ਆਪਣੇ ਮੁਲਕ ’ਚੋਂ ਭੱਜੇ ਸ਼ਰਨਾਰਥੀਆਂ ਨੂੰ ਸ਼ਰਨ ਹਾਸਲ ਕਰਨ ਲਈ ਇਸ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ

12/03/2021 8:24:39 AM

Getty Images
ਬੇਲਾਰੂਸ-ਪੌਲਿਸ਼ ਸਰਹੱਦ ਉੱਪਰ ਰਿਫ਼ਿਊਜੀ ਭੂ-ਸਿਆਸੀ ਝਗੜੇ ਵਿੱਚ ਫ਼ਸ ਗਏ ਹਨ

ਬਹਾਦੀਨ ਐਮ ਕਦਰ ਕਤਲ ਹੋਣ ਤੋਂ ਬਾਲ-ਬਾਲ ਬਚ ਗਏ ਅਤੇ ਇਰਾਕੀ ਕੁਰਦਿਸਤਾਨ ਭੱਜ ਗਏ।

ਇਸ ਦੌਰਾਨ ਡੈਨਮਾਰਕ ਵਿੱਚ, ਮਹਿਮੂਦ ਅਲਮੁਹੰਮਦ ਦੇ ਬਜ਼ੁਰਗ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਅਸਦ ਸ਼ਾਸਨ ਦੇ ਹੱਥਾਂ ਵਿੱਚ ਸੀਰੀਆ ਵਾਪਸ ਚਲੇ ਜਾਣਾ ਚਾਹੀਦਾ ਹੈ।

ਰੋਜ਼ਲਿਨ (ਬਦਲਿਆ ਹੋਇਆ ਨਾਮ) ਦੱਖਣੀ ਅਮਰੀਕਾ, ਮੱਧ ਅਮਰੀਕਾ ਅਤੇ ਮੈਕਸੀਕੋ ਰਾਹੀਂ ਇੱਕ ਮਹੀਨੇ ਦੀ ਲੰਮੀ ਯਾਤਰਾ ਦੌਰਾਨ ਆਪਣੀ ਜਾਨ ਬਚਾਉਂਦਿਆਂ ਹੋਇਆਂ ਇੱਕ ਗਰੀਬ ਦੇਸ਼ ਵਿੱਚ ਪਹੁੰਚੇ। ਉਸੀ ਦੇਸ਼ ਜਿਸਨੂੰ ਉਹ ਕਈ ਸਾਲ ਪਹਿਲਾਂ ਛੱਡ ਕੇ ਭੱਜ ਗਏ ਸਨ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਦੁਨੀਆ ਵਿੱਚ 26.6 ਮਿਲੀਅਨ ਲੋਕ ਸ਼ਰਨਾਰਥੀ ਮੰਨੇ ਜਾਂਦੇ ਹਨ। ਉਨ੍ਹਾਂ ਨੂੰ ਘਰ ਤੋਂ ਦੂਰ ਸੁਰੱਖਿਆ ਭਾਲਣ ਲਈ ਮਜ਼ਬੂਰ ਕੀਤਾ ਗਿਆ ਸੀ ਅਤੇ ਉਹਨਾਂ ਦੇ ਅਧਿਕਾਰ - ਸਿਧਾਂਤਕ ਤੌਰ ''ਤੇ - ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਵਿਸ਼ਵਵਿਆਪੀ ਘੋਸ਼ਣਾ ਪੱਤਰ ਦੁਆਰਾ ਗਰੰਟੀਸ਼ੁਦਾ ਹਨ।

ਪਰ ਬਹੁਤ ਸਾਰੇ ਸ਼ਰਨਾਰਥੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਨੁਸਾਰ ਸਨਮਾਨ ਨਹੀਂ ਮਿਲਦਾ। ਯੁੱਧ, ਸਿਆਸੀ ਅੱਤਿਆਚਾਰ ਅਤੇ ਨਿਰਾਦਰ ਤੋਂ ਭੱਜਣ ਵਾਲੇ ਅਜਿਹੇ ਹੀ ਤਿੰਨ ਲੋਕਾਂ ਨਾਲ ਬੀਬੀਸੀ ਨੇ ਗੱਲਬਾਤ ਕੀਤੀ ਤੇ ਸੁਰੱਖਿਆ ਲਈ ਉਨ੍ਹਾਂ ਦੁਆਰਾ ਕੀਤੀ ਜਾਣ ਵਾਲੀ ਅਨਿਸ਼ਚਿਤ ਕੋਸ਼ਿਸ਼ਾਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ।

''ਉਹ ਮੈਨੂੰ ਘਸੀਟ ਕੇ ਬਾਹਰ ਲੈ ਗਏ...''

ਬੇਲਾਰੂਸ ਦੇ ਗ੍ਰੋਡਨੋ ਜ਼ਿਲ੍ਹੇ ਵਿੱਚ ਸਰਦੀਆਂ ਵਿੱਚ ਹੱਥ-ਪੈਰ ਜਮਾ ਦੇਣ ਵਾਲੀ ਠੰਡ ਹੈ। ਇੱਥੋਂ ਹੀ ਇੱਕ ਅਸਥਾਈ ਕੈਂਪ ਤੋਂ ਬੀਬੀਸੀ ਨਾਲ ਗੱਲ ਕਰਦੇ ਹੋਏ ਬਹਾਦੀਨ ਨੇ ਦੱਸਿਆ, "ਮੈਂ ਆਪਣੇ ਪਜਾਮੇ ਵਿੱਚ ਬਾਹਰ ਆਇਆ। ਉਨ੍ਹਾਂ ਨੇ ਮੈਨੂੰ ਬਾਹਰ ਖਿੱਚਿਆ ਅਤੇ ਮੈਨੂੰ ਚਾਕੂ ਨਾਲ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।"

Bahadin M Qadr
ਬਹਾਦੀਨ ਵਾਂਗ ਬਹੁਤ ਸਾਰੇ ਲੋਕ ਬੇਲਾਰੂਸ-ਪੋਲੈਂਡ ਦੀ ਸਰਹੱਦ ’ਤੇ ਫ਼ਸੇ ਹੋਏ ਹਨ

ਬਹਾਦੀਨ ਬਹੁਤ ਸਾਰੇ ਇਰਾਕੀ ਕੁਰਦਾਂ ਵਿੱਚੋਂ ਇੱਕ ਹਨ, ਜੋ ਬੇਲਾਰੂਸੀਅਨ-ਪੋਲਿਸ਼ ਸਰਹੱਦ ''ਤੇ ਸਖਤ ਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ, ਤਾਂ ਜੋ ਕਿਸੇ ਤਰ੍ਹਾਂ ਉਨ੍ਹਾਂ ਨੂੰ ਯੂਰਪੀਅਨ ਯੂਨੀਅਨ ਜਾਂ ਬ੍ਰਿਟੇਨ ਵਿੱਚ ਸ਼ਰਣ ਮਿਲ ਸਕੇ।

