ਤੇਲ ਦਾ ਵੱਡਾ ਭੰਡਾਰ ਰਹੀ ਪਾਣੀ ਦੀ ਇਸ ਝੀਲ ਦਾ ਰੰਗ ਹਰਾ ਹੋ ਰਿਹਾ ਹੈ, ਇਹ ਕੀ ਇਸ਼ਾਰਾ ਕਰਦਾ ਹੈ

10/23/2021 8:08:55 AM

Nasa Earth Observatory
ਪੱਛਮੀ ਵੈਨੇਜ਼ੂਏਲਾ ਵਿੱਚ ਸਥਿਤ ਲੇਕ ਮਾਰਾਕਾਇਬੋ ਨੇ ਦੇਸ਼ ਦੀ ਆਰਥਿਕਤਾ ਨੂੰ ਕਾਫ਼ੀ ਲੰਬਾ ਸਮਾਂ ਸਹਾਰਾ ਦਿੱਤਾ ਹੈ

ਦੱਖਣੀ ਅਮਰੀਕਾ ਦੀ ਸਭ ਤੋਂ ਵੱਡੀ ਝੀਲ ਲੰਮੇ ਸਮੇਂ ਤੋਂ ਤੇਲ ਦਾ ਭੰਡਾਰ ਰਹੀ ਹੈ ਪਰ ਬਹੁਤ ਸਾਰੇ ਲੋਕ ਹੁਣ ਇਸ ਨੂੰ ਵਾਤਾਵਰਨ, ਅਰਥ ਵਿਵਸਥਾ ਅਤੇ ਮਨੁੱਖਾਂ ਲਈ ਖ਼ਤਰੀਆਂ ਦੀ ਇੱਕ ਤ੍ਰਾਸਦੀ ਵਜੋਂ ਵੇਖ ਰਹੇ ਹਨ।

ਵਾਤਾਵਰਨ, ਅਰਥ ਵਿਵਸਥਾ ਅਤੇ ਮਨੁੱਖੀ ਸਿਹਤ ਲਈ ਖਤਰੇ ਦੀ ਤ੍ਰਾਸਦੀ - ਵਾਤਾਵਰਨ ਦੇ ਮਾਹਰ ਅਤੇ ਵਿਗਿਆਨੀ ਕੁਝ ਇਸੇ ਤਰ੍ਹਾਂ ਮਾਰਾਕਾਇਬੋ ਝੀਲ ਬਾਰੇ ਗੱਲ ਕਰ ਰਹੇ ਹਨ। ਵੇਨੇਜੁਏਲਾ ਦੇ ਤੇਲ ਦੇ ਉਦਯੋਗ ਦਾ ਦਿਲ ਕਹੇ ਜਾਣ ਵਾਲੀ ਇਹ ਝੀਲ ਕਿਸੇ ਸਮੇਂ ਦੇਸ਼ ਦੀ ਅਰਥ ਵਿਵਸਥਾ ਨੂੰ ਚਲਾਉਣ ਵਾਲਾ ਮੁੱਖ ਸਰੋਤ ਸੀ।

ਸੈਟੇਲਾਈਟ ਤੋਂ ਲਈਆਂ ਗਈਆਂ ਤਸਵੀਰਾਂ ਵਿੱਚ ਇਹ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਦੱਖਣੀ ਅਮਰੀਕਾ ਦੀ ਸਭ ਤੋਂ ਵੱਡੀ ਝੀਲ ਦੇ ਪਾਣੀ ਦਾ ਰੰਗ ਹਰਾ ਹੋ ਰਿਹਾ ਹੈ ਅਤੇ ਤੇਲ ਦੇ ਕਣ ਇਸ ਦੀ ਉੱਪਰਲੀ ਸਤਿਹ ''ਤੇ ਨਜ਼ਰ ਆ ਰਹੇ ਹਨ।

1300 ਵਰਗ ਕਿਲੋਮੀਟਰ ਵਿੱਚ ਫੈਲੀ ਇਹ ਝੀਲ ਇੱਕ ਤੰਗ ਨਹਿਰ ਦੇ ਜ਼ਰੀਏ ਕੈਰੇਬੀਅਨ ਸਾਗਰ ਨਾਲ ਜੁੜੀ ਹੋਈ ਹੈ। ਮੰਨਿਆ ਜਾਂਦਾ ਹੈ ਕਿ ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਝੀਲਾਂ ਵਿਚੋਂ ਇੱਕ ਹੈ ਅਤੇ ਦਹਾਕਿਆਂ ਤੋਂ ਵੈਨੇਜੁਏਲਾ ਦੇ ਤੇਲ ਦੇ ਉਦਯੋਗ ਦਾ ਮੁੱਖ ਕੇਂਦਰ ਰਹੀ ਹੈ, ਜਿਸ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਦਾ ਵਿਕਾਸ ਕੀਤਾ ਹੈ।

