ਜੱਗਾ ਗੁੱਜਰ ਜਿਸ ਤੋਂ ਕੰਬਦਾ ਸੀ ਪੂਰਾ ਲਾਹੌਰ ਅਤੇ ਭਰਦਾ ਸੀ ਜੱਗਾ ਟੈਕਸ

08/05/2021 3:37:31 PM

ਇਹ ਜੁਲਾਈ 1968 ਦੀ ਗੱਲ ਹੈ, ਜਦੋਂ ਲਾਹੌਰ ਵਿੱਚ ਹੋਈ ਇੱਕ ''ਪੁਲਿਸ ਮੁਕਾਬਲੇ'' ਵਿੱਚ ਜੱਗਾ ਗੁੱਜਰ ਦੀ ਮੌਤ ਦੀ ਖ਼ਬਰ ਪਾਕਿਸਤਾਨ ਦੇ ਸਾਰੇ ਅਖ਼ਬਾਰਾਂ ਦੇ ਪਹਿਲੇ ਪੰਨੇ ''ਤੇ ਛਾ ਗਈ ਸੀ।

ਇਹ ਉਹੀ ਜੱਗਾ ਗੁੱਜਰ ਸੀ, ਜਿਨ੍ਹਾਂ ਦੇ ਨਾਂ ''ਤੇ ''ਜੱਗਾ ਟੈਕਸ'' ਸ਼ਬਦ ਮਸ਼ਹੂਰ ਹੋ ਗਿਆ ਸੀ ਅਤੇ ਉਨ੍ਹਾਂ ਉੱਪਰ ਪਾਕਿਸਤਾਨੀ ਪੰਜਾਬੀ ਵਿੱਚ ਕਈ ਫ਼ਿਲਮਾਂ ਬਣਾਈਆਂ ਗਈਆਂ।

ਸਮਕਾਲੀ ਅਖ਼ਬਾਰਾਂ ਅਤੇ ਉਸ ਦੇ ਬਾਅਦ ਲਿਖੀਆਂ ਗਈਆਂ ਕਿਤਾਬਾਂ ਅਨੁਸਾਰ ਜੱਗਾ ਗੁੱਜਰ ਦਾ ਅਸਲੀ ਨਾਂ ਮੁਹੰਮਦ ਸ਼ਰੀਫ ਸੀ, ਜੋ ਲਾਹੌਰ ਦੇ ਇਸਲਾਮੀਆ ਪਾਰਕ ਇਲਾਕੇ ਦੇ ਵਾਸੀ ਸਨ।

ਉਸ ਸਮੇਂ ਇੱਕ ਮੇਲਾ ਲੱਗਿਆ ਕਰਦਾ ਸੀ, ਉਸ ਮੇਲੇ ਵਿੱਚ ਜੱਗੇ ਦੇ ਭਰਾ ਮਾਖਨ ਗੁੱਜਰ ਦਾ ਲਾਹੌਰ ਦੇ ''ਬਦਨਾਮ ਬਦਮਾਸ਼'' ਅੱਛਾ ਸ਼ੋਕਰਵਾਲਾ ਨਾਲ ਝਗੜਾ ਹੋ ਗਿਆ ਸੀ।

ਇਸ ਝਗੜੇ ਦੇ ਬਾਅਦ 1954 ਵਿੱਚ ਮਾਖਨ ਦਾ ਕਤਲ ਕਰ ਦਿੱਤਾ ਗਿਆ ਸੀ।

ਜੱਗਾ ਆਪਣੇ ਭਰਾ ਦੇ ਕਤਲ ਸਮੇਂ ਸਿਰਫ਼ 14 ਸਾਲ ਦਾ ਸੀ। ਆਪਣੇ ਭਰਾ ਦੇ ਕਤਲ ਦੇ ਅੱਠ ਦਿਨ ਬਾਅਦ ਜੱਗੇ ਨੇ ਕਾਤਲ ਨੂੰ ਮਾਰ ਕੇ ਭਰਾ ਦੀ ਮੌਤ ਦਾ ਬਦਲਾ ਲੈ ਲਿਆ। ਇਸ ਤੋਂ ਬਾਅਦ ਜੱਗੇ ਨੂੰ ਜੇਲ੍ਹ ਹੋ ਗਈ।

ਜੇਲ੍ਹ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਤਲ ਦਾ ਅਸਲੀ ਮੁਜਰਿਮ ਅੱਛਾ ਸ਼ੋਕਰਵਾਲ ਸੀ ਅਤੇ ਉਸ ਨੇ ਹੀ ਕਾਤਲ ਨੂੰ ਇਸ ਕੰਮ ਲਈ ਤਿਆਰ ਕੀਤਾ ਸੀ।

ਇਸ ਲਈ ਜੱਗੇ ਨੇ ਜੇਲ੍ਹ ਵਿੱਚ ਰਹਿੰਦੇ ਹੋਏ ਹੀ ਅੱਛਾ ਸ਼ੋਕਰਵਾਲ ਨੂੰ ਮਾਰਨ ਦੀ ਵਿਉਂਤ ਬਣਾਈ ਅਤੇ ਉਸ ''ਤੇ ਹਮਲਾ ਵੀ ਕਰਾਇਆ। ਇਸ ਹਮਲੇ ਵਿੱਚ ਅੱਛਾ ਦੇ ਦੋ ਆਦਮੀ ਮਾਰੇ ਗਏ ਅਤੇ ਅੱਛਾ ਫੱਟੜ ਹੋ ਗਿਆ।

