ਕਰਤਾਰਪੁਰ ’ਚ 74 ਸਾਲ ਬਾਅਦ ਮਿਲੇ ਭਰਾ 1947 ਦੀ ਵੰਡ ਵੇਲੇ ਇੰਝ ਵਿਛੜੇ ਤੇ ਇੰਝ ਗੁਜ਼ਾਰੀ ਜ਼ਿੰਦਗੀ

01/16/2022 6:40:25 PM

ਹਬੀਬ ਤੇ ਸਦੀਕ, ਜਦੋਂ ਪੂਰੇ 74 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਮਿਲੇ ਤਾਂ ਦੋਵੇਂ ਭਰਾ ਇੱਕ ਦੂਜੇ ਦੇ ਗਲ਼ ਲੱਗ ਕੇ ਆਪਣੇ ਅੱਥਰੂ ਰੋਕ ਨਾ ਸਕੇ ਤੇ ਫੁੱਟ-ਫੁੱਟ ਕੇ ਰੋਏ।

ਸਾਲ 1947 ''ਚ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਗਈ ਸੀ, ਇਸੇ ਦੌਰਾਨ ਹੋਰ ਕਿੰਨੇ ਹੀ ਲੋਕਾਂ ਵਾਂਗ ਇਹ ਦੋ ਭਰਾ ਵੀ ਵਿਛੜ ਗਏ ਸਨ।

ਉਨ੍ਹਾਂ ਦੇ ਇਨ੍ਹਾਂ ਭਾਵੁਕ ਪਲਾਂ ਦਾ ਇੱਕ ਵੀਡੀਓ ਵੀ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਪਾਕਿਸਤਾਨ ਦੇ ਇੱਕ ਵੀਡੀਓ ਬਲੌਗਰ ਨਾਸਿਰ ਢਿੱਲੋਂ ਦੇ ਫੇਸਬੁੱਕ ਪੇਜ ''ਤੇ ਸ਼ੇਅਰ ਕੀਤਾ ਗਿਆ ਹੈ।

ਬੀਬੀਸੀ ਪੰਜਾਬੀ ਨੇ ਨਾਸਿਰ ਨਾਲ ਵੱਟਸਐਪ ਕਾਲ ''ਤੇ ਗੱਲਬਾਤ ਕੀਤੀ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਵਿਛੜੇ ਭਰਾਵਾਂ ਦੇ ਮਿਲਣ ਦਾ ਸਬੱਬ ਕਿਵੇਂ ਬਣਿਆ ''ਤੇ ਕੀ ਹੈ ਇਨ੍ਹਾਂ ਦੀ ਕਹਾਣੀ।

ਦੋਵੇਂ ਭਰਾਵਾਂ ਦੇ ਮਿਲਣ ਦਾ ਕਿਵੇਂ ਬਣਿਆ ਸਬੱਬ

ਨਾਸਿਰ ਕਹਿੰਦੇ ਹਨ ਕਿ ਉਨ੍ਹਾਂ ਦਾ ''ਪੰਜਾਬੀ ਲਹਿਰ'' ਨਾਂਅ ਦਾ ਇੱਕ ਯੂਟਿਊਬ ਚੈਨਲ ਹੈ। ਆਪਣੇ ਇਸ ਚੈਨਲ ਰਾਹੀਂ ਉਹ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਇੱਧਰੋਂ-ਉੱਧਰ ਜਾਂ ਉੱਧਰੋਂ-ਇੱਧਰ ਆਏ ਲੋਕਾਂ ਦੀਆਂ ਕਹਾਣੀਆਂ ਸ਼ੇਅਰ ਕਰਦੇ ਹਨ।