ਬਹਾਦੀਨ ਦੱਸਦੇ ਹਨ ਕਿ ਉਨ੍ਹਾਂ ਦੀ ਜਾਨ ਲੈਣ ਦੀ ਇਹ ਕੋਸ਼ਿਸ਼ ਸਤੰਬਰ 2020 ਵਿੱਚ ਉੱਤਰੀ ਇਰਾਕ ਦੇ ਸੁਲੇਮਾਨੀਆਹ ਵਿੱਚ ਉਨ੍ਹਾਂ ਦੇ ਆਪਣੇ ਹੀ ਘਰ ਦੇ ਦਰਵਾਜ਼ੇ ''ਤੇ ਹੋਈ ਸੀ।

ਮੌਜੂਦਾ ਕੁਰਦ ਲੀਡਰਸ਼ਿਪ ਦੇ ਆਲੋਚਕ, ਬਹਾਦੀਨ ਇਸ ਹਮਲੇ ਲਈ ਸਰਕਾਰ ਨਾਲ ਜੁੜੇ ਸਮੂਹਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।

ਇਹ ਵੀ ਪੜ੍ਹੋ:

  • ਫਰਾਂਸ ਦੇ ਤੱਟ ਤੋਂ ਬ੍ਰਿਟੇਨ ਪਹੁੰਚਣ ਲਈ ਪਰਵਾਸੀ ਕਿਵੇਂ ਆਪਣੀ ਜਾਨ ''ਤੇ ਖੇਡਦੇ ਹਨ
  • ਯੂਕੇ ਜਾਣ ਦਾ ਉਹ ਰਾਹ ਜੋ ਸੈਂਕੜੇ ਲੋਕਾਂ ਲਈ ਬਣ ਰਿਹਾ ਹੈ ਕਬਰਗਾਹ
  • ਪਰਵਾਸੀਆਂ ਦੇ ਕਿਸੇ ਹਾਦਸੇ ਬਾਰੇ ਸੁਣ ਕੇ ਪੰਜਾਬੀ ਕਿਉਂ ਡਰਦੇ
  • ਅਮਰੀਕਾ ਭੇਜਣ ਲਈ ਕਿਹੜੇ ਰਸਤੇ ਚੁਣਦੇ ਹਨ ਏਜੰਟ

ਇਸ ਹਮਲੇ ਨਾਲ ਉਨ੍ਹਾਂ ਦੇ ਦਿਲ ਨੇੜੇ ਇੱਕ ਡੂੰਘਾ ਜ਼ਖ਼ਮ ਹੋ ਗਿਆ ਸੀ ਅਤੇ ਉਹ ਖੁਸ਼ਕਿਸਮਤ ਰਹੇ ਕਿ ਉਨ੍ਹਾਂ ਦੀ ਜਾਂ ਬਚ ਗਈ। ਉਨ੍ਹਾਂ ਦੇ ਪਤਨੀ ਅਤੇ ਚਾਰ ਬੱਚੇ ਅਜੇ ਵੀ ਸੁਲੇਮਾਨੀਆਹ ਵਿੱਚ ਹੀ ਰਹਿ ਰਹੇ ਹਨ।

ਬਹਾਦੀਨ ਕਹਿੰਦੇ ਹਨ, "ਸਾਡੇ ਕੋਲ ਉਨ੍ਹਾਂ []ਸਰਕਾਰ] ਵਿੱਚੋਂ ਕਾਫ਼ੀ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਚਲੇ ਜਾਣ। ਫਿਰ ਅਸੀਂ ਇਰਾਕ ਵਾਪਸ ਚਲੇ ਜਾਵਾਂਗੇ। ਇਹੀ ਦੁਖਦਾਈ ਕਹਾਣੀ ਹੈ ਕਿ ਅਸੀਂ ਆਪਣਾ ਦੇਸ਼ ਕਿਉਂ ਛੱਡਦੇ ਹਾਂ।''''

ਪਰ ਯੂਰਪੀਅਨ ਯੂਨੀਅਨ ਨੇ ਇਨ੍ਹਾਂ ਪ੍ਰਵਾਸੀਆਂ ਨੂੰ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯੂਰਪੀਅਨ ਯੂਨੀਅਨ ਨੇ ਬੇਲਾਰੂਸ ''ਤੇ ਇਲਜ਼ਾਮ ਲਗਾਇਆ ਹੈ ਕਿ ਉਹ ਇਕ ਨਵਾਂ ਸ਼ਰਨਾਰਥੀ ਸੰਕਟ ਪੈਦਾ ਕਰਨ ਲਈ ਲੋਕਾਂ ਨੂੰ ਸਰਹੱਦ ''ਤੇ ਲੁਭਾਉਂਦਾ ਹੈ।

ਇਸ ਅੜਿੱਕੇ ਨੇ ਬਹਾਦੀਨ ਅਤੇ ਹੋਰ ਬਹੁਤ ਸਾਰੇ ਸਾਰੇ ਲੋਕਾਂ ਨੂੰ ਇੱਕ ਬਰਫ਼ੀਲੀ ਜੇਲ੍ਹ ਵਿੱਚ ਲਿਆ ਛੱਡਿਆ ਹੈ।

''ਉਹ ਰੋਏ ਅਤੇ ਮੈਂ ਕੁਝ ਨਹੀਂ ਕਰ ਸਕਿਆ''

Mahmoud Almohamad
ਮਹਿਮੂਦ ਅਲਮੁਹੰਮਦ ਆਪਣੀ ਸਕੂਲ ਗਰੈਜੂਏਸ਼ਨ ਸਮਾਗਮ ਦੌਰਾਨ ਆਪਣੇ ਮਾਪਿਆਂ ਨਾਲ

ਮਹਿਮੂਦ ਅਲਮੁਹੰਮਦ ਦਾ ਪਰਿਵਾਰ ਸੀਰੀਆ ਦੀ ਜੰਗ ਤੋਂ ਭੱਜ ਕੇ 2015 ਵਿੱਚ ਡੈਨਮਾਰਕ ਆ ਗਿਆ ਸੀ। ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ 20 ਸਾਲ ਦੀ ਉਮਰ ਵਿੱਚ ਹਾਈ ਸਕੂਲ ਤੋਂ ਸਨਾਤਕ ਕੀਤੀ ਸੀ ਅਤੇ ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਦਵਾਈਆਂ ਸਬੰਧੀ ਪੜ੍ਹਾਈ ਕਰਨ ਲਈ ਸੀਟ ਮਿਲ ਗਈ ਸੀ। ਚੀਜ਼ਾਂ ਅੱਗੇ ਵੱਲ ਨੂੰ ਵੱਧ ਰਹੀਆਂ ਸਨ।