ਇਸ ਨੇ ਉਨ੍ਹਾਂ ਲੋਕਾਂ ਨੂੰ ਵੀ ਰੁਜ਼ਗਾਰ ਦਿੱਤਾ ਹੈ ਜੋ ਇਸਤੇਮਾਲ ਜਾਂ ਵੇਚਣ ਲਈ ਮੱਛੀਆਂ, ਕੇਕੜੇ ਅਤੇ ਝੀਂਗੇ ਫੜਨ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ:

  • CBSE ਵੱਲੋਂ ‘ਪੰਜਾਬੀ’ ਨੂੰ ਮਾਈਨਰ ਸੂਚੀ ਵਿੱਚ ਰੱਖਣ ਦੇ ਫੈਸਲੇ ਉੱਤੇ ਕਿਉਂ ਉੱਠ ਰਹੇ ਨੇ ਸਵਾਲ
  • ਅਮਰੀਕਾ ਵਿੱਚ ਡਾਕਟਰਾਂ ਨੇ ਇੱਕ ਸ਼ਖ਼ਸ ''ਚ ਟਰਾਂਸਪਲਾਂਟ ਕੀਤੀ ਸੂਰ ਦੀ ਕਿਡਨੀ
  • ਡੇਂਗੂ: ਪੰਜਾਬ ਵਿੱਚ ਦਸ ਹਜ਼ਾਰ ਤੋਂ ਵੱਧ ਮਰੀਜ਼, ਸੂਬੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ
Getty Images
ਝੀਲ ਦੀ ਸਤਹਿ ਉੱਪਰ ਤੇਲ ਅਕਸਰ ਦੇਖਿਆ ਜਾਂਦਾ ਹੈ ਪਰ ਅਸਲੀ ਤਬਾਹੀ ਤਾਂ ਉਸ ਦੇ ਤਲ ਉੱਪਰ ਹੋਈ ਹੈ

ਨਾਸਾ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀਆਂ ਗਈਆਂ ਤਸਵੀਰਾਂ ਵਿੱਚ ਹਰੇ, ਭੂਰੇ ਅਤੇ ਸਲੇਟੀ ਰੰਗ ਦੇ ਪ੍ਰਦੂਸ਼ਣ ਦੇ ਲਹਿਰੀਏ ਨਜ਼ਰ ਆ ਰਹੇ ਹਨ ਜੋ ਝੀਲ ਵਿੱਚ ਹੀ ਲੁਪਤ ਹੋ ਰਹੇ ਹਨ।

ਬਾਇਓਲੌਜਿਸਟ ਯੂਰਾਸੀ ਬ੍ਰੀਸਿਨੋ, ਇਸ ਖੇਤਰ ਵਿੱਚ 2017 ਤੋਂ ਕੰਮ ਕਰ ਰਹੇ ਹਨ ਅਤੇ ਕਹਿੰਦੇ ਹਨ ਕਿ ਇਹ ਹਰਾ ਰੰਗ ਕਾਈ ਦੇ ਕਾਰਨ ਦਿਖਾਈ ਦੇ ਰਿਹਾ ਹੈ ਜੋ ਕਿ ਇਸ ਵੇਲੇ ਪਾਣੀ ਵਿੱਚ ਮੌਜੂਦ ਨਿਊਟ੍ਰੀਐਂਟਸ (ਤੱਤਾਂ) ਨੂੰ ਭੋਜਨ ਵਜੋਂ ਇਸਤੇਮਾਲ ਕਰਦੀ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, ਹਾਲਾਂਕਿ ਪਹਿਲੀ ਨਜ਼ਰ ਵਿੱਚ ਇਹ ਕੋਈ ਸਮੱਸਿਆ ਨਹੀਂ ਜਾਪਦਾ ਪਰ, "ਮੱਛੀਆਂ ਫੜਨ ਲਈ ਇਹ ਇੱਕ ਤ੍ਰਾਸਦੀ ਵਰਗਾ ਹੈ।"

