ਪੰਜਾਬ ਵਿਧਾਨ ਸਭਾ ਚੋਣਾਂ 2022 ਬਾਰੇ ਉਹ ਹਰ ਜਾਣਕਾਰੀ ਜੋ ਤੁਹਾਡੇ ਲਈ ਅਹਿਮ ਹੈ

10/26/2021 4:38:59 PM

ਪੰਜਾਬ ਵਿੱਚ ਹਰ ਕਿਸੇ ਦੀਆਂ ਨਜ਼ਰਾਂ ਹੁਣ 2022 ''ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ''ਤੇ ਟਿਕੀਆਂ ਹਨ।

ਕੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ੇ ਦੇ ਬਾਅਦ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਮੌਜੂਦਾ ਨਵੀਂ ਕਾਂਗਰਸ ਸਰਕਾਰ ਦੋਬਾਰਾ ਸੱਤਾ ’ਤੇ ਕਾਬਜ਼ ਹੋਵੇਗੀ?

ਕੀ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਆਪਣਾ ਪੱਤਾ ਪੰਜਾਬ ’ਚ ਖੋਲ੍ਹ ਪਾਵੇਗੀ? ਕੀ ਭਾਜਪਾ ਦਾ ਸਮਰਥਨ ਕੈਪਟਨ ਨੂੰ ਮਿਲੇਗਾ?

ਕੀ ਸ਼੍ਰੋਮਣੀ ਅਕਾਲੀ ਦਲ ਇਸ ਵਾਰ ਆਪਣੀ ਖਿਸਕੀ ਹੋਈ ਸਿਆਸੀ ਜ਼ਮੀਨ ''ਤੇ ਮੁੜ ਦਬਦਬਾ ਕਾਇਮ ਕਰ ਪਾਵੇਗਾ? ਭਾਜਪਾ ਨਾਲ ਗਠਜੋੜ ਤੋੜਨ ਤੋਂ ਬਾਅਦ ਕੀ ਪੰਜਾਬ ਦੀ ਜਨਤਾ ਦੀ ਸੋਚ ਬਦਲੀ ਹੋਵੇਗੀ?

ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਵਾਅਦਿਆਂ ਦਾ ਪਿਟਾਰਾ ਖੋਲ੍ਹ ਰਹੇ ਹਨ, ਕੀ ਆਮ ਆਦਮੀ ਪਾਰਟੀ ਦਾ ਕੋਈ ਜਾਦੂ ਇਸ ਵਾਰ ਚੱਲਣ ਵਾਲਾ ਹੈ ਜਾਂ ਸਿਆਸੀ ਟਾਕਰਾ ਕਾਂਗਰਸ ਅਤੇ ਅਕਾਲੀ ਦਲ ਦਰਮਿਆਨ ਹੀ ਰਹਿ ਜਾਵੇਗਾ?

ਇਹ ਵੀ ਪੜ੍ਹੋ

  • ਨਵਜੋਤ ਸਿੰਘ ਸਿੱਧੂ ਦੇ ਉਹ 5 ਬਿਆਨ ਜਦੋਂ ਉਨ੍ਹਾਂ ਨੇ ਆਪਣੀ ਹੀ ਕਾਂਗਰਸ ਸਰਕਾਰ ਨੂੰ ਦਿੱਤੀ ਸਲਾਹ
  • ''ਪੁੱਤ ਢਿੱਡ ਦੀ ਭੁੱਖ ਸਭ ਕਰਵਾ ਦਿੰਦੀ ਹੈ'', ਜਵਾਨ ਪੁੱਤ ਦੀ ਖੁਦਕੁਸ਼ੀ ਤੇ ਕਰਜ਼ੇ ਦਾ ਬੋਝ ਚੁਕਦੀ ਮੂਰਤੀ ਕੌਰ
  • ਕਿਸਾਨ ਵਿਰੋਧੀ ਪੰਜਾਬ ਜਾਂ ਹਰਿਆਣਾ: ਖੱਟਰ ਦੇ ਕੈਪਟਨ ਅਮਰਿੰਦਰ ਨੂੰ 8 ਸਵਾਲਾਂ ''ਤੇ ਬੀਬੀਸੀ ਦੀ ਪੜਤਾਲ

ਅਜਿਹੇ ਕਈ ਸਵਾਲ ਤੁਹਾਡੇ ਜ਼ਹਿਨ ''ਚ ਹੋਣਗੇ। ਇਨ੍ਹਾਂ ''ਤੇ ਚਰਚਾ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਪੰਜਾਬ ਵਿਧਾਨਸਭਾ ਚੋਣਾਂ ਦੇ ਪੂਰੇ ਸਮੀਕਰਣ ਨੂੰ ਸਮਝੀਏ।

ਇਸ ਲਈ ਅਸੀਂ ਤੁਹਾਡੇ 9 ਅਹਿਮ ਸਵਾਲਾਂ ਦੇ ਜਵਾਬ ਇਸ ਰਿਪੋਰਟ ''ਚ ਦੇਣ ਜਾ ਰਹੇ ਹਾਂ ਜੋ ਜਾਣਕਾਰੀ ਤੁਹਾਡੇ ਲਈ ਕਾਫ਼ੀ ਅਹਿਮ ਸਾਬਤ ਹੋ ਸਕਦੀ ਹੈ।

1. ਕਦੋਂ ਹੋਣਗੀਆਂ ਪੰਜਾਬ ਵਿਧਾਨਸਭਾ ਚੋਣਾਂ?