ਪਰ ਫਿਰ ਡੈਨਮਾਰਕ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਸ਼ਰਨਾਰਥੀਆਂ ਲਈ ਸੀਰੀਆ ਵਾਪਸ ਜਾਣਾ ਸੁਰੱਖਿਅਤ ਹੈ। ਸਾਲ 2019 ਤੋਂ, ਇਸ ਨੇ ਲਗਭਗ ਦੇਸ਼ ਵਿੱਚ ਰਹਿ ਰਹੇ ਲਗਭਗ 35,000 ਸੀਰੀਆਈ ਲੋਕਾਂ ਵਿੱਚੋਂ 174 ਦੇ ਨਿਵਾਸ ਪਰਮਿਟ ਨੂੰ ਰੱਦ ਕਰ ਦਿੱਤਾ ਹੈ।

ਮਹਿਮੂਦ ਦੇ ਮਾਤਾ-ਪਿਤਾ ਸੁਹਿਲ ਅਤੇ ਦਲਾਲ ਵੀ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਲਈ ਹੁਣ ਇਸ ਦੇਸ਼ ਵਿੱਚ ਕੋਈ ਥਾਂ ਨਹੀਂ ਸੀ। ਹਾਲਾਂਕਿ ਉਨ੍ਹਾਂ ਦੇ ਬੱਚਿਆਂ ਅਤੇ ਪੋਤੇ-ਪੋਤੀਆਂ ਨੂੰ ਅਜੇ ਵੀ ਡੈਨਮਾਰਕ ਵਿੱਚ ਰਹਿਣ ਦੀ ਇਜਾਜ਼ਤ ਹੈ।

ਮਹਿਮੂਦ ਦਾ ਕਹਿਣਾ ਹੈ ਕਿ ਇਸ ਫੈਸਲੇ ਨੇ ਉਨ੍ਹਾਂ ਦੇ ਪਰਿਵਾਰ ਨੂੰ ਤੋੜ ਦਿੱਤਾ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਹ []ਉਨ੍ਹਾਂ ਦੇ ਮਾਪੇ] ਬਹੁਤ ਦੁਖੀ ਹਨ। ਜਦੋਂ ਮੈਂ ਉਨ੍ਹਾਂ ਨੂੰ ਸਜੇਲਸਮਾਰਕ []ਰਿਟਰਨ ਸੈਂਟਰ] ਵਿੱਚ ਛੱਡਿਆ ਤਾਂ ਉਹ ਬਹੁਤ, ਬਹੁਤ ਰੋਏ ਅਤੇ ਮੈਂ ਕੁਝ ਨਹੀਂ ਕਰ ਸਕਦਾ ਸੀ।"

ਇੱਕ ਸਾਲ ਤੱਕ ਯੂਕੇ ਵਿੱਚ ਪਰਵਾਸ ਕਰਨ ਦੇ ਸੰਘਰਸ਼ ਦਾ ਇਹ ਵੀਡੀਓ ਵੇਖੋ

"ਕਾਸ਼ ਮੈਂ ਉਨ੍ਹਾਂ ਦੇ ਨਾਲ ਹੁੰਦਾ, ਪਰ ਮੇਰੀ ਨੌਕਰੀ ਹੈ, ਮੈਂ ਦਵਾਈ ਦੀ ਪੜ੍ਹਾਈ ਕਰਨ ਜਾ ਰਿਹਾ ਹਾਂ, ਮੇਰੇ ਕੋਲ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਹਨ।"

ਤਣਾਅ ਇੰਨਾ ਜ਼ਿਆਦਾ ਹੋ ਗਿਆ ਹੈ ਕਿ, ਜਿਸ ਦਿਨ ਉਹ ਰਿਟਰਨ ਸੈਂਟਰ ''ਤੇ ਦਿਖਾਉਣ ਜਾਣ ਵਾਲੇ ਸਨ, ਉਸ ਦੀ ਮਾਂ ਅਤੇ ਭੈਣ ਬੇਹੋਸ਼ ਹੋ ਕੇ ਡਿੱਗ ਪਈਆਂ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਪੈਰਾਮੈਡਿਕਸ ਨੇ ਬੇਟੀ ''ਤੇ ਐਮਰਜੈਂਸੀ ਸੀ.ਪੀ.ਆਰ ਕੀਤਾ।

ਚੀਜ਼ਾਂ ਨੂੰ ਗੁੰਝਲਦਾਰ ਬਣਾਉਣ ਲਈ, ਡੈਨਮਾਰਕ ਅਸਲ ਵਿੱਚ ਸ਼ਰਨਾਰਥੀਆਂ ਨੂੰ ਸੀਰੀਆ ਵਾਪਸ ਨਹੀਂ ਭੇਜ ਸਕਦਾ ਕਿਉਂਕਿ ਇਸਨੇ ਅਸਦ ਸ਼ਾਸਨ ਨੂੰ ਮਾਨਤਾ ਨਹੀਂ ਦਿੱਤੀ ਹੈ ਅਤੇ ਉਸ ਨਾਲ ਕੋਈ ਸਮਝੌਤਾ ਨਹੀਂ ਕੀਤਾ ਹੈ।

ਇਸਦਾ ਮਤਲਬ ਹੈ ਕਿ ਮਹਿਮੂਦ ਦੇ ਮਾਪਿਆਂ ਵਰਗੇ ਲੋਕਾਂ ਨੂੰ ਵਾਪਸੀ ਕੇਂਦਰ ਵਿੱਚ ਇੱਕ ਅਣਮਿੱਥੇ ਸਮੇਂ ਲਈ ਫਸੇ ਰਹਿਣਾ ਪਏਗਾ, ਜਦੋਂ ਤੱਕ ਕਿ ਉਹ ਆਪ ਸੀਰੀਆ ਵਾਪਸ ਜਾਣ ਦੀ "ਚੋਣ" ਨਹੀਂ ਕਰਦੇ।

ਮਹਿਮੂਦ ਦਾ ਕਹਿਣਾ ਹੈ ਕਿ ਉਸਦੇ ਮਾਤਾ-ਪਿਤਾ ਮਹਿਸੂਸ ਕਰਦੇ ਹਨ ਕਿ ਡੈਨਿਸ਼ ਸਰਕਾਰ ਨੇ ਉਨ੍ਹਾਂ ਨੂੰ "ਧੋਖਾ ਦਿੱਤਾ" ਹੈ।