ਇਸ ਬਾਰੇ ਨਾਸਿਰ ਦੱਸਦੇ ਹਨ, “ਫ਼ੈਸਲਾਬਾਦ (ਲਾਇਲਪੁਰ) ਦਾ ਇੱਕ ਮੁੰਡਾ ਮੇਰੇ ਚੈਨਲ ''ਤੇ ਵੀਡੀਓ ਦੇਖਦਾ ਸੀ ਅਤੇ ਉਸ ਨੇ ਸੰਪਰਕ ਕਰਕੇ ਕਿਹਾ ਕਿ ਉਨ੍ਹਾਂ ਦੇ ਪਿੰਡ ''ਚ ਇੱਕ ਸਦੀਕ ਨਾਂਅ ਦੇ ਬਜ਼ੁਰਗ ਹਨ, ਜਿਨ੍ਹਾਂ ਦਾ ਭਰਾ ''ਤੇ ਮਾਂ ਵੰਡ ਵੇਲੇ ਭਾਰਤ ''ਚ ਰਹਿ ਗਏ ਸਨ।”

ਇਹ ਵੀ ਪੜ੍ਹੋ:

  • ਉਸ ਪਾਕਿਸਤਾਨੀ ਦੀ ਕਹਾਣੀ ਜੋ ਕਥਿਤ ਪਿਆਰ ਲਈ ਸਰਹੱਦ ਟੱਪ ਕੇ ਭਾਰਤ ਪਹੁੰਚਿਆ
  • ਕਰਤਾਰਪੁਰ ਲਾਂਘੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਧਾਰਮਿਕ ਸੈਰ ਸਪਾਟੇ ਨੂੰ ਵਧਾਉਣ ਲਈ ਇਹ ਕੋਸ਼ਿਸ਼ਾਂ ਹੋ ਰਹੀਆਂ ਹਨ
  • ਪਾਕਿਸਤਾਨ ਤੋਂ VLOG: 1971 ਭਾਰਤ-ਪਾਕ ਯੁੱਧ ਬਾਰੇ ਪਾਕਿਸਤਾਨ ਵਿੱਚ ਕੀ ਨਹੀਂ ਪੜ੍ਹਾਇਆ ਜਾਂਦਾ ਤੇ ਪੰਜਾਬੀਆਂ ਨੇ ਕੀ ਕੀਤਾ

ਨਾਸਿਰ ਮੁਤਾਬਕ, “ਸਦੀਕ ਦੱਸਦੇ ਹਨ ਕਿ ਉਨ੍ਹਾਂ ਦਾ ਅਸਲ ਪਿੰਡ ਜਗਰਾਓਂ ਸੀ ਅਤੇ ਨਾਨਕਿਆਂ ਦਾ ਪਿੰਡ ਫੁੱਲਾਂਵਾਲ ਸੀ। ਇਹ ਦੋਵੇਂ ਵਰਤਮਾਨ ''ਚ ਭਾਰਤ ਦੇ ਪੰਜਾਬ ਸੂਬੇ ਦੇ ਲੁਧਿਆਣਾ ਜ਼ਿਲ੍ਹੇ ''ਚ ਆਉਂਦੇ ਹਨ।”

“ਉਸ ਵੇਲੇ ਉਨ੍ਹਾਂ ਦੀ ਮਾਂ ਆਪਣੇ ਕੁੱਛੜ ਵਾਲੇ ਪੁੱਤ ਨੂੰ ਨਾਲ ਲੈ ਕੇ ਪੇਕੇ ਘਰ, ਮਤਲਬ ਨਾਨਕਿਆਂ ਦੇ ਪਿੰਡ ਫੁੱਲਾਂਵਾਲ ਗਈ ਹੋਈ ਸੀ ਅਤੇ ਉਸੇ ਦੌਰਾਨ ਹੱਲਾ (ਵੰਡ) ਹੋ ਗਿਆ।”

