ਉੱਤਰ ਪ੍ਰਦੇਸ਼ ਚੋਣਾਂ 2022: ਦਿੱਲੀ ਦੇ ਤਖ਼ਤ ਦਾ ਰਸਤਾ ਲਖਨਊ ਤੋਂ ਹੋ ਕੇ ਕਿਉਂ ਲੰਘਦਾ ਹੈ

01/21/2022 3:40:28 PM

ਕਿਹਾ ਜਾਂਦਾ ਹੈ ਕਿ ਵੱਡੇ ਉਦਯੋਗਾਂ ਅਤੇ ਰੁਜ਼ਗਾਰ ਦੀ ਅਣਹੋਂਦ ਵਿੱਚ ਸਿਆਸਤ ਸ਼ਾਇਦ ਉੱਤਰ ਪ੍ਰਦੇਸ਼ ਦਾ ਸਭ ਤੋਂ ਵੱਡਾ ਉਦਯੋਗ ਹੈ।

ਇਹ ਉੱਤਰ ਪ੍ਰਦੇਸ਼ ਹੀ ਹੈ ਜਿੱਥੇ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਮਾਈਕ ਨੂੰ ਪੱਥਰ ਵਜੋਂ ਵਰਤਿਆ ਹੈ, ਜਿੱਥੇ ਇੱਕ ਮੁੱਖ ਮੰਤਰੀ ਨੇ ਅੱਧੀ ਰਾਤ ਨੂੰ ਸਹੁੰ ਚੁੱਕੀ ਹੈ, ਜੋ ਸਿਰਫ ਇੱਕ ਦਿਨ ਲਈ ਸੱਤਾ ਵਿੱਚ ਰਿਹਾ।

ਉੱਤਰ ਪ੍ਰਦੇਸ਼ ਦੀ ਧਰਤੀ ''ਤੇ ਹੀ ਕੌਮੀ ਪਾਰਟੀਆਂ ਤਕਰੀਬਨ ਦੋ ਦਹਾਕਿਆਂ ਤੱਕ ਹਾਸ਼ੀਏ ''ਤੇ ਚਲੀਆਂ ਗਈਆਂ ਸਨ।

ਭਾਰਤ ਵਿੱਚ ਗੱਠਜੋੜ ਦੀ ਰਾਜਨੀਤੀ ਦਾ ਪਹਿਲਾ ਪ੍ਰਯੋਗ ਵੀ ਉੱਤਰ ਪ੍ਰਦੇਸ਼ ਦੀ ਧਰਤੀ ''ਤੇ ਹੀ ਕੀਤਾ ਗਿਆ ਸੀ।

ਇੱਕ ਪੁਰਾਣੀ ਸਿਆਸੀ ਕਹਾਵਤ ਹੈ ਕਿ ਰਾਇਸੀਨਾ ਪਹਾੜੀਆਂ ਨੂੰ ਜਾਣ ਵਾਲੀ ਸੜਕ ਲਖਨਊ ''ਚੋਂ ਹੋ ਕੇ ਲੰਘਦੀ ਹੈ। ਸਾਊਥ ਬਲਾਕ ਵਿੱਚ ਜਿਨ੍ਹਾਂ 14 ਪੁਰਸ਼ਾਂ ਅਤੇ ਇੱਕ ਮਹਿਲਾ ਨੇ ਪ੍ਰਧਾਨ ਮੰਤਰੀ ਦੇ ਤੌਰ ''ਤੇ ਕੰਮ ਕੀਤਾ ਹੈ ਉਨ੍ਹਾਂ ਵਿੱਚੋਂ 8 ਉੱਤਰ ਪ੍ਰਦੇਸ਼ ਤੋਂ ਆਉਂਦੇ ਹਨ।

ਜੇਕਰ ਤੁਸੀਂ ਇਸ ਵਿੱਚ ਨਰਿੰਦਰ ਮੋਦੀ ਨੂੰ ਵੀ ਜੋੜਦੇ ਹੋ ਤਾਂ ਇਹ ਗਿਣਤੀ 9 ਹੋ ਜਾਂਦੀ ਹੈ। ਇਸ ਸੂਚੀ ਵਿੱਚ ਨਰਿੰਦਰ ਮੋਦੀ ਨੂੰ ਸ਼ਾਮਲ ਕਰਨ ਪਿੱਛੇ ਤਰਕ ਇਹ ਹੈ ਕਿ ਉਹ ਵਾਰਾਣਸੀ ਤੋਂ ਚੋਣ ਲੜ ਕੇ ਲੋਕ ਸਭਾ ਵਿੱਚ ਪਹੁੰਚੇ ਹਨ।

ਉਹ ਗੁਜਰਾਤ ਵਿੱਚੋਂ ਚੋਣ ਲੜ ਕੇ ਲੋਕ ਸਭਾ ਵਿੱਚ ਆਸਾਨੀ ਨਾਲ ਪਹੁੰਚ ਸਕਦੇ ਸੀ, ਪਰ ਉਨ੍ਹਾਂ ਨੂੰ ਇਹ ਵੀ ਖ਼ਿਆਲ ਸੀ ਕਿ ਭਾਰਤ ਦੀ ਸਿਆਸਤ ਵਿੱਚ ਉੱਤਰ ਪ੍ਰਦੇਸ਼ ਦੀ ਜਿੰਨੀ ਪ੍ਰਤੀਕਾਤਮਕ ਮਹੱਤਤਾ ਹੈ, ਉਹ ਸ਼ਾਇਦ ਕਿਸੇ ਹੋਰ ਸੂਬੇ ਦੀ ਨਹੀਂ ਹੈ।