ਇਹ ਕਾਈ ਕਿਆਨੋਬੈਕਟੀਰੀਆ ਤੋਂ ਬਣਦੀ ਹੈ, ਇੱਕ ਬੈਕਟੀਰੀਆ ਜੋ ਕਿ ਪ੍ਰਕਾਸ਼ ਸੰਸਲੇਸ਼ਣ ਕਰ ਸਕਦੇ ਹਨ ਅਤੇ ਨਾਈਟ੍ਰੋਜਨ ਅਤੇ ਫਾਸਫੋਰਸ ਵਰਗੇ ਨਿਊਟ੍ਰੀਐਂਟਸ ਨੂੰ ਖਾ ਕੇ ਵਧ ਸਕਦੇ ਹਨ। ਇਹ ਝੀਲ ਦੇ ਕਿਨਾਰੇ ਅਤੇ ਨੇੜੇ-ਤੇੜੇ ਰਹਿੰਦੇ ਲੋਕਾਂ ਦੁਆਰਾ ਘਰੇਲੂ ਅਤੇ ਉਦਯੋਗਿਕ ਨਿਕਾਸ ਦੁਆਰਾ ਝੀਲ ਵਿੱਚ ਆਉਂਦੇ ਹਨ।

Getty Images
ਲੇਕ ਮਾਰਾਕਾਇਬੋ ਵਿੱਚ ਤੇਲ ਕੱਢਣ ਲਈ ਹਜ਼ਾਰਾ ਪਲੇਟਫਾਰਮ ਅਤੇ ਢਾਂਚੇ ਹਨ

ਲੇਕ ਮਾਰਾਕਾਇਬੋ

ਇਸ ਦੇ ਨਾਲ ਝੀਲ ਦੀ ਉੱਪਰੀ ਪਰਤ ''ਤੇ ਨਾਈਟ੍ਰੋਜਨ ਇਕੱਠੀ ਹੁੰਦੀ ਹੈ ਅਤੇ ਕਾਈ ਵਧਦੀ ਰਹਿੰਦੀ ਹੈ।

ਉਹ ਦੱਸਦੇ ਹਨ ਕਿ ਇਹ ਕਾਈ ਇੱਕ ਪਰਤ ਬਣਾ ਦਿੰਦੀ ਹੈ ਜੋ ਸੂਰਜ ਦੀ ਰੌਸ਼ਨੀ ਝੀਲ ਦੀ ਅੰਦਰਲੀ ਸਤਹਿ ਤੱਕ ਜਾਣ ਤੋਂ ਰੋਕਦੀ ਹੈ ਅਤੇ ਵਨਸਪਤੀ ਨੂੰ ਕੁਦਰਤੀ ਤੌਰ ''ਤੇ ਵਧਣ ਤੋਂ ਰੋਕਦੀ ਹੈ।

ਇਸਦੇ ਨਾਲ ਹੀ ਇਹ ਆਕਸੀਜਨ ''ਤੇ ਰੋਕ ਲਗਾਉਂਦਿਆਂ ਅਤੇ ਮੱਛੀਆਂ ਤੇ ਹੋਰ ਪ੍ਰਜਾਤੀਆਂ ਨੂੰ ਖਤਮ ਕਰਦਿਆਂ, ਤਲ ''ਤੇ ਮੌਜੂਦ ਪੌਦਿਆਂ ਲਈ ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਨੂੰ ਵੀ ਰੋਕ ਦਿੰਦੀ ਹੈ।

ਬ੍ਰੀਸਿਨੋ ਕਹਿੰਦੇ ਹਨ, "ਜਦੋਂ ਕਾਈ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਤਾਂ ਪਾਣੀ ਵਿੱਚ ਮੌਜੂਦ ਆਕਸੀਜਨ ਦਾ ਇਸਤੇਮਾਲ ਕਰਨ ਲੱਗਦੀ ਹੈ। ਫਿਰ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਉਨ੍ਹਾਂ ਨੂੰ ਆਕਸੀਜਨ ਪੂਰੀ ਤਰ੍ਹਾਂ ਨਹੀਂ ਮਿਲ ਪਾਉਂਦੀ।"

"ਫਿਰ ਤੁਸੀਂ ਮੱਛੀਆਂ ਦੀ ਗਿਣਤੀ ਵਿੱਚ ਵੀ ਕਮੀ ਦੇਖਦੇ ਹੋ।"