Getty Images
ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿੱਚ ਸੀਰੀਅਨ ਰਿਫ਼ੀਊਜੀਆਂ ਨੂੰ ਡੀਪੋਰਟ ਕਰਨ ਦੇ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਲੋਕ

ਮਹਿਮੂਦ ਕਹਿੰਦੇ ਹਨ, "ਜਦੋਂ ਉਹ ਆਪਣੇ ਬੱਚਿਆਂ ਨਾਲ ਇੱਥੇ ਆਏ ਸਨ, ਤਾਂ ਉਨ੍ਹਾਂ ਨੂੰ ਲੱਗਾ ਸੀ ਕਿ ਉਹ ਅਜਿਹੇ ਦੇਸ਼ ਵਿੱਚ ਆਏ ਹਨ ਜੋ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਦਾ ਹੈ। ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਡੈਨਮਾਰਕ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ, ਕਿਉਂਕਿ ਡੈਨਮਾਰਕ ਨੇ ਉਨ੍ਹਾਂ ਦੇ ਬੱਚੇ ਉਨ੍ਹਾਂ ਤੋਂ ਖੋਹ ਲਏ ਹਨ।"

"ਬੱਚੇ ਡੈਨਮਾਰਕ []ਦੇ ਲਾਭ] ਲਈ ਪੜ੍ਹ ਰਹੇ ਹਨ ਅਤੇ ਕੰਮ ਕਰ ਰਹੇ ਹਨ, ਪਰ ਉਨ੍ਹਾਂ ਦੇ ਮਾਪੇ ਨਹੀਂ। ਉਹ ਬੁੱਢੇ ਹਨ ਅਤੇ ਬਿਮਾਰ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਵਾਪਸ ਭੇਜ ਸਕਦੇ ਹਾਂ।"

''ਸੀਰੀਆ ਹੈ ਅਸੁਰੱਖਿਅਤ''

ਐਮਨੈਸਟੀ ਇੰਟਰਨੈਸ਼ਨਲ ਅਤੇ ਹਿਊਮਨ ਰਾਈਟਸ ਵਾਚ ਵਰਗੀਆਂ ਸੰਸਥਾਵਾਂ ਦਾ ਕਹਿਣਾ ਹੈ ਕਿ ਸੀਰੀਆ ਸ਼ਰਨਾਰਥੀਆਂ ਦੇ ਵਾਪਸ ਪਰਤਣ ਲਈ "ਸੁਰੱਖਿਅਤ ਜਗ੍ਹਾ ਨਹੀਂ" ਹੈ, ਕਿਉਂਕਿ ਅਸਦ ਸਰਕਾਰ ਦੇ ਸਿਆਸੀ ਵਿਰੋਧੀਆਂ ਨੂੰ ਅਜੇ ਵੀ ਜੇਲ੍ਹ ਅਤੇ ਤਸੀਹੇ ਦਿੱਤੇ ਜਾ ਰਹੇ ਹਨ।

ਸੰਸਥਾਵਾਂ ਦੇ ਅਨੁਸਾਰ, ਮਹਿਮੂਦ ਦੇ ਪਿਤਾ ਜੋ ਕਿ ਇੱਕ ਸਾਬਕਾ ਫੌਜੀ ਅਧਿਕਾਰੀ ਹਨ, ਵਰਗੇ ਦੇਸ਼ ਛੱਡ ਕੇ ਭੱਜਣ ਵਾਲੇ ਲੋਕ ਜੇ ਵਾਪਸ ਆਉਂਦੇ ਹਨ ਤਾਂ ਉਨ੍ਹਾਂ ਨੂੰ ਗੱਦਾਰ ਮੰਨਿਆ ਜਾਵੇਗਾ।

ਐਮਨੈਸਟੀ ਇੰਟਰਨੈਸ਼ਨਲ ਡੈਨਮਾਰਕ ਦੇ ਐਕਟਿੰਗ ਸਿਕਿਓਰਿਟੀ ਜਨਰਲ ਡੈਨ ਹਿੰਦਸਗੌਲ ਨੇ ਕਿਹਾ, "ਸਾਡੀ ਖੋਜ ਦਰਸਾਉਂਦੀ ਹੈ ਕਿ ਵਾਪਸ ਆਉਣ ਵਾਲੇ ਸਾਰੇ ਸੀਰੀਆਈ ਸ਼ਰਨਾਰਥੀਆਂ ਨੂੰ ਕੈਦ, ਤਸ਼ੱਦਦ, ਬਲਾਤਕਾਰ, ਲਾਪਤਾ ਹੋਣ ਅਤੇ ਇੱਥੋਂ ਤੱਕ ਕਿ ਹੱਤਿਆਵਾਂ ਦਾ ਵੀ ਖ਼ਤਰਾ ਹੈ, ਜੋ ਕਿ ਸੀਰੀਆਈ ਸੁਰੱਖਿਆ ਬਲਾਂ ਅਤੇ ਖੁਫੀਆ ਸੇਵਾ ਦੁਆਰਾ ਕੀਤੇ ਗਏ ਹਨ।"

"ਲੋਕਾਂ ਨੂੰ ਅਜਿਹੇ ਖਤਰੇ ਵਿੱਚ ਵਾਪਸ ਭੇਜਣਾ, ਡੈਨਮਾਰਕ ਦੇ ਮਨੁੱਖੀ ਅਧਿਕਾਰਾਂ ਦੇ ਫਰਜ਼ਾਂ ਦੇ ਉਲਟ ਹੈ।”

“ਨਜ਼ਰਬੰਦੀਆਂ ਮਨਮਾਨੇ ਢੰਗ ਨਾਲ ਕੀਤੀਆਂ ਗਈਆਂ ਹਨ, ਕਿਉਂਕਿ ਸੀਰੀਆ ਦੀ ਸੁਰੱਖਿਆ ਸੇਵਾ ਖੰਡਿਤ ਹੈ ਅਤੇ ਕੇਂਦਰੀ ਤੌਰ ''ਤੇ ਨਿਯੰਤਰਿਤ ਨਹੀਂ ਹੈ।”

“ਇਸ ਲਈ ਇਹ ਅੰਦਾਜ਼ਾ ਲਗਾਉਣਾ ਅਸੰਭਵ ਹੈ ਕਿ ਕਿਸ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ ਅਤੇ ਕੌਣ ਬਚ ਜਾਵੇਗਾ। ਸੀਰੀਆ ਵਿੱਚ ਕੋਈ ਵੀ ਯਕੀਨੀ ਤੌਰ ''ਤੇ ਕੁਝ ਨਹੀਂ ਜਾਣ ਸਕਦਾ।”

