ਇਜ਼ਰਾਈਲ-ਗਜ਼ਾ ਹਿੰਸਾ: ਮੀਡੀਆ ਦਫ਼ਤਰਾਂ ਉੱਤੇ ਹਮਲੇ ਤੋਂ ਬਾਅਦ ਅਮਰੀਕਾ ਦੀ ਇਜ਼ਰਾਈਲ ਨੂੰ ਚੇਤਾਵਨੀ

05/16/2021 10:36:07 AM

Reuters
ਇਜ਼ਰਾਇਲੀ ਹਮਲੇ ਵਿੱਚ 12 ਮੰਜ਼ਿਲਾ ਇਮਾਰਤ ਢਹਿ ਗਈ ਜਿਸ ਵਿੱਚ ਕੌਮਾਂਤਰੀ ਮੀਡੀਆ ਦੇ ਦਫ਼ਤਰ ਸਨ

ਗਜ਼ਾ ਦੀ ਇੱਕ ਬਹੁਮੰਜ਼ਿਲਾ ਇਮਾਰਤ ਉੱਤੇ ਇਜ਼ਰਾਇਲੀ ਹਮਲੇ ਤੋਂ ਬਾਅਦ ਅਮਰੀਕਾ ਨੇ ਇਜ਼ਰਾਈਲ ਨੂੰ ਕਿਹਾ ਹੈ ਕਿ ਉਹ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਏ।

ਵਾਇਟ ਹਾਊਸ ਦੀ ਤਰਜ਼ਮਾਨ ਜੇਨ ਸਾਕੀ ਨੇ ਟਵੀਟ ਕਰਕੇ ਕਿਹਾ, "ਅਸੀਂ ਸਿੱਧੇ ਤੌਰ ਉੱਤੇ ਇਜ਼ਰਾਈਲ ਨੂੰ ਕਿਹਾ ਹੈ ਕਿ ਸਾਰੇ ਪੱਤਰਕਾਰਾਂ ਅਤੇ ਅਜ਼ਾਦ ਮੀਡੀਆ ਦੀ ਸੁਰੱਖਿਆ ਯਕੀਨੀ ਬਣਾਉਣਾ ਉਸ ਦੀ ਜ਼ਿੰਮੇਵਾਰੀ ਹੈ।"

https://twitter.com/PressSec/status/1393577210964058115

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਇਜ਼ਰਾਇਲੀ ਹਮਲੇ ਵਿਚ ਗਜ਼ਾ ਦੀ ਬਹੁਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਸੀ, ਇਸ ਇਮਾਰਤ ਵਿਚ ਕਈ ਵਿਦੇਸ਼ੀ ਨਿਊਜ਼ ਚੈਨਲਾਂ ਦੇ ਦਫ਼ਤਰ ਸਨ।

ਇਸ ਹਮਲੇ ਵਿਚ ਮਾਰੇ ਗਏ ਲੋਕਾਂ ਦੀ ਅਜੇ ਤੱਕ ਜਾਣਕਾਰੀ ਨਹੀਂ ਮਿਲ ਸਕੀ ਹੈ।

ਉੱਧਰ ਅਲ ਜ਼ਜ਼ੀਰਾ ਦੇ ਕਾਰਜਕਾਰੀ ਡਾਇਰੈਕਟਰ ਡਾਕਟਰ ਮੁਸਤਫ਼ਾ ਸਵੇਗ ਨੇ ਕਿਹਾ, "ਗਜ਼ਾ ਵਿਚ ਮੌਜੂਦ ਅਲ-ਜਾਲਾ ਟਾਵਰ ਉੱਤੇ ਹਮਲਾ ਕਰਨਾ, ਜਿਸ ਵਿਚ ਅਲ਼ ਜ਼ਜ਼ੀਰਾ ਅਤੇ ਦੂਜੇ ਮੀਡੀਆ ਅਦਾਰਿਆਂ ਦੇ ਦਫ਼ਤਰ ਸਨ, ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਅਤੇ ਕੌਂਮਾਂਤਰੀ ਪੱਧਰ ਉੱਤੇ ਇਸ ਨੂੰ ਯੁੱਧ ਅਪਰਾਧ ਮੰਨਿਆ ਜਾਂਦਾ ਹੈ।"

ਇਹ ਵੀ ਪੜ੍ਹੋ :

  • ਕੋਰੋਨਾਵਾਇਰਸ : ਪੰਜਾਬ ਤੇ ਹਰਿਆਣਾ ਦੇ ਕੀ ਹਨ ਹਾਲਾਤ, ਜਾਣੋ ਕਿਸ ਜ਼ਿਲ੍ਹੇ ਦਾ ਕੀ ਹੈ ਹਾਲ
  • ਕੋਰੋਨਾਵਾਇਰਸ : ਭਾਰਤ ਵਿਚ ਕੋਵਿਡ-19 ਵੈਕਸੀਨੇਸ਼ਨ ਮੁਹਿੰਮ ਆਖ਼ਰ ਕਿੱਥੇ ਗ਼ਲਤ ਹੋ ਗਈ
  • ਗੰਗਾ ਕੰਢੇ ਮੀਂਹ ਨੇ ਯੋਗੀ ਸਰਕਾਰ ਦੀ ਖੋਲ੍ਹੀ ਪੋਲ, ਸੈਂਕੜੇ ਕਬਰਾਂ ਮਿਲੀਆਂ

ਉਨ੍ਹਾਂ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਨੂੰ ਨਿਸ਼ਾਨਾਂ ਬਣਾਉਣ ਦੇ ਇਸ ਘਿਨਾਉਣੇ ਕਦਮ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਨ ਅਤੇ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਕੌਮਾਂਤਰੀ ਪੱਧਰ ਉੱਤੇ ਕਦਮ ਚੁੱਕਣ।

https://twitter.com/AJEnglish/status/1393587008732282880

ਖ਼ਬਰ ਏਜੰਸੀ ਏਐਫ਼ਪੀ ਮੁਤਾਬਕ ਅਲ ਜਜ਼ੀਰਾ ਦੇ ਯੇਰੂਸ਼ਲਮ ਬਿਊਰੋ ਦੇ ਪ੍ਰਮੁੱਖ ਵਲੀਦ ਅਲ ਓਮਾਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਜਿਨ੍ਹਾਂ ਦੇ ਇਹ ਜੰਗ ਛੇੜੀ ਹੈ, ਉਹ ਨਾ ਸਿਰਫ਼ ਗਜ਼ਾ ਵਿਚ ਤਬਾਹੀ ਮਚਾਉਣਾ ਚਾਹੁੰਦੇ ਹਨ ਬਲਕਿ ਮੀਡੀਆ ਨੂੰ ਵੀ ਖ਼ਾਮੋਸ਼ ਕਰਨਾ ਚਾਹੁੰਦੇ ਹਨ, ਜੋ ਗਜ਼ਾ ਵਿਚ ਜੋ ਕੁਝ ਹੋ ਰਿਹਾ ਹੈ,ਉਸ ਦਾ ਸੱਚ ਦੇਖ ਰਿਹਾ ਹੈ ਅਤੇ ਰਿਪੋਰਟ ਕਰ ਰਿਹਾ ਹੈ।

ਇਜ਼ਰਾਈਲ ਨੇ ਹਮਲੇ ਬਾਰੇ ਕੀ ਕਿਹਾ ਸੀ

ਗਜ਼ਾ ਵਿੱਚ ਇਜ਼ਰਾਇਲੀ ਹਮਲੇ ਵਿੱਚ ਇੱਕ ਟਾਵਰ ਬਲਾਕ ਤਬਾਹ ਹੋ ਗਿਆ ਹੈ। ਇਸ ਵਿੱਚ ਖ਼ਬਰ ਏਜੰਸੀ ਐਸੋਸੀਏਟਡ ਪ੍ਰੈੱਸ ਅਤੇ ਕਤਰ ਦੇ ਖ਼ਬਰਾਂ ਦੇ ਚੈਨਲ ਅਲ-ਜਜ਼ੀਰਾ ਦੇ ਦਫ਼ਤਰ ਸਨ।

ਰੌਇਟਰਜ਼ ਖ਼ਬਰ ਏਜੰਸੀ ਨੇ ਦੱਸਿਆ ਕਿ ਇਸ ਹਮਲੇ ਤੋਂ ਪਹਿਲਾਂ ਹੀ ਇਮਾਰਤ ਦੇ ਮਾਲਿਕ ਨੂੰ ਇਜ਼ਰਾਇਲ ਵੱਲੋਂ ਚੇਤਾਵਨੀ ਮਿਲੀ ਸੀ ਜਿਸ ਮਗਰੋਂ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਸੀ।

ਇਸ 12 ਮੰਜ਼ਿਲਾ ਟਾਵਰ ਬਲਾਕ ਵਿੱਚ ਕਈ ਅਪਾਰਟਮੈਂਟ ਅਤੇ ਦੂਜੇ ਦਫ਼ਤਰ ਸਨ।

ਇਸ ਮਾਮਲੇ ਵਿੱਚ ਇਜ਼ਾਰਾਇਲੀ ਫੌਜ ਵੱਲੋਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਮਾਰਤ ਵਿੱਚ ਹਮਾਸ ਦੇ ਫੌਜੀ ਹਥਿਆਰ ਸਨ।

ਉੱਥੇ ਹੀ ਬੀਬੀਸੀ ਦੇ ਯੇਰੂਸ਼ਲਮ ਬਿਊਰੋ ਨੇ ਦੱਸਿਆ ਹੈ ਕਿ ਗਜ਼ਾ ਵਿੱਚ ਮੌਜੂਦ ਬੀਬੀਸੀ ਦਾ ਦਫ਼ਤਰ ਇਸ ਇਮਾਰਤ ਵਿੱਚ ਨਹੀਂ ਸੀ।

ਜੰਗਬੰਦੀ ਲਈ ਪਹੁੰਚਿਆ ਅਮਰੀਕੀ ਵਫ਼ਦ

Reuters
ਇਜ਼ਰਾਇਲੀ ਫ਼ੌਜੀਆਂ ਅਤੇ ਫਲਸਤੀਨੀਆਂ ਵਿੱਚ ਜਾਰੀ ਹਿੰਸਕ ਸੰਘਰਸ਼ ਗਾਜ਼ਾ ਤੋਂ ਬਾਅਦ ਕਬਜ਼ੇ ਵਾਲੀ ਵੈਸਟ ਬੈਂਕ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਵੀ ਫ਼ੈਲ ਗਿਆ

ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਜਾਰੀ ਤਣਾਅ ਵਿਚਾਲੇ ਅਮਰੀਕਾ ਦਾ ਇੱਕ ਰਾਜਦੂਤ ਤੇਲ ਅਵੀਵ ਵਿੱਚ ਗੱਲਬਾਤ ਲਈ ਪਹੁੰਚਿਆ ਹੈ।

ਹੈਦੀ ਅਮਰ ਜੰਗਬੰਦੀ ''ਤੇ ਸਹਿਮਤ ਹੋਣ ਦੀ ਉਮੀਦ ਵਿੱਚ ਇਜ਼ਰਾਈਲ, ਫਲਸਤੀਨ ਅਤੇ ਯੂਐੱਨ ਦੇ ਅਧਿਕਾਰੀਆਂ ਨਾਲ ਗੱਲਬਾਤ ਵਿੱਚ ਹਿੱਸਾ ਲੈਣਗੇ।

ਸ਼ਨੀਵਾਰ ਸਵੇਰੇ ਇਜ਼ਰਾਈਲੀ ਫ਼ੌਜ ਨੇ ਗਾਜ਼ਾ ਵਿੱਚ ਹਵਾਈ ਹਮਲੇ ਕੀਤੇ ਅਤੇ ਉੱਥੇ ਫਲਸਤੀਨੀ ਅੱਤਵਾਦੀਆਂ ਨੇ ਇਜ਼ਰਾਈਲ ਉੱਤੇ ਰਾਕੇਟ ਸੁੱਟੇ।

ਇਜ਼ਰਾਈਲੀ ਫ਼ੌਜੀਆਂ ਅਤੇ ਫਲਸਤੀਨੀਆਂ ਵਿੱਚ ਜਾਰੀ ਹਿੰਸਕ ਸੰਘਰਸ਼ ਗਾਜ਼ਾ ਤੋਂ ਬਾਅਦ ਕਬਜ਼ੇ ਵਾਲੀ ਵੈਸਟ ਬੈਂਕ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਵੀ ਫ਼ੈਲ ਗਿਆ ਹੈ।

ਵੈਸਟ ਬੈਂਕ ਦੇ ਕਈ ਹਿੱਸਿਆਂ ਵਿੱਚ ਹੋਈ ਹਿੰਸਾ ਨਾਲ ਘੱਟੋ-ਘੱਟ 10 ਫ਼ਲਸਤੀਨੀ ਮਾਰੇ ਗਏ ਹਨ ਜਦੋਂਕਿ ਸੈਂਕੜੇ ਲੋਕ ਜ਼ਖ਼ਮੀ ਹਨ।

ਇਹ ਵੀ ਪੜ੍ਹੋ:

  • ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੀ ਅੰਦਰੂਨੀ ਲੜਾਈ ਪਾਰਟੀ ਨੂੰ ਕਿੱਧਰ ਲਿਜਾ ਰਹੀ ਹੈ
  • ਭਾਰਤ ਦੀ ਟੀਕਾਕਰਨ ਮੁਹਿੰਮ ਆਖ਼ਰ ਮੂਧੇ ਮੂੰਹ ਕਿਵੇਂ ਆ ਪਈ
  • ਕੋਰੋਨਾ ਪੀੜਤਾਂ ਦੀ ਮਦਦ ਕਰਨ ਸਬੰਧੀ ਦਿੱਲੀ ਪੁਲਿਸ ਦੀ ਪੁੱਛਗਿੱਛ ਤੋਂ ਕਾਂਗਰਸ ਨਰਾਜ਼

ਇਜ਼ਰਾਈਲੀ ਫੌਜ ਇਨ੍ਹਾਂ ਇਲਾਕਿਆਂ ਵਿੱਚ ਹੰਝੂ ਗੈਸ ਦੇ ਗੋਲੇ ਅਤੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕਰ ਰਹੀ ਹੈ। ਫਲਸਤੀਨੀਆਂ ਵੱਲੋਂ ਵੀ ਕਈ ਥਾਵਾਂ ''ਤੇ ਪੈਟਰੋਲ ਬੰਬ ਸੁੱਟੇ ਗਏ ਹਨ।

ਵੈਸਟ ਬੈਂਕ ਦੇ ਕੁਝ ਇਲਾਕਿਆਂ ਵਿੱਚ ਗੰਭੀਰ ਸੰਘਰਸ਼ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਇਸ ਖੇਤਰ ਵਿੱਚ ਪਿਛਲੇ ਕਈ ਸਾਲਾਂ ਵਿੱਚ ਹੋਈ ''ਸਭ ਤੋਂ ਖ਼ਰਾਬ ਹਿੰਸਾ ''ਦੱਸਿਆ ਜਾ ਰਿਹਾ ਹੈ।

ਕਈ ਹਫ਼ਤਿਆਂ ਤੋਂ ਮਾਹੌਲ ਤਣਾਅਪੂਰਨ ਹੋਣ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਇਜ਼ਰਾਈਲੀ ਸੈਨਾ ਅਤੇ ਫ਼ਲਸਤੀਨੀਆਂ ਦੇ ਵਿਚਕਾਰ ਪੂਰਬੀ ਯੇਰੂਸ਼ਲਮ ਤੋਂ ਹਿੰਸਕ ਸੰਘਰਸ਼ ਦੀ ਸ਼ੁਰੂਆਤ ਹੋਈ ਸੀ ਜੋ ਹੌਲੀ-ਹੌਲੀ ਹੋਰਨਾਂ ਇਲਾਕਿਆਂ ਵਿੱਚ ਵੀ ਫੈਲ ਗਿਆ।

ਆਪਸੀ ਲੜਾਈ ਦੌਰਾਨ ਤਬਾਹੀ

ਸੋਮਵਾਰ ਨੂੰ ਗਾਜ਼ਾ ਉੱਤੇ ਸ਼ਾਸਨ ਕਰਨ ਵਾਲੇ ਕੱਟੜਪੰਥੀ ਸੰਗਠਨ ਹਮਾਸ ਨੇ ਇਜ਼ਰਾਈਲੀ ਫੌਜ ਨੂੰ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਤੋਂ ਪਿੱਛੇ ਹਟਣ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਹਮਾਸ ਨੇ ਇਜ਼ਰਾਈਲੀ ਖੇਤਰਾਂ ਵਿੱਚ ਰਾਕੇਟ ਦਾਗੇ ਅਤੇ ਇਸ ਦੇ ਜਵਾਬ ਵਿੱਚ ਇਜ਼ਰਾਈਲੀ ਸੈਨਾ ਨੇ ਫਲਸਤੀਨੀਆਂ ਉੱਤੇ ਹਵਾਈ ਹਮਲੇ ਕੀਤੇ।

ਕੌਮਾਂਤਰੀ ਪੱਧਰ ''ਤੇ ਦੋਨਾਂ ਗੁੱਟਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਗਈ ਹੈ ਪਰ ਪਿਛਲੀਆਂ ਪੰਜ ਰਾਤਾਂ ਤੋਂ ਦੋਹਾਂ ਧਿਰਾਂ ਵਿੱਚ ਲੜਾਈ ਜਾਰੀ ਹੈ।

Getty Images

ਫਲਸਤੀਨ ਸਿਹਤ ਅਧਿਕਾਰੀਆਂ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਸੋਮਵਾਰ ਤੋਂ ਲੈ ਕੇ ਹੁਣ ਤੱਕ ਗਾਜ਼ਾ ਵਿੱਚ ਘੱਟੋ-ਘੱਟ 132 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਵਿੱਚ 32 ਬੱਚੇ ਅਤੇ 21 ਔਰਤਾਂ ਸ਼ਾਮਲ ਹਨ। ਇਸ ਤੋਂ ਬਿਨਾਂ ਲਗਭਗ ਇੱਕ ਹਜ਼ਾਰ ਲੋਕ ਜ਼ਖ਼ਮੀ ਹੋ ਚੁੱਕੇ ਹਨ। ਇਜ਼ਰਾਈਲ ਵਿੱਚ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋਈ ਹੈ।

ਸਥਾਨਕ ਮੀਡੀਆ ਅਨੁਸਾਰ ਵੈਸਟ ਬੈਂਕ ਦੇ ਕਈ ਕਸਬਿਆਂ ਵਿੱਚ ਸ਼ੁੱਕਰਵਾਰ ਨੂੰ ਜ਼ਬਰਦਸਤ ਪ੍ਰਦਰਸ਼ਨ ਹੋਏ ਜਿਨ੍ਹਾਂ ਵਿੱਚ ''ਸ਼ਾਂਤੀ ਦੀ ਕੌਮਾਂਤਰੀ ਅਪੀਲ'' ਮੰਨ ਲੈਣ ਦੀ ਗੱਲ ਕਹੀ ਗਈ।

ਇਜ਼ਰਾਈਲ ਨਾਲ ਲੱਗਦੀਆਂ ਜਾਰਡਨ ਤੇ ਲਿਬਨਾਨ ਦੀਆਂ ਸਰਹੱਦਾਂ ਉੱਤੇ ਵੀ ਸ਼ੁੱਕਰਵਾਰ ਨੂੰ ਫਲਸਤੀਨੀਆਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਹੋਏ। ਲਿਬਨਾਨ ਦੇ ਸਰਕਾਰੀ ਮੀਡੀਆ ਅਨੁਸਾਰ ਇਜ਼ਰਾਈਲੀ ਫ਼ੌਜ ਵੱਲੋਂ ਚਲਾਈ ਗਈ ਗੋਲੀ ਵਿੱਚ ਉਨ੍ਹਾਂ ਦੇ ਇੱਕ ਨਾਗਰਿਕ ਦੀ ਮੌਤ ਹੋ ਗਈ।

ਉੱਧਰ ਇਜ਼ਰਾਈਲੀ ਫ਼ੌਜ ਨੇ ਮੰਨਿਆ ਹੈ ਕਿ ਉਸ ਨੇ ਗਾਜ਼ਾ ਵਿੱਚ ਪਿਛਲੇ ਦੋ ਦਿਨਾਂ ਵਿੱਚ ਕਈ ਹਵਾਈ ਹਮਲੇ ਕੀਤੇ ਹਨ ਜਿਸ ਵਿੱਚ ਹਮਾਸ ਦੇ ਕੱਟੜਪੰਥੀਆਂ ਦੁਆਰਾ ਵਰਤੀ ਜਾ ਰਹੀ ਇੱਕ ਟਨਲ ਨੂੰ ਤਬਾਹ ਕਰ ਦਿੱਤਾ ਹੈ।

ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਈ ਵੀ ਫ਼ੌਜੀ ਗਾਜ਼ਾ ਵਿੱਚ ਦਾਖ਼ਲ ਨਹੀਂ ਹੋਇਆ।

ਇਜ਼ਰਾਈਲੀ ਫ਼ੌਜ ਅਨੁਸਾਰ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਵਿਰੋਧੀਆਂ ਦੇ ਦੋ ਸੌ ਤੋਂ ਜ਼ਿਆਦਾ ਠਿਕਾਣਿਆਂ ਉੱਤੇ ਹਵਾਈ ਹਮਲੇ ਕੀਤੇ ਗਏ।

Getty Images
ਕੌਮਾਂਤਰੀ ਪੱਧਰ ''ਤੇ ਦੋਨਾਂ ਗੁੱਟਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਗਈ ਹੈ ਪਰ ਪਿਛਲੀਆਂ ਪੰਜ ਰਾਤਾਂ ਤੋਂ ਦੋਹਾਂ ਧਿਰਾਂ ਵਿੱਚ ਲੜਾਈ ਜਾਰੀ ਹੈ

ਪਰ ਹਮਾਸ ਦਾ ਇਲਜ਼ਾਮ ਹੈ ਕਿ ਇਜ਼ਰਾਈਲ ਆਪਣੇ ਹਵਾਈ ਹਮਲਿਆਂ ਵਿੱਚ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।

ਸ਼ੁੱਕਰਵਾਰ ਨੂੰ ਹਮਾਸ ਨੇ ਕਿਹਾ, "ਗਾਜ਼ਾ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਅੱਜ ਇਜ਼ਰਾਈਲੀ ਹਵਾਈ ਹਮਲੇ ਵਿੱਚ ਮਾਰਿਆ ਗਿਆ ਜਿਸ ਵਿੱਚ ਇੱਕ ਔਰਤ ਤੇ ਬੱਚਾ ਸ਼ਾਮਲ ਸੀ।"

ਹਮਾਸ ਜੋ ਕਿ ਫਲਸਤੀਨੀ ਕੱਟੜਪੰਥੀ ਗੁੱਟਾਂ ਵਿੱਚ ਸਭ ਤੋਂ ਵੱਡਾ ਗੁੱਟ ਹੈ, ਨੇ ਇਜ਼ਰਾਈਲ ਦੇ ਕਈ ਇਲਾਕਿਆਂ ਨੂੰ ਆਪਣੇ ਰਾਕੇਟਾਂ ਦਾ ਨਿਸ਼ਾਨਾ ਬਣਾਇਆ ਹੈ।

ਇਸੇ ਦੌਰਾਨ ਇਜ਼ਰਾਈਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਪਿਛਲੇ ਦਿਨਾਂ ਵਿੱਚ ਗਾਜ਼ਾ ਵਿੱਚ ਜੋ ਹਵਾਈ ਹਮਲੇ ਹੋਏ ਹਨ ਉਨ੍ਹਾਂ ਵਿੱਚ ਦਰਜਨਾਂ ਕੱਟੜਪੰਥੀਆਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਗਾਜ਼ਾ ਵੱਲ ਗਲਤੀ ਨਾਲ ਛੱਡੇ ਗਏ ਰਾਕੇਟਾਂ ਵਿੱਚ ਕੁਝ ਫਲਸਤੀਨੀ ਹੀ ਮਾਰੇ ਗਏ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

https://www.youtube.com/watch?v=xWw19z7Edrs

ਸੰਯੁਕਤ ਰਾਸ਼ਟਰ ਅਨੁਸਾਰ ਸੋਮਵਾਰ ਤੋਂ ਜਾਰੀ ਇਸ ਹਿੰਸਕ ਸੰਘਰਸ਼ ਕਾਰਨ 10 ਹਜ਼ਾਰ ਤੋਂ ਜ਼ਿਆਦਾ ਫਲਸਤੀਨੀ ਗਾਜ਼ਾ ਵਿੱਚ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਹਨ।

ਇਜ਼ਰਾਈਲ ਵਿੱਚ ਗ੍ਰਹਿ ਜੰਗ ਦਾ ਖਦਸ਼ਾ

ਇਸ ਹਿੰਸਕ ਸੰਘਰਸ਼ ਦੀ ਸ਼ੁਰੂਆਤ ਤੋਂ ਬਾਅਦ ਇਜ਼ਰਾਈਲ ਵਿੱਚ ਵੀ ਕੁਝ ਜਗ੍ਹਾ ''ਤੇ ਇਜ਼ਰਾਈਲੀਆਂ ਅਤੇ ਅਰਬ ਲੋਕਾਂ ਦੇ ਵਿਚਕਾਰ ਲੜਾਈ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ ਜਿਸ ਤੋਂ ਬਾਅਦ ਇਜ਼ਰਾਈਲੀ ਸੈਨਾ ਨੇ ਗ੍ਰਹਿ ਜੰਗ ਦੇ ਖਦਸ਼ੇ ਦੀ ਵੀ ਗੱਲ ਕਹੀ ਹੈ।

ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਵੀਰਵਾਰ ਨੂੰ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅੰਦਰੂਨੀ ਅਸ਼ਾਂਤੀ ਦਾ ਖਾਸ ਖਿਆਲ ਰੱਖਣ ਅਤੇ ਇਸ ਨੂੰ ਦਬਾਉਣ ਦੀ ਹਰ ਕੋਸ਼ਿਸ਼ ਕੀਤੀ ਜਾਵੇ। ਇਜ਼ਰਾਈਲ ਵਿੱਚ ਹੁਣ ਤੱਕ ਚਾਰ ਸੌ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

Getty Images
ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਵੀਰਵਾਰ ਨੂੰ ਸੁਰੱਖਿਆ ਬਲਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਅੰਦਰੂਨੀ ਅਸ਼ਾਂਤੀ ਦਾ ਖਾਸ ਖਿਆਲ ਰੱਖਣ

ਇਜ਼ਰਾਈਲੀ ਪੁਲਿਸ ਦਾ ਕਹਿਣਾ ਹੈ ਕਿ ਇਜ਼ਰਾਈਲ ਵਿੱਚ ਰਹਿਣ ਵਾਲੇ ਅਰਬ ਲੋਕਾਂ ਦੇ ਕਾਰਨ ਕਾਨੂੰਨ ਵਿਵਸਥਾ ਬਣਾਏ ਰੱਖਣ ਵਿੱਚ ਪਰੇਸ਼ਾਨੀ ਹੋ ਰਹੀ ਹੈ।

ਗਾਜ਼ਾ ਵਿੱਚ ਇਜ਼ਰਾਈਲੀ ਬਾਰਡਰ ਦੇ ਬਹੁਤ ਨੇੜੇ ਰਹਿਣ ਵਾਲੇ ਫਲਸਤੀਨੀ ਜੋ ਆਪਣੇ ਘਰ ਛੱਡ ਕੇ ਜਾ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜ ਕਦੇ ਵੀ ਉਨ੍ਹਾਂ ਦੇ ਇਲਾਕਿਆਂ ਵਿੱਚ ਦਾਖ਼ਲ ਹੋ ਸਕਦੀ ਹੈ ਅਤੇ ਉਹ ਇਸ ਨੂੰ ਲੈ ਕੇ ਚਿੰਤਿਤ ਹਨ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕਿਆਂ ਵਿੱਚ ਘਰਾਂ ਉੱਤੇ ਵੀ ਬੰਬ ਸੁੱਟੇ ਜਾ ਰਹੇ ਹਨ।

ਇੱਕ ਪਰਿਵਾਰ ਜੋ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿੱਚੋਂ ਨਿਕਲ ਕੇ ਆਇਆ ਹੈ, ਉਸ ਨੇ ਕਿਹਾ, "ਸਾਨੂੰ ਲੱਗਿਆ ਜਿਵੇਂ ਕੋਈ ਡਰਾਉਣੀ ਫ਼ਿਲਮ ਚੱਲ ਰਹੀ ਹੈ। ਅਸਮਾਨ ਵਿੱਚ ਇਜ਼ਰਾਈਲੀ ਹਵਾਈ ਜਹਾਜ਼ ਮੰਡਰਾ ਰਹੇ ਸਨ। ਇਸ ਦੇ ਨਾਲ ਹੀ ਟੈਂਕ ਅਤੇ ਨੌਸੈਨਾ ਵੀ ਗੋਲੇ ਬਰਸਾ ਰਹੀ ਹੈ।"

"ਅਸੀਂ ਕਿਤੇ ਆ ਜਾ ਨਹੀਂ ਸਕਦੇ। ਬਹੁਤ ਸਾਰੇ ਪਰਿਵਾਰ ਸਿਰਫ਼ ਰੋ ਰਹੇ ਹਨ। ਹਰ ਘਰ ਵਿੱਚ ਅਜਿਹੀ ਹੀ ਚਿੰਤਾ ਹੈ। ਇਸ ਲਈ ਆਪਣੇ ਘਰ ਵਿੱਚੋਂ ਨਿਕਲ ਆਉਣਾ ਹੀ ਸਾਡੇ ਕੋਲੇ ਆਖਰੀ ਰਾਹ ਸੀ।"

ਨੇਤਨਯਾਹੂ ਦੀ ਧਮਕੀ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਚਿਤਾਵਨੀ ਦਿੱਤੀ ਹੈ ਕਿ ਹਾਲ ਦੇ ਸਾਲਾਂ ਵਿੱਚ ਹਮਾਸ ਦੇ ਖਿਲਾਫ ਉਨ੍ਹਾਂ ਦਾ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਅਭਿਆਨ ਹੈ ਅਤੇ ਇਹ ਛੇਤੀ ਖ਼ਤਮ ਨਹੀਂ ਹੋਵੇਗਾ।

ਸ਼ੁੱਕਰਵਾਰ ਸ਼ਾਮ ਨੂੰ ਤੇਲ ਅਵੀਵ ਵਿੱਚ ਸੁਰੱਖਿਆ ਮਾਮਲਿਆਂ ਨੂੰ ਲੈ ਕੇ ਹੋਈ ਇੱਕ ਬੈਠਕ ਤੋਂ ਬਾਅਦ ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਸਾਡੀ ਰਾਜਧਾਨੀ ਉੱਪਰ ਹਮਲਾ ਕੀਤਾ ਹੈ ਅਤੇ ਸਾਡੇ ਸ਼ਹਿਰਾਂ ਉੱਤੇ ਰਾਕੇਟ ਦਾਗੇ ਹਨ। ਉਨ੍ਹਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਅਤੇ ਉਹ ਇਸ ਦੀ ਭਾਰੀ ਕੀਮਤ ਚੁਕਾ ਰਹੇ ਹਨ।"

ਇਹ ਵੀ ਪੜ੍ਹੋ:

  • ਇਜ਼ਰਾਈਲ ਦੀ ''ਦਾਦੀ'' ਜਿਸ ਨੇ 6 ਦਿਨਾਂ ਵਿਚ ਫਤਿਹ ਹਾਸਲ ਕੀਤੀ ਸੀ
  • ਇਜ਼ਰਾਈਲ-ਫਲਸਤੀਨ ਵਿਵਾਦ ਦੀ ਜੜ ਕੀ ਹੈ ਅਤੇ ਕੀ ਹੈ ਅਲ-ਨਕਬਾ
  • ਇਜ਼ਰਾਈਲ ਨੂੰ ਚੁਣੌਤੀ ਦੇਣ ਵਾਲਾ ਹਮਾਸ ਕਿੰਨਾ ਤਾਕਤਵਰ ਹੈ ਤੇ ਉਸ ਕੋਲ ਕਿਹੜੇ ਹਥਿਆਰ ਹਨ

ਉੱਥੇ ਹੀ ਇਜ਼ਰਾਈਲ ਦੀ ਤਬਾਹੀ ਲਈ ਵਚਨਬੱਧ ਕੱਟੜਪੰਥੀ ਸੰਗਠਨ ਹਮਾਸ ਨੇ ਕਿਹਾ ਕਿ ਉਨ੍ਹਾਂ ਦਾ ਇਸ ਵਾਰ ਇਜ਼ਰਾਈਲ ਨੂੰ ਵੱਡਾ ਸਬਕ ਸਿਖਾਉਣ ਦਾ ਇਰਾਦੇ ਹੈ।

ਵੀਰਵਾਰ ਨੂੰ ਇਜ਼ਰਾਈਲ ਨੇ ਆਪਣੀ ਰਿਜ਼ਰਵ ਆਰਮੀ ਦੇ ਸੱਤ ਹਜ਼ਾਰ ਜਵਾਨਾਂ ਨੂੰ ਬੁਲਾ ਲਿਆ। ਇਸ ਦੇ ਨਾਲ ਹੀ ਗਾਜ਼ਾ ਦੀ ਸਰਹੱਦ ਉੱਪਰ ਟੈਂਕ ਅਤੇ ਜਵਾਨਾਂ ਦੀ ਤਾਇਨਾਤੀ ਕਰ ਦਿੱਤੀ ਹੈ। ਜ਼ਮੀਨੀ ਕਾਰਵਾਈ ਹੋਣ ਦੀਆਂ ਸੰਭਾਵਨਾਵਾਂ ਵੀ ਹਨ ਪਰ ਇਸ ਨੂੰ ਲੈ ਕੇ ਫਿਲਹਾਲ ਕੋਈ ਫ਼ੈਸਲਾ ਨਹੀਂ ਹੋਇਆ ਹੈ।

ਇਸ ਵਾਰ ਇਜ਼ਰਾਈਲ ਲਈ ਵੀ ਹੈ ਮੁਸ਼ਕਿਲ

ਯੇਰੂਸ਼ਲਮ ਵਿੱਚ ਬੀਬੀਸੀ ਦੇ ਪੱਤਰਕਾਰ ਪਾਲ ਐਡਮਜ਼ ਅਨੁਸਾਰ, ਇਸ ਵਾਰ ਇਜ਼ਰਾਈਲ ਲਈ ਵੀ ਮੋਰਚਾ ਸੌਖਾ ਨਹੀਂ ਹੈ। ਨਾ ਸਿਰਫ਼ ਗਾਜ਼ਾ ਅਤੇ ਵੈਸਟ ਬੈਂਕ ਸਗੋਂ ਇਜ਼ਰਾਈਲ ਦੇ ਅੰਦਰ ਵੀ ਹਿੰਸਕ ਸੰਘਰਸ਼ ਹੋ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਕਦੇ ਅਜਿਹਾ ਨਹੀਂ ਹੋਇਆ ਕਿ ਇਨ੍ਹਾਂ ਸਭ ਥਾਵਾਂ ਵਿੱਚ ਇੱਕੋ ਵੇਲੇ ਹੀ ਹਿੰਸਾ ਦੀ ਸ਼ੁਰੂਆਤ ਹੋ ਜਾਵੇ।

ਅਲ-ਅਕਸਾ ਮਸਜਿਦ ਉੱਪਰ ਇਜ਼ਰਾਈਲੀ ਸੁਰੱਖਿਆ ਬਲਾਂ ਨੇ ਜਿਸ ਤਰ੍ਹਾਂ ਕਾਰਵਾਈ ਕੀਤੀ ਹੈ ਉਸ ਨੇ ਇਜ਼ਰਾਈਲ ਵਿੱਚ ਰਹਿਣ ਵਾਲੇ ਘੱਟ-ਗਿਣਤੀ ਅਰਬ ਆਬਾਦੀ ਵਿੱਚ ਗੁੱਸਾ ਪੈਦਾ ਕੀਤਾ ਹੈ। ਇਸ ਕਾਰਨ ਇਜ਼ਰਾਈਲ ਨੂੰ ਅੰਦਰੂਨੀ ਤਣਾਓ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ।

AFP
ਇਜ਼ਰਾਈਲੀ ਪੁਲਿਸ ਦਾ ਕਹਿਣਾ ਹੈ ਕਿ ਇਜ਼ਰਾਈਲ ਵਿੱਚ ਰਹਿਣ ਵਾਲੇ ਅਰਬ ਲੋਕਾਂ ਦੇ ਕਾਰਨ ਕਾਨੂੰਨ ਵਿਵਸਥਾ ਬਣਾਏ ਰੱਖਣ ਵਿਚ ਪਰੇਸ਼ਾਨੀ ਹੋ ਰਹੀ ਹੈ

ਇਸ ਹਫ਼ਤੇ ਜੋ ਹਿੰਸਕ ਸੰਘਰਸ਼ ਹੋਇਆ ਹੈ ਉਸ ਨੇ ਯੇਰੂਸ਼ਲਮ, ਜ਼ਮੀਨੀ ਵਿਵਾਦ ਅਤੇ ਪਵਿੱਤਰ ਧਾਰਮਿਕ ਸਥਾਨਾਂ ਨੂੰ ਲੈ ਕੇ ਇਜ਼ਰਾਈਲ ਅਤੇ ਫ਼ਲਸਤੀਨੀਆਂ ਦੇ ਵਿਚਕਾਰ ਚੱਲ ਰਹੀਆਂ ਪੁਰਾਣੀਆਂ ਅਸਹਿਮਤੀਆਂ ਨੂੰ ਵੀ ਸਾਹਮਣੇ ਲਿਆ ਦਿੱਤਾ ਹੈ।

ਹਾਲਾਂਕਿ ਹਮਾਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਕੌਮਾਂਤਰੀ ਸੰਗਠਨ ਇਜ਼ਰਾਈਲ ਨੂੰ ਯੇਰੂਸ਼ਲਮ ਵਿੱਚ ਸਥਿਤ ਮੁਸਲਮਾਨਾਂ ਦੀ ਪਵਿੱਤਰ ਅਲ-ਅਕਸਾ ਮਸਜਿਦ ਉੱਪਰ ਫ਼ੌਜੀ ਕਾਰਵਾਈ ਕਰਨ ਤੋਂ ਰੋਕ ਲੈਂਦਾ ਹੈ ਤਾਂ ਉਨ੍ਹਾਂ ਦਾ ਸੰਗਠਨ ਸੰਘਰਸ਼ ਵਿਰਾਮ ਲਈ ਤਿਆਰ ਹੈ।

ਪਰ ਇਜ਼ਰਾਈਲ ਪ੍ਰਸ਼ਾਸਨ ਫਿਲਹਾਲ ਕੌਮਾਂਤਰੀ ਗੁਜ਼ਾਰਿਸ਼ਾਂ ਨੂੰ ਸੁਣਨ ਦੇ ਇਰਾਦੇ ਵਿੱਚ ਨਹੀਂ ਹੈ।

Getty Images
ਸੰਘਰਸ਼ ਦਾ ਇਹ ਸਿਲਸਿਲਾ ਯੇਰੂਸ਼ਲਮ ਵਿੱਚ ਪਿਛਲੇ ਲਗਭਗ ਇੱਕ ਮਹੀਨੇ ਤੋਂ ਜਾਰੀ ਅਸ਼ਾਂਤੀ ਤੋਂ ਬਾਅਦ ਸ਼ੁਰੂ ਹੋਇਆ ਹੈ

ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਸੀਨੀਅਰ ਸਲਾਹਕਾਰਾਂ ਵਿੱਚ ਸ਼ਾਮਲ ਮਾਰਕ ਰੇਗੇਵ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ, "ਅਸੀਂ ਵੀ ਹਿੰਸਕ ਸੰਘਰਸ਼ ਨਹੀਂ ਚਾਹੁੰਦੇ ਪਰ ਹੁਣ ਜਦੋਂ ਇਹ ਸ਼ੁਰੂ ਹੋ ਹੀ ਗਿਆ ਹੈ ਤਾਂ ਇਸ ਦਾ ਅੰਤ ਹੋਣਾ ਚਾਹੀਦਾ ਹੈ ਤਾਂ ਕਿ ਲੰਬੇ ਸਮੇਂ ਤੱਕ ਸ਼ਾਂਤੀ ਰਹੇ ਅਤੇ ਇਹ ਸਿਰਫ਼ ਹਮਾਸ ਨੂੰ ਖ਼ਤਮ ਕਰਕੇ ਹੀ ਸੰਭਵ ਹੈ। ਉਨ੍ਹਾਂ ਦੀ ਕਮਾਂਡ ਅਤੇ ਕੰਟਰੋਲ ਨੂੰ ਤੋੜਨਾ ਹੋਵੇਗਾ।"

ਹਮਾਸ ਦੀ ਸ਼ੁਰੂਆਤ 1987 ਵਿੱਚ ਫਲਸਤੀਨੀਆਂ ਦੇ ਪਹਿਲੇ ਇੰਤਫਾਦਾ ਜਾਂ ਬਗ਼ਾਵਤ ਤੋਂ ਬਾਅਦ ਹੋਈ, ਜਦੋਂ ਵੈਸਟ ਬੈਂਕ ਅਤੇ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਕਬਜ਼ਿਆਂ ਦਾ ਵਿਰੋਧ ਸ਼ੁਰੂ ਹੋਇਆ ਸੀ। ਇਸ ਗੁੱਟ ਦੇ ਅਧਿਕਾਰ ਪੱਤਰ (ਚਾਰਟਰ) ਵਿੱਚ ਲਿਖਿਆ ਹੈ ਕਿ ਉਹ ਇਜ਼ਰਾਈਲ ਨੂੰ ਤਬਾਹ ਕਰਨ ਲਈ ਵਚਨਪਬੱਧ ਹੈ।

ਸ਼ੁਰੂਆਤ ਵਿੱਚ ਹਮਾਸ ਦੇ ਦੋ ਮਕਸਦ ਸਨ। ਪਹਿਲਾ ਇਜ਼ਰਾਈਲ ਦੇ ਖ਼ਿਲਾਫ਼ ਹਥਿਆਰ ਚੁੱਕਣਾ ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਗੁੱਟ ਇਜ਼ਦੀਨ ਅਲ-ਕਸਾਮ ਕਮਾਂਡ ਬ੍ਰਿਗੇਡ ਉੱਤੇ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਦੂਜਾ ਮਕਸਦ ਸਮਾਜ ਕਲਿਆਣ ਦੇ ਕੰਮ ਕਰਨਾ ਸੀ।

2005 ਦੇ ਬਾਅਦ ਤੋਂ ਜਦੋਂ ਇਜ਼ਰਾਈਲ ਨੇ ਗਾਜ਼ਾ ਵਿੱਚ ਆਪਣੀ ਫੌਜ ਅਤੇ ਬਸਤੀਆਂ ਨੂੰ ਹਟਾ ਲਿਆ ਹਮਾਸ ਨੇ ਫ਼ਲਸਤੀਨੀਆਂ ਦੇ ਸਿਆਸੀ ਕੰਮਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।

2006 ਵਿੱਚ ਫਲਸਤੀਨੀਆਂ ਦੇ ਇਲਾਕੇ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਅਤੇ ਉਸ ਦੇ ਅਗਲੇ ਸਾਲ ਗਾਜ਼ਾ ਵਿੱਚ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਵਿਰੋਧੀ ਗੁੱਟ ਫ਼ਤਿਹ ਨੂੰ ਹਟਾ ਕੇ ਉੱਥੋਂ ਦੀ ਸੱਤਾ ਆਪਣੇ ਹੱਥ ਵਿੱਚ ਲੈ ਲਈ।

ਇਸ ਤੋਂ ਬਾਅਦ ਗਾਜ਼ਾ ਦੇ ਕੱਟੜਪੰਥੀ ਇਜ਼ਰਾਈਲ ਨਾਲ ਤਿੰਨ ਲੜਾਈਆਂ ਲੜ ਚੁੱਕੇ ਹਨ। ਇਜ਼ਰਾਈਲ ਨੇ ਮਿਸਰ ਨਾਲ ਮਿਲ ਕੇ ਗਾਜ਼ਾ ਪੱਟੀ ਦੀ ਘੇਰਾਬੰਦੀ ਕੀਤੀ ਹੋਈ ਹੈ ਤਾਂ ਕਿ ਹਮਾਸ ਵੱਖ ਪੈ ਜਾਵੇ ਅਤੇ ਹਮਲੇ ਬੰਦ ਕਰਨ ਦਾ ਦਬਾਅ ਵਧੇ।

ਹਮਾਸ ਅਤੇ ਇਸ ਦੇ ਫੌਜੀ ਗੁੱਟ ਨੂੰ ਇਜ਼ਰਾਈਲ, ਅਮਰੀਕਾ, ਯੂਰੋਪੀਅਨ ਯੂਨੀਅਨ, ਯੂਕੇ ਅਤੇ ਹੋਰ ਕਈ ਮੁਲਕ ਇੱਕ ਅੱਤਵਾਦੀ ਸੰਗਠਨ ਮੰਨਦੇ ਹਨ।

ਕਿਵੇਂ ਭੜਕੀ ਤਾਜ਼ਾ ਹਿੰਸਾ

ਸੰਘਰਸ਼ ਦਾ ਇਹ ਸਿਲਸਿਲਾ ਯੇਰੂਸ਼ਲਮ ਵਿੱਚ ਪਿਛਲੇ ਲਗਭਗ ਇੱਕ ਮਹੀਨੇ ਤੋਂ ਜਾਰੀ ਅਸ਼ਾਂਤੀ ਤੋਂ ਬਾਅਦ ਸ਼ੁਰੂ ਹੋਇਆ ਹੈ।

ਇਸ ਦੀ ਸ਼ੁਰੂਆਤ ਪੂਰਬੀ ਯੇਰੂਸ਼ਲਮ ਤੋਂ ਫਲਸਤੀਨੀ ਪਰਿਵਾਰਾਂ ਨੂੰ ਕੱਢਣ ਦੀ ਧਮਕੀ ਤੋਂ ਬਾਅਦ ਸ਼ੁਰੂ ਹੋਈ ਜਿਸ ਨੂੰ ਯਹੂਦੀ ਆਪਣੀ ਜ਼ਮੀਨ ਦੱਸਦੇ ਹਨ ਅਤੇ ਉੱਥੇ ਵਸਣਾ ਚਾਹੁੰਦੇ ਹਨ।

EPA
ਅਲ-ਅਕਸਾ ਮਸਜਿਦ ਨੂੰ ਮੁਸਲਮਾਨ ਅਤੇ ਯਹੂਦੀ ਦੋਵੇਂ ਪਵਿੱਤਰ ਸਥਾਨ ਮੰਨਦੇ ਹਨ

ਇਸ ਤੋਂ ਬਾਅਦ ਉੱਥੇ ਅਰਬ ਆਬਾਦੀ ਵਾਲੇ ਇਲਾਕਿਆਂ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਦੇ ਵਿੱਚ ਝੜਪਾਂ ਹੋ ਰਹੀਆਂ ਸਨ। ਸ਼ੁੱਕਰਵਾਰ ਨੂੰ ਪੂਰਬੀ ਯੇਰੂਸ਼ਲਮ ਸਥਿਤ ਅਲ-ਅਕਸਾ ਮਸਜਿਦ ਦੇ ਕੋਲ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਵਿੱਚ ਕਈ ਵਾਰ ਝੜਪ ਹੋਈ।

ਅਲ-ਅਕਸਾ ਮਸਜਿਦ ਦੇ ਕੋਲ ਪਹਿਲਾਂ ਵੀ ਦੋਹਾ ਪੱਖਾਂ ਵਿਚਕਾਰ ਹਿੰਸਾ ਹੁੰਦੀ ਰਹੀ ਹੈ ਪਰ ਪਿਛਲੇ ਸ਼ੁੱਕਰਵਾਰ ਨੂੰ ਹੋਈ ਹਿੰਸਾ 2017 ਤੋਂ ਬਾਅਦ ਸਭ ਤੋਂ ਗੰਭੀਰ ਸੀ।

ਅਲ-ਅਕਸਾ ਮਸਜਿਦ ਨੂੰ ਮੁਸਲਮਾਨ ਅਤੇ ਯਹੂਦੀ ਦੋਵੇਂ ਪਵਿੱਤਰ ਸਥਾਨ ਮੰਨਦੇ ਹਨ।

ਕੀ ਹੈ ਯੇਰੂਸ਼ਲਮ ਅਤੇ ਅਲ-ਅਕਸਾ ਮਸਜਿਦ ਦਾ ਵਿਵਾਦ

1967 ਦੀ ਮੱਧ-ਪੂਰਬੀ ਜੰਗ ਤੋਂ ਬਾਅਦ ਇਜ਼ਰਾਈਲ ਨੇ ਪੂਰਬੀ ਯੇਰੂਸ਼ਲਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਉਹ ਪੂਰੇ ਸ਼ਹਿਰ ਨੂੰ ਆਪਣੀ ਰਾਜਧਾਨੀ ਮੰਨਦਾ ਹੈ। ਕੌਮਾਂਤਰੀ ਭਾਈਚਾਰਾ ਇਸ ਦਾ ਸਮਰਥਨ ਨਹੀਂ ਕਰਦਾ। ਫਲਸਤੀਨੀ ਪੂਰਬੀ ਯੇਰੂਸ਼ਲਮ ਨੂੰ ਭਵਿੱਖ ਦੇ ਇੱਕ ਆਜ਼ਾਦ ਮੁਲਕ ਦੀ ਰਾਜਧਾਨੀ ਦੇ ਤੌਰ ''ਤੇ ਦੇਖਦੇ ਹਨ।

ਪਿਛਲੇ ਕੁਝ ਸਾਲਾਂ ਦੌਰਾਨ ਇਲਾਕੇ ਵਿੱਚ ਤਣਾਅ ਵਧਿਆ ਹੈ ਇਲਜ਼ਾਮ ਹੈ ਕਿ ਜ਼ਮੀਨ ਦੇ ਕੁਝ ਹਿੱਸੇ ਉੱਪਰ ਆਪਣਾ ਹੱਕ ਜਤਾਉਣ ਵਾਲੀ ਯਹੂਦੀ ਫਲਸਤੀਨੀਆ ਨੂੰ ਬੇਦਖ਼ਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨੂੰ ਲੈ ਕੇ ਵਿਵਾਦ ਹੈ।

AFP

ਅਕਤੂਬਰ 2016 ਵਿੱਚ ਯੂਐੱਨ ਦੀ ਸ਼ਾਖਾ ਯੂਨੈਸਕੋ ਦੇ ਕਾਰਜਕਾਰੀ ਬੋਰਡ ਨੇ ਇੱਕ ਵਿਵਾਦਿਤ ਮਤੇ ਨੂੰ ਖਾਰਿਜ ਕਰਦੇ ਹੋਏ ਕਿਹਾ ਸੀ ਕਿ ਯੇਰੂਸ਼ਲਮ ਵਿੱਚ ਮੌਜੂਦ ਇਤਹਾਸਿਕ ਅਲ-ਅਕਸਾ ਮਸਜਿਦ ਉਪਰ ਯਹੂਦੀਆਂ ਦਾ ਕੋਈ ਦਾਅਵਾ ਨਹੀਂ ਹੈ।

ਯੂਨੈਸਕੋ ਦੀ ਕਾਰਜਕਾਰੀ ਸਮਿਤੀ ਨੇ ਇਹ ਮਤਾ ਪਾਸ ਕੀਤਾ ਸੀ।

ਇਸ ਮਤੇ ਵਿੱਚ ਕਿਹਾ ਗਿਆ ਸੀ ਕਿ ਅਲ-ਅਕਸਾ ਮਸਜਿਦ ਉੱਤੇ ਮੁਸਲਮਾਨਾਂ ਦਾ ਅਧਿਕਾਰ ਹੈ ਅਤੇ ਯਹੂਦੀਆਂ ਦਾ ਉਸ ਨਾਲ ਕੋਈ ਇਤਿਹਾਸਕ ਸਬੰਧ ਨਹੀਂ ਹੈ।

ਯਹੂਦੀ ਇਸਨੂੰ ਟੈਂਪਲ ਮਾਊਂਟ ਕਹਿੰਦੇ ਰਹੇ ਹਨ ਅਤੇ ਯਹੂਦੀਆਂ ਵਾਸਤੇ ਇਹ ਇੱਕ ਮਹੱਤਵਪੂਰਨ ਧਾਰਮਿਕ ਸਥਾਨ ਮੰਨਿਆ ਜਾਂਦਾ ਰਿਹਾ ਹੈ।

ਇਹ ਵੀ ਪੜ੍ਹੋ:

  • ''ਕਾਲੀ ਫੰਗਲ'' ਇਨਫੈਕਸ਼ਨ ਜੋ ਭਾਰਤ ’ਚ ਕੋਰੋਨਾ ਮਰੀਜ਼ਾਂ ਲਈ ਬਣ ਰਹੀ ਜਾਨਲੇਵਾ
  • ਬਠਿੰਡਾ ਵਿਚ ਨਗਨ ਫੜੇ ਗਏ ASI ਨੇ ਹਵਾਲਾਤ ਵਿਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
  • ਕੋਰੋਨਾ ਕਾਲ ਦੌਰਾਨ ਰਹਿਣ ਲਈ ''ਸਭ ਤੋਂ ਵਧੀਆ ਦੇਸ''

https://www.youtube.com/watch?v=kHMkQCAtojU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9b07bf54-0029-4b04-8790-f7b4499c36fe'',''assetType'': ''STY'',''pageCounter'': ''punjabi.international.story.57132665.page'',''title'': ''ਇਜ਼ਰਾਈਲ-ਗਜ਼ਾ ਹਿੰਸਾ: ਮੀਡੀਆ ਦਫ਼ਤਰਾਂ ਉੱਤੇ ਹਮਲੇ ਤੋਂ ਬਾਅਦ ਅਮਰੀਕਾ ਦੀ ਇਜ਼ਰਾਈਲ ਨੂੰ ਚੇਤਾਵਨੀ'',''published'': ''2021-05-16T05:03:42Z'',''updated'': ''2021-05-16T05:03:42Z''});s_bbcws(''track'',''pageView'');