ਜਦੋਂ ਭਾਰਤ ਦੇ ਮਿੱਗ ਜਹਾਜ਼ਾਂ ਨੇ 1971 ''''ਚ ਢਾਕਾ ਦੇ ਗਵਰਨਮੈਂਟ ਹਾਊਸ ''''ਤੇ ਕੀਤਾ ਹਮਲਾ, ਕਿਵੇਂ ਘੜੀ ਗਈ ਯੋਜਨਾ - ਵਿਵੇਚਨਾ

12/05/2021 8:09:41 PM

14 ਦਸੰਬਰ 1971 ਦੀ ਸਵੇਰ ਨੂੰ ਢਾਕਾ ਦੇ ਇੰਟਰਕੌਂਟੀਨੈਂਟਲ ਹੋਟਲ ਦੇ ਟੈਲੀਫੋਨ ਆਪਰੇਟਰ ਨੇ ਪੂਰਬੀ ਪਾਕਿਸਤਾਨ ਸਰਕਾਰ ਦੇ ਇੱਕ ਪ੍ਰਤੀਨਿਧੀ ਦੁਆਰਾ ਕੀਤੀ ਗਈ ਇੱਕ ਜ਼ਰੂਰੀ ਕਾਲ ਚੁੱਕੀ।

ਫ਼ੋਨ ਕਰਨ ਵਾਲੇ ਵਿਅਕਤੀ, ਹੋਟਲ ਵਿੱਚ ਰੁਕੇ ਹੋਏ ਸੰਯੁਕਤ ਰਾਸ਼ਟਰ ਸ਼ਰਨਾਰਥੀ ਹਾਈ ਕਮਿਸ਼ਨ ਦੇ ਪ੍ਰਤੀਨਿਧੀ ਜੌਨ ਕੈਲੀ ਨਾਲ ਗੱਲ ਕਰਨਾ ਚਾਹੁੰਦੇ ਸਨ। ਜਦੋਂ ਕੈਲੀ ਨੇ ਫ਼ੋਨ ਚੁੱਕਿਆ ਤਾਂ ਉਸ ਵਿਅਕਤੀ ਨੇ ਕਿਹਾ ਕਿ ਪੂਰਬੀ ਪਾਕਿਸਤਾਨ ਦੇ ਗਵਰਨਰ ਡਾਕਟਰ ਏ.ਐਮ ਮਲਿਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ।

ਮਲਿਕ ਨੇ ਕੈਲੀ ਅਤੇ ਉਨ੍ਹਾਂ ਦੇ ਸਾਥੀ ਪੀਟਰ ਵੇਲਰ ਨੂੰ ਗਵਰਨਰ ਹਾਊਸ ਆਉਣ ਦਾ ਸੱਦਾ ਦਿੱਤਾ ਤਾਂ ਜੋ ਉਹ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਾਥੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਸਲਾਹ ਦੇ ਸਕਣ।

ਮਲਿਕ ਨੇ ਕੈਲੀ ਨੂੰ ਕਿਹਾ ਕਿ ਉਹ ਆਪਣੇ ਨਾਲ ਰੈੱਡ ਕਰਾਸ ਦੇ ਪ੍ਰਤੀਨਿਧੀ ਸਵੈਨ ਲੈਂਪਲ ਨੂੰ ਵੀ ਲੈ ਕੇ ਆਉਣ। ਇਸ ਫੋਨ ਕਾਲ ਨੂੰ ਭਾਰਤੀ ਹਵਾਈ ਫੌਜ ਅਤੇ ਫੌਜ ਦੀ ਪੂਰਬੀ ਕਮਾਂਡ ਦੀ ਵਾਇਰਲੈਸ ਇੰਟਰਸੈਪਸ਼ਨ ਯੂਨਿਟ ਨੇ ਇੰਟਰਸੈਪਟ ਕੀਤਾ।

ਇਸ ਗੱਲਬਾਤ ਤੋਂ ਹੀ ਪਤਾ ਲੱਗਾ ਕਿ ਇਸ ਬੈਠਕ ਵਿੱਚ ਪੂਰਬੀ ਪਾਕਿਸਤਾਨ ਦੇ ਮਾਰਸ਼ਲ ਲਾਅ ਪ੍ਰਸ਼ਾਸਕ ਅਤੇ ਪੂਰਬੀ ਪਾਕਿਸਤਾਨ ਵਿੱਚ ਪਾਕਿਸਤਾਨ ਦੀ ਹਵਾਈ ਫੌਜ ਦੇ ਮੁਖੀ ਵੀ ਹਿੱਸਾ ਲੈਣਗੇ।

ਪੂਰਬੀ ਕਮਾਂਡ ਦੇ ਸਿਗਨਲ ਇੰਟੈਲੀਜੈਂਸ ਦੇ ਮੁਖੀ ਲੈਫਟੀਨੈਂਟ ਕਰਨਲ ਪੀਸੀ ਭੱਲਾ ਨੇ ਸਵੇਰੇ 9.30 ਵਜੇ ਇਸ ਗੱਲਬਾਤ ਦੀ ਟ੍ਰਾਂਸ-ਸਕ੍ਰਿਪਟ ਪੂਰਬੀ ਕਮਾਂਡ ਦੇ ਚੀਫ਼ ਆਫ਼ ਸਟਾਫ਼ ਮੇਜਰ ਜਨਰਲ ਜੇਐਫਆਰ ਜੈਕਬ ਕੋਲ ਲੈ ਗਏ। ਜਨਰਲ ਜੈਕਬ ਨੇ ਤੁਰੰਤ ਸ਼ਿਲਾਂਗ ਵਿੱਚ ਪੂਰਬੀ ਹਵਾਈ ਕਮਾਂਡ ਦੇ ਮੁਖੀ ਏਅਰ ਵਾਈਸ ਮਾਰਸ਼ਲ ਦੇਵੇਸ਼ਰ ਨੂੰ ਫੋਨ ਕੀਤਾ।

ਦੋਵਾਂ ਨੇ ਤੈਅ ਕੀਤਾ ਕਿ ਜੇਕਰ ਗਵਰਨਮੈਂਟ ਹਾਊਸ ਵਿੱਚ ਹੋਣ ਵਾਲੀ ਇਸ ਬੈਠਕ ''ਚ ਭਾਰਤੀ ਹਵਾਈ ਫੌਜ ਦੇ ਜਹਾਜ਼ ਦਖਲ ਦਿੰਦੇ ਹਨ ਤਾਂ ਪਾਕਿਸਤਾਨੀ ਫੌਜ ''ਤੇ ਹਥਿਆਰ ਸੁੱਟਣ ਲਈ ਮਨੋਵਿਗਿਆਨਕ ਦਬਾਅ ਪਏਗਾ।

BBC
ਜੇ ਐਫ਼ ਆਰ ਜੈਕਬ ਦੇ ਨਾਲ ਰੇਹਾਨ ਫ਼ਜ਼ਲ

ਬੈਠਕ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ ਹਮਲਾ ਕਰਨ ਦੇ ਹੁਕਮ

ਇਸ ਅਹਿਮ ਬੈਠਕ ਦਾ ਸਮਾਂ 14 ਦਸੰਬਰ ਨੂੰ ਦੁਪਹਿਰ 12 ਵਜੇ ਨਿਸ਼ਚਿਤ ਕੀਤਾ ਗਿਆ ਸੀ। ਹਵਾਈ ਫੌਜ ਦੀ ਪੂਰਬੀ ਕਮਾਂਡ ਨੂੰ ਇਸ ਬੈਠਕ ਦੇ ਸ਼ੁਰੂ ਹੋਣ ਤੋਂ ਸਿਰਫ ਇੱਕ ਘੰਟਾ ਪਹਿਲਾਂ ਹਦਾਇਤਾਂ ਮਿਲੀਆਂ ਸਨ ਕਿ ਉਨ੍ਹਾਂ ਨੇ ਢਾਕਾ ਵਿੱਚ ਗਵਰਨਮੈਂਟ ਹਾਊਸ ਉੱਤੇ ਹਮਲਾ ਕਰਨਾ ਹੈ।