ਡੈਨਮਾਰਕ ਦੀ ਸਰਕਾਰ ਨੇ ਬੀਬੀਸੀ ਨੂੰ ਦੱਸਿਆ ਕਿ ਸੀਰੀਆ ਵਿੱਚ ਸੁਰੱਖਿਆ ਸਥਿਤੀ ਦਾ ਮੁਲਾਂਕਣ ਸੁਤੰਤਰ ਅਧਿਕਾਰੀਆਂ ਦੁਆਰਾ ਲਗਭਗ 1,400 ਰਿਪੋਰਟਾਂ ਦੇ ਅਧਾਰ ''ਤੇ ਕੀਤਾ ਗਿਆ ਹੈ, ਜੋ ਲਗਾਤਾਰ ਅਪਡੇਟ ਕੀਤੀਆਂ ਜਾਂਦੀਆਂ ਹਨ। ਹਰੇਕ ਫੈਸਲੇ ਨੂੰ ਕੇਸ-ਦਰ-ਕੇਸ ਵੇਖਿਆ ਜਾਂਦਾ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਨੂੰ ਚੁਣਿਆ ਗਿਆ ਹੈ ਉਹ ਖਤਰੇ ਵਿੱਚ ਨਹੀਂ ਹਨ।”

“ਜੇ ਉਹ ਵਾਪਸ ਸੀਰੀਆ ਚਲੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਰਿਟਰਨ ਸੈਂਟਰ ਵਿੱਚ ਰੱਖਣ ''ਤੇ ਜਿਹੜਾ 300,000 ਡੈਨਿਸ਼ ਕ੍ਰੋਨ ($45,700) ਪ੍ਰਤੀ ਸਾਲ ਦੀ ਲਾਗਤ ਦਾ ਖਰਚ ਆਉਂਦਾ ਹੈ, ਉਸ ਪੈਸੇ ਨਾਲ "ਮਦਦ ਅਤੇ ਸੁਰੱਖਿਆ ਦੇ ਜ਼ਰੂਰਤਮੰਦ ਸ਼ਰਨਾਰਥੀਆਂ ਦੀ ਸਹਾਇਤਾ" ਕੀਤੀ ਜਾ ਸਕਦੀ ਹੈ।”

“ਇਸਦਾ ਕਹਿਣਾ ਹੈ ਕਿ ਡੈਨਮਾਰਕ ਅਜਿਹੇ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜੋ ਅਜਿਹੀ ਮਦਦ ਦੇਣਾ ਚਾਹੁੰਦੇ ਹਨ।”

ਇਮੀਗ੍ਰੇਸ਼ਨ ਅਤੇ ਸੁਰੱਖਿਆ ਦੇ ਬੁਲਾਰੇ ਰਾਸਮਸ ਸਟੋਕਲੂੰਦ ਨੇ ਕਿਹਾ, "ਚੰਗਾ ਰਹੇਗਾ ਜੇਕਰ ਡੈਨਮਾਰਕ ਵਿੱਚ ਰਹਿ ਰਹੇ ਉਹ ਸੀਰੀਆਈ ਲੋਕ ਹੁਣ ਵਾਪਸ ਚਲੇ ਜਾਣ, ਜਿਨ੍ਹਾਂ ਨੂੰ ਹੁਣ ਮਦਦ ਅਤੇ ਸੁਰੱਖਿਆ ਦੀ ਲੋੜ ਨਹੀਂ ਹੈ। ਤਾਂ ਜੋ ਮਦਦ ਅਤੇ ਸੁਰੱਖਿਆ ਦੀ ਸਖ਼ਤ ਲੋੜ ਵਾਲੇ ਹੋਰ ਸ਼ਰਨਾਰਥੀਆਂ ਦੀ ਸਹਾਇਤਾ ਲਈ ਸਾਡੇ ਕੋਲ ਹੋਰ ਸਰੋਤ ਹੋ ਸਕਣ।"

ਵਿਰੋਧੀ ਹਾਲਾਤ

ਅਤਿਆਚਾਰ ਤੋਂ ਭੱਜਣ ਵਾਲੇ ਲੋਕ ਅੰਤਰਰਾਸ਼ਟਰੀ ਕਾਨੂੰਨ ਦੁਆਰਾ ਸੁਰੱਖਿਅਤ ਹਨ ਅਤੇ ਇੱਕ ਬੁਨਿਆਦੀ ਸਿਧਾਂਤ ਇਹ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਸਥਿਤੀਆਂ ਵਿੱਚ ਵਾਪਸ ਨਹੀਂ ਭੇਜਿਆ ਜਾਣਾ ਚਾਹੀਦਾ ਜਿੱਥੇ ਉਨ੍ਹਾਂ ਨੂੰ ਖਤਰੇ ਦਾ ਸਾਹਮਣਾ ਕਰਨਾ ਪਵੇ। ਪਰ ਅਕਸਰ, ਅਸਲ ਵਿੱਚ ਉਨ੍ਹਾਂ ਨੂੰ ਸਿਰਫ ਭਰੋਸਾ ਹੀ ਦਿੱਤਾ ਜਾਂਦਾ ਹੈ।

ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਹਾਈ ਕਮਿਸ਼ਨਰ (UNHCR) ਕਹਿੰਦਾ ਹੈ, "ਸ਼ਰਨਾਰਥੀਆਂ ਪ੍ਰਤੀ ਰਾਜਨੀਤਿਕ ਧਰੁਵੀਕਰਨ, ਧਾਰਮਿਕ ਆਧਾਰ ''ਤੇ ਸ਼੍ਰੇਣੀਬੱਧਤਾ ਅਤੇ ਜ਼ੈਨੋਫੋਬਿਕ ਰਵੱਈਏ ਬਹੁਤ ਹੀ ਚਿੰਤਾਜਨਕ ਹਨ।"

"ਸ਼ਰਨਾਰਥੀਆਂ ਬਾਰੇ ਬਹੁਤ ਸਾਰੀਆਂ ਜਨਤਕ ਬਹਿਸਾਂ ਅਤੇ ਕਹਾਣੀਆਂ ਵਿੱਚ ਅਜਿਹੇ ਹੈਰਾਨ ਕਰਨ ਵਾਲੇ ਨਸਲੀ ਅਤੇ ਵਿਤਕਰੇ ਭਰੇ ਵਿਚਾਰ ਹਨ।"

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਮਹਾਂਮਾਰੀ ਤੋਂ ਬਾਅਦ, ਮੇਜ਼ਬਾਨ ਦੇਸ਼ਾਂ ਵਿੱਚ ਆਰਥਿਕ ਗਿਰਾਵਟ ਨੇ ਹੋਰ ਵੀ ਵਿਰੋਧੀ ਰਵੱਈਏ ਨੂੰ ਜਨਮ ਦਿੱਤਾ ਹੈ।

