਰਤ ਦੀ ਨੈਸ਼ਨਲ ਐਰੋਨੌਟਿਕਲ ਲੈਬ ''ਚ ਰਿਕਾਰਡ ਹਾਸਲ ਕਰਨ ਦਾ ਸੁਝਾਅ ਦਿੱਤਾ, ਪਰ ਦੋਵੇਂ ਹੀ ਏਅ੍ਰਲਾਈਨਾਂ ਨੇ ਲੈਬ ਦੀ ਸਮਰੱਥਾ ''ਤੇ ਸ਼ੱਕ ਜਤਾਇਆ ਅਤੇ ਭਾਰਤ ਤੋਂ ਬਾਹਰ ''ਡੀਕੋਡਿੰਗ'' ''ਤੇ ਜ਼ੋਰ ਦਿੱਤਾ।

ਆਖਰਕਾਰ ਇਹ ਫੈਸਲਾ ਲਿਆ ਗਿਆ ਕਿ ਕਜ਼ਾਕਿਸਤਾਨ ਏਅਰਲਾਈਨ ਆਪਣੇ ਬਲੈਕ ਬਾਕਸ ਦੀ ਜਾਂਚ ਮਾਸਕੋ ਦੀ ਇੱਕ ਲੈਬ ''ਚ ਕਰਵਾਏਗੀ ਜਦਕਿ ਸਾਉਦੀ ਅਰਬ ਬ੍ਰਿਟੇਨ ਦੀ ਇੱਕ ਲੈਬ ''ਚ ਆਪਣੇ ਬਲੈਕ ਬਾਕਸ ਦੀ ਜਾਂਚ ਕਰਵਾਏਗਾ।

ਲਾਹੋਟੀ ਕਮਿਸ਼ਨ ਅਤੇ ਦੋਵੇਂ ਧਿਰਾਂ ਨੂੰ ਇਸ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਦੋਵੇਂ ਥਾਵਾਂ ''ਤੇ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ।

ਜਾਂਚ ਕਰਨ ਤੋਂ ਬਾਅਦ ਲਾਹੋਟੀ ਕਮਿਸ਼ਨ ਇਸ ਨਤੀਜੇ ''ਤੇ ਪਹੁੰਚੀ ਕਿ "ਇਸ ਟੱਕਰ ਦਾ ਮੂਲ ਅਤੇ ਅਨੁਮਾਨਿਤ ਕਾਰਨ ਕਜ਼ਾਕਿਸਤਾਨ ਦੇ ਜਹਾਜ਼ ਦਾ ਬਿਨਾਂ ਇਜਾਜ਼ਤ 14 ਹਜ਼ਾਰ ਫੁੱਟ ਤੋਂ ਘੱਟ ਉਚਾਈ ''ਤੇ ਆਉਣਾ ਅਤੇ ਨਿਰਦੇਸ਼ ਅਨੁਸਾਰ 15 ਹਜ਼ਾਰ ਫੁੱਟ ''ਤੇ ਨਾ ਬਣੇ ਰਹਿਣਾ ਹੈ।"

ਕੁੱਲ ਮਿਲਾ ਕੇ ਕਮਿਸ਼ਨ ਨੇ 15 ਸਿਫ਼ਾਰਸ਼ਾਂ ਪੇਸ਼ ਕੀਤੀਆਂ।

Getty Images

ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਕਜ਼ਾਕਿਸਤਾਨ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦਾ ਇੱਕ ਕਾਰਨ ''ਕਜ਼ਾਕਿਸਤਾਨ ਦੇ ਪਾਇਲਟ ਨੂੰ ਅੰਗ੍ਰੇਜ਼ੀ ਭਾਸ਼ਾ ਦਾ ਘੱਟ ਗਿਆਨ ਹੋਣਾ ਸੀ, ਜਿਸ ਕਰਕੇ ਏਟੀਸੀ ਵੱਲੋਂ ਦਿੱਤੀਆਂ ਗਈਆਂ ਹਿਦਾਇਤਾਂ ਦੀ ਗਲਤ ਵਿਆਖਿਆ ਕੀਤੀ ਗਈ ਸੀ।"