20 ਮੀਲ ਦੂਰ ਮਾਂ ਨਾਲ ਨਾ ਹੋ ਸਕਿਆ ਰਾਬਤਾ

“ਸਦੀਕ ਦੇ ਨਾਨਕਿਆਂ ਦਾ ਪਿੰਡ ਜਗਰਾਓਂ ਤੋਂ 20 ਮੀਲ ਦੀ ਦੂਰੀ ''ਤੇ ਸੀ ਅਤੇ ਉਸ ਸਮੇਂ ਦੇ ਹਾਲਾਤਾਂ ਮੁਤਾਬਕ ਇੰਨੀ ਦੂਰੀ ਤੈਅ ਕਰਨਾ ਵੀ ਸੌਖਾ ਨਹੀਂ ਸੀ।”

“ਦੰਗੇ ਸ਼ੁਰੂ ਹੋ ਗਏ ਸਨ। ਸਦੀਕ ਦੇ ਮਾਤਾ ਜੀ ਅਤੇ ਛੋਟਾ ਭਰਾ ਭਾਰਤ ''ਚ ਹੀ ਰਹਿ ਗਏ ਅਤੇ ਸਦੀਕ, ਉਨ੍ਹਾਂ ਦੇ ਵਾਲਿਦ (ਪਿਤਾ) ਅਤੇ ਛੋਟੀ ਭੈਣ ਪਾਕਿਸਤਾਨ ਵੱਲ ਨੂੰ ਤੁਰ ਗਏ।”

ਦੋਵੇਂ ਭਰਾਵਾਂ ਦੇ ਸਿਰੋਂ ਉੱਠਿਆ ਮਾਪਿਆਂ ਦਾ ਸਾਇਆ

ਬੀਬੀਸੀ ਨੇ ਪਾਕਿਸਤਾਨ ਵਿੱਚ ਰਹਿੰਦੇ ਸਦੀਕ ਦੇ ਨਾਲ ਸੰਪਰਕ ਕੀਤਾ। ਇੰਨੀ ਵੱਡੀ ਉਮਰ ਵਿੱਚ ਉਨ੍ਹਾਂ ਨੂੰ ਕਾਫੀ ਗੱਲਾਂ ਆਪਣੇ ਭਰਾ ਬਾਰੇ ਚੇਤੇ ਸਨ। ਸਦੀਕ ਮੁਤਾਬਕ, ਜਿਸ ਵੇਲੇ ਉਹ “ਪਾਕਿਸਤਾਨ ਆ ਰਹੇ ਸਨ ਤਾਂ ਰਸਤੇ ਵਿੱਚ ਹੀ ਪਿਤਾ ਦਾ ਕਤਲ ਹੋ ਗਿਆ” ਸੀ।

ਸਦੀਕ ਨੇ ਦੱਸਿਆ, “ਸਾਡੀ ਛੋਟੀ ਭੈਣ ਜੋ ਸਾਡੇ ਨਾਲ ਸੀ, ਉਹ ਬਿਮਾਰ ਪੈ ਗਈ ਅਤੇ ਉਸ ਦੀ ਵੀ ਮੌਤ ਰਸਤੇ ਵਿੱਚ ਹੀ ਹੋ ਗਈ ਸੀ। ਉਸ ਸਮੇਂ ਮੇਰੀ ਉਮਰ ਮਹਿਜ਼ 10 ਸਾਲਾਂ ਦੀ ਸੀ।”

ਉਨ੍ਹਾਂ ਤਿੰਨ ਜਣਿਆਂ ਵਿੱਚੋਂ ਸਦੀਕ ਇਕੱਲੇ ਸਨ ਜੋ ਪਾਕਿਸਤਾਨ ਪਹੁੰਚ ਸਕੇ ਸਨ।

ਪਾਕਿਸਤਾਨ ਵਿੱਚ ਖੇਤ ਵਿੱਚ ਕੰਮ ਕਰਦੇ ਹੋਏ ਸਦੀਕ ਨੇ ਭਾਰਤ ਵਿੱਚ ਰਹਿੰਦੇ ਉਨ੍ਹਾਂ ਦੇ ਭਰਾ ਹਬੀਬੀ ਬਾਰੇ ਗੱਲ ਕਰਦਿਆਂ ਦੱਸਿਆ, “ਮੈਂ ਹਬੀਬ ਨੂੰ ਪੁੱਛਿਆ ਕਿ ਮਾਂ ਕਿਵੇਂ ਮਰੀ ਤਾਂ ਉਸ ਨੇ ਦੱਸਿਆ ਕਿ ਤੁਹਾਡੇ ਗ਼ਮ ਵਿੱਚ ਮਰ ਗਈ।”