ਪਰ ਅੰਤਰਰਾਸ਼ਟਰੀ ਸੰਸਥਾ ਇਸ ਗੱਲ ''ਤੇ ਜ਼ੋਰ ਦਿੰਦੀ ਹੈ ਕਿ "ਕੋਈ ਸ਼ਰਨਾਰਥੀ ਸੰਕਟ" ਨਹੀਂ ਹੈ ਜਿਵੇਂ ਕਿ ਅਕਸਰ ਮੀਡੀਆ ਵਿੱਚ ਦਿਖਾਇਆ ਜਾਂਦਾ ਹੈ, ਸਗੋਂ ਇਹ ਸ਼ਰਨਾਰਥੀਆਂ ਦੀ ਦੁਰਦਸ਼ਾ ਦਾ ਅਮਾਨਵੀਕਰਨ ਹੈ।

ਯੂਐਨਐਚਸੀਆਰ ਕਹਿੰਦਾ ਹੈ, "ਦੁਨੀਆ ਦੇ 85 ਪ੍ਰਤੀਸ਼ਤ ਸ਼ਰਨਾਰਥੀ ਵਿਕਾਸਸ਼ੀਲ ਖੇਤਰਾਂ ਵਿੱਚ ਹਨ ਅਤੇ ਇਨ੍ਹਾਂ ਦੇਸ਼ਾਂ ਨੂੰ ਵਧੇਰੇ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੈ।''''

ਯੂਐਨਐਚਸੀਆਰ ਦੇ ਅਨੁਸਾਰ, 2021 ਦੇ ਮੱਧ ਵਿੱਚ ਵਿਸ਼ਵ ਪੱਧਰ ''ਤੇ 26.6 ਮਿਲੀਅਨ ਸ਼ਰਨਾਰਥੀ ਸਨ।

3.7 ਮਿਲੀਅਨ ਲੋਕਾਂ ਦੇ ਨਾਲ ਤੁਰਕੀ ਹੁਣ ਤੱਕ ਦਾ ਸਭ ਤੋਂ ਵੱਡਾ ਮੇਜ਼ਬਾਨ ਦੇਸ਼ ਸੀ, ਉਸ ਤੋਂ ਬਾਅਦ ਕੋਲੰਬੀਆ (1.7 ਮਿਲੀਅਨ), ਯੂਗਾਂਡਾ (1.5 ਮਿਲੀਅਨ), ਪਾਕਿਸਤਾਨ (1.4 ਮਿਲੀਅਨ) ਅਤੇ ਜਰਮਨੀ (1.2 ਮਿਲੀਅਨ) ਆਉਂਦੇ ਹਨ।

ਜ਼ਿਆਦਾਤਰ ਲੋਕ ਇਨ੍ਹਾਂ ਪੰਜ ਦੇਸ਼ਾਂ ਤੋਂ ਆਏ ਸਨ: ਸੀਰੀਆ (6.8 ਮਿਲੀਅਨ), ਵੈਨੇਜ਼ੁਏਲਾ (4.1 ਮਿਲੀਅਨ), ਅਫਗਾਨਿਸਤਾਨ (2.6 ਮਿਲੀਅਨ), ਦੱਖਣੀ ਸੂਡਾਨ (2.2 ਮਿਲੀਅਨ) ਅਤੇ ਮਿਆਂਮਾਰ (1.1ਮਿਲੀਅਨ)।

ਯੂਐਨਐਚਸੀਆਰ ਦੇ ਅਨੁਸਾਰ, "ਇਹ ਉਹ ਲੋਕ ਹਨ ਜਿਨ੍ਹਾਂ ਨੂੰ ਆਪਣੀ ਜਾਨ ਬਚਾਉਣ ਲਈ ਭੱਜਣ ਲਈ ਮਜ਼ਬੂਰ ਕੀਤਾ ਗਿਆ ਹੈ। ਕੋਈ ਵੀ ਹਿੰਸਾ ਜਾਂ ਅਤਿਆਚਾਰ ਵਿੱਚ ਰਹਿਣ ਦੀ ਚੋਣ ਨਹੀਂ ਕਰਦਾ। ਕੋਈ ਵੀ ਸ਼ਰਨਾਰਥੀ ਬਣਨ ਦੀ ਚੋਣ ਨਹੀਂ ਕਰਦਾ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

''ਮੈਂ ਬਹੁਤ ਦੁੱਖਾਂ ਵਿੱਚੋਂ ਲੰਘੀ ਹਾਂ''

ਰੋਜ਼ਲਿਨ (ਬਦਲਿਆ ਹੋਇਆ ਨਾਮ) ਆਪਣੇ ਪਤੀ ਅਤੇ ਇੱਕ ਪੁੱਤਰ ਨਾਲ ਸਾਲ 2017 ਵਿੱਚ ਹੈਤੀ ਛੱਡ ਕੇ ਬ੍ਰਾਜ਼ੀਲ ਆਏ ਸਨ। ਰੋਜ਼ਲਿਨ ਵੀ ਉਨ੍ਹਾਂ ਲਗਭਗ 130,000 ਲੋਕਾਂ ਵਿੱਚੋਂ ਇੱਕ ਹਨ ਜੋ 2010 ਵਿੱਚ ਆਏ ਇੱਕ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ, ਅੱਠ ਸਾਲਾਂ ਵਿੱਚ ਦੱਖਣੀ ਅਮਰੀਕੀ ਦੇਸ਼ ਪਹੁੰਚੇ ਸਨ।

ਆਪਣੇ ਦੇਸ਼ ਵਿੱਚ ਗਰੀਬੀ ਦੇ ਪੈਮਾਨੇ ਨੂੰ ਦੇਖਦੇ ਹੋਏ, ਰੋਜ਼ਲਿਨ ਵਰਗੇ ਹੈਤੀ ਵਾਸੀਆਂ ਨੂੰ ਇੱਕ ਵਿਸ਼ੇਸ਼ ਮਾਨਵਤਾਵਾਦੀ ਵੀਜ਼ਾ ਦਿੱਤਾ ਜਾਣਾ ਜਾਰੀ ਰੱਖਿਆ ਗਿਆ ਤੇ ਉੱਥੇ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ।

ਪਰ ਫਿਰ ਕੋਵਿਡ ਨੇ ਤਬਾਹੀ ਮਚਾ ਦਿੱਤੀ ਅਤੇ ਪਹਿਲਾਂ ਤੋਂ ਹੀ ਵਿਗੜੀ ਹੋਈ ਬ੍ਰਾਜ਼ੀਲ ਦੀ ਅਰਥ-ਵਿਵਸਥਾ ਦੀ ਹਾਲਤ ਹੋਰ ਮਾੜੀ ਹੋ ਗਈ।

