ਪਾਕਿਸਤਾਨ: ਸਿੱਧੀ ਦਿਲ ਵਿਚ ਵੱਜੀ ਗੋਲੀ ਨੂੰ 6 ਮਹੀਨੇ ਬਾਅਦ ਆਪਰੇਸ਼ਨ ਰਾਹੀ ਕੱਢਿਆ ਗਿਆ

09/26/2021 7:23:25 AM

''''ਮਹਿਲਾ ਮਰੀਜ਼ ਦਾ ਸੀਨਾ ਸਾਡੇ ਸਾਹਮਣੇ ਖੁੱਲ੍ਹਾ ਪਿਆ ਸੀ। ਅਸੀਂ ਆਪਰੇਸ਼ਨ ਉੱਥੋਂ ਹੀ ਸ਼ੁਰੂ ਕੀਤਾ ਸੀ ਜਿੱਥੋਂ ਸਾਨੂੰ ਉਮੀਦ ਸੀ ਕਿ ਉੱਥੇ ਗੋਲੀ ਫਸੀ ਹੋਵੇਗੀ, ਹਾਲਾਂਕਿ ਅਸੀਂ ਦਿਲ ਦੇ ਆਲੇ-ਦੁਆਲੇ ਲੱਭਿਆ, ਨਾੜਾਂ ਨੂੰ ਹਟਾ ਕੇ ਦੇਖਿਆ, ਪਰ ਗੋਲੀ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਉਸ ਸਮੇਂ ਤੱਕ ਮੈਂ ਮਰੀਜ਼ ਨੂੰ ਲੈ ਕੇ ਬਹੁਤ ਫ਼ਿਕਰਮੰਦ ਹੋ ਚੁੱਕਿਆ ਸੀ, ਕਿਉਂਕਿ ਛੇ ਮਹੀਨੇ ਤੋਂ ਉਸ ਬੰਦੂਕ ਦੀ ਗੋਲੀ ਉਸ ਦੇ ਸੀਨੇ ਵਿੱਚ ਫਸੀ ਹੋਈ ਸੀ।''''

ਖ਼ੈਬਰ ਪਖ਼ਤੂਨਖ਼ਵਾ ਦੇ ਐਬਟਾਬਾਦ ਸ਼ਹਿਰ ਵਿੱਚ ਸਥਿਤ, ਅਯੂਬ ਟੀਚਿੰਗ ਹਸਪਤਾਲ ਦੇ ਡਾਕਟਰ ਜ਼ਾਹਿਦ ਅਲੀ ਸ਼ਾਹ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸੀ।

ਥੌਰੇਸਿਕ ਸਰਜਰੀ ਵਿਭਾਗ ਦੇ ਮੁਖੀ ਦੇ ਤੌਰ ''ਤੇ ਉਨ੍ਹਾਂ ਨੇ ਪਹਿਲਾਂ ਵੀ ਅਜਿਹੇ ਕਈ ਮੁਸ਼ਕਿਲ ਆਪਰੇਸ਼ਨ ਕੀਤੇ ਹਨ।

ਪਰ ਉਸ ਦਿਨ ਉਨ੍ਹਾਂ ਦੇ ਸਾਹਮਣੇ ਇਹ ਸਵਾਲ ਸੀ, ਕਿ ''''ਗੋਲੀ ਗਈ ਤਾਂ ਗਈ ਕਿੱਥੇ?''''

ਇਹ ਵੀ ਪੜ੍ਹੋ:

  • ਜੇ ਦਿਲ ਦੀ ਧੜਕਣ ਰੁਕਣ ਦੀ ਭਵਿੱਖਬਾਣੀ ਹੋ ਸਕੇ?
  • ਮਾਨਸਿਕ ਸਿਹਤ ਨਾਲ ਜੁੜੀਆਂ ਬਿਮਾਰੀਆਂ ਬਾਰੇ ਸਾਨੂੰ ਇਸ ਨਜ਼ਰੀਏ ਨੂੰ ਬਦਲਣ ਦੀ ਲੋੜ ਹੈ
  • ਕੀ ਹੈ ਫਾਇਦੇਮੰਦ: ਕੌਫ਼ੀ ਜਾਂ ਚਾਹ?

ਅਨਜਾਣ ਗੋਲੀ, ''ਜਿਸ ਨੂੰ ਕੱਢਿਆ ਨਹੀਂ ਜਾ ਸਕਦਾ''

ਨਾਜ਼ੀਆ ਨਦੀਮ ਪੇਸ਼ਾਵਰ ਦੇ ਕੋਲ ਇੱਕ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਤੀ ਨਦੀਮ ਖ਼ਾਨ ਅਫ਼ਰੀਦੀ ਕਰਾਚੀ ਵਿੱਚ ਕੰਮ ਕਰਦੇ ਹਨ, ਜਦਕਿ ਉਹ ਆਪਣੀ ਸੱਸ, ਸਹੁਰੇ, ਦਿਓਰ ਅਤੇ ਦਰਾਣੀ ਸਣੇ ਆਪਣੇ ਤਿੰਨ ਬੱਚਿਆਂ ਦੇ ਨਾਲ ਰਹਿੰਦੇ ਹਨ।