ਪੰਜਾਬ ਵਿਧਾਨ ਸਭਾ ਚੋਣਾਂ ਸਾਲ 2022 ਦੇ ਫਰਵਰੀ ਅਤੇ ਮਾਰਚ ਮਹੀਨੇ ਹੋਣਗੀਆਂ। 16ਵੀਂ ਪੰਜਾਬ ਵਿਧਾਨਸਭਾ ਲਈ 117 ਹਲਕਿਆਂ ''ਤੇ ਚੋਣਾਂ ਹੋਣਗੀਆਂ।

ਪਿਛਲੀਆਂ ਵਿਧਾਨ ਸਭਾ ਚੋਣਾਂ ਸਾਲ 2017 ਵਿੱਚ ਹੋਈਆਂ ਸੀ, ਜਿਸ ਦੀ ਮਿਆਦ 17 ਮਾਰਚ 2022 (ਕੈਪਟਨ ਅਮਰਿੰਦਰ ਸਿੰਘ ਨੇ 17 ਮਾਰਚ 2017 ਨੂੰ ਸਹੁੰ ਚੁੱਕੀ ਸੀ) ਨੂੰ ਖ਼ਤਮ ਹੋ ਜਾਵੇਗੀ।

ਪੰਜਾਬ ਵਿੱਚ ਦੇਸ਼ ਦੇ ਬਾਕੀ ਸੂਬਿਆਂ ਵਾਂਗ ਹਰ 5 ਸਾਲਾਂ ਬਾਅਦ ਚੋਣਾਂ ਹੁੰਦੀਆਂ ਹਨ।

2. ਕਿੰਨੇ ਹਨ ਹਲਕੇ ਅਤੇ ਕੀ ਹੈ ਬਹੁਮਤ ਦਾ ਅੰਕੜਾ?

ਪੰਜਾਬ ਵਿਧਾਨ ਸਭਾ ਵਿੱਚ 117 ਵਿਧਾਨ ਸਭਾ ਹਲਕੇ ਹਨ।

ਵਿਧਾਨ ਸਭਾ ਚੋਣਾਂ ''ਚ ਜਿੱਤਣ ਲਈ ਕਿਸੇ ਵੀ ਪਾਰਟੀ ਜਾਂ ਗਠਜੋੜ ਨੂੰ 59 ਦਾ ਅੰਕੜਾ ਹਾਸਲ ਕਰਨਾ ਹੁੰਦਾ ਹੈ।

ਇਸ ਲਈ ਜਿਹੜੀ ਵੀ ਪਾਰਟੀ ਚੋਣਾਂ ''ਚ 59 ਜਾਂ ਉਸ ਤੋਂ ਵੱਧ ਸੀਟਾਂ ਹਾਸਲ ਕਰ ਲੈਂਦੀ ਹੈ, ਉਸ ਦੇ ਸਿਰ ਸੱਜਦਾ ਹੈ ਪੰਜਾਬ ਦੀ ਸਿਆਸਤ ਦਾ ਤਾਜ।

3. ਕੌਣ ਹੋ ਸਕਦੇ ਹਨ ਮੁੱਖ ਉਮੀਦਵਾਰ?

ਕਾਂਗਰਸ

ਚਰਨਜੀਤ ਸਿੰਘ ਚੰਨੀ - ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਪਹਿਲੀ ਵਾਰ ਮੁੱਖ ਮੰਤਰੀ ਬਨਣ ਦਾ ਮੌਕਾ ਮਿਲਿਆ ਹੈ।

ਉਹ ਪੰਜਾਬ ਦੇ ਪਹਿਲੇ ਅਜਿਹੇ ਮੰਤਰੀ ਹਨ ਜੋ ਦਲਿਤ ਭਾਈਚਾਰੇ ਤੋਂ ਆਉਂਦੇ ਹਨ। ਆਪਣੇ ਥੋੜੇ ਜਿਹੇ ਸਮੇਂ ਵਿੱਚ ਵੀ ਚੰਨੀ ਨੇ ਲੋਕਾਂ ਤੱਕ ਪਹੁੰਚ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।

ਨਵਜੋਤ ਸਿੰਘ ਸਿੱਧੂ - ਪੰਜਾਬ ਕਾਂਗਰਸ ਦੀ ਕਮਾਨ ਹੱਥ ਆਉਣ ਤੋਂ ਬਾਅਦ ਸਿੱਧੂ ਦਾ ਰੁਤਬਾ ਹੋਰ ਵੱਧ ਗਿਆ ਹੈ। ਹਾਲਾਂਕਿ ਸਿੱਧੂ ਵੱਲੋਂ ਨਰਾਜ਼ ਹੋ ਕੇ ਇੱਕ ਵਾਰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਅਤੇ ਫਿਰ ਪ੍ਰਧਾਨਗੀ ਦੇ ਅਹੁਦੇ ’ਤੇ ਬਣੇ ਰਹਿਣ ਨੇ ਉਨ੍ਹਾਂ ਦੇ ਸਿਆਸੀ ਅਕਸ ਨੂੰ ਥੋੜਾ ਜਿਹਾ ਧੁੰਦਲਾ ਤਾਂ ਜ਼ਰੂਰ ਕੀਤਾ ਜਾਪਦਾ ਹੈ। ਜੇਕਰ ਕਾਂਗਰਸ ਦੀ ਸਰਕਾਰ ਮੁੜ ਆਉਂਦੀ ਹੈ ਤਾਂ ਇਨ੍ਹਾਂ ਦੀ ਅਹਿਮ ਭੂਮਿਕਾ ਦੀ ਉਮੀਦ ਕੀਤੀ ਜਾ ਰਹੀ ਹੈ।

ਪਰਗਟ ਸਿੰਘ - ਓਲੰਪਿਅਨ ਪਰਗਟ ਸਿੰਘ ਨੂੰ ਹਾਲੇ ਤੱਕ ਤਾਂ ਕੋਈ ਅਹਿਮ ਅਹੁਦਾ ਪੰਜਾਬ ਸਰਕਾਰ ''ਚ ਨਹੀਂ ਮਿਲਿਆ ਪਰ ਨਵਜੋਤ ਸਿੰਘ ਸਿੱਧੂ ਨਾਲ ਨਜ਼ਦੀਕੀ ਇਨ੍ਹਾਂ ਨੂੰ ਵੀ ਅਹਿਮ ਰੋਲ ਦਵਾ ਸਕਦੀ ਹੈ।