ਰੋਜ਼ਲਿਨ ਨੇ ਬੀਬੀਸੀ ਨੂੰ ਦੱਸਿਆ, "ਜੋ ਪੈਸੇ ਮੈਂ ਕਮਾ ਰਹੀ ਸੀ ਉਹ ਮੇਰੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਨਹੀਂ ਸੀ। ਹੈਤੀ ਵਿੱਚ ਮੇਰੇ ਰਿਸ਼ਤੇਦਾਰ ਹਨ ਅਤੇ ਮੈਂ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀ ਸੀ। ਮੈਂ ਇੱਕ ਮਹੀਨੇ ਵਿੱਚ 1,200 ਰੀਸ ($210) ਕਮਾ ਰਹੀ ਸੀ। ਜੇਕਰ ਮੇਰੀ ਮਾਂ ਪੈਸੇ ਮੰਗਦੀ, ਤਾਂ ਮੈਂ ਨਹੀਂ ਭੇਜ ਸਕਦੀ ਸੀ।''''

Getty Images
ਸਤੰਬਰ ਮਹੀਨੇ ਵਿੱਚ ਡੈਲ ਰੀਓ, ਟੈਕਸਸ ਦੇ ਪੁਲ ਹੇਠ ਸੌਂ ਰਹੇ ਲਗਭਗ 15,000 ਲੋਕ, ਇਨ੍ਹਾਂ ਵਿੱਚੋਂ ਹੇਤੀ ਤੋਂ ਹਨ

ਇਸ ਲਈ ਜੂਨ ਵਿੱਚ ਉਹ ਮੈਕਸੀਕੋ ਰਾਹੀਂ ਅਮਰੀਕਾ ਲਈ ਰਵਾਨਾ ਹੋ ਗਏ। ਉਨ੍ਹਾਂ ਦੱਸਿਆ, "ਮੈਂ ਇੱਕ ਮਹੀਨਾ ਸੜਕ ''ਤੇ ਬਿਤਾਇਆ, ਮੈਂ ਪਿਆਸੀ ਤੇ ਭੁੱਖੀ ਸੀ। ਜਿਨ੍ਹਾਂ ਵੀ ਦੇਸ਼ਾਂ ਵਿੱਚ ਮੈਂ ਰਹੀ, ਮੈਂ ਬਹੁਤ ਦੁੱਖਾਂ ਵਿੱਚੋਂ ਲੰਘੀ, ਕਿਉਂਕਿ ਉਨ੍ਹਾਂ ਨੇ ਸਾਡੇ ਨਾਲ ਬਹੁਤ ਬੁਰਾ ਵਿਵਹਾਰ ਕੀਤਾ।

ਅਮਰੀਕਾ ਪਹੁੰਚਣ ਤੋਂ ਬਾਅਦ ਅਧਿਕਾਰੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਤਾਂ ਅੱਗੇ ਜਾਣ ਦੀ ਅਨੁਮਤੀ ਦੇ ਦਿੱਤੀ ਪਰ ਉਨ੍ਹਾਂ ਦੇ ਪਤੀ ਵਾਲੀ ਗੱਡੀ ਨੂੰ ਜਾਣ ਨਹੀਂ ਦਿੱਤਾ ਗਿਆ।

ਰੋਜ਼ਲਿਨ ਅਤੇ ਉਨ੍ਹਾਂ ਦੀ ਤਿੰਨ ਸਾਲ ਦੀ ਧੀ ਅਤੇ ਸੱਤ ਸਾਲ ਦਾ ਪੁੱਤਰ ਡੈਲ ਰਿਓ ਦੇ ਟੈਕਸਨ ਟਾਊਨ ਦੇ ਬਦਨਾਮ ਪੁਲ ਹੇਠ ਪਹੁੰਚੇ। ਰੋਜ਼ਲਿਨ ਦੇ ਪਤੀ ਨੂੰ ਇੱਕ ਸਾਲ ਦੇ ਬੱਚੇ ਦੇ ਨਾਲ ਮੈਕਸੀਕੋ ਵਿੱਚ ਰੁਕਣਾ ਪਿਆ ਅਤੇ ਉਨ੍ਹਾਂ ਦੇ ਤੀਜੇ ਬੱਚੇ ਦਾ ਜਨਮ ਬ੍ਰਾਜ਼ੀਲ ਵਿੱਚ ਹੋਇਆ।

ਹਾਲਾਂਕਿ ਉਹ ਬ੍ਰਜ਼ੀਲੀਅਨ ਨਾਗਰਿਕ ਸਨ ਫਿਰ ਵੀ ਅਮਰੀਕੀ ਅਧਿਕਾਰੀਆਂ ਨੇ ਰੋਜ਼ਲਿਨ ਨੂੰ ਹੇਤੀ ਜਾਣ ਵਾਲੇ ਜਹਾਜ਼ ਵਿੱਚ ਬਿਠਾ ਦਿੱਤਾ। ਹੇਤੀ ਜੋ ਅਜੇ ਭੁਚਾਲ ਤੋਂ ਹੋਈ ਤਬਾਹੀ ਵਿੱਚੋਂ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਰਾਸ਼ਟਰਪਤੀ ਨੂੰ ਉਨ੍ਹਾਂ ਦੀ ਨਿੱਜੀ ਰਿਹਾਇਸ਼ ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਭ੍ਰਿਸ਼ਟਾਚਾਰ ਕਾਰਨ ਮਹਿੰਗਾਈ ਬਹੁਤ ਜ਼ਿਆਦਾ ਸੀ।

ਰੋਜ਼ਲਿਨ ਨੇ ਦੱਸਿਆ ਕਿ ਉਨ੍ਹਾਂ ਨੇ ਬ੍ਰਾਜ਼ੀਲ ਇਸ ਲਈ ਛੱਡਿਆ ਸੀ ਕਿਉਂਕਿ ਉੱਥੇ ਉਹ ਬੇਹੱਦ ਗ਼ਰੀਬ ਸਨ ਅਤੇ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਸੀ ਅਤੇ ਉਨ੍ਹਾਂ ਲਈ ਹੇਤੀ ਵਿੱਚ ਗੁਜ਼ਾਰਾ ਕਰਨਾ ਅਸੰਭਵ ਸੀ।

Getty Images
ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਰਫ਼ਿਊਜੀਆਂ ਨੂੰ ਸ਼ੈਤਾਨ ਬਣਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ

ਮਿਲੀ ਜੁਲੀ ਤਸਵੀਰ

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਕੁਝ ਦੇਸ਼ਾਂ ਵੱਲੋਂ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਅਪਣਾਈਆਂ ਜਾ ਰਹੀਆਂ ਸ਼ਰਨ ਦੇਣ ਦੀਆਂ ਨੀਤੀਆਂ ਚਿੰਤਾਜਨਕ ਹਨ। ਇਸ ਵਿੱਚ ਸ਼ਰਨ ਦੇਣ ਤੋਂ ਇਨਕਾਰ ਕਰਨਾ, ਵਾਪਸ ਮੋੜਨਾ, ਰਫਿਊਜੀਆਂ ਨੂੰ ਉਨ੍ਹਾਂ ਦੇਸ਼ਾਂ ਵਿੱਚ ਧੱਕੇ ਨਾਲ ਵਾਪਸ ਭੇਜਣਾ ਜਿੱਥੇ ਉਹ ਜ਼ੁਲਮ ਦੇ ਸ਼ਿਕਾਰ ਬਣਾਏ ਜਾ ਰਹੇ ਹਨ।

ਯੂਐਨਸੀਐਚਆਰ ਨੇ ਕਿਹਾ ਹੈ ਕਿ ਹਾਲਾਂਕਿ, “ਅਜਿਹਾ ਨਹੀਂ ਹੈ ਕਿ ਦੇਸ਼ ਅਜਿਹੀਆਂ ਨੀਤੀਆਂ ਆਪਣੇ ਤੌਰ ’ਤੇ ਅਪਣਾ ਰਹੇ ਹੋਣ- ਵਿਸ਼ਵ ਪੱਧਰ ’ਤੇ ਤਸਵੀਰ ਮਿਲੀਜੁਲੀ ਹੈ। ਕਈ ਦੇਸ਼ ਅਜੇ ਵੀ ਕੌਮਾਂਤਰੀ ਕਾਨੂੰਨਾਂ ਅਤੇ ਨੀਤੀਆਂ ਦੀ ਪਾਲਣਾ ਕਰ ਰਹੇ ਹਨ।”

ਰਿਫਿਊਜੀਆਂ ਬਾਰੇ ਕੌਮਾਂਤਰੀ ਕਨਵੈਨਸ਼ਨ ਨੇ ਪਿਛਲੇ 70 ਸਾਲਾਂ ਦੌਰਾਨ ਲੱਖਾਂ ਜਾਨਾਂ ਬਚਾਈਆਂ ਹਨ।

ਰਿਫਿਊਜੀਆਂ ਦੀ ਸਿਆਸੀ ਮੁਫ਼ਾਦ ਲਈ ਭੈੜੀ ਰੰਗਣ ਵਿੱਚ ਪੇਸ਼ ਕਰਨਾ ਚਿੰਤਾਜਨਕ ਹੈ ਅਤੇ ਬੰਦ ਹੋਣਾ ਚਾਹੀਦਾ ਹੈ।

ਇਸ ਦੇ ਬਾਵਜੂਦ ਜੋ ਲੋਕ ਵਿਪਤਾ ਵਿੱਚ ਰਹਿ ਰਹੇ ਹਨ ਉਹ ਅਨਿਸ਼ਚਿੱਤਤਾ ਦੀ ਸਥਿਤੀ ਵਿੱਚ ਆਪਣੇ ਦੇਸ਼ਾਂ ਤੋਂ ਦੂਜੇ ਦੇਸ਼ਾਂ ਵਿੱਚ ਪਨਾਹ ਦੀ ਉਮੀਦ ਵਿੱਚ ਪਲਾਇਨ ਕਰਦੇ ਹਨ।

ਬਹਾਦੀਨ ਦਾ ਸੁਫ਼ਨਿਆਂ ਦਾ ਦੇਸ਼ ਹਾਲਾਂਕਿ ਅਜੇ ਪਹੁੰਚ ਤੋਂ ਦੂਰ ਹੈ। ਉਹ ਕੇਂਦਰੀ ਇੰਗਲੈਂਡ ਜੇ ਲੌਂਗਬਰੋ ਵਾਪਸ ਆਉਣਾ ਚਾਹੁੰਦੇ ਹਨ। ਜਿੱਥੇ ਉਨ੍ਹਾਂ ਨੇ ਸਾਲ 2009 ਵਿੱਚ ਇਰਾਕ ਵਾਪਸ ਮੁੜਨ ਤੋਂ ਪਿਹਲਾਂ ਦਸ ਸਾਲ ਬਿਤਾਏ ਸਨ।

ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਨ੍ਹਾਂ ਦਾ ਕਹਿਣਾ ਹੈ ਕਿ ਵਾਪਸ ਇਰਾਕ ਜਾਣ ਦਾ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੈ ਅਤੇ ਉਹ ਆਪਣੀ ਕੋਸ਼ਿਸ਼ ਜਾਰੀ ਰੱਖਣ ਲਈ ਲੱਗੇ ਰਹਿਣਗੇ।

ਬਹਾਦੀਨ ਦਾ ਕਹਿਣਾ ਹੈ,“ਜਦੋਂ ਤੱਕ ਉਹ ਸਾਨੂੰ ਯੂਰਪ ਵਿਚ ਦਾਖ਼ਲ ਨਹੀਂ ਹੋਣ ਦਿੰਦੇ ਅਸੀਂ ਇੱਥੇ ਉਡੀਕ ਕਰਾਂਗੇ।”

ਇਹ ਵੀ ਪੜ੍ਹੋ:

  • ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
  • ਕੀ ਹੁੰਦੀ ਹੈ ਰੇਵ ਪਾਰਟੀ ਤੇ ਇਸ ਪਾਰਟੀ ਵਿੱਚ ਕੀ ਕਰਦੇ ਹਨ ਲੋਕ
  • ਵਿਗਿਆਨੀਆਂ ਨੇ ਲੱਭਿਆ ਦਿਮਾਗ ਦਾ ਉਹ ਸੈਂਸਰ, ਜਿਸ ਕਾਰਨ ਕੱਦ ਲੰਬਾ ਹੁੰਦਾ ਹੈ

ਇਹ ਵੀ ਦੇਖੋ:

https://www.youtube.com/watch?v=R8WFu2KwyyA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d1422f1e-c01a-4243-af73-e2fef94c0e13'',''assetType'': ''STY'',''pageCounter'': ''punjabi.international.story.59504441.page'',''title'': ''ਆਪਣੇ ਮੁਲਕ ’ਚੋਂ ਭੱਜੇ ਸ਼ਰਨਾਰਥੀਆਂ ਨੂੰ ਸ਼ਰਨ ਹਾਸਲ ਕਰਨ ਲਈ ਇਸ ਤਸ਼ੱਦਦ ਦਾ ਸਾਹਮਣਾ ਕਰਨਾ ਪੈਂਦਾ ਹੈ'',''published'': ''2021-12-03T02:44:03Z'',''updated'': ''2021-12-03T02:44:03Z''});s_bbcws(''track'',''pageView'');