ਬੱਚਿਆਂ ਦੇ ਵਿਛੋੜੇ ''ਚ ਪਾਗ਼ਲ ਹੋਈ ਮਾਂ

ਦੂਜੇ ਪਾਸੇ, ਹਿੰਦੁਸਤਾਨ ਵਾਲੇ ਪਾਸੇ ਆਪਣੇ ਪਤੀ ਤੇ ਦੋ ਬੱਚਿਆਂ ਦੇ ਵਿਛੋੜੇ ਦੇ ਗ਼ਮ ''ਚ ਉਨ੍ਹਾਂ ਦੀ ਮਾਂ ਆਪਣਾ ਮਾਨਸਿਕ ਸੰਤੁਲਨ ਗੁਆ ਬੈਠੀ ਸੀ।

ਵੰਡ ਤੋਂ 4 ਕੁ ਸਾਲ ਬਾਅਦ, ਉਨ੍ਹਾਂ ਦੀ ਮਾਂ ਨੇ ਫੁੱਲਾਂਵਾਲ ਦੇ ਨੇੜੇ ਇੱਕ ਨਹਿਰ ''ਚ ਕਥਿਤ ਤੌਰ ’ਤੇ ਛਾਲ ਮਾਰ ਦਿੱਤੀ ਅਤੇ ਇਸ ਘਟਨਾ ''ਚ ਉਨ੍ਹਾਂ ਦੀ ਮੌਤ ਹੋ ਗਈ।

ਸਦੀਕ ਦੇ ਛੋਟੇ ਭਰਾ ਹਬੀਬ ਉਸ ਵੇਲੇ ਸਾਢੇ ਪੰਜ ਕੁ ਸਾਲਾਂ ਦੇ ਸਨ।

ਮਾਂ ਦੀ ਮੌਤ ਤੋਂ ਬਾਅਦ ਵੱਡੇ ਭਰਾ ਸਦੀਕ ਵਾਂਗ ਹਬੀਬ ਵੀ ਭਾਰਤ ''ਚ ਇਕੱਲੇ ਰਹਿ ਗਏ। ਇਸ ਦੌਰਾਨ ਇੱਕ ਸਿੱਖ ਪਰਿਵਾਰ ਨੇ ਉਨ੍ਹਾਂ ਦੀ ਦੇਖਭਾਲ ਕੀਤੀ ਅਤੇ ਹਬੀਬ ਉਨ੍ਹਾਂ ਕੋਲ ਨਿੱਕੇ-ਮੋਟੇ ਕੰਮ ਕਰਨ ਲੱਗ ਪਏ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

''ਮੈਨੂੰ ਲੱਗਦਾ ਹੈ ਜਿਵੇਂ ਮੇਰਾ ਭਰਾ ਜਿੰਦਾ ਹੈ''

ਯੂਟਿਊਬਰ ਨਾਸਿਰ ਨੇ ਦੱਸਿਆ, “ਸਦੀਕ ਕਹਿੰਦੇ ਰਹਿੰਦੇ ਸਨ ਕਿ ਮੈਨੂੰ ਲੱਗਦਾ ਹੈ ਜਿਵੇਂ ਮੇਰਾ ਭਰਾ ਜਿਉਂਦਾ ਹੋਵੇ। ਕਿਸੇ ਤਰ੍ਹਾਂ ਕੋਈ ਰਾਬਤਾ ਕਰੋ ਯਾਰ ਕਿ ਉਹ ਲੱਭ ਜਾਵੇ।”