ਜਾਣਕਾਰੀ ਪਹੁੰਚਣ ਵਿੱਚ ਕੁਝ ਗੜਬੜੀ ਹੋਈ।

ਗੁਹਾਟੀ ਵਿੱਚ ਗਰੁੱਪ ਕੈਪਟਨ ਮੈਲਕਮ ਵੋਲਨ ਨੂੰ ਦੱਸਿਆ ਗਿਆ ਕਿ ਬੈਠਕ ਸਰਕਟ ਹਾਊਸ ਵਿੱਚ ਹੋਵੇਗੀ। ਵੋਲੇਨ ਭੱਜ ਕੇ ਓਪਰੇਸ਼ਨ ਰੂਮ ਪਹੁੰਚੇ ਜਿੱਥੇ ਵਿੰਗ ਕਮਾਂਡਰ ਭੂਪ ਬਿਸ਼ਨੋਈ ਕੁਝ ਸਾਥੀ ਪਾਇਲਟਾਂ ਨਾਲ ਚਾਹ ਪੀ ਰਹੇ ਸਨ।

ਵੋਲੇਨ ਨੇ ਬਿਸ਼ਨੋਈ ਨੂੰ ਛੇਤੀ-ਛੇਤੀ ਬ੍ਰੀਫ ਕੀਤਾ ਅਤੇ ਕਿਹਾ ਕਿ ਉਹ ਸਵੇਰੇ 11 ਵੱਜ ਕੇ 50 ਮਿੰਟ ''ਤੇ ਢਾਕਾ ਦੇ ਉੱਪਰ ਹੋਣੇ ਚਾਹੀਦੇ ਹਨ। ਉਸ ਸਮੇਂ ਪਾਕਿਸਤਾਨੀ ਸਮੇਂ ਮੁਤਾਬਕ ਸਵੇਰ ਦੇ 11 ਵੱਜ ਕੇ 25 ਮਿੰਟ ਹੋਏ ਸਨ। ਨਕਸ਼ੇ ਦੇ ਨਾਂ ''ਤੇ ਉਨ੍ਹਾਂ ਨੂੰ ਬਰਮਾ ਸ਼ੈੱਲ ਕੰਪਨੀ ਦਾ ਟੂਰਿਸਟ ਨਕਸ਼ਾ ਦਿੱਤਾ ਗਿਆ ਸੀ, ਜੋ ਉਨ੍ਹਾਂ ਨੇ ਆਪਣੀ ਸਾਈਡ ਜੇਬ ''ਚ ਪਾ ਲਿਆ।

ਆਖਰੀ ਸਮੇਂ ''ਤੇ ਨਿਸ਼ਾਨਾ ਬਦਲਿਆ ਗਿਆ

ਬੀਬੀਸੀ ਨਾਲ ਗੱਲ ਕਰਦੇ ਹੋਏ ਵਿੰਗ ਕਮਾਂਡਰ ਭੂਪ ਬਿਸ਼ਨੋਈ ਨੇ ਯਾਦ ਕੀਤਾ, "ਉਸ ਸਮੇਂ ਸਾਡੇ ਕੋਲ ਹਮਲਾ ਕਰਨ ਲਈ ਸਿਰਫ਼ 24 ਮਿੰਟ ਸਨ। ਉਸ ਵਿੱਚੋਂ ਗੁਹਾਟੀ ਤੋਂ ਢਾਕਾ ਪਹੁੰਚਣ ਦਾ ਸਮਾਂ ਹੀ 21 ਮਿੰਟ ਦਾ ਸੀ।''''

''''ਇਸ ਤਰ੍ਹਾਂ ਕੁੱਲ ਮਿਲਾ ਕੇ ਸਾਡੇ ਕੋਲ ਸਿਰਫ਼ ਤਿੰਨ ਮਿੰਟ ਬਚਦੇ ਸਨ। ਮੈਂ ਆਪਣੇ ਮਿਗ 21 ਦਾ ਇੰਜਣ ਚਾਲੂ ਕਰਕੇ ਉਸਦਾ ਹੁੱਡ ਬੰਦ ਕਰ ਹੀ ਰਿਹਾ ਸੀ ਕਿ ਮੈਂ ਵੇਖਿਆ ਕਿ ਇੱਕ ਆਦਮੀ ਕਾਗਜ਼ ਹਿਲਾਉਂਦਾ ਹੋਇਆ ਮੇਰੇ ਵੱਲ ਭੱਜ ਕੇ ਆ ਰਿਹਾ ਹੈ।

''''ਮੈਂ ਦੇਖਿਆ ਕਿ ਕਾਗਜ਼ ''ਤੇ ਲਿਖਿਆ ਸੀ ''ਨੌਟ ਸਰਕਟ ਹਾਊਸ - ਗਰਵਨਮੈਂਟ ਹਾਊਸ।'' ਮੈਂ ਸੰਦੇਸ਼ ਤਾਂ ਪੜ੍ਹ ਲਿਆ ਸੀ ਪਰ ਮੇਰੇ ਲਈ ਇਹ ਬਹੁਤ ਔਖਾ ਸੀ ਕਿ ਇਸ ਬਾਰੇ ਆਪਣੇ ਸਾਥੀ ਪਾਇਲਟਾਂ ਨੂੰ ਦੱਸ ਸਕਾਂ, ਕਿਉਂਕਿ ਜੇ ਮੈਂ ਇਹ ਰੇਡੀਓ ''ਤੇ ਅਜਿਹਾ ਕਰਦਾ ਤਾਂ ਪੂਰੀ ਦੁਨੀਆ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕੀ ਕਰਨ ਜਾ ਰਹੇ ਹਾਂ। ਮੈਂ ਸੋਚਿਆ ਕਿ ਮੈਂ ਢਾਕਾ ਦੀ ਉਡਾਣ ਦੌਰਾਨ ਨਕਸ਼ਾ ਪੜ੍ਹ ਲਵਾਂਗਾ ਅਤੇ ਉੱਥੇ ਪਹੁੰਚ ਕੇ ਹੀ ਗਵਰਨਰ ਹਾਊਸ ਲੱਭਾਂਗਾ।"

ਹਸੀਮਾਰਾ ਵਿੱਚ ਵਿੰਗ ਕਮਾਂਡਰ ਐਸਕੇ ਕੌਲ ਨੂੰ ਵੀ ਇਸੇ ਮਿਸ਼ਨ ''ਤੇ ਲਗਾਇਆ ਹੋਇਆ ਸੀ।

ਇਸੇ ਦੌਰਾਨ, ਗੁਵਾਹਾਟੀ ਤੋਂ 150 ਕਿਲੋਮੀਟਰ ਪੱਛਮ ਵਿੱਚ ਹਸੀਮਾਰਾ ''ਚ ਵਿੰਗ ਕਮਾਂਡਰ ਆਰਵੀ ਸਿੰਘ ਨੇ 37 ਸਕੁਐਡਰਨ ਦੇ ਸੀਓ ਵਿੰਗ ਕਮਾਂਡਰ ਐਸਕੇ ਕੌਲ ਨੂੰ ਬੁਲਾ ਕੇ ਬ੍ਰੀਫ ਕੀਤਾ ਕਿ ਉਨ੍ਹਾਂ ਨੇ ਵੀ ਢਾਕਾ ਦੇ ਸਰਕਾਰੀ ਨਿਵਾਸ ਨੂੰ ਤਬਾਹ ਕਰਨਾ ਹੈ।

