ਨਵਜੋਤ ਸਿੱਧੂ ਨੂੰ ਮਾਫ਼ੀ ਮੰਗਣ ਲਈ ਕਹਿਣ ਵਾਲੇ ਕੈਪਟਨ ਅਮਰਿੰਦਰ ਦੇ ਸੁਰ ਨਰਮ ਪੈਣ ਦੇ ਇਹ ਕਾਰਨ ਹੋ ਸਕਦੇ ਹਨ

07/23/2021 7:37:16 AM

BBC
ਸਵਾਲ ਇਹ ਉੱਠਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਖ਼ਤ ਤੇਵਰਾਂ ਵਿਚ ਅਚਾਨਕ ਨਰਮੀ ਕਿਵੇਂ ਆਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸਿਆਸੀ ਖਹਿਬਾਜ਼ੀ ਫ਼ਿਲਹਾਲ ਥੰਮੀ ਹੋਈ ਨਜ਼ਰ ਆ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਸ਼ੁੱਕਰਵਾਰ ਦਸ ਵਜੇ ਪੰਜਾਬ ਭਵਨ ਵਿਚ ਚਾਹ ਉੱਤੇ ਸੱਦਾ ਦਿੱਤਾ ਹੈ।

ਇਸ ਤੋਂ ਬਾਅਦ ਸਾਰੇ ਲੋਕ ਇਕੱਠੇ ਹੋ ਕੇ ਕਾਂਗਰਸ ਭਵਨ ਜਾਣਗੇ, ਇਸ ਗੱਲ ਦਾ ਰਸਮੀਂ ਐਲਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਕਾਫੀ ਦਿਨਾਂ ਤੋਂ ਖਿੱਚੋਤਾਣ ਚੱਲ ਰਹੀ ਸੀ। ਨਵਜੋਤ ਸਿੰਘ ਸਿੱਧੂ ਕੈਪਟਨ ਸਰਕਾਰ ਖਿਲਾਫ ਬੋਲ ਰਹੇ ਸਨ ਤਾਂ ਕੈਪਟਨ ਅਮਰਿੰਦਰ ਵੱਲੋਂ ਵੀ ਸ਼ਬਦੀ ਹਮਲੇ ਹੋ ਰਹੇ ਸਨ।

ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੋਹਾਂ ਵਿਚਾਲੇ ਸੁਲਹ ਕਰਵਾਉਣ ਦੀ ਕੋਸ਼ਿਸ਼ਾਂ ਕਰ ਰਹੀ ਸੀ। ਕਈ ਦਿਨਾਂ ਦੇ ਸਸਪੈਂਸ ਮਗਰੋਂ ਐਤਵਾਰ ਨੂੰ ਨਵਜੋਤ ਸਿੱਧੂ ਨੂੰ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਸੀ।

ਕੈਪਟਨ ਨੇ ਆਪਣੇ ਤੇਵਰ ਸਖ਼ਤ ਰੱਖਦੇ ਹੋਏ ਕਿਹਾ ਸੀ ਕਿ ਉਦੋਂ ਤੱਕ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਨਹੀਂ ਕਰਨਗੇ ਜਦੋਂ ਤੱਕ ਸਿੱਧੂ ਆਪਣੇ ਕੀਤੇ ਟਵੀਟਸ ਲਈ ਜਨਤਕ ਤੌਰ ''ਤੇ ਮਾਫ਼ੀ ਨਹੀਂ ਮੰਗ ਲੈਂਦੇ ਹਨ।

ਇਹ ਵੀ ਪੜ੍ਹੋ:

  • ਨਵਜੋਤ ਸਿੱਧੂ ਨੇ ਚਿੱਠੀ ਵਿਚ ਅਜਿਹਾ ਕੀ ਲਿਖਿਆ ਕਿ ਕੈਪਟਨ ‘ਤਾਜਪੋਸ਼ੀ’ ਸਮਾਗਮ ਵਿਚ ਜਾਣ ਲਈ ਰਾਜੀ ਹੋ ਗਏ
  • ਰੂਸ ਦੇ ਆਖ਼ਰੀ ਜ਼ਾਰ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹਾ ਕਰਕੇ ਗੋਲੀਆਂ ਮਾਰੀਆਂ ਸਨ
  • ਪੂਰੇ ਸਾਲ ਜਿੰਨਾ ਮੀਂਹ ਸਿਰਫ ਤਿੰਨ ਦਿਨਾਂ ਵਿੱਚ, ਇਸ ਦੇਸ਼ ਵਿੱਚ ਹੋਏ ਲੱਖਾਂ ਲੋਕ ਪ੍ਰਭਾਵਿਤ

ਮੀਡੀਆ ਤੇ ਸਿਆਸੀ ਹਲਕਿਆਂ ਵਿਚ ਸਵਾਲ ਇਹ ਉੱਠ ਰਿਹਾ ਹੈ ਕਿ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸਖ਼ਤ ਤੇਵਰਾਂ ਵਿਚ ਅਚਾਨਕ ਨਰਮੀ ਕਿਵੇਂ ਆਈ।

ਕਾਂਗਰਸ ਆਗੂ ਕੁਲਜੀਤ ਸਿੰਘ ਨਾਗਰਾ ਮੁਤਾਬਕ ਸ਼ੁੱਕਰਵਾਰ 23 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਵਜੋਂ ਆਪਣੀ ਕੁਰਸੀ ਸੰਭਾਲਣਗੇ।

ਸਿੱਧੂ ਦੇ ਨਾਲ ਸੰਗਤ ਸਿੰਘ ਗਿਲਜੀਆਂ, ਕੁਲਜੀਤ ਨਾਗਰਾ, ਪਵਨ ਗੋਇਲ ਅਤੇ ਸੁਖਜਿੰਦਰ ਸਿੰਘ ਡੈਨੀ ਵੀ ਬਤੌਰ ਕਾਰਜਕਾਰੀ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲਣਗੇ।

ਕੈਪਟਨ ਅਮਰਿੰਦਰ ਸਿੰਘ ਦੇ ਸੁਰ ਕਿਵੇਂ ਨਰਮ ਪਏ

ਕਾਂਗਰਸ ਦੇ ਦੋ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ , ਜਿੰਨ੍ਹਾਂ ਖੁਦ ਕਾਰਜਕਾਰੀ ਪ੍ਰਧਾਨ ਦਾ ਅਹੁਦਾ ਸੰਭਾਲਣਾ ਹੈ, ਉਹ ਵੀਰਵਾਰ ਸ਼ਾਮੀ ਕਰੀਬ ਤਿੰਨ ਵਜੇ ਮੁੱਖ ਮੰਤਰੀ ਨੂੰ ਪ੍ਰਧਾਨਗੀ ਸਬੰਧੀ ਹੋਣ ਵਾਲੇ ਸਮਾਗਮ ਵਿਚ ਸ਼ਾਮਲ ਹੋਣ ਲਈ ਰਸਮੀ ਤੌਰ ਉੱਤੇ ਸੱਦਾ ਪੱਤਰ ਦੇਣ ਲਈ ਉਨ੍ਹਾਂ ਦੇ ਸਿਸਵਾਂ ਫਾਰਮ ਹਾਊਸ ਉੱਤੇ ਪਹੁੰਚੇ।

ਕਰੀਬ ਇੱਕ ਘੰਟੇ ਦੀ ਮੀਟਿੰਗ ਤੋਂ ਬਾਅਦ ਕੁਲਜੀਤ ਨਾਗਰਾ ਮੀਡੀਆ ਅੱਗੇ ਆ ਕੇ ਆਖਦੇ ਹਨ ਕਿ ਕੈਪਟਨ ਸਾਹਿਬ ਸਮਾਗਮ ਵਿਚ ਸ਼ਾਮਲ ਹੋਣਗੇ।

ਇਸ ਤੋਂ ਕਰੀਬ ਅੱਧਾ ਘੰਟਾ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਟਵੀਟ ਕਰ ਕੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਅਤੇ ਨਾਲ ਦੀ ਨਾਲ ਵਿਧਾਇਕ, ਸੰਸਦ ਮੈਂਬਰਾਂ ਅਤੇ ਕਾਂਗਰਸ ਦੀ ਸੀਨੀਅਰ ਆਗੂਆਂ ਨੂੰ ਚਾਹ ਦਾ ਸੱਦਾ ਵੀ ਦੇ ਦਿੱਤਾ।

https://twitter.com/rt_mediaadvpbcm/status/1418166915827068934?s=24

ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਵੀ ਵੱਖਰੇ ਤੌਰ ਉੱਤੇ ਆਪਣੇ ਵੱਲੋਂ ਇੱਕ ਸੱਦਾ ਮੁੱਖ ਮੰਤਰੀ ਨੂੰ ਭੇਜਿਆ। ਇਸ ਸੱਦੇ ਪੱਤਰ ਉੱਤੇ 58 ਵਿਧਾਇਕਾਂ ਦੇ ਹਸਤਾਖ਼ਰ ਸਨ।

ਕੈਪਟਨ ਨੂੰ ਸੱਦਾ ਪੱਤਰ ਦੇਣ ਗਏ ਕੁਲਜੀਤ ਸਿੰਘ ਨਾਗਰਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੋਈ ਵੀ ਵਿਵਾਦ ਹੁਣ ਪਾਰਟੀ ਵਿਚ ਨਹੀਂ ਹੈ ਅਤੇ ਸਾਰੇ ਇੱਕਜੁੱਟ ਹਨ।

ਭਾਵੇਂ ਕਿ ਮੀਡੀਆ ਦੇ ਇੱਕ ਹਿੱਸੇ ਵਿਚ ਇਹ ਵੀ ਦਾਅਵਾ ਕੀਤਾ ਗਿਆ ਕਿ ਕੈਪਟਨ ਨੂੰ ਸਮਾਗਮ ਵਿਚ ਜਾਣ ਲਈ ਖੁਦ ਪ੍ਰਿਅੰਕਾ ਗਾਂਧੀ ਨੇ ਮਨਾਇਆ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਨੇ ਕੈਪਟਨ ਨੂੰ ਕਿਹਾ ਕਿ ਉਨ੍ਹਾਂ ਦੇ ਸਮਾਗਮ ਵਿਚ ਨਾ ਜਾਣ ਨਾਲ ਲੋਕਾਂ ਨੂੰ ਗਲਤ ਸੁਨੇਹਾ ਜਾਵੇਗਾ।

ਕੈਪਟਨ ਦੇ ਮਾਣ ਤਾਣ ਦਾ ਵੀ ਪੂਰਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਕੈਪਟਨ ਨੇ ਹਾਮੀ ਭਰ ਦਿੱਤੀ, ਪਰ ਇਸ ਦਾਅਵੇ ਦੀ ਬੀਬੀਸੀ ਕੋਲ ਕਿਸੇ ਵੀ ਕਾਂਗਰਸੀ ਆਗੂ ਨੇ ਰਸਮੀਂ ਜਾਂ ਗੈਰ-ਰਸਮੀਂ ਤਰੀਕੇ ਨਾਲ ਪੁਸ਼ਟੀ ਨਹੀਂ ਕੀਤੀ।

ਜਦੋਂ ਨਾਗਰਾ ਨੂੰ ਬੀਬੀਸੀ ਨੇ ਇਹ ਸਵਾਲ ਕੀਤਾ ਕਿ ਮੁੱਖ ਮੰਤਰੀ ਨੂੰ ਕਿਵੇਂ ਮਨਾਇਆ ਗਿਆ ਤਾਂ ਉਨ੍ਹਾਂ ਨੇ ਜਵਾਬ ਵਿਚ ਆਖਿਆ ਕਿ ਨਾਰਾਜ਼ਗੀ ਹੈ ਹੀ ਨਹੀਂ ਸੀ।

ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਇੱਕਜੁੱਟ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਪੰਜਾਬ ਦੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਹੋਣਗੇ।

ਉਨ੍ਹਾਂ ਆਖਿਆ ਕਿ ਸਮਾਗਮ ਸਵੇਰੇ 11 ਵਜੇ ਸ਼ੁਰੂ ਹੋਵੇਗਾ ਜਿਸ ਵਿਚ ਪੰਜਾਬ ਦੇ ਆਗੂਆਂ ਤੋਂ ਇਲਾਵਾ ਦਿਲੀ ਤੋਂ ਵੀ ਕਾਂਗਰਸ ਦੇ ਆਗੂ ਸ਼ਿਰਕਤ ਕਰਨਗੇ ਜਿੰਨਾ ਵਿਚ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਹਨ।

ਕੀ ਪੰਜਾਬ ਕਾਂਗਰਸ ਦੀ ਲੜਾਈ ਖ਼ਤਮ ਹੋ ਸਕੇਗੀ

Getty Images
ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਕਪਤਾਨ ਹਨ

ਇਸ ਘਟਨਾਕ੍ਰਮ ਬਾਰੇ ਬੀਬੀਸੀ ਪੰਜਾਬੀ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੇ ਕੋਲ ਹੁਣ ਕੋਈ ਹੋਰ ਰਸਤਾ ਨਹੀਂ ਬਚਿਆ ਸੀ। ਕੈਪਟਨ ਅਮਰਿੰਦਰ ਜਾਂ ਤਾਂ ਅਸਤੀਫ਼ਾ ਦਿੰਦੇ ਜਾਂ ਫਿਰ ਸਮਾਗਮ ਵਿਚ ਜਾਂਦੇ।

“ਜੇਕਰ ਨਾ ਜਾਂਦੇ ਤਾਂ ਕਾਂਗਰਸ ਹਾਈਕਮਾਂਡ ਦੇ ਫ਼ੈਸਲੇ ਨੂੰ ਸਿੱਧੇ ਰੂਪ ਵਿਚ ਚੁਣੌਤੀ ਸੀ। ਇਸ ਕਰਕੇ ਉਨ੍ਹਾਂ ਸਮਾਗਮ ਵਿਚ ਜਾਣ ਦਾ ਰਸਤਾ ਚੁਣ ਲਿਆ।”

ਉਨ੍ਹਾਂ ਆਖਿਆ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਨਾਲ ਵਿਧਾਇਕ ਜੁੜਦੇ ਜਾ ਰਹੇ ਸਨ ਉਸ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਖੇਮਾ ਕਮਜ਼ੋਰ ਪੈਂਦਾ ਜਾ ਰਿਹਾ ਸੀ।

ਪੰਜਾਬ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਦੇ ਪ੍ਰੋਫੈਸਰ ਮੁਹੰਮਦ ਖ਼ਾਲਿਦ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਫ਼ੈਸਲਾ ਲਿਆ ਹੈ।

ਇਹ ਵੀ ਪੜ੍ਹੋ:

  • ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਲੜਾਈ ਨੂੰ 9 ਨੁਕਤਿਆਂ ''ਚ ਸਮਝੋ
  • ਨਵਜੋਤ ਸਿੱਧੂ ਤੇ ਕੈਪਟਨ ਵਿਚਾਲੇ ਉਹ 7 ਮੌਕੇ ਜਦੋਂ ਦੋਹਾਂ ਵਿਚਾਲੇ ਸਾਹਮਣੇ ਆਈ ਤਲਖ਼ੀ
  • ਨਵਜੋਤ ਸਿੱਧੂ ਨੇ ਚਿੱਠੀ ਵਿਚ ਅਜਿਹਾ ਕੀ ਲਿਖਿਆ ਕਿ ਕੈਪਟਨ ‘ਤਾਜਪੋਸ਼ੀ’ ਸਮਾਗਮ ਵਿਚ ਜਾਣ ਲਈ ਰਾਜੀ ਹੋ ਗਏ
  • ਕਾਂਗਰਸ ਵਿਧਾਇਕਾਂ ਤੋਂ ਸੁਣੋ ਕਿ ਸਿੱਧੂ, ਕੈਪਟਨ ਤੋਂ ਮਾਫ਼ੀ ਮੰਗਣਗੇ ਕਿ ਨਹੀਂ

ਉਨ੍ਹਾਂ ਕਿਹਾ, “ਜੇਕਰ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਲੜਾਈ ਇਸੇ ਤਰੀਕੇ ਨਾਲ ਚਲਦੀ ਰਹਿੰਦੀ ਤਾਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਸੀ।”

ਪ੍ਰੋਫੈਸਰ ਖ਼ਾਲਿਦ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਉੱਤੇ ਕਾਂਗਰਸ ਹਾਈਕਮਾਂਡ ਦਾ ਵੀ ਦਬਾਅ ਸੀ।

ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਦੇ ਅਹੁਦੇ ਦਾ ਇੱਕ ਵੱਡਾ ਰੁਤਬਾ ਹੁੰਦਾ ਹੈ ਅਤੇ ਭਵਿੱਖ ਨੂੰ ਦੇਖਦੇ ਹੋਏ ਸਿੱਧੂ ਦੀ ਹਿਮਾਇਤ ਕਰਨ ਵਾਲੇ ਵਿਧਾਇਕਾਂ ਦੀ ਗਿਣਤੀ ਵਿਚ ਲਗਾਤਾਰ ਇਜ਼ਾਫਾ ਹੁੰਦਾ ਗਿਆ।

ਕਾਂਗਰਸ ਵਿਧਾਇਕਾਂ ਤੋਂ ਸੁਣੋ ਕਿ ਸਿੱਧੂ, ਕੈਪਟਨ ਤੋਂ ਮਾਫ਼ੀ ਮੰਗਣਗੇ ਕਿ ਨਹੀਂ

ਉਨ੍ਹਾਂ ਆਖਿਆ ਕਿ ਕੈਪਟਨ ਅਤੇ ਸਿੱਧੂ ਵਿਚਾਲੇ ਵਿਵਾਦ ਆਉਣ ਵਾਲੇ ਦਿਨਾਂ ਵਿਚ ਵੀ ਦੇਖਣ ਨੂੰ ਮਿਲੇਗਾ। ਅਸਲੀ ਪੰਗਾ ਉਨ੍ਹਾਂ 18 ਨੁਕਾਤੀ ਪ੍ਰੋਗਰਾਮ ਨੂੰ ਲੈ ਕੇ ਪੈਣਾ ਹੈ, ਜੋ ਹਾਈਕਮਾਂਡ ਨੇ ਕੈਪਟਨ ਨੂੰ ਦਿੱਤਾ ਹੈ।

“ਜੇਕਰ ਕੈਪਟਨ ਨੇ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਤਾਂ ਨਵਜੋਤ ਸਿੰਘ ਸਿੱਧੂ ਲਈ ਕੰਮ ਕਰਨਾ ਮੁਸ਼ਕਿਲ ਹੋ ਜਾਵੇਗਾ। ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੇ ਸੁਭਾਅ ਵਿਚ ਬਹੁਤ ਫ਼ਰਕ ਹੈ।”

“ਜਾਖੜ ਸ਼ਾਂਤ ਸੁਭਾਅ ਦੇ ਹਨ ਅਤੇ ਸਿੱਧੂ ਗਰਮ ਸੁਭਾਅ ਦੇ ਅਤੇ ਪੰਜਾਬ ਦੇ ਲੋਕਾਂ ਨਾਲ ਸਿੱਧਾ ਰਾਬਤਾ ਰੱਖਦੇ ਹਨ। ਇਸ ਤੋਂ ਇਲਾਵਾ ਆਪਣੀ ਗੱਲ ਧੜੱਲੇਦਾਰ ਤਰੀਕੇ ਨਾਲ ਰੱਖਣ ਦੀ ਹਿੰਮਤ ਰੱਖਦੇ ਹਨ।”

ਦੂਜੇ ਪਾਸੇ ਸੀਨੀਅਰ ਪੱਤਰਕਾਰ ਸਰਬਜੀਤ ਪੰਧੇਰ ਦਾ ਕਹਿਣਾ ਕਿ ਫ਼ਿਲਹਾਲ ਲੜਾਈ ਪ੍ਰਤੱਖ ਰੂਪ ਵਿਚ ਨਹੀਂ ਦੇਖਣ ਨੂੰ ਮਿਲੇਗੀ ।

ਉਨ੍ਹਾਂ ਕਿਹਾ, “ਵਿਧਾਨ ਸਭਾ ਚੋਣਾਂ ਦੀਆਂ ਟਿਕਟਾਂ ਸਮੇਂ ਇਹ ਅੱਗ ਫਿਰ ਤੋਂ ਭਾਂਬੜ ਬਣੇਗੀ ਕਿਉਂਕਿ ਦੋਵੇਂ ਪਾਸੇ ਆਪਣੇ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦਿਵਾਉਣ ਦੀ ਕੋਸ਼ਿਸ਼ ਰਹੇਗੀ। ਜਿਸ ਦੇ ਜ਼ਿਆਦਾ ਵਿਧਾਇਕ ਜਿੱਤਣਗੇ ਉਹ ਮੁੱਖ ਮੰਤਰੀ ਦੇ ਅਹੁਦਾ ਦਾ ਦਾਅਵੇਦਾਰ ਹੋਵੇਗਾ।”

ਪੰਧੇਰ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਸਿੱਧੂ ਨਾਲੋਂ ਹਾਈਕਮਾਂਡ ਨਾਲ ਜ਼ਿਆਦਾ ਹੈ।

ਉਨ੍ਹਾਂ ਕਿਹਾ, “ਕੈਪਟਨ ਅਮਰਿੰਦਰ ਸਿੰਘ ਆਪਣੇ ਸਿਆਸੀ ਕਰੀਅਰ ਦੇ ਅੰਤਿਮ ਦੌਰ ਵਿਚ ਹਨ। ਜਿਵੇਂ ਉਨ੍ਹਾਂ ਨਾਲ ਕੀਤੀ ਗਈ ਉਹ ਗੱਲ ਨੂੰ ਲੈਕੇ ਕਾਫ਼ੀ ਜ਼ਿਆਦਾ ਨਾਰਾਜ਼ ਦਿਖਦੇ ਹਨ, ਕੈਪਟਨ ਦਾ ਸੁਭਾਅ ਵੀ ਕਿਸੇ ਦੀ ਟੈਅ ਨਾ ਮੰਨਣ ਵਾਲਾ ਹੀ ਰਿਹਾ ਹੈ।”

ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ 1984 ਤੋਂ ਬਾਅਦ ਜਿਸ ਤਰੀਕੇ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਖੜੀ ਕੀਤੀ ਹੈ ਉਨ੍ਹਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।

ਸਿੱਧੂ ਖੇਮੇ ਵਿਚ ਗਏ ਮੰਤਰੀਆਂ ਦੇ ਵੀ ਬਦਲੇ ਸੁਰ

ਪੰਜਾਬ ਦੇ ਜਿਹੜੇ ਕੈਬਨਿਟ ਮੰਤਰੀ ਸਿੱਧੂ ਦੀ ਹਿਮਾਇਤ ਵਿਚ ਆ ਕੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ. ਉਨ੍ਹਾਂ ਦੇ ਸੁਰ ਵੀ ਨਰਮ ਹੋ ਗਏ ਹਨ।

ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਵਿਚ ਇੱਕ ਗਿਣੇ ਜਾਂਦੇ ਸਨ ਪਰ ਉਹ ਕੈਪਟਨ ਦਾ ਸਾਥ ਛੱਡ ਕੇ ਸਿੱਧੂ ਦੇ ਨਾਲ ਖੜੇ ਹੋ ਗਏ ਸਨ।

ਮੁੱਖ ਮੰਤਰੀ ਵੱਲੋਂ ਸਿੱਧੂ ਅੱਗੇ ਆਪਣੀ ਬਿਆਨਬਾਜ਼ੀ ਲਈ ਮਾਫ਼ੀ ਦੀਆਂ ਸ਼ਰਤਾਂ ਦਾ ਬਾਜਵਾ ਨੇ ਵਿਰੋਧ ਕੀਤਾ ਸੀ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਖਿਆ ਕਿ ਕਾਂਗਰਸ ਇੱਕ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਹਨ ਅਤੇ ਸਿੱਧੂ ਪਾਰਟੀ ਪ੍ਰਧਾਨ ਅਤੇ ਇਸ ਗੱਲ ਦਾ ਫ਼ਾਇਦਾ ਚੋਣਾਂ ਵਿਚ ਮਿਲੇਗਾ।

ਬਿਆਨਬਾਜ਼ੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਉਸ ਸਮੇਂ ਸਮਾਂ ਹੋਰ ਸੀ।

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੋ ਬੁੱਧਵਾਰ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਤਲਖ਼ੀ ਭਰੇ ਬਿਆਨ ਦਾਗ਼ ਰਹੇ ਸਨ ਉਹ ਵੀ ਵੀਰਵਾਰ ਨੂੰ ਨਰਮ ਸਨ। ਰੰਧਾਵਾ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਾਂਗਰਸ ਦੇ ਨਾਲ ਹਨ ਅਤੇ ਅੱਗੇ ਵੀ ਰਹਿਣਗੇ।

ਇਹ ਵੀ ਪੜ੍ਹੋ:

  • ਕਿਊਬਾ ਸੰਕਟ : ਫੀਦਲ ਕਾਸਤਰੋ ਤੇ ਚੇਅ ਗਵੇਰਾ ਦਾ ਮੁਲਕ ਜਦੋਂ ਸੁਰਜੀਤ ''ਸਾਬਣ'' ਤੇ ''ਬਰੈੱਡ'' ''ਤੇ ਜ਼ਿੰਦਾ ਰਿਹਾ
  • ਐਨਾਫਲੈਟਿਕ ਸ਼ੌਕ ਸਣੇ ਕੀ ਹੋ ਸਕਦੇ ਹਨ ਕੋਵਿਡ ਵੈਕਸੀਨ ਦੇ ਸਾਈਡ ਇਫੈਕਟ
  • ਤੁਹਾਡਾ ਫੋਨ ਹੈਕ ਹੋ ਗਿਆ ਹੈ, ਕਿਵੇਂ ਪਤਾ ਲੱਗੇਗਾ ਤੇ ਇਸ ਤੋਂ ਕਿਵੇਂ ਬਚ ਸਕਦੇ ਹੋ

ਇਹ ਵੀ ਵੇਖੋ:

https://www.youtube.com/watch?v=zrRLNoJIyOg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''ed3edc8b-f6df-4366-b0f1-461e447bcfdc'',''assetType'': ''STY'',''pageCounter'': ''punjabi.india.story.57930666.page'',''title'': ''ਨਵਜੋਤ ਸਿੱਧੂ ਨੂੰ ਮਾਫ਼ੀ ਮੰਗਣ ਲਈ ਕਹਿਣ ਵਾਲੇ ਕੈਪਟਨ ਅਮਰਿੰਦਰ ਦੇ ਸੁਰ ਨਰਮ ਪੈਣ ਦੇ ਇਹ ਕਾਰਨ ਹੋ ਸਕਦੇ ਹਨ'',''author'': ''ਸਰਬਜੀਤ ਸਿੰਘ ਧਾਲੀਵਾਲ'',''published'': ''2021-07-23T01:56:17Z'',''updated'': ''2021-07-23T01:56:17Z''});s_bbcws(''track'',''pageView'');