ਪੰਜਾਬ ਵਿੱਚ ਡੇਂਗੂ ਦੇ ਵੱਧ ਰਹੇ ਮਾਮਲੇ: ਕਿਵੇਂ ਫੈਲਦਾ ਹੈ, ਕੀ ਹਨ ਲੱਛਣ ਤੇ ਕਿਵੇਂ ਕਰੀਏ ਬਚਾਅ

10/16/2021 8:08:47 AM

ਪੰਜਾਬ ਸਮੇਤ ਪਿਛਲੇ ਕਈ ਦਿਨਾਂ ਤੋਂ ਦੇਸ਼ ਵਿੱਚ ਡੇਂਗੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹੁਸ਼ਿਆਰਪੁਰ, ਬਠਿੰਡਾ, ਪਠਾਨਕੋਟ, ਅੰਮ੍ਰਿਤਸਰ ਅਤੇ ਮੁਹਾਲੀ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਹਨ।

ਸ਼ੁੱਕਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਬਠਿੰਡਾ ਦੌਰੇ ਦੌਰਾਨ ਡੇਂਗੂ ਮਰੀਜ਼ਾਂ ਦਾ ਹਾਲ ਚਾਲ ਵੀ ਪੁੱਛਿਆ।

ਸੂਬੇ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓਪੀ ਸੋਨੀ ਵੱਲੋਂ ਡੇਂਗੂ ਰੋਧੀ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਡੇਂਗੂ ਦੇ ਮਰੀਜ਼ਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮਾਹਿਰਾਂ ਵੱਲੋਂ ਇਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

  • ਸਿੰਘੂ ਬਾਰਡਰ ''ਤੇ ਭੇਤਭਰੇ ਹਾਲਾਤ ''ਚ ਤਰਨਤਾਰਨ ਦੇ ਲਖਵੀਰ ਸਿੰਘ ਦੀ ਲਟਕਦੀ ਮਿਲੀ ਲਾਸ਼, ਪੁਲਿਸ ਨੇ ਕੀ ਦੱਸਿਆ
  • ਅਫ਼ਗਾਨਿਸਤਾਨ ਵਿੱਚ ਨਮਾਜ਼ ਦੌਰਾਨ ਮਸਜਿਦ ''ਚ ਧਮਾਕਾ, 15 ਤੋਂ ਵੱਧ ਲੋਕਾਂ ਦੀ ਮੌਤ
  • ਕੋਰੋਨਾਵਾਇਰਸ˸ ਕੀ ਭਾਰਤ ''ਚ ਬੱਚਿਆਂ ਲਈ ਵੈਕਸੀਨ ਦਾ ਇੰਤਜ਼ਾਰ ਖ਼ਤਮ ਹੋ ਗਿਆ

ਮੱਛਰ ਦੇ ਕੱਟਣ ਨਾਲ ਹੋਣ ਵਾਲੇ ਡੇਂਗੂ ਅਤੇ ਮਲੇਰੀਆ ਨੂੰ ਐਪੀਡੋਮਿਕ ਡਿਜ਼ੀਜ਼ ਐਕਟ 1897 ਦੇ ਅਧੀਨ ਨੋਟੀਫਾਈ ਕੀਤਾ ਗਿਆ ਹੈ। ਇਸ ਲਈ ਸੂਬੇ ਦੇ ਸਾਰੇ ਨਿੱਜੀ ਹਸਪਤਾਲਾਂ ਵੱਲੋਂ ਡੇਂਗੂ ਅਤੇ ਮਲੇਰੀਆ ਦੇ ਕੇਸ ਪਰਿਵਾਰ ਭਲਾਈ ਵਿਭਾਗ ਨੂੰ ਰਿਪੋਰਟ ਕਰਨੇ ਜ਼ਰੂਰੀ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ 39 ਲੈਬੋਰਟਰੀਆਂ ਵਿੱਚ ਡੇਂਗੂ ਦੇ ਮੁਫਤ ਟੈਸਟ ਕੀਤੇ ਜਾਂਦੇ ਹਨ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਡਰਾਈ ਡੇ ਦੇ ਤੌਰ ''ਤੇ ਮਨਾਇਆ ਜਾਂਦਾ ਹੈ ਅਤੇ ਘਰ ਦੇ ਆਲੇ ਦੁਆਲੇ ਕੂਲਰ ਗਮਲੇ ਅਤੇ ਹੋਰ ਸਾਮਾਨ ਵਿੱਚ ਖੜ੍ਹੇ ਪਾਣੀ ਨੂੰ ਰੌੜੇ ਜਾਣ ਦੀ ਅਪੀਲ ਕੀਤੀ ਜਾਂਦੀ ਹੈ।

ਕਿਵੇਂ ਫੈਲਦਾ ਹੈ ਡੇਂਗੂ?