1971 ਦੀ ਭਾਰਤ-ਪਾਕ ਜੰਗ ਬਾਰੇ ਹੋਰ ਫੀਚਰ-

  • 1971 ਦੀ ਜੰਗ : ਭਾਰਤੀ ਫੌਜ ਦੇ ਹਮਲੇ ਤੋਂ ਪਹਿਲਾਂ ਫੀਲਡ ਮਾਰਸ਼ਲ ਮਾਨੇਕ ਸ਼ਾਹ ਨੇ ਇੰਦਰਾ ਗਾਂਧੀ ਨੂੰ ਕੀ ਕਿਹਾ ਸੀ
  • ਜਦੋਂ ਪਾਕਿਸਤਾਨੀ ਜੇਲ੍ਹ ''ਚੋਂ ਭੱਜੇ ਭਾਰਤੀ ਪਾਇਲਟ
  • ''ਜੇ ਪੋਸਟ ਤੋਂ ਪੈਰ ਚੁੱਕਾਂ 120 ਜਵਾਨ ਮੈਨੂੰ ਗੋਲੀ ਮਾਰ ਦਿਓ''
  • ਭਾਰਤ-ਪਾਕ ਵਿਚਾਲੇ ਹੋਈ ''ਬੈਟਲ ਆਫ ਡੇਰਾ ਬਾਬਾ ਨਾਨਕ'' ਦੀ ਕਹਾਣੀ

ਕੌਲ ਦਾ ਪਹਿਲਾ ਸਵਾਲ ਸੀ ਕਿ ''ਸਰਕਾਰੀ ਨਿਵਾਸ ਹੈ ਕਿੱਥੇ?'' ਜਵਾਬ ਵਿੱਚ ਉਨ੍ਹਾਂ ਨੂੰ ਵੀ ਬਰਮਾ ਸ਼ੈੱਲ ਪੈਟਰੋਲੀਅਮ ਕੰਪਨੀ ਵੱਲੋਂ ਜਾਰੀ ਕੀਤਾ ਗਿਆ ਦੋ ਇੰਚ ਦਾ ਟੂਰਿਸਟ ਮੈਪ ਦੇ ਦਿੱਤਾ ਗਿਆ।

ਇਸ ਦੌਰਾਨ ਬਿਸ਼ਨੋਈ ਨੂੰ ਗੁਹਾਟੀ ਤੋਂ ਉਡਾਣ ਭਰੇ ਵੀਹ ਮਿੰਟ ਹੋ ਚੁੱਕੇ ਸਨ। ਉਨ੍ਹਾਂ ਨੇ ਅੰਦਾਜ਼ਾ ਲਗਾਇਆ ਕਿ ਉਹ ਤਿੰਨ ਮਿੰਟਾਂ ਵਿੱਚ ਆਪਣੇ ਟੀਚੇ ''ਤੇ ਪਹੁੰਚ ਜਾਣਗੇ। ਉਨ੍ਹਾਂ ਨੇ ਆਪਣੀ ਜੇਬ ਵਿੱਚੋਂ ਉਹ ਨਕਸ਼ਾ ਕੱਢਿਆ ਅਤੇ ਇਸ ਨੂੰ ਦੇਖਣ ਤੋਂ ਬਾਅਦ ਆਪਣੇ ਸਾਥੀ ਪਾਇਲਟਾਂ ਨੂੰ ਰੇਡੀਓ ਉੱਤੇ ਸੁਨੇਹਾ ਭੇਜਿਆ ਕਿ ਉਹ ਢਾਕਾ ਹਵਾਈ ਅੱਡੇ ਦੇ ਦੱਖਣ ਵੱਲ ਨਿਸ਼ਾਨਾ ਲੱਭਣ ਦੀ ਕੋਸ਼ਿਸ਼ ਕਰਨ।

ਹੁਣ ਇਹ ਨਿਸ਼ਾਨਾ ਸਰਕਟ ਹਾਊਸ ਨਹੀਂ ਸਗੋਂ ਸਰਕਾਰੀ ਨਿਵਾਸ ਹੈ। ਉਨ੍ਹਾਂ ਦੇ ਨੰਬਰ ਤਿੰਨ ਪਾਇਲਟ ਵਿਨੋਦ ਭਾਟੀਆ ਨੇ ਸਭ ਤੋਂ ਪਹਿਲਾਂ ਗਵਰਨਮੈਂਟ ਹਾਊਸ ਲੱਭਿਆ। ਇਸ ਦੇ ਚਾਰੇ ਪਾਸੇ ਹਰੇ ਘਾਹ ਦਾ ਇੱਕ ਕੰਪਾਊਂਡ ਸੀ, ਜਿਵੇਂ ਕਿ ਇਹ ਭਾਰਤ ਦੇ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਸਥਿਤ ਰਾਜ ਭਵਨਾਂ ਵਿੱਚ ਹੁੰਦਾ ਹੈ।

ਬਿਸ਼ਨੋਈ ਯਾਦ ਕਰਦੇ ਹਨ, "ਮੈਂ ਇਹ ਯਕੀਨੀ ਬਣਾਉਣ ਲਈ ਆਪਣੇ ਮਿਗ ਨੂੰ ਬਹੁਤ ਹੇਠਾਂ ਲਿਆਇਆ ਕਿ ਸਾਡਾ ਨਿਸ਼ਾਨਾ ਸਹੀ ਹੈ ਜਾਂ ਨਹੀਂ। ਮੈਂ ਵੇਖਿਆ ਕਿ ਉੱਥੇ ਬਹੁਤ ਸਾਰੀਆਂ ਕਾਰਾਂ ਆ-ਜਾ ਰਹੀਆਂ ਹਨ, ਬਹੁਤ ਸਾਰੇ ਸੈਨਿਕ ਵਾਹਨ ਖੜ੍ਹੇ ਹਨ ਅਤੇ ਗੁੰਬਦ ''ਤੇ ਪਾਕਿਸਤਾਨ ਦਾ ਝੰਡਾ ਝੁੱਲ ਰਿਹਾ ਹੈ। ਮੈਂ ਆਪਣੇ ਸਾਥੀਆਂ ਨੂੰ ਦੱਸਿਆ ਕਿ ਅਸੀਂ ਹਮਲਾ ਇੱਥੇ ਹੀ ਕਰਨਾ ਹੈ।"

BBC
ਭੂਪ ਬਿਸ਼ਨੋਈ ਰੇਹਾਨ ਫ਼ਜ਼ਲ ਦੇ ਨਾਲ

ਰਾਜਪਾਲ ਮਲਿਕ ਵੱਲੋਂ ਆਪਣੇ ਪਰਿਵਾਰ ਨੂੰ ਹੋਟਲ ਭੇਜਣ ਦੀ ਕੋਸ਼ਿਸ਼

ਉਸ ਸਮੇਂ ਗਵਰਨਮੈਂਟ ਹਾਊਸ ਵਿੱਚ ਰਾਜਪਾਲ ਡਾਕਟਰ ਏ ਐਮ ਮਲਿਕ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨਾਲ ਸਲਾਹ ਕਰ ਰਹੇ ਸਨ। ਉਸੇ ਸਮੇਂ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਜੌਨ ਕੈਲੀ ਉੱਥੇ ਪਹੁੰਚੇ। ਮਲਿਕ ਨੇ ਮੰਤਰੀ ਮੰਡਲ ਦੀ ਬੈਠਕ ਅੱਧ ਵਿਚਾਲੇ ਛੱਡ ਕੇ ਕੈਲੀ ਦਾ ਸਵਾਗਤ ਕੀਤਾ। ਮਲਿਕ ਨੇ ਕੈਲੀ ਨੂੰ ਪੁੱਛਿਆ ਕਿ ਮੌਜੂਦਾ ਸਥਿਤੀਆਂ ਬਾਰੇ ਉਸ ਦਾ ਕੀ ਮੁਲਾਂਕਣ ਹੈ।