ਸੁਨੀਲ ਜਾਖੜ - ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਹਲਕੇ ਤੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੂੰ ਟੱਕਰ ਦੇਣ ਵਾਲੇ ਸੁਨੀਲ ਜਾਖੜ ਵੀ ਕਾਂਗਰਸ ਦਾ ਇੱਕ ਅਹਿਮ ਚਿਹਰਾ ਹਨ।

ਸ਼ੋਮਣੀ ਅਕਾਲੀ ਦਲ

ਪ੍ਰਕਾਸ਼ ਸਿੰਘ ਬਾਦਲ - ਜੇਕਰ ਸੂਬੇ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਵੀ ਚੋਣ ਮੈਦਾਨ ''ਚ ਉਤਰਦੇ ਹਨ ਤਾਂ ਉਹ ਮੁੱਖ ਉਮੀਦਵਾਰਾਂ ਦੀ ਲਿਸਟ ''ਚ ਸ਼ਾਮਲ ਹੋਣਗੇ।

ਸੁਖਬੀਰ ਸਿੰਘ ਬਾਦਲ- ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਭਾਵੇਂ ਮੌਜੂਦਾ ਸਮੇਂ ''ਚ ਸਾਂਸਦ ਹਨ ਪਰ ਉਹ ਸੂਬੇ ਦੀਆਂ ਵਿਧਾਨਵਭਾ ਚੋਣਾਂ ਦੇ ਪ੍ਰਚਾਰ ''ਚ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਅਕਾਲੀ ਦਲ ਦਾ ਪ੍ਰਮੁੱਖ ਚਿਹਰਾ ਹਨ।

ਹਰਸਿਮਰਤ ਕੌਰ ਬਾਦਲ- ਉਹ ਕੇਂਦਰੀ ਮੰਤਰੀ ਦੀ ਕੁਰਸੀ ਛੱਡ ਚੁੱਕੇ ਹਨ। ਹੋ ਸਕਦਾ ਹੈ ਕਿ ਉਹ ਵੀ ਪੰਜਾਬ ਵਿਧਾਨਸਭਾ ਦੇ ਚੋਣ ਮੈਦਾਨ ਦਾ ਹਿੱਸਾ ਬਣਨ। ਹਾਲਾਂਕਿ ਇਸ ''ਤੇ ਹਾਲੇ ਸਥਿਤੀ ਸਾਫ ਨਹੀਂ ਹੈ।

ਬਿਕਰਮਜੀਤ ਸਿੰਘ ਮਜੀਠਿਆ - ਸੁਖਬੀਰ ਸਿੰਘ ਬਾਦਲ ਦੇ ਸਾਲੇ ਅਤੇ ਹਰਸਿਮਰਤ ਕੌਰ ਬਾਦਲ ਦੇ ਭਰਾ ਬਿਕਰਮਜੀਤ ਸਿੰਘ ਮਜੀਠਿਆ ''ਤੇ ਵੀ ਸਭ ਦੀ ਨਜ਼ਰ ਰਹੇਗੀ।

ਆਮ ਆਦਮੀ ਪਾਰਟੀ

ਭਗਵੰਤ ਮਾਨ - ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਤਾਂ ਹਨ ਪਰ ਇਸ ਵਿਧਾਨ ਸਭਾ ਚੋਣਾਂ ''ਚ ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਚੋਣ ਮੈਦਾਨ ''ਚ ਉਮੀਦਵਾਰ ਵਜੋਂ ਉਤਰਨਗੇ।

ਕੁੰਵਰ ਵਿਜੇ ਪ੍ਰਤਾਪ ਸਿੰਘ - ਪੰਜਾਬ ਪੁਲਿਸ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੁਲਿਸ ਤੋਂ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈਕੇ ਆਮ ਆਦਮੀ ਪਾਰਟੀ ਜੁਆਇੰਨ ਕੀਤੀ ਹੈ। ਬੇਅਦਬੀ ਮਾਮਲੇ ਦੀ ਜਾਂਚ ''ਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।

ਹਰਪਾਲ ਸਿੰਘ ਚੀਮਾ - ਸੁਖਪਾਲ ਸਿੰਘ ਖਹਿਰਾ ਤੋਂ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਲੈ ਕੇ ਕੇਜਰੀਵਾਲ ਨੇ ਹਰਪਾਲ ਸਿੰਘ ਚੀਮਾ ਨੂੰ ਦਿੱਤਾ ਸੀ।

ਬਲਜਿੰਦਰ ਕੌਰ - ਆਮ ਆਦਮੀ ਪਾਰਟੀ ''ਚ ਮਹਿਲਾਵਾਂ ਦੀ ਨੁਮਾਇੰਦਗੀ ਕਰਦੀ ਬਲਜਿੰਦਰ ਕੌਰ ਵੀ ਪਾਰਟੀ ਦਾ ਅਹਿਮ ਚਿਹਰਾ ਹੈ।

ਅਨਮੋਲ ਗਗਨ ਮਾਨ - ਪੰਜਾਬ ਦੀ ਜਾਣੀ-ਪਛਾਣੀ ਗਾਇਕਾ ਅਨਮੋਲ ਗਗਨ ਮਾਨ ਇਸ ਵਕਤ ਪੰਜਾਬ ਦੀ ਸਿਆਸਤ ''ਚ ਨਵਾਂ ਪਰ ਕਾਫ਼ੀ ਸਰਗਰਮ ਚਿਹਰਾ ਹੈ। ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਪਹਿਲਾਂ ਹੀ ਖਰੜ ਤੋਂ ਉਮੀਦਵਾਰ ਐਲਾਨ ਦਿੱਤਾ ਹੋਇਆ ਹੈ।

4. ਕਿਹੜੇ ਹੋਣਗੇ ਮੁੱਖ ਵਿਧਾਨ ਸਭਾ ਹਲਕੇ?