ਉਹ ਦੱਸਦੇ ਹਨ ਕਿ ''''ਫ਼ਰਵਰੀ ਦੇ ਆਖਰੀ ਦਿਨ ਸਨ ਅਤੇ ਅਸੀਂ ਸਾਰੇ ਸ਼ਾਮ ਨੂੰ ਆਪਣੇ ਵਿਹੜੇ ਵਿੱਚ ਬੈਠੇ ਹੋਏ ਸੀ। ਅਚਾਨਕ ਮੈਨੂੰ ਅਜਿਹਾ ਲੱਗਿਆ ਜਿਵੇਂ ਕੋਈ ਚੀਜ਼ ਮੇਰੇ ਸੀਨੇ ਨੂੰ ਚੀਰਦੀ ਹੋਈ ਮੇਰੇ ਸਰੀਰ ਵਿੱਚ ਵੜ ਗਈ ਅਤੇ ਮੈਂ ਜ਼ੋਰ ਦੀ ਜ਼ਮੀਨ ਉੱਤੇ ਡਿੱਗ ਗਈ।''''

ਨਾਜ਼ੀਆ ਮੁਤਾਬਕ ਉਨ੍ਹਾਂ ਦੇ ਸਹੁਰੇ ਪਰਿਵਾਰ ਵਾਲੇ ਉਸੇ ਵੇਲੇ ਹਸਪਤਾਲ ਲੈ ਗਏ , ਜਿੱਥੇ ਉਨ੍ਹਾਂ ਦੀ ਸਰਜਰੀ ਹੋਈ।

''''ਆਪਰੇਸ਼ਨ ਤੋਂ ਬਾਅਦ, ਦੱਸਿਆ ਗਿਆ ਕਿ ਮੈਨੂੰ ਗੋਲੀ ਲੱਗੀ ਹੈ, ਜਿਸ ਨੂੰ ਕੱਢਿਆ ਨਹੀਂ ਜਾ ਸਕਦਾ, ਪਰ ਖ਼ੂਨ ਵਹਿਣ ਤੋਂ ਰੋਕਣ ਅਤੇ ਸੀਨੇ ਨੂੰ ਠੀਕ ਕਰਨ ਲਈ ਸਰਜਰੀ ਕਰ ਦਿੱਤੀ ਗਈ ਹੈ।''''

ਜਿਸ ਸਮੇਂ ਨਾਜ਼ੀਆ ਨੂੰ ਗੋਲੀ ਲੱਗੀ ਉਸ ਸਮੇਂ ਉਨ੍ਹਾਂ ਦੇ ਪਿੰਡ ਵਿੱਚ ਤਿੰਨ-ਚਾਰ ਵਿਆਹ ਹੋ ਰਹੇ ਸਨ ਅਤੇ ਸਾਰੇ ਵਿਆਹਾਂ ਵਿੱਚ ਫਾਇਰਿੰਗ ਹੋ ਰਹੀ ਸੀ, ਇਸ ਲਈ ਇਹ ਅੰਦਾਜ਼ਾ ਲਗਾਉਣਾ ਵੀ ਸੰਭਵ ਨਹੀਂ ਸੀ ਕਿ ਗੋਲੀ ਕਿੱਥੋਂ ਆਈ ਸੀ।

ਨਾਜ਼ੀਆ ਨਦੀਮ ਦੇ ਪਤੀ ਨਦੀਮ ਖ਼ਾਨ ਅਫ਼ਰੀਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ''ਚ ਵਿਆਹਾਂ ਵਿੱਚ ਫਾਇਰਿੰਗ ਹੋਣਾ ਆਮ ਗੱਲ ਹੈ, ਪਰ ਅਣਪਛਾਤੀਆਂ ਗੋਲੀਆਂ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਉਹ ਕਹਿੰਦੇ ਹਨ, ''''ਮੇਰੀ ਪਤਨੀ ਵੀ ਇਸੇ ਤਰ੍ਹਾਂ ਦੀ ਗੋਲੀ ਦਾ ਸ਼ਿਕਾਰ ਹੋਈ ਸੀ, ਜਿਸ ਨੇ ਸਾਡੀ ਕਿਸਮਤ ''ਚ ਛੇ ਮਹੀਨੇ ਦਾ ਦਰਦ ਅਤੇ ਪਰੇਸ਼ਾਨੀ ਲਿਖ ਦਿੱਤੀ।''''

''''ਦਰਦ ਨੇ ਜੀਣਾ ਔਖਾ ਕਰ ਦਿੱਤਾ ਸੀ''''

ਨਾਜ਼ੀਆ ਨਦੀਮ ਦਾ ਕਹਿਣਾ ਹੈ ਕਿ ਪੇਸ਼ਾਵਰ ਵਿੱਚ ਹੋਏ ਆਪਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਸੀਨੇ ਅਤੇ ਜਿਗਰ ''ਚ ਤੇਜ਼ ਦਰਦ ਹੁੰਦਾ ਸੀ, ਇੰਨਾ ਤੇਜ਼ ਦਰਦ ਕਿ ਉਹ ਉੱਠ ਵੀ ਨਹੀਂ ਸੀ ਸਕਦੇ।

