ਮੀਨੋਪੌਜ਼ ਕੀ ਹੈ ਤੇ ਔਰਤਾਂ ਦੀ ਇਸ ਸਮੱਸਿਆ ਬਾਰੇ ਸਭ ਨੂੰ ਜਾਣਕਾਰੀ ਹੋਣਾ ਕਿਉਂ ਜ਼ਰੂਰੀ ਹੈ

07/29/2021 3:37:23 PM

BBC
ਮੀਨੋਪੌਜ਼ ਉਸ ਵੇਲੇ ਹੁੰਦਾ ਹੈ ਜਦੋਂ ਇੱਕ ਔਰਤ ਨੂੰ ਇੱਕ ਸਮੇਂ ਤੋਂ ਬਾਅਦ ਪੀਰੀਅਡਸ ਆਉਣੇ ਬੰਦ ਹੋ ਜਾਂਦੇ ਹਨ ਅਤੇ ਉਹ ਗਰਭ ਧਾਰਨ ਨਹੀਂ ਕਰ ਸਕਦੀਆਂ

ਮੀਨੋਪੌਜ਼...ਤੁਹਾਡੇ ''ਚੋਂ ਕਾਫ਼ੀ ਲੋਕ ਇਸ ਬਾਰੇ ਜਾਣਦੇ ਹੋਣਗੇ ਤੇ ਕਾਫ਼ੀ ਲੋਕ ਇਸ ਬਾਰੇ ਅਣਜਾਣ ਹੋਣਗੇ।

ਕਈ ਔਰਤਾਂ ਇਸ ਨੂੰ ਹੰਢਾ ਰਹੀਆਂ ਹੋਣਗੀਆਂ ਪਰ ਸ਼ਾਇਦ ਨਹੀਂ ਜਾਣਦੀਆਂ ਹੋਣਗੀਆਂ ਕਿ ਉਨ੍ਹਾਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ।

ਮੀਨੋਪੌਜ਼ ਉਸ ਵੇਲੇ ਹੁੰਦਾ ਹੈ ਜਦੋਂ ਇੱਕ ਔਰਤ ਨੂੰ ਇੱਕ ਸਮੇਂ ਤੋਂ ਬਾਅਦ ਪੀਰੀਅਡਸ ਆਉਣੇ ਬੰਦ ਹੋ ਜਾਂਦੇ ਹਨ ਅਤੇ ਉਹ ਗਰਭ ਧਾਰਨ ਨਹੀਂ ਕਰ ਸਕਦੀਆਂ।

ਮੀਨੋਪੌਜ਼ ਉਮਰ ਵਧਣ ਦਾ ਇੱਕ ਕੁਦਰਤੀ ਹਿੱਸਾ ਹੈ। 45 ਤੋਂ 55 ਉਮਰ ਦੀਆਂ ਔਰਤਾਂ ਨੂੰ ਮੀਨੋਪੌਜ਼ ਹੋ ਸਕਦਾ ਹੈ।

ਯੂਕੇ ਅਤੇ ਯੂਐਸਏ ਵਿੱਚ ਇਸ ਦੀ ਔਸਤ ਉਮਰ 51 ਹੈ। ਹਰ ਜਗ੍ਹਾਂ ''ਤੇ ਵਸਦੀਆਂ ਔਰਤਾਂ ਲਈ ਇਹ ਉਮਰ ਅਲਗ ਹੋ ਸਕਦੀ ਹੈ।

ਇਹ ਵੀ ਪੜ੍ਹੋ-

  • ਟੋਕੀਓ ਓਲੰਪਿਕ: ਭਾਰਤੀ ਕੁੜੀਆਂ ਦੇ ਹਾਕੀ ਕੋਚ ਨੇ ਦੱਸਿਆ ਕਿ ਟੀਮ ਕਿਉਂ ਹਾਰ ਰਹੀ
  • ਟੋਕੀਓ ਓਲੰਪਿਕ 2020 : ਨਾਰਵੇ ਤੇ ਜਰਮਨੀ ਦੀਆਂ ਕੁੜੀਆਂ ਦੀ ਡਰੈੱਸ ਉੱਤੇ ਕਿਉਂ ਛਿੜੀ ਹੋਈ ਹੈ ਬਹਿਸ
  • ਕੈਨੇਡਾ ਵਿੱਚ ਆਦਿਵਾਸੀ ਬੱਚਿਆਂ ਨੂੰ ਤਸੀਹੇ ਦੇਣ ਪਿੱਛੇ ਇਹ ਸੋਚ ਤੇ ਮਕਸਦ ਸੀ

ਆਈਐੱਮਐੱਸ ਵੱਲੋਂ ਕੀਤੇ ਗਏ 2016 ਦੇ ਸਰਵੇ ਮੁਤਾਬਕ ਭਾਰਤ ਵਿੱਚ ਔਰਤਾਂ ਦੇ ਮੀਨੋਪੌਜ਼ ਦੀ ਔਸਤਨ ਉਮਰ 46.2 ਹੈ।