ਜਦੋਂ ਜੱਗਾ ਜੇਲ੍ਹ ਤੋਂ ਰਿਹਾਅ ਹੋਇਆ ਤਾਂ ਜੇਲ੍ਹ ਦੇ ਬਾਹਰ ਲੋਕਾਂ ਦੇ ਵੱਡੇ ਹਜੂਮ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਇਹ ਉਹ ਸਮਾਂ ਸੀ ਜਦੋਂ ਅੱਛਾ ਸ਼ੋਕਰਵਾਲਾ ਨੂੰ ਕਥਿਤ ਰੂਪ ਨਾਲ ਪੱਛਮੀ ਪਾਕਿਤਸਾਨ (ਅਜੋਕਾ ਬੰਗਲਾਦੇਸ਼) ਦੇ ਗਵਰਨਰ ਨਵਾਬ ਆਫ਼ ਕਾਲਾ ਬਾਗ ਮਲਿਕ ਅਮੀਰ ਮੁਹੰਮਦ ਖ਼ਾਨ ਦੀ ਸਰਪ੍ਰਸਤੀ ਪ੍ਰਾਪਤ ਸੀ।

ਸਰਕਾਰ ਵਿਰੋਧੀ ਪ੍ਰਦਰਸ਼ਨ ਹੋਵੇ ਜਾਂ ਅਸ਼ਾਂਤੀ ਦੀ ਕੋਈ ਹੋਰ ਘਟਨਾ, ਨਵਾਬ ਆਫ਼ ਕਾਲਾ ਬਾਗ ਦੇ ਕਹਿਣ ''ਤੇ ਅੱਛਾ ਸ਼ੋਕਰਵਾਲਾ ਸਥਿਤੀ ਨੂੰ ਕੰਟਰੋਲ ਕਰਦੇ ਸਨ।

ਪੱਛਮੀ ਪਾਕਿਤਸਾਨ ਦਾ ''ਛੋਟਾ ਗਵਰਨਰ''

ਅਹਿਮਦ ਅਕੀਲ ਰੂਬੀ ਨੇ ਆਪਣੀ ਕਿਤਾਬ ''ਖਰੇ ਖੋਟੇ'' ਵਿੱਚ ਅੱਛਾ ਸ਼ੋਕਰਵਾਲਾ ਦੇ ਸਕੈੱਚ ਵਿੱਚ ਲਿਖਿਆ ਹੈ, ''''ਜਦੋਂ ਤੱਕ ਮਲਿਕ ਅਮੀਰ ਮੁਹੰਮਦ ਖ਼ਾਨ (ਨਵਾਬ ਆਫ਼ ਕਾਲਾ ਬਾਗ) ਪੱਛਮੀ ਪਾਕਿਤਸਾਨ ਦੇ ਗਵਰਨਰ ਰਹੇ, ਕੁਝ ਲੋਕ ਅੱਛਾ ਸ਼ੋਕਰਵਾਲਾ ਨੂੰ ''ਛੋਟਾ ਗਵਰਨਰ'' ਕਹਿੰਦੇ ਸਨ।

ਗਵਰਨਰ ਹਾਊਸ ਵਿੱਚ ਉਨ੍ਹਾਂ ਦਾ ਆਪਣੇ ਘਰ ਵਰਗਾ ਆਉਣਾ-ਜਾਣਾ ਸੀ। ਅਮੀਰ ਮੁਹੰਮਦ ਖ਼ਾਨ ਦੇ ਸਮੇਂ ਵਿੱਚ ਅੱਛਾ ਨੂੰ ਪਾਕਿਸਤਾਨ ਸਰਕਾਰ ਵੱਲੋਂ ਮੈਡਲ ਆਫ਼ ਆਨਰ ਮਿਲਿਆ ਸੀ।

ਉਹ ਅੱਗੇ ਲਿਖਦੇ ਹਨ,''''ਅਮੀਰ ਮੁਹੰਮਦ ਖ਼ਾਨ ਦੇ ਕਾਰਜਕਾਲ ਮੁੱਕਣ ਤੋਂ ਕੁਝ ਸਮੇਂ ਬਾਅਦ ਅੱਛਾ ਨੂੰ ਗੁੰਡਾ ਟੈਕਸ ਵਸੂਲ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।''''

''''ਅੱਛਾ ਨੇ ਹੱਸਦੇ ਹੋਏ ਥਾਣੇਦਾਰ ਨੂੰ ਕਿਹਾ, ''''ਇੱਕ ਤੇ ਤੁਹਾਡੇ ਕਾਨੂੰਨ ਦਾ ਪਤਾ ਨਹੀਂ ਲੱਗਦਾ, ਕਦੀ ਮੈਨੂੰ ਸ਼ਰਾਫਤ ਦਾ ਤਮਗਾ ਦਿੰਦੇ ਓ, ਕਦੀ ਗੁੰਡਾ ਕਹਿ ਕੇ ਗ੍ਰਿਫ਼ਤਾਰ ਕਰ ਲੈਂਦੇ ਓ।''''