''''ਮੇਰੇ ਤਿੰਨ ਬੱਚੇ ਹਨ, ਸਭ ਤੋਂ ਛੋਟਾ ਡੇਢ ਸਾਲ ਦਾ ਹੈ। ਮੇਰੇ ਅੰਦਰ ਇੰਨੀ ਵੀ ਹਿੰਮਤ ਨਹੀਂ ਸੀ ਕਿ ਮੈਂ ਉੱਠ ਕੇ ਆਪਣੇ ਬੱਚਿਆਂ ਦਾ ਕੋਈ ਕੰਮ ਕਰ ਸਕਾਂ। ਮੈਂ ਹਲਕਾ ਜਿਹਾ ਭਾਰ ਵੀ ਨਹੀਂ ਚੁੱਕ ਸਕਦੀ ਸੀ।''''

ਛੋਟੇ-ਛੋਟੇ ਤਿੰਨ ਬੱਚਿਆਂ ਦੀ ਮਾਂ ਦੀ ਜ਼ਿੰਦਗੀ ਆਮ ਤੌਰ ''ਤੇ ਬਹੁਤ ਮਸਰੂਫ਼ ਹੁੰਦੀ ਹੈ, ਉਸ ਨੂੰ ਹਰ ਸਮੇਂ ਬੱਚਿਆਂ ਦੇ ਪਿੱਛੇ ਭੱਜਣਾ ਪੈਂਦਾ ਹੈ, ਪਰ ਨਾਜ਼ੀਆ ਦਰਦ ਦੀਆਂ ਗੋਲੀਆਂ ਖਾ ਰਹੇ ਸਨ, ਜਿਨ੍ਹਾਂ ਕਰ ਕੇ ਉਹ ਦਿਨ ਵਿੱਚ ਜ਼ਿਆਦਾ ਸਮਾਂ ਬੇਹੋਸ਼ੀ ਦੀ ਹਾਲਤ ਵਿੱਚ ਰਹਿੰਦੇ ਸਨ।

ਹਾਲਾਂਕਿ, ਘਰ ''ਚ ਸਾਂਝਾ ਪਰਿਵਾਰ ਹੋਣ ਦੇ ਕਾਰਣ, ਉਨ੍ਹਾਂ ਦੀ ਸੱਸ, ਸਹੁਰਾ ਅਤੇ ਦਰਾਣੀ ਨੇ ਉਨ੍ਹਾਂ ਦੇ ਹਿੱਸੇ ਦਾ ਵੀ ਕੰਮ ਸੰਭਾਲ ਲਿਆ।

ਨਾਜ਼ੀਆ ਅੱਗੇ ਦੱਸਦੇ ਹਨ, ''''ਉਸ ਦਰਦ ਨੇ ਮੇਰਾ ਜੀਣਾ ਇੰਨਾ ਔਖਾ ਕਰ ਦਿੱਤਾ ਸੀ ਕਿ ਮੈਂ ਆਪਣੇ ਛੋਟੇ ਬੱਚੇ ਨੂੰ ਗੋਦ ਵਿੱਚ ਵੀ ਨਹੀਂ ਚੁੱਕ ਸਕਦੀ ਸੀ, ਉਹ ਲੋਕ ਹੀ ਮੇਰੇ ਬੱਚਿਆਂ ਦੀ ਦੇਖਭਾਲ ਕਰਦੇ ਸਨ।''''

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਡਾਕਟਰਾਂ ਦੀ ਫੀਸ ਭਰਣ ਦੇ ਬਾਵਜੂਦ ਕੋਈ ਇਲਾਜ ਨਹੀਂ

ਨਦੀਮ ਅਫ਼ਰੀਦੀ ਦੱਸਦੇ ਹਨ ਕਿ ਜਿਵੇਂ ਹੀ ਉਨ੍ਹਾਂ ਨੂੰ ਪਤਨੀ ਦੇ ਨਾਲ ਹੋਣ ਵਾਲੇ ਹਾਦਸੇ ਦੀ ਖ਼ਬਰ ਮਿਲੀ, ਉਹ ਕਰਾਚੀ ਤੋਂ ਕੁਝ ਦਿਨ ਦੀ ਛੁੱਟੀ ਲੈ ਕੇ ਪੇਸ਼ਾਵਰ ਆ ਗਏ।

ਜਿੱਥੇ ਆਪਰੇਸ਼ਨ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਘਰ ਲੈ ਆਏ, ਪਰ ਉਹ ਹਮੇਸ਼ਾ ਸੀਨੇ ਅਤੇ ਜਿਗਰ ਵਿੱਚ ਦਰਦ ਦੱਸਦੇ ਰਹੇ।

ਨਦੀਮ ਅਫ਼ਰੀਦੀ ਮੁਤਾਬਕ, ਜਦੋਂ ਉਨ੍ਹਾਂ ਦੀ ਪਤਨੀ ਨੂੰ ਦਰਦ ਹੁੰਦਾ ਤਾਂ ਉਹ ਬੁਰੀ ਤਰ੍ਹਾਂ ਤੜਫਦੇ ਸਨ, ਉਨ੍ਹਾਂ ਹੋਸ਼ ਵੀ ਨਹੀਂ ਰਹਿੰਦੀ ਸੀ।

