ਭਾਰਤ-ਪਾਕ ਵੰਡ: ਜਦੋਂ ਇੱਕ ਮੁਸਲਮਾਨ ਅਫ਼ਸਰ ਦੇ ਪੁੱਤਰ ਨੇ ਸਿੱਖ ਪਰਿਵਾਰ ਦੀ ਜਾਨ ਬਚਾਉਣ ਲਈ ਕੁਰਾਨ ਦੀ ਸਹੁੰ ਚੁੱਕੀ

12/03/2021 7:09:38 PM

BBC

ਭਾਰਤ ਦੀ ਵੰਡ ਤੋਂ ਪਹਿਲਾਂ ਲਾਹੌਰ ਦੀ ਇੱਕ ਸਥਾਨਕ ਮਸਜਿਦ ਦਾ ਇਮਾਮ ਇੱਕ ਸਰਕਾਰੀ ਅਧਿਕਾਰੀ ਦੇ ਪੁੱਤਰ ਨੂੰ ਪੁੱਛਦਾ ਹੈ ਕਿ ਇਲਾਕੇ ਵਿੱਚ ਕਈ ਦਿਨਾਂ ਤੋਂ ਇਹ ਖ਼ਬਰ ਫੈਲੀ ਹੋਈ ਹੈ ਕਿ ਉਸ ਨੇ ਆਪਣੇ ਘਰ ਕਿਸੇ ਨੂੰ ਪਨਾਹ ਦਿੱਤੀ ਹੈ, ਉਹ ਕੌਣ ਹੈ?

ਤਾਂ ਉਸ ਨੂੰ ਅੱਗੋਂ ਜਵਾਬ ਮਿਲਦਾ ਹੈ ਕਿ ਉਹ ਮੇਰਾ ਭਰਾ ਅਤੇ ਉਸ ਦਾ ਪਰਿਵਾਰ ਹੈ।

ਮਸਜਿਦ ਦੇ ਇਮਾਮ ਨੂੰ ਉਸ ''ਤੇ ਸ਼ੱਕ ਹੋਇਆ ਤਾਂ ਉਸ ਨੇ ਕੁਰਾਨ ਮੰਗਾਈ ਅਤੇ ਅਫ਼ਸਰ ਦੇ ਪੁੱਤਰ ਨੂੰ ਇਹ ਸਹੁੰ ਚੁੱਕਣ ਲਈ ਕਿਹਾ ਕਿ ਉਸ ਦਾ ਭਰਾ ਅਤੇ ਉਸ ਦਾ ਪਰਿਵਾਰ ਹੀ ਉਸ ਦੇ ਘਰ ਵਿੱਚ ਰਹਿ ਰਿਹਾ ਹੈ।

ਜਿਸ ''ਤੇ ਸਰਕਾਰੀ ਅਧਿਕਾਰੀ ਦੇ ਪੁੱਤਰ ਨੇ ਕੁਰਾਨ ''ਤੇ ਸਹੁੰ ਚੁੱਕੀ ਕਿ ਜਿਸ ਨੂੰ ਉਸ ਨੇ ਘਰ ਵਿੱਚ ਪਨਾਹ ਦਿੱਤੀ ਹੋਈ ਹੈ, ਉਹ ਉਸ ਦਾ ਭਰਾ ਹੈ।

ਭਾਰਤ ਦੀ ਵੰਡ ਸਮੇਂ ਮੌਜੂਦਾ ਪਾਕਿਸਤਾਨ ਅਤੇ ਭਾਰਤ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਜਿੱਥੇ ਕਿਤੇ ਵੀ ਘੱਟ ਗਿਣਤੀ ਵਿੱਚ ਸਨ, ਉਨ੍ਹਾਂ ਨੂੰ ਉੱਥੇ ਬਹੁਗਿਣਤੀ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ।

ਵਿਦਰੋਹੀ ਸਮੂਹਾਂ ਨੇ ਆਪੋ-ਆਪਣੇ ਖੇਤਰਾਂ ਦੇ ਸ਼ਰਨਾਰਥੀਆਂ ''ਤੇ ਹਮਲਾ ਕੀਤਾ। ਬਹੁਤ ਸਾਰੇ ਖੁਸ਼ਕਿਸਮਤ ਪਰਵਾਸੀ ਆਪਣਾ ਇਲਾਕਾ ਛੱਡ ਕੇ ਪਰਵਾਸ ਕਰਨ ਵਿੱਚ ਕਾਮਯਾਬ ਹੋ ਗਏ ਅਤੇ ਕਈਆਂ ਨੇ ਆਪਣੀ ਜਾਨ ਅਤੇ ਸੰਪਤੀ ਦੋਵੇਂ ਹੀ ਗੁਆ ਦਿੱਤੀਆਂ।

ਜਿੱਥੇ ਬਹੁਸੰਖਿਆ ਵਰਗ ਦੇ ਲੋਕ ਘੱਟ-ਗਿਣਤੀਆਂ ''ਤੇ ਹਮਲੇ ਕਰ ਰਹੇ ਸਨ, ਉੱਥੇ ਕਈ ਘਟਨਾਵਾਂ ਅਜਿਹੀਆਂ ਸਨ, ਜਿਨ੍ਹਾਂ ਵਿੱਚ ਹਿੰਦੂ-ਸਿੱਖਾਂ ਨੇ ਮੁਸਲਮਾਨਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਅਤੇ ਮੁਸਲਮਾਨਾਂ ਨੇ ਹਿੰਦੂ-ਸਿੱਖਾਂ ਦੀ ਮਦਦ ਲਈ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਦਿੱਤੀਆਂ।

ਲਾਹੌਰ ਦੀ ਘਟਨਾ, ਜਿਸ ਵਿੱਚ ਇਕ ਮੁਸਲਿਮ ਸਰਕਾਰੀ ਅਧਿਕਾਰੀ ਦੇ ਪੁੱਤਰ ਨੇ ਕੁਰਾਨ ''ਤੇ ਸਹੁੰ ਖਾਧੀ ਕਿ ਉਸ ਦਾ ਭਰਾ ਆਪਣੇ ਪਰਿਵਾਰ ਸਮੇਤ ਉਸ ਦੇ ਘਰ ਵਿੱਚ ਰਹਿ ਰਿਹਾ ਹੈ, ਇਸ ਘਟਨਾ ਨੂੰ ਭਾਰਤ ਅਤੇ ਫਿਰ ਅਮਰੀਕਾ ਵਿੱਚ ਕਈ ਸਾਲਾਂ ਤੱਕ ਸੁਣਾਇਆ ਜਾਂਦਾ ਰਿਹਾ।

  • ਇਹ ਵੀ ਪੜ੍ਹੋ:
  • ਉਹ ਪਿੰਡ ਜੋ ਭਾਰਤ ਨੇ ਪਾਕਿਸਤਾਨ ਤੋਂ ਖੋਹਿਆ
  • ਭਾਰਤ-ਪਾਕਿਸਤਾਨ ਦੀ ਵੰਡ ਦੀ ਭੇਟ ਚੜ੍ਹਿਆ ਸੀ ਹਜ਼ਾਰਾਂ ਸਾਲ ਪੁਰਾਣਾ ਹਾਰ
  • ਭਾਰਤ-ਪਾਕਿਸਤਾਨ ਵੰਡ ਵੇਲੇ ਜਦੋਂ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ

ਇਸ ਘਟਨਾ ਦੀ ਸੂਚਨਾ ਅਮਰੀਕਾ ਸਥਿਤ ਡਾਕਟਰ ਤਰੁਨਜੀਤ ਸਿੰਘ ਬੋਤਾਲੀਆ ਨੂੰ ਉਨ੍ਹਾਂ ਦੀ ਦਾਦੀ ਨੇ ਦਿੱਤੀ ਸੀ।

ਡਾ. ਤਰੁਨਜੀਤ ਸਿੰਘ ਬੋਤਾਲੀਆ ਨੇ ਬਚਪਨ ਵਿੱਚ ਇਹ ਘਟਨਾ ਇੰਨੀ ਵਾਰ ਸੁਣੀ ਸੀ ਕਿ ਇਸ ਦੇ ਸਾਰੇ ਪਾਤਰ, ਖੇਤਰ ਅਤੇ ਦ੍ਰਿਸ਼ ਉਨ੍ਹਾਂ ਦੀ ਯਾਦ ਵਿੱਚ ਪੱਕੇ ਤੌਰ ''ਤੇ ਵੱਸ ਗਏ। ਕਈ ਸਾਲਾਂ ਬਾਅਦ ਉਨ੍ਹਾਂ ਨੇ ਘਟਨਾ ਦੇ ਪਿਛੋਕੜ ਅਤੇ ਹੋਰ ਬਹੁਤ ਕੁਝ ਜਾਨਣ ਲਈ ਪਾਕਿਸਤਾਨ, ਪੰਜਾਬ, ਲਾਹੌਰ ਅਤੇ ਗੁਜਰਾਂਵਾਲਾ ਦੇ ਕਈ ਦੌਰੇ ਕੀਤੇ।

ਡਾ. ਤਰੁਨਜੀਤ ਸਿੰਘ ਬੋਤਾਲੀਆ ਦਾ ਕਹਿਣਾ ਹੈ ਕਿ ਸਹੁੰ ਚੁੱਕਣ ਵਾਲੇ ਨੇ ਝੂਠੀ ਸਹੁੰ ਨਹੀਂ ਚੁੱਕੀ, ਸਗੋਂ ਉਸ ਨੇ ਕੀਮਤੀ ਮਨੁੱਖੀ ਜਾਨਾਂ ਬਚਾ ਕੇ ਮਨੁੱਖਤਾ ਨੂੰ ਸੁਰਜੀਤ ਕੀਤਾ ਅਤੇ ਜਿਸ ਵਿਅਕਤੀ ਲਈ ਉਸ ਨੇ ਸਹੁੰ ਚੁੱਕੀ ਉਹ ਸੱਚਮੁੱਚ ਉਸ ਦਾ ਭਰਾ ਸੀ। ਉਹ ਆਪਸ ਵਿੱਚ ਭਰਾ ਬਣੇ ਹੋਏ ਸਨ। ਸਹੁੰ ਚੁੱਕਣ ਵਾਲੇ ਨੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਆਪਣੇ ਭਰਾ ਦੀ ਰੱਖਿਆ ਕੀਤੀ।

ਇਸ ਤੋਂ ਪਹਿਲਾਂ ਕਿ ਅਸੀਂ ਭਾਰਤ ਦੀ ਵੰਡ ਦੀ ਇਸ ਘਟਨਾ ''ਤੇ ਗਹਿਰਾਈ ਨਾਲ ਵਿਚਾਰ ਕਰੀਏ, ਆਓ ਪਹਿਲਾਂ ਇਹ ਦੇਖੀਏ ਕਿ ਡਾ. ਤਰੁਨਜੀਤ ਸਿੰਘ ਬੋਤਾਲੀਆ ਅਤੇ ਉਨ੍ਹਾਂ ਦਾ ਪਰਿਵਾਰ ਕੌਣ ਸਨ।

ਬੋਤਾਲਾ ਦਾ ਜ਼ਿਮੀਂਦਾਰ ਪਰਿਵਾਰ

ਡਾ. ਤਰੁਨਜੀਤ ਸਿੰਘ ਬੋਤਾਲੀਆ ਦਾ ਪਰਿਵਾਰ ਵੰਡ ਵੇਲੇ ਗੁਜਰਾਂਵਾਲਾ ਤੋਂ ਭਾਰਤ ਆ ਗਿਆ ਸੀ। ਡਾ. ਤਰੁਨਜੀਤ ਸਿੰਘ ਬੋਤਾਲੀਆ ਖ਼ੁਦ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਹਨ।

ਉਨ੍ਹਾਂ ਦੇ ਪੁਰਖੇ ਪੰਜਾਬ ਦੇ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਨਾਲ ਜੁੜੇ ਹੋਏ ਸਨ। ਵੰਡ ਤੋਂ ਪਹਿਲਾਂ, ਉਨ੍ਹਾਂ ਦੇ ਪਰਿਵਾਰ ਨੂੰ ਇਸ ਖੇਤਰ ਦਾ ਸਭ ਤੋਂ ਵੱਡਾ ਜਾਗੀਰਦਾਰ ਮੰਨਿਆ ਜਾਂਦਾ ਸੀ।

ਉਨ੍ਹਾਂ ਦੀ ਗੁਜਰਾਂਵਾਲਾ ਦੇ ਪਿੰਡ ਬੋਤਾਲਾ ਵਿੱਚ ਜ਼ਮੀਨ ਸੀ। ਇਸੇ ਲਈ ਡਾ. ਤਰੁਨਜੀਤ ਸਿੰਘ ਅੱਜ ਵੀ ਆਪਣੇ ਨਾਂ ਪਿੱਛੇ ਬੋਤਾਲੀਆ ਲਗਾਉਂਦੇ ਹਨ।

ਭਾਰਤ ਦੀ ਵੰਡ ਤੋਂ ਬਾਅਦ ਵੀ ਉਨ੍ਹਾਂ ਦੇ ਪਾਕਿਸਤਾਨ ਵਿੱਚ ਕਈ ਫੌਜੀ ਅਤੇ ਸਿਵਲੀਅਨ ਅਫ਼ਸਰਾਂ ਦੇ ਪਰਿਵਾਰਾਂ ਨਾਲ ਨਿੱਜੀ ਸਬੰਧ ਸਨ।

ਡਾ. ਤਰੁਨਜੀਤ ਸਿੰਘ ਬੋਤਾਲੀਆ ਦੇ ਦਾਦਾ ਕੈਪਟਨ ਅਜੀਤ ਸਿੰਘ ਐਚੀਸਨ ਕਾਲਜ ਲਾਹੌਰ ਦੇ ਵਿਦਿਆਰਥੀ ਸਨ। ਬਹਾਵਲਪੁਰ ਦੇ ਸਾਬਕਾ ਨਵਾਬ, ਨਵਾਬ ਸਾਦਿਕ ਖ਼ਾਨ, ਜਨਰਲ ਮੂਸਾ ਖ਼ਾਨ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਉਨ੍ਹਾਂ ਦੇ ਦੋਸਤ ਅਤੇ ਸਹਿਪਾਠੀ ਸਨ, ਜਦਕਿ ਉਨ੍ਹਾਂ ਦੇ ਦਾਦੀ ਨਰਿੰਦਰ ਕੌਰ ਬੋਤਾਲੀਆ ਇਲਾਕੇ ਦੇ ਮੰਨੇ-ਪ੍ਰਮੰਨੇ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤ ਸਨ।

ਡਾ. ਤਰੁਨਜੀਤ ਸਿੰਘ ਬੋਤਾਲੀਆ ਦਾ ਕਹਿਣਾ ਹੈ ਕਿ ਮੇਰੇ ਦਾਦੀ ਜੀ ਮੈਨੂੰ ਭਾਰਤ ਦੀ ਵੰਡ ਸਮੇਂ ਦੀਆਂ ਕਹਾਣੀਆਂ ਸੁਣਾਉਂਦੇ ਸਨ। ਉਹ ਦਸਦੇ ਸਨ ਕਿ ਜਦੋਂ ਵੰਡ ਦਾ ਸਮਾਂ ਆਇਆ ਅਤੇ ਦੰਗੇ ਸ਼ੁਰੂ ਹੋਏ ਤਾਂ ਲਾਹੌਰ ਵਿੱਚ ਰਹਿਣ ਵਾਲੇ ਇੱਕ ਮੁਸਲਿਮ ਸਰਕਾਰੀ ਅਧਿਕਾਰੀ ਦੇ ਪੁੱਤਰ ਅਤੇ ਪਤਨੀ ਨੇ ਦੋ ਮਹੀਨਿਆਂ ਲਈ ਉਨ੍ਹਾਂ ਨੂੰ ਆਪਣੇ ਘਰ ਪਨਾਹ ਦਿੱਤੀ।

ਇਸ ਸਮੇਂ ਦੌਰਾਨ ਸ਼ਰਨ ਦੇਣ ਵਾਲਾ ਪਰਿਵਾਰ ਨਾ ਸਿਰਫ਼ ਔਕੜਾਂ ਵਿੱਚੋਂ ਲੰਘਿਆ ਸਗੋਂ ਉਨ੍ਹਾਂ ਨੇ ਮਨੁੱਖਤਾ ਦਾ ਉੱਚਾ ਮਿਆਰ ਵੀ ਕਾਇਮ ਕੀਤਾ ਜਿਸ ''ਤੇ ਮੈਂ ਨਾ ਸਿਰਫ਼ ਇੱਕ ਕਿਤਾਬ ਲਿਖੀ ਸਗੋਂ ਇਸ ਪਰਿਵਾਰ ਨੂੰ ਲੱਭਣ ਲਈ ਕਈ ਸਾਲ ਯਤਨਸ਼ੀਲ ਵੀ ਰਿਹਾ।

ਪੁਸਤਕ ਕਾਰਨ ਦਾਨੀ ਸੱਜਣਾਂ ਨਾਲ ਸੰਪਰਕ ਹੋਇਆ

ਡਾ. ਤਰੁਨਜੀਤ ਸਿੰਘ ਬੋਤਾਲੀਆ ਦਾ ਕਹਿਣਾ ਹੈ ਕਿ ਮੈਂ ਆਪਣੀ ਖੋਜ ਅਤੇ ਆਪਣੇ ਪੁਰਖਿਆਂ ਤੋਂ ਸੁਣੀਆਂ ਗੱਲਾਂ ''ਤੇ ਕਿਤਾਬ ਲਿਖੀ ਹੈ। ਇਸ ਪੁਸਤਕ ਸਬੰਧੀ ਖੋਜ ਕਰਦਿਆਂ ਮੈਂ ਲਾਹੌਰ, ਗੁਜਰਾਂਵਾਲਾ ਅਤੇ ਬੁਤਾਲਾ ਵਿੱਚ ਆਪਣੇ ਪੁਰਖਿਆਂ ਦੀਆਂ ਹਵੇਲੀਆਂ ਦਾ ਦੌਰਾ ਵੀ ਕੀਤਾ। ਮੈਨੂੰ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਹੁਣ ਉੱਥੇ ਕੁੜੀਆਂ ਦਾ ਸਕੂਲ ਹੈ।

ਉਨ੍ਹਾਂ ਨੇ ਕਿਹਾ, ''ਮੈਂ ਆਪਣੀ ਕਿਤਾਬ ਵਿੱਚ ਆਪਣੇ ਪੁਰਖਿਆਂ ਤੋਂ ਸੁਣੀਆਂ ਕਹਾਣੀਆਂ ਲਿਖੀਆਂ। ਲਾਹੌਰ ਦੇ ਪ੍ਰੋਫੈਸਰ ਕੈਲਾਸ਼ ਨੇ ਇਹ ਕਿਤਾਬ ਪੜ੍ਹੀ ਸੀ। ਪ੍ਰੋਫ਼ੈਸਰ ਕੈਲਾਸ਼ ਖ਼ੁਦ ਇੱਕ ਇਤਿਹਾਸਕਾਰ ਅਤੇ ਖੋਜਕਾਰ ਹਨ।''''

BBC
ਡਾ. ਤਰੁਨਜੀਤ ਸਿੰਘ ਬੋਤਾਲੀਆ ਅਤੇ ਮਹਿਮੂਦ ਬਸ਼ੀਰ ਵਿਰਕ

ਉਹ ਦੱਸਦੇ ਹਨ ਕਿ ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਕਿਤਾਬ ਵਿੱਚ ਵਰਣਿਤ ਘਟਨਾਵਾਂ ਵਾਲਾ ਪਰਿਵਾਰ ਐੱਮ.ਐੱਨ.ਏ. ਮਹਿਮੂਦ ਬਸ਼ੀਰ ਵਿਰਕ ਦਾ ਪਰਿਵਾਰ ਹੈ, ਜੋ ਕਿ ਮੁਸਲਿਮ ਲੀਗ (ਨਵਾਜ਼) ਨਾਲ ਸਬੰਧਤ ਹੈ।

ਡਾ. ਤਰੁਨਜੀਤ ਸਿੰਘ ਬੋਤਾਲੀਆ ਨੇ ਦੱਸਿਆ ਕਿ ਇਸ ਤੋਂ ਬਾਅਦ ਮੈਂ ਮਹਿਮੂਦ ਬਸ਼ੀਰ ਅਹਿਮਦ ਵਿਰਕ ਨਾਲ ਸੰਪਰਕ ਕੀਤਾ। ਉਨ੍ਹਾਂ ਨੂੰ ਸਾਰੀ ਕਹਾਣੀ ਬਾਰੇ ਬਹੁਤਾ ਪਤਾ ਨਹੀਂ ਸੀ, ਸਿਵਾਏ ਇਸ ਗੱਲ ਦੇ ਕਿ ਉਨ੍ਹਾਂ ਦੇ ਪੁਰਖਿਆਂ ਨੇ ਭਾਰਤ ਦੀ ਵੰਡ ਵੇਲੇ ਮਦਦ ਕਰਕੇ ਬਹੁਤ ਸਾਰੇ ਹਿੰਦੂਆਂ ਅਤੇ ਸਿੱਖਾਂ ਦੀਆਂ ਜਾਨਾਂ ਬਚਾਈਆਂ ਸਨ।