ਕਮਿਸ਼ਨ ਨੇ ਕਿਹਾ ਕਿ ਦੋਵੇਂ ਹੀ ਜਹਾਜ਼ਾਂ ਨੂੰ ਏਟੀਸੀ ਵੱਲੋਂ ਸਪੱਸ਼ਟ ਅਤੇ ਉਚਿਤ ਹਿਦਾਇਤਾਂ ਦਿੱਤੀਆ ਗਈਆਂ ਸਨ, ਜੋ ਕਿ ਤੈਅ ਪ੍ਰਕਿਰਿਆ ਦੇ ਅਨੁਸਾਰ ਹੀ ਸਨ ਅਤੇ ਦਿੱਲੀ ਹਵਾਈ ਅੱਡੇ ਦੇ ਵਨ-ਵੇ ਏਅਰ ਗਲਿਆਰੇ ਦੀ ਇਸ ਹਾਦਸੇ ''ਚ ਕੋਈ ਭੂਮਿਕਾ ਨਹੀਂ ਰਹੀ ਹੈ।

ਕਮਿਸ਼ਨ ਨੇ ਇਹ ਵੀ ਕਿਹਾ ਕਿ ਹਾਦਸੇ ਤੋਂ ਲਗਭਗ 30 ਸਕਿੰਟ ਪਹਿਲਾਂ ਦੋਵੇਂ ਹੀ ਜਹਾਜ਼ ਬੱਦਲਾਂ ਦੀ ਪਰਤ ''ਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ''ਚ ਕੁਝ ਥੋੜਾ ਜਿਹਾ ''ਟਰਬੁਲੈਂਸ '' ਹੋਇਆ ਸੀ, ਪਰ ਇਸ ਨਾਲ ਕੋਈ ਐਮਰਜੈਂਸੀ ਵਾਲੀ ਸਥਿਤੀ ਨਹੀਂ ਬਣੀ ਸੀ।

ਕਮਿਸ਼ਨ ਇਸ ਨਤੀਜੇ ''ਤੇ ਵੀ ਪਹੁੰਚਿਆ ਕਿ ਇਹ ਹਾਦਸਾ ਕਿਸੇ ਵੀ ਸਿੱਧੇ ਜਾਂ ਅਸਿੱਧੇ ਤੌਰ ''ਤੇ ਤੋੜ-ਭੰਨ, ਅੰਦਰੂਨੀ ਧਮਾਕੇ ਜਾਂ ਦੋਵੇਂ ਜਹਾਜ਼ਾਂ ''ਚੋਂ ਕਿਸੇ ਇੱਕ ਦੇ ਮਕੈਨੀਕਲ ਖਰਾਬ ਹੋਣ ਕਾਰਨ ਨਹੀਂ ਵਾਪਰਿਆ ਸੀ।

ਕਮਿਸ਼ਨ ਨੇ ਅੱਗੇ ਕਿਹਾ ਕਿ ਹਾਲਾਂਕਿ ਹਵਾਈ ਅੱਡੇ ਦੇ ਆਧੁਨਿਕੀਕਰਨ ਦਾ ਕੰਮ ਚੱਲ ਰਿਹਾ ਹੈ, ਪਰ ਕੋਈ ਸੈਕੰਡਰੀ ਰਡਾਰ ਉਪਲਬਧ ਨਹੀਂ ਹੈ, ਜੋ ਜਹਾਜ਼ ਦੀ ਦੂਰੀ ਤੋਂ ਇਲਾਵਾ ਉਚਾਈ ਦੱਸ ਸਕੇ।

ਆਮ ਤੌਰ ''ਤੇ ਇਹ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਦਿੱਲੀ ਹਵਾਈ ਅੱਡੇ ਦਾ ਰਡਾਰ ਸਿਸਟਮ ਪੁਰਾਣਾ ਸੀ, ਜੋ ਕਿ ਦੂਰੀ ਤਾਂ ਦੱਸ ਸਕਦਾ ਸੀ ਪਰ ਉਚਾਈ ਦੱਸਣ ਦੇ ਯੋਗ ਨਹੀਂ ਸੀ।