ਡੇਂਗੂ ਏਡੀਜ਼ ਅਜਿਪਟੀ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਚਿਕਨਗੁਨੀਆ ਅਤੇ ਜ਼ੀਕਾ ਵਰਗੇ ਵਾਇਰਸ ਵੀ ਫੈਲਾਉਂਦਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਦੇ ਲਗਭਗ 70 ਫ਼ੀਸਦ ਡੇਂਗੂ ਦੇ ਕੇਸ ਏਸ਼ੀਆ ਵਿੱਚ ਹੁੰਦੇ ਹਨ। ਜੇਕਰ ਇਸ ਮੱਛਰ ਵਿੱਚ ਵਾਇਰਸ ਨਹੀਂ ਹੈ ਤਾਂ ਉਸ ਦੇ ਕੱਟਣ ਨਾਲ ਡੇਂਗੂ ਨਹੀਂ ਫੈਲਦਾ।

ਜੇਕਰ ਇਹ ਮੱਛਰ ਕਿਸੇ ਅਜਿਹੇ ਵਿਅਕਤੀ ਨੂੰ ਕੱਟਦਾ ਹੈ ਜੋ ਡੇਂਗੂ ਤੋਂ ਪ੍ਰਭਾਵਿਤ ਹੈ ਤਾਂ ਮੱਛਰ ਦੇ ਅੰਦਰ ਡੇਂਗੂ ਦਾ ਵਾਇਰਸ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਅਗਲੇ ਸਿਹਤਮੰਦ ਵਿਅਕਤੀ ਨੂੰ ਕੱਟਣ ਤੋਂ ਬਾਅਦ ਉਸ ਨੂੰ ਡੇਂਗੂ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

ਪਿਛਲੇ ਦੋ ਦਹਾਕਿਆਂ ਵਿੱਚ ਡੇਂਗੂ ਦੇ ਕੇਸ ਅੱਠ ਗੁਣਾਂ ਵਧੇ ਹਨ। ਚੰਡੀਗੜ੍ਹ ਵਿਖੇ ਮਲੇਰੀਆ ਵਿੰਗ ਦੇ ਅਸਿਸਟੈਂਟ ਡਾਇਰੈਕਟਰ ਡਾ ਉਪਿੰਦਰਜੀਤ ਸਿੰਘ ਗਿੱਲ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਵਾਰ ਪੂਰੀ ਦੁਨੀਆਂ ਵਿੱਚ ਡੇਂਗੂ ਦੇ ਕੇਸ ਵਧ ਰਹੇ ਹਨ।

Getty Images

ਡੇਂਗੂ ਦਾ ਵੱਡਾ ਕਾਰਨ ਮੱਛਰ ਹੀ ਹੈ ਪਰ ਪ੍ਰਭਾਵਿਤ ਗਰਭਵਤੀ ਔਰਤਾਂ ਰਾਹੀਂ ਬੱਚੇ ਵਿੱਚ ਵੀ ਇਹ ਬਿਮਾਰੀ ਜਾ ਸਕਦੀ ਹੈ ਹਾਲਾਂਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਇਸ ਦਾ ਖ਼ਤਰਾ ਬਹੁਤ ਘੱਟ ਹੈ।

ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਮੁਤਾਬਕ ਦੁਨੀਆ ਭਰ ਵਿੱਚ ਲਗਭਗ ਚਾਰ ਅਰਬ ਲੋਕ ਅਜਿਹੇ ਖੇਤਰਾਂ ਵਿੱਚ ਰਹਿੰਦੇ ਹਨ ਜਿੱਥੇ ਡੇਂਗੂ ਫੈਲਣ ਦਾ ਖ਼ਤਰਾ ਰਹਿੰਦਾ ਹੈ।

ਕੀ ਹਨ ਡੇਂਗੂ ਦੇ ਲੱਛਣ?