ਡਾ. ਤਰੁਨਜੀਤ ਸਿੰਘ, ਮਹਿਮੂਦ ਬਸ਼ੀਰ ਵਿਰਕ ਨਾਲ ਹੋਈ ਮੁਲਾਕਾਤ ਦਾ ਵਰਣਨ ਕਰਦੇ ਹੋਏ ਦੱਸਦੇ ਹਨ ਕਿ ਜਦੋਂ ਮੈਂ ਉਨ੍ਹਾਂ ਨਾਲ ਸੰਪਰਕ ਕੀਤਾ ਤਾਂ ਸਭ ਤੋਂ ਪਹਿਲਾਂ ਇੱਕ ਐੱਮਐੱਨਏ ਦੀ ਨਿਮਰਤਾ ਨੇ ਮੈਨੂੰ ਪ੍ਰਭਾਵਿਤ ਕੀਤਾ।

''''ਮੈਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਸਰਕਾਰੀ ਅਧਿਕਾਰੀ ਹੈ ਅਤੇ ਉਨ੍ਹਾਂ ਨੇ ਕਿਹਾ, ਹਾਂ, ਉਨ੍ਹਾਂ ਦੇ ਦਾਦਾ ਸੋਬੇ ਖਾਨ ਭਾਰਤ ਦੀ ਵੰਡ ਤੋਂ ਬਾਅਦ ਲਾਹੌਰ ਵਿੱਚ ਤਹਿਸੀਲਦਾਰ ਸਨ।''''

BBC

''''ਮੈਨੂੰ ਮੇਰੇ ਦਾਦੀ ਜੀ ਨੇ ਇਹ ਵੀ ਦੱਸਿਆ ਸੀ ਕਿ ਜਿਸ ਪਰਿਵਾਰ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਸੀ, ਉਸ ਦਾ ਮੁਖੀ ਟੈਕਸ ਵਿਭਾਗ ਵਿੱਚ ਇੱਕ ਸਰਕਾਰੀ ਕਰਮਚਾਰੀ ਸੀ। ਫਿਰ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਆਮਨਾ ਬੇਗਮ ਕੌਣ ਹਨ। ਇਹ ਸੁਣਦੇ ਹੀ ਬਸ਼ੀਰ ਵਿਰਕ ਦੀਆਂ ਅੱਖਾਂ ਵਿੱਚ ਹੰਝੂ ਆ ਗਏ।''''

ਉਨ੍ਹਾਂ ਕਿਹਾ, ''''ਜਦੋਂ ਮੈਂ ਉਸ ਦਾਨੀ ਦਾਦੀ ਦੇ ਬੱਚਿਆਂ ਨੂੰ ਮਿਲਿਆ ਜਿਨ੍ਹਾਂ ਨੇ ਮੇਰੇ ਦਾਦਾ-ਦਾਦੀ ਦੀ ਮਦਦ ਕੀਤੀ ਅਤੇ ਉਨ੍ਹਾਂ ਨੂੰ ਬਚਾਇਆ ਸੀ, ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਮਹਿਮੂਦ ਬਸ਼ੀਰ ਵਿਰਕ ਦਾ ਵੀ ਇਹੀ ਹਾਲ ਸੀ। ਉਹ ਮਹਾਨ ਵਿਅਕਤੀ ਸਨ, ਜਿਨ੍ਹਾਂ ਨੇ ਦੂਜਿਆਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਦਿੱਤੀਆਂ।''''

''''ਜੇ ਮੇਰੇ ਦਾਦਾ-ਦਾਦੀ ਜਿਉਂਦੇ ਨਾ ਹੁੰਦੇ, ਤਾਂ ਸਪੱਸ਼ਟ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਇਸ ਸੰਸਾਰ ਵਿੱਚ ਨਾ ਹੁੰਦਾ।''''

ਡਾ. ਤਰੁਨਜੀਤ ਸਿੰਘ ਬੋਤਾਲੀਆ ਦਾ ਕਹਿਣਾ ਹੈ ਕਿ ਮੇਰੇ ਦਾਦੀ ਜੀ ਨੇ ਮੈਨੂੰ ਦੱਸਿਆ ਕਿ ਬਸ਼ੀਰ ਵਿਰਕ ਅਤੇ ਉਨ੍ਹਾਂ ਦਾ ਪਰਿਵਾਰ ਸਾਡੇ ਪਰਿਵਾਰਕ ਦੋਸਤ ਸਨ। ਜਦੋਂ ਦੰਗੇ ਸ਼ੁਰੂ ਹੋਏ ਤਾਂ ਸੋਬੇ ਖ਼ਾਨ ਅਤੇ ਉਨ੍ਹਾਂ ਦੇ ਪੁੱਤਰ ਬਸ਼ੀਰ ਵਿਰਕ ਨੇ ਬੜੀ ਮੁਸ਼ਕਲ ਹਾਲਤ ਵਿੱਚ ਸਾਨੂੰ ਲਾਹੌਰ ਸਥਿਤ ਆਪਣੇ ਘਰ ਵਿੱਚ ਪਨਾਹ ਦਿੱਤੀ।

ਉਨ੍ਹਾਂ ਕਿਹਾ ਕਿ ਇਹ ਉਹ ਹਾਲਾਤ ਸਨ ਜਦੋਂ ਮੌਜੂਦਾ ਪਾਕਿਸਤਾਨ ਅਤੇ ਭਾਰਤ ਵਿੱਚ ਬਹੁਗਿਣਤੀ, ਘੱਟ ਗਿਣਤੀਆਂ ਦਾ ਨੁਕਸਾਨ ਕਰ ਰਹੀ ਸੀ। ਸਥਿਤੀ ਇਹ ਬਣੀ ਹੋਈ ਸੀ ਕਿ ਦੋਵਾਂ ਪਾਸਿਆਂ ਦੀ ਬਹੁਗਿਣਤੀ ਲਈ ਵੀ ਕਿਸੇ ਘੱਟ ਗਿਣਤੀ ਨੂੰ ਪਨਾਹ ਦੇਣਾ ਸੰਭਵ ਨਹੀਂ ਸੀ।

ਡਾ. ਤਰੁਨਜੀਤ ਸਿੰਘ ਬੋਤਾਲੀਆ ਦੱਸਦੇ ਹਨ ਕਿ ਉਨ੍ਹਾਂ ਦਾਦਾ-ਦਾਦੀ ਦੋ ਮਹੀਨਿਆਂ ਤੋਂ ਲਾਹੌਰ ਸਥਿਤ ਸੋਬੇ ਖਾਨ ਦੀ ਸਰਕਾਰੀ ਰਿਹਾਇਸ਼ ਵਿੱਚ ਲੁਕੇ ਹੋਏ ਸਨ। ਇਸ ਦੌਰਾਨ ਆਲੇ-ਦੁਆਲੇ ਇਹ ਗੱਲ ਫੈਲ ਗਈ ਕਿ ਸਿੱਖਾਂ ਜਾਂ ਹਿੰਦੂਆਂ ਨੇ ਸੋਬੇ ਖਾਨ ਦੇ ਘਰ ਸ਼ਰਨ ਲਈ ਹੋਈ ਹੈ, ਜਿਸ ''ਤੇ ਮਸਜਿਦ ਦੇ ਸਥਾਨਕ ਇਮਾਮ ਨੇ ਸੋਬੇ ਖਾਨ ਤੋਂ ਪੁੱਛਗਿੱਛ ਕੀਤੀ ਸੀ।