Getty Images
ਝੀਲ ਦੇ ਕਿਨਾਰਿਆਂ ਉੱਪਰ ਵਸਣ ਵਾਲੇ ਭਾਈਚਾਰਿਆਂ ਉਪਰ ਗੰਭੀਰ ਅਸਰ ਪਏ ਹਨ

ਕਾਈ ਵਿੱਚ ਕੁਝ ਜ਼ਹਿਰੀਲੇ ਤੱਤ ਵੀ ਹੋ ਸਕਦੇ ਹਨ ਜੋ ਕਿ ਮਨੁੱਖਾਂ ਲਈ ਹਾਨੀਕਾਰਕ ਹੋ ਸਕਦੇ ਹਨ।

"ਜਦੋਂ ਮਛਲੀਆਂ ਇਸ ਕਾਈ ਨੂੰ ਖਾਂਦੀਆਂ ਹਨ ਅਤੇ ਫਿਰ ਮਨੁੱਖ ਉਨ੍ਹਾਂ ਮਛਲੀਆਂ ਨੂੰ ਖਾਂਦੇ ਹਨ ਤਾਂ ਉਹ ਤੱਤ ਮਨੁੱਖੀ ਸਰੀਰ ਵਿੱਚ ਚਲੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੇ ਇਕੱਠੇ ਹੋਣ ਨਾਲ ਸਿਹਤ ''ਤੇ ਪ੍ਰਭਾਵ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ।

ਤੇਲ ਰਿਸਾਅ

ਪਰ ਜੋ ਚੀਜ਼ ਬੀਬੀਸੀ ਨਾਲ ਗੱਲਬਾਤ ਕਰਨ ਵਾਲੇ ਵਿਗਿਆਨੀਆਂ ਨੂੰ ਜ਼ਿਆਦਾ ਚਿੰਤਤ ਕਰ ਰਹੀ ਹੈ ਉਹ ਹੈ ਸੈਟੇਲਾਈਟ ਦੁਆਰਾ ਲਈਆਂ ਗਈਆਂ ਤਸਵੀਰਾਂ ਵਿੱਚ ਦਿਖਾਈ ਦੇਣ ਵਾਲਾ ਤੇਲ ਦਾ ਰਿਸਾਅ।

ਮਾਰਾਕਾਇਬੋ ਝੀਲ, ਵੇਨੇਜੁਏਲਾ ਵਿੱਚ ਸਭ ਤੋਂ ਜ਼ਿਆਦਾ ਤੇਲ ਪੈਦਾ ਕਰਨ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਅਤੇ ਇਹ ਤੇਲ ਉਦਯੋਗ ਦੇ ਇੱਕ ਪ੍ਰਤੀਕ ਵਜੋਂ ਵੇਖੀ ਜਾਂਦੀ ਰਹੀ ਹੈ। ਪਰ ਹੁਣ ਇਹ ਜੰਗਲੀ ਜੀਵਨ, ਪਾਣੀ ਦੀ ਗੁਣਵੱਤਾ ਅਤੇ ਮਨੁੱਖੀ ਜੀਵਨ ਨੂੰ ਖਤਰੇ ਵਿੱਚ ਪਾ ਰਹੀ ਹੈ।

ਸਿਮੋਨ ਬੋਲੀਵਰ ਯੂਨੀਵਰਸਿਟੀ ਵਿੱਚ ਮਰਿਨ ਬਾਇਓਡਾਈਵਰਸਿਟੀ ਸੈਂਟਰ ਦੇ ਇੱਕ ਵਿਗਿਆਨੀ ਐਡੂਆਰਡੋ ਕਲੇਨ ਕਹਿੰਦੇ ਹਨ, “ਝੀਲ ਦੇ ਵਿੱਚ ਅਤੇ ਆਲੇ-ਦੁਆਲੇ 10 ਹਜ਼ਾਰ ਤੋਂ ਜ਼ਿਆਦਾ ਤੇਲ ਫੈਸਿਲਿਟੀਆਂ ਹਨ ਜਿਨ੍ਹਾਂ ਦੀਆਂ ਪਾਈਪਾਂ ਇਸਦੀ ਸਤਹਿ ''ਤੇ ਹਜ਼ਾਰਾਂ ਕਿਲੋਮੀਟਰ ਤੱਕ ਫੈਲੀਆਂ ਹੋਈਆਂ ਹਨ।”

ਇਹ ਵੀ ਪੜ੍ਹੋ:

  • ਗਲਾਸਗੋ ਕਲਾਈਮੇਟ ਕਾਨਫਰੰਸ ਕੀ ਹੈ ਅਤੇ ਇਹ ਸਾਨੂੰ ਕਿਵੇਂ ਪ੍ਰਭਾਵਿਤ ਕਰੇਗਾ
  • ਜਲਵਾਯੂ ਰਿਪੋਰਟ ''ਚ ਭਾਰਤ ਸਣੇ ਕਈ ਮੁਲਕ ਬਦਲਾਅ ਦੀਆਂ ਕੋਸ਼ਿਸਾਂ ਕਰ ਰਹੇ ਹਨ - ਲੀਕ ਹੋਏ ਦਸਤਾਵੇਜ਼ਾਂ ’ਚ ਖੁਲਾਸਾ
  • ਵਾਤਾਵਰਨ ਤਬਦੀਲੀ- ਕਿਉਂ ਸਾਨੂੰ ਚਿੰਤਾ ਕਰਨ ਦੀ ਲੋੜ ਹੈ-
  • ਜਲਵਾਯੂ ਤਬਦੀਲੀ ਕੀ ਹੈ? ਸੌਖੇ ਸ਼ਬਦਾਂ ਵਿੱਚ ਸਮਝੋ
Nasa Earth Observatory
ਨਾਸਾ ਵੱਲੋਂ ਰਿਸੇ ਹੋਏ ਤੇਲ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ

“ਇਨ੍ਹਾਂ ਵਿੱਚੋਂ ਕੁਝ ਤਾਂ 50 ਸਾਲਾਂ ਤੋਂ ਵੀ ਜ਼ਿਆਦਾ ਪੁਰਾਣੀਆਂ ਹਨ ਅਤੇ ਉਨ੍ਹਾਂ ਦੀ ਕੋਈ ਦੇਖਭਾਲ ਵੀ ਨਹੀਂ ਕੀਤੀ ਗਈ ਹੈ। ਉਹ ਕਹਿੰਦੇ ਹਨ, "ਇਹ ਬਹੁਤ ਪੁਰਾਣੀਆਂ ਲੱਗੀਆਂ ਹੋਈਆਂ ਹਨ ਜੋ ਕਿ ਅਕਸਰ ਕੰਮ ਕਰਨਾ ਬੰਦ ਕਰ ਦਿੰਦਿਆਂ ਹਨ ਜਾਂ ਇਨ੍ਹਾਂ ਵਿੱਚੋਂ ਰਿਸਾਅ ਹੋਣ ਲੱਗਦਾ ਹੈ।"

ਉਹ ਕਹਿੰਦੇ ਹਨ ਕਿ ਰਿਸਾਅ ਦੀ ਜਾਣਕਾਰੀ ਲਈ ਉਹ ਹਰ ਰੋਜ਼ ਸੈਟੇਲਾਈਟ ਦੀਆਂ ਤਸਵੀਰਾਂ ਦੇਖਦੇ ਹਨ।

"ਇਹ ਕੇਵਲ ਨਾਸਾ ਦੁਆਰਾ ਦਿਖਾਈਆਂ ਗਈਆਂ ਤਸਵੀਰਾਂ ਬਾਰੇ ਨਹੀਂ ਹਨ, ਹਰ ਵਾਰ ਜਦੋਂ ਤੁਸੀਂ ਮਾਰਾਕਾਇਬੋ ਝੀਲ ਦੀ ਕੋਈ ਤਸਵੀਰ ਵੇਖਦੇ ਹੋ, ਤੁਸੀਂ ਵੱਖ-ਵੱਖ ਥਾਵਾਂ ''ਤੇ ਹੋ ਰਹੇ ਤੇਲ ਦੇ ਰਿਸਾਅ ਨੂੰ ਵੀ ਵੇਖ ਸਕਦੇ ਹੋ। ਫਿਰ ਭਾਵੇਂ ਇਹ ਝੀਲ ਦੇ ਵਿਚਕਾਰ ਹੋਵੇ ਜਾਂ ਫਿਰ ਤੱਟ ''ਤੇ ਅਤੇ ਖਾਸ ਕਰਕੇ ਪੂਰਬੀ ਤੱਟ ''ਤੇ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

NASA Earth Observatory
ਝੀਲ ਦਾ ਹਰਾ ਰੰਗ ਕਾਈ ਕਾਰਨ ਹੈ

ਬੀਬੀਸੀ ਦੀ ਸਪੈਨਿਸ਼ ਭਾਸ਼ਾ ਸੇਵਾ, ਬੀਬੀਸੀ ਮੁੰਡੋ ਨੇ ਵੈਨੇਜੁਏਲਾ ਦੀ ਪੀਪਲਜ਼ ਮਿਨਿਸਟ੍ਰੀ ਆਫ ਪਾਵਰ ਫਾਰ ਇਕੋਸੋਸ਼ਲਿਜ਼ਮ ਅਤੇ ਤੇਲ ਮੰਤਰਾਲੇ ਨੂੰ ਵੱਖ-ਵੱਖ ਤਰੀਕਿਆਂ ਨਾਲ ਅਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਮੀਡੀਆ ਨਾਲ ਗੱਲ ਕਰਨ ਲਈ ਉਹ ਸਹੀ ਅਧਿਕਾਰੀ ਨਹੀਂ ਹਨ।