ਵਿਸ਼ਵ ਸਿਹਤ ਸੰਗਠਨ ਮੁਤਾਬਕ ਮੱਛਰ ਦੇ ਡੰਗ ਤੋਂ 4-10 ਦਿਨ ਬਾਅਦ ਤੇਜ਼ ਬੁਖਾਰ(40ਡਿਗਰੀ ਸੈਲਸੀਅਸ/104 ਡਿਗਰੀ ਫਾਰਨਹਾਈਟ) ਦੇ ਨਾਲ- ਨਾਲ ਸਿਰਦਰਦ, ਅੱਖਾਂ ਵਿੱਚ ਦਰਦ, ਜੋੜਾਂ ਵਿੱਚ ਦਰਦ, ਜ਼ੁਕਾਮ, ਉਲਟੀਆਂ ਵਰਗੇ ਲੱਛਣ ਪਾਏ ਜਾਂਦੇ ਹਨ।

ਜ਼ਿਆਦਾ ਗੰਭੀਰ ਹਾਲਾਤਾਂ ਵਿੱਚ ਪੇਟ ਦਰਦ, ਵਾਰ ਵਾਰ ਉਲਟੀ ਆਉਣਾ, ਮਸੂੜਿਆਂ ਵਿੱਚ ਖੂਨ, ਥਕਾਵਟ, ਬੇਚੈਨੀ, ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।

ਡਾ. ਉਪਿੰਦਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਡੇਂਗੂ ਨੂੰ ''ਹੱਡੀ ਤੋੜ ਬੁਖਾਰ'' ਵੀ ਆਖਦੇ ਹਨ ਕਿਉਂਕਿ ਇਸ ਨਾਲ ਸਰੀਰ ਵਿੱਚ ਤੇਜ਼ ਦਰਦ ਹੁੰਦਾ ਹੈ। ਕੋਵਿਡ ਵਾਂਗ ਕਈ ਵਾਰ ਡੇਂਗੂ ਵੀ ਬਿਨਾਂ ਲੱਛਣਾਂ ਤੋਂ ਹੋ ਸਕਦਾ ਹੈ ਜਿਸ ਵਿੱਚ ਮਰੀਜ਼ ਨੂੰ ਬੁਖ਼ਾਰ ਨਹੀਂ ਹੁੰਦਾ ਹੈ।

ਡੇਂਗੂ ਦਾ ਪਤਾ ਕਿਸ ਤਰ੍ਹਾਂ ਲਗਾਇਆ ਜਾਵੇ?

ਖ਼ੂਨ ਦੀ ਜਾਂਚ ਡੇਂਗੂ ਦਾ ਪਤਾ ਲਗਾਉਣ ਦਾ ਇੱਕ ਮਾਤਰ ਤਰੀਕਾ ਹੈ।

ਸਿਰੁਲਾਜ਼ੀਕਲ ਜਾਂ ਵਾਇਰੋਲਾਜੀਕਲ ਤਰੀਕੇ ਦੇ ਨਾਲ ਮਾਹਿਰ ਖੂਨ ਦੀ ਜਾਂਚ ਕਰਕੇ ਡੇਂਗੂ ਦਾ ਪਤਾ ਕਰਦੇ ਹਨ। ਖ਼ੂਨ ਵਿੱਚ ਵਾਇਰਸ ਵੱਲੋਂ ਬਣਾਏ ਗਏ ਐੱਨਐੱਸਵਨ ਪ੍ਰੋਟੀਨ ਦੀ ਮੌਜੂਦਗੀ ਡੇਂਗੂ ਦੀ ਪੁਸ਼ਟੀ ਕਰਦੀ ਹੈ।

Getty Images

ਵਾਇਰੋਲਾਜੀਕਲ ਤਰੀਕੇ ਨਾਲ ਇਸ ਟੈਸਟ ਦਾ ਨਤੀਜਾ ਵੀ ਕੁਝ ਹੀ ਘੰਟਿਆਂ ਵਿੱਚ ਆ ਜਾਂਦਾ ਹੈ। ਸਿਰੁਲਾਜੀਕਲ ਤਰੀਕੇ ਨਾਲ ਸਰੀਰ ਵਿੱਚ ਡੇਂਗੂ ਦੇ ਮੌਜੂਦਾ ਤੇ ਪੁਰਾਣੇ ਇਨਫੈਕਸ਼ਨ ਬਾਰੇ ਪਤਾ ਲਗਾਇਆ ਜਾ ਸਕਦਾ ਹੈ।