ਫਿਰ ਸਦੀਕ ਦੀ ਵੀਡੀਓ ਅਪਲੋਡ ਕਰਨ ਤੋਂ ਇੱਕ ਦਿਨ ਬਾਅਦ ਹੀ ਫੁੱਲਾਂਵਾਲ ਪਿੰਡ ਤੋਂ ਨਾਸਿਰ ਦੇ ਇੱਕ ਡਾਕਟਰ ਦੋਸਤ ਨੇ ਉਨ੍ਹਾਂ ਨੂੰ ਸੰਪਰਕ ਕੀਤਾ।

ਡਾਕਟਰ ਨੇ ਦੱਸਿਆ ਕਿ ''''ਜਿਸ ਬੱਚੇ ਬਾਰੇ ਤੁਸੀਂ ਦੱਸ ਰਹੇ ਹੋ ਨਾ, ਉਹ ਤਾਂ ਬੁੱਢਾ ਹੋ ਗਿਆ ਹੈ ਪਰ ਅਜੇ ਜ਼ਿੰਦਾ ਹੈ।''''

ਫਿਰ ਨਾਸਿਰ ਨੇ ਆਪ ਹਬੀਬ ਨਾਲ ਗੱਲ ਕੀਤੀ ਅਤੇ ਮਾਂ ਦਾ ਨਾਂਅ, ਪਿਓ ਦਾ ਨਾਂਅ, ਮਾਮਿਆਂ ਦੇ ਨਾਂਅ ਆਦਿ ਬਾਰੇ ਜਾਣਕਾਰੀ ਲਈ ਅਤੇ ਯਕੀਨੀ ਬਣਾਇਆ ਕਿ ਇਹ ਸਦੀਕ ਦੇ ਭਰਾ ਹੀ ਹਨ।

ਵੀਡੀਓ ਕਾਲ ਰਾਹੀਂ ਮਿਲੇ ਦੋਵੇਂ ਭਰਾ

ਨਾਸਿਰ ਮੁਤਾਬਕ,“ਇਹ ਸਾਲ 2019 ਦੀ ਗੱਲ ਹੈ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਦੋਵਾਂ ਭਰਾਵਾਂ ਨੂੰ ਇੱਕ ਵੀਡੀਓ ਕਾਲ ਰਾਹੀਂ ਮਿਲਵਾਇਆ।”

ਦੋਵੇਂ ਹੀ ਭਰਾ ਬਿਨਾਂ ਮਾਪਿਆਂ ਦੇ ਸਾਏ ਤੋਂ ਪਲੇ ਸਨ। ਨਾ ਤਾਂ ਸਦੀਕ ਕੋਲ ਪਾਸਪੋਰਟ ਸੀ ਅਤੇ ਨਾ ਹੀ ਹਬੀਬ ਕੋਲ ਆਧਾਰ ਕਾਰਡ ਸੀ। ਇਸ ਵੇਲੇ ਨਾਸਿਰ ਨੇ ਆਪ ਕੁਝ ਮਦਦ ਕਰਕੇ ਸਦੀਕ ਦਾ ਪਾਸਪੋਰਟ ਤਿਆਰ ਕਰਵਾਇਆ ਤਾਂ ਜੋ ਦੋਵੇਂ ਭਰਾਵਾਂ ਨੂੰ ਮਿਲਵਾਇਆ ਜਾ ਸਕੇ।

ਇਸ ਦੇ ਨਾਲ ਹੀ ਨਾਸਿਰ ਨੇ ਭਾਰਤ ''ਚ ਆਪਣੇ ਦੋਸਤਾਂ ਦੀ ਮਦਦ ਨਾਲ ਹਬੀਬ ਦਾ ਆਧਾਰ ਕਾਰਡ ਤੇ ਪਾਸਪੋਰਟ ਬਣਵਾਇਆ।