ਪਾਇਲਟ ਐਸੋਸੀਏਸ਼ਨ ਦੇ ਤਤਕਾਲੀ ਪ੍ਰਧਾਨ ਵੀ ਕੇ ਭੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਹਾਦਸੇ ਤੋਂ ਕੁਝ ਮਹੀਨੇ ਪਹਿਲਾਂ ਭਾਰਤ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਨਵੇਂ ਉਪਕਰਨ ਨਹੀਂ ਲਗਾਏ ਗਏ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਸ ਸਮੇਂ ਪੂਰੇ ਦੇਸ਼ ''ਚ ਕੋਈ ਅਜਿਹਾ ਰਡਾਰ ਨਹੀਂ ਸੀ ਜੋ ਕਿ ਕਿਸੇ ਜਾਹਾਜ਼ ਨੂੰ ਉਸ ਦੇ ਨੇੜੇ-ਤੇੜੇ ਦੇ ਜਹਾਜ਼ਾਂ ਬਾਰੇ ਜਾਣਕਾਰੀ ਦੇ ਸਕੇ।

ਉਨ੍ਹਾਂ ਨੇ ਕਿਹਾ, "ਮੈਂ ਤਿੰਨ ਘਟਨਾਵਾਂ ਦੀ ਉਦਾਹਰਣ ਦਿੱਤੀ ਸੀ, ਜਿਸ ''ਚ ਹਵਾ ''ਚ ਪਾਇਲਟ ਦੀ ਹੁਸ਼ਿਆਰੀ ਦੇ ਕਾਰਨ ਹਾਦਸਾ ਟਲ ਗਿਆ ਸੀ। ਮੈਂ ਆਪਣੇ ਪੱਤਰ ''ਚ ਲਿਖਿਆ ਸੀ ਕਿ ਜੇਕਰ ਇਹ ਕਦਮ ਨਾ ਚੁੱਕਿਆ ਗਿਆ ਤਾਂ ਹਵਾ ''ਚ ਟੱਕਰ ਹੋਣੀ ਤੈਅ ਹੈ।

"ਮੈਂ ਸਿਰਫ ਸਮੱਸਿਆ ਦਾ ਜ਼ਿਕਰ ਹੀ ਨਹੀਂ ਕੀਤਾ ਸੀ ਬਲਕਿ ਮੈਂ ਉਸ ਦਾ ਹੱਲ ਵੀ ਸੁਝਾਇਆ ਸੀ, ਪਰ ਉਹ ਹਾਦਸੇ ਤੋਂ ਬਾਅਦ ਅਮਲ ''ਚ ਲਿਆਂਦਾ ਗਿਆ।''''

ਇਸ ਹਾਦਸੇ ਤੋਂ ਬਾਅਦ ਦਿੱਲੀ ਦੇ ਰਾਡਾਰ ਸਿਸਟਮ ਨੂੰ ਆਧੁਨਿਕ ਕਰ ਦਿੱਤਾ ਗਿਆ ਸੀ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਨੇ ਭਾਰਤ ਦੇ ਅੰਦਰ ਅਤੇ ਬਾਹਰ ਜਾਣ ਵਾਲੇ ਸਾਰੇ ਹੀ ਜਹਾਜ਼ਾਂ ''ਚ ਹਵਾਈ ਟਕਰਾਅ ਤੋਂ ਬਚਣ ਵਾਲੀ ਪ੍ਰਣਾਲੀ ਨੂੰ ਸਥਾਪਤ ਕਰਨਾ ਲਾਜ਼ਮੀ ਕਰ ਦਿੱਤਾ।

ਅੰਤਰਰਾਸ਼ਟਰੀ ਪੱਧਰ ''ਤੇ ਇਸ ਦਾ ਇਹ ਪ੍ਰਭਾਵ ਹੋਇਆ ਕਿ ਪਾਇਲਟਾਂ ਲਈ ਅੰਗ੍ਰੇਜ਼ੀ ਦਾ ਇੱਕ ਮਿਆਰ ਲਾਜ਼ਮੀ ਕਰ ਦਿੱਤਾ ਗਿਆ।