ਇੱਥੇ ਨਾ ਸਿਰਫ਼ ਭਾਰਤ ਦੀ ਆਬਾਦੀ ਦਾ ਸੱਤਵਾਂ ਹਿੱਸਾ ਰਹਿੰਦਾ ਹੈ, ਸਗੋਂ ਜੇਕਰ ਇਹ ਆਜ਼ਾਦ ਦੇਸ਼ ਹੁੰਦਾ ਤਾਂ ਆਬਾਦੀ ਦੇ ਮਾਮਲੇ ਵਿੱਚ ਚੀਨ, ਭਾਰਤ, ਅਮਰੀਕਾ, ਇੰਡੋਨੇਸ਼ੀਆ ਅਤੇ ਬ੍ਰਾਜ਼ੀਲ ਤੋਂ ਬਾਅਦ ਦੁਨੀਆ ਵਿੱਚ ਛੇਵੇਂ ਨੰਬਰ ''ਤੇ ਹੁੰਦਾ।

ਇਹ ਵੀ ਪੜ੍ਹੋ:

  • ਭਾਰਤੀ ਕਿਸਾਨ ਯੂਨੀਅਨ ਨੇ ਅਖਿਲੇਸ਼ ਯਾਦਵ ਨੂੰ ਸਮਰਥਨ ਦੇਣ ਦੇ ਬਿਆਨ ਤੋਂ ਕਿਉਂ ਲਿਆ ਯੂ ਟਰਨ
  • ਕਾਂਗਰਸ ਦੀਆਂ ਟਿਕਟਾਂ ਵੰਡਣ ਲਈ ਪ੍ਰਿਅੰਕਾ ਗਾਂਧੀ ਨੇ ਵਰਤਿਆ ਨਵਾਂ ਫਾਰਮੂਲਾ
  • ਉੱਤਰ ਪ੍ਰਦੇਸ਼ ਚੋਣਾਂ: ਕਿਸਾਨੀ ਅੰਦੋਲਨ ਦਾ ਪ੍ਰਭਾਵ ਕੀ ਫਿਰ ਤੋਂ ਫੜ੍ਹ ਰਿਹਾ ਹੈ ਜ਼ੋਰ

ਪਰ ਗੱਲ ਸਿਰਫ ਆਬਾਦੀ ਦੀ ਨਹੀਂ ਹੈ

ਉੱਘੇ ਕਾਲਮਨਵੀਸ ਅਤੇ ਇੰਡੀਅਨ ਐਕਸਪ੍ਰੈਸ ਦੇ ਸਾਬਕਾ ਸੰਪਾਦਕ ਸਈਅਦ ਨਕਵੀ ਦਾ ਕਹਿਣਾ ਹੈ, ''''ਤ੍ਰਿਵੇਣੀ ਉੱਤਰ ਪ੍ਰਦੇਸ਼ ਵਿੱਚ, ਕਾਸ਼ੀ ਉੱਤਰ ਪ੍ਰਦੇਸ਼ ਵਿੱਚ, ਮਥੁਰਾ, ਅਯੁੱਧਿਆ ਅਤੇ ਗੰਗਾ-ਯਮਨਾ ਉੱਤਰ ਪ੍ਰਦੇਸ਼ ਵਿੱਚ। ਇੱਕ ਤਰ੍ਹਾਂ ਨਾਲ ਉੱਤਰ ਪ੍ਰਦੇਸ਼ ਪੂਰਵ-ਇਸਲਾਮਿਕ ਸੱਭਿਆਚਾਰ ਦਾ ਗੜ੍ਹ ਰਿਹਾ ਹੈ। ਇੱਕ ਤਰ੍ਹਾਂ ਨਾਲ ਇਸ ਨੂੰ ਭਾਰਤ ਦੀ ਰਾਜਨੀਤੀ ਦਾ ਮੇਲਟਿੰਗ ਪੌਟ ਜਾਂ ਸੈਲੇਡ ਬੌਲ ਕਿਹਾ ਜਾ ਸਕਦਾ ਹੈ।''''

BBC

''''ਮਹੱਤਵਪੂਰਨ ਇਹ ਨਹੀਂ ਹੈ ਕਿ ਇੱਥੋਂ 80 ਮੈਂਬਰ ਸੰਸਦ ਵਿੱਚ ਜਾਂਦੇ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਇਹ ਧਰਤੀ 5000 ਸਾਲ ਪੁਰਾਣੇ ਦੇਸ਼ ਨੂੰ ''ਸਿਵੇਲਾਇਜ਼ਡ ਡੇਪਥ'' ਭਾਵ ਸੱਭਿਅਤਾ ਦੀ ਗਹਿਰਾਈ ਪ੍ਰਦਾਨ ਕਰਦੀ ਹੈ।''''