ਕੈਲੀ ਦਾ ਜਵਾਬ ਸੀ ''ਤੁਹਾਨੂੰ ਅਤੇ ਤੁਹਾਡੇ ਮੰਤਰੀ ਮੰਡਲ ਦੇ ਲੋਕਾਂ ਨੂੰ ਮੁਕਤੀਵਾਹਿਨੀ ਆਪਣਾ ਨਿਸ਼ਾਨਾ ਬਣਾ ਸਕਦੀ ਹੈ।''

ਕੈਲੀ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਤੈਅ ਕੀਤੇ ਗਏ ਨਿਰਪੱਖ ਖੇਤਰ (ਨਿਊਟਰਲ ਜ਼ੋਨ) ਇੰਟਰਕੌਂਟੀਨੈਂਟਲ ਹੋਟਲ ਵਿੱਚ ਸ਼ਰਨ ਲੈ ਸਕਦੇ ਹੋ ਪਰ ਅਜਿਹਾ ਕਰਨ ਤੋਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਅਸਤੀਫਾ ਦੇਣਾ ਹੋਵੇਗਾ।

ਮਲਿਕ ਦਾ ਜਵਾਬ ਸੀ ਕਿ ਉਹ ਇਸ ਬਾਰੇ ਸੋਚ ਰਹੇ ਹਨ, ਪਰ ਉਹ ਅਜਿਹਾ ਇਸ ਲਈ ਨਹੀਂ ਕਰਨਾ ਚਾਹੁੰਦੇ ਕਿ ਕਿਤੇ ਇਤਿਹਾਸ ਇਹ ਨਾ ਕਹੇ ਕਿ ਉਹ ਲੜਾਈ ਦੇ ਵਿਚਕਾਰ ਮੈਦਾਨ ਛੱਡ ਕੇ ਭੱਜ ਗਏ। ਮਲਿਕ ਨੇ ਕੈਲੀ ਨੂੰ ਪੁੱਛਿਆ ਕਿ ਕੀ ਉਹ ਆਪਣੀ ਆਸਟ੍ਰੀਅਨ ਪਤਨੀ ਅਤੇ ਧੀ ਨੂੰ ਹੋਟਲ ਭੇਜ ਸਕਦੇ ਹਨ?

ਕੈਲੀ ਨੇ ਕਿਹਾ ਕਿ ਉਹ ਅਜਿਹਾ ਕਰ ਤਾਂ ਸਕਦੇ ਹਨ ਪਰ ਅੰਤਰਰਾਸ਼ਟਰੀ ਪ੍ਰੈੱਸ ਨੂੰ ਇਸ ਬਾਰੇ ਪਤਾ ਲੱਗ ਜਾਵੇਗਾ ਅਤੇ ਉਹ ਇਹ ਖ਼ਬਰ ਜ਼ਰੂਰ ਫੈਲਾ ਦੇਣਗੇ ਕਿ ਰਾਜਪਾਲ ਦਾ ਭਵਿੱਖ ਤੋਂ ਵਿਸ਼ਵਾਸ ਉੱਠ ਗਿਆ ਹੈ, ਇਸ ਲਈ ਉਨ੍ਹਾਂ ਨੇ ਆਪਣੇ ਪਰਿਵਾਰ ਨੂੰ ਹੋਟਲ ਦੀ ਸ਼ਰਨ ਵਿੱਚ ਭੇਜ ਦਿੱਤਾ ਹੈ।

ਬਿਸ਼ਨੋਈ ਦੇ ਮਿੱਗ ਦਾ ਗਵਰਨਮੈਂਟ ਹਾਊਸ ''ਤੇ ਹਮਲਾ ਕੀਤਾ

ਅਜੇ ਇਹ ਗੱਲ ਹੋ ਹੀ ਰਹੀ ਸੀ ਕਿ ਲੱਗਿਆ ਜਿਵੇਂ ਗਵਰਨਮੈਂਟ ਹਾਊਸ ਵਿੱਚ ਭੂਚਾਲ ਆ ਗਿਆ ਹੋਵੇ।

ਬਿਸ਼ਨੋਈ ਵੱਲੋਂ ਛੱਡੇ ਗਏ ਛੋਟੇ ਰਾਕੇਟ ਇਮਾਰਤ ''ਤੇ ਡਿੱਗਣੇ ਸ਼ੁਰੂ ਹੋ ਗਏ ਸਨ। ਪਹਿਲੇ ਰਾਊਂਡ ਵਿੱਚ ਹਰੇਕ ਪਾਇਲਟ ਨੇ 16 ਰਾਕੇਟ ਦਾਗੇ। ਬਿਸ਼ਨੋਈ ਨੇ ਮੁੱਖ ਗੁੰਬਦ ਦੇ ਹੇਠਾਂ ਵਾਲੇ ਕਮਰੇ ਨੂੰ ਆਪਣਾ ਨਿਸ਼ਾਨਾ ਬਣਾਇਆ। ਭਵਨ ਦੇ ਅੰਦਰ ਰੌਲਾ ਪੈ ਗਿਆ। ਕੈਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀਲਰ ਜੰਗਲੇ ਤੋਂ ਬਾਹਰ ਛਾਲ ਮਾਰ ਦਿੱਤੀ ਅਤੇ ਬਚਣ ਲਈ ਬਾਹਰ ਪਾਰਕ ਵਿੱਚ ਖੜ੍ਹੀ ਇੱਕ ਜੀਪ ਦੇ ਹੇਠਾਂ ਲੁਕ ਗਏ।

ਜੌਨ ਕੈਲੀ ਆਪਣੀ ਕਿਤਾਬ ''ਥ੍ਰੀ ਡੇਜ਼ ਇਨ ਢਾਕਾ'' ਵਿੱਚ ਲਿਖਦੇ ਹਨ, "ਹਮਲੇ ਦੌਰਾਨ ਮੇਰਾ ਸਾਹਮਣਾ ਪੂਰਬੀ ਪਾਕਿਸਤਾਨ ਦੇ ਮੁੱਖ ਸਕੱਤਰ ਮੁਜ਼ੱਫਰ ਹੁਸੈਨ ਨਾਲ ਹੋਇਆ। ਉਨ੍ਹਾਂ ਦਾ ਰੰਗ ਪੀਲਾ ਪੈ ਚੁੱਕਾ ਸੀ। ਮੈਂ 20 ਗਜ਼ ਦੂਰ ਇੱਕ ਬੰਕਰ ਵੱਲ ਭੱਜਿਆ, ਜੋ ਪਹਿਲਾਂ ਤੋਂ ਹੀ ਪਾਕਿਸਤਾਨੀ ਫੌਜੀਆਂ ਨਾਲ ਭਰਿਆ ਹੋਇਆ ਸੀ।

ਮੇਰੇ ਸਾਹਮਣੇ ਹੀ ਮੇਜਰ ਜਨਰਲ ਰਾਓ ਫਰਮਾਨ ਅਲੀ ਦੌੜਦੇ ਹੋਏ ਨਿੱਕਲੇ। ਉਹ ਵੀ ਬਚਣ ਲਈ ਕੋਈ ਥਾਂ ਲੱਭ ਰਹੇ ਸਨ।ਦੌੜਦਿਆਂ ਹੋਇਆਂ ਉਨ੍ਹਾਂ ਨੇ ਮੈਨੂੰ ਕਿਹਾ, ਭਾਰਤੀ ਸਾਡੇ ਨਾਲ ਅਜਿਹਾ ਕਿਉਂ ਕਰ ਰਹੇ ਹਨ?