ਇਸ ਦੌਰਾਨ ਕੋਰੋਨਾ ਮਹਾਮਾਰੀ ਫੈਲ ਗਈ ਅਤੇ ਇੱਕ ਵਾਰ ਫਿਰ ਉਨ੍ਹਾਂ ਦੇ ਮਿਲਣ ਦੇ ਰਸਤੇ ਬੰਦ ਹੋ ਗਏ। ਪਰ ਦੋਵੇਂ ਭਰਾ ਆਪਸ ''ਚ ਫੋਨ ਰਾਹੀਂ ਇੱਕ ਦੂਜੇ ਨਾਲ ਸੰਪਰਕ ਕਰਦੇ ਰਹੇ।

ਕਰਤਾਰਪੁਰ ਸਾਹਿਬ ਲਾਂਘੇ ਨੇ ਖੋਲ੍ਹੀ ਮਿਲਣ ਦੀ ਰਾਹ

ਨਾਸਿਰ ਦੱਸਦੇ ਹਨ,“ਜਦੋਂ ਦੂਜੀ ਵਾਰ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਿਆ ਤਾਂ ਉਨ੍ਹਾਂ ਨੇ ਯੋਜਨਾ ਬਣਾਈ ਕਿ ਹੁਣ ਦੋਵੇਂ ਭਰਾਵਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਵੇ।”

ਇਸ ਦੇ ਲਈ ਉਨ੍ਹਾਂ ਨੇ ਹਬੀਬ ਦੇ ਪਿੰਡ ਰਹਿੰਦੇ ਆਪਣੇ ਡਾਕਟਰ ਦੋਸਤ ਨਾਲ ਗੱਲਬਾਤ ਕੀਤੀ। ਭਾਰਤ ਤੋਂ ਡਾਕਟਰ ਨੇ ਕਰਤਾਰਪੁਰ ਸਾਹਿਬ ਪਹੁੰਚਣ ਲਈ 10 ਜਨਵਰੀ ਦੀ ਬੁਕਿੰਗ ਕਰਵਾਈ ਅਤੇ ਉੱਧਰ ਨਾਸਿਰ ਵੀ ਸਦੀਕ ਨੂੰ ਲੈ ਕੇ ਕਰਤਾਰਪੁਰ ਸਾਹਿਬ ਪਹੁੰਚ ਗਏ।

ਸਦੀਕ ਦੇ ਪਰਿਵਾਰ ਦੇ ਹੋਰ 60-70 ਮੈਂਬਰ ਵੀ ਇਸ ਦੌਰਾਨ ਉਨ੍ਹਾਂ ਦੇ ਨਾਲ ਆਏ ਸਨ।

ਨਾਸਿਰ ਕਹਿੰਦੇ ਹਨ, ਕਿ ਦੋਵੇਂ ਭਰਾ ਜਦੋਂ ਇੱਕ-ਦੂਜੇ ਨੂੰ ਮਿਲੇ ਉਹ ਪਲ ਬੇਹੱਦ ਭਾਵੁਕ ਕਰ ਦੇਣ ਵਾਲਾ ਸੀ। ਉਨ੍ਹਾਂ ਮੁਤਾਬਕ, “ਉੱਥੇ ਮੌਜੂਦ ਦੋ-ਤਿੰਨ ਸੌ ਲੋਕ ਵੀ ਉਨ੍ਹਾਂ ਦੋਵੇਂ ਭਰਾਵਾਂ ਦੇ ਇਸ ਮੇਲ ਨੂੰ ਵੇਖ ਕੇ ਰੋ ਪਏ ਸਨ।”