ਉਹ ਦੱਸਦੇ ਹਨ, ''''ਅਜਿਹੇ ''ਚ ਮੈਂ ਹੋਰ ਛੁੱਟੀ ਲਈ ਅਤੇ ਪੇਸ਼ਾਵਰ ਦਾ ਕੋਈ ਅਜਿਹਾ ਡਾਕਟਰ ਨਹੀਂ ਛੱਡਿਆ ਜਿਸ ਤੋਂ ਆਪਣੀ ਪਤਨੀ ਦਾ ਚੈਕਅੱਪ ਨਾ ਕਰਵਾਇਆ ਹੋਵੇ।''''

ਨਦੀਮ ਮੁਤਾਬਕ, ਉਨ੍ਹਾਂ ਛੇ ਮਹੀਨਿਆਂ ਦੌਰਾਨ ਹਰ ਹਫ਼ਤੇ ਨਾਜ਼ੀਆ ਨੂੰ ਕਿਸੇ ਨਾ ਕਿਸੇ ਡਾਕਟਰ ਕੋਲ ਲੈ ਕੇ ਜਾਂਦੇ। ਜ਼ਿਆਦਾਤਰ ਡਾਕਟਰ ਚੈਕਅੱਪ ਤੋਂ ਬਾਅਦ ਦੱਸਦੇ ਕਿ ਗੋਲੀ ਅਜੀਹੀ ਥਾਂ ਉੱਤੇ ਹੈ ਜਿੱਥੋਂ ਇਸ ਨੂੰ ਕੱਢਣਾ ਸੰਭਵ ਨਹੀਂ ਹੈ।

''''ਉਹ ਸਾਨੂੰ ਦੱਸਦੇ ਕਿ ਅਜਿਹਾ ਹੋਣਾ ਆਮ ਗੱਲ ਨਹੀਂ ਹੈ, ਪਰ ਉਹ ਦਰਦ ਬਾਰੇ ਕੁਝ ਨਹੀਂ ਕਰ ਸਕਦੇ।''''

''''ਅਕਸਰ ਅਜਿਹਾ ਹੁੰਦਾ ਕਿ ਇੱਕ ਡਾਕਟਰ ਮੈਨੂੰ ਦੂਜੇ ਡਾਕਟਰ ਕੋਲ ਭੇਜ ਦਿੰਦਾ ਸੀ ਅਤੇ ਇਸ ਤਰ੍ਹਾਂ ਮੈਂ ਡਾਕਟਰਾਂ ਦੀ ਫੀਸ ਅਤੇ ਕਈ ਤਰ੍ਹਾਂ ਦੇ ਟੈਸਟ, ਐਕਸ-ਰੇ, ਸੀਟੀ ਸਕੈਨ, ਅਲਟ੍ਰਾਸਾਊਂਡ ਆਦਿ ਉੱਤੇ ਪੰਜ ਤੋਂ ਛੇ ਲੱਖ ਰੁਪਏ ਖਰਚ ਕਰ ਦਿੱਤੇ ਤੇ ਬਾਕੀ ਖਰਚੇ ਇਸ ਤੋਂ ਅਲਹਿਦਾ ਸਨ।''''

ਨਦੀਮ ਮੁਤਾਬਕ ਉਸ ਵੇਲੇ ਤੱਕ ਉਨ੍ਹਾਂ ਦੀ ਪਤਨੀ ਦੀ ਹਾਲਤ ਨਾਲ ਉਨ੍ਹਾਂ ਦਾ ਪੂਰਾ ਪਰਿਵਾਰ ਅਤੇ ਬੱਚੇ ਪ੍ਰਭਾਵਿਤ ਹੋ ਰਹੇ ਸਨ। ਉਹ ਕਹਿੰਦੇ ਹਨ ਕਿ ''''ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ, ਕਿੱਥੇ ਜਾਵਾਂ।''''

ਨਦੀਮ ਕਹਿੰਦੇ ਹਨ ਕਿ ਫ਼ਿਰ ਕਿਸੇ ਨੇ ਉਨ੍ਹਾਂ ਐਬਟਾਬਾਦ ਵਿੱਚ ਡਾਕਟਰ ਜ਼ਾਹਿਦ ਅਲੀ ਸ਼ਾਹ ਕੋਲ ਜਾਣ ਦੀ ਸਲਾਹ ਦਿੱਤੀ, ਕਿਉਂਕਿ ਉਹ ਅਜਿਹੇ ਮੁਸ਼ਕਿਲ ਮਾਮਲਿਆਂ ਦੇ ਮਾਹਿਰ ਸਨ।

''''ਜਦੋਂ ਅਸੀਂ ਉਨ੍ਹਾਂ ਤੋਂ ਜਾਂਚ ਕਰਵਾਈ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇੱਕ ਹੋਰ ਆਪਰੇਸ਼ਨ ਕਰਨ ਦੀ ਲੋੜ ਹੋਵੇਗੀ, ਪਰ ਇਹ ਬਹੁਤ ਹੀ ਖ਼ਤਰਨਾਕ ਸਾਬਿਤ ਹੋ ਸਕਦਾ ਹੈ।''''