Getty Images

25 ਸਾਲ ਬਾਅਦ ਯਾਦਗਾਰ ਅਤੇ ਸੈਲਾਨੀ ਕੇਂਦਰ ਲਈ ਜ਼ਮੀਨ ਦੀ ਭਾਲ

ਇਸ ਹਾਦਸੇ ''ਚ ਮਰਨ ਵਾਲੇ ਜ਼ਿਆਦਾਤਰ ਲੋਕ ਸਮਾਜ ਦੇ ਕਮਜ਼ੋਰ ਵਰਗ ਦੇ ਸਨ। ਪੀੜਤਾਂ ਦੇ ਅਨੁਸਾਰ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ।

ਜੁਲਾਈ 1998 ''ਚ ਇੱਕ ਸੰਸਦ ਮੈਂਬਰ ਨੇ ਸਰਕਾਰ ਤੋਂ ਪੁੱਛਿਆ ਕਿ ਕੀ ਲਾਹੋਟੀ ਕਮਿਸ਼ਨ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ? ਕੀ ਕਮਿਸ਼ਨ ਨੇ ਇਸ ਹਾਦਸੇ ਲਈ ਕਜ਼ਾਕਿਸਤਾਨ ਦੇ ਚਾਲਕ ਦਲ ਨੂੰ ਜ਼ਿੰਮੇਵਾਰ ਠਹਿਰਾਇਆ? ਅਤੇ ਜੇਕਰ ਹਾਂ , ਤਾਂ ਕੀ ਭਾਰਤ ਸਰਕਾਰ ਨੇ ਕਜ਼ਾਕਿਸਤਾਨ ਸਰਕਾਰ ਤੋਂ ਜਾਂਚ ਦੇ ਸਾਰੇ ਖਰਚੇ ਅਤੇ ਮੁਆਵਜ਼ੇ ਦੀ ਮੰਗ ਕੀਤੀ?

ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਸਿਰਫ ਇਹੀ ਜਵਾਬ ਦਿੱਤਾ ਕਿ ਹਾਂ, ਕਮਿਸ਼ਨ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਅਤੇ ਰਿਪੋਰਟ ਵਿਚਾਰ ਅਧੀਨ ਹੈ।

ਹਾਲਾਂਕਿ ਸਾਊਦੀ ਅਰਬ ਸਰਕਾਰ ਨੇ ਹਰੇਕ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ 12,000 ਪੌਂਡ ਦਾ ਭੁਗਤਾਨ ਕੀਤਾ ਸੀ।

ਇਸ ਹਾਦਸੇ ਤੋਂ ਕਈ ਸਾਲਾਂ ਬਾਅਦ ਵੀ ਹਵਾਈ ਜਹਾਜ਼ਾਂ ਦਾ ਹਵਾ ''ਚ ਇਸ ਤਰ੍ਹਾਂ ਨਾਲ ਟਕਰਾਉਣਾ ਕਾਲਪਨਿਕ ਲੱਗਦਾ ਹੈ। ਹਾਲਾਂਕਿ 349 ਲੋਕਾਂ ਦੀ ਮੌਤ ਹੀ ਅੰਤਿਮ ਸੱਚ ਹੈ। ਘੱਟ ਤੋਂ ਘੱਟ ਉਨ੍ਹਾਂ ਲੋਕਾਂ ਲਈ, ਜਿੰਨ੍ਹਾਂ ਨੇ ਇਸ ਹਾਦਸੇ ''ਚ ਆਪਣੇ ਕਿਸੇ ਕਰੀਬੀ ਨੂੰ ਗੁਆਇਆ ਹੈ।