ਪਟਿਆਲਾ ਸ਼ਹਿਰੀ - ਕੈਪਟਨ ਅਮਰਿੰਦਰ ਸਿੰਘ ਦਾ ਹਲਕਾ

ਲੰਬੀ - ਪ੍ਰਕਾਸ਼ ਸਿੰਘ ਬਾਦਲ ਦਾ ਹਲਕਾ

ਜਲਾਲਾਬਾਦ - ਸੁਖਬੀਰ ਸਿੰਘ ਬਾਦਲ ਦਾ ਹਲਕਾ

ਅੰਮ੍ਰਿਤਸਰ (ਈਸਟ) - ਨਵਜੋਤ ਸਿੰਘ ਸਿੱਧੂ ਦਾ ਹਲਕਾ

ਚਮਕੌਰ ਸਾਹਿਬ - ਚਰਨਜੀਤ ਸਿੰਘ ਚੰਨੀ ਦਾ ਹਲਕਾ

ਇਹ ਵੀ ਪੜ੍ਹੋ

  • ਕੀ ਪੰਜਾਬ ਸਰਕਾਰ ਬਿਜਲੀ ਸਮਝੌਤੇ ਰੱਦ ਕਰ ਸਕਦੀ ਹੈ ਤੇ ਕੀ ਇਸ ਨਾਲ ਨਿੱਜੀ ਕੰਪਨੀਆਂ ਤੋਂ ਛੁੱਟੇਗਾ ''ਖਹਿੜਾ''
  • ਕੁੰਵਰ ਵਿਜੇ ਪ੍ਰਤਾਪ ਦੇ ‘AAP’ ’ਚ ਸ਼ਾਮਿਲ ਹੋਣ ਦਾ ਪੰਜਾਬ ਦੀ ਸਿਆਸਤ ’ਤੇ ਕੀ ਅਸਰ ਪਵੇਗਾ
  • ਕੋਟਕਪੂਰਾ ਗੋਲੀਕਾਂਡ ’ਚ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਕੀਤੇ ਜਾਣ ਦਾ ਅਕਾਲੀ ਦਲ ਨੂੰ ਕੀ ਨਫ਼ਾ-ਨੁਕਸਾਨ

5. ਪੰਜਾਬ ਦੀਆਂ ਵਿਧਾਨਸਭਾ ਚੋਣਾਂ ''ਚ ਮੁੱਖ ਮੁੱਦੇ ਕਿਹੜੇ ਰਹਿਣਗੇ?

ਖੇਤੀ ਕਾਨੂੰਨਾਂ ਦਾ ਵਿਰੋਧ - ਪਿਛਲੇ 7 ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਸਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ''ਤੇ ਬੈਠੇ ਹਨ। ਇਸ ਕਰਕੇ ਹੀ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ ਦਹਾਕਿਆਂ ਪੁਰਾਣਾ ਗਠਜੋੜ ਤੋੜ ਦਿੱਤਾ।

ਬੇਅਦਬੀ ਮਾਮਲੇ ''ਚ ਨਿਆਂ ਨਾ ਮਿਲਣਾ - ਬੇਅਦਬੀ ਮਾਮਲੇ ''ਚ ਅਜੇ ਵੀ ਨਿਆਂ ਦੀ ਦਰਕਾਰ ਹੈ। ਨਵਜੋਤ ਸਿੰਘ ਸਿੱਧੂ ਇਸ ਮੁੱਦੇ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰ ਚੁੱਕੇ ਹਨ।

ਬੇਰੁਜ਼ਗਾਰੀ - ਕੈਪਟਨ ਦਾ ''ਘਰ-ਘਰ ਨੌਕਰੀ'' ਦਾ ਵਾਅਦਾ ਪੰਜਾਬ ਦੀ ਸਿਆਸਤ ''ਚ ਕਈ ਵਾਰ ਭੁਚਾਲ ਲਿਆ ਚੁੱਕਿਆ ਹੈ।

ਨਸ਼ਾ, ਮਾਈਨਿੰਗ ਅਤੇ ਬਿਜਲੀ ਦੇ ਮੁੱਦਾ ਵੀ ਇਨ੍ਹਾਂ ਵਿਧਾਨਸਭਾ ਚੋਣਾਂ ''ਚ ਅਹਿਮ ਰਹਿਣਗੇ।

6. 2017 ਦੇ ਚੋਣ ਨਤੀਜੇ ਕੀ ਕਹਿੰਦੇ ਹਨ?

Getty Images
ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਕੇਂਦਰ ਸਰਕਾਰ ਵੱਲੋਂ 2020 ''ਚ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਤੋਂ ਵੱਖ ਹੋਣ ਦਾ ਫੈਸਲਾ ਲਿਆ

ਮੌਜੂਦਾ ਸਮੇਂ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸੂਬਾ ਸਰਕਾਰ ਚੱਲ ਰਹੀ ਹੈ।

ਚੋਣਾਂ ਤੋਂ ਮਹਿਜ਼ 4 ਮਹੀਨਿਆਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਵਿਧਾਇਕਾਂ ਅਤੇ ਮੰਤਰੀਆਂ ਦੇ ਵਿਰੋਧ ਦੇ ਚਲਦਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।

ਸਾਲ 2017 ਦੀਆਂ ਵਿਧਾਨਸਭਾ ਚੋਣਾਂ ਵਿੱਚ, ਇੰਡੀਅਨ ਨੈਸ਼ਨਲ ਕਾਂਗਰਸ ਨੇ 117 ਵਿਧਾਨਸਭਾ ਹਲਕਿਆਂ ''ਚੋਂ 77 ''ਤੇ ਜਿੱਤ ਹਾਸਲ ਕੀਤੀ ਸੀ।

ਪੰਜਾਬ ਚੋਣ ਮੈਦਾਨ ''ਚ ਪਹਿਲੀ ਵਾਰ ਉੱਤਰੀ ਆਮ ਆਦਮੀ ਪਾਰਟੀ 20 ਸੀਟਾਂ ''ਤੇ ਜਿੱਤ ਦਰਜ ਕਰਵਾ ਕੇ ਸੂਬੇ ਵਿੱਚ ਦੂਜੇ ਨੰਬਰ ਦੀ ਪਾਰਟੀ ਬਣ ਗਈ ਸੀ।