ਉੱਤਰ ਪ੍ਰਦੇਸ਼ ਦੀ ਰਾਜਨੀਤੀ ਗੁਆਂਢੀ ਰਾਜਾਂ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦੀ ਹੈ

ਹਿੰਦੀ ਭਾਸ਼ਾ ਦਾ ਕੇਂਦਰਬਿੰਦੂ ਹੋਣ ਕਰਕੇ ਇਸ ਦੇ ਚੋਣ ਨਤੀਜੇ ਇਸ ਦੇ ਨਾਲ ਲੱਗਦੇ ਇਲਾਕਿਆਂ ਨੂੰ ਵੀ ਪ੍ਰਭਾਵਿਤ ਕਰਦੇ ਹਨ।

ਗੋਵਿੰਦ ਬੱਲਭ ਪੰਤ ਸਮਾਜਕ ਸੰਸਥਾਨ ਦੇ ਪ੍ਰੋਫੈਸਰ ਬਦਰੀ ਨਰਾਇਣ ਉੱਤਰ ਪ੍ਰਦੇਸ਼ ਦੇ ਪ੍ਰਤੀਕਾਤਮਕ ਮਹੱਤਵ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ, "ਇੱਕ ਤਾਂ ਲੋਕਤੰਤਰ ਵਿੱਚ ਸੰਖਿਆ ਦਾ ਮਹੱਤਵ ਹੈ। ਦੂਜਾ, ਇਸਦਾ ਪ੍ਰਤੀਕਾਤਮਕ ਮਹੱਤਵ ਵੀ ਹੈ ਕਿਉਂਕਿ ਇੱਥੋਂ ਲਗਾਤਾਰ ਪ੍ਰਧਾਨ ਮੰਤਰੀ ਵੀ ਬਣਦੇ ਰਹੇ ਹਨ।''''

''''ਹਿੰਦੀ ਖੇਤਰ ਹੋਣ ਕਰਕੇ 80 ਸੀਟਾਂ ਹੀ ਨਹੀਂ ਸਗੋਂ ਆਸ-ਪਾਸ ਦੇ ਖੇਤਰਾਂ ਜਿਵੇਂ ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਰਾਜਨੀਤੀ ''ਤੇ ਵੀ ਅਸਰ ਪੈਂਦਾ ਹੈ। ਯੂਪੀ ''ਚ ਖੇਤਰੀ ਪਾਰਟੀਆਂ ਦੀ ਰਾਜਨੀਤੀ, ਇਸ ਦੇ ਵੱਡੇ ਆਗੂ ਮੁਲਾਇਮ ਸਿੰਘ ਯਾਦਵ ਅਤੇ ਮਾਇਆਵਤੀ ਦਾ ਵੀ ਇਹ ਖੇਤਰ ਹੈ, ਜਿਸ ਕਾਰਨ ਇਸ ਤੋਂ ਵਿਰੋਧੀ ਧਿਰ ਦੀ ਰਾਜਨੀਤੀ ਵਿੱਚ ਵੀ ਉੱਤਰ ਪ੍ਰਦੇਸ਼ ਦੀ ਦਖਲਅੰਦਾਜ਼ੀ ਸਾਫ਼ ਦਿਖਾਈ ਦਿੰਦੀ ਹੈ।

Getty Images

ਉੱਤਰ ਪ੍ਰਦੇਸ਼ ਤੋਂ ਮਿਲੀ ਭਾਜਪਾ ਨੂੰ ਸਭ ਤੋਂ ਵੱਡੀ ਤਾਕਤ

1989 ਤੱਕ, ਜਿਸ ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ ਸੀਟਾਂ ਜਿੱਤੀਆਂ ਉਸ ਨੇ ਕੇਂਦਰ ਵਿੱਚ ਸਰਕਾਰ ਬਣਾਈ। ਇਸ ਰੁਝਾਨ ਨੂੰ 1991 ਵਿੱਚ ਨਰਸਿਮਹਾ ਰਾਓ ਨੇ ਬਦਲ ਦਿੱਤਾ, ਜੋ ਉੱਤਰ ਪ੍ਰਦੇਸ਼ ਵਿੱਚ 84 ਵਿੱਚੋਂ ਸਿਰਫ਼ 5 ਸੀਟਾਂ ਹੀ ਜਿੱਤ ਸਕੇ ਸਨ, ਪਰ ਇਸ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ।

ਉੱਤਰ ਪ੍ਰਦੇਸ਼ ਹਮੇਸ਼ਾ ਭਾਰਤੀ ਜਨਤਾ ਪਾਰਟੀ ਦੀ ਰਾਜਨੀਤੀ ਵਿੱਚ ਇੱਕ ਧੁਰੀ ਵਾਂਗ ਰਿਹਾ ਹੈ।

ਪੂਰੇ ਰਾਮ ਮੰਦਰ ਅੰਦੋਲਨ ਦੌਰਾਨ ਉੱਤਰ ਪ੍ਰਦੇਸ਼ ਦੀ ਰਾਜਨੀਤੀ ''ਤੇ ਇਸ ਦਾ ਦਬਦਬਾ ਰਿਹਾ। 1991, 1996 ਅਤੇ 1998 ਵਿੱਚ ਲਗਾਤਾਰ ਤਿੰਨ ਲੋਕ ਸਭਾ ਚੋਣਾਂ ਵਿੱਚ, ਪਾਰਟੀ ਨੇ ਉੱਤਰ ਪ੍ਰਦੇਸ਼ ਵਿੱਚ 50 ਤੋਂ ਵੱਧ ਸੀਟਾਂ ਜਿੱਤੀਆਂ।

ਨਤੀਜਾ ਇਹ ਹੋਇਆ ਕਿ 1996 ਅਤੇ 1998 ਵਿੱਚ ਪਾਰਟੀ ਨੂੰ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਮੌਕਾ ਮਿਲਿਆ। 1998 ਦੀਆਂ ਚੋਣਾਂ ਵਿੱਚ ਭਾਜਪਾ ਉੱਤਰ ਪ੍ਰਦੇਸ਼ ਵਿੱਚ ਸਿਰਫ਼ 29 ਸੀਟਾਂ ਹੀ ਜਿੱਤ ਸਕੀ ਸੀ ਪਰ ਆਪਣੇ ਸਹਿਯੋਗੀ ਦਲਾਂ ਦੀ ਬਿਹਤਰ ਕਾਰਗੁਜ਼ਾਰੀ ਸਦਕਾ ਇਸ ਨੇ ਕੇਂਦਰ ਵਿੱਚ ਸਰਕਾਰ ਬਣਾਈ, ਜਿਸ ਨੇ ਆਪਣਾ ਕਾਰਜਕਾਲ ਵੀ ਪੂਰਾ ਕੀਤਾ।

Getty Images

2004 ਅਤੇ 2009 ਦੀਆਂ ਚੋਣਾਂ ਵਿੱਚ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੇ ਮਾਮੂਲੀ ਪ੍ਰਦਰਸ਼ਨ ਦਾ ਨਤੀਜਾ ਇਹ ਰਿਹਾ ਕਿ ਇਹ ਸੱਤਾ ਦੀ ਦੌੜ ਵਿੱਚ ਕਾਂਗਰਸ ਤੋਂ ਕਾਫੀ ਪਿੱਛੜ ਗਈ। 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਦੀ ਇਬਾਰਤ ਇੱਕ ਵਾਰ ਫਿਰ ਉੱਤਰ ਪ੍ਰਦੇਸ਼ ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਲਿਖੀ ਗਈ।

2007 ਤੋਂ ਸੱਤਾਧਾਰੀ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਮਿਲ ਰਿਹਾ ਪੂਰਨ ਬਹੁਮਤ

ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਦੇ 403 ਮੈਂਬਰ ਹਨ ਅਤੇ ਇਹ ਦੇਸ਼ ਦੀ ਸਭ ਤੋਂ ਵੱਡੀ ਵਿਧਾਨ ਸਭਾ ਹੈ। ਕਰੀਬ ਦੋ ਦਹਾਕਿਆਂ ਤੱਕ ਤ੍ਰਿਸ਼ੰਕੂ (ਹੰਗ) ਲਟਕਵੀਂ ਵਿਧਾਨ ਸਭਾ ਦੇਣ ਤੋਂ ਬਾਅਦ 2007 ਵਿੱਚ ਇਹ ਰੁਝਾਨ ਉਦੋਂ ਬਦਲ ਗਿਆ ਜਦੋਂ ਸੂਬੇ ਦੇ ਲੋਕਾਂ ਨੇ ਪਹਿਲੀ ਵਾਰ ਬਹੁਜਨ ਸਮਾਜ ਪਾਰਟੀ ਨੂੰ ਪੂਰਨ ਬਹੁਮਤ ਦਿੱਤਾ।

ਫਿਰ 2012 ਦੀਆਂ ਵਿਧਾਨ ਸਭਾ ਚੋਣਾਂ ''ਚ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਨੂੰ ਸੱਤਾ ਦੀ ਵਾਗਡੋਰ ਸੌਂਪੀ, ਜਦਕਿ 2017 ''ਚ ਸੂਬੇ ''ਚ ਹਾਸ਼ੀਏ ''ਤੇ ਪਈ ਭਾਰਤੀ ਜਨਤਾ ਪਾਰਟੀ ਨੂੰ ਤਿੰਨ-ਚੌਥਾਈ ਬਹੁਮਤ ਮਿਲਿਆ।

Getty Images

ਭਾਜਪਾ ਦੀ ਇਸ ਜਿੱਤ ਦਾ ਨਤੀਜਾ ਇਹ ਨਿੱਕਲਿਆ ਕਿ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ, ਜੋ ਸਾਲਾਂ ਤੋਂ ਇੱਕ-ਦੂਜੇ ਦਾ ਵਿਰੋਧ ਕਰ ਰਹੀਆਂ ਸਨ, ਨੇ 2019 ਦੀਆਂ ਲੋਕ ਸਭਾ ਚੋਣਾਂ ਗਠਜੋੜ ਨਾਲ ਲੜਨ ਦਾ ਫੈਸਲਾ ਕੀਤਾ। ਇਹ ਵੱਖਰੀ ਗੱਲ ਹੈ ਕਿ ਇਸ ਮੁਹਿੰਮ ਵਿੱਚ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।

ਉੱਤਰ ਪ੍ਰਦੇਸ਼ ਤੋਂ ਜਨਮੇ ਕਈ ਦਿਲਚਸਪ ਚੋਣਾਵੀ ਨਾਅਰੇ

ਬਹੁਤ ਸਾਰੇ ਚੋਣ ਨਾਅਰੇ ਉੱਤਰ ਪ੍ਰਦੇਸ਼ ਦੀ ਮਿੱਟੀ ਤੋਂ ਪੈਦਾ ਹੋਏ ਹਨ।

90 ਦੇ ਦਹਾਕੇ ਵਿੱਚ, ਤਿੰਨ ਸ਼ਬਦਾਂ ਵਾਲਾ ਨਾਅਰਾ ''ਰੋਟੀ ਕੱਪੜਾ ਔਰ ਮਕਾਨ'' ਉੱਤਰ ਪ੍ਰਦੇਸ਼ ਦੀਆਂ ਚੋਣ ਮੁਹਿੰਮਾਂ ''ਤੇ ਹਾਵੀ ਰਿਹਾ। 21ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਇਹ ਨਾਅਰਾ ''ਬਿਜਲੀ ਸੜਕ, ਪਾਣੀ'' ਵਿੱਚ ਬਦਲ ਗਿਆ।

ਅਗਲੇ ਦਹਾਕੇ ਦਾ ਨਾਅਰਾ ਸੀ ''ਸਿੱਖਿਆ, ਵਿਗਿਆਨ, ਵਿਕਾਸ''।

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਜਦੋਂ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਨਵਾਂ ਨਾਅਰਾ ਦਿੱਤਾ- ''ਪੜ੍ਹਾਈ, ਕਮਾਈ, ਦਵਾਈ''।

Getty Images

ਨਾਅਰਿਆਂ ਦੀ ਗੱਲ ਚੱਲੀ ਹੈ ਤਾਂ ਬਹੁਜਨ ਸਮਾਜ ਪਾਰਟੀ ਵੱਲੋਂ ਲਾਇਆ ਗਿਆ ਬੜਾ ਦਿਲਚਸਪ ਨਾਅਰਾ ਸੀ - ''ਹਾਥੀ ਨਹੀਂ ਗਣੇਸ਼ ਹੈ, ਬ੍ਰਹਮਾ, ਵਿਸ਼ਣੂ, ਮਹੇਸ਼ ਹੈ।'' ਇਹ ਉਹ ਸਮਾਂ ਸੀ ਜਦੋਂ ਮਾਇਆਵਤੀ ਬ੍ਰਾਹਮਣਾਂ ਨੂੰ ਆਪਣੇ ਵਾਲੇ ਪਾਸੇ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਸਨ।

ਪੰਜ ਸਾਲ ਬਾਅਦ ਸਮਾਜਵਾਦੀ ਪਾਰਟੀ ਨੇ ਵੀ ''ਅਖਿਲੇਸ਼ ਕਾ ਜਲਵਾ ਕਾਇਮ ਹੈ, ਉਸਕਾ ਬਾਪ ਮੁਲਾਇਮ ਹੈ'' ਦਾ ਨਾਅਰਾ ਦਿੱਤਾ ਸੀ।

1967 ਵਿੱਚ ਬਣੀ ਪਹਿਲੀ ਵਿਰੋਧੀ ਸਰਕਾਰ

1951 ਵਿੱਚ ਹੋਈਆਂ ਪਹਿਲੀਆਂ ਵਿਧਾਨ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਕੁੱਲ 347 ਸੀਟਾਂ ਸਨ। ਇਨ੍ਹਾਂ ''ਚ 83 ਉਹ ਸੀਟਾਂ ਸ਼ਾਮਲ ਹਨ, ਜਿਨ੍ਹਾਂ ''ਤੇ ਦੋ ਵਿਧਾਇਕ ਚੁਣ ਕੇ ਆਉਂਦੇ ਸਨ।

ਉੱਤਰ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਗੋਵਿੰਦ ਵੱਲਭ ਪੰਤ ਸਨ। ਉਸ ਤੋਂ ਬਾਅਦ ਸੰਪੂਰਨਾਨੰਦ, ਚੰਦਰਭਾਨੂ ਗੁਪਤਾ ਅਤੇ ਸੁਚੇਤਾ ਕ੍ਰਿਪਲਾਨੀ ਨੇ ਸੂਬੇ ਦੀ ਵਾਗਡੋਰ ਸੰਭਾਲੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

1967 ਦੀ ਚੋਣ ਅਜਿਹੀ ਪਹਿਲੀ ਚੋਣ ਸੀ ਜਦੋਂ ਕਾਂਗਰਸ ਪਹਿਲੀ ਵਾਰ ਪੂਰਨ ਬਹੁਮਤ ਹਾਸਲ ਨਹੀਂ ਕਰ ਸਕੀ ਅਤੇ ਉਸ ਨੂੰ ਸਿਰਫ਼ 199 ਸੀਟਾਂ ਮਿਲੀਆਂ।

ਚਰਨ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਨਵੀਂ ਪਾਰਟੀ ਭਾਰਤੀ ਕ੍ਰਾਂਤੀ ਦਲ ਦਾ ਗਠਨ ਕੀਤਾ ਅਤੇ ਸਮਾਜਵਾਦੀਆਂ ਅਤੇ ਭਾਰਤੀ ਜਨ ਸੰਘ ਦੇ ਸਹਿਯੋਗ ਨਾਲ ਉੱਤਰ ਪ੍ਰਦੇਸ਼ ਦੇ ਪਹਿਲੇ ਗੈਰ-ਕਾਂਗਰਸੀ ਮੁੱਖ ਮੰਤਰੀ ਬਣੇ।

ਕਾਂਗਰਸੀ ਆਗੂਆਂ ਵਿਚਾਲੇ ਮੁੱਖ ਮੰਤਰੀ ਅਹੁਦੇ ਦੀ ''ਮਿਊਜ਼ੀਕਲ ਚੇਅਰ''

ਇਸ ਤੋਂ ਬਾਅਦ ਸੂਬੇ ਵਿੱਚ ਸਿਆਸੀ ਅਨਿਸ਼ਚਿਤਤਾ ਦਾ ਦੌਰ ਸ਼ੁਰੂ ਹੋ ਗਿਆ।

ਪਹਿਲਾਂ ਸੀ ਬੀ ਗੁਪਤਾ ਮੁੱਖ ਮੰਤਰੀ ਬਣੇ। ਉਸ ਤੋਂ ਬਾਅਦ ਚਰਨ ਸਿੰਘ ਦੀ ਮੁੜ ਵਾਪਸੀ ਹੋਈ। ਕਾਂਗਰਸ ਦੇ ਦੋਫਾੜ ਹੋਣ ਤੋਂ ਬਾਅਦ ਕਮਲਾਪਤੀ ਤ੍ਰਿਪਾਠੀ ਸੱਤਾ ''ਚ ਆਏ ਪਰ ਸੂਬੇ ''ਚ ਪੀਏਸੀ ਦੀ ਬਗਾਵਤ ਕਾਰਨ ਉਨ੍ਹਾਂ ਨੂੰ ਵੀ ਅਸਤੀਫਾ ਦੇਣਾ ਪਿਆ।

1974 ਵਿੱਚ, ਕਾਂਗਰਸ ਨੇ ਵਿਧਾਨ ਸਭਾ ਚੋਣਾਂ ਵਿੱਚ ਮੁਸ਼ਕਿਲ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਹੇਮਵਤੀਨੰਦਨ ਬਹੁਗੁਣਾ ਸੂਬੇ ਦੇ ਮੁੱਖ ਮੰਤਰੀ ਬਣੇ, ਪਰ ਇੰਦਰਾ ਗਾਂਧੀ ਨਾਲ ਮਤਭੇਦਾਂ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਅਤੇ ਨਰਾਇਣ ਦੱਤ ਤਿਵਾਰੀ ਅਗਲੇ ਮੁੱਖ ਮੰਤਰੀ ਬਣ ਗਏ।

ਜਿਵੇਂ ਹੀ 1977 ਵਿੱਚ ਜਨਤਾ ਪਾਰਟੀ ਸੱਤਾ ਵਿੱਚ ਆਈ, ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਨੇ ਕਾਂਗਰਸ ਸਰਕਾਰ ਨੂੰ ਬਰਖਾਸਤ ਕਰ ਦਿੱਤਾ। ਪਹਿਲਾਂ ਰਾਮ ਨਰੇਸ਼ ਯਾਦਵ ਅਤੇ ਫਿਰ ਬਨਾਰਸੀ ਦਾਸ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।

Getty Images

ਕਾਂਗਰਸ ਨੇ 1984 ਤੋਂ ਬਾਅਦ ਸੂਬੇ ਵਿੱਚ ਕੋਈ ਚੋਣ ਨਹੀਂ ਜਿੱਤੀ

1978 ਵਿੱਚ ਆਜ਼ਮਗੜ੍ਹ ਲੋਕ ਸਭਾ ਉਪ ਚੋਣ ਨੇ ਪਹਿਲਾਂ ਚਿਕਮੰਗਲੂਰ ਅਤੇ ਫਿਰ 1980 ਦੀਆਂ ਲੋਕ ਸਭਾ ਚੋਣਾਂ ਵਿੱਚ ਇੰਦਰਾ ਗਾਂਧੀ ਦੀ ਵਾਪਸੀ ਦਾ ਰਾਹ ਪੱਧਰਾ ਕੀਤਾ।

ਵਿਸ਼ਵਨਾਥ ਪ੍ਰਤਾਪ ਸਿੰਘ 1980 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਜਦੋਂ ਡਾਕੂਆਂ ਨੇ ਉਨ੍ਹਾਂ ਦੇ ਭਰਾ ਜਸਟਿਸ ਚੰਦਰਸ਼ੇਖਰ ਪ੍ਰਤਾਪ ਸਿੰਘ ਦੀ ਹੱਤਿਆ ਕਰ ਦਿੱਤੀ ਤਾਂ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਸ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਸ਼੍ਰੀਪਤੀ ਮਿਸ਼ਰਾ ਅਤੇ ਫਿਰ ਨਰਾਇਣ ਦੱਤ ਤਿਵਾਰੀ ਸੂਬੇ ਦੇ ਮੁੱਖ ਮੰਤਰੀ ਬਣੇ।

ਆਪਣੇ ਚੋਣਾਂ ਜਿੱਤਣ ਦੇ ਬਾਵਜੂਦ ਰਾਜੀਵ ਗਾਂਧੀ ਨੇ 1985 ਵਿੱਚ ਵੀਰ ਬਹਾਦਰ ਸਿੰਘ ਨੂੰ ਸੂਬੇ ਦਾ ਮੁੱਖ ਮੰਤਰੀ ਬਣਵਾ ਦਿੱਤਾ। ਇਸ ਤੋਂ ਬਾਅਦ ਕਰੀਬ 33 ਸਾਲਾਂ ਤੋਂ ਕਾਂਗਰਸ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿਚ ਹਾਸ਼ੀਏ ''ਤੇ ਜਾਂਦੀ ਰਹੀ ਹੈ।

ਆਖਰੀ ਵਾਰ ਉਨ੍ਹਾਂ ਨੇ 1984 ਵਿੱਚ ਉੱਤਰ ਪ੍ਰਦੇਸ਼ ਵਿੱਚ ਚੋਣਾਂ ਜਿੱਤੀਆਂ ਸਨ। ਮੰਡਲ ਅਤੇ ਮੰਦਿਰ ਦੇ ਦੋ ਸਮਾਨਾਂਤਰ ਅੰਦੋਲਨਾਂ ਨੇ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿੱਤੀ।

ਮੁਲਾਇਮ ਸਿੰਘ ਯਾਦਵ ਨੇ ਕਾਂਸ਼ੀ ਰਾਮ ਨਾਲ ਮਿਲਾਇਆ ਹੱਥ

ਮੁਲਾਇਮ ਸਿੰਘ ਯਾਦਵ ਦਾ ਸਮਾਂ 1989 ਤੋਂ ਸ਼ੁਰੂ ਹੋਇਆ ਜਦੋਂ ਜਨਤਾ ਦਲ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਅਜੀਤ ਸਿੰਘ ਦੀ ਬਜਾਏ ਉਨ੍ਹਾਂ ਨੂੰ ਤਰਜੀਹ ਦਿੱਤੀ।

ਉਨ੍ਹਾਂ ਨੇ ਭਾਜਪਾ ਦੇ ਬਾਹਰੀ ਸਹਿਯੋਗ ਨਾਲ ਸਰਕਾਰ ਬਣਾਈ, ਪਰ ਜਦੋਂ ਲਾਲੂ ਯਾਦਵ ਨੇ ਰੱਥ ਯਾਤਰਾ ਦੌਰਾਨ ਲਾਲ ਕ੍ਰਿਸ਼ਨ ਅਡਵਾਨੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਭਾਜਪਾ ਨੇ ਕੇਂਦਰ ਦੀ ਵੀਪੀ ਸਿੰਘ ਸਰਕਾਰ ਅਤੇ ਮੁਲਾਇਮ ਸਿੰਘ ਸਰਕਾਰ ਦੋਵਾਂ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ।

ਉਨ੍ਹਾਂ ਨੇ ਕਿਸੇ ਤਰ੍ਹਾਂ ਕਾਂਗਰਸ ਦੀ ਮਦਦ ਨਾਲ ਆਪਣੀ ਸਰਕਾਰ ਨੂੰ ਬਚਾਇਆ ਪਰ ਜਦੋਂ ਕਾਂਗਰਸ ਸਰਕਾਰ ਨੇ ਕੇਂਦਰ ਦੀ ਚੰਦਰਸ਼ੇਖਰ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਤਾਂ ਉਨ੍ਹਾਂ ਦੀ ਸਰਕਾਰ ਵੀ ਡਿੱਗ ਗਈ।

Getty Images

ਰਾਮ ਮੰਦਰ ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਭਾਜਪਾ ਦੇ ਕਲਿਆਣ ਸਿੰਘ ਨੇ 221 ਸੀਟਾਂ ਜਿੱਤ ਕੇ ਸਰਕਾਰ ਬਣਾਈ ਪਰ ਜਦੋਂ ਬਾਬਰੀ ਮਸਜਿਦ ਢਾਹੀ ਗਈ ਤਾਂ ਉਨ੍ਹਾਂ ਦੀ ਸਰਕਾਰ ਬਰਖਾਸਤ ਕਰ ਦਿੱਤੀ ਗਈ। ਇਸ ਤੋਂ ਬਾਅਦ ਹੋਈਆਂ ਚੋਣਾਂ ਵਿੱਚ ਮੁਲਾਇਮ ਸਿੰਘ ਨੇ ਬਹੁਜਨ ਸਮਾਜ ਪਾਰਟੀ ਨਾਲ ਹੱਥ ਮਿਲਾਇਆ ਅਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਿਆ।

ਇਸ ਤੋਂ ਬਾਅਦ ਭਾਜਪਾ ਨੇ ਮਾਇਆਵਤੀ ਦਾ ਸਮਰਥਨ ਕੀਤਾ ਅਤੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦਾ ਰਸਤਾ ਸਾਫ਼ ਕਰ ਦਿੱਤਾ।

ਸਾਲ 1996 ਵਿੱਚ ਭਾਜਪਾ ਇੱਕ ਵਾਰ ਫਿਰ ਪੂਰਨ ਬਹੁਮਤ ਹਾਸਲ ਕਰਨ ਵਿਚ ਅਸਫਲ ਰਹੀ। ਉਨ੍ਹਾਂ ਨੇ ਮਾਇਆਵਤੀ ਨਾਲ ਸਮਝੌਤਾ ਕੀਤਾ, ਜਿਸ ਤਹਿਤ ਮਾਇਆਵਤੀ ਪਹਿਲੇ ਢਾਈ ਸਾਲਾਂ ਲਈ ਮੁੱਖ ਮੰਤਰੀ ਬਣੇ ਪਰ ਜਦੋਂ ਭਾਰਤੀ ਜਨਤਾ ਪਾਰਟੀ ਦੀ ਵਾਰੀ ਆਈ ਤਾਂ ਬਹੁਜਨ ਸਮਾਜ ਪਾਰਟੀ ਨੇ ਸਮਰਥਨ ਵਾਪਸ ਲੈ ਲਿਆ।

2017 ਵਿੱਚ ਭਾਰਤੀ ਜਨਤਾ ਪਾਰਟੀ ਦੀ ਵਾਪਸੀ

2007 ਵਿੱਚ ਮਾਇਆਵਤੀ ਅਤੇ 2012 ਵਿੱਚ ਸਮਾਜਵਾਦੀ ਪਾਰਟੀ ਨੂੰ ਪੂਰਨ ਬਹੁਮਤ ਮਿਲਿਆ ਸੀ। 2017 ਦੀਆਂ ਚੋਣਾਂ ਵਿੱਚ ਭਾਜਪਾ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ 312 ਸੀਟਾਂ ਜਿੱਤੀਆਂ। ਇਸ ਜਿੱਤ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਦੀ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ।

Getty Images

ਅਗਲੇ ਮਹੀਨੇ ਸੱਤ ਪੜਾਵਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਇਹ ਤੈਅ ਕਰਨਗੀਆਂ ਕਿ ਉੱਤਰ ਪ੍ਰਦੇਸ਼ ਵਿੱਚ ਕਿਹੜੀ ਪਾਰਟੀ ਰਾਜ ਕਰੇਗੀ। ਇਹ ਚੋਣਾਂ ਇਸ ਗੱਲ ਦਾ ਸੰਕੇਤ ਵੀ ਦੇਣਗੀਆਂ ਕਿ ਨਰਿੰਦਰ ਮੋਦੀ ਲਈ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਦਿੱਲੀ ਦੀ ਸੱਤਾ ਮੁੜ ਹਾਸਲ ਕਰਨਾ ਸੌਖਾ ਹੋਵੇਗਾ ਜਾਂ ਨਹੀਂ।

ਇੰਨਾ ਹੀ ਨਹੀਂ, ਇਹ ਚੋਣਾਂ ਇਹ ਵੀ ਤੈਅ ਕਰਨਗੀਆਂ ਕਿ ਅਗਲੇ ਕੁਝ ਦਿਨਾਂ ''ਚ ਰਾਜ ਸਭਾ ਦਾ ਰੂਪ ਕੀ ਹੋਵੇਗਾ ਅਤੇ ਜੁਲਾਈ 2022 ''ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ''ਚ ਨਰਿੰਦਰ ਮੋਦੀ ਆਪਣੀ ਪਸੰਦ ਦੇ ਉਮੀਦਵਾਰ ਨੂੰ ਰਾਸ਼ਟਰਪਤੀ ਭਵਨ ਭੇਜ ਸਕਣਗੇ ਜਾਂ ਨਹੀਂ।

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=YvCWDwayoZ8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''bc44cdb5-36fb-4893-9f2f-ae336e32b850'',''assetType'': ''STY'',''pageCounter'': ''punjabi.india.story.60078764.page'',''title'': ''ਉੱਤਰ ਪ੍ਰਦੇਸ਼ ਚੋਣਾਂ 2022: ਦਿੱਲੀ ਦੇ ਤਖ਼ਤ ਦਾ ਰਸਤਾ ਲਖਨਊ ਤੋਂ ਹੋ ਕੇ ਕਿਉਂ ਲੰਘਦਾ ਹੈ'',''author'': ''ਰੇਹਾਨ ਫ਼ਜ਼ਲ'',''published'': ''2022-01-21T10:03:24Z'',''updated'': ''2022-01-21T10:03:24Z''});s_bbcws(''track'',''pageView'');