ਇਸ ਟੈਸਟ ਰਾਹੀਂ ਆਈਜੀਐਮ ਅਤੇ ਆਈਜੀਜੀ ਡੇਂਗੂ ਐਂਟੀਬਾਡੀ ਦਾ ਪਤਾ ਲੱਗਦਾ ਹੈ। ਆਈਜੀਐਮ ਤਾਜ਼ਾ ਇਨਫੈਕਸ਼ਨ ਬਾਰੇ ਦੱਸਦਾ ਹੈ ਜਦਕਿ ਆਈਜੀਜੀ ਪੁਰਾਣੀ ਇਨਫੈਕਸ਼ਨ ਬਾਰੇ।

ਡੇਂਗੂ ਦਾ ਇਲਾਜ

ਵਿਸ਼ਵ ਸਿਹਤ ਸੰਗਠਨ ਅਤੇ ਸੀਡੀਸੀ ਮੁਤਾਬਕ ਡੇਂਗੂ ਦੇ ਇਲਾਜ ਲਈ ਕੋਈ ਵਿਸ਼ੇਸ਼ ਦਵਾਈ ਨਹੀਂ ਹੈ।

ਡਾਕਟਰਾਂ ਵੱਲੋਂ ਬੁਖ਼ਾਰ ਘੱਟ ਕਰਨ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਮਰੀਜ਼ ਨੂੰ ਵੱਧ ਤੋਂ ਵੱਧ ਆਰਾਮ ਅਤੇ ਵੱਧ ਤੋਂ ਵੱਧ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਸਰੀਰ ਵਿੱਚ ਲੋੜੀਂਦੇ ਮਿਨਰਲਜ਼ ਦੀ ਕਮੀ ਨਾ ਹੋਵੇ।

ਡੇਂਗੂ ਦੀ ਸੂਰਤ ਵਿੱਚ ਮਾਹਿਰ ਡਾਕਟਰਾਂ ਦੀ ਹੀ ਸਲਾਹ ਲਈ ਜਾਵੇ ਅਤੇ ਆਪਣੇ ਆਪ ਕੋਈ ਦਵਾਈ ਜਾਂ ਇਲਾਜ ਕਰਨ ਤੋਂ ਬਚਿਆ ਜਾਵੇ।

ਡਾ. ਉਪਿੰਦਰਜੀਤ ਸਿੰਘ ਗਿੱਲ ਮੁਤਾਬਕ ਬੁਖਾਰ ਉਤਰਨ ਤੋਂ ਅਗਲੇ ਇੱਕ ਦੋ ਦਿਨ ਮਰੀਜ਼ ਲਈ ਅਹਿਮ ਹੁੰਦੇ ਹਨ। ਇਸ ਸਮੇਂ ਦੌਰਾਨ ਕਈ ਵਾਰ ਪਲਾਜ਼ਮਾ ਲੀਕ ਹੁੰਦਾ ਹੈ ਜਿਸ ਨਾਲ ਸਰੀਰ ਦੇ ਅਹਿਮ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।

ਮਰੀਜ਼ ਨੂੰ ਪੌਸ਼ਟਿਕ ਭੋਜਨ ਅਤੇ ਵੱਧ ਤੋਂ ਵੱਧ ਤਰਲ ਪਦਾਰਥ ਦਿੱਤੇ ਜਾਣੇ ਜ਼ਰੂਰੀ ਹਨ ਤਾਂ ਜੋ ਬਿਮਾਰੀ ਤੋਂ ਛੇਤੀ ਉਭਰਿਆ ਜਾ ਸਕੇ।

ਡੇਂਗੂ ਤੋਂ ਬਚਾਅ ਅਤੇ ਰੋਕਥਾਮ

ਡੇਂਗੂ ਤੋਂ ਬਚਾਅ ਲਈ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਡੰਗ ਤੋਂ ਬਚਣਾ ਜ਼ਰੂਰੀ ਹੈ।