ਕਾਂਗਰਸ ਦੀ ਇਸ ਵੱਡੀ ਜਿੱਤ ਨੇ ਪੰਜਾਬ ਦੀ ਰਵਾਇਤੀ ਪਾਰਟੀ ਸ਼੍ਰੋਮਣੀ ਅਕਾਲੀ ਦਲ - ਭਾਜਪਾ ਗਠਜੋੜ ਨੂੰ ਸੂਬੇ ਦੀ ਸਿਆਸਤ ''ਚ ਤੀਸਰੇ ਪਾਇਦਾਨ ''ਤੇ ਲਿਆ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਨੂੰ 15 ਅਤੇ ਭਾਜਪਾ ਨੂੰ 3 ਸੀਟਾਂ ''ਤੇ ਜਿੱਤ ਹਾਸਲ ਹੋਈ ਸੀ।

ਲੋਕ ਇਨਸਾਫ਼ ਪਾਰਟੀ ਨੇ ਦੋ ਸੀਟਾਂ ''ਤੇ ਜਿੱਤ ਹਾਸਲ ਕੀਤੀ ਸੀ।

ਸ਼੍ਰੋਮਣੀ ਅਕਾਲੀ ਦਲ ਪਾਰਟੀ ਜੋ ਕਿ ਕਰੀਬ ਤਿੰਨ ਦਹਾਕਿਆਂ ਤੋਂ ਭਾਜਪਾ ਦੀ ਭਾਈਵਾਲ ਪਾਰਟੀ ਰਹੀ ਹੈ, ਨੇ ਕੇਂਦਰ ਸਰਕਾਰ ਵੱਲੋਂ 2020 ''ਚ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਤੋਂ ਵੱਖ ਹੋਣ ਦਾ ਫੈਸਲਾ ਲਿਆ।

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਗਠਜੋੜ ਕਰ ਲਿਆ।

ਆਮ ਆਦਮੀ ਪਾਰਟੀ ਨੇ ਸਾਲ 2017 ''ਚ ਲੋਕ ਇਨਸਾਫ ਪਾਰਟੀ ਨਾਲ ਗਠਜੋੜ ਕਰਕੇ ਚੋਣ ਲੜੀ ਸੀ ਪਰ ਬਾਅਦ ਵਿੱਚ ਇਹ ਗਠਜੋੜ ਵੀ ਟੁੱਟ ਗਿਆ।

•2017 ਦੀਆਂ ਵਿਧਾਨਸਭਾ ਚੋਣਾਂ ''ਚ ਕਾਂਗਰਸ ਪਾਰਟੀ ਨੂੰ 38.5 ਫ਼ੀਸਦ (59,24,995) ਵੋਟਾਂ ਮਿਲੀਆਂ ਸਨ।

•ਸ਼੍ਰੋਮਣੀ ਅਕਾਲੀ ਦਲ ਨੂੰ 25.3 ਫ਼ੀਸਦ (38,98,161) ਵੋਟਾਂ ਮਿਲੀਆਂ ਸਨ।

•ਆਮ ਆਦਮੀ ਪਾਰਟੀ ਨੂੰ 23.8 ਫ਼ੀਸਦ (36,59,266) ਵੋਟਾਂ ਮਿਲੀਆਂ ਸਨ।

•ਭਾਜਪਾ ਨੂੰ 5.3 ਫ਼ੀਸਦ (8,19,927) ਵੋਟਾਂ ਮਿਲੀਆਂ ਸਨ।

ਜੇਕਰ ਪੰਜਾਬ ਵਿੱਚ 2017 ਦੇ ਚੋਣ ਨਤੀਜਿਆਂ ਦੌਰਾਨ ਮਾਲਵਾ, ਮਾਝਾ ਅਤੇ ਦੁਆਬਾ ਦੇ ਸਮੀਕਰਨ ਨੂੰ ਸਮਝਣਾ ਚਾਹੀਏ ਤਾਂ ਅੰਕੜੇ ਕੁਝ ਇਸ ਤਰ੍ਹਾਂ ਹਨ -

ਮਾਲਵਾ - ਕਾਂਗਰਸ (40), ਆਮ ਆਦਮੀ ਪਾਰਟੀ (18), ਸ਼੍ਰੋਮਣੀ ਅਕਾਲੀ ਦਲ (8), ਭਾਰਤੀ ਜਨਤਾ ਪਾਰਟੀ (1), ਲੋਕ ਇਨਸਾਫ਼ ਪਾਰਟੀ (2)

ਮਾਝਾ - ਕਾਂਗਰਸ (22), ਸ਼੍ਰੋਮਣੀ ਅਕਾਲੀ ਦਲ (2), ਭਾਰਤੀ ਜਨਤਾ ਪਾਰਟੀ (1)

ਦੁਆਬਾ - ਕਾਂਗਰਸ (15), ਸ਼੍ਰੋਮਣੀ ਅਕਾਲੀ ਦਲ (5), ਆਮ ਆਦਮੀ ਪਾਰਟੀ (2), ਭਾਰਤੀ ਜਨਤਾ ਪਾਰਟੀ (1)

7. ਪਿਛਲੇ ਵਿਧਾਨ ਸਭਾ ਚੋਣਾਂ ਤੋਂ ਇਸ ਵਾਰ ਕੀ ਵੱਖ ਹੋਵੇਗਾ?