ਸ਼ਾਇਦ ਇਹ ਪੜ੍ਹ ਕੇ ਤੁਹਾਡੇ ''ਚੋਂ ਕਈਆਂ ਨੂੰ ਲੱਗੇ ਕਿ ਇਹ ਤੁਹਾਡੇ ਮਤਲਬ ਦੀ ਖ਼ਬਰ ਨਹੀਂ ਹੈ।

ਪਰ ਦਰਅਸਲ ਇਹ ਸਾਡੇ ਸਭ ਦੇ ਮਤਲਬ ਦੀ ਖ਼ਬਰ ਹੈ, ਭਾਵੇਂ ਉਹ ਔਰਤਾਂ ਹੋਣ ਜਾਂ ਮਰਦ, ਨੌਜਵਾਨ ਹੋਣ ਜਾਂ ਅਧੇੜ।

ਘਰ ''ਚ ਤੁਸੀਂ ਆਪਣੀ ਮਾਂ, ਪਤਨੀ ਜਾਂ ਦੋਸਤ ਦੇ ਮੀਨੋਪੌਜ਼ ਦੌਰਾਨ ਬਦਲਦੇ ਹੋਏ ਵਿਵਹਾਰ ਤੋਂ ਪਰੇਸ਼ਾਨ ਹੋ ਸਕਦੇ ਹੋ ਪਰ ਇਸ ਰਿਪੋਰਟ ਨੂੰ ਪੜ੍ਹ ਕੇ ਤੁਸੀਂ ਉਸ ਨੂੰ ਬਿਹਤਰ ਸਮਝ ਸਕੋਗੇ।

ਪਰ ਅੱਜ ਅਸੀਂ ਇਸ ਦੀ ਗੱਲ ਕਿਉਂ ਕਰ ਰਹੇ ਹਾਂ, ਇਸ ਪਿੱਛੇ ਇੱਕ ਨਵੀਂ ਰਿਸਰਚ ਹੈ।

ਆਪਣੇ ਕੈਰੀਅਰ ਦੇ ਸ਼ੁਰੂ ਵਿੱਚ, ਗਾਇਤਰੀ ਦੇਵੀ, ਜੋ ਨਿਊਯਾਰਕ ਦੇ ਲੈਨੋਕਸ ਹਿੱਲ ਹਸਪਤਾਲ ਦੀ ਇੱਕ ਨਿਊਰੋਲੋਜਿਸਟ ਸੀ, ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਕੋਲੋਂ ਇੱਕ ਗ਼ਲਤੀ ਹੋ ਗਈ।

ਉਨ੍ਹਾਂ ਨੇ ਇੱਕ ਔਰਤ ਜੋ ਮੀਨੋਪੌਜ਼ ਵਿੱਚੋਂ ਲੰਘ ਰਹੀ ਸੀ, ਉਸ ਨੂੰ ਅਲਜ਼ਾਈਮਰ ਦਾ ਮਰੀਜ਼ ਸਮਝ ਲਿਆ।

ਇਸ ਘਟਨਾ ਨੇ ਡਾ. ਗਾਇਤਰੀ ਨੂੰ ਮੀਨੋਪੌਜ਼ ਦੇ ਲੱਛਣਾਂ ਬਾਰੇ ਖੋਜ ਕਰਨ ਲਈ ਪ੍ਰੇਰਿਤ ਕੀਤਾ ਜਿਸ ਬਾਰੇ ਬਹੁਤ ਘੱਟ ਜਾਣਕਾਰੀ ਮੌਜੂਦ ਹੈ। ਉਸ ਲੱਛਣ ਦਾ ਨਾਮ ਹੈ ਬ੍ਰੇਨ ਫੌਗ।

ਬ੍ਰੇਨ ਫੌਗ (ਜਿਨ੍ਹਾਂ ਨੂੰ ਕਈ ਵਾਰ ਮੈਂਟਲ ਫੌਗ ਵੀ ਕਿਹਾ ਜਾਂਦਾ ਹੈ) ਬਾਰੇ ਸਭ ਤੋਂ ਪਰੇਸ਼ਾਨ ਕਰਨ ਵਾਲੀਆਂ ਚੀਜ਼ਾਂ ਵਿੱਚੋਂ ਇੱਕ ਇਹ ਹੈ ਕਿ ਬਹੁਤ ਸਾਰੀਆਂ ਔਰਤਾਂ ਇਸ ਤੋਂ ਪੀੜਤ ਹੁੰਦੀਆਂ ਹਨ, ਪਰ ਇਸ ਦੇ ਕਾਰਨਾਂ ਤੋਂ ਅਣਜਾਣ ਹੁੰਦੀਆਂ ਹਨ।

ਪਰ ਇੱਥੇ ਇਹ ਸਾਫ਼ ਕਰਨਾ ਵੀ ਜ਼ਰੂਰੀ ਹੈ ਕਿ ਬ੍ਰੇਨ ਫੌਗ ਵਰਗੇ ਲੱਛਣ ਹਰ ਔਰਤ ਜੋ ਮੀਨੋਪੌਜ਼ ਤੋਂ ਗੁਜ਼ਰ ਰਹੀ ਹੈ, ਉਸ ਨੂੰ ਨਹੀਂ ਹੁੰਦੇ। ਇਹ ਫੀਸਦ ਕਾਫ਼ੀ ਘੱਟ ਹੈ।