ਵੇਨੇਜੂਏਲਿਅਨ ਅਕੁਐਟੀਕ ਅਥਾਰਿਟੀ ਵਿੱਚ ਮੈਰੀਟਾਇਮ ਸੇਫਟੀ ਦੇ ਮੁਖੀ ਜੋਸ ਲਾਰਾ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਸੰਭਵ ਹੈ ਕਿ ਪਾਈਪ ''ਚੋਂ ਰਿਸਾਅ "ਹੋ ਸਕਦਾ ਹੈ"।

ਜਦੋਂ ਉਨ੍ਹਾਂ ਨੂੰ ਨਾਸਾ ਦੀਆਂ ਤਸਵੀਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਪੁਸ਼ਟੀ ਨਹੀਂ ਕਰ ਸਕਦੇ।

Getty Images
ਝੀਲ ਵਿੱਚ ਤੇਲ ਦਾ ਰਿਸਣਾ ਵੀ ਇਸ ਦੇ ਗੰਦਲੇ ਹੋਣ ਦਾ ਬਹੁਤ ਵੱਡਾ ਕਾਰਨ ਹੈ

ਦੇਖਭਾਲ ਵਿੱਚ ਕਮੀ

ਅਧਿਕਾਰਤ ਡੇਟਾ ਨਾ ਹੋਣ ਕਾਰਨ, ਵਿਗਿਆਨੀਆਂ ਲਈ ਸੈਟੇਲਾਈਟ ਤਸਵੀਰਾਂ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਉਣਾ ਔਖਾ ਹੈ ਕਿ ਤੇਲ ਦਾ ਰਿਸਾਅ ਕਿੰਨੀ ਮਾਤਰਾ ਵਿੱਚ ਹੋਇਆ ਹੈ ਅਤੇ ਕਿੰਨੀ ਵਾਰ ਹੋਇਆ ਹੈ, ਕਿਉਂਕਿ ਹੋ ਸਕਦਾ ਹੈ ਕਿ ਤਸਵੀਰਾਂ ਵਿੱਚ ਬੱਦਲਾਂ ਕਾਰਨ ਕੁਝ ਸਾਫ ਨਾ ਦਿਖਾਈ ਦੇਵੇ। ਕਲੇਨ ਕਹਿੰਦੇ ਹਨ ਕਿ ਰਡਾਰ ਤਸਵੀਰਾਂ ਇੱਕ ਹੋਰ ਵਿਕਲਪ ਹੋ ਸਕਦੀਆਂ ਹਨ ਪਰ ਇਹ ਵੀ ਕੋਈ ਪ੍ਰਮਾਣਿਤ ਸਰੋਤ ਨਹੀਂ ਹਨ।

PDVSA, ਸਾਲਾਂ ਤੋਂ ਵੈਨੇਜੁਏਲਾ ਦਾ ਸੂਬਾਈ ਅਧਿਕਾਰ ਵਾਲਾ ਉਦਯੋਗ ਹੈ ਜਿਸ ਕੋਲ ਉੱਪਰੋਂ ਨਜ਼ਰ ਰੱਖਣ ਅਤੇ ਰਿਸਾਅ ਨੂੰ ਨਿਯੰਤਰਿਤ ਕਰਨ ਵਾਲੀ ਪ੍ਰਣਾਲੀ ਹੈ।

ਕਲੇਨ ਕਹਿੰਦੇ ਹਨ, "ਰਿਸਾਅ ਹੁੰਦੇ ਹਨ ਪਰ ਛੇਤੀ ਹੀ ਨਿਯੰਤਰਿਤ ਕਰ ਲਏ ਜਾਂਦੇ ਹਨ।" ਪਰ ਹੁਣ ਇਹ ਤਾਂ ਕੋਈ ਮਾਮਲਾ ਹੀ ਨਹੀਂ ਹੈ।

Getty Images
ਲੇਕ ਮਾਰਾਕਾਇਬੋ ਵਿੱਚ ਪ੍ਰਦੂਸ਼ਣ ਲਹਿਰਾਂ ਕਾਰਨ ਸਾਰੀ ਝੀਲ ਵਿੱਚ ਫ਼ੈਲ ਜਾਂਦੀ ਹੈ

ਉਹ ਕਹਿੰਦੇ ਹਨ ਕਿ ਝੀਲ ਤੋਂ ਸਟੇਟ ਆਫ ਫਾਲਕੋਨ ਦੀਆਂ ਕਾਰਡੌਨ ਅਤੇ ਅਮੁਏ ਰਿਫਾਇਨਰੀਆਂ ਤੱਕ ਤੇਲ ਲੈ ਕੇ ਜਾਣ ਵਾਲੀ ਪਾਈਪਲਾਈਨ, ਇੱਕ ਸਾਲ ਵਿੱਚ ਘੱਟੋ-ਘੱਟ 5 ਵਾਰ, 5 ਵੱਖ-ਵੱਖ ਥਾਵਾਂ ''ਤੇ ਖਰਾਬ ਹੋ ਚੁੱਕੀ ਹੈ।