ਪਿਛਲੇ ਦੋ ਮਹੀਨਿਆਂ ਵਿੱਚ ਹੀ ਪੰਜਾਬ ਦੀ ਸਿਆਸਤ ਦੀ ਪੂਰੀ ਰੂਪ ਰੇਖਾ ਬਦਲ ਗਈ।

ਮੰਤਰੀਆਂ ਅਤੇ ਵਿਧਾਇਕਾਂ ਦੇ ਵਿਰੋਧ ਕਾਰਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਾ ਮੈਂ ਹੁਣ ਕਾਂਗਰਸ ਦਾ ਹਿੱਸਾ ਹੋਵਾਂਗਾ ਅਤੇ ਨਾ ਹੀ ਭਾਜਪਾ ’ਚ ਸ਼ਾਮਲ ਹੋਵਾਂਗਾ।

ਕੈਪਟਨ ਅਮਰਿੰਦਰ ਸਿੰਘ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਚੁੱਕੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕੋਈ ਸਹਿਮਤੀ ਬਣੀ ਤਾਂ ਉਹ ਭਾਜਪਾ ਨਾਲ ਮਿਲ ਕੇ ਚੋਣਾਂ ਲੜ ਸਕਦੇ ਹਨ। ਪਰ ਹਾਲੇ ਇਸ ਬਾਰੇ ਕੁਝ ਸਾਫ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ। ਸੁਖਜਿੰਦਰ ਰੰਧਾਵਾ ਅਤੇ ਓਪੀ ਸੋਨੀ ਨੂੰ ਉੱਪ ਮੁੱਖ ਮੰਤਰੀ ਬਣਾਇਆ ਗਿਆ।

ਚਰਨਜੀਤ ਸਿੰਘ ਚੰਨੀ ਦਲਿਤ ਭਾਈਚਾਰੇ ਤੋਂ ਆਉਣ ਵਾਲੇ ਪਹਿਲੇ ਮੁੱਖ ਮੰਤਰੀ ਹਨ।

ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਕਿਸੀ ਦਲਿਤ ਨੂੰ ਉੱਪ ਮੁੱਖ ਮੰਤਰੀ ਦਾ ਚਹਿਰਾ ਐਲਾਨਣ ਦੀ ਗੱਲ ਕਰ ਰਹੇ ਸਨ ਅਤੇ ਭਾਜਪਾ ਵੀ ਦਲਿਤ ਚਹਿਰੇ ਦੀ ਰਾਜਨਿਤੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਅਜਿਹੇ ’ਚ ਕਾਂਗਰਸ ਵੱਲੋਂ ਪਹਿਲਾਂ ਹੀ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਉਣਾ ਪੂਰੇ ਦੇਸ਼ ਦੀ ਸਿਆਸਤ ਵਿੱਚ ਸੁਰਖੀਆ ਬਟੋਰ ਗਿਆ।

ਦੂਜੇ ਪਾਸੇ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਖ਼ਤ ਵਿਰੋਧ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ, ਇਸ ਗੱਲ ਨੇ ਪੰਜਾਬ ਦੀ ਸਿਆਸਤ ’ਚ ਉਨ੍ਹਾਂ ਦਾ ਕੱਦ ਜ਼ਰੂਰ ਵੱਡਾ ਕੀਤਾ।

ਪਰ ਨਰਾਜ਼ ਹੋਕੇ ਸਿੱਧੂ ਦਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਅਤੇ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਤੋਂ ਬਾਅਦ ਅਸਤੀਫਾ ਵਾਪਸ ਲੈਣਾ ਵੀ ਉਨ੍ਹਾਂ ਦੀ ਸਿਆਸੀ ਸਮਝ ’ਤੇ ਕਈ ਸਵਾਲ ਖੜੇ ਕਰਦਾ ਹੈ।

ਇਸ ਵਾਰ ਅਕਾਲੀ ਦਲ ਆਪਣੀ ਦਹਾਕਿਆਂ ਪੁਰਾਣੀ ਭਾਈਵਾਲ ਪਾਰਟੀ ਭਾਜਪਾ ਤੋਂ ਵੱਖ ਹੋ ਚੁੱਕਿਆ ਹੈ ਅਤੇ ਇਸ ਵਾਰ ਦੀ ਚੋਣ ਉਹ ਬਹੁਜਨ ਸਮਾਜ ਪਾਰਟੀ ਦੇ ਨਾਲ ਗਠਜੋੜ ਨਾਲ ਲੜੇਗਾ। ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਜੇਕਰ 2022 ਦੀਆਂ ਵਿਧਾਨਸਭਾ ਚੋਣਾਂ ''ਚ ਪਾਰਟੀ ਜਿੱਤਦੀ ਹੈ ਤਾਂ ਉਪ ਮੁੱਖਮੰਤਰੀ ਇੱਕ ਦਲਿਤ ਹੋਵੇਗਾ।

ਸਾਬਕਾ ਆਈਪੀਐਸ ਅਫ਼ਸਰ ਕੁੰਵਰ ਵਿਜੇ ਪ੍ਰਤਾਪ ਦਾ ਸਾਥ ਆਮ ਆਦਮੀ ਪਾਰਟੀ ਲਈ ਵਰਦਾਨ ਸਾਬਤ ਹੋ ਸਕਦਾ ਹੈ। ਪਰ ਅਰਵਿੰਦ ਕੇਜਰੀਵਾਲ ਦਾ ਭਗਵੰਤ ਮਾਨ ਨੂੰ ਨਜ਼ਰਅੰਦਾਜ਼ ਕਰਨਾ ਪਾਰਟੀ ਨੂੰ ਵੱਡਾ ਝਟਕਾ ਵੀ ਦੇ ਸਕਦਾ ਹੈ।

ਬਾਕੀ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੇ ਵੀ ਪੰਜਾਬ ਦਾ ਸਿਆਸੀ ਸਮੀਕਰਣ ਵਿਗਾੜਿਆ ਹੋਇਆ ਹੈ। ਪੰਜਾਬ ਵਿੱਚ ਭਾਜਪਾ ਲਈ ਤਾਂ ਬਹੁਤ ਵੱਡੀ ਮੁਸੀਬਤ ਖੜੀ ਹੋ ਹੀ ਗਈ ਹੈ।

8. ਈਵੀਐਮ ਅਤੇ ਵੀਵੀਪੀਏਟੀ ਕੀ ਹੁੰਦਾ ਹੈ?

ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ਇੱਕ ਮਸ਼ੀਨ ਹੈ, ਜਿਸ ''ਤੇ ਉਮੀਦਵਾਰਾਂ ਦੇ ਨਾਮ ਅਤੇ ਪਾਰਟੀਆਂ ਦੇ ਚੋਣ ਨਿਸ਼ਾਨ ਬਣੇ ਹੁੰਦੇ ਹਨ।

ਉਮੀਦਵਾਰਾਂ ਦੇ ਨਾਮ ਉਨ੍ਹਾਂ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ ਜੋ ਹਲਕੇ ਵਿੱਚ ਜ਼ਿਆਦਾ ਬੋਲੀਆਂ ਜਾਂਦੀਆਂ ਹਨ।

ਅਨਪੜ੍ਹ ਵੋਟਰਾਂ ਲਈ ਹਰ ਉਮੀਦਵਾਰ ਦੀ ਪਛਾਣ ਚੋਣ ਨਿਸ਼ਾਨਾਂ ਨਾਲ ਵੀ ਹੁੰਦੀ ਹੈ। ਜਿਵੇਂ ਕਿ ਕਮਲ ਭਾਜਪਾ ਦਾ ਚੋਣ ਨਿਸ਼ਾਨ ਹੈ ਅਤੇ ਹੱਥ ਕਾਂਗਰਸ ਦਾ।

ਜਦੋਂ ਤੁਸੀਂ ਵੋਟ ਪਾਉਣ ਲਈ ਤਿਆਰ ਹੋ, ਆਪਣੇ ਪਸੰਦੀਦਾ ਉਮੀਦਵਾਰ ਦੇ ਨਾਮ ਦੇ ਅੱਗੇ ਲੱਗਿਆ ਨੀਲਾ ਬਟਨ ਦਬਾਓ।

ਥੋੜੀ ਦੇਰ ਰੁਕੋ, ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਵੋਟ ਰਿਕਾਰਡ ਹੋ ਗਿਆ ਹੈ।

ਇਹ ਓਦੋਂ ਹੀ ਹੋਵੇਗਾ ਜਦੋਂ ਤੁਹਾਨੂੰ ਬੀਪ ਦੀ ਆਵਾਜ਼ ਸੁਣਾਈ ਦੇਵੇਗੀ ਅਤੇ ਕੰਟਰੋਲ ਯੂਨਿਟ ਦੀ ਲਾਈਟ ਬੰਦ ਹੋ ਜਾਏਗੀ।

ਤੁਸੀਂ ਹੁਣ ਵੋਟ ਪਾ ਦਿੱਤੀ ਹੈ! ਵੋਟ ਪਾਉਣ ਤੋਂ ਬਾਅਦ ਪੋਲਿੰਗ ਅਫਸਰਾਂ ਦੇ ਈਵੀਐਮ ਦਾ "ਕਲੋਜ਼" ਬਟਨ ਦਬਾਉਣ ਦੇ ਬਾਅਦ ਮਸ਼ੀਨ ਵੋਟਾਂ ਰਿਕਾਰਡ ਕਰਨੀਆਂ ਬੰਦ ਕਰ ਦਿੰਦੀ ਹੈ ਤਾਂ ਕਿ ਇਸ ਨਾਲ ਕੋਈ ਛੇੜਛਾੜ ਨਾ ਹੋ ਸਕੇ।

ਇਸ ਨੂੰ ਮੋਮ ਅਤੇ ਸੁਰੱਖਿਅਤ ਸਟ੍ਰਿਪ ਦੇ ਨਾਲ ਸੀਲ ਕੀਤਾ ਜਾਂਦਾ ਹੈ ਅਤੇ ਚੋਣ ਕਮਿਸ਼ਨ ਦੁਆਰਾ ਸੀਰੀਅਲ ਨੰਬਰ ਦਿੱਤਾ ਜਾਂਦਾ ਹੈ।

ਵੋਟਾਂ ਦੀ ਗਿਣਤੀ ਸ਼ੁਰੂ ਹੋਣ ''ਤੇ ਹੀ ਇਸ ਨੂੰ ਖੋਲਿਆ ਜਾਂਦਾ ਹੈ।

ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਗਿਣਤੀ ਕਰਨ ਵਾਲਾ ਸਟਾਫ ਅਤੇ ਉਮੀਦਵਾਰਾਂ ਦੇ ਏਜੰਟ ਇਸ ਨੂੰ ਜਾਂਚਦੇ ਹਨ। ਇਹ ਸਾਰਾ ਕੁਝ "ਰਿਟਰਨਿੰਗ ਅਫਸਰ" ਦੀ ਨਿਗਰਾਨੀ ਵਿੱਚ ਹੁੰਦਾ ਹੈ।

ਜਦੋਂ ਰਿਟਰਨਿੰਗ ਅਫਸਰ ਤਸੱਲੀ ਕਰ ਲੈਂਦਾ ਹੈ ਕਿ ਵੋਟਿੰਗ ਮਸ਼ੀਨ ਨਾਲ ਛੇੜ ਛਾੜ ਨਹੀਂ ਹੋਈ ਹੈ, ਉਹ "ਰਿਜ਼ਲਟ" ਦਾ ਬਟਨ ਦਬਾਉਂਦਾ ਹੈ।

ਅਫਸਰ ਕੰਟਰੋਲ ਯੂਨਿਟ ''ਤੇ ਨਜ਼ਰ ਆ ਰਹੀਆਂ ਹਰ ਉਮੀਦਵਾਰ ਨੂੰ ਪਈਆਂ ਵੋਟਾਂ ਦਾ ਜਾਇਜ਼ਾ ਲੈਂਦਾ ਹੈ।

ਤਸੱਲੀ ਕਰਨ ਤੋਂ ਬਾਅਦ, ਰਿਟਰਨਿੰਗ ਅਫ਼ਸਰ ਨਤੀਜਿਆਂ ਦੀ ਸ਼ੀਟ ''ਤੇ ਸਾਈਨ ਕਰਦਾ ਹੈ ਅਤੇ ਚੋਣ ਕਮਿਸ਼ਨ ਨੂੰ ਦਿੰਦਾ ਹੈ।