Getty Images
  • ਡੇਂਗੂ ਫੈਲਾਉਣ ਵਾਲਾ ਮੱਛਰ ਖੜ੍ਹੇ ਪਾਣੀ ''ਤੇ ਪੈਦਾ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਘਰਾਂ ਵਿੱਚ ਪਾਣੀ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਸਮੇਂ ਸਮੇਂ ਤੇ ਕੂਲਰ ਗਮਲਿਆਂ ਆਦਿ ਵਿੱਚ ਪਾਣੀ ਨੂੰ ਬਦਲਿਆ ਜਾਵੇ ਤਾਂ ਜੋ ਮੱਛਰ ਨਾ ਪੈਦਾ ਹੋ ਸਕੇ।
  • ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨੇ ਜਾਣ ਤਾਂ ਕਿ ਮੱਛਰ ਨਾ ਕੱਟ ਸਕੇ।
  • ਜਿਨ੍ਹਾਂ ਇਲਾਕਿਆਂ ਵਿੱਚ ਡੇਂਗੂ ਫੈਲਿਆ ਹੈ ਜੇਕਰ ਹੋ ਸਕੇ ਤਾਂ ਉੱਥੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।
  • ਸਮੇਂ -ਸਮੇਂ ''ਤੇ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਅਤੇ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।
  • ਇਹ ਮੱਛਰ ਜ਼ਿਆਦਾਤਰ ਦਿਨ ਵਿੱਚ ਕੱਟਦਾ ਹੈ ਪਰ ਜੇਕਰ ਘਰ ਵਿੱਚ ਰੌਸ਼ਨੀ ਜ਼ਿਆਦਾ ਹੈ ਤਾਂ ਰਾਤ ਵੇਲੇ ਵੀ ਮੱਛਰ ਕੱਟ ਸਕਦਾ ਹੈ। ਇਸ ਲਈ ਬਚਾਅ ਲਈ ਪੂਰੇ ਕੱਪੜੇ ਅਤੇ ਕਰੀਮ ਜਾਂ ਸਪਰੇਅ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
  • ਡੇਂਗੂ ਦੇ ਮਰੀਜ਼ ਨੂੰ ਮੱਛਰਦਾਨੀ ਵਿੱਚ ਸੌਣਾ ਚਾਹੀਦਾ ਹੈ।

ਪੰਜਾਬ ਵਿੱਚ ਕੀ ਹਨ ਮੌਜੂਦਾ ਹਾਲਾਤ?

ਪੰਜਾਬ ਸਰਕਾਰ ਵੱਲੋਂ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਸਾਰੇ ਜ਼ਿਲ੍ਹਿਆਂ ਦੀ ਨਿਗਰਾਨੀ ਲਈ ਨਿਯੁਕਤ ਕੀਤਾ ਗਿਆ ਹੈ ਜੋ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਦੌਰਾ ਕਰਨਗੇ।

ਚਾਰ ਅਕਤੂਬਰ ਤੱਕ ਪੰਜਾਬ ਵਿੱਚ 13532 ਟੈਸਟ ਤੋਂ ਬਾਅਦ 3760 ਡੇਂਗੂ ਪੌਜ਼ੀਟਿਵ ਪਾਏ ਗਏ ਸਨ। ਪੰਜਾਬ ਸਿਹਤ ਵਿਭਾਗ ਅਨੁਸਾਰ ਹੁਣ ਇਹ ਗਿਣਤੀ 5800 ਤੋਂ ਵੱਧ ਹੈ।

ਪੰਜਾਬ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਹੁਸ਼ਿਆਰਪੁਰ ਪਹਿਲੇ ਨੰਬਰ ''ਤੇ ਹੈ।

ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਨੂੰ ਮਿਲੀ ਜਾਣਕਾਰੀ ਮੁਤਾਬਕ 14 ਅਕਤੂਬਰ ਤੱਕ ਜ਼ਿਲ੍ਹੇ ਵਿੱਚ 933 ਮਰੀਜ਼ ਪਾਏ ਗਏ ਹਨ। ਬਠਿੰਡਾ ਵਿੱਚ 843,ਪਠਾਨਕੋਟ ਵਿੱਚ 750, ਅੰਮ੍ਰਿਤਸਰ ਵਿੱਚ 749 ਅਤੇ ਮੁਹਾਲੀ ਵਿੱਚ 707 ਮਰੀਜ਼ ਪਾਏ ਗਏ ਹਨ।