ਮੂਸਾ ਖ਼ਾਨ ਦੇ ਗਵਰਨਰ ਹੁੰਦਿਆਂ ਜੱਗੇ ਗੁਜੱਰ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਜੇਲ੍ਹ ਦੇ ਬਾਹਰ ਆ ਕੇ ਉਨ੍ਹਾਂ ਨੇ ਆਪਣਾ ਗਰੋਹ ਬਣਾਇਆ ਅਤੇ ਲਾਹੌਰ ਵਿੱਚ ਕਸਾਈ ਭਾਈਚਾਰੇ ਤੋਂ ਜਬਰੀ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਬਦਮਾਸ਼ੀ ਦਾ ਕੇਂਦਰ ਬਕਰ ਮੰਡੀ ਖੇਤਰ ਸੀ। ਉਹ ਇੱਕ ਬੱਕਰੇ ਦੀ ਖਰੀਦ ''ਤੇ ਹਰ ਕਸਾਈ ਤੋਂ ਇੱਕ ਰੁਪਇਆ ਵਸੂਲ ਕਰਦੇ ਸਨ।

ਜੱਗਾ ਟੈਕਸ ਦਾ ਮੁੱਢ

ਕਿਸੇ ਵਿੱਚ ਵੀ ਮਨ੍ਹਾਂ ਕਰਨ ਦੀ ਹਿੰਮਤ ਨਹੀਂ ਸੀ ਅਤੇ ਜਲਦੀ ਹੀ ਇਸ ਜ਼ਬਰਦਸਤੀ ਵਸੂਲ ਕੀਤੇ ਜਾਣ ਵਾਲੇ ਟੈਕਸ ਨੂੰ ਜੱਗਾ ਗੁਜੱਰ ਦੇ ਨਾਂ ''ਤੇ ''ਜੱਗਾ ਟੈਕਸ'' ਕਿਹਾ ਜਾਣ ਲੱਗਿਆ।

ਅੱਜ ਵੀ ਪਾਕਿਸਤਾਨ ਵਿੱਚ ਇਸ ਤਰ੍ਹਾਂ ਦੇ ਜ਼ਬਰਦਸਤੀ ਵਸੂਲ ਕੀਤੇ ਜਾਣ ਵਾਲੇ ਟੈਕਸ ਨੂੰ ਆਮ ਤੌਰ ''ਤੇ ''ਜੱਗਾ ਟੈਕਸ'' ਹੀ ਕਿਹਾ ਜਾਂਦਾ ਹੈ।

ਹਸਨ ਨਿਸਾਰ ਨੇ ਆਪਣੇ ਇੱਕ ਕਾਲਮ ਵਿੱਚ ਲਿਖਿਆ ਹੈ, ''''ਜੱਗਾ ਸੀ ਤਾਂ ਬਦਮਾਸ਼, ਪਰ ਉਨ੍ਹਾਂ ਦੀ ਇੱਕ ਖ਼ਾਸੀਅਤ ਸੀ, ਜੋ ਉਨ੍ਹਾਂ ਨੂੰ ਦੂਜੇ ਗੁੰਡਿਆਂ ਤੋਂ ਅਲੱਗ ਕਰਦੀ ਸੀ। ਉਹ ਖ਼ਾਸੀਅਤ ਇਹ ਸੀ ਕਿ ਜੋ ਟੈਕਸ ਉਨ੍ਹਾਂ ਦੇ ਘਰ ਆਉਂਦਾ ਸੀ, ਉਸ ਵਿੱਚੋਂ ਗਰੀਬਾਂ ਅਤੇ ਵਿਧਵਾਵਾਂ ਦਾ ਵੀ ਹਿੱਸਾ ਹੁੰਦਾ ਸੀ।''''

ਉਸ ਸਮੇਂ ਲਾਹੌਰ ਦੇ ਐੱਸਐੱਸਪੀ ਹਾਜੀ ਹਬੀਬ-ਉਰ-ਰਹਿਮਾਨ ਨੇ ਮੁਨੀਰ ਅਹਿਮਦ ਮੁਨੀਰ ਨੂੰ ਇੱਕ ਇੰਟਰਵਿਊ ਦਿੱਤਾ ਸੀ। ਇਹ ਇੰਟਰਵਿਊ ''''ਕਿਆ ਕਿਆ ਨਾ ਦੇਖਾ'' ਸਿਰਲੇਖ ਹੇਠ ਛਪਿਆ।

ਹਾਜੀ ਹਬੀਬ-ਉਰ-ਰਹਿਮਾਨ ਨੇ ਆਪਣੇ ਉਸ ਇੰਟਰਵਿਊ ਵਿੱਚ ਦੱਸਿਆ ਸੀ, ''''ਜੱਗੇ ਦੀ ਬਦਕਿਸਮਤੀ ਉਸ ਦਿਨ ਸ਼ੁਰੂ ਹੋਈ, ਜਦੋਂ ਉਨ੍ਹਾਂ ਦਾ ਸਾਹਮਣਾ ਮੋਜਾਂਗ ਵਿੱਚ ਇੱਕ ਫ਼ਲਾਂ ਦੀ ਦੁਕਾਨ ''ਤੇ ਲਾਹੌਰ ਦੇ ਡਿਪਟੀ ਕਮਿਸ਼ਨਰ ਫ਼ਤਿਹ ਮੁਹੰਮਦ ਖ਼ਾਨ ਬਾਂਦਿਆਲ ਨਾਲ ਹੋਇਆ, ਫ਼ਤਿਹ ਮੁਹੰਮਦ ਖ਼ਾਨ ਬਾਂਦਿਆਲ ਨੇ ਦੇਖਿਆ ਕਿ ਫ਼ਲਾਂ ਦੀ ਦੁਕਾਨ ''ਤੇ ਇੱਕ ਜੀਪ ਆ ਕੇ ਰੁਕੀ, ਉਸ ਵਿੱਚੋਂ ਇੱਕ ਆਦਮੀ ਉਤਰਿਆ, ਜਿਸ ਦੇ ਅੱਗੇ ਪਿੱਛੇ ਛੇ-ਸੱਤ ਹਥਿਆਰਬੰਦ ਜਣੇ ਸਨ। ਉਹ ਆਦਮੀ ਫ਼ਲਾਂ ਦੀ ਦੁਕਾਨ ਵੱਲ ਗਿਆ।''''

''''ਦੁਕਾਨਦਾਰ ਨੇ ਫ਼ਤਿਹ ਮੁਹੰਮਦ ਖ਼ਾਨ ਬਾਂਦਿਆਲ ਨੂੰ ਨਜ਼ਰਅੰਦਾਜ਼ ਕਰ ਕੇ ਉਸ ਆਦਮੀ ਨੂੰ ਸਲਾਮ ਕੀਤੀ। ਜੱਗੇ ਨੇ ਆਪਣੇ ਖ਼ਾਸ ਅੰਦਾਜ਼ ਵਿੱਚ ਹੱਥ ਲਹਿਰਾਉਂਦੇ ਹੋਏ ਜਵਾਬ ਦਿੱਤਾ। ਆਪਣੀ ਕਾਰ ਵਿੱਚ ਫ਼ਲਾਂ ਦੀਆਂ ਕੁਝ ਟੋਕਰੀਆਂ ਅਤੇ ਸ਼ਰਬਤ ਦੀਆਂ ਤਿੰਨ-ਚਾਰ ਬੋਤਲਾਂ ਰਖਵਾਈਆਂ ਅਤੇ ਬਿਨਾਂ ਪੈਸੇ ਦਿੱਤੇ ਨਿਕਲ ਗਿਆ। ਫ਼ਤਿਹ ਮੁਹੰਮਦ ਖ਼ਾਨ ਲਈ ਇਹ ਦ੍ਰਿਸ਼ ਹੈਰਾਨੀਜਨਕ ਸੀ।''''

''''ਉਨ੍ਹਾਂ ਨੇ ਦੁਕਾਨਦਾਰ ਨੂੰ ਪੁੱਛਿਆ ਕਿ ਉਹ ਆਦਮੀ ਕੌਣ ਸੀ। ਦੁਕਾਨਦਾਰ ਨੇ ਕਿਹਾ ਕਿ ਤੁਸੀਂ ਲਾਹੌਰ ਦੇ ਨਹੀਂ ਲੱਗਦੇ, ਇਹ ਜੱਗਾ ਬਾਦਸ਼ਾਹ ਸੀ ਲਾਹੌਰ ਦਾ ਅਸਲੀ ਬਾਦਸ਼ਾਹ, ਪੂਰੇ ਲਾਹੌਰ ''ਤੇ ਉਸ ਦਾ ਰਾਜ ਚੱਲਦਾ ਹੈ।''''

ਲਾਹੌਰ ਦੇ ਡਿਪਟੀ ਕਮਿਸ਼ਨਰ ਹੈਰਾਨ

ਫ਼ਤਿਹ ਮੁਹੰਮਦ ਖ਼ਾਨ ਹੋਰ ਵੀ ਹੈਰਾਨ ਹੋਏ, ਉਨ੍ਹਾਂ ਨੇ ਸੋਚਿਆ, ਲਾਹੌਰ ਦਾ ਡੀਸੀ ਤਾਂ ਮੈਂ ਹਾਂ, ਇਹ ਬਦਮਾਸ਼ ਕਿੱਥੋਂ ਆ ਗਿਆ? ਉਹ ਉੱਥੋਂ ਘਰ ਜਾਣ ਦੀ ਬਜਾਏ ਮੋਜਾਂਗ ਥਾਣੇ ਪਹੁੰਚੇ। ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੇ ਬਾਰੇ ਦੱਸਿਆ ਅਤੇ ਪੂਰੀ ਕਹਾਣੀ ਸੁਣਾਈ।

ਪੁਲਿਸੀਏ ਚੁੱਪ ਖੜ੍ਹੇ ਰਹੇ। ਕੁਝ ਦੇਰ ਬਾਅਦ ਐੱਸਐੱਚਓ ਨੇ ਕਿਹਾ, ''''ਮੈਨੂੰ ਲੱਗਦਾ ਹੈ ਕਿ ਤੁਹਾਨੂੰ ਗ਼ਲਤਫ਼ਹਿਮੀ ਹੋਈ ਹੈ।''''

ਫ਼ਤਿਹ ਮੁਹੰਮਦ ਖ਼ਾਨ ਨੇ ਕਿਹਾ, ''''ਗ਼ਲਤਫ਼ਹਿਮੀ ਦੀ ਕੀ ਗੱਲ ਹੈ? ਮੈਂ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਕੇ ਆ ਰਿਹਾ ਹਾਂ। ਅਸਲੀ ਐੱਸਐੱਚਓ ਤੁਸੀਂ ਹੋ। ਅਸਲੀ ਅਧਿਕਾਰੀ ਐੱਸਐੱਸਪੀ ਜਾਂ ਡੀਸੀ ਹੈ। ਇੱਥੇ ਗੁੰਡਿਆਂ ਦਾ ਰਾਜ ਹੈ। ਮੈਂ ਬਸ ਸੁਣਦਾ ਆਇਆ ਸੀ, ਅੱਜ ਮੈਂ ਆਪਣੀਆਂ ਅੱਖਾਂ ਨਾਲ ਦੇਖ ਵੀ ਲਿਆ ਹੈ ਕਿ ਇੱਥੋਂ ਦਾ ਅਸਲੀ ਸ਼ਾਸਕ ਤਾਂ ਕੋਈ ਹੋਰ ਹੈ।''''

ਉਸੀ ਸਮੇਂ ਐੱਸਐੱਚਓ ਫ਼ਤਿਹ ਮੁਹੰਮਦ ਖ਼ਾਨ ਨੂੰ ਫ਼ਲਾਂ ਦੀ ਉਸੀ ਦੁਕਾਨ ''ਤੇ ਲੈ ਗਏ। ਦੁਕਾਨਦਾਰ ਐੱਸਐੱਚਓ ਨੂੰ ਦੇਖ ਕੇ ਖੜ੍ਹਾ ਹੋ ਗਿਆ। ਐੱਸਐੱਚਓ ਨੇ ਦੁਕਾਨਦਾਰ ਨਾਲ ਫ਼ਤਿਹ ਮੁਹੰਮਦ ਖ਼ਾਨ ਜੀ ਦੀ ਜਾਣ ਪਛਾਣ ਕਰਾਈ ਅਤੇ ਪੁੱਛਿਆ ਕਿ ਕੀ ਹੁਣੇ ਹੀ ਇੱਥੋਂ ਕੋਈ ਜੱਗਾ ਨਾਂ ਦਾ ਕੋਈ ਵਿਅਕਤੀ ਮੁਫ਼ਤ ਫ਼ਲ ਲੈ ਕੇ ਗਿਆ ਹੈ। ਦੁਕਾਨਦਾਰ ਨੇ ਕਿਹਾ ਕਿ ਇਸ ਨਾਂ ਦਾ ਇੱਥੇ ਕੋਈ ਵਿਅਕਤੀ ਨਹੀਂ ਆਇਆ ਅਤੇ ਫਿਰ ਅਸੀਂ ਕਿਸੇ ਨੂੰ ਮੁਫ਼ਤ ਫ਼ਲ ਕਿਉਂ ਦੇਵਾਂਗੇ। ਫ਼ਤਿਹ ਮੁਹੰਮਦ ਖ਼ਾਨ ਇਹ ਗੱਲ ਸੁਣ ਕੇ ਹੈਰਾਨ ਹੋਏ। ਉਹ ਸਮਝ ਗਏ ਕਿ ਦੁਕਾਨਦਾਰ ਉਨ੍ਹਾਂ ਅਤੇ ਐੱਸਐੱਚਓ ਦੇ ਸਾਹਮਣੇ ਸੱਚ ਨਹੀਂ ਦੱਸੇਗਾ।''''

ਇਹ ਵੀ ਪੜ੍ਹੋ:

  • ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
  • ਉਹ ਡਾਕੂ ਜਿਸ ’ਤੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਬਣੀਆਂ ਫਿਲਮਾਂ
  • ਆਬਿਦਾ ਸੁਲਤਾਨ: ਦੋ ਰਿਆਸਤਾਂ ਦਾ ''ਸਿੰਘਾਸਣ'' ਛੱਡ ਕੇ ਦੋ ਸੂਟ ਕੇਸਾਂ ਨਾਲ ਪਾਕਿਸਤਾਨ ਜਾਣ ਵਾਲੀ ''ਸ਼ਹਿਜ਼ਾਦੀ''

ਹਾਜੀ ਹਬੀਬ-ਉਰ-ਰਹਿਮਾਨ ਨੇ ਦੱਸਿਆ ਕਿ, ''''ਹੁਣ ਫ਼ਤਿਹ ਮੁਹੰਮਦ ਖ਼ਾਨ ਨੇ ਮੈਨੂੰ ਬੁਲਾਇਆ ਅਤੇ ਮੈਨੂੰ ਪੂਰੀ ਕਹਾਣੀ ਸੁਣਾਈ। ਮੈਂ ਕਿਹਾ ਚੰਗਾ ਹੋਇਆ ਕਿ ਤੁਸੀਂ ਇਹ ਦ੍ਰਿਸ਼ ਆਪਣੀਆਂ ਅੱਖਾਂ ਨਾਲ ਦੇਖ ਲਿਆ। ਐੱਸਐੱਚਓ ਵੀ ਕਹਿ ਰਹੇ ਹਨ ਕਿ ਤੁਹਾਨੂੰ ਗ਼ਲਤਫ਼ਹਿਮੀ ਹੋਈ ਹੈ ਅਤੇ ਦੁਕਾਨਦਾਰ ਨੇ ਵੀ ਇਹੀ ਕਿਹਾ ਕਿ ਉੱਥੇ ਉਸ ਨਾਂ ਦਾ ਕੋਈ ਵਿਅਕਤੀ ਆਇਆ ਹੀ ਨਹੀਂ, ਇਹ ਇਨ੍ਹਾਂ ਗੁੰਡਿਆਂ ਦੀ ਦਹਿਸ਼ਤ ਹੈ। ਫ਼ਤਿਹ ਮੁਹੰਮਦ ਖ਼ਾਨ ਨੇ ਕਿਹਾ ਕਿ ਇਹ ਮਾਮਲੇ ਇਸ ਤਰ੍ਹਾਂ ਨਹੀਂ ਚੱਲਣਗੇ। ਇਨ੍ਹਾਂ ਗੁੰਡਿਆਂ ਨਾਲ ਸਾਨੂੰ ਨਜਿੱਠਣਾ ਹੋਵੇਗਾ।''''

ਪੁਲਿਸ ਮਹਿਕਮੇ ਵਿੱਚ ਮੌਜੂਦ ਮੁਖ਼ਬਰਾਂ ਦੀ ਮਦਦ ਨਾਲ ਜੱਗਾ ਗੁਜੱਰ ਤੱਕ ਵੀ ਇਹ ਖ਼ਬਰ ਪਹੁੰਚ ਗਈ ਕਿ ਲਾਹੌਰ ਪ੍ਰਸ਼ਾਸਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਵਾਲਾ ਹੈ।

ਇੱਕ ਦਿਨ ਜੱਗਾ ਗੁਜੱਰ ਹਾਜੀ ਹਬੀਬ-ਉਰ-ਰਹਿਮਾਨ ਦੇ ਦਫ਼ਤਰ ਪਹੁੰਚ ਗਿਆ। ਮੁਹੰਮਦ ਸ਼ਰੀਫ਼ ਉਰਫ਼ ਜੱਗਾ ਦੇ ਨਾਂ ਦੀ ਇੱਕ ਚਿੱਟ ਅੰਦਰ ਭੇਜੀ ਗਈ।

ਉਨ੍ਹਾਂ ਨਾਲ ਉਨ੍ਹਾਂ ਦਾ ਰਾਈਟ ਹੈਂਡ ਰਿਆਜ਼ ਉਰਫ਼ ਰਾਜੂ ਗੁਜੱਰ ਵੀ ਸੀ।

ਜੱਗੇ ਨੇ ਕਿਹਾ ਕਿ ਉਹ ਪੁਲਿਸ ਲਈ ਕੰਮ ਕਰਨ ਲਈ ਤਿਆਰ ਹੈ, ਬਸ ਉਸ ਦੀ ਜਾਨ ਬ਼ਖ਼ਸ ਦਿੱਤੀ ਜਾਵੇ।

ਜੱਗੇ ਨੇ ਰਿਸ਼ਵਤ ਅਤੇ ਹੋਰ ਪ੍ਰੋਤਸਾਹਨ ਦੀ ਪੇਸ਼ਕਸ਼ ਵੀ ਕੀਤੀ, ਪਰ ਹਾਜੀ ਹਬੀਬ-ਉਰ-ਰਹਿਮਾਨ ਨੇ ਉਨ੍ਹਾਂ ਦੀ ਮਦਦ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਸਮੇਂ ਜ਼ਮਾਨਤ ''ਤੇ ਬਾਹਰ ਹੋਣ ਕਾਰਨ ਜੱਗੇ ਨੂੰ ਗ੍ਰਿਫ਼ਤਾਰ ਵੀ ਨਹੀਂ ਕੀਤਾ ਜਾ ਸਕਦਾ ਸੀ।

ਹਬੀਬ-ਉਰ-ਰਹਿਮਾਨ ਮੁਤਾਬਿਕ ਸਥਿਤੀ ਨੂੰ ਭਾਂਪਦਿਆਂ ਉਹ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਚਲਾ ਗਿਆ।

ਮਗਰੋਂ ਇੱਕ ਦਿਨ ਪੁਲਿਸ ਨੂੰ ਆਪਣੇ ਮੁਖ਼ਬਰਾਂ ਤੋਂ ਇਤਲਾਹ ਮਿਲੀ ਕਿ ਜੱਗਾ ਆਪਣੀ ਮਾਂ ਨੂੰ ਮਿਲਣ ਲਈ ਬੇਤਾਬ ਹੈ ਅਤੇ ਲਾਹੌਰ ਆਉਣ ਦਾ ਬਹਾਨਾ ਲੱਭ ਰਿਹਾ ਹੈ।

ਹਾਜੀ ਹਬੀਬ-ਉਰ-ਰਹਿਮਾਨ ਨੇ ਜੱਗੇ ਨੂੰ ਲਾਹੌਰ ਬੁਲਾਉਣ ਲਈ ਇੱਕ ਯੋਜਨਾ ਬਣਾਈ।

ਉਨ੍ਹਾਂ ਨੇ ਫ਼ਤਿਹ ਮੁਹੰਮਦ ਖ਼ਾਨ ਅਤੇ ਸਿਵਲ ਡਿਫੈਂਸ ਦੇ ਪ੍ਰਧਾਨ ਨਾਲ ਗੱਲ ਕੀਤੀ ਅਤੇ ਕਿਹਾ ਕਿ ਲੰਬੇ ਸਮੇਂ ਤੋਂ ਲਾਹੌਰ ਵਿੱਚ ਸਿਵਲ ਡਿਫੈਂਸ ਦੇ ਬਲੈਕਆਊਟ ਦਾ ਅਭਿਆਸ ਨਹੀਂ ਹੋਇਆ ਹੈ।

ਸਿਵਲ ਡਿਫੈਂਸ ਦੇ ਪ੍ਰਧਾਨ ਨੇ ਦੋ ਦਿਨ ਤੱਕ ਇਹ ਅਭਿਆਸ ਕਰਾਉਣ ਦਾ ਐਲਾਨ ਕਰ ਦਿੱਤਾ।

ਉਨ੍ਹਾਂ ਦਿਨਾਂ ਵਿੱਚ ਇਹ ਇੱਕ ਆਮ ਗੱਲ ਸੀ। ਅਖ਼ਬਾਰਾਂ ਵਿੱਚ ਵੀ ਅਭਿਆਸ ਦੀ ਸੂਚਨਾ ਪ੍ਰਕਾਸ਼ਿਤ ਹੋ ਗਈ। ਅਭਿਆਸ ਦਾ ਪਹਿਲਾ ਦਿਨ ਖ਼ਤਮ ਹੋ ਗਿਆ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਜੱਗਾ ਉਨ੍ਹਾਂ ਦੇ ਜਾਲ ਵਿੱਚ ਫਸ ਗਿਆ ਹੈ ਅਤੇ ਅਭਿਆਸ ਦਾ ਫਾਇਦਾ ਉਠਾਉਂਦੇ ਹੋਏ ਬਲੈਕਆਊਟ ਦੇ ਦੂਜੇ ਦਿਨ ਉਹ ਆਪਣੀ ਮਾਂ ਨੂੰ ਮਿਲਣ ਲਾਹੌਰ ਆ ਰਿਹਾ ਹੈ।''''

''''ਇਹ ਜੁਲਾਈ 1968 ਦੀ ਗੱਲ ਹੈ। ਜੱਗੇ ਦਾ ਘਰ ਨਵਾਂਕੋਟ ਥਾਣੇ ਦੇ ਖੇਤਰ ਦੇ ਬਕਰ ਮੰਡੀ ਇਲਾਕੇ ਵਿੱਚ ਸੀ। ਪੁਲਿਸ ਨੇ ਆਪਣੀ ਪੋਜੀਸ਼ਨ ਸੰਭਾਲ ਲਈ। ਜਦੋਂ ਜੱਗਾ ਘਰ ਦੇ ਕੋਲ ਪਹੁੰਚਿਆ ਤਾਂ ਪੁਲਿਸ ਨੇ ਉਸ ਨੂੰ ਚਿਤਾਵਨੀ ਦਿੱਤੀ ਅਤੇ ਪੁੱਛਿਆ ਕਿ ਉਹ ਕੌਣ ਹੈ। ਰਾਜੂ ਗੁਜੱਰ ਵੀ ਜੱਗੇ ਦੇ ਨਾਲ ਸੀ।

ਇਸ ਤੋਂ ਪਹਿਲਾਂ ਕਿ ਜੱਗਾ ਪੁਲਿਸ ਨੂੰ ਕੋਈ ਜਵਾਬ ਦੇ ਸਕਦਾ, ਰਾਜੂ ਗੁਜੱਰ ਨੇ ਪੁਲਿਸ ''ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਇੱਕ ਵਾਰ ਫਿਰ ਜੱਗੇ ਨੂੰ ਹਥਿਆਰ ਸੁੱਟਣ ਲਈ ਕਿਹਾ ਅਤੇ ਉਸ ਦੀ ਜਾਨ ਬਖ਼ਸ਼ਣ ਦਾ ਐਲਾਨ ਕੀਤਾ,ਪਰ ਜਦੋਂ ਆਦੇਸ਼ ਦਾ ਪਾਲਣ ਨਹੀਂ ਕੀਤਾ ਗਿਆ ਅਤੇ ਰਾਜੂ ਗੁਜੱਰ ਨੇ ਦੁਬਾਰਾ ਪੁਲਿਸ ''ਤੇ ਗੋਲੀਆਂ ਚਲਾਈਆਂ ਤਾਂ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਵਿੱਚ ਰਾਜੂ ਗੁਜੱਰ ਅਤੇ ਜੱਗਾ ਗੁਜੱਰ ਦੋਵੇਂ ਮਾਰੇ ਗਏ।

ਜੱਗੇ ਦੀ ਲਾਸ਼ ਨੂੰ ਦੇਖਣ ਲਈ ਉੱਤਰਿਆ ਹਜੂਮ

ਪੁਲਿਸ ਟੀਮ ਵਿੱਚ ਡੀਆਈਜੀ ਸਾਹਬਜ਼ਾਦਾ ਰਊਫ਼ ਅਲੀ ਦੇ ਇਲਾਵਾ ਸਬ ਇੰਸਪੈਕਟਰ ਮੀਆਂ ਸੁਲਤਾਨ ਅਨਵਰ ਅਤੇ ਰਾਜਾ ਮੁਹੰਮਦ ਇਕਬਾਲ ਸ਼ਾਮਲ ਸਨ।

ਪ੍ਰਮੁੱਖ ਬੁੱਧੀਜੀਵੀ ਅਤੇ ਲੇਖਰ ਬਾਕਿਰ ਅਲੀ ਸ਼ਾਹ ਨੇ ਇੱਕ ਗੱਲਬਾਤ ਵਿੱਚ ਕਿਹਾ ਕਿ ''ਜੱਗਾ ਗੁਜੱਰ ਅਤੇ ਰਿਆਜ਼ ਗੁਜੱਰ ਡੀਆਈਜੀ ਚੌਧਰੀ ਮੁਹੰਮਦ ਅਲਤਾਫ਼ ਦੀ ਗੋਲੀ ਨਾਲ ਮਾਰੇ ਗਏ ਸਨ ਜੋ ਉਸ ਆਪਰੇਸ਼ਨ ਵਿੱਚ ਖ਼ੁਦ ਵੀ ਜ਼ਖ਼ਮੀ ਹੋ ਗਏ।

ਮਗਰੋਂ ਲੋਕ ਉਨ੍ਹਾਂ ਨੂੰ ਅਲਤਾਫ਼ ਜੱਗਾ ਕਹਿਣ ਲੱਗੇ ਸਨ। ਚੌਧਰੀ ਮੁਹੰਮਦ ਅਲਤਾਫ਼ ਨੇ ਮੀਆਂ ਨਵਾਜ਼ ਸ਼ਰੀਫ਼ ਦੇ ਦੌਰ ਵਿੱਚ ਅਹਿਮਦ ਮੁਹੰਮਦ ਮੁਖ਼ਤਿਆਰ ਨੂੰ ਅਤੇ ਬੇਨਜ਼ੀਰ ਭੁੱਟੋ ਦੇ ਦੌਰ ਵਿੱਚ ਮੀਆਂ ਮੁਹੰਮਦ ਸ਼ਰੀਫ਼ ਨੂੰ ਵੀ ਹੱਥਕੜੀ ਲਗਾਈ ਸੀ, ਜਿਸ ਕਾਰਨ ਉਹ ਦੋਵੇਂ ਸਰਕਾਰਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਏ। ਇਸ ਸਮੇਂ ਚੌਧਰੀ ਮੁਹੰਮਦ ਅਲਤਾਫ਼ ਲਾਹੌਰ ਵਿੱਚ ਰਹਿ ਰਹੇ ਹਨ।

ਅਗਲੇ ਦਿਨ ਪਾਕਿਸਤਾਨ ਦੇ ਸਾਰੇ ਅਖ਼ਬਾਰ ਜੱਗੇ ਦੇ ਮਾਰੇ ਜਾਣ ਦੀ ਘਟਨਾ ਨਾਲ ਭਰੇ ਹੋਏ ਸਨ। ਹਾਜੀ ਹਬੀਬ-ਉਰ-ਰਹਿਮਾਨ ਨੇ ਦੱਸਿਆ ਕਿ ''''ਲੋਕ ਵਿਸ਼ਵਾਸ ਹੀ ਨਹੀਂ ਕਰ ਰਹੇ ਸੀ ਕਿ ਜੱਗਾ ਮਰ ਗਿਆ ਹੈ। ਉਸ ਦੀ ਲਾਸ਼ ਦੇਖਣ ਲਈ ਲੋਕਾਂ ਦੀ ਭੀੜ ਉਮੜ ਪਈ ਸੀ। ਜੱਗੇ ਦੀ ਲਾਸ਼ ਨੂੰ ਦੇਖਣ ਲਈ ਬਕਰ ਮੰਡੀ ਤੋਂ ਸ਼ਹਿਰ ਤੱਕ ਲੋਕਾਂ ਦੀ ਲਾਈਨ ਲੱਗੀ ਹੋਈ ਸੀ।

ਜੱਗੇ ਨੂੰ ਮਾਰਨ ਵਾਲੀ ਪੁਲਿਸ ਟੀਮ ਨੂੰ ਸਰਕਾਰ ਨੇ ਨਕਦ ਇਨਾਮ ਵੀ ਦਿੱਤਾ ਅਤੇ ਉਨ੍ਹਾਂ ਨੂੰ ਮੈਡਲ ਵੀ ਦਿੱਤੇ ਗਏ, ਪਰ ਲਾਹੌਰ ਦੇ ਲੋਕਾਂ ਦੇ ਦਿਲਾਂ ਤੋਂ ਜੱਗਾ ਗੁਜੱਰ ਅਤੇ ਉਸ ਦਾ ਲਾਇਆ ਹੋਇਆ ''ਜੱਗਾ ਟੈਕਸ'' ਨਹੀਂ ਮਿਟਾਇਆ ਜਾ ਸਕਿਆ।

1980 ਅਤੇ 1990 ਦੇ ਦਹਾਕੇ ਵਿੱਚ ਲਾਹੌਰ ਦੀ ਫ਼ਿਲਮ ਸਨਅਤ ਨੇ ਜੱਗਾ ਗੁਜੱਰ ''ਤੇ ਕਈ ਫ਼ਿਲਮਾਂ ਬਣਾਈਆਂ।

ਜ਼ਿਆਦਾਤਰ ਫ਼ਿਲਮਾਂ ਵਿੱਚ ਜੱਗੇ ਦਾ ਕਿਰਦਾਰ ਸੁਲਤਾਨ ਰਾਹੀ ਨੇ ਨਿਭਾਇਆ।

ਇਨ੍ਹਾਂ ਫ਼ਿਲਮਾਂ ਵਿੱਚ ''ਜੱਗਾ'', ''ਵਹਿਸ਼ੀ ਗੁਜੱਰ'', ''ਜੱਗਾ ਗੁਜੱਰ'', ''ਪੁੱਤਰ ਜੱਗੇ ਦਾ'' ਅਤੇ ''ਜੱਗਾ ਟੈਕਸ'' ਵਰਗੀਆਂ ਫ਼ਿਲਮਾਂ ਮਸ਼ਹੂਰ ਹਨ।

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=QNyYYHVfro8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4a644991-6566-41af-a381-b7b115342828'',''assetType'': ''STY'',''pageCounter'': ''punjabi.international.story.58047971.page'',''title'': ''ਜੱਗਾ ਗੁੱਜਰ ਜਿਸ ਤੋਂ ਕੰਬਦਾ ਸੀ ਪੂਰਾ ਲਾਹੌਰ ਅਤੇ ਭਰਦਾ ਸੀ ਜੱਗਾ ਟੈਕਸ'',''author'': ''ਅਕੀਲ ਅੱਬਾਸ ਜਾਫ਼ਰੀ'',''published'': ''2021-08-05T10:02:33Z'',''updated'': ''2021-08-05T10:02:33Z''});s_bbcws(''track'',''pageView'');