ਵਿੰਗ ਕਮਾਂਡਰ ਬਿਸ਼ਨੋਈ ਦੀ ਅਗਵਾਈ ''ਚ ਉੱਡ ਰਹੇ ਚਾਰ ਮਿਗ-21 ਜਹਾਜ਼ਾਂ ਨੇ ਧੂੰਏਂ ਅਤੇ ਧੂੜ ਨਾਲ ਘਿਰੇ ਸਰਕਾਰੀ ਭਵਨ ''ਤੇ 128 ਰਾਕੇਟ ਦਾਗੇ। ਜਿਵੇਂ ਹੀ ਉਹ ਉੱਥੋਂ ਹਟੇ, ਫਲਾਈਟ ਲੈਫਟੀਨੈਂਟ ਜੀ ਬਾਲਾ ਦੀ ਅਗਵਾਈ ਵਿੱਚ 4 ਸਕੁਐਡਰਨ ਦੇ ਦੋ ਹੋਰ ਮਿਗ 21 ਉੱਥੇ ਬੰਬ ਸੁੱਟਣ ਲਈ ਪਹੁੰਚ ਗਏ।

ਬਾਲਾ ਅਤੇ ਉਨ੍ਹਾਂ ਦੇ ਨੰਬਰ 2 ਪਾਇਲਟ ਹੇਮੂ ਸਰਦੇਸਾਈ ਨੇ ਸਰਕਾਰੀ ਭਵਨ ਦੇ ਦੋ ਚੱਕਰ ਲਗਾਏ ਅਤੇ ਹਰ ਵਾਰ ਚਾਰ-ਚਾਰ ਰਾਕੇਟ ਇਮਾਰਤ ''ਤੇ ਦਾਗੇ। ਹੇਠਾਂ ਤੋਂ ਜਹਾਜ਼ਾਂ ਨੂੰ ਮਾਰ ਸੁੱਟਣ ਵਾਲੀਆਂ ਤੋਪਾਂ ਭਾਰਤੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ, ਪਰ ਉਨ੍ਹਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ।

ਗਵਰਨਰ ਮਲਿਕ ਅਤੇ ਉਨ੍ਹਾਂ ਦੇ ਸਾਥੀਆਂ ਦੇ ਚਿਹਰੇ ਪੀਲੇ ਪੈ ਗਏ

ਇਸ ਵਿਚਕਾਰ ਰੈੱਡ ਕਰਾਸ ਦੇ ਪ੍ਰਤੀਨਿਧੀ ਸਵੇਨ ਲੈਂਪੇਲ ਵੀ ਸਰਕਾਰੀ ਭਵਨ ਪਹੁੰਚ ਗਏ। ਉਹ ਇਸ ਬੈਠਕ ਲਈ ਦੇਰੀ ਨਾਲ ਪਹੁੰਚੇ। ਹਮਲੇ ਦੌਰਾਨ ਉਨ੍ਹਾਂ ਨੇ ਆਪਣੀ ਕਾਰ ਸੜਕ ''ਤੇ ਹੀ ਰੋਕ ਲਈ।

ਬਾਅਦ ਵਿੱਚ ਉਨ੍ਹਾਂ ਨੇ ਇਸਦਾ ਜ਼ਿਕਰ ਕਰਦੇ ਹੋਏ ਆਪਣੀ ਕਿਤਾਬ ''ਇਨ ਦਾ ਮਿਡਸਟ ਆਫ਼ ਦਿ ਸਟਾਰਮ ਵਿਦ ਦਿ ਰੈੱਡ ਕਰਾਸ ਇਨ ਦਿ ਫੀਲਡ'' ਵਿੱਚ ਲਿਖਿਆ, ''ਸਰਕਾਰੀ ਭਵਨ ਦੇ ਮੁੱਖ ਗੇਟ ''ਤੇ ਕੋਈ ਸੁਰੱਖਿਆ ਕਰਮੀ ਨਹੀਂ ਖੜ੍ਹਾ ਸੀ। ਅਸੀਂ ਬਿਨਾਂ ਕਿਸੇ ਰੋਕ-ਟੋਕ ਦੇ ਉਸ ਕਮਰੇ ਵਿੱਚ ਪਹੁੰਚੇ ਜਿੱਥੇ ਗਵਰਨਰ ਮਲਿਕ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨਾਲ ਬੈਠੇ ਸਨ।''

''ਮੇਜ਼ ਦੁਆਲੇ ਬੈਠੇ ਲੋਕਾਂ ਦੇ ਚਿਹਰੇ ਪੀਲੇ ਪੈ ਗਏ ਸਨ। ਉਹ ਬਹੁਤ ਥੱਕੇ ਹੋਏ ਦਿਖਾਈ ਦੇ ਰਹੇ ਸਨ ਅਤੇ ਲੱਗਦਾ ਸੀ ਜਿਵੇਂ ਉਹ ਅੰਦਰੋਂ ਟੁੱਟ ਗਏ ਹਨ। ਉਨ੍ਹਾਂ ਨੂੰ ਜਨਰਲ ਯਾਹੀਆ ਖਾਨ ਵੱਲੋਂ ਕੋਈ ਸੁਨੇਹਾ ਨਹੀਂ ਮਿਲਿਆ ਸੀ ਅਤੇ ਉਹ ਸਾਰੇ ਇੱਕ ਨਿਰਪੱਖ ਖੇਤਰ ਵਿੱਚ ਸ਼ਰਨ ਲੈਣਾ ਚਾਹੁੰਦੇ ਸਨ। ਉਨ੍ਹਾਂ ਦੀ ਜ਼ਿੰਦਗੀ ਹੁਣ ਸਾਡੇ ਹੱਥਾਂ ਵਿੱਚ ਸੀ।''

45 ਮਿੰਟਾਂ ਵਿੱਚ ਤੀਜਾ ਹਮਲਾ

ਮਿਗ-21 ਦੇ 6 ਹਮਲਿਆਂ ਅਤੇ 192 ਰਾਕੇਟ ਦਾਗੇ ਜਾਣ ਦੇ ਬਾਵਜੂਦ, ਸਰਕਾਰੀ ਭਵਨ ਤਬਾਹ ਨਹੀਂ ਹੋਇਆ ਸੀ, ਹਾਲਾਂਕਿ ਇਸ ਦੀਆਂ ਕਈ ਕੰਧਾਂ, ਖਿੜਕੀਆਂ ਅਤੇ ਦਰਵਾਜ਼ੇ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕੇ ਸਨ। ਜਿਵੇਂ ਹੀ ਹਮਲਾ ਖਤਮ ਹੋਇਆ, ਕੈਲੀ ਅਤੇ ਉਨ੍ਹਾਂ ਦੇ ਸਾਥੀ ਇੱਕ ਮੀਲ ਦੂਰ ਸੰਯੁਕਤ ਰਾਸ਼ਟਰ ਸੰਘ ਦੇ ਦਫਤਰ ਲਈ ਰਵਾਨਾ ਹੋ ਗਏ।