ਮੁੜ ਵਿਛੋੜੇ ''ਤੇ ਫੁੱਟ-ਫੁੱਟ ਰੋਏ

ਮੁਲਾਕਾਤ ਵਾਲੇ ਦਿਨ ਦੋਵੇਂ ਭਰਾ ਦੋ ਕੁ ਵਜੇ ਮਿਲੇ ਅਤੇ ਉਨ੍ਹਾਂ ਕੋਲ ਚਾਰ ਕੁ ਵਜੇ ਤੱਕ ਦਾ ਸਮਾਂ ਸੀ। ਇਸ ਦੌਰਾਨ ਉਹ ਪੁਰਾਣੀਆਂ ਗੱਲਾਂ ਤਾਂ ਜ਼ਿਆਦਾ ਯਾਦ ਨਹੀਂ ਕਰ ਸਕੇ ਪਰ ਸਦੀਕ ਨੇ ਆਪਣੀ ਮਾਂ ਬਾਰੇ ਜ਼ਰੂਰ ਪੁੱਛਿਆ।

ਸਦੀਕ ਨੇ ਪੁੱਛਿਆ ਕਿ ਮਾਂ ਦੀ ਮੌਤ ਕਿਵੇਂ ਹੋਈ ਸੀ। ਇਸ ਬਾਰੇ ਹਬੀਬ ਨੇ ਦੱਸਿਆ ਕਿ ਉਹ ਤਾਂ ਛੋਟੇ ਸਨ, ਉਨ੍ਹਾਂ ਨੂੰ ਲੋਕਾਂ ਨੇ ਹੀ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਮਾਂ ਨੇ ਬੱਚਿਆਂ ਦੇ ਦੁੱਖ ''ਚ ਨਹਿਰ ''ਚ ਛਾਲ ਮਾਰ ਦਿੱਤੀ ਸੀ।

ਨਾਸਿਰ ਮੁਤਾਬਕ, ''''ਜਿਸ ਵੇਲੇ ਦੋਵੇਂ ਭਰਾ ਮੁੜ ਵਿਛੜਨ ਲੱਗੇ ਤਾਂ ਦੋਵੇਂ ਬਹੁਤ ਰੋਏ। ਉਹ ਦੁੱਖ ਉਨ੍ਹਾਂ ਦੇ ਚਿਹਰਿਆਂ ਤੋਂ ਸਾਫ ਨਜ਼ਰ ਆਉਂਦਾ ਸੀ।''''

ਨਾਸਿਰ ਕਹਿੰਦੇ ਹਨ ਕਿ ਹੁਣ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜੇ ਦੋਵੇਂ ਭਰਾਵਾਂ ਦੇ ਵੀਜ਼ੇ ਆਦਿ ਲੱਗਣ ਦਾ ਪ੍ਰਬੰਧ ਹੋ ਜਾਵੇ ਤਾਂ ਉਹ ਦੋਵੇਂ ਫਿਰ ਇੱਕ-ਦੂਜੇ ਨੂੰ ਮਿਲ ਸਕਣ।

ਜਦੋਂ ਦੋਵਾਂ ਭਰਵਾਂ ਨੇ ਗਲਵੱਕੜੀ ਪਾਈ ਤਾਂ ਦੋਵੇਂ ਭਾਵੁਕ ਹੋ ਗਏ ਅਤੇ ਹਬੀਬ ਨੇ ਆਪਣੇ ਵੱਡੇ ਭਰਾ ਸਦੀਕ ਨੂੰ ਕਿਹਾ ”ਹਾਲੇ ਵੀ ਤੂੰ ਮੰਨ ਮਿਲ ਪਏ।”

ਦੋਵਾਂ ਦੀ ਤਮੰਨਾ ਹੈ ਕਿ ਭਾਰਤ ਪਾਕਿਸਤਾਨ ਉਨ੍ਹਾਂ ਨੂੰ ਵੀਜ਼ਾ ਦੇਣ ਤਾਂ ਉਹ ਇੱਕ ਦੂਜੇ ਨੂੰ ਮਿਲਣ ਹਬੀਬ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਦਿਨ ਦਿਲ ਦੀਆਂ ਗੱਲਾਂ ਤਾਂ ਕੋਈ ਹੋਈਆਂ ਨਹੀਂ ਸਮਾਂ ਹੀ ਥੋੜ੍ਹਾ ਸੀ।