ਇਸ ਤਰ੍ਹਾਂ ਇਹ ਕੇਸ ਐਬਟਾਬਾਦ ਦੇ ਅਯੂਬ ਟੀਚਿੰਗ ਇੰਸਟੀਚਿਊਟ ਦੇ ਸਹਾਇਕ ਪ੍ਰੋਫ਼ੈਸਰ ਡਾ. ਜ਼ਾਹਿਦ ਅਲੀ ਸ਼ਾਹ ਕੋਲ ਪਹੁੰਚਿਆ।

ਡਾ. ਜ਼ਾਹਿਦ ਅਲੀ ਸ਼ਾਹ ਦਾ ਕਹਿਣਾ ਹੈ ਕਿ ਮਹਿਲਾ ਦੀ ਜਾਂਚ ਅਤੇ ਸ਼ੁਰੂਆਤੀ ਰਿਪੋਰਟ ਤੋਂ ਉਨ੍ਹਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਗੋਲੀ ਦਿਲ ਦੇ ਕਿਤੇ ਕੋਲ ਹੈ ਅਤੇ ਇਸ ਨੂੰ ਇੱਕ ਮੁਸ਼ਕਿਲ ਆਪਰੇਸ਼ਨ ਕਰ ਕੇ ਕੱਢਿਆ ਜਾ ਸਕਦਾ ਹੈ।

ਉਨ੍ਹਾਂ ਮੁਤਾਬਕ, ਉਨ੍ਹਾਂ ਨੇ ਪਹਿਲਾਂ ਇਸ ਤਰ੍ਹਾਂ ਦੇ ਕਈ ਮੁਸ਼ਕਿਲ ਆਪਰੇਸ਼ਨ ਕੀਤੇ ਹਨ, ਇਸ ਲਈ ਉਨ੍ਹਾਂ ਨੂੰ ਭਰੋਸਾ ਸੀ।

ਉਹ ਅੱਗੇ ਕਹਿੰਦੇ ਹਨ, ''''ਮੈਂ ਦੋ ਸਾਲ ਪਹਿਲਾਂ ਇਸੇ ਤਰ੍ਹਾਂ ਦਾ ਇੱਕ ਆਪਰੇਸ਼ਨ ਕੀਤਾ ਸੀ, ਜਿਸ ''ਚ ਇੱਕ ਨੌਂ ਸਾਲ ਦੇ ਬੱਚੇ ਨੂੰ ਗੋਲੀ ਲੱਗੀ ਸੀ। ਉਸ ਬਾਰੇ ਵੀ ਕਿਹਾ ਜਾ ਰਿਹਾ ਸੀ ਕਿ ਗੋਲੀ ਸੀਨੇ ਵਿੱਚ ਲੱਗੀ ਹੈ, ਪਰ ਜਦੋਂ ਸੀਨਾ ਖੋਲ੍ਹਿਆ ਤਾਂ ਪਤਾ ਲੱਗਿਆ ਕਿ ਗੋਲੀ ਅਸਲ ਵਿੱਚ ਉਨ੍ਹਾਂ ਦੇ ਦਿਲ ''ਚ ਹੈ।

ਡਾ. ਜ਼ਾਹਿਦ ਅਲੀ ਸ਼ਾਹ ਕਹਿੰਦੇ ਹਨ ਕਿ ਜਦੋਂ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਤਾਂ ਉਮੀਦ ਨਹੀਂ ਸੀ ਕਿ ਇਹ ਆਪਰੇਸ਼ਨ ਪੰਜ ਘੰਟੇ ਤੱਕ ਚੱਲੇਗਾ। ਜਦੋਂ ਸੀਨਾ ਖੋਲ੍ਹਿਆ ਤਾਂ ਜਿੱਥੋਂ ਉਮੀਦ ਸੀ ਕਿ ਗੋਲੀ ਫਸੀ ਹੋਵੇਗੀ ਉੱਥੋਂ ਆਪਰੇਸ਼ਨ ਸ਼ੁਰੂ ਕੀਤਾ ਗਿਆ।

ਡਾ. ਜ਼ਾਹਿਦ ਦੱਸਦੇ ਹਨ ਕਿ ਜਦੋਂ ਉਨ੍ਹਾਂ ਨੇ ਨਾਜ਼ੀਆ ਦੇ ਦਿਲ ਨੂੰ ਹੱਥ ਨਾਲ ਛੂਹਿਆ ਤਾਂ ਉਨ੍ਹਾਂ ਨੂੰ ਸਮਝ ਆਈ ਕਿ ਗੋਲੀ ਤਾਂ ਦਿਲ ਦੇ ਵਿੱਚ ਹੈ।