Getty Images

ਇਸ ਲਈ ਇਸ ਨੂੰ ਸਮਝਣਾ ਅਤੇ ਇਸ ਬਾਰੇ ਸਮਝਾਉਣਾ ਕਾਫ਼ੀ ਜ਼ਰੂਰੀ ਹੈ।

ਗੱਲ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਸੌਖੇ ਸ਼ਬਦਾਂ ''ਚ ਸਮਝ ਲੈਂਦੇ ਹਾਂ ਕਿ ਆਖ਼ਰ ਮੀਨੋਪੌਜ਼ ਕੀ ਹੁੰਦਾ ਹੈ, ਕਿਸ ਉਮਰ ''ਚ ਔਰਤਾਂ ਨੂੰ ਹੁੰਦਾ ਹੈ ਅਤੇ ਇਸ ਦਾ ਕੀ ਅਸਰ ਹੋ ਸਕਦਾ ਹੈ।

ਮੀਨੋਪੌਜ਼ ਕੀ ਹੈ?

ਯੂਕੇ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦੇ ਅਨੁਸਾਰ, ਮੀਨੋਪੌਜ਼ ਉਦੋਂ ਹੁੰਦਾ ਹੈ ਜਦੋਂ ਔਰਤਾਂ ਨੂੰ ਪੀਰੀਅਡ ਆਉਣੇ ਬੰਦ ਹੋ ਜਾਂਦੇ ਹਨ ਅਤੇ ਉਹ ਗਰਭਵਤੀ ਨਹੀਂ ਹੋ ਸਕਦੀਆਂ।

ਇਸ ਕਾਰਨ, ਰਾਤਾਂ ਨੂੰ ਪਸੀਨਾ ਆਉਣਾ, ਗਰਮੀ ਮਹਿਸੂਸ ਹੋਣਾ, ਪੇਟ ਦੇ ਹੇਠਲੇ ਹਿੱਸੇ ਅਤੇ ਲੱਤਾਂ ਵਿੱਚ ਦਰਦ ਹੋਣਾ, ਉਦਾਸ ਹੋਣਾ ਜਾਂ ਚਿੰਤਾ ਮਹਿਸੂਸ ਕਰਨਾ ਅਤੇ ਯਾਦਦਾਸ਼ਤ ਦੀ ਘਾਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਇਹ ਔਰਤਾਂ ਦੀ ਸੈਕਸ ਲਾਈਫ ਨੂੰ ਵੀ ਪ੍ਰਭਾਵਤ ਕਰਦਾ ਹੈ। ਉਨ੍ਹਾਂ ਵਿੱਚ ਜਿਨਸੀ ਇੱਛਾ ਘੱਟ ਹੋ ਜਾਂਦੀ ਹੈ ਅਤੇ ਸੈਕਸ ਦੇ ਦੌਰਾਨ ਵੈਜਾਈਨਲ ਡ੍ਰਾਈਨੈੱਸ (ਯੋਨੀ ''ਚ ਖੁਸ਼ਕੀ) ਅਤੇ ਅਸਹਿਜਤਾ ਰਹਿੰਦੀ ਹੈ।

ਮੀਨੋਪੌਜ਼ ਆਮ ਤੌਰ ''ਤੇ 45 ਅਤੇ 55 ਸਾਲ ਦੀ ਉਮਰ ਦੇ ਵਿਚਕਾਰ ਹੁੰਦਾ ਹੈ ਜਦੋਂ ਔਰਤਾਂ ਵਿੱਚ ਐਸਟ੍ਰੋਜਨ ਨਾਮ ਦੇ ਹਾਰਮੋਨ ਦਾ ਪੱਧਰ ਘੱਟ ਜਾਂਦਾ ਹੈ।

ਇਸ ਦੀ ਅਵਧੀ 5-7 ਸਾਲ ਦੀ ਹੁੰਦੀ ਹੈ ਜਿਸ ਨੂੰ ਪਰੀਮੀਨੋਪੌਜ਼ ਵੀ ਕਹਿੰਦੇ ਹਨ। ਯਾਨਿ ਮੀਨੋਪੌਜ਼ ਦੇ ਪਹਿਲਾਂ ਅਤੇ ਬਾਅਦ ਦਾ ਸਮਾਂ।

Getty Images

ਮੀਨੋਪੌਜ਼ ਦੇ ਹੋਰ ਲੱਛਣ ਕੀ ਹਨ?

  • ਪੀਰੀਅਡ ਦੇ ਸਮੇਂ ਅਤੇ ਦਿਨਾਂ ਦਾ ਬਦਲਣਾ
  • ਪੀਰੀਅਡ ਦੇ ਫਲੋ ਵਿੱਚ ਤਬਦੀਲੀਆਂ (ਤੇਜ਼ ਜਾਂ ਹੌਲੀ)
  • ਯੋਨੀ ''ਚ ਖੁਸ਼ਕੀ
  • ਸੌਣ ਵਿੱਚ ਮੁਸ਼ਕਲ
  • ਘਬਰਾਹਟ
  • ਜੋੜਾਂ ਦਾ ਦਰਦ ਅਤੇ ਜਕੜਨ
  • ਮੂਡ ਸਵਿੰਗ (ਮੂਡ ਦਾ ਬਦਲਣਾ)
  • ਵਜ਼ਨ ਘੱਟ ਹੋਣਾ
  • ਪਿਸ਼ਾਬ ਦੀ ਨਾਲੀ ''ਚ ਲਾਗ (UTC) (ਸਰੋਤ: ਬ੍ਰਿਟਿਸ਼ ਨੈਸ਼ਨਲ ਹੈਲਥ ਸਰਵਿਸ)