ਗੁਰਦਾਸਪੁਰ ਤੋਂ ਬੀਬੀਸੀ ਸਹਿਯੋਗੀ ਗੁਰਪ੍ਰੀਤ ਸਿੰਘ ਚਾਵਲਾ ਨੂੰ ਸਿਵਲ ਸਰਜਨ ਡਾ. ਹਰਭਜਨ ਰਾਮ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 176 ਮਰੀਜ਼ ਹਨ ਜਿਨ੍ਹਾਂ ਦਾ ਬਟਾਲਾ ਅਤੇ ਗੁਰਦਾਸਪੁਰ ਵਿਖੇ ਇਲਾਜ ਚੱਲ ਰਿਹਾ ਹੈ।

ਸ਼ੁੱਕਰਵਾਰ ਦੁਪਹਿਰ ਤਕ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਿਖੇ 105 ਮਰੀਜ਼ ਹਨ। ਬੀਬੀਸੀ ਸਹਿਯੋਗੀ ਪ੍ਰਦੀਪ ਪੰਡਿਤ ਨੂੰ ਦਿੱਤੀ ਜਾਣਕਾਰੀ ਮੁਤਾਬਕ ਸ਼ਹਿਰ ਵਿੱਚ 70 ਦੇ ਕਰੀਬ ਚਲਾਨ ਵੀ ਕੀਤੇ ਗਏ ਹਨ ਅਤੇ ਡੇਂਗੂ ਤੋਂ ਬਚਾਅ ਲਈ ਕਈ ਜਗ੍ਹਾ ਫੌਗਿੰਗ ਵੀ ਕੀਤੀ ਗਈ ਹੈ।

ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਬੀਬੀਸੀ ਸਹਿਯੋਗੀ ਸੁਖਚਰਨ ਸਿੰਘ ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲ੍ਹੇ ਵਿੱਚ 90 ਮਰੀਜ਼ ਹਨ ਅਤੇ ਬਰਨਾਲਾ ਵਿੱਚ 14 ਮਰੀਜ਼ ਹਨ।

ਪੰਜਾਬ ਸਰਕਾਰ ਵੱਲੋਂ 11 ਅਕਤੂਬਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਹੈ ਕਿ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਸਾਰੇ ਜ਼ਿਲਿਆਂ ਦੀ ਨਿਗਰਾਨੀ ਲਈ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ।

ਇਹ ਅਧਿਕਾਰੀ ਅਲਾਟ ਕੀਤੇ ਜ਼ਿਲ੍ਹਿਆਂ ਵਿੱਚ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਦੌਰਾ ਕਰਨਗੇ ਅਤੇ ਡੇਂਗੂ ਦੀ ਰੋਕਥਾਮ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕਰਨਗੇ ।

ਪੰਜਾਬ ਸਰਕਾਰ ਵੱਲੋਂ ਬਿਆਨ ਵਿੱਚ ਆਖਿਆ ਗਿਆ ਹੈ ਕਿ ਸਿਹਤ ਵਿਭਾਗ ਦੇ ਪੰਜ ਡਿਪਟੀ ਡਾਇਰੈਕਟਰ ਵੀ ਹਫ਼ਤੇ ਵਿੱਚ ਦੋ ਵਾਰ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਅਤੇ ਡੇਂਗੂ ਦੇ ਰੋਕਥਾਮ ਲਈ ਆਪਣੀ ਰਾਇ ਦੇਣਗੇ।

ਇਹ ਵੀ ਪੜ੍ਹੋ:

  • ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
  • ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
  • ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ

https://www.youtube.com/watch?v=TY9hgXzmsf0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''b3bfa218-2185-4941-8ead-159dc8ec590c'',''assetType'': ''STY'',''pageCounter'': ''punjabi.india.story.58926822.page'',''title'': ''ਪੰਜਾਬ ਵਿੱਚ ਡੇਂਗੂ ਦੇ ਵੱਧ ਰਹੇ ਮਾਮਲੇ: ਕਿਵੇਂ ਫੈਲਦਾ ਹੈ, ਕੀ ਹਨ ਲੱਛਣ ਤੇ ਕਿਵੇਂ ਕਰੀਏ ਬਚਾਅ'',''published'': ''2021-10-16T02:29:15Z'',''updated'': ''2021-10-16T02:29:15Z''});s_bbcws(''track'',''pageView'');