ਡਾ. ਸ਼ਾਹ ਕਹਿੰਦੇ ਹਨ, ''''ਐਕਸ-ਰੇ ਕੀਤਾ ਤਾਂ ਦਿਲ ਦੀ ਧੜਕਨ ਦੇ ਨਾਲ-ਨਾਲ ਗੋਲੀ ਉੱਤੇ-ਥੱਲੇ ਹੁੰਦੀ ਦਿਖਾਈ ਦਿੱਤੀ। ਸੀਨਾ ਮੇਰੇ ਸਾਹਮਣੇ ਖੁੱਲ੍ਹਾ ਪਿਆ ਸੀ। ਮੈਂ ਮਹਿਲਾ ਮਰੀਜ਼ ਬਾਰੇ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ ਕਿ ਛੇ ਮਹੀਨੇ ਤੋਂ ਉਹ ਆਪਣੇ ਸੀਨੇ ਵਿੱਚ ਗੋਲੀ ਲਏ ਬੈਠੀ ਸੀ।''''

''''ਉਨ੍ਹਾਂ ਦੀ ਜ਼ਿੰਦਗੀ ਸੀ ਜੋ ਉਹ ਹੁਣ ਤੱਕ ਜ਼ਿੰਦਾ ਸਨ, ਪਰ ਇਸ ''ਚ ਕੋਈ ਸ਼ੱਕ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਵਾਲ ਦੇ ਬਰਾਬਰ ਫਰਕ ਸੀ, ਸਗੋਂ ਉਹ ਮੌਤ ਦੇ ਮੂੰਹ ਵਿੱਚ ਸਨ।''''

ਤੀਜੀ ਕੋਸ਼ਿਸ਼ ਵਿੱਚ ਮਿਲੀ ਸਫ਼ਲਤਾ

ਡਾਕਟਰ ਜ਼ਾਹਿਦ ਅਲੀ ਸ਼ਾਹ ਦੱਸਦੇ ਹਨ ਕਿ ਇਸ ਆਪਰੇਸ਼ਨ ਲਈ ਐਨੇਸਥੀਸਿਆ ਦੇ ਮਾਹਿਰ ਡਾਕਟਰ ਰਹਿਮਤ ਦੀ ਮਦਦ ਲਈ ਗਈ ਸੀ।

''''ਮੈਂ ਅੱਲ੍ਹਾ ਦਾ ਨਾਮ ਲੈ ਕੇ ਬਹੁਤ ਹੀ ਧਿਆਨ ਨਾਲ ਦਿਲ ਦੇ ਸੱਜੇ ਵੇਂਟ੍ਰਿਕਲ ''ਚ ਰਾਹ ਬਣਾਉਣਾ ਸ਼ੁਰੂ ਕਰ ਦਿੱਤਾ, ਜਿੱਥੇ ਗੋਲੀ ਲੱਗੀ ਹੋਈ ਸੀ। ਕਾਰਡੀਅਕ ਸਰਜਨ ਆਪਣੇ ਆਪਰੇਸ਼ਨ ਵਿੱਚ ਦਿਲ ਨੂੰ ਕੰਟਰੋਲ ਕਰਨ ਲਈ ਮਸ਼ੀਨ ਦੀ ਵਰਤੋਂ ਕਰਦੇ ਹਨ, ਪਰ ਮੇਰੇ ਕੋਲ ਅਜਿਹੀ ਕੋਈ ਸੁਵਿਧਾ ਨਹੀਂ ਸੀ।''''

ਡਾ. ਸ਼ਾਹ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਮਹਿਲਾ ਦੇ ਧੜਕਦੇ ਹੋਏ ਦਿਲ ਦੇ ਨਾਲ ਹੀ ਕੰਮ ਕਰਨਾ ਸੀ। ਬਹੁਤ ਹੀ ਨਾਜ਼ੁਕ ਨਾੜਾਂ ''ਤੇ ਕੰਮ ਕਰਦੇ ਹੋਏ ਧੜਕਦਾ ਹੋਇਆ ਦਿਲ ਜਦੋਂ ਹਿਲਦਾ ਹੈ ਤਾਂ ਜ਼ਰਾ ਜਿੰਨੀ ਲਾਪਰਵਾਹੀ ਵੀ ਬਹੁਤ ਖ਼ਤਰਨਾਕ ਹੋ ਸਕਦੀ ਹੈ।

''''ਦੋ ਵਾਲ ਕੋਸ਼ਿਸ਼ ਕੀਤੀ ਪਰ ਗੋਲੀ ਤੱਕ ਪਹੁੰਚਣ ਵਿੱਚ ਸਫ਼ਲਤਾ ਨਹੀਂ ਮਿਲੀ, ਤੀਜੀ ਵਾਰ ਮੈਨੂੰ ਸਫ਼ਲਤਾ ਮਿਲੀ।''''

ਥੋਰੈਸਿਕ ਸਰਜਨ ਨੇ ਦਿਲ ਦਾ ਆਪਰੇਸ਼ਨ ਕਿਵੇਂ ਕਰ ਲਿਆ?