ਬਸ਼ੀਰ ਵਿਰਕ ਨੇ ਝੂਠੀ ਸਹੁੰ ਨਹੀਂ ਚੁੱਕੀ। ਉਨ੍ਹਾਂ ਨੇ ਮੇਰੇ ਦਾਦਾ ਜੀ ਨੂੰ ਭਰਾ ਬਣਾ ਲਿਆ ਸੀ। ਦੋ ਮਹੀਨਿਆਂ ਤੱਕ ਉਨ੍ਹਾਂ ਨੇ ਆਪਣੇ ਭਰਾਵਾਂ ਨਾਲੋਂ ਵੱਧ ਉਨ੍ਹਾਂ ਦੀ ਰੱਖਿਆ ਕੀਤੀ। ਉਨ੍ਹਾਂ ਨੇ ਸਿੱਖਾਂ ਦੀਆਂ ਧਾਰਮਿਕ ਪਰੰਪਰਾਵਾਂ ਦੀ ਵੀ ਰਾਖੀ ਕੀਤੀ ਸੀ।

ਘਰ ਵਿੱਚ ਦੋ ਤਰ੍ਹਾਂ ਦਾ ਖਾਣਾ ਬਣਦਾ ਸੀ

ਡਾ. ਤਰੁਨਜੀਤ ਸਿੰਘ ਬੋਤਾਲੀਆ ਦਾ ਕਹਿਣਾ ਹੈ ਕਿ ਮੇਰੇ ਦਾਦੀ ਜੀ ਕਹਿੰਦੇ ਸਨ ਕਿ ਜਦੋਂ ਉਨ੍ਹਾਂ ਨੇ ਆਪਣੀ ਹਵੇਲੀ ਛੱਡੀ ਸੀ ਤਾਂ ਮੇਰੇ ਇੱਕ ਚਾਚੇ ਦੀ ਉਮਰ ਢਾਈ ਮਹੀਨੇ ਦੀ ਸੀ ਅਤੇ ਦੂਜੇ ਦੀ ਉਮਰ ਢਾਈ ਸਾਲ ਸੀ। ਤਪਦੀ ਗਰਮੀ ਵਿੱਚ ਉਹ ਕਿਸੇ ਤਰ੍ਹਾਂ ਲਾਹੌਰ ਪਹੁੰਚ ਗਏ ਸਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਦਾਦੀ ਕਹਿੰਦੇ ਹੁੰਦੇ ਸਨ ਕਿ ਜਦੋਂ ਉਹ ਲਾਹੌਰ ਪਹੁੰਚੇ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਜਿਵੇਂ ਉਹ ਸੁਰੱਖਿਅਤ ਹੱਥਾਂ ਵਿੱਚ ਪਹੁੰਚ ਗਏ ਹੋਣ। ਬਸ਼ੀਰ ਵਿਰਕ ਦੀ ਪਤਨੀ ਅਤੇ ਮਹਿਮੂਦ ਬਸ਼ੀਰ ਵਿਰਕ ਦੇ ਮਾਤਾ ਜੀ ਨੇ ਮੇਰੇ ਦੋਵਾਂ ਚਾਚਿਆਂ ਨੂੰ ਆਪਣੇ ਬੱਚਿਆਂ ਵਾਂਗ ਸੰਭਾਲਿਆ।

ਡਾਕਟਰ ਬੋਤਾਲੀਆ ਅਨੁਸਾਰ ਮਾਂ ਦੋਵੇਂ ਬੱਚਿਆਂ ਨਾਲ ਹੀ ਸੌਂਦੀ ਸੀ। ਉਨ੍ਹਾਂ ਨੇ ਹਰ ਤਰ੍ਹਾਂ ਨਾਲ ਉਨ੍ਹਾਂ ਦੀ ਦੇਖਭਾਲ ਕੀਤੀ। ਇੱਥੋਂ ਤੱਕ ਕਿ ਉਹ ਮੇਰੇ ਦਾਦਾ-ਦਾਦੀ ਦੇ ਕੱਪੜੇ ਵੀ ਧੋਂਦੇ ਸਨ। ਉਹ ਜੋ ਵੀ ਕਰ ਸਕਦੇ ਸਨ, ਉਸ ਤੋਂ ਵੱਧ ਕਰਦੇ ਸਨ।

ਡਾ. ਤਰੁਨਜੀਤ ਸਿੰਘ ਬੋਤਾਲੀਆ ਨੇ ਕਿਹਾ ਕਿ ਸਹਿਣਸ਼ੀਲਤਾ ਇੰਨੀ ਜ਼ਿਆਦਾ ਸੀ ਕਿ ਮੁਸਲਮਾਨਾਂ ਦੇ ਘਰ ਉਨ੍ਹਾਂ ਦੇ ਧਰਮ ਅਨੁਸਾਰ ਹਲਾਲ ਭੋਜਨ ਪਕਾਇਆ ਜਾਂਦਾ ਸੀ, ਜਦਕਿ ਸਾਡੇ ਦਾਦਾ-ਦਾਦੀ ਲਈ ਸਾਡੀਆਂ ਧਾਰਮਿਕ ਰਵਾਇਤਾਂ ਅਨੁਸਾਰ ਸਿੱਖ ਭੋਜਨ ਪਕਾਇਆ ਜਾਂਦਾ ਸੀ।

BBC
ਡਾਕਟਰ ਤਰੁਨਜੀਤ ਸਿੰਘ ਬੋਤਾਲੀਆ ਨੇ ਪੁਰਖਿਆਂ ਦੀਆਂ ਕਬਰਾਂ ''ਤੇ ਮੱਥਾ ਟੇਕਿਆ

ਇਸੇ ਲਈ ਜਦੋਂ ਮੈਂ ਪਿੰਡ ਵਿੱਚ ਆਪਣੇ ਪੁਰਖਿਆਂ ਦੀਆਂ ਕਬਰਾਂ ਦੇ ਦਰਸ਼ਨ ਕੀਤੇ ਤਾਂ ਮੈਂ ਉੱਥੇ ਮੱਥਾ ਨਹੀਂ ਟੇਕਿਆ, ਸਗੋਂ ਪਿਆਰ ਅਤੇ ਸ਼ਰਧਾ ਨਾਲ ਉਨ੍ਹਾਂ ਦੀਆਂ ਕਬਰਾਂ ਨੂੰ ਚੁੰਮਿਆ ਅਤੇ ਮਹਾਂਪੁਰਖਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਉਹ ਪਿੰਡ ਜਿੱਥੇ ਸਿੱਖ ਅਤੇ ਹਿੰਦੂ ਸੁਰੱਖਿਅਤ ਰਹੇ