ਹਬੀਬ ਨੇ ਇੱਧਰ ਰਹਿੰਦਿਆਂ ਵਿਆਹ ਨਹੀਂ ਕਰਵਾਇਆ। ਉਨ੍ਹਾਂ ਨੇ ਦੱਸਿਆ, “ਮੈਂ ਵਿਆਹ ਨਹੀਂ ਕਰਵਾਉਣਾ ਪਰ ਜੇ ਉਹ ਇੱਧਰ ਹੁੰਦਾ ਤਾਂ ਮੈਂ ਵਿਆਹ ਵੀ ਕਰਵਾਉਂਦਾ।”

ਸਦੀਕ ਨੇ ਦੱਸਿਆ, “ਜਦੋਂ ਅਸੀਂ ਮਿਲੇ ਤਾਂ ਅਧਾਰ ਹੋਇਆ ਪਰ ਸਮਾਂ ਥੋੜ੍ਹਾ ਸੀ। ਜਦੋਂ ਫਿਰ ਜੁਦਾ ਹੋਇਆ ਤਾਂ ਫਿਰ ਪ੍ਰੇਸ਼ਾਨੀ ਹੋ ਗਈ ਕਿ ਫਿਰ ਜੁਦਾ ਹੋ ਗਿਆ।”

ਨਾਸਿਰ ਢਿੱਲੋ ਨੇ ਦੱਸਿਆ,“ ਜਦੋਂ ਦੋਵੇਂ ਭਰਾ ਵਿੱਛੜੇ ਤਾਂ ਜਦੋਂ ਤੱਕ ਅੱਖਾਂ ਤੋਂ ਬੱਸ ਤੱਕ ਨਹੀਂ ਪਹੁੰਚ ਗਿਆ ਗਿਆ ਤਦ ਤੱਕ ਬਾਬੇ ਸਦੀਕ ਦੀਆਂ ਅੱਖਾਂ ਉਹਨੂੰ ਵੇਹੰਦੀਆਂ ਰਹੀਆਂ ਕਿ ਮੇਰਾ ਭਰਾ ਜਾ ਰਿਹਾ ਹੈ।”

ਇਹ ਵੀ ਪੜ੍ਹੋ:

  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ
  • ਇੱਥੇ ਜੰਗਲਾਂ ''ਚ ਲੁਕਿਆ ਹੈ ''ਤਰਲ ਸੋਨੇ'' ਦਾ ਖਜ਼ਾਨਾ ਜੋ ਬਦਲ ਰਿਹਾ ਹੈ ਲੋਕਾਂ ਦੀ ਜ਼ਿੰਦਗੀ
  • ਹੋਮੁਰਜ਼ : ਇੰਦਰਧਨੁਸ਼ੀ ਟਾਪੂ ਦਾ ਕੀ ਹੈ ਰਹੱਸ, ਜਿਸ ਦੀ ਮਿੱਟੀ ਵੀ ਖਾਧੀ ਜਾ ਸਕਦੀ ਹੈ

ਇਹ ਵੀ ਦੇਖੋ:

https://www.youtube.com/watch?v=orK1abykme8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''eabb093a-8a96-45b5-90f1-69d123f518ee'',''assetType'': ''STY'',''pageCounter'': ''punjabi.india.story.59986064.page'',''title'': ''ਕਰਤਾਰਪੁਰ ’ਚ 74 ਸਾਲ ਬਾਅਦ ਮਿਲੇ ਭਰਾ 1947 ਦੀ ਵੰਡ ਵੇਲੇ ਇੰਝ ਵਿਛੜੇ ਤੇ ਇੰਝ ਗੁਜ਼ਾਰੀ ਜ਼ਿੰਦਗੀ'',''author'': ''ਅਲੀ ਕਾਜ਼ਮੀ, ਬੀਬੀਸੀ ਪੱਤਰਕਾਰ'',''published'': ''2022-01-16T12:56:27Z'',''updated'': ''2022-01-16T12:56:27Z''});s_bbcws(''track'',''pageView'');