ਹਾਲਾਤਾਂ ਨੇ ਕਈਆਂ ਨੂੰ ਤਾਂ ਇੰਨ੍ਹਾਂ ਮਜਬੂਰ ਕਰ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਮ੍ਰਿਤਕ ਪਤੀ ਦੇ ਭਰਾ ਨਾਲ ਹੀ ਵਿਆਹ ਕਰਨਾ ਪਿਆ, ਕਈਆਂ ਨੂੰ ਛੋਟੀ ਉਮਰੇ ਹੀ ਰੁਜ਼ਗਾਰ ਦੀ ਭਾਲ ''ਚ ਘਰੋਂ ਬਾਹਰ ਨਿਕਲਣਾ ਪਿਆ ਅਤੇ ਕਈਆਂ ਨੂੰ ਆਪਣੀ ਪੜ੍ਹਾਈ ਵਿਚਾਲੇ ਹੀ ਛੱਡਣੀ ਪਈ।

ਬਹੁਤ ਸਾਰੇ ਲੋਕਾਂ ਨੇ ਵਧੇਰੇ ਮੁਆਵਜ਼ੇ ਦੀ ਮੰਗ ਕਰਦਿਆਂ ਮੁਕੱਦਮਾ ਵੀ ਦਾਇਰ ਕੀਤਾ ਪਰ ਅਦਾਲਤ ਨੇ ਇਹ ਕਹਿ ਕੇ ਉਸ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਕਿ ਮੁਦਈ ਨੇ ਇਸ ਮੁਕੱਦਮੇ ਲਈ ਸਹੀ ਸਮੇਂ ''ਤੇ ਭਾਰਤ ਸਰਕਾਰ ਦੀ ਇਜਾਜ਼ਤ ਨਹੀਂ ਲਈ ਸੀ, ਜੋ ਕਿ ਕਿਸੇ ਵਿਦੇਸ਼ੀ ਸਫ਼ੀਰ ਜਾਂ ਵਿਦੇਸ਼ੀ ਰਾਜ ਲਈ ਜਰੂਰੀ ਹੁੰਦੀ ਹੈ।

ਇਸ ਦੌਰਾਨ ਸਥਾਨਕ ਸਰਕਾਰ ਨੇ ਕਥਿਤ ਤੌਰ ''ਤੇ ਚਰਖੀ ਦਾਦਰੀ ''ਚ ਮਾਰੇ ਗਏ ਲੋਕਾਂ ਦੇ ਲਈ ਇੱਕ ਯਾਦਗਾਰ ਬਣਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ।

ਅਖ਼ਬਾਰਾਂ ਮੁਤਾਬਕ ਇਸ ਪ੍ਰੋਜੈਕਟ ਦੇ ਤਹਿਤ ਉੱਥੇ ਇੱਕ ਯਾਦਗਾਰ ਅਤੇ ਸੈਲਾਨੀ ਕੇਂਦਰ ਬਣਾਇਆ ਜਾਵੇਗਾ। ਜਿਸ ਦੇ ਲਈ 15-20 ਏਕੜ ਜ਼ਮੀਨ ਦੀ ਭਾਲ ਅਜੇ ਵੀ ਜਾਰੀ ਹੈ।

(ਨੋਟ- ਇਹ ਲੇਖ ਮੂਲ ਰੂਪ ''ਚ ਨਵੰਬਰ 2021 ''ਚ ਲਿਖਿਆ ਗਿਆ ਸੀ)

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=PofwRytSQwk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3ec01c9a-eabc-4794-91dc-fc09034f8f39'',''assetType'': ''STY'',''pageCounter'': ''punjabi.india.story.60066389.page'',''title'': ''ਹਰਿਆਣਾ \''ਚ ਸਾਊਦੀ ਅਤੇ ਕਜ਼ਾਖ ਹਵਾਈ ਜਹਾਜ਼ 25 ਸਾਲ ਪਹਿਲਾਂ ਕਿਵੇਂ ਟਕਰਾਏ ਸਨ'',''author'': '' ਨਿਆਜ਼ ਫ਼ਾਰੂਕੀ'',''published'': ''2022-01-21T15:40:03Z'',''updated'': ''2022-01-21T15:40:03Z''});s_bbcws(''track'',''pageView'');