ਪੀਐੱਮਐੱਲ-ਐੱਨ ਦੇ ਕੌਮੀ ਅਸੈਂਬਲੀ ਮੈਂਬਰ ਮਹਿਮੂਦ ਬਸ਼ੀਰ ਵਿਰਕ ਨੇ ਕਿਹਾ ਕਿ ਡਾਕਟਰ ਤਰੁਨਜੀਤ ਸਿੰਘ ਬੋਤਾਲੀਆ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰ ਨਾਲ ਵਾਪਰੀਆਂ ਘਟਨਾਵਾਂ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ। ਪਰ ਇਹ ਜ਼ਰੂਰ ਪਤਾ ਸੀ ਕਿ ਸਾਡੇ ਪੁਰਖਿਆਂ ਨੇ ਦੇਸ਼ ਦੀ ਵੰਡ ਵੇਲੇ ਆਪਣਾ ਫਰਜ਼ ਨਿਭਾਉਂਦੇ ਹੋਏ ਹਿੰਦੂਆਂ ਅਤੇ ਸਿੱਖਾਂ ਦੀਆਂ ਜਾਨਾਂ ਬਚਾਉਣ ਲਈ ਆਪਣੀ ਭੂਮਿਕਾ ਨਿਭਾਈ ਸੀ।

''''ਜਦੋਂ ਭਾਰਤ ਦੀ ਵੰਡ ਹੋਈ ਉਸ ਵੇਲੇ ਮੈਂ ਛੋਟਾ ਹੀ ਸੀ, ਪਰ ਉਸ ਵੇਲੇ ਦੀਆਂ ਯਾਦਾਂ ਅੱਜ ਵੀ ਤਾਜ਼ਾ ਹਨ। ਸਾਡੇ ਪਿੰਡ ਇੱਬਾਂਵਾਲਾ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸਿੱਖ ਅਤੇ ਹਿੰਦੂ ਵੱਡੀ ਗਿਣਤੀ ਵਿੱਚ ਆਬਾਦ ਸਨ। ਸਿੱਖ ਜ਼ਮੀਨਾਂ ਦੇ ਮਾਲਕ ਸਨ। ਇਨ੍ਹਾਂ ਵਿੱਚ ਵੱਡੇ ਜ਼ਿਮੀਂਦਾਰ ਸ਼ਾਮਲ ਸਨ, ਜਦਕਿ ਹਿੰਦੂ ਜ਼ਿਆਦਾਤਰ ਸ਼ਾਹੂਕਾਰਾਂ ਵਜੋਂ ਵਪਾਰ ਕਰਦੇ ਸਨ।''''

ਇਹ ਵੀ ਪੜ੍ਹੋ:

  • ਬੱਚਿਆਂ ਦੀਆਂ ਚਿੱਠੀਆਂ ''ਚ ਕੁਝ ਇਸ ਤਰ੍ਹਾਂ ਦਿਖੇ ਭਾਰਤ-ਪਾਕਿਸਤਾਨ
  • ਨਫ਼ਰਤ ਦੇ ਦੌਰ ''ਚ ''ਭਾਰਤ-ਪਾਕਿਸਤਾਨ'' ਦੀ ਮੁਹੱਬਤ
  • ਉਹ ਪਿੰਡ ਜੋ ਭਾਰਤ ਨੇ ਪਾਕਿਸਤਾਨ ਤੋਂ ਖੋਹਿਆ

ਉਨ੍ਹਾਂ ਕਿਹਾ ਕਿ ਸਾਡੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਮੁਸਲਮਾਨ ਜ਼ਿਆਦਾ ਸਨ, ਪਰ ਉਹ ਸਾਰੇ ਮਿਲ-ਜੁਲ ਕੇ ਰਹਿੰਦੇ ਸਨ। ਆਪਸ ਵਿੱਚ ਏਕਤਾ ਸੀ। ਸਾਡੇ ਪਰਿਵਾਰ ਅਤੇ ਭਾਈਚਾਰੇ ਦੀ ਵੀ ਇਲਾਕੇ ਵਿੱਚ ਜ਼ਮੀਨ ਸੀ। ਮੇਰੇ ਪਿਤਾ ਬਸ਼ੀਰ ਅਹਿਮਦ ਵਿਰਕ ਇਸ ਦੀ ਦੇਖਭਾਲ ਕਰਦੇ ਸਨ ਜਦਕਿ ਮੇਰੇ ਦਾਦਾ ਚੌਧਰੀ ਸੋਬੇ ਖਾਨ ਤਹਿਸੀਲਦਾਰ ਸਨ।

ਮਹਿਮੂਦ ਬਸ਼ੀਰ ਵਿਰਕ ਨੇ ਕਿਹਾ, ''ਜਿਵੇਂ-ਜਿਵੇਂ ਵੰਡ ਦੇ ਦਿਨ ਨੇੜੇ ਆ ਰਹੇ ਸਨ, ਤਣਾਅ ਵਧਦਾ ਜਾ ਰਿਹਾ ਸੀ। ਮੈਂ ਦੇਖਦਾ ਸੀ ਕਿ ਮੇਰੇ ਪਿਤਾ ਜੀ ਕੁਝ ਜ਼ਿਆਦਾ ਹੀ ਸੋਚਣ ਲੱਗੇ ਸਨ। ਉਹ ਪਿੰਡ ਦੇ ਲੋਕਾਂ ਨਾਲ ਵੱਧ ਤੋਂ ਵੱਧ ਗੱਲਬਾਤ ਕਰਦੇ। ਹੁਣ ਉਹ ਹਮੇਸ਼ਾਂ ਆਪਣੇ ਨਾਲ ਹਥਿਆਰ ਲੈ ਕੇ ਜਾਂਦੇ ਸਨ। ਇਹ ਇੱਕ ਬੋਰ ਦੀ ਬੰਦੂਕ ਅਤੇ ਇੱਕ ਰਿਵਾਲਵਰ ਸੀ। ਉਨ੍ਹੀਂ ਦਿਨੀਂ ਰਿਵਾਲਵਰ ਅੱਜ ਦੇ ਐਟਮ ਬੰਬ ਵਰਗਾ ਸੀ।''

ਮਹਿਮੂਦ ਬਸ਼ੀਰ ਵਿਰਕ ਨੇ ਦੱਸਿਆ ਕਿ ''ਜਦੋਂ ਵੰਡ ਦੇ ਦਿਨ ਨੇੜੇ ਆ ਰਹੇ ਸਨ ਅਤੇ ਵੰਡ ਦਾ ਐਲਾਨ ਕੀਤਾ ਗਿਆ ਤਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਲੁੱਟ-ਖੋਹ ਦੀਆਂ ਗਤੀਵਿਧੀਆਂ ਨੇ ਜ਼ੋਰ ਫੜ ਲਿਆ ਹੈ ਅਤੇ ਮੁਸਲਮਾਨ, ਹਿੰਦੂ ਅਤੇ ਸਿੱਖ ਆਪਸ ਵਿੱਚ ਲੜ ਰਹੇ ਸਨ।