ਡਾਕਟਰ ਜ਼ਾਹਿਦ ਅਲੀ ਸ਼ਾਹ ਦਾ ਕਹਿਣਾ ਹੈ ਕਿ ਇੱਕ ਗੱਲ ਸਮਝਣ ਵਾਲੀ ਹੈ ਕਿ ਪੂਰੇ ਦੇਸ਼ ਵਿੱਚ ਥੋਰੈਸਿਕ ਸਰਜਨੀਆਂ ਦੀ ਗਿਣਤੀ 80 ਜਾਂ 90 ਹੋਵੇਗੀ, ਜਦਕਿ ਖ਼ੈਬਰ ਪਖ਼ਤੂਨਖ਼ਵਾ ਵਿੱਚ ਇਹ ਗਿਣਤੀ 9-10 ਹੈ।

ਥੋਰੈਸਿਕ ਸਰਜਰੀ ''ਚ ਸੀਨੇ ਦੇ ਅੰਦਰ ਦੇ ਸਾਰੇ ਅੰਗਾਂ ਦੀ ਸਰਜਰੀ ਕੀਤੀ ਜਾਂਦੀ ਹੈ। ਸਭ ਤੋਂ ਵੱਧ ਕੇ ਇਹ ਕਿ 80 ਤੋਂ 90 ਫੀਸਦੀ ਮਾਮਲੇ ਥੋਰੈਸਿਕ ਸਰਜਰੀ ਵਿਭਾਗ ਨੇ ਦੇਖਣੇ ਹੁੰਦੇ ਹਨ।

ਡਾ. ਸ਼ਾਹ ਨੇ ਕਿਹਾ, ''''ਮੈਂ ਪਹਿਲਾਂ ਆਰਥੋਪੇਡਿਕ ਸਰਜਰੀ ਸਿੱਖ ਰਿਹਾ ਸੀ, ਪਰ ਮੈਨੂੰ ਲੱਗਿਆ ਕਿ ਜੇ ਇਸ ਸਮੇਂ ਮੈਡੀਕਲ ਅਤੇ ਸਰਜਰੀ ਦੇ ਕਿਸੇ ਖੇਤਰ ਵਿੱਚ ਸਭ ਤੋਂ ਵੱਧ ਲੋਕਾ ਹੈ, ਤਾਂ ਉਹ ਥੋਰੈਸਿਕ ਸਰਜਰੀ ਦਾ ਖ਼ੇਤਰ ਹੈ ਅਤੇ ਇਸ ਲਈ ਮੈਂ ਇਸ ਫੀਲਡ ਵਿੱਚ ਆਇਆ।''''

ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ ਵੈਸੇ ਵੀ ਸਾਧਨ ਘੱਟ ਹੁੰਦੇ ਹਨ। ''''ਇੱਕ ਵਾਰ ਸੀਨਾ ਖੋਲ੍ਹਣ ਤੋਂ ਬਾਅਦ, ਮਾਹਿਰ ਨੂੰ ਕਾਲ ਤਾਂ ਜ਼ਰੂਰ ਕੀਤੀ ਜਾ ਸਕਦੀ ਹੈ ਪਰ ਵਿਅਕਤੀਗਤ ਤਾਕਤ ਘੱਟ ਹੁੰਦੀ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਸੰਬੰਧਿਤ ਮਾਹਿਰ ਕਿਸੇ ਦੂਜੀ ਸਰਜਰੀ ''ਚ ਮਸਰੂਫ਼ ਹੁੰਦੇ ਹਨ।''''

ਉਨ੍ਹਾਂ ਨੇ ਕਿਹਾ ਕਿ ਉਹ ਖ਼ੁਦ ਵੀ ਹਸਪਤਾਲ ਦੇ ਅੰਦਰ ਕਾਫ਼ੀ ਮਸਰੂਫ਼ ਰਹਿੰਦੇ ਹਨ।

ਸਿਰਫ਼ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਉਨ੍ਹਾਂ ਪਿਛਲੇ ਹਫ਼ਤੇ ਮੰਗਲਵਾਰ ਨੂੰ ਆਪਰੇਸ਼ਨ ਸ਼ੁਰੂ ਕੀਤੇ ਸੀ ਅਤੇ ਵੀਰਵਾਰ ਤੱਕ ਬਿਨਾਂ ਕਿਸੇ ਛੁੱਟੀ ਦੇ ਹਰ ਰੋਜ਼ ਆਪਰੇਸ਼ਨ ਕਰਦੇ ਹੇ ਸਨ। ਅਜਿਹੀ ਸਥਿਤੀ ਵਿੱਚ ਕਾਰਡੀਅਕ ਨਾਲ ਜੁੜੀਆਂ ਚੀਜ਼ਾਂ ਵੀ ਸਿੱਖਣੀਆਂ ਪਈਆਂ