ਪਰ ਉੱਥੇ ਮੌਜੂਦ ਲੰਦਨ ਆਬਜ਼ਰਵਰ ਦੇ ਪੱਤਰਕਾਰ ਗਾਵਿਨ ਯੰਗ ਨੇ ਕੈਲੀ ਨੂੰ ਸਲਾਹ ਦਿੱਤੀ ਕਿ ਦੁਬਾਰਾ ਭਵਨ ਜਾ ਕੇ ਉੱਥੇ ਹੋ ਰਹੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇ। ਗਾਵਿਨ ਦਾ ਤਰਕ ਸੀ ਕਿ ਭਾਰਤੀ ਜਹਾਜ਼ ਇੰਨੀ ਜਲਦੀ ਵਾਪਸ ਨਹੀਂ ਆਉਣਗੇ ਅਤੇ ਉਨ੍ਹਾਂ ਨੂੰ ਦੁਬਾਰਾ ਤੇਲ ਅਤੇ ਹਥਿਆਰ ਭਰਨ ਵਿਚ ਘੱਟੋ-ਘੱਟ ਇਕ ਘੰਟਾ ਲੱਗੇਗਾ।

ਜਦੋਂ ਤੱਕ ਕੈਲੀ ਅਤੇ ਗਾਵਿਨ ਦੁਬਾਰਾ ਸਰਕਾਰੀ ਭਵਨ ਪਹੁੰਚੇ, ਮਲਿਕ ਅਤੇ ਉਨ੍ਹਾਂ ਦੇ ਸਾਥੀ ਇਮਾਰਤ ਵਿੱਚ ਹੀ ਇੱਕ ਬੰਕਰ ਵਿੱਚ ਵੜ ਚੁੱਕੇ ਸਨ। ਮਲਿਕ ਨੇ ਅਜੇ ਵੀ ਅਸਤੀਫਾ ਦੇਣ ਬਾਰੇ ਫੈਸਲਾ ਨਹੀਂ ਲਿਆ ਸੀ। ਉਹ ਅਜੇ ਸਲਾਹ ਹੀ ਕਰ ਰਹੇ ਸਨ ਕਿ ਅਚਾਨਕ ਉੱਪਰੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।

ਭਾਰਤੀ ਹਵਾਈ ਸੈਨਾ 45 ਮਿੰਟਾਂ ਦੇ ਅੰਦਰ ਸਰਕਾਰੀ ਭਵਨ ''ਤੇ ਆਪਣਾ ਤੀਜਾ ਹਮਲਾ ਕਰ ਰਹੀ ਸੀ।

ਕੌਲ ਅਤੇ ਮਸੰਦ ਨੇ ਸਰਕਾਰੀ ਭਵਨ ਦੀਆਂ ਖਿੜਕੀਆਂ ਨੂੰ ਨਿਸ਼ਾਨਾ ਬਣਾਇਆ

ਇਸ ਵਾਰ ਹਮਲੇ ਦੀ ਕਮਾਂਡ ਹੰਟਰ ਉਡਾ ਰਹੇ ਵਿੰਗ ਕਮਾਂਡਰ ਐਸਕੇ ਕੌਲ ਅਤੇ ਫਲਾਇੰਗ ਅਫਸਰ ਹਰੀਸ਼ ਮਸੰਦ ਕੋਲ ਸੀ।

ਕੌਲ, ਜੋ ਬਾਅਦ ਵਿੱਚ ਹਵਾਈ ਸੈਨਾ ਦੇ ਪ੍ਰਮੁੱਖ ਬਣੇ, ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਢਾਕਾ ਵਿੱਚ ਸਰਕਾਰੀ ਭਵਨ ਕਿੱਥੇ ਸੀ। ਢਾਕਾ ਕਲਕੱਤਾ ਅਤੇ ਬੰਬਈ ਵਾਂਗ ਇੱਕ ਵੱਡਾ ਸ਼ਹਿਰ ਸੀ। ਸਾਨੂੰ ਢਾਕਾ ਸ਼ਹਿਰ ਦਾ ਬਰਮਾ ਸ਼ੈੱਲ ਦਾ ਇੱਕ ਪੁਰਾਣਾ ਰੋਡਮੈਪ ਦਿੱਤਾ ਗਿਆ ਸੀ। ਉਸ ਨਾਲ ਸਾਨੂੰ ਜ਼ਬਰਦਸਤ ਮਦਦ ਮਿਲੀ।

ਕੌਲ ਦੀ ਅਗਵਾਈ ਵਾਲੀ ਟੀਮ ਨੇ ਇਸ ਗੱਲ ਦਾ ਵੀ ਧਿਆਨ ਰੱਖਿਆ ਕਿ ਹਮਲੇ ਵਿੱਚ ਨੇੜੇ-ਤੇੜੇ ਦੀ ਆਬਾਦੀ ਨੂੰ ਜ਼ਿਆਦਾ ਨੁਕਸਾਨ ਨਾ ਹੋਵੇ।

ਉਨ੍ਹਾਂ ਨੇ ਦੱਸਿਆ, "ਅਸੀਂ ਪਹਿਲਾਂ ਇਮਾਰਤ ਨੂੰ ਪਾਸ ਕੀਤਾ ਤਾਂ ਜੋ ਆਲੇ-ਦੁਆਲੇ ਦੇ ਲੋਕ ਤਿਤਰ-ਬਿਤਰ ਹੋ ਜਾਣ ਅਤੇ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚੇ। ਅਸੀਂ ਰਾਕੇਟ ਹਮਲੇ ਦੇ ਨਾਲ-ਨਾਲ ਬੰਦੂਕ ਵਾਲੇ ਹਮਲੇ ਵੀ ਕੀਤੇ ਅਤੇ ਆਪਣੇ ਹਮਲਿਆਂ ਨੂੰ ਉੱਚਾਈ ''ਤੇ ਰੱਖਿਆ ਤਾਂ ਜੋ ਅਸੀਂ ਉਨ੍ਹਾਂ ਦੇ ਛੋਟੇ ਹਥਿਆਰਾਂ ਦੀ ਪਹੁੰਚ ਤੋਂ ਬਾਹਰ ਰਹਿ ਸਕੀਏ।"

1971 ਦੀ ਭਾਰਤ-ਪਾਕ ਜੰਗ ਬਾਰੇ ਹੋਰ ਫੀਚਰ

  • 1965 ਦਾ ਯੁੱਧ: ਜਦੋਂ ਰਾਤ ਦੇ ਹਨੇਰੇ ਵਿੱਚ ਪਾਕਿਸਤਾਨੀ ਸੈਨਿਕ ਭਾਰਤੀ ਟਿਕਾਣਿਆਂ ''ਤੇ ਉਤਰੇ
  • ਫੁੱਟ ਫੁੱਟ ਕੇ ਕਿਉਂ ਰੋਇਆ ਸਿੱਖ ਫ਼ੌਜੀ ਜਰਨੈਲ
  • ਭਾਰਤ-ਪਾਕ ਵਿਚਾਲੇ ਹੋਈ ''ਬੈਟਲ ਆਫ ਡੇਰਾ ਬਾਬਾ ਨਾਨਕ'' ਦੀ ਕਹਾਣੀ

ਬੀਬੀਸੀ ਨੇ ਵਿੰਗ ਕਮਾਂਡਰ ਕੌਲ ਦੇ ਨਾਲ ਗਏ ਉਨ੍ਹਾਂ ਦੇ ਵਿੰਗ ਮੈਨ ਫਲਾਇੰਗ ਅਫਸਰ ਹਰੀਸ਼ ਮਸੰਦ ਨਾਲ ਵੀ ਗੱਲ ਕੀਤੀ।