BBC
ਸਰਦਾਰਨੀ ਨਰਿੰਦਰ ਕੌਰ ਤੇ ਕਪਤਾਨ ਅਜੀਤ ਸਿੰਘ ਬੋਤਾਲੀਆ

''ਅਜਿਹੀ ਸਥਿਤੀ ਵਿੱਚ ਮੇਰੇ ਪਿਤਾ ਜੀ ਨੇ ਪਿੰਡ ਵਿੱਚ ਐਲਾਨ ਕੀਤਾ ਕਿ ਸਾਡੇ ਪਿੰਡ ਵਿੱਚ ਰਹਿਣ ਵਾਲੇ ਹਿੰਦੂਆਂ ਅਤੇ ਸਿੱਖਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਅਸੀਂ ਉਨ੍ਹਾਂ ਦੀ ਜਾਨ, ਮਾਲ ਅਤੇ ਇੱਜ਼ਤ ਦੀ ਰਾਖੀ ਲਈ ਜ਼ਿੰਮੇਵਾਰ ਹੋਵਾਂਗੇ।''

''ਪਿਤਾ ਜੀ ਨੇ ਬਕਾਇਦਾ ਪਹਿਰੇਦਾਰੀ ਸਿਸਟਮ ਸਥਾਪਿਤ ਕੀਤਾ ਹੋਇਆ ਸੀ ਜਿੱਥੇ ਮੁਸਲਮਾਨ ਹੁੰਦੇ ਸਨ, ਪਰ ਜੇਕਰ ਸਿੱਖਾਂ ''ਤੇ ਕੋਈ ਹਮਲਾ ਹੁੰਦਾ ਤਾਂ ਪਿੰਡ ਦੇ ਸਿੱਖ ਵੀ ਲੜਨ ਲਈ ਤਿਆਰ ਸਨ।''

ਸਿੱਖ ਮੁਕਾਬਲਾ ਕਰਨ ਲਈ ਨਿੱਕਲੇ

ਮਹਿਮੂਦ ਬਸ਼ੀਰ ਵਿਰਕ ਅਨੁਸਾਰ ਇੱਕ ਵਾਰ ਅਫਵਾਹ ਫੈਲ ਗਈ ਕਿ ਨੇੜਲੇ ਪਿੰਡਾਂ ਦੇ ਸਿੱਖ ਸਾਡੇ ਪਿੰਡ ''ਤੇ ਹਮਲਾ ਕਰ ਸਕਦੇ ਹਨ। ਪਿੰਡ ਵਾਸੀ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਇਕੱਠੇ ਹੋ ਗਏ। ਸਾਰਿਆਂ ਨੇ ਬੰਦੂਕਾਂ, ਕੁਹਾੜੀਆਂ ਅਤੇ ਲਾਠੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਉਨ੍ਹਾਂ ਕਿਹਾ ਕਿ ਉਸ ਸਮੇਂ ਸਾਡੇ ਪਿੰਡ ਦੇ ਸਿੱਖ ਵੀ ਪੂਰੀ ਤਿਆਰੀ ਨਾਲ ਮੌਕੇ ''ਤੇ ਪੁੱਜਣ ਲਈ ਤਿਆਰ ਸਨ। ਉਨ੍ਹਾਂ ਕੋਲ ਆਪਣੀਆਂ ਤਲਵਾਰਾਂ ਅਤੇ ਹੋਰ ਹਥਿਆਰ ਸਨ। ਸਿੱਖਾਂ ਨੇ ਕਿਹਾ ਕਿ ਜੇਕਰ ਸਿੱਖ ਇਸ ਪਿੰਡ ''ਤੇ ਹਮਲਾ ਕਰਨਗੇ ਤਾਂ ਉਨ੍ਹਾਂ ਨੂੰ ਪਹਿਲਾਂ ਉਨ੍ਹਾਂ ਦਾ ਸਾਹਮਣਾ ਕਰਨਾ ਪਵੇਗਾ।

''ਮੈਨੂੰ ਇਹ ਯਾਦ ਨਹੀਂ ਕਿ ਫਿਰ ਕੀ ਹੋਇਆ ਸੀ, ਪਰ ਫਿਰ ਹੋਇਆ ਇਹ ਕਿ ਨੇੜੇ-ਤੇੜੇ ਦੇ ਪਿੰਡਾਂ ਦੇ ਹਿੰਦੂ ਅਤੇ ਸਿੱਖ ਵੀ ਸਾਡੇ ਪਿੰਡ ਵਿੱਚ ਪਨਾਹ ਲੈਣ ਲੱਗ ਪਏ।

ਮਹਿਮੂਦ ਬਸ਼ੀਰ ਵਿਰਕ ਅਨੁਸਾਰ, ''''ਮੈਨੂੰ ਯਾਦ ਹੈ ਅਤੇ ਮੈਂ ਦੇਖਿਆ ਕਿ ਕੁਝ ਔਰਤਾਂ ਅਤੇ ਬੱਚਿਆਂ ਨੇ ਸਾਡੇ ਘਰ ਪਨਾਹ ਲਈ ਹੋਈ ਸੀ। ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੇਰੀ ਮਾਂ ਆਮਨਾ ਬੇਗਮ ਦੀ ਸੀ। ਉਹ ਸਾਰੀ ਰਾਤ ਹੱਥ ਵਿੱਚ ਖੰਜਰ ਰੱਖ ਕੇ ਦਰਵਾਜ਼ੇ ਦੀ ਰਾਖੀ ਕਰਦੇ ਸਨ।''''

BBC
ਬਸ਼ੀਰ ਅਹਿਮਦ ਵਿਰਕ

ਉਨ੍ਹਾਂ ਕਿਹਾ ਕਿ ''''ਉਨ੍ਹਾਂ ਵਿੱਚ ਦੋ ਅਨਾਥ ਬੱਚੇ ਵੀ ਸ਼ਾਮਲ ਹਨ। ਮੈਨੂੰ ਨਹੀਂ ਪਤਾ ਕਿ ਉਹ ਹਿੰਦੂ ਸਨ ਜਾਂ ਸਿੱਖ ਪਰ ਉਸਦੀ ਮਾਂ ਉਨ੍ਹਾਂ ਨੂੰ ਆਪਣੇ ਕੋਲ ਰੱਖਦੀ ਸੀ। ਉਹ ਮਾਂ ਵਾਂਗ ਉਨ੍ਹਾਂ ਦੀ ਦੇਖ-ਭਾਲ ਕਰਦੇ ਸਨ।''''

ਸਾਡੇ ਪਿੰਡ ਵਿੱਚ ਇਹ ਵੀ ਪਾਬੰਦੀ ਸੀ ਕਿ ਸਾਡੇ ਪਿੰਡ ਦਾ ਕੋਈ ਵੀ ਵਿਅਕਤੀ ਲੁੱਟ-ਖੋਹ ਵਿੱਚ ਹਿੱਸਾ ਨਹੀਂ ਲਵੇਗਾ।''''