15 ਤੋਂ 20 ਸਕਿੰਟਾਂ ''ਚ ਖ਼ੁਸ਼ਖ਼ਬਰੀ

ਡਾ. ਜ਼ਾਹਿਦ ਅਲੀ ਸ਼ਾਹ ਦਾ ਕਹਿਣਾ ਹੈ ਉਨ੍ਹਾਂ ਨੇ ਪੰਜ ਘੰਟੇ ਤੱਕ ਚੱਲੇ ਇਸ ਆਪਰੇਸ਼ਨ ਨੂੰ ਇਕੱਲੇ ਦੇਖਿਆ। ਇਸ ਦੌਰਾਨ ਉਨ੍ਹਾਂ ਨੂੰ ਥਕਾਨ ਮਹਿਸੂਸ ਨਹੀਂ ਹੋਈ, ਪਰ ਖ਼ੁਦ ਨੂੰ ਤਰੋਤਾਜ਼ਾ ਕਰਨ ਲਈ ਕੁਝ ਦੇਰ ਆਰਾਮ ਜ਼ਰੂਰ ਕੀਤਾ ਸੀ।

ਉਹ ਕਹਿੰਦੇ ਹਨ, ''''ਬਸ ਇੱਕੋ ਹੀ ਜਨੂੰਨ ਸੀ ਕਿ ਮਰੀਜ਼ ਨੂੰ ਬਚਾਉਣਾ ਹੈ। ਜਿਸ ਦੇ ਲਈ ਮੈਂ ਜੀਅ- ਜਾਨ ਦੀ ਬਾਜ਼ੀ ਲਗਾ ਦਿੱਤੀ ਸੀ।''''

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਗੋਲੀ ਤੱਕ ਪਹੁੰਚ ਗਏ ਅਤੇ ਉਸ ਨੂੰ ਬਾਹਰ ਕੱਢਿਆ ਤਾਂ ਪੰਦਰਾਂ ਸਕਿੰਟਾਂ ਲ਼ਈ ਮਰੀਜ਼ ਦਾ ਬਲੱਡ ਪ੍ਰੈਸ਼ਰ ਘੱਟ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦਾ ਇੱਕ ਬੈਗ ਤੋਂ ਜ਼ਿਆਦਾ ਖ਼ੂਨ ਵਹਿ ਚੁੱਕਿਆ ਸੀ। ਉਹ ਪੰਦਰਾਂ ਸਕਿੰਟ ਬਹੁਤ ਖ਼ਤਰਨਾਕ ਸਨ।

''''ਤੁਰੰਤ ਉਨ੍ਹਾਂ ਨੂੰ ਖ਼ੂਨ ਦਿੱਤਾ ਅਤੇ ਉਨ੍ਹਾਂ ਦੇ ਦਿਲ ਦੀ ਧੜਕਨ ਨੂੰ ਜਾਰੀ ਰੱਖਣ ਲਈ ਉਪਾਅ ਕੀਤੇ। ਅਗਲੇ 20 ਸਕਿੰਟਾਂ ਵਿੱਚ ਮਰੀਜ਼ ਦੀ ਹਾਲਤ ਸਥਿਰ ਹੋ ਗਈ। ਮੈਂ ਸਮਝ ਗਿਆ ਕਿ ਛੇ ਮਹੀਨੇ ਤੱਕ ਆਪਣੇ ਦਿਲ ਵਿੱਚ ਗੋਲੀ ਰੱਖਣ ਵਾਲੀ ਮਰੀਜ਼ ਦੀ ਹਾਲਤ ਹੁਣ ਸਥਿਰ ਹੈ।

ਇਹ ਵੀ ਪੜ੍ਹੋ:

  • ਮੀਨੋਪੌਜ਼ ਕੀ ਹੈ ਜਿਸ ਕਾਰਨ ਔਰਤਾਂ ਦਾ ਵਿਹਾਰ ਬਦਲ ਸਕਦਾ ਹੈ
  • ਕੈਨੇਡਾ ਨੇ ਭਾਰਤ ਤੋਂ ਹਵਾਈ ਉਡਾਨਾਂ ਉੱਤੇ ਪਾਬੰਦੀ ਵਧਾਈ, ਹੋਰ ਕਿਹੜੇ ਦੇਸ ਜਾ ਸਕਦੇ ਹੋ
  • ਟੋਕੀਓ 2020 ਓਲੰਪਿਕ: ਜਦੋਂ ਮਾਸੂਮ ਜਿਹੇ ਮਨਪ੍ਰੀਤ ਸਿੰਘ ਨੇ ਪਰਗਟ ਸਿੰਘ ਨੂੰ ਪੁੱਛਿਆ ਸੀ, ‘ਤੁਸੀਂ ਕੌਣ ਹੋ?’

https://www.youtube.com/watch?v=G8qJTpkw9uU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''d7303da3-0556-4929-b3ae-28bc030a12a7'',''assetType'': ''STY'',''pageCounter'': ''punjabi.international.story.58692761.page'',''title'': ''ਪਾਕਿਸਤਾਨ: ਸਿੱਧੀ ਦਿਲ ਵਿਚ ਵੱਜੀ ਗੋਲੀ ਨੂੰ 6 ਮਹੀਨੇ ਬਾਅਦ ਆਪਰੇਸ਼ਨ ਰਾਹੀ ਕੱਢਿਆ ਗਿਆ'',''author'': ''ਮੁਹੰਮਦ ਜ਼ੁਬੈਰ ਖ਼ਾਨ'',''published'': ''2021-09-26T01:40:25Z'',''updated'': ''2021-09-26T01:40:25Z''});s_bbcws(''track'',''pageView'');