ਉਨ੍ਹਾਂ ਨੇ ਯਾਦ ਕੀਤਾ, "ਮੈਨੂੰ ਯਾਦ ਹੈ ਕਿ ਗਵਰਨਮੈਂਟ ਹਾਊਸ ਦੇ ਸਾਹਮਣੇ ਪਹਿਲੀ ਮੰਜ਼ਿਲ ''ਤੇ ਇੱਕ ਵੱਡੇ ਦਰਵਾਜ਼ੇ ਜਾਂ ਖਿੜਕੀ ਵਰਗੀ ਚੀਜ਼ ਸੀ। ਅਸੀਂ ਇਹ ਸੋਚ ਕੇ ਉਸ ''ਤੇ ਨਿਸ਼ਾਨਾ ਲਗਾਇਆ ਕਿ ਇਹ ਕੋਈ ਮੀਟਿੰਗ ਹਾਲ ਹੋ ਸਕਦਾ ਹੈ।''''

''''ਹਮਲੇ ਤੋਂ ਬਾਅਦ ਜਦੋਂ ਅਸੀਂ ਹੇਠਾਂ ਉੱਡਦੇ ਹੋਏ ਇੰਟਰਕੌਂਟੀਨੈਂਟਲ ਹੋਟਲ ਦੇ ਕੋਲੋਂ ਲੰਘੇ ਤਾਂ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਇਸ ਦੀ ਛੱਤ ਅਤੇ ਬਾਲਕੋਨੀ ਤੋਂ ਇਹ ਨਜ਼ਾਰਾ ਦੇਖ ਰਹੇ ਸਨ।

ਗਵਰਨਰ ਮਲਿਕ ਨੇ ਕੰਬਦੇ ਹੱਥਾਂ ਨਾਲ ਆਪਣਾ ਅਸਤੀਫਾ ਲਿਖਿਆ

ਬਾਅਦ ਵਿੱਚ ਗਵਰਨਮੈਂਟ ਹਾਊਸ ਵਿੱਚ ਮੌਜੂਦ ਗਾਵਿਨ ਯੰਗ ਨੇ ਆਪਣੀ ਕਿਤਾਬ ''ਗਾਵਿਨ ਯੰਗ ਵਰਲਡਜ਼ ਅਪਾਰਟ ਟਰੈਵਲਜ਼ ਇਨ ਵਾਰ ਐਂਡ ਪੀਸ'' ਵਿੱਚ ਲਿਖਿਆ, "ਭਾਰਤੀ ਜੈੱਟਾਂ ਨੇ ਗਰਜ ਨਾਲ ਹਮਲਾ ਕੀਤਾ। ਧਰਤੀ ਫਟੀ ਅਤੇ ਹਿੱਲੀ ਵੀ। ਮਲਿਕ ਦੇ ਮੂਹੋਂ ਨਿੱਕਲਿਆ- ਹੁਣ ਅਸੀਂ ਵੀ ਸ਼ਰਨਾਰਥੀ ਹਾਂ। ਕੈਲੀ ਨੇ ਮੇਰੇ ਵੱਲ ਇਸ ਤਰ੍ਹਾਂ ਦੇਖਿਆ ਜਿਵੇਂ ਬਿਨਾਂ ਬੋਲੇ ਪੁੱਛ ਰਹੇ ਹੋਣ ਕਿ ਸਾਨੂੰ ਇੱਥੇ ਦੁਬਾਰਾ ਆਉਣ ਦੀ ਕੀ ਲੋੜ ਸੀ।''''

''''ਅਚਾਨਕ ਮਲਿਕ ਨੇ ਇੱਕ ਪੈੱਨ ਕੱਢਿਆ ਅਤੇ ਕੰਬਦੇ ਹੱਥਾਂ ਨਾਲ ਇੱਕ ਕਾਗਜ਼ ''ਤੇ ਕੁਝ ਲਿਖਿਆ। ਕੈਲੀ ਅਤੇ ਮੈਂ ਦੇਖਿਆ ਕਿ ਇਹ ਮਲਿਕ ਦਾ ਅਸਤੀਫਾ ਸੀ, ਜਿਸ ਨੂੰ ਉਨ੍ਹਾਂ ਨੇ ਰਾਸ਼ਟਰਪਤੀ ਯਾਹੀਯਾ ਖਾਨ ਨੂੰ ਸੰਬੋਧਨ ਕੀਤਾ ਸੀ।''''

''''ਹਮਲਾ ਅਜੇ ਵੀ ਜਾਰੀ ਸੀ ਕਿ ਮਲਿਕ ਨੇ ਆਪਣੇ ਜੁੱਤੇ ਅਤੇ ਜੁਰਾਬਾਂ ਲਾਹੀਆਂ, ਨੇੜੇ ਦੇ ਗੁਸਲਖਾਨੇ ਵਿੱਚ ਆਪਣੇ ਹੱਥ-ਪੈਰ ਧੋਤੇ, ਰੁਮਾਲ ਨਾਲ ਆਪਣਾ ਸਿਰ ਢੱਕਿਆ ਤੇ ਬੰਕਰ ਦੇ ਇੱਕ ਕੋਨੇ ਵਿੱਚ ਨਮਾਜ਼ ਅਦਾ ਕਰਨ ਲੱਗੇ। ਇਹ ਗਵਰਨਮੈਂਟ ਹਾਊਸ ਦਾ ਅੰਤ ਸੀ। ਇਹ ਪੂਰਬੀ ਪਾਕਿਸਤਾਨ ਦੀ ਆਖਰੀ ਸਰਕਾਰ ਦਾ ਵੀ ਅੰਤ ਸੀ।"

ਪੂਰਬੀ ਪਾਕਿਸਾਤਾਨ ਦੇ ਉੱਚ ਅਫ਼ਸਰਾਂ ਨੇ ਹੋਟਲ ਵਿੱਚ ਸ਼ਰਣ ਲਈ

ਇਸ ਹਮਲੇ ਤੋਂ ਤੁਰੰਤ ਬਾਅਦ ਗਵਰਨਰ ਮਲਿਕ ਨੇ ਆਪਣੀ ਕੈਬਨਿਟ ਦੇ ਮੈਂਬਰਾਂ ਦੇ ਨਾਲ ਇੰਟਰਕਾਂਟੀਨੈਂਟਲ ਹੋਟਲ ਦਾ ਰੁਖ਼ ਕੀਤਾ। ਇਸ ਹਮਲੇ ਵਿੱਚ ਯੁੱਧ ਦੇ ਸਮੇਂ ਨੂੰ ਤਾਂ ਘੱਟ ਕੀਤਾ ਹੀ ਸਗੋਂ ਦੂਜੇ ਵਿਸ਼ਵ ਯੁੱਧ ਵਿੱਚ ਬਰਲਿਨ ਵਾਂਗ ਗਲੀ-ਗਲੀ ਲੜਨ ਦੀ ਨੌਬਤ ਨਹੀਂ ਆਈ।

ਉਸ ਸਮੇਂ ਪੂਰਬੀ ਪਾਕਿਸਤਾਨ ਨੇ ਲੋਕ ਸੰਪਰਕ ਅਫ਼ਸਰ ਸਿੱਦੀਕੀ ਸਾਲਿਕ ਨੇ ਆਪਣੀ ਕਿਤਾਬ ਵਿਟਨੈਸ ਟੂ ਸਰੈਂਡਰ ਵਿੱਚ ਇਸ ਦਾ ਜ਼ਿਕਰ ਕੀਤਾ ਹੈ।

ਉਹ ਲਿਖਦੇ ਹਨ,"ਭਾਰਤੀ ਹਵਾਈ ਹਮਲੇ ਨੇ ਗਵਰਨਮੈਂਟ ਹਾਊਸ ਦੇ ਮੁੱਖ ਹਾਲ ਦੀ ਛੱਤ ਭਾਵੇਂ ਉੜਾ ਦਿੱਤੀ ਸੀ ਪਰ ਉੱਥੇ ਮੌਜੂਦ ਪਾਕਿਸਤਾਨੀ ਸੱਤਾ ਨਾਲ ਜੁੜੇ ਇੱਕ ਵੀ ਵਿਅਕਤੀ ਦੀ ਜਾਨ ਨਹੀਂ ਗਈ।