ਲੁੱਟਿਆ ਮਾਲ ਬਰਾਮਦ ਕਰਕੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ

ਮਹਿਮੂਦ ਬਸ਼ੀਰ ਵਿਰਕ ਨੇ ਕਿਹਾ ਕਿ ਸਥਿਤੀ ਇਹ ਸੀ ਕਿ ਸਾਡੇ ਪਿੰਡ ਵਿੱਚ ਪੂਰੀ ਤਰ੍ਹਾਂ ਅਮਨ-ਕਾਨੂੰਨ ਕਾਇਮ ਸੀ, ਜਦਕਿ ਸਾਡੇ ਪਿੰਡ ਦੇ ਆਲੇ-ਦੁਆਲੇ ਦੰਗੇ ਅਤੇ ਲੁੱਟ-ਖੋਹ ਦੀਆਂ ਰੋਜ਼ਾਨਾ ਖ਼ਬਰਾਂ ਆ ਰਹੀਆਂ ਸਨ।

ਇੱਕ ਦਿਨ ਪਤਾ ਲੱਗਾ ਕਿ ਸਾਡੇ ਪਿੰਡ ਦਾ ਇੱਕ ਵਿਅਕਤੀ ਕਿਸੇ ਹੋਰ ਪਿੰਡ ਵਿੱਚ ਜਾ ਕੇ ਲੁੱਟ-ਖੋਹ ਵਿੱਚ ਸ਼ਾਮਲ ਹੋਇਆ ਹੈ। ਮੇਰੇ ਪਿਤਾ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਤੁਰੰਤ ਕਾਰਵਾਈ ਕੀਤੀ ਅਤੇ ਉਨ੍ਹਾਂ ਦੇ ਘਰੋਂ ਲੁੱਟਿਆ ਹੋਇਆ ਮਾਲ ਬਰਾਮਦ ਕਰਕੇ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਬਣਨ ਤੋਂ ਬਾਅਦ ਕਈ ਦਿਨਾਂ ਤੱਕ ਹਿੰਦੂਆਂ ਅਤੇ ਸਿੱਖਾਂ ਦੀ ਸੁਰੱਖਿਆ ਕੀਤੀ ਗਈ। ਹਿੰਦੂ ਅਤੇ ਸਿੱਖ ਭਾਰਤ ਜਾਣਾ ਚਾਹੁੰਦੇ ਸਨ। ਮੇਰੇ ਪਿਤਾ ਨੇ ਉਨ੍ਹਾਂ ਨੂੰ ਸੁਰੱਖਿਅਤ ਢੰਗ ਨਾਲ ਸ਼ਰਨਾਰਥੀ ਕੈਂਪ ਤੱਕ ਪਹੁੰਚਾਇਆ, ਉਨ੍ਹਾਂ ਵਿੱਚੋਂ ਕਈਆਂ ਨੂੰ ਰੇਲ ਗੱਡੀਆਂ ਵਿੱਚ ਬਿਠਾਇਆ ਅਤੇ ਉਨ੍ਹਾਂ ਦੇ ਘਰਾਂ ਅਤੇ ਪਸ਼ੂਆਂ ਦੀ ਰਾਖੀ ਕੀਤੀ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪਿਤਾ ਜੀ ਇੱਕ ਦੂਜੇ ਨੂੰ ਅਲਵਿਦਾ ਕਹਿ ਰਹੇ ਸਨ। ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਜਾਇਦਾਦ ਦੀ ਰਾਖੀ ਕੀਤੀ ਜਾਵੇਗੀ ਅਤੇ ਜੇਕਰ ਚੰਗੇ ਦਿਨ ਵਾਪਸ ਆਏ ਤਾਂ ਉਨ੍ਹਾਂ ਨੂੰ ਸਭ ਕੁਝ ਵਾਪਸ ਕਰ ਦਿੱਤਾ ਜਾਵੇਗਾ।

ਮਹਿਮੂਦ ਬਸ਼ੀਰ ਵਿਰਕ ਨੇ ਕਿਹਾ ਕਿ ਵੰਡ ਦੌਰਾਨ ਕੁਝ ਪਰਿਵਾਰ ਚਲੇ ਗਏ ਅਤੇ ਕੁਝ ਪਰਿਵਾਰ ਵੰਡ ਤੋਂ ਕਈ ਮਹੀਨਿਆਂ ਬਾਅਦ ਇਲਾਕਾ ਛੱਡ ਕੇ ਚਲੇ ਗਏ, ਪਰ ਜਿਹੜੇ ਲੋਕ ਚਲੇ ਗਏ ਉਹ ਵਾਪਸ ਨਹੀਂ ਆਏ। ਇਸੇ ਤਰ੍ਹਾਂ ਜਦੋਂ ਮੁਸਲਮਾਨ ਪਰਵਾਸੀ ਭਾਰਤ ਤੋਂ ਆਏ ਤਾਂ ਇੱਥੋਂ ਚਲੇ ਗਏ ਹਿੰਦੂਆਂ ਅਤੇ ਸਿੱਖਾਂ ਦੀਆਂ ਜ਼ਮੀਨਾਂ ਅਤੇ ਜਾਇਦਾਦਾਂ ਉਨ੍ਹਾਂ ਲੋਕਾਂ ਦੇ ਕਬਜ਼ੇ ਵਿੱਚ ਆ ਗਈਆਂ, ਜਿਨ੍ਹਾਂ ਤੋਂ ਉਨ੍ਹਾਂ ਨੂੰ ਰੋਜ਼ੀ-ਰੋਟੀ ਮਿਲਦੀ ਸੀ।

''ਮੇਰੇ ਪਿਤਾ ਜੀ ਆਪਣੇ ਜੀਵਨ ਦੇ ਆਖ਼ਰੀ ਦਿਨਾਂ ਵਿੱਚ ਮੈਨੂੰ ਕਹਿੰਦੇ ਸਨ ਕਿ ਉਨ੍ਹਾਂ ਦੀ ਬਖਸ਼ਿਸ਼ ਮਨੁੱਖੀ ਜੀਵਨ ਦੀ ਸੁਰੱਖਿਆ ਕਾਰਨ ਹੋਵੇਗੀ।''

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=R8WFu2KwyyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''776e65b6-a1dd-452e-877c-f6c6a6f0b8a0'',''assetType'': ''STY'',''pageCounter'': ''punjabi.international.story.59515194.page'',''title'': ''ਭਾਰਤ-ਪਾਕ ਵੰਡ: ਜਦੋਂ ਇੱਕ ਮੁਸਲਮਾਨ ਅਫ਼ਸਰ ਦੇ ਪੁੱਤਰ ਨੇ ਸਿੱਖ ਪਰਿਵਾਰ ਦੀ ਜਾਨ ਬਚਾਉਣ ਲਈ ਕੁਰਾਨ ਦੀ ਸਹੁੰ ਚੁੱਕੀ'',''author'': ''ਮੁਹੰਮਦ ਜ਼ੁਬੈਰ ਖਾਨ'',''published'': ''2021-12-03T13:29:06Z'',''updated'': ''2021-12-03T13:29:06Z''});s_bbcws(''track'',''pageView'');