ਚੋਣ ਕਮਿਸ਼ਨ ਨਾਲ ਦੇ ਨਾਲ ਨਤੀਜੇ ਨੂੰ ਆਪਣੀ ਵੈਬਸਾਈਟ ''ਤੇ ਦਿਖਾਉਂਦਾ ਹੈ।

ਵੀਵੀਪੀਏਟੀ ਯਾਨੀ ਵੋਟਰ ਵੇਰੀਫਾਇਬਲ ਪੇਪਰ ਆਡਿਟ ਟ੍ਰੇਲ ਵਿਵਸਥਾ ਦੇ ਤਹਿਤ ਵੋਟ ਪਾਉਣ ਤੋਂ ਤੁਰੰਤ ਬਾਅਦ ਕਾਗਜ਼ ਦੀ ਇੱਕ ਪਰਚੀ ਬਣਦੀ ਹੈ। ਇਸ ਉੱਤੇ ਜਿਸ ਉਮੀਦਵਾਰ ਨੂੰ ਵੋਟ ਦਿੱਤਾ ਗਿਆ ਹੈ , ਉਸ ਦਾ ਨਾਮ ਅਤੇ ਚੋਣ ਨਿਸ਼ਾਨ ਛੱਪਿਆ ਹੁੰਦਾ ਹੈ।

ਇਹ ਵਿਵਸਥਾ ਇਸ ਲਈ ਹੈ ਤਾਂਕਿ ਕਿਸੀ ਤਰ੍ਹਾਂ ਦਾ ਵਿਵਾਦ ਹੋਣ ''ਤੇ ਈਵੀਐਮ ''ਚ ਪਏ ਵੋਟ ਦੇ ਨਾਲ ਪਰਚੀ ਦਾ ਮਿਲਾਨ ਕੀਤਾ ਜਾ ਸਕੇ।

ਈਵੀਐਮ ''ਤੇ ਲੱਗੇ ਸ਼ੀਸ਼ੇ ਦੀ ਸਕ੍ਰੀਨ ''ਤੇ ਇਹ ਪਰਚੀ 7 ਸੈਕਿੰਡ ਤੱਕ ਦਿਖਦੀ ਹੈ।

ਭਾਰਤ ਇਲੈਕਟ੍ਰਾਨਿਕਸ ਲਿਮਿਟਡ ਅਤੇ ਇਲੈਕਟ੍ਰੋਨਿਕ ਕਾਰਪੋਰੇਸ਼ਨ ਆਫ਼ ਇੰਡੀਆ ਲਿਮਿਟਿਡ ਨੇ ਇਹ ਮਸ਼ੀਨ 2013 ਵਿੱਚ ਡਿਜ਼ਾਈਨ ਕੀਤੀ ਸੀ।

9. ਕੌਣ ਹੈ ਯੋਗ ਵੋਟਰ ਤੇ ਤੁਸੀਂ ਕਿਵੇਂ ਵੋਟ ਪਾ ਸਕਦੇ ਹੋ?

ਵੋਟ ਪਾਉਣ ਲਈ ਤੁਹਾਡੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ।

ਪੋਲਿੰਗ ਸਟੇਸ਼ਨ ਪਹੁੰਚਣ ਤੋਂ ਬਾਅਦ ਤੁਹਾਨੂੰ ਛੋਟੇ ਗਰੁੱਪਸ ਵਿੱਚ ਅੰਦਰ ਭੇਜਿਆ ਜਾਵੇਗਾ। ਜਦੋਂ ਤੁਹਾਡੀ ਵਾਰੀ ਆਏਗੀ, ਪੋਲਿੰਗ ਅਫ਼ਸਰ ਤੁਹਾਡੀ ਪਛਾਣ ਪੱਤਰ ਦੀ ਜਾਂਚ ਕਰੇਗਾ।

ਦੂਜਾ ਅਧਿਕਾਰੀ ਤੁਹਾਡੀ ਉਂਗਲ ''ਤੇ ਨਾ ਮਿਟ ਸਕਣ ਵਾਲੀ ਸਿਆਹੀ ਲਗਾਏਗਾ। ਇਸ ਤੋਂ ਬਾਅਦ ਤੁਸੀਂ ਵੋਟਰਾਂ ਦੇ ਰਜਿਸਟਰ ''ਤੇ ਸਾਈਨ ਕਰੋਗੇ।

ਤੀਜਾ ਪੋਲਿੰਗ ਅਧਿਕਾਰੀ ਤੁਹਾਡੀ ਵੋਟਰ ਸਲਿਪ ਲਵੇਗਾ ਅਤੇ ਈਵੀਐਮ ਦੇ ਕੰਟਰੋਲ ਯੂਨਿਟ ''ਤੇ ਬਟਨ ਦਬਾਏਗਾ ਜਿਸ ''ਤੇ "ਬੈਲਟ" ਲਿਖਿਆ ਹੈ।

ਤੁਸੀਂ ਹੁਣ ਵੋਟ ਪਾਉਣ ਲਈ ਤਿਆਰ ਹੋ।

ਤੁਹਾਨੂੰ ਵੋਟਿੰਗ ਕੰਪਾਰਟਮੈਂਟ ਵੱਲ ਭੇਜਿਆ ਜਾਵੇਗਾ ਜਿੱਥੇ ਤੁਹਾਨੂੰ ਈਵੀਐਮ ਦਿਖੇਗਾ ਜੋ ਤੁਹਾਡੇ ਵੋਟ ਨੂੰ ਰਿਕਾਰਡ ਕਰੇਗਾ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=zvaTVU3Nc1U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''882399b3-b347-495e-ad89-7a01ed2d1b26'',''assetType'': ''STY'',''pageCounter'': ''punjabi.india.story.58185014.page'',''title'': ''ਪੰਜਾਬ ਵਿਧਾਨ ਸਭਾ ਚੋਣਾਂ 2022 ਬਾਰੇ ਉਹ ਹਰ ਜਾਣਕਾਰੀ ਜੋ ਤੁਹਾਡੇ ਲਈ ਅਹਿਮ ਹੈ'',''published'': ''2021-10-26T10:54:36Z'',''updated'': ''2021-10-26T10:54:36Z''});s_bbcws(''track'',''pageView'');