ਹਾਂ ਉਸ ਹਾਲ ਵਿੱਚ ਸ਼ੀਸ਼ੇ ਦੇ ਕੇਸ ਵਿੱਚ ਰੱਖੀਆਂ ਕੁਝ ਮੱਛੀਆਂ ਜ਼ਰੂਰ ਮਾਰੀਆਂ ਗਈਆਂ। ਗਵਰਨਰ, ਉਨ੍ਹਾਂ ਦੇ ਮੰਤਰੀਆਂ ਨੇ ਅਤੇ ਉੱਚ ਅਫ਼ਸਰਾਂ ਨੇ ਹੋਟਲ ਇੰਟਰਕੰਟੀਨੈਂਟਲ ਵਿੱਚ ਪਨਾਹ ਲਈ। ਜਿਸ ਨੂੰ ਰੈਡਕਰਾਸ ਨੇ ਨਿਰਪੱਖ ਇਲਾਕਾ ਐਲਾਨ ਦਿੱਤਾ ਹੋਇਆ ਸੀ।

ਇਨ੍ਹਾਂ ਉੱਚ ਅਫ਼ਸਰਾਂ ਵਿੱਚ ਮੁੱਖ ਸਕੱਤਰ, ਇੰਸਪੈਕਟਰ ਜਨਰਲ ਪੁਲਿਸ ਅਤੇ ਢਾਕਾ ਡਿਵੀਜ਼ਨ ਦੇ ਕਮਿਸ਼ਨਰ ਸ਼ਾਮਲ ਸਨ।

ਉਨ੍ਹਾਂ ਨੇ ਨਿਰਪੱਖ ਖੇਤਰ ਵਿੱਚ ਥਾਂ ਹਾਸਲ ਕਰਨ ਲਈ ਲਿਖਤੀ ਰੂਪ ਵਿੱਚ ਆਪਣੇ-ਆਪ ਨੂੰ ਪਾਕਿਸਤਾਨ ਦੀ ਸਰਕਾਰ ਤੋਂ ਵੱਖ ਕਰ ਲਿਆ ਕਿਉਂਕਿ ਉਸ ਨਿਰਪੱਖ ਖੇਤਰ ਵਿੱਚ ਸ਼ਰਣ ਲੈਣ ਦੀ ਪਹਿਲੀ ਸ਼ਰਤ ਸੀ ਕਿ ਪਨਾਹਗੀਰ ਪਾਕਿਸਤਾਨ ਸਰਕਾਰ ਦਾ ਹਿੱਸਾ ਨਹੀਂ ਹੋਣਾ ਚਾਹੀਦਾ।"

Getty Images
ਗਵਿਨ ਯੰਗ

ਐਸਕੇ ਕੌਲ ਨੂੰ ਮਹਾਵੀਰ, ਬਿਸ਼ਨੋਈ ਅਤੇ ਮਸੰਦ ਨੂੰ ਵੀਰ ਚੱਕਰ

ਦੋ ਦਿਨਾਂ ਬਾਅਦ ਹੀ ਪਾਕਿਸਤਾਨੀ ਫ਼ੌਜ ਦੇ 93,000 ਫ਼ੌਜੀਆਂ ਨੇ ਭਾਰਤੀ ਫ਼ੌਜ ਦੇ ਸਾਹਮਣੇ ਹਥਿਆਰ ਸੁੱਟੇ ਸਨ ਅਤੇ ਇੱਕ ਅਜ਼ਾਦ ਦੇਸ਼ ਵਜੋਂ ਬੰਗਲਾਦੇਸ਼ ਦੇ ਜਨਮ ਦਾ ਰਾਹ ਸਾਫ਼ ਹੋ ਗਿਆ ਸੀ।

ਬਾਅਦ ਵਿੱਚ ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਬੰਗਲਾਦੇਸ਼ ਵਿੱਚ ਹਾਈ ਕਮਿਸ਼ਨਰ ਰਹਿ ਚੁੱਕੇ ਜੇਐਨ ਦੀਕਸ਼ਿਤ ਨੇ ਆਪਣੀ ਕਿਤਾਬ ਲਿਬਰੇਸ਼ਨ ਐਂਡ ਬਿਓਂਡ ਵਿੱਚ ਇਸ ਬਾਰੇ ਜ਼ਿਕਰ ਕੀਤਾ।

ਉਨ੍ਹਾਂ ਨੇ ਲਿਖਿਆ,"ਗਵਰਨਮੈਂਟ ਹਾਊਸ ਦੇ ਕਿਸੇ ਕਮਰੇ ਨੂੰ ਨੁਕਸਾਨ ਨਹੀਂ ਪਹੁੰਚਿਆ। ਮੈਂ 16 ਦਸੰਬਰ ਨੂੰ ਪਾਕਿਸਤਾਨੀ ਫ਼ੌਜ ਦੇ ਆਤਮ-ਸਮਰਪਣ ਤੋ ਬਾਅਦ ਕਮਰੇ ਦਾ ਮੁਆਇਨਾ ਕੀਤਾ। ਮੇਰੇ ਬੰਗਲਾਦੇਸ਼ੀ ਦੋਸਤਾਂ ਨੇ ਦੱਸਿਆ ਕਿ ਇਸ ਹਮਲੇ ਨੇ ਪੂਰਬੀ ਪਾਕਿਸਤਾਨ ਦੇ ਸ਼ਾਸਕਾਂ ਨੇ ਸਭ ਤੋਂ ਜ਼ਿਆਦਾ ਮਨੋਵਿਗਿਆਨਕ ਨੁਕਸਾਨ ਪਹੁੰਚਾਇਆ ਸੀ, ਜਿਸ ਕਾਰਨ ਉਹ ਤੁਰੰਤ ਹੀ ਹਥਿਆਰ ਸੁੱਟਣ ਲਈ ਤਿਆਰ ਹੋ ਗਏ।"

ਇਸ ਯੁੱਧ ਵਿੱਚ ਅਸਧਾਰਣ ਵੀਰਤਾ ਦਿਖਾਉਣ ਲਈ ਵਿੰਗ ਕਮਾਂਡਰ ਐਸਕੇ ਕੌਲ ਨੂੰ ਮਹਾਂਵੀਰ ਚੱਕਰ ਅਤੇ ਵਿੰਗ ਕਮਾਂਡਰ ਬੀਕੇ ਵਿਸ਼ਨੋਈ ਅਤੇ ਹਰੀਸ਼ ਮਸੰਦ ਨੂੰ ਵੀਰ ਚੱਕਰ ਦਿੱਤਾ ਗਿਆ।

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=y0pzmFcWfGQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''21e4a735-d914-4614-8f2b-e5e921b5ebee'',''assetType'': ''STY'',''pageCounter'': ''punjabi.india.story.59531920.page'',''title'': ''ਜਦੋਂ ਭਾਰਤ ਦੇ ਮਿੱਗ ਜਹਾਜ਼ਾਂ ਨੇ 1971 \''ਚ ਢਾਕਾ ਦੇ ਗਵਰਨਮੈਂਟ ਹਾਊਸ \''ਤੇ ਕੀਤਾ ਹਮਲਾ, ਕਿਵੇਂ ਘੜੀ ਗਈ ਯੋਜਨਾ - ਵਿਵੇਚਨਾ'',''author'': '' ਰੇਹਾਨ ਫਜ਼ਲ'',''published'': ''2021-12-05T14:25:28Z'',''updated'': ''2021-12-05T14:25:28Z''});s_bbcws(''track'',''pageView'');