ਇਹ ਵੀ ਪੜ੍ਹੋ-

  • ਕੀ ਖਾਣ-ਪੀਣ ਵੀ ਮੀਨੋਪੌਜ਼ ਦਾ ਸਮਾਂ ਤੈਅ ਕਰਦਾ ਹੈ?
  • ਮੇਨੋਪਾਜ਼: ਬਾਂਬੇ ਬੇਗ਼ਮ ਦੇ ਬਹਾਨੇ ਹੀ ਸਹੀ, ਇਸ ਬਾਰੇ ਗੱਲ ਕਰਨ ਦੀ ਕਿਉਂ ਹੈ ਲੋੜ
  • ਕੀ ਹੈ ''ਪੀਰੀਅਡ ਹੱਟ'' ਜੋ ਇਸ ਇਲਾਕੇ ਦੀਆਂ ਔਰਤਾਂ ਲਈ ਬਣਾਈ ਗਈ ਹੈ

ਬ੍ਰੇਨ ਫੌਗਿੰਗ ਕੀ ਹੈ?

ਹੁਣ ਗੱਲ ਕਰਦੇ ਹਾਂ ਬ੍ਰੇਨ ਫੌਗ ਦੀ ਤੇ ਜਾਣਦੇ ਹਾਂ ਕਿ ਡਾ. ਗਾਇਤਰੀ ਵੱਲੋਂ ਕੀਤੀ ਗਈ ਰਿਸਰਚ ''ਚ ਕੀ ਸਾਹਮਣੇ ਆਇਆ ਹੈ ਅਤੇ ਸਾਡਾ ਇਸ ਬਾਰੇ ਜਾਨਣਾ ਕਿਉਂ ਜ਼ਰੂਰੀ ਹੈ।

ਡਾ. ਗਾਇਤਰੀ ਨੇ ਬੀਬੀਸੀ ਨੂੰ ਦੱਸਿਆ, "ਬਹੁਤ ਸਾਰੀਆਂ ਔਰਤਾਂ ਨੂੰ ਪੇਰੀਮੀਨੋਪੌਜ਼ ਦੌਰਾਨ (ਮੀਨੋਪੌਜ਼ ਦੇ ਨੇੜੇ ਦਾ ਸਮਾਂ, ਜੋ ਕਿ ਲਗਭਗ ਸੱਤ ਸਾਲ ਤੱਕ ਚੱਲ ਸਕਦਾ ਹੈ) ਨੂੰ ਇਕੋ ਸਮੇਂ ਦੌਰਾਨ ਸ਼ਬਦਾਂ ਨੂੰ ਯਾਦ ਰੱਖਣ, ਕਈ ਕੰਮਾਂ ਵਿਚ ਇੱਕੋ ਵੇਲੇ ਧਿਆਨ ਕੇਂਦਰਿਤ ਕਰਨ ਆਦਿ ਵਿਚ ਮੁਸ਼ਕਲ ਆਉਂਦੀ ਹੈ।"

"ਉਨ੍ਹਾਂ ਨੂੰ ਬੋਲਣ ਵਿਚ ਮੁਸ਼ਕਲ ਵੀ ਆ ਸਕਦੀ ਹੈ, ਜਦੋਂ ਕਿ ਔਰਤਾਂ ਅਕਸਰ ਬੋਲਣ ਵਿੱਚ ਚੰਗੀਆਂ ਹੁੰਦੀਆਂ ਹਨ।"

ਸ਼ਿਕਾਗੋ ਦੀ ਇਲੀਨਾਏ ਯੂਨੀਵਰਸਿਟੀ ਦੀ ਮਨੋਵਿਗਿਆਨਕ ਪੌਲੀਨ ਮਾਕੀ ਦੱਸਦੇ ਹਨ ਹੈ, "ਇਹ ਕਈ ਔਰਤਾਂ ਦੀ ਯਾਦ ਨੂੰ ਪ੍ਰਭਾਵਤ ਕਰਦਾ ਹੈ, ਜਿਵੇਂ ਕਿ ਜਦੋਂ ਅਸੀਂ ਸਟੋਰ ''ਤੇ ਜਾਂਦੇ ਹਾਂ ਅਤੇ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਖਰੀਦਣਾ ਕੀ ਸੀ।"

ਇਸ ਤੋਂ ਇਲਾਵਾ, ਬ੍ਰੇਨ ਫੌਗ ਕਰਕੇ ਕਹਾਣੀਆਂ ਸੁਣਾਉਣ ਜਾਂ ਗੱਲਬਾਤ ਵਿਚ ਹਿੱਸਾ ਲੈਣ ਅਤੇ ਉਨ੍ਹਾਂ ਚੀਜ਼ਾਂ ਨੂੰ ਬਾਅਦ ਵਿਚ ਯਾਦ ਰੱਖਣ ਦੀ ਸਾਡੀ ਯੋਗਤਾ ਨੂੰ ਪ੍ਰਭਾਵਤ ਕਰ ਸਕਦਾ ਹੈ।

ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ

ਹੁਣ ਪ੍ਰੋਫੈਸਰ ਮਾਕੀ ਦੋ ਗੱਲਾਂ ''ਤੇ ਧਿਆਨ ਕੇਂਦਰਿਤ ਕਰਦੇ ਹਨ। ਪਹਿਲੀ ਤਾਂ ਇਹ ਕਿ ਸਮਸਿਆ ਤਾਂ ਵੱਡੀ ਹੈ ਪਰ ਸਾਡੇ ਸਮਾਜ ''ਚ ਇਸ ''ਤੇ ਧਿਆਨ ਨਹੀਂ ਦਿੱਤਾ ਜਾਂਦਾ, ਇਸ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।

ਦੂਸਰਾ ਕਿ ਹਰ ਔਰਤ ''ਤੇ ਇਸ ਦਾ ਅਸਰ ਵੱਖ ਹੁੰਦਾ ਹੈ। ਕਿਸੇ ''ਤੇ ਮੀਨੋਪੌਜ਼ ਡੂੰਘਾ ਅਸਰ ਕਰ ਸਕਦਾ ਹੈ ਅਤੇ ਕੁਝ ਔਰਤਾਂ ''ਤੇ ਇਸ ਦਾ ਅਸਰ ਜ਼ਿਆਦਾ ਹਾਵੀ ਨਹੀਂ ਹੁੰਦਾ। ਪਰ ਸਾਨੂੰ ਦੋਵਾਂ ਤਰ੍ਹਾਂ ਦੀਆਂ ਔਰਤਾਂ ਨੂੰ ਸਮਝਣ ਦੀ ਲੋੜ ਹੈ।

ਉਹ ਦੱਸਦੇ ਹਨ, "ਸਾਨੂੰ ਅਧਿਐਨ ''ਚ ਪਤਾ ਲੱਗਿਆ ਕਿ 10 ਫ਼ੀਸਦ ਔਰਤਾਂ ''ਚ ਇਸ ਦਾ ਅਸਰ ਕਾਫ਼ੀ ਜ਼ਿਆਦਾ ਸੀ।"

"ਪਰ ਕੁਝ ਔਰਤਾਂ ਨੂੰ ਤਾਂ ਬਹੁਤ ਹੀ ਘੱਟ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਨ੍ਹਾਂ ਦੇ ਕੰਮਾਂ ''ਤੇ ਤਾਂ ਖਾਸਾ ਅਸਰ ਨਹੀਂ ਹੋਇਆ ਪਰ ਹਾਂ ਕੁਝ ਫਰਕ ਤਾਂ ਉਨ੍ਹਾਂ ਨੇ ਜ਼ਰੂਰ ਮਹਿਸੂਸ ਕੀਤੇ।"

ਡਾ. ਗਾਇਤਰੀ ਦੇ ਅਨੁਸਾਰ, "ਕਰੀਬ 60% ਪੇਰੀਮੀਨੋਪੌਜ਼ ਅਤੇ ਮੀਨੋਪੌਜ਼ ਤੋਂ ਗੁਜ਼ਰ ਰਹੀਆਂ ਔਰਤਾਂ ਬਹੁਤ ਸਾਰੇ ਬਦਲਾਅ ਮਹਿਸੂਸ ਕਰਦੀਆਂ ਹਨ, ਪਰ ਇਨ੍ਹਾਂ ਦਾ ਇਲਾਜ ਕੀਤਾ ਜਾ ਸਕਦਾ ਹੈ।"

ਯਾਦਾਸ਼ਤ ''ਤੇ ਅਸਰ

ਪਿਟਸਬਰਗ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪ੍ਰੋਫੈਸਰ ਰੇਬੇਕਾ ਥਰਸਟਨ ਕਹਿੰਦੇ ਹਨ, "ਮੀਨੋਪੌਜ਼ ਦੌਰਾਨ ਕਰੀਬ 60% ਔਰਤਾਂ ਨੀਂਦ ਨਾਲ ਜੁੜੀਆਂ ਸਮੱਸਿਆਵਾਂ ਦੀ ਸ਼ਿਕਾਇਤ ਕਰਦੀਆਂ ਹਨ ਅਤੇ ਇਸਦਾ ਸੰਬੰਧ ਯਾਦਾਸ਼ਤ ਨਾਲ ਵੀ ਹੈ।"

ਨੀਂਦ ਦੀ ਘਾਟ ਮੈਮੋਰੀ ਸਰਕਿਟ ਵਿਚ ਰੁਕਾਵਟ ਪਾਉਂਦੀ ਹੈ, ਜਿਸ ਨਾਲ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ।

ਤੇਜ਼ ਗਰਮੀ ਅਚਾਨਕ ਸਾਰੇ ਸਰੀਰ ਵਿੱਚ ਫੈਲ ਜਾਂਦੀ ਹੈ, ਜਿਸ ਨਾਲ ਚਮੜੀ ਲਾਲ ਹੋ ਜਾਂਦੀ ਹੈ ਅਤੇ ਪਸੀਨਾ ਆਉਂਦਾ ਹੈ।

ਨੀਂਦ ''ਤੇ ਡੂੰਘਾ ਪ੍ਰਭਾਵ ਪਾਉਣ ਤੋਂ ਇਲਾਵਾ, ਬਹੁਤ ਜ਼ਿਆਦਾ ਪਸੀਨਾ ਆਉਣਾ ਆਪਣੇ ਆਪ ਵਿਚ ਇਕ ਸਮੱਸਿਆ ਹੈ।

ਕੁਝ ਔਰਤਾਂ ਪਸੀਨੇ ਕਾਰਨ ਅੱਧੀ ਰਾਤ ਜਾਗਣ ਦੀ ਸ਼ਿਕਾਇਤ ਕਰਦੀਆਂ ਹਨ, ਬਹੁਤ ਸਾਰੀਆਂ ਔਰਤਾਂ ਨੂੰ ਪਸੀਨਾ ਆਉਣ ਕਾਰਨ ਆਪਣਾ ਕਪੜੇ ਬਾਰ-ਬਾਰ ਬਦਲਣੇ ਪੈਂਦੇ ਹਨ।

ਪ੍ਰੋ. ਥੌਰਸਟਨ ਦੇ ਅਨੁਸਾਰ, "ਅਸੀਂ ਬਹੁਤ ਜ਼ਿਆਦਾ ਪਸੀਨਾ ਆਉਣ ਨੂੰ ਇਕ ਮਾਮੂਲੀ ਗੱਲ ਸਮਝਦੇ ਹਾਂ ਪਰ ਇਹ ਦਿਲ ਦੀ ਬਿਮਾਰੀ ਦੇ ਵੱਧ ਰਹੇ ਜੋਖਮ ਨਾਲ ਜੁੜਿਆ ਹੋਇਆ ਹੈ, ਜੋ ਦਿਮਾਗੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ।"

ਮੂਡ ਸਵਿੰਗ (ਮੂਡ ਦਾ ਬਦਲਣਾ), ਐਂਜ਼ਾਈਟੀ (ਘਬਰਾਹਟ) ਅਤੇ ਡੀਪ੍ਰੈਸ਼ਨ (ਉਦਾਸੀ), ਪ੍ਰੀਮੀਨੋਪੌਜ਼ ਦੌਰਾਨ ਵੱਧ ਜਾਂਦੀ ਹੈ ਅਤੇ ਇਹ ਯਾਦਾਸ਼ਤ ''ਤੇ ਵੀ ਅਸਰ ਪਾਉਂਦੀ ਹੈ।

ਜਾਗਰੂਕਤਾ ਦੀ ਘਾਟ

ਇਹ ਲੱਛਣ ਇੰਨੇ ਖ਼ਤਰਨਾਕ ਹੋ ਸਕਦੇ ਹਨ ਤਾਂ ਉਨ੍ਹਾਂ ਬਾਰੇ ਗੱਲ ਕਿਉਂ ਨਹੀਂ ਕੀਤੀ ਜਾਂਦੀ?

ਇਸ ਦਾ ਕਾਰਨ ਜਾਗਰੂਕਤਾ ਦੀ ਘਾਟ ਜਾਪਦਾ ਹੈ, ਕਿਉਂਕਿ ਬਹੁਤ ਸਾਰੇ ਸੱਭਿਆਚਾਰਾਂ ''ਚ ਪੀਰੀਅਡਸ ਵਾਂਗ ਖੁੱਲ੍ਹ ਕੇ ਮੀਨੋਪੌਜ਼ ਬਾਰੇ ਗੱਲ ਨਹੀਂ ਕਰਦੇ।

ਯੂਨੀਵਰਸਿਟੀ ਆਫ਼ ਵਿਸਕਾਨਸਿਨ-ਮਿਲਵਾਕੀ ਦੇ ਮਨੋਵਿਗਿਆਨ ਦੇ ਪ੍ਰੋਫੈਸਰ ਕੈਰੇਨ ਫਰਿਕ ਦੱਸਦੇ ਹਨ, "ਸਮੱਸਿਆ ਇਹ ਹੈ ਕਿ ਇਹ ਸਮੱਸਿਆਵਾਂ ਕਈ ਸਾਲਾਂ ਤੋਂ ਚੱਲੀਆਂ ਆ ਰਹੀਆਂ ਹਨ ਅਤੇ ਕਈ ਔਰਤਾਂ ਨੂੰ ਤਾਂ ਸ਼ਾਇਦ ਪਤਾ ਹੀ ਨਹੀਂ ਹੁੰਦਾ ਕਿ ਉਹ ਪੇਰੀਮੀਨੋਪੌਜ਼ ਵਿੱਚ ਹਨ। ਇਸ ਕਰਕੇ ਆਪਣ ਬੇਚੈਨੀ ਲਈ ਉਹ ਵੱਖ-ਵੱਖ ਕਾਰਨ ਲੱਭਦੀਆਂ ਹਨ।"

ਇਲਾਜ

ਪ੍ਰੋ. ਮਾਕੀ ਦੇ ਅਨੁਸਾਰ, "ਪਹਿਲਾਂ ਤਾਂ ਇਹ ਮਹੱਤਵਪੂਰਣ ਹੈ ਕਿ ਔਰਤਾਂ ਘਬਰਾਉਣ ਨਾ ਅਤੇ ਇਹ ਨਾ ਸੋਚਣ ਕਿ ਉਨ੍ਹਾਂ ਨੂੰ ਅਲਜ਼ਾਈਮਰ ਹੋ ਸਕਦਾ ਹੈ। ਇਸ ਦੀ ਸੰਭਾਵਨਾ ਬਹੁਤ ਘੱਟ ਹੈ, ਉਨ੍ਹਾਂ ਨਾਲ ਜੋ ਹੋ ਰਿਹਾ ਹੈ ਉਹ ਆਮ ਹੈ।"

"ਇਸ ਵਿਸ਼ੇ ''ਤੇ ਬਹੁਤ ਸਾਰੇ ਅਧਿਐਨਾਂ ਦੇ ਨਤੀਜੇ ਮਿਲੇ-ਜੁਲੇ ਹੀ ਹਨ, ਪਰ ਉਹ ਸੁਝਾਅ ਦਿੰਦੇ ਹਨ ਕਿ ਮੈਂਟਲ ਫੌਗਿੰਗ ਅਸਥਾਈ ਹੈ ਅਤੇ ਵਕਤ ਦੇ ਨਾਲ-ਨਾਲ ਘੱਟ ਜਾਂਦੀ ਹੈ।"

"ਪਰ ਜੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਤੁਹਾਨੂੰ ਸਾਰੀ-ਸਾਰੀ ਰਾਤ ਜਗਾਉਂਦਾ ਹੈ ਤਾਂ ਆਪਣੇ ਡਾਕਟਰ ਦੀ ਸਲਾਹ ਲਓ। ਕੁਝ ਮਾਮਲਿਆਂ ਵਿੱਚ, ਖ਼ਾਸਕਰ ਜਵਾਨ ਔਰਤਾਂ ਵਿੱਚ ਹਾਰਮੋਨ ਰਿਪਲੇਸਮੈਂਟ ਥੈਰੇਪੀ ਵੀ ਵਰਤੀ ਜਾਂਦੀ ਹੈ। ਇਸ ਦੇ ਫਾਇਦੇ ਵੀ ਹਨ ਅਤੇ ਨੁਕਸਾਨ ਵੀ।"

ਡਾਕਟਰ ਗਾਇਤਰੀ ਦੱਸਦੇ ਹਨ ਕਿ ਬਹੁਤ ਸਾਰੀਆਂ ਔਰਤਾਂ ਨੇ ਇਸ ਥੈਰੇਪੀ ਨੂੰ ਵਧੀਆ ਹੁੰਗਾਰਾ ਦਿੱਤਾ ਹੈ।

ਪਰ ਲਗਭਗ ਦੋ ਦਹਾਕੇ ਪਹਿਲਾਂ ਪ੍ਰਕਾਸ਼ਤ ਹੋਏ ਵਿਵਾਦਪੂਰਨ ਅਧਿਐਨ ਤੋਂ ਬਾਅਦ ਇਸ ਥੈਰੇਪੀ ਦੀ ਵਰਤੋਂ ਵਿੱਚ ਕਾਫੀ ਗਿਰਾਵਟ ਆਈ।

ਇਸ ਵਿਚ, ਹਾਰਮੋਨ ਰਿਪਲੇਸਮੈਂਟ ਥੈਰੇਪੀ ਨੂੰ ਛਾਤੀ ਦੇ ਕੈਂਸਰ ਨਾਲ ਜੋੜਿਆ ਗਿਆ ਸੀ, ਇਸ ਸਟਡੀ ਨੂੰ ਬਾਅਦ ਵਿਚ ਇਸ ਥੈਰੇਪੀ ਨੂੰ ਚੁਣੌਤੀ ਦਿੱਤੀ ਗਈ ਸੀ।

ਐਰੋਬਿਕਸ ਕਸਰਤ, ਖੇਡਾਂ ਜਾਂ ਮਾਨਸਿਕ ਕਸਰਤ, ਨੀਂਦ ਦੀ ਚੰਗੀ ਆਦਤ, ਅਲਕੋਹਲ ਦੀ ਖਪਤ ਨੂੰ ਘਟਾਉਣਾ ਅਤੇ ਚੰਗਾ ਖਾਣਾ ਖਾਣਾ ਮੀਨੋਪੌਜ਼ ਦੇ ਲੱਛਣਾਂ ਨੂੰ ਘਟਾਉਣ ਵਿਚ ਸਹਾਇਤਾ ਕਰ ਸਕਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਭਾਰਤ ''ਚ ਮੀਨੋਪੌਜ਼ ਦੀ ਔਸਤਨ ਉਮਰ ਘੱਟ ਕਿਉਂ

ਅਸੀਂ ਇੰਡੀਅਨ ਮੀਨੋਪੌਜ਼ ਸੁਸਾਇਟੀ ਦੇ ਸਾਬਕਾ ਪ੍ਰਧਾਨ ਅਤੇ ਪੀਜੀਆਈ ਦੇ ਗਾਇਨਾਕੋਲੋਜਿਸਟ ਵਿਭਾਗ ''ਚ ਪ੍ਰੋਫੈਸਰ ਡਾ. ਨੀਲਮ ਅਗਰਵਾਲ ਨਾਲ ਗੱਲ ਕੀਤੀ।

ਉਹ ਕਹਿੰਦੇ ਹਨ ਕਿ ਭਾਰਤ ''ਚ ਮੀਨੋਪੌਜ਼ ਦੀ ਔਸਤਨ ਉਮਰ ਘੱਟ ਹੋਣ ਦੇ ਕਈ ਕਾਰਕ ਹੋ ਸਕਦੇ ਹਨ ਜਿਸ ਵਿੱਚ ਜੈਨੇਟਿਕ, ਧਰਾਤਲੀ ਅਤੇ ਸਮਾਜਕ ਕਾਰਕ ਸ਼ਾਮਲ ਹਨ।

ਉਹ ਦੱਸਦੇ ਹਨ ਕਿ ਭਾਰਤ ''ਚ ਔਰਤਾਂ ਇਸ ਬਾਰੇ ਬਹੁਤ ਘੱਟ ਜਾਗਰੂਕ ਹਨ। ਪਿਛਲੇ 5 -6 ਸਾਲਾਂ ਤੋਂ ਕੁਝ ਜਾਗਰੁਕਤਾ ਤਾਂ ਵਧੀ ਹੈ ਪਰ ਅਜੇ ਵੀ ਲੰਬਾ ਸਫਰ ਕਰਨਾ ਅਜੇ ਬਾਕੀ ਹੈ।

ਉਹ ਕਹਿੰਦੇ ਹਨ, "ਪਹਿਲਾਂ ਤਾਂ ਔਰਤਾਂ ਆਪਣੀ ਪਰੇਸ਼ਾਨੀ ਕਿਸੇ ਨਾਲ ਸਾਂਝਾ ਹੀ ਨਹੀਂ ਕਰਦੀਆਂ। ਉਹ ਇਸ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਵੀ ਕਰਦੀਆਂ ਹਨ ਅਤੇ ਬੇਚੈਨ ਵੀ ਰਹਿੰਦੀਆਂ ਹਨ।"

"ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜਾਗਰੂਕਤਾ ਫੈਲਾਉਣੀ ਤਾਂ ਜੋ ਉਹ ਆਪਣੇ ਸਰੀਰ ''ਚ ਆ ਰਹੇ ਬਦਲਾਵਾਂ ਨੂੰ ਸਮਝ ਤਾਂ ਸਕਣ।"

ਉਹ ਕਹਿੰਦੇ ਹਨ ਕਿ ਲਾਈਫ਼ਸਟਾਈਲ ''ਚ ਬਦਲਾਅ, ਕਸਰਤ ਕਰਨ ਅਤੇ ਮੈਡੀਟੇਸ਼ਨ ਕਰਨ ਨਾਲ ਕਾਫ਼ੀ ਰਾਹਤ ਮਿਲਦੀ ਹੈ।

ਉਹ ਕਹਿੰਦੇ ਹਨ, "ਪਰ ਜੇਕਰ ਤੁਹਾਨੂੰ ਲੱਛਣ ਗੰਭੀਰ ਲੱਗਦੇ ਹਨ ਤਾਂ ਕਈ ਤਰ੍ਹਾਂ ਦੀਆਂ ਥੈਰਪੀਆਂ ਵੀ ਮੌਜੂਦ ਹਨ ਅਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਕੋਰਸ ਵੀ ਕੀਤਾ ਜਾ ਸਕਦਾ ਹੈ।"

ਇਹ ਵੀ ਪੜ੍ਹੋ:

  • ਟੈਸਟ ਟਿਊਬ ਬੇਬੀ : ਬੱਚੇ ਦੇ ਦਾਦੇ ਨੇ ਪਿਓ ਨੂੰ ਪੁੱਛਿਆ ਇਹ ''ਹਰਾਮ'' ਦਾ ਕੰਮ ਤੂੰ ਕੀਤਾ ਹੈ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਜਦੋਂ ਤੁਹਾਡੇ ਬੱਚੇ ਸੈਕਸ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਕਿਨ੍ਹਾਂ ਗੱਲਾਂ ਦਾ ਧਿਆਨ ਰੱਖੋ

https://www.youtube.com/watch?v=GMXyow6gOuk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8ed5cc13-9104-4210-ade1-e9fe4845c1fd'',''assetType'': ''STY'',''pageCounter'': ''punjabi.india.story.57999383.page'',''title'': ''ਮੀਨੋਪੌਜ਼ ਕੀ ਹੈ ਤੇ ਔਰਤਾਂ ਦੀ ਇਸ ਸਮੱਸਿਆ ਬਾਰੇ ਸਭ ਨੂੰ ਜਾਣਕਾਰੀ ਹੋਣਾ ਕਿਉਂ ਜ਼ਰੂਰੀ ਹੈ'',''published'': ''2021-07-29T10:05:33Z'',''updated'': ''2021-07-29T10:05:33Z''});s_bbcws(''track'',''pageView'');