"ਅਤੇ ਜੋ ਅਸੀਂ ਦੇਖ ਰਹੇ ਹਾਂ, ਉਸਦੇ ਅਨੁਸਾਰ ਇਸਨੂੰ ਠੀਕ ਕਰਨ ਲਈ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਜ਼ਰਾ ਸੋਚੋ, ਇੱਕ ਮਹੀਨੇ ਤੱਕ ਹਾਈਡ੍ਰੋਕਾਰਬਨ ਦਾ ਰਿਸਾਅ ਹੁੰਦਾ ਰਹੇਗਾ।"

ਇਹ ਝੀਲ ਵੇਨੇਜੁਏਲਾ ਵਿੱਚ ਕੋਈ ਇਕਲੌਤੀ ਝੀਲ ਨਹੀਂ ਹੈ ਜਿਸ ਵਿੱਚ ਹਾਲ ਦੇ ਸਾਲਾਂ ਵਿੱਚ ਤੇਲ ਦਾ ਰਿਸਾਅ ਹੋਇਆ ਹੋਵੇ।

PDVSA ਕਰਮਚਾਰੀਆਂ ਦੀ ਯੂਨੀਅਨ ਦੇ ਬੁਲਾਰੇ ਇਵਾਨ ਫਰੇਟਿਸ ਕਹਿੰਦੇ ਹਨ, “ਇਹ ਘਟਨਾਵਾਂ ਵਾਤਾਵਰਨ, ਝੀਲ ਅਤੇ ਬੀਚਾਂ ਨੂੰ ਬਚਾਉਣ ਲਈ ਜ਼ਰੂਰੀ ਨਿਵੇਸ਼ਾਂ ਵਿੱਚ ਕਮੀ ਦਾ ਨਤੀਜਾ ਹਨ।”

Getty Images
ਪ੍ਰਦੂਸ਼ਣ ਦਾ ਝੀਲ ਦੇ ਜੀਵਾਂ ਉੱਪਰ ਅਸਰ ਪੈਣ ਦਾ ਉਨ੍ਹਾਂ ਨੂੰ ਖਾਣ ਵਾਲਿਆਂ ਉੱਪਰ ਵੀ ਗੰਭੀਰ ਅਸਰ ਪਿਆ ਹੈ

ਉਹ ਕਹਿੰਦੇ ਹਨ ਕਿ ਕੰਪਨੀ ਕੋਲ ਰਿਫਾਇਨਰੀਆਂ ਅਤੇ ਪਾਈਪਲਾਈਨਾਂ ਠੀਕ ਕਰਨ ਲਈ ਨਾ ਤਾਂ ਲੋਕ ਹਨ ਅਤੇ ਨਾ ਹੀ ਪੈਸਾ ਹੈ।

''ਲੰਮੇ ਸਮੇਂ ਤੱਕ ਹੋਣ ਵਾਲਾ ਨੁਕਸਾਨ''

ਰਿਸਾਅ ਹੋਣ ਤੋਂ ਬਾਅਦ, ਤੇਲ ਪਾਣੀ ਦੇ ਉੱਪਰ ਤੈਰਨ ਲੱਗਦਾ ਹੈ। ਕੁਝ ਸਮੇਂ ਮਗਰੋਂ, ਭਾਰੀ ਤੱਤਾਂ ਨੂੰ ਪਾਣੀ ਵਿੱਚ ਹੀ ਛੱਡਣ ਤੋਂ ਬਾਅਦ ਵਧੇਰੇ ਪਰਿਵਰਤਨਸ਼ੀਲ ਤੱਤ ਗਾਇਬ ਹੋ ਜਾਂਦੇ ਹਨ।

ਇਹ ਭਾਰੀ ਤੱਤ "ਬਾਲਸ" (ਗੋਲੇ) ਜਾਂ ਸਮੂਹ ਜਿਹੇ ਬਣਾ ਕੇ ਪਾਣੀ ਦੇ ਅੰਦਰਲੀ ਸਤਹਿ ''ਤੇ ਬੈਠ ਜਾਂਦੇ ਹਨ ਅਤੇ ਚਿੱਕੜ ਵਿੱਚ ਇੱਕ ਪਰਤ ਬਣਾਉਂਦੇ ਹਨ, ਜੋ ਕਿ ਉਥੇ ਮੌਜੂਦ ਪ੍ਰਜਾਤੀਆਂ ਨੂੰ ਪ੍ਰਭਾਵਿਤ ਕਰਦੀ ਹੈ।

ਕਲੇਨ ਕਹਿੰਦੇ ਹਨ, "ਰਿਸਾਅ ਦਾ ਪ੍ਰਭਾਵ ਅਸੀਂ ਤੇਲ ਨਾਲ ਲਿੱਬੜੇ ਪੰਛੀਆਂ ਅਤੇ ਲੋਕਾਂ ਵੱਲੋਂ ਬੀਚਾਂ ਦੀ ਸਫਾਈ ਵਜੋਂ ਦੇਖਦੇ ਹਾਂ। ਪਰ ਸਿਰਫ ਕਿਉਂਕਿ ਤੁਸੀਂ ਤੇਲ ਨਹੀਂ ਦੇਖਦੇ, ਇਸਦਾ ਮਤਲਬ ਇਹ ਨਹੀਂ ਕਿ ਸਮੱਸਿਆ ਖਤਮ ਹੋ ਗਈ ਹੈ। ਇਹ ਅਜੇ ਵੀ ਬਣੀ ਹੋਈ ਹੈ।"

AFP
ਰਿਸਿਆ ਹੋਇਆ ਤੇਲ ਝੀਲ ਦੇ ਕਿਨਾਰਿਆਂ ਉੱਪਰ ਵਹਿ ਆਉਂਦਾ ਹੈ

ਕਾਈ ਅਤੇ ਤੇਲ ਤੋਂ ਨਿੱਕਲਣ ਵਾਲੇ ਜ਼ਹਿਰੀਲੇ ਤੱਤ, ਝੀਲ ਕਿਨਾਰੇ ਵਸੇ ਕਈ ਸ਼ਹਿਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ।

ਇਸ ਤੋਂ ਇਲਾਵਾ ਅਰਥਵਿਵਸਥਾ ਤੇ ਸਿਹਤ ਸੰਬੰਧੀ ਪਰੇਸ਼ਾਨੀਆਂ ਹੁਣੇ ਤੋਂ ਮਹਿਸੂਸ ਕੀਤੀਆਂ ਜਾ ਰਹੀਆਂ ਹਨ।

ਕੱਚਾ ਤੇਲ, ਮੋਟਰ ਕਿਸ਼ਤੀਆਂ ਦੇ ਇੰਜਨਾਂ ਨੂੰ ਖਰਾਬ ਕਰ ਦਿੰਦਾ ਹੈ ਤੇ ਮੱਛੀ ਫੜਨ ਵਾਲੇ ਜਾਲ ''ਤੇ ਚਿਪਕ ਜਾਂਦਾ ਹੈ। ਕਈ ਮਛਵਾਰੇ ਰੋਜ਼ੀ-ਰੋਟੀ ''ਤੇ ਮੰਡਰਾ ਰਹੇ ਸੰਕਟ ਨੂੰ ਲੈ ਕੇ ਚਿੰਤਤ ਹਨ।

ਕਲੇਨ ਕਹਿੰਦੇ ਹਨ, “ਵਾਤਾਵਰਨ ਸੰਬੰਧੀ ਸਮੱਸਿਆਵਾਂ ਲੰਮੇ ਸਮੇਂ ਤੱਕ ਹੋਣ ਵਾਲਾ ਨੁਕਸਾਨ ਕਰਦੀਆਂ ਹਨ ਅਤੇ ਅਖੀਰ ਵਿੱਚ ਕੁਦਰਤੀ ਵਿਰਾਸਤ ਦਾ ਨੁਕਸਾਨ ਕਰਦਿਆਂ ਹਨ।”

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=Rl583OHG7P8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cb84591f-fedb-4bdc-aaf0-74923e44ddaa'',''assetType'': ''STY'',''pageCounter'': ''punjabi.international.story.59014783.page'',''title'': ''ਤੇਲ ਦਾ ਵੱਡਾ ਭੰਡਾਰ ਰਹੀ ਪਾਣੀ ਦੀ ਇਸ ਝੀਲ ਦਾ ਰੰਗ ਹਰਾ ਹੋ ਰਿਹਾ ਹੈ, ਇਹ ਕੀ ਇਸ਼ਾਰਾ ਕਰਦਾ ਹੈ'',''author'': ''ਡੇਨੀਅਲ ਗੋਂਜਾਲੇਜ਼ ਕੱਪਾ'',''published'': ''2021-10-23T02:29:41Z'',''updated'': ''2021-10-23T02:29:41Z''});s_bbcws(''track'',''pageView'');