ਪੰਜਾਬ ਚੋਣਾਂ: ਆਮ ਆਦਮੀ ਪਾਰਟੀ ਨੇ 7 ਸਾਲਾਂ ਵਿੱਚ ਬਦਲੇ 5 ਸੂਬਾ ਪ੍ਰਧਾਨ ਅਤੇ 3 ਵਿਰੋਧੀ ਧਿਰ ਆਗੂ

01/19/2022 8:40:28 PM

Getty Images
''ਆਪ'' ਨੇ 100 ਸਾਲ ਪੁਰਾਣੇ ਅਕਾਲੀ ਦਲ ਨੂੰ ਪਿੱਛੇ ਛੱਡ ਦਿੱਤਾ ਅਤੇ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਬਣ ਗਈ।

ਪੰਜਾਬ ਦੀ ਸਿਆਸਤ ਵਿੱਚ ਤੀਜੀ ਧਿਰ ਦੇ ਕਦੇ ਪੈਰ ਨਹੀਂ ਲੱਗ ਸਕਦੇ। ਪੰਜਾਬ ਦੀਆਂ ਖੱਬੀਆਂ ਧਿਰਾਂ ਦੇ ਤਜਰਬੇ ਤੋਂ ਇਹ ਇੱਕ ਸਿਆਸੀ ਅਖਾਣ ਬਣ ਗਿਆ ਸੀ।

ਪਰ 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਵਿੱਚ ਉੱਭਰੀ ਆਮ ਆਦਮੀ ਪਾਰਟੀ ਨੇ ਇਸ ਅਖਾਣ ਨੂੰ ਗ਼ਲਤ ਸਾਬਿਤ ਕਰ ਦਿੱਤਾ।

ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਰਬ-ਹਿੰਦ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਅਤੇ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਦੀ ਅਸਫ਼ਲਤਾ ਦੇ ਤਜਰਬੇ ਤੋਂ ਉਲਟ ''ਆਪ'' ਨੇ ਰਵਾਇਤੀ ਪਾਰਟੀਆਂ ਨੂੰ ਚੰਗੀ ਪਟਕਣੀ ਦਿੱਤੀ।

ਲੋਕ ਸਭਾ ਚੋਣਾਂ 2014 ਵਿੱਚ ਆਮ ਆਦਮੀ ਪਾਰਟੀ (ਆਪ) ਨੇ 4 ਲੋਕ ਸਭਾ ਸੀਟਾਂ ਜਿੱਤੀਆਂ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 20 ਸੀਟਾਂ ਨਾਲ ਮੁੱਖ ਵਿਰੋਧੀ ਪਾਰਟੀ ਬਣੀ।

''ਆਪ'' ਨੇ 100 ਸਾਲ ਪੁਰਾਣੇ ਅਕਾਲੀ ਦਲ ਨੂੰ ਪਿੱਛੇ ਛੱਡ ਦਿੱਤਾ ਅਤੇ ਹੁਣ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਤੀਜੀ ਧਿਰ ਦੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੀ ਹੈ।

ਅੰਨਾ ਹਜ਼ਾਰੇ ਲਹਿਰ ਵਿੱਚੋਂ ਨਿਕਲੀ ਪਾਰਟੀ

5 ਅਪ੍ਰੈਲ 2011 ਨੂੰ ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਇੱਕ ਬਜ਼ੁਰਗ ਗਾਂਧੀਵਾਦੀ ਕਿਸ਼ਨ ਬਾਬੂਰਾਓ ਹਜ਼ਾਰੇ (ਅੰਨਾ ਹਜ਼ਾਰੇ) ਨੇ ਮਰਨ ਵਰਤ ਸ਼ੁਰੂ ਕੀਤਾ।

ਇਹ ਭਾਰਤ ਦੀਆਂ ਕਈ ਗੈਰ-ਸਰਕਾਰੀ ਸੰਸਥਾਵਾਂ ਦੀ ਮੁਲਕ ਵਿੱਚ ਸਿਆਸੀ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ੁਰੂ ਕੀਤੀ ਗਈ ਲਹਿਰ ਦੀ ਸ਼ੁਰੂਆਤ ਸੀ।

ਜਿਸ ਜਥੇਬੰਦੀ ਦੇ ਨਾਂ ਹੇਠ ਇਸ ਲਹਿਰ ਨੂੰ ਸ਼ੁਰੂ ਕੀਤਾ ਗਿਆ ਸੀ, ਉਹ ਸੀ ''ਇੰਡੀਆ ਅਗੇਂਸਟ ਕੁਰੱਪਸ਼ਨ'' ਅਤੇ ਇਹ ਲਹਿਰ ''ਅੰਨਾ ਹਜ਼ਾਰੇ ਲਹਿਰ'' ਦੇ ਨਾਂ ਨਾਲ ਮਸ਼ਹੂਰ ਹੋਈ।

ਇਸ ਸਮੇਂ ਦੇਸ ਵਿੱਚ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਯੂਨਾਇਟਿਡ ਪ੍ਰੋਗਰੈਸਿਵ ਫਰੰਟ ਦੀ ਲਗਾਤਾਰ ਦੂਜੀ ਵਾਰ ਸਰਕਾਰ ਚੱਲ ਰਹੀ ਸੀ। ਇਹ ਕਾਂਗਰਸ ਦੀ ਅਗਵਾਈ ਵਾਲੀ ਕਈ ਪਾਰਟੀਆਂ ਦੀ ਸਾਂਝੀ ਸਰਕਾਰ ਸੀ।

''ਅੰਨਾ'' ਲਹਿਰ ਦੇ ਮੁੱਖ ਮੁੱਦੇ ਸਨ ਲੋਕ ਪਾਲ ਬਿੱਲ ਸੰਸਦ ਵਿੱਚ ਪਾਸ ਕਰਨਾ ਅਤੇ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਾਲਾ ਧਨ ਵਾਪਸ ਲਿਆਉਣਾ।

ਇਸ ਲਹਿਰ ਨੂੰ ਉਦੋਂ ਟਾਇਮਜ਼ ਮੈਗਜ਼ੀਨ ਨੇ 2011 ਦੀਆਂ 10 ਸਭ ਤੋਂ ਵੱਡੀਆਂ ਖ਼ਬਰਾਂ ਦੀ ਸੂਚੀ ਵਿੱਚ ਸ਼ੁਮਾਰ ਕੀਤਾ।

ਕਈ ਹਫ਼ਤਿਆਂ ਦੇ ਜੰਤਰ-ਮੰਤਰ ਵਿੱਚ ਚੱਲੇ ਮੋਰਚੇ ਤੋਂ ਬਾਅਦ ਕੇਂਦਰ ਸਰਕਾਰ ਤੇ ਲਹਿਰ ਵਿੱਚ ਸ਼ਾਮਲ ਲੋਕਾਂ ਵਿੱਚ ਸਮਝੌਤਾ ਹੋ ਗਿਆ।

ਇਹ ਵੀ ਪੜ੍ਹੋ:

  • ਭਗਵੰਤ ਮਾਨ ਦੀ ਨਿੱਜੀ ਜ਼ਿੰਦਗੀ ਦੀਆਂ ਕੁਝ ਰੋਚਕ ਗੱਲਾਂ ਜੋ ਤੁਸੀ ਸ਼ਾਇਦ ਪਹਿਲਾਂ ਨਾ ਸੁਣੀਆਂ ਹੋਣ
  • ਅਰਵਿੰਦ ਕੇਜਰੀਵਾਲ ਦੀ ‘ਆਪ’ ਦਾ ''ਹਿੰਦੂ ਧਰਮ ਅਤੇ ਦੇਸ ਭਗਤੀ'' ਵੱਲ ਝੁੱਕਣ ਦਾ ਅਸਲ ਕਾਰਨ ਕੀ ਹੈ
  • ਬਲਾਗ: ਕੀ ਮੁਆਫ਼ੀ ਮੰਗਣਾ ਪੰਜਾਬੀਆਂ ਦੀ ਰੀਤ ਨਹੀਂ?

ਇਸ ਲਹਿਰ ਵਿੱਚ ਭਾਵੇਂ ਪੂਰੇ ਦੇਸ਼ ਭਰ ਤੋਂ ਲੋਕ ਸ਼ਾਮਲ ਹੋਏ ਪਰ ਇਸ ਨੇ ਅੰਨਾ ਹਜ਼ਾਰੇ ਦੇ ਨਾਲ ਨਾਲ ਅਰਵਿੰਦ ਕੇਜਰੀਵਾਲ, ਸਾਬਕਾ ਆਈਪੀਐੱਸ ਕਿਰਨ ਬੇਦੀ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਤ ਭੂਸ਼ਨ ਵਰਗੇ ਕਈ ਲੋਕ ਸਿਆਸੀ ਕੈਨਵਸ ਉੱਤੇ ਉੱਭਾਰੇ।

ਇਸੇ ਮੁਹਿੰਮ ਦੌਰਾਨ ਸੱਤਾਧਾਰੀ ਧਿਰ ਨੇ ਲਹਿਰ ਦੇ ਆਗੂਆਂ ਨੂੰ ਖੁਦ ਸਿਆਸਤ ਵਿੱਚ ਉਤਰਨ ਦੀ ਚੁਣੌਤੀ ਦਿੱਤੀ, ਤਾਂ ਇਸ ਲਹਿਰ ਵਿੱਚੋਂ ਸਿਆਸੀ ਪਾਰਟੀ ਕੱਢਣ ਦੀ ਚਰਚਾ ਛਿੱੜ ਪਈ।

ਅੰਨਾ ਹਜ਼ਾਰੇ ਇਸ ਲਹਿਰ ਨੂੰ ਗੈਰ-ਸਿਆਸੀ ਰੱਖਣ ਦੇ ਪੱਖ ਵਿੱਚ ਸਨ, ਪਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪ੍ਰਸ਼ਾਂਤ ਭੂਸ਼ਣ, ਕਿਰਨ ਬੇਦੀ, ਕੁਮਾਰ ਵਿਸਵਾਸ਼ ਅਤੇ ਯੋਗੇਂਦਰ ਯਾਦਵ ਵਰਗੇ ਬਹੁਤ ਸਾਰੇ ਲੋਕ ਸਿਆਸੀ ਪਾਰਟੀ ਬਣਾ ਕੇ ਕਾਂਗਰਸ, ਭਾਜਪਾ ਅਤੇ ਦੂਜੀਆਂ ਸਥਾਪਿਤ ਸਿਆਸੀ ਧਿਰਾਂ ਨੂੰ ਚੁਣੌਤੀ ਦੇਣ ਲਈ ਅੱਗੇ ਆਏ।

ਇਨ੍ਹਾਂ ਲੋਕਾਂ ਨੇ ਨਵੰਬਰ 2012 ਵਿੱਚ ਸਿਆਸੀ ਪਾਰਟੀ ਦਾ ਗਠਨ ਕੀਤਾ ਜਿਸ ਦਾ ਨਾਂ ਸੀ ਆਮ ਆਦਮੀ ਪਾਰਟੀ (ਆਪ) ਅਤੇ ਚੋਣ ਨਿਸ਼ਾਨ ਸੀ ਝਾੜੂ।

ਅੰਨਾ ਤੋਂ ਬਾਅਦ ਕਾਲੇ ਧਨ ਦੇ ਮੁੱਦੇ ਉੱਤੇ ਬਾਬਾ ਰਾਮਦੇਵ ਨੇ ਵੀ ਅੰਦੋਨਲ ਚਲਾਉਣ ਦੀ ਕੋਸ਼ਿਸ਼ ਕੀਤੀ ਅਤੇ ਪਾਰਟੀ ਬਣਾਉਣ ਤੋਂ ਬਾਅਦ ਕੇਜਰੀਵਾਲ ਨੇ ਵੀ ਅੰਦੋਲਨ ਵਾਲੀ ਸੁਰ ਜਾਰੀ ਰੱਖ ਕੇ ਆਪਣੀ ਸਿਆਸਤ ਨੂੰ ਅੱਗੇ ਵਧਾਇਆ।

ਦਿੱਲੀ ਦੀ ਸੂਬਾਈ ਸਿਆਸਤ ਉੱਤੇ ਕਬਜ਼ਾ

ਆਮ ਆਦਮੀ ਪਾਰਟੀ (ਆਪ) ਦੀ ਸ਼ੁਰੂਆਤ ਨਵੰਬਰ 2012 ਵਿੱਚ ਹੋਈ। ਅੰਨਾ ਹਜ਼ਾਰੇ ਲਹਿਰ ਵਿੱਚ ਭਾਵੇਂ ਸਮੁੱਚੇ ਭਾਰਤ ਤੋਂ ਲੋਕ ਤੇ ਸੰਸਥਾਵਾਂ ਸ਼ਾਮਲ ਹੋਈਆਂ ਪਰ ਆਮ ਆਦਮੀ ਪਾਰਟੀ ਦਾ ਗੜ੍ਹ ਬਣਿਆ ਦਿੱਲੀ।

2013 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਭਾਜਪਾ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਈ। ਇਸ ਨੇ ਉਸੇ ਕਾਂਗਰਸ ਨਾਲ ਹੀ ਮਿਲ ਕੇ ਥੋੜ੍ਹੇ ਸਮੇਂ ਲਈ ਸਰਕਾਰ ਬਣਾਈ, ਜਿਸ ਦੇ ਖ਼ਿਲਾਫ਼ ਇਸ ਨੇ ਲਹਿਰ ਚਲਾਈ ਸੀ।

ਇਹ ਸਰਕਾਰ ਸਿਰਫ਼ 48 ਦਿਨ ਚੱਲੀ ਅਤੇ ਜਨ ਲੋਕ ਪਾਲ ਬਿੱਲ ਸਦਨ ਵਿੱਚ ਪਾਸ ਨਾ ਕਰਾ ਸਕਣ ਕਾਰਨ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਉਨ੍ਹਾਂ ਕਾਂਗਰਸ ਨਾਲ ਗਠਜੋੜ ਦੀ ਆਪਣੀ ਗਲਤੀ ਨੂੰ ਲੋਕਾਂ ਵਿੱਚ ਸਵੀਕਾਰ ਕਰਕੇ ਮਾਫ਼ੀ ਮੰਗੀ ਅਤੇ ਲੋਕਾਂ ਨੂੰ ਸਾਫ਼ ਸੁਥਰੀ ਸਰਕਾਰ ਦੇਣ ਦਾ ਵਾਅਦਾ ਕੀਤਾ।

ਦਿੱਲੀ ਦੀਆਂ 2015 ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 70 ਸੀਟਾਂ ਵਿੱਚ ਆਮ ਆਦਮੀ ਪਾਰਟੀ 67 ਸੀਟਾਂ ਜਿੱਤ ਗਈ।

ਇਸ ਨੇ ਪੰਜ ਸਾਲ ਦੇ ਰਾਜ ਦੌਰਾਨ ਕੇਂਦਰੀ ਭਾਜਪਾ ਸਰਕਾਰ ਦੇ ਪ੍ਰਭਾਵ ਵਾਲੇ ਰਾਜਪਾਲ ਨਾਲ ਟੱਕਰ ਲੈ ਕੇ ਸਰਕਾਰ ਚਲਾਈ, ਬਿਜਲੀ-ਪਾਣੀ, ਸਿੱਖਿਆ ਅਤੇ ਸਿਹਤ ਖੇਤਰ ਵਿੱਚ ਚੰਗਾ ਕੰਮ ਕਰਕੇ ਵਾਹ ਵਾਹ ਖੱਟੀ।

ਭਾਵੇਂ 2014 ਅਤੇ 2019 ਦੀਆਂ ਆਮ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਵਿੱਚੋਂ ਪਾਰਟੀ ਦਾ ਇੱਕ ਵੀ ਉਮੀਦਵਾਰ ਜਿੱਤ ਕੇ ਸੰਸਦ ਵਿੱਚ ਨਹੀਂ ਪਹੁੰਚ ਸਕਿਆ।

ਪਰ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੁੜ 62 ਸੀਟਾਂ ਜਿੱਤ ਲਈਆਂ। ਇਸ ਸਮੇਂ ਦਿੱਲੀ ਵਿੱਚ ਕੇਜਰੀਵਾਲ ਤੀਜੀ ਵਾਰ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਹਨ।

ਪੰਜਾਬ ਦੇ ਸਹਾਰੇ ਕੌਮੀ ਸਿਆਸਤ

ਅੰਨਾ ਹਜ਼ਾਰੇ ਦੀ ਲਹਿਰ ਵਿੱਚ ਪੰਜਾਬ ਦੀਆਂ ਜਨਤਕ ਜਥੇਬੰਦੀਆਂ ਤੇ ਸਮਾਜਿਕ ਕਾਰਕੁਨਾਂ ਦੀ ਵੀ ਚੰਗੀ ਸ਼ਮੂਲੀਅਤ ਸੀ।

ਇਸ ਲਈ ਜਦੋਂ ਲਹਿਰ ਵਿੱਚੋਂ ਸਿਆਸੀ ਪਾਰਟੀ ਨਿਕਲੀ ਤਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਐਂਟਰੀ ਹੋ ਗਈ।

2012 ਦੇ ਆਖਰੀ ਮਹੀਨਿਆਂ ਵਿੱਚ ਬਣੀ ਆਮ ਆਦਮੀ ਪਾਰਟੀ ਨੇ 2013 ਵਿੱਚ 48 ਦਿਨ ਦੀ ਘੱਟ ਗਿਣਤੀ ਸਰਕਾਰ ਬਣਾ ਕੇ ਦਿੱਲੀ ਦੀ ਸੱਤਾ ਉੱਤੇ ਆਪਣਾ ਪਹਿਲੀ ਵਾਰ ਕਬਜ਼ਾ ਜਮਾਉਣ ਦੀ ਸ਼ੁਰੂਆਤ ਕਰ ਦਿੱਤੀ।

ਦਿੱਲੀ ਤੋਂ ਬਾਹਰ ਆਮ ਆਦਮੀ ਪਾਰਟੀ ਦੇ ਪੈਰ ਲੁਆਉਣ ਤੋਂ ਬਾਅਦ ਪੂਰੇ ਮੁਲਕ ਵਿੱਚ ਰਵਾਇਤੀ ਸਿਆਸੀ ਪਾਰਟੀਆਂ ਨੂੰ ਚੁਣੌਤੀ ਦੇਣ ਲਈ 2014 ਦੀਆਂ ਲੋਕ ਸਭਾ ਚੋਣਾਂ ਪਹਿਲਾ ਮੌਕਾ ਸੀ।

ਪਾਰਟੀ ਨੇ ਪੂਰੇ ਮੁਲਕ ਵਿੱਚ 400 ਸੀਟਾਂ ਲੜੀਆਂ ਪਰ 396 ਹਾਰ ਗਈ ਅਤੇ 4 ਸੀਟਾਂ ਪੰਜਾਬ ਵਿੱਚੋਂ ਜਿੱਤੀਆਂ। ਦਿੱਲੀ ਸਣੇ ਪੂਰੇ ਦੇਸ਼ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਨਹੀਂ ਜਿੱਤਿਆ।

''ਹੁਣ ਤੱਕ ਕਿਉਂ ਚੁੱਪ ਸੀ ਕੇਜਰੀਵਾਲ''

ਪਰ ਪੰਜਾਬ ਦੇ ਹਲਕੇ ਸੰਗਰੂਰ ਤੋਂ ਭਗਵੰਤ ਮਾਨ, ਫਰੀਦਕੋਟ ਤੋਂ ਪ੍ਰੋ. ਸਾਧੂ ਸਿੰਘ, ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਅਤੇ ਫਤਹਿਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ (ਨਾਰਵੇ) ਲੋਕ ਸਭਾ ਵਿੱਚ ਪਹੁੰਚ ਗਏ।

ਪੰਜਾਬ ਨੇ ਆਮ ਆਦਮੀ ਪਾਰਟੀ ਦੀਆਂ 4 ਸੀਟਾਂ ਰਾਹੀਂ ਕੌਮੀ ਸਿਆਸਤ ਵਿੱਚ ਐਂਟਰੀ ਕਰਵਾ ਦਿੱਤੀ। ਦਿੱਲੀ ਵਿੱਚ ਭਾਵੇਂ ਪਾਰਟੀ 2015 ਤੋਂ ਲਗਾਤਾਰ ਸੱਤਾ ਵਿੱਚ ਹੈ, ਪਰ ਲੋਕ ਸਭਾ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ।

2019 ਦੀਆਂ ਲੋਕ ਸਭਾ ਚੋਣਾਂ ਤੱਕ ਧਰਮਵੀਰ ਗਾਂਧੀ, ਯੋਗੇਂਦਰ ਯਾਦਵ ਧੜੇ ਵਿੱਚ ਚਲੇ ਗਏ, ਹਰਿੰਦਰ ਸਿੰਘ ਖਾਲਸਾ ਵੀ ਪਾਰਟੀ ਛੱਡ ਗਏ। ਪ੍ਰੋ. ਸਾਧੂ ਸਿੰਘ ਚੋਣ ਹਾਰ ਗਏ ਅਤੇ ਭਗਵੰਤ ਮਾਨ ਸੰਗਰੂਰ ਹਲਕੇ ਤੋਂ ਜਿੱਤ ਕੇ ਦੂਜੀ ਵਾਰ ਲੋਕ ਸਭਾ ਵਿੱਚ ਪੁੱਜੇ।

ਭਗਵੰਤ ਮਾਨ ਇਸ ਵੇਲੇ ਪਾਰਟੀ ਦਾ ਇਕਲੌਤਾ ਲੋਕ ਸਭਾ ਮੈਂਬਰ ਹੈ ਅਤੇ ਉਹ ਪੰਜਾਬ ਤੋਂ ਹੈ।

ਆਮ ਆਦਮੀ ਪਾਰਟੀ ਦੀ ਕੌਮੀ ਸਿਆਸਤ ਦਾ ਦਿੱਲੀ ਤੋਂ ਪਹਿਲਾ ਇੱਕ ਸਰੋਤ ਪੰਜਾਬ ਹੀ ਹੈ। ਦਿੱਲੀ ਉੱਤੇ ਪਿਛਲੇ 6 ਸਾਲ ਤੋਂ ਸੱਤਾ ਦਾ ਕਬਜ਼ਾ ਹੋਣ ਦੇ ਬਾਵਜੂਦ ਕੋਈ ਵੀ ਲੋਕ ਸਭਾ ਮੈਂਬਰ ਨਹੀਂ ਹੈ।

ਸੰਜੇ ਸਿੰਘ ਅਤੇ ਦੋ ਮੈਂਬਰਾਂ ਨਾਲ ''ਆਪ'' ਰਾਜ ਸਭਾ ਵਿੱਚ ਹੀ ਆਪਣੀ ਗੱਲ ਰੱਖਣ ਦੀ ਹਾਲਤ ਵਿੱਚ ਹੈ।

ਪੰਜਾਬ ''ਚ ''ਆਪ'' ਦਾ ਅੰਦੋਲਨ

ਪੰਜਾਬ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਇੱਕ ਅੰਦੋਲਨ ਵਾਂਗ ਸਾਹਮਣੇ ਆਈ।

ਇਸ ਦਾ ਪਹਿਲਾ ਕਨਵੀਨਰ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਨੂੰ ਬਣਾਇਆ ਗਿਆ, ਜਦਕਿ ਸਮਾਜਿਕ ਤੇ ਸਿਆਸੀ ਕਾਰਕੁਨ ਸੁਮੇਲ ਸਿੰਘ ਸਿੱਧੂ ਨੂੰ ਪ੍ਰਚਾਰ ਕਮੇਟੀ ਦਾ ਮੁਖੀ ਬਣਾਇਆ ਗਿਆ।

ਇਸ ਦੇ ਚਿਹਰੇ ਮੋਹਰੇ ਬਣੇ ਸੀਨੀਅਰ ਪੰਥਕ ਆਗੂ ਸੁੱਚਾ ਸਿੰਘ ਛੋਟੇਪੁਰ, ਖੱਬੇ ਪੱਖੀ ਵਿਚਾਰਾਂ ਦੇ ਧਾਰਨੀ ਸਮਾਜਿਕ ਕਾਰਕੁਨ ਧਰਮਵੀਰ ਗਾਂਧੀ ਅਤੇ ਗਲੈਮਰ ਜਗਤ ਛੱਡ ਕੇ ਸਿਆਸਤ ਵਿੱਚ ਆਉਣ ਵਾਲੇ ਭਗਵੰਤ ਮਾਨ।

2014 ਵਿੱਚ ਆਮ ਆਦਮੀ ਪਾਰਟੀ ਨੇ ਜਿੰਨ੍ਹਾਂ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਉਹ ਆਪੋ-ਆਪਣੇ ਖੇਤਰ ਦੇ ਮਹਾਰਥੀ ਸਨ।

ਉਨ੍ਹਾਂ ਉੱਤੇ ਕੋਈ ਦਾਗ ਨਹੀਂ ਸੀ, ਉਹ ਮੁੱਖ ਧਾਰਾ ਦੀ ਸਿਆਸਤ ਲਈ ਨਵੇਂ ਸਨ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦਾ ਸਿੱਧਾ ਅਸਰ ਪੰਜਾਬ ਵਿੱਚ ਨਜ਼ਰ ਆਇਆ।

ਲੋਕ ਸਭਾ ਚੋਣਾਂ ਪੰਜਾਬ ਵਿੱਚ ਗੈਰ-ਜਥੇਬੰਦਕ ਢਾਂਚੇ ਦੀ ਅਣਹੋਂਦ ਵਿੱਚ ਲੜੀਆਂ ਗਈਆਂ।

ਕਾਂਗਰਸ ਤੇ ਅਕਾਲੀ-ਭਾਜਪਾ ਖ਼ਿਲਾਫ਼ ਲੋਕਾਂ ਨੇ ਲਾਮਬੰਦ ਹੋ ਕੇ ਆਮ ਆਦਮੀ ਪਾਰਟੀ ਨੂੰ 4 ਸੀਟਾਂ ਜਿਤਾ ਦਿੱਤੀਆਂ।

ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਲਾ ਦਿੱਤੀਆਂ। ਇਸ ਵਿੱਚ ਪਰਵਾਸੀ ਭਾਈਚਾਰੇ ਦਾ ਵੀ ਅਹਿਮ ਰੋਲ ਸੀ।

ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਨੂੰ 24.4 ਫ਼ੀਸਦ ਵੋਟ ਸ਼ੇਅਰ ਹਾਸਲ ਹੋਇਆ ਸੀ।

2014 ਦੌਰਾਨ ''ਆਪ'' ਨੂੰ ਮਿਲਿਆ ਅਣਕਿਆਸਿਆ ਲੋਕ ਸਮਰਥਨ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਜਾਰੀ ਰਿਹਾ।

ਪਾਰਟੀ ਸੱਤਾ ਹਾਸਲ ਕਰਨ ਦੇ ਦਾਅਵੇ ਤੱਕ ਪਹੁੰਚ ਗਈ, ਇਹ ਗੱਲ ਵੱਖਰੀ ਹੈ ਕਿ ਪਾਰਟੀ ਨੂੰ ਸਿਰਫ਼ 20 ਸੀਟਾਂ ਹੀ ਹਾਸਲ ਹੋਈਆਂ ਅਤੇ ਵੋਟ ਸ਼ੇਅਰ ਵੀ 2014 ਮੁਕਾਬਲੇ ਮਾਮੂਲੀ ਜਿਹਾ ਘਟ ਕੇ 23.8 ਫ਼ੀਸਦ ਰਹਿ ਗਿਆ।

ਪੰਜਾਬ ਦੀ ਖਾਨਾਜੰਗੀ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਤਬਦੀਲੀ ਦਾ ਨਾਅਰਾ ''ਇਨਕਲਾਬ ਜ਼ਿੰਦਾਬਾਦ'' ਦਿੱਤਾ ਸੀ, ਪਰ ਸੂਬੇ ਵਿੱਚ ''ਆਪ'' ਕਾਰਕੁਨਾਂ ਵਿੱਚ ਇਨਕਲਾਬੀ ਭਾਵਨਾ ਉੱਤੇ ਅੰਦਰੂਨੀ ਖਾਨਾਜੰਗੀ ਭਾਰੂ ਹੋ ਗਈ।

ਲੋਕ ਸਭਾ ਚੋਣਾਂ ਜਿੱਤਣ ਵਾਲੇ 4 ਸੰਸਦ ਮੈਂਬਰਾਂ ਵਿੱਚੋਂ ਪਟਿਆਲਾ ਦੇ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਤੇ ਫਤਹਿਗੜ੍ਹ ਸਾਹਿਬ ਤੋਂ ਹਰਿੰਦਰ ਖ਼ਾਲਸਾ ਨੂੰ ਕੁਝ ਮਹੀਨਿਆਂ ਬਾਅਦ ਹੀ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਮੁਅੱਤਲ ਕਰ ਦਿੱਤਾ ਗਿਆ।

ਅਸਲ ਵਿੱਚ ਇਹ ਪਾਰਟੀ ਦੇ ਕੌਮੀ ਪੱਧਰ ਉੱਤੇ ਕੇਜਰੀਵਾਲ ਵਲੋਂ ਯੋਂਗੇਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਨ ਵਰਗੇ ਵੱਡੇ ਆਗੂਆਂ ਨੂੰ ਪਾਰਟੀ ਛੱਡਣ ਲਈ ਮਜਬੂਰ ਕਰਨ ਵਾਲੇ ਹਾਲਾਤ ਦਾ ਨਤੀਜਾ ਸੀ।

ਅਸਲ ਵਿੱਚ ਕੇਜਰੀਵਾਲ ਉੱਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਾਰਟੀ ਦੀ ਪ੍ਰਧਾਨਗੀ ਛੱਡਣ ਲਈ ਦੂਜੇ ਬਾਨੀ ਆਗੂ ਦਬਾਅ ਬਣਾ ਰਹੇ ਸਨ।

ਉਨ੍ਹਾਂ ਦੋਵੇਂ ਅਹਿਮ ਅਹੁਦਿਆਂ ਉੱਤੇ ਕਬਜ਼ਾ ਜਾਰੀ ਰੱਖਿਆ ਅਤੇ ਪਾਰਟੀ ਦੇ ਕਈ ਬਾਨੀ ਆਗੂਆਂ ਨੂੰ ਪਾਰਟੀ ਛੱਡਣੀ ਪਈ। ਇਸੇ ਧੜੇਬੰਦੀ ਦਾ ਅਸਰ ਧਰਮਵੀਰ ਗਾਂਧੀ ਅਤੇ ਖਾਲਸਾ ਦੀਆਂ ਪਾਰਟੀ ਤੋਂ ਦੂਰੀਆਂ ਦੇ ਰੂਪ ਵਿੱਚ ਸਾਹਮਣੇ ਆਇਆ।

ਕੇਂਦਰੀ ਪੱਧਰ ਉੱਤੇ ਜਿਵੇਂ ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਆਸ਼ੂਤੋਸ਼, ਅਸ਼ੀਸ਼ ਖੇਤਾਨ, ਮਿਅੰਕ ਗਾਂਧੀ ਤੇ ਕਪਿਲ ਮਿਸ਼ਰਾ ਵਰਗੇ ਆਗੂਆਂ ਨੇ ਪਾਰਟੀ ਛੱਡੀ ਉੱਥੇ ਪੰਜਾਬ ਵਿੱਚ ਸੁੱਚਾ ਸਿੰਘ ਛੋਟੇਪੁਰ ਤੇ ਸੁਮੇਲ ਸਿੱਧੂ, ਗੁਰਪ੍ਰੀਤ ਘੁੱਗੀ ਤੇ ਜੱਸੀ ਜਸਰਾਜ ਵਰਗੇ ਆਗੂਆਂ ਨੇ ਵੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ।

ਗਾਂਧੀ ਨੇ ਆਪਣੀ ''ਨਵਾਂ ਪੰਜਾਬ ਪਾਰਟੀ'' ਬਣਾ ਲਈ ਅਤੇ ਹਰਿੰਦਰ ਖਾਲਸਾ ਸੰਸਦ ਮੈਂਬਰ ਵਜੋਂ ਆਪਣਾ ਕਾਰਜਕਾਲ ਖ਼ਤਮ ਕਰਨ ਮਗਰੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।

ਜਿੱਤੇ 20 ਵਿਧਾਇਕਾਂ ਵਿੱਚੋਂ 8 ਬਾਗੀ

2017 ਦੀਆਂ ਵਿਧਾਨ ਸਭਾ ਚੋਣਾਂ ਜਿੱਤੇ ਵਿਧਾਇਕਾਂ ਦਾ ਵੀ ਇਹੀ ਹਾਲ ਰਿਹਾ। ਪਾਰਟੀ ਕੋਲ ਸਦਨ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਹੈ, ਜੋ ਸਭ ਤੋਂ ਪਹਿਲਾ ਹਰਵਿੰਦਰ ਸਿੰਘ ਫੂਲਕਾ ਨੂੰ ਦਿੱਤਾ ਗਿਆ।

ਫੂਲਕਾ 1984 ਕਤਲੇਆਮ ਦੇ ਪੀੜ੍ਹਤਾਂ ਦੇ ਵਕੀਲ ਹਨ। ਉਨ੍ਹਾਂ ਕੋਲ ਕੈਬਨਿਟ ਮੰਤਰੀ ਦਾ ਅਹੁਦਾ ਸੀ।

ਬਾਰ ਕੌਂਸਲ ਦੇ ਇਤਰਾਜ਼ ਤੋਂ ਬਾਅਦ ਉਨ੍ਹਾਂ ਪਹਿਲਾਂ ਇਹ ਅਹੁਦਾ ਛੱਡਿਆ ਅਤੇ ਬਾਅਦ ਵਿੱਚ ਪਾਰਟੀ ਦੇ ਸਾਰੇ ਅਹੁਦੇ ਛੱਡ ਦਿੱਤੇ। ਫ਼ੂਲਕਾ ਦਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੇ ਅਜੇ ਤੱਕ ਸਵੀਕਾਰ ਨਹੀਂ ਕੀਤਾ ਹੈ।

ਫ਼ੂਲਕਾ ਤੋਂ ਬਾਅਦ ਵਿਧਾਨ ਸਭਾ ਦੀ ਵਿਰੋਧੀ ਧਿਰ ਦੇ ਆਗੂ ਬਣੇ, ਸੁਖਪਾਲ ਖਹਿਰਾ। ਆਮ ਆਦਮੀ ਪਾਰਟੀ ਦੀ ਖਹਿਰਾ ਨਾਲ ਕੁਝ ਦੇਰ ਬਾਅਦ ਗੜਬੜ ਸ਼ੁਰੂ ਹੋ ਗਈ।

ਜਦੋਂ ਖਹਿਰਾ ਨੂੰ ਇਸ ਅਹੁਦੇ ਤੋਂ ਹਟਾਇਆ ਗਿਆ ਤੇ ਹਰਪਾਲ ਚੀਮਾ ਨੂੰ ਲਗਾਇਆ ਗਿਆ ਤਾਂ ਖਹਿਰਾ ਨੇ ਸੱਤ ਵਿਧਾਇਕਾਂ ਨਾਲ ਮਿਲ ਕੇ ਬਗਾਵਤ ਕਰ ਦਿੱਤੀ।

ਖਹਿਰਾ ਨੇ ਨਵੀਂ ਪਾਰਟੀ ''ਪੰਜਾਬ ਏਕਤਾ ਪਾਰਟੀ'' ਬਣਾ ਲਈ ਹੈ। ਕੰਵਰ ਸੰਧੂ ਤੇ ਵਿਧਾਇਕ ਜਗਤਾਰ ਸਿੰਘ ਜੱਗਾ ਉਨ੍ਹਾਂ ਨਾਲ ਨਵੀਂ ਪਾਰਟੀ ਵਿੱਚ ਨਹੀਂ ਗਏ ਅਤੇ ਉਹ ਕਾਰਜਕਾਲ ਦੇ ਅੰਤ ਤੱਕ ਆਮ ਆਦਮੀ ਪਾਰਟੀ ਦੇ ਮੁਅੱਤਲ ਵਿਧਾਇਕ ਹੀ ਰਹੇ।

ਉਨ੍ਹਾਂ ਨਾਲ ਬਗਾਵਤ ਕਰਕੇ ਗਏ ਸਿਰਫ਼ ਦੋ ਵਿਧਾਇਕ ਮਾਸਟਰ ਬਲਦੇਵ ਸਿੰਘ ਤੇ ਜਗਤਾਰ ਸਿੰਘ ਜੱਗਾ ਮੁੜ ਕੇ ਪਾਰਟੀ ਵਿੱਚ ਆ ਗਏ।

ਤੀਜੇ ਖਹਿਰਾ ਸਮਰਥਕ ਨਾਜ਼ਰ ਸਿੰਘ ਮਾਨਸ਼ਾਹੀਆਂ ਕਾਂਗਰਸ ਪਾਰਟੀ ਵਿੱਚ ਚਲੇ ਗਏ ਸਨ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਜ਼ਮਾਨਤਾਂ ਜ਼ਬਤ ਹੋਣ ਅਤੇ ਕੋਈ ਪ੍ਰਭਾਵਸ਼ਾਲੀ ਲੀਡਰਸ਼ਿਪ ਦੇਣ ਵਿੱਚ ਨਾਕਾਮ ਰਹੇ ਸੁਖਪਾਲ ਖਹਿਰਾ ਆਪਣੇ ਸਾਥੀ ਜਗਦੇਵ ਸਿੰਘ ਕਮਾਲੂ ਅਤੇ ਪਿਰਮਲ ਸਿੰਘ ਖਾਲਸਾ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਗਏ।

ਖਹਿਰਾ ਦਸੰਬਰ 2015 ਵਿੱਚ, 2017 ਦੀਆਂ ਚੋਣਾਂ ਤੋਂ ਕਰੀਬ ਸਾਲ ਪਹਿਲਾਂ, ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਅਤੇ 3 ਜੂਨ 2021 ਨੂੰ, 2022 ਦੀਆਂ ਚੋਣਾਂ ਤੋਂ ਕਰੀਬ ਸਾਲ ਪਹਿਲਾ ਕਾਂਗਰਸ ਵਿੱਚ ਮੁੜ ਗਏ।

ਕੇਜਰੀਵਾਲ ਖ਼ੇਮੇ ਦੇ ਇੱਕ ਹੋਰ ਵਿਧਾਇਕ ਅਮਰਜੀਤ ਸਿੰਘ ਸੰਦੋਆ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ, ਪਰ ਉਹ ਵਾਪਸ ਆ ਗਏ ਹਨ।

ਜੈ ਸਿੰਘ ਰੌੜੀ ਨੇ ਵੀ ਕੁਝ ਸਮਾਂ ਬਗਾਵਤੀ ਸੁਰ ਅਲਾਪੇ ਸੀ, ਪਰ ਉਹ ਪਾਰਟੀ ਤੋਂ ਬਾਹਰ ਨਹੀਂ ਗਏ।

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ''ਆਪ'' ਦੀ ਟਿਕਟ ਉੱਤੇ ਜਿੱਤੇ 20 ਵਿਧਾਇਕਾਂ ਵਿੱਚੋਂ ਹੁਣ ਪਾਰਟੀ ਨਾਲ ਸਿਰਫ਼ 14 ਬਚੇ ਹਨ।

5 ਸੂਬਾ ਪ੍ਰਧਾਨ 3 ਵਿਰੋਧੀ ਧਿਰ ਆਗੂ

2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਮਿਲੇ ਹੁੰਗਾਰੇ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਬਾਗੀ ਜਾਂ ਆਪਣੀਆਂ ਪਾਰਟੀਆਂ ਵਿੱਚ ਇੱਛਾਵਾਂ ਪੂਰੀਆਂ ਨਾ ਕਰ ਪਾਉਣ ਵਾਲੇ ਵੱਡੀ ਗਿਣਤੀ ''ਚ ਆਗੂ ਵੀ ਪਾਰਟੀ ਵਿੱਚ ਆਏ।

2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਪਹੁੰਚਦੇ-ਪਹੁੰਚਦੇ ਕਾਫੀ ਹਲਚਲ ਵੀ ਮਚੀ। ਚੋਣਾਂ ਤੋਂ ਪਹਿਲਾਂ ਪਾਰਟੀ ਦੀ ਕਮਾਂਡ ਸੁੱਚਾ ਸਿੰਘ ਛੋਟੇਪੁਰ ਨੂੰ ਦਿੱਤੀ ਗਈ।

2017 ਦੀਆਂ ਵਿਧਾਨ ਸਭਾ ਚੋਣਾਂ ਦੇ ਆਖ਼ਰੀ ਮੌਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਛੋਟੇਪੁਰ ਨੂੰ ਮੁਅੱਤਲ ਕਰਕੇ ਕਾਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ।

ਗੁਰਪ੍ਰੀਤ ਸਿੰਘ ਘੁੱਗੀ ਦੇ ਪਾਰਟੀ ਛੱਡਣ ਤੋਂ ਬਾਅਦ ਕਮਾਂਡ ਭਗਵੰਤ ਮਾਨ ਦੇ ਹੱਥ ਆ ਗਈ। ਜਿਨ੍ਹਾਂ ਬਿਕਰਮ ਮਜੀਠੀਆ ਤੋਂ ਮਾਣਹਾਨੀ ਮਾਮਲੇ ਵਿੱਚ ਕੇਜਰੀਵਾਲ ਵਲੋਂ ਮਾਫ਼ੀ ਮੰਗਣ ਕਾਰਨ ਪ੍ਰਧਾਨਗੀ ਛੱਡੀ।

ਪਰ 2019 ਦੀਆਂ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਮੁੜ ਕਮਾਂਡਿੰਗ ਐਕਸ਼ਨ ਵਿੱਚ ਆ ਗਏ। ਇਨ੍ਹਾਂ ਚੋਣਾਂ ਵਿੱਚ ਉਹ ਇਕੱਲੇ ਹੀ ਜਿੱਤ ਸਕੇ ਅਤੇ ਇਸ ਸਮੇਂ ਸੰਸਦ ਵਿੱਚ ਪਾਰਟੀ ਦੇ ਇਕਲੌਤੇ ਲੋਕ ਸਭਾ ਮੈਂਬਰ ਹਨ।

ਪੰਜਾਬ ਵਿੱਚ ਪਾਰਟੀ ਦੇ ਦੂਜੇ ਅਹਿਮ ਅਹੁਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਪ੍ਰਧਾਨਗੀ ਵਾਲਾ ਹੀ ਹਾਲ ਹੈ।

ਫਰਵਰੀ 2017 ਦੀਆਂ ਚੋਣਾਂ ਵਿੱਚ ਪਾਰਟੀ ਨੂੰ 20 ਸੀਟਾਂ ਮਿਲੀਆਂ ਅਤੇ ਵਿਰੋਧੀ ਧਿਰ ਦੇ ਆਗੂ ਬਣਾਏ ਗਏ ਐਚਐੱਸ ਫੂਲਕਾ। ਦਿੱਲੀ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੇ ਵਕੀਲ ਹੋਣ ਕਾਰਨ ਕੈਬਨਿਟ ਮੰਤਰੀ ਰੈਂਕ ਦਾ ਅਹੁਦਾ ਰੱਖਣ ਕਾਰਨ ਬਾਰ ਕੌਂਸਲ ਨੇ ਇਤਰਾਜ਼ ਕੀਤਾ ਤਾਂ ਫ਼ੂਲਕਾ ਨੇ ਅਹੁਦਾ ਛੱਡ ਦਿੱਤਾ।

ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਆਗੂ ਬਣ ਗਏ। ਪਰ ਖਹਿਰਾ ਤੇ ਪਾਰਟੀ ਦੇ ਮਤਭੇਦ ਹੋਣ ਕਾਰਨ ਪਾਰਟੀ ਨੇ ਖਹਿਰਾ ਦੀ ਛੁੱਟੀ ਕਰ ਕੇ ਇਹ ਅਹੁਦਾ ਹਰਪਾਲ ਸਿੰਘ ਚੀਮਾ ਨੂੰ ਦੇ ਦਿੱਤਾ।

ਭਾਵੇਂ ਪਾਰਟੀ ਨੇ ਦਲੀਲ ਦਿੱਤੀ ਕਿ ਦਲਿਤਾਂ ਨੂੰ ਨੁਮਾਇੰਦਗੀ ਦੇਣ ਲਈ ਦਲਿਤ ਚਿਹਰੇ ਨੂੰ ਅੱਗੇ ਲਿਆਂਦਾ ਗਿਆ।

ਭਗਵੰਤ ਮਾਨ ਇੱਕੋ-ਇੱਕ ਆਸ

ਆਮ ਆਦਮੀ ਪਾਰਟੀ ਵਿੱਚੋਂ ਵੱਡੇ ਪੱਧਰ ਉੱਤੇ ਬਗਾਵਤ ਹੋਣ ਦੇ ਬਾਵਜੂਦ ਪਾਰਟੀ ਨੇ 2019 ਲੋਕ ਸਭਾ ਚੋਣਾਂ ਦੌਰਾਨ ਸੂਬੇ ਦੀਆਂ ਸਾਰੀਆਂ 13 ਸੀਟਾਂ ਉੱਤੇ ਚੋਣ ਲੜੀ।

''ਆਪ'' ਦੇ ਬਾਗੀ ਖਹਿਰਾ ਤੇ ਗਾਂਧੀ ਨੇ 5 ਹਲਕਿਆਂ ਤੋਂ ਉਮੀਦਵਾਰ ਖੜ੍ਹੇ ਕੀਤੇ। ਇਨ੍ਹਾਂ ਦਾ ਬਹੁਜਨ ਸਮਾਜ ਪਾਰਟੀ, ਲੋਕ ਇਨਸਾਫ਼ ਪਾਰਟੀ, ਸੀਪੀਆਈ ਤੇ ਕੁਝ ਖੱਬੇਪੱਖੀ ਧੜ੍ਹਿਆਂ ਨਾਲ ਚੋਣ ਗਠਜੋੜ ਸੀ।

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬੈਨਰ ਹੇਠ ਸੱਤ ਸੀਟਾਂ ਉੱਤੇ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਨੇ ਚੋਣਾਂ ਲੜੀਆਂ।

ਸੁਖਪਾਲ ਖਹਿਰਾ ਆਪਣੀ ਹਰ ਸਟੇਜ ਤੋਂ ''ਆਪ'' ਨੂੰ ਨਕਲੀ ਇਨਕਲਾਬੀ ਕਹਿ ਕੇ ਭੰਡਦੇ ਰਹੇ ਅਤੇ ਕਹਿੰਦੇ ਸਨ ਕਿ ਇਸ ਪਾਰਟੀ ਦਾ ਹੁਣ ਆਧਾਰ ਖ਼ਤਮ ਹੋ ਗਿਆ ਹੈ।

ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਲੋਂ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਪਟਿਆਲਾ ਤੋਂ ਧਰਮਵੀਰ ਗਾਂਧੀ ਅਕਾਲੀ ਭਾਜਪਾ ਨੇ ਸਖ਼ਤ ਟੱਕਰ ਵੀ ਦਿੱਤੀ।

ਪਰ ਬਠਿੰਡਾ ਤੋਂ ਖਹਿਰਾ ਦੀ ਆਪਣੀ ਜ਼ਮਾਨਤ ਜ਼ਬਤ ਹੋਈ ਅਤੇ ਉਨ੍ਹਾਂ ਦਾ ਕੋਈ ਵੀ ਉਮੀਦਵਾਰ ਨਹੀਂ ਜਿੱਤਿਆ।

ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ 2014 ਵਾਂਗ 2019 ਵਿੱਚ ਜਿੱਤ ਹਾਸਲ ਕੀਤੀ ਅਤੇ ਤੀਜੀ ਧਿਰ ਦੇ ਆਗੂ ਹੋਣ ਦੀ ਮਾਨਤਾ ਹਾਸਲ ਕਰ ਲਈ।

ਇਸ ਸਮੇਂ ਵੀ ਉਹ ਆਪ ਦੇ ਪ੍ਰਧਾਨ ਹਨ ਤੇ ਪਾਰਟੀ ਨੇ ਉਨ੍ਹਾਂ ਨੂੰ ਅਜੇ 2022 ਦੀਆਂ ਚੋਣਾਂ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ।

ਉਨ੍ਹਾਂ ਉੱਤੇ ਸ਼ਰਾਬ ਪੀ ਕੇ ਜਨਤਕ ਇਕੱਠਾਂ ਅਤੇ ਸੰਸਦ ਵਿੱਚ ਜਾਣ ਦੇ ਇਲਜ਼ਾਮ ਲੱਗਦੇ ਰਹੇ ਹਨ।

ਉਨ੍ਹਾਂ ਇੱਕ ਸਿਆਸੀ ਮੰਚ ਤੋਂ ਆਪਣੀ ਮਾਂ ਦੇ ਸਾਹਮਣੇ ਸ਼ਰਾਬ ਛੱਡਣ ਦਾ ਐਲਾਨ ਵੀ ਕੀਤਾ, ਪਰ ਵਾਰ-ਵਾਰ ਉਨ੍ਹਾਂ ਦੇ ਹਾਵ-ਭਾਵ ਦੇ ਹਵਾਲੇ ਨਾਲ ਵਿਰੋਧੀ ਉਨ੍ਹਾਂ ਉੱਤੇ ਇਹੀ ਇਲਜ਼ਾਮ ਲਾਉਂਦੇ ਹਨ।

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=FtM7CtmdX78

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ac1c0ded-f784-4aa9-bdf7-5328d9db07d0'',''assetType'': ''STY'',''pageCounter'': ''punjabi.india.story.58478182.page'',''title'': ''ਪੰਜਾਬ ਚੋਣਾਂ: ਆਮ ਆਦਮੀ ਪਾਰਟੀ ਨੇ 7 ਸਾਲਾਂ ਵਿੱਚ ਬਦਲੇ 5 ਸੂਬਾ ਪ੍ਰਧਾਨ ਅਤੇ 3 ਵਿਰੋਧੀ ਧਿਰ ਆਗੂ'',''published'': ''2022-01-19T15:07:26Z'',''updated'': ''2022-01-19T15:07:26Z''});s_bbcws